ਬੋਲੀਆਂBoliyan

ਕਲਾਮ ਸੁਲਤਾਨ ਬਾਹੂ

Kalam Sultan Bahu

Sultan Bahu · 212 sections · 1,716 lines

1

ਅਲਿਫ਼-ਅੱਲਾ ਚੰਬੇ ਦੀ ਬੂਟੀ

ਅਲਿਫ਼-ਅੱਲਾ ਚੰਬੇ ਦੀ ਬੂਟੀ,

ਮੁਰਸ਼ਦ ਮਨ ਵਿਚ ਲਾਈ ਹੂ ।

ਨਫੀ ਅਸਬਾਤ ਦਾ ਪਾਣੀ ਮਿਲਿਆ,

ਹਰ ਰਗੇ ਹਰ ਜਾਈ ਹੂ ।

ਅੰਦਰ ਬੂਟੀ ਮੁਸ਼ਕ ਮਚਾਇਆ,

ਜਾਂ ਫੁੱਲਣ ਤੇ ਆਈ ਹੂ ।

ਜੀਵੇ ਮੁਰਸ਼ਦ ਕਾਮਿਲ ਬਾਹੂ ,

ਜੈਂ ਇਹ ਬੂਟੀ ਲਾਈ ਹੂ ।

2

ਅਲਿਫ਼-ਅੱਲਾ ਚੰਬੇ ਦੀ ਬੂਟੀ

ਅਲਿਫ਼-ਅੱਲਾ ਚੰਬੇ ਦੀ ਬੂਟੀ,

ਮੁਰਸ਼ਦ ਮਨ ਵਿਚ ਲਾਂਦਾ ਹੂ ।

ਜਿਸ ਗਤ ਉਤੇ ਸੋਹਣਾ ਰਾਜੀ,

ਉਹੋ ਗਤ ਸਿਖਾਂਦਾ ਹੂ ।

ਹਰ ਦਮ ਯਾਦ ਰੱਖੀਂ ਹਰ ਵੇਲੇ,

ਸੋਹਣਾ ਉਠਦਾ ਬਾਂਹਦਾ ਹੂ ।

ਆਪੇ ਸਮਝ ਸਮਝੇਂਦਾ ਬਾਹੂ,

ਓਹ ਆਪ ਆਪੇ ਬਣ ਜਾਂਦਾ ਹੂ ।

3

ਅਲਿਫ਼-ਅੱਲਾ ਪੜ੍ਹਿਓਂ ਪੜ੍ਹ ਹਾਫਿਜ਼ ਹੋਇਓਂ

ਅਲਿਫ਼-ਅੱਲਾ ਪੜ੍ਹਿਓਂ ਪੜ੍ਹ ਹਾਫਿਜ਼ ਹੋਇਓਂ,

ਨ ਗਇਆ ਹਿਜਾਬਂੋ ਪਰਦਾ ਹੂ ।

ਪੜ੍ਹ ਪੜ੍ਹ ਆਲਿਮ ਫਾਜ਼ਿਲ ਹੋਇਓਂ,

ਅਜੇ ਭੀ ਤਾਲਿਬ ਜ਼ਰ ਦਾ ਹੂ ।

ਲੱਖ ਹਜ਼ਾਰ ਕਿਤਾਬਾਂ ਪੜ੍ਹੀਆਂ,

ਪਰ ਜ਼ਾਲਿਮ ਨਫ਼ਸ ਨਾ ਮਰਦਾ ਹੂ ।

ਬਾਝ ਫ਼ਕੀਰਾਂ ਕਿਸੇ ਨਾ ਮਾਰਿਆ,

ਬਾਹੂ ਏਹੋ ਚੋਰ ਅੰਦਰ ਦਾ ਹੂ ।

4

ਅਲਿਫ਼-ਅਹਦ ਦਿੱਤੀ ਜਾਂ ਆਣ ਵਿਖਾਲੀ

ਅਲਿਫ਼-ਅਹਦ ਦਿੱਤੀ ਜਾਂ ਆਣ ਵਿਖਾਲੀ,

ਅਜ਼ ਖੁਦ ਹੋਇਆ ਫ਼ਾਨੀ ਹੂ ।

ਕੁਰਬ ਵਿਸਾਲ ਮਕਾਮ ਨਾ ਮੰਜ਼ਿਲ,

ਓਥੇ ਜਿਸਮ ਨਾ ਜਾਨੀ ਹੂ ।

ਨਾ ਓਥੇ ਇਸ਼ਕ ਮੁਹੱਬਤ ਕਾਈ,

ਨਾ ਓਥੇ ਕੌਨ-ਮਕਾਨੀ ਹੂ ।

ਐਨੋ ਐਨ ਥੀਓਸੇ ਬਾਹੂ,

ਸਦ ਵਹਦਤ ਸੁਬਹਾਨੀ ਹੂ ।

5

ਅਲਿਫ਼-ਅਜ਼ਲ ਅਬਦ ਨੂੰ ਸਹੀ ਕੀਤੋਸੁ

ਅਲਿਫ਼-ਅਜ਼ਲ ਅਬਦ ਨੂੰ ਸਹੀ ਕੀਤੋਸੁ,

ਵੇਖ ਤਮਾਸ਼ੇ ਗੁਜ਼ਰੇ ਹੂ ।

ਚੌਦਾਂ ਤਬਕ ਦਿਲੇ ਦੇ ਅੰਦਰ,

ਆਤਸ਼ ਲਾਏ ਹੁਜਰੇ ਹੂ ।

ਜਿਨ੍ਹਾਂ ਹੱਕ ਨਾ ਹਾਸਲ ਕੀਤਾ,

ਓਹ ਦੋਹੀਂ ਜਹਾਨੀ ਉਜੜੇ ਹੂ ।

ਆਸ਼ਕ ਗਰਕ ਹੋਵੇ ਵਿਚ ਵਹਦਤ,

ਬਾਹੂ ਵੇਖ ਤਿਨ੍ਹਾਂ ਦੇ ਮੁਜਰੇ ਹੂ ।

6

ਅਲਿਫ਼-ਅੰਦਰ ਹੂ ਤੇ ਬਾਹਰ ਹੂ

ਅਲਿਫ਼-ਅੰਦਰ ਹੂ ਤੇ ਬਾਹਰ ਹੂ,

ਵਤ ਬਾਹਰ ਕਿਥੇ ਲਭੈਂਦਾ ਹੂ ।

ਜਿਥੇ ਹੂ ਕਰੇ ਰੁਸ਼ਨਾਈ,

ਓਥੋਂ ਤੋੜ ਹਨੇਰਾ ਵੈਂਦਾ ਹੂ ।

ਹੂ ਦਾ ਦਾਗ ਮੁਹੱਬਤ ਵਾਲਾ,

ਦਮ ਦਮ ਨਾਲ ਸੜੇਂਦਾ ਹੂ ।

ਦੋਵੇਂ ਜੱਗ ਗੁਲਾਮ ਉਸ ਬਾਹੂ,

ਜੋ ਹੂ ਸਹੀ ਕਰੇਂਦਾ ਹੂ ।

7

ਅਲਿਫ਼-ਅਲਸਤ ਸੁਣਿਆ ਦਿਲ ਮੇਰੇ

ਅਲਿਫ਼-ਅਲਸਤ ਸੁਣਿਆ ਦਿਲ ਮੇਰੇ,

ਜਿੰਦ ਬਲਾ ਕੂਕੇਂਦੀ ਹੂ ।

ਹੁਬ ਵਤਨ ਦੀ ਗਾਲਿਬ ਹੋਈ,

ਹਿੱਕ ਪਲ ਸੌਣ ਨ ਦੇਂਦੀ ਹੂ ।

ਕਹਿਰ ਪਵੇ ਇਹ ਰਹਜ਼ਨ ਦੁਨੀਆਂ,

ਹੱਕ ਦਾ ਰਾਹ ਮਰੇਂਦੀ ਹੂ ।

ਆਸ਼ਿਕ ਮੂਲ ਕਬੂਲ ਨ ਬਾਹੂ,

ਜ਼ਾਰੋ ਜ਼ਾਰ ਰੋਵੇਂਦੀ ਹੂ ।

8

ਅਲਿਫ਼-ਅੰਦਰ ਭੀ ਹੂ ਬਾਹਰ ਭੀ ਹੂ

ਅਲਿਫ਼-ਅੰਦਰ ਭੀ ਹੂ ਬਾਹਰ ਭੀ ਹੂ,

ਬਾਹੂ ਕਿੱਥਾਂ ਲਭੀਵੇ ਹੂ ।

ਸੈ ਰਿਆਜ਼ਤਾਂ ਕਰ ਕਰਾਹਾਂ,

ਖ਼ੂਨ ਜਿਗਰ ਦਾ ਪੀਵੇ ਹੂ ।

ਲੱਖ ਹਜ਼ਾਰ ਕਿਤਾਬਾਂ ਪੜ੍ਹ ਕੇ,

ਦਾਨਿਸ਼ਮੰਦ ਸਦੀਵੇ ਹੂ ।

ਨਾਮ ਫ਼ਕੀਰ ਤਹੈਂ ਦਾ ਬਾਹੂ,

ਕਬਰ ਜਿਨ੍ਹਾਂ ਦੀ ਜੀਵੇ ਹੂ ।

9

ਅਲਿਫ਼-ਅੱਧੀ ਲਾਅਨਤ ਦੁਨੀਆਂ ਤਾਈਂ

ਅਲਿਫ਼-ਅੱਧੀ ਲਾਅਨਤ ਦੁਨੀਆਂ ਤਾਈਂ,

ਸਾਰੀ ਦੁਨੀਆਂ ਦਾਰਾਂ ਹੂ ।

ਜੇ ਰਾਹ ਸਾਹਿਬ ਦੇ ਖਰਚ ਨਾ ਕੀਤੀ,

ਪੈਣ ਗਜ਼ਬ ਦੀਆਂ ਮਾਰਾਂ ਹੂ ।

ਪਿਉਆਂ ਕੋਲੋਂ ਪੁੱਤ ਕੁਹਾਵੇ,

ਭਠ ਦੁਨੀਆਂ ਮੱਕਾਰਾਂ ਹੂ ।

ਜਿਨ੍ਹਾਂ ਛੋੜੀ ਦੁਨੀਆਂ ਬਾਹੂ,

ਲੈਸਣ ਬਾਗ਼ ਬਹਾਰਾਂ ਹੂ ।

10

ਅਲਿਫ਼-ਇਹ ਦੁਨੀਆਂ ਜ਼ਨ ਹੈਜ਼ ਪਲੀਤੀ

ਅਲਿਫ਼-ਇਹ ਦੁਨੀਆਂ ਜ਼ਨ ਹੈਜ਼ ਪਲੀਤੀ,

ਹਰਗਿਜ਼ ਪਾਕ ਨ ਥੀਵੇ ਹੂ ।

ਜੇ ਫ਼ਕਰ ਘਰ ਦੁਨੀਆਂ ਹੋਵੇ,

ਲਾਅਨਤ ਤਿਸ ਦੇ ਜੀਵੇ ਹੂ ।

ਹੁੱਬ ਦੁਨੀਆਵੀ ਰੱਬ ਥੀਂ ਮੋੜੇ,

ਵੇਲੇ ਫ਼ਕਰ ਕਚੀਵੇ ਹੂ ।

ਏਹ ਦੁਨੀਆਂ ਨੂੰ ਤਿੰਨ ਤਲਾਕਾਂ,

ਜੇ ਬਾਹੂ ਸੱਚ ਪੁਛੀਵੇ ਹੂ ।

11

ਅਲਿਫ਼-ਇਹ ਦੁਨੀਆਂ ਜ਼ਨ ਹੈਜ਼ ਪਲੀਤੀ

ਅਲਿਫ਼-ਇਹ ਦੁਨੀਆਂ ਜ਼ਨ ਹੈਜ਼ ਪਲੀਤੀ,

ਕੇਤੀ ਮਲ ਮਲ ਧੋਂਦੇ ਹੂ ।

ਦੁਨੀਆਂ ਕਾਰਨ ਆਲਿਮ ਫਾਜ਼ਿਲ,

ਗੋਸ਼ੇ ਬਹਿ ਬਹਿ ਰੋਂਦੇ ਹੂ ।

ਦੁਨੀਆਂ ਕਾਰਨ ਖਲਕਤ ਸਾਰੀ,

ਹਿਕ ਪਲ ਸੁਖ ਨ ਸੌਂਦੇ ਹੂ ।

ਜਿਨ੍ਹਾਂ ਛੱਡੀ ਦੁਨੀਆਂ ਬਾਹੂ,

ਉਹ ਕੰਧੀ ਚੜ੍ਹ ਖਲੋਂਦੇ ਹੂ ।

12

ਅਲਿਫ਼-ਈਮਾਨ ਸਲਾਮਤ ਹਰ ਕੋਈ ਮੰਗੇ

ਅਲਿਫ਼-ਈਮਾਨ ਸਲਾਮਤ ਹਰ ਕੋਈ ਮੰਗੇ,

ਇਸ਼ਕ ਸਲਾਮਤ ਕੋਈ ਹੂ ।

ਜਿਸ ਮੰਜ਼ਲ ਨੂੰ ਇਸ਼ਕ ਪੁਚਾਵੇ ,

ਈਮਾਨੇ ਖ਼ਬਰ ਨ ਕੋਈ ਹੂ ।

ਮੰਗਣ ਈਮਾਨ ਸ਼ਰਮਾਵਣ ਇਸ਼ਕੋਂ,

ਦਿਲ ਨੂੰ ਗੈਰਤ ਹੋਈ ਹੂ ।

ਇਸ਼ਕ ਸਲਾਮਤ ਰੱਖੀਂ ਬਾਹੂ,

ਦਿਆਂ ਈਮਾਨ ਧਰੋਈ ਹੂ ।

13

ਅਲਿਫ਼-ਅੰਦਰ ਵਿਚ ਨਮਾਜ਼ ਅਸਾਡੀ

ਅਲਿਫ਼-ਅੰਦਰ ਵਿਚ ਨਮਾਜ਼ ਅਸਾਡੀ,

ਹਿਕਸੇ ਜਾ ਨਤੀਵੇ ਹੂ ।

ਨਾਲ ਕਿਆਮ ਰਕੂਅ ਸਜੂਦੇ,

ਕਰ ਤਕਰਾਰ ਪੜ੍ਹੀਵੇ ਹੂ ।

ਇਹ ਦਿਲ ਹਿਜ਼ਰ ਫ਼ਰਾਕੋਂ ਸੜਦਾ,

ਇਹ ਦਮ ਮਰੇ ਨ ਜੀਵੇ ਹੂ ।

ਸੱਚਾ ਰਾਹ ਮੁਹੰਮਦ ਵਾਲਾ ਬਾਹੂ,

ਜੈਂ ਵਿਚ ਰੱਬ ਲਭੀਵੇ ਹੂ ।

14

ਅਲਿਫ਼-ਇਹ ਤਨ ਮੇਰਾ ਚਸ਼ਮਾਂ ਹੋਵੇ

ਅਲਿਫ਼-ਇਹ ਤਨ ਮੇਰਾ ਚਸ਼ਮਾਂ ਹੋਵੇ,

ਮੈਂ ਮੁਰਸ਼ਦ ਵੇਖ ਨ ਰੱਜਾਂ ਹੂ ।

ਲੂੰ ਲੂੰ ਦੇ ਮੁਢ ਲੱਖ ਲੱਖ ਚਸ਼ਮਾਂ,

ਹਿੱਕ ਖੋਲ੍ਹਾਂ ਹਿੱਕ ਕੱਜਾਂ ਹੂ ।

ਇਤਨਾ ਡਿੱਠਿਆਂ ਸਬਰ ਨ ਮੈਂ ਦਿਲ,

ਹੋਰ ਕਿਤੇ ਵਲ ਭੱਜਾਂ ਹੂ ।

ਮੁਰਸ਼ਦ ਦਾ ਦੀਦਾਰ ਜੋ ਬਾਹੂ,

ਮੈਨੂੰ ਲੱਖ ਕਰੋੜਾਂ ਹੱਜਾਂ ਹੂ ।

15

ਅਲਿਫ਼-ਅੱਲਾ ਸਹੀ ਕੀਤੋਸੁ

ਅਲਿਫ਼-ਅੱਲਾ ਸਹੀ ਕੀਤੋਸੁ,

ਜਦ ਚਮਕਿਆ ਇਸ਼ਕ ਅਗੂਹਾਂ ਹੂ ।

ਰਾਤ ਦਿਹਾਂ ਦੇ ਤਾਅ ਤਿਖੇਰੇ,

ਨਿਤ ਕਰੇ ਅਗੋਹਾਂ ਸੂਹਾਂ ਹੂ ।

ਅੰਦਰ ਭਾਹੀਂ ਅੰਦਰ ਬਾਲਣ,

ਅੰਦਰ ਦੇ ਵਿਚ ਧੂੰਆਂ ਹੂ ।

ਬਾਹੂ ਸ਼ਾਹਰਗ ਥੀਂ ਰਬ ਨੇੜੇ ਲੱਧਾ,

ਜਦੋਂ ਇਸ਼ਕ ਕੀਤਾ ਸੀ ਸੂੰਹਾਂ ਹੂ ।

16

ਅਲਫ਼-ਅੱਖੀਂ ਸੁਰਖ ਮੂੰਹ ਪਰ ਜ਼ਰਦੀ

ਅਲਫ਼-ਅੱਖੀਂ ਸੁਰਖ ਮੂੰਹ ਪਰ ਜ਼ਰਦੀ,

ਹਰ ਵਲੋਂ ਦਿਲ ਆਹੀਂ ਹੂ ।

ਮਹਾਂ ਮੁਹਾੜ ਖ਼ੁਸ਼ਬੋਈ ਵਾਲਾ,

ਪਹੁੰਤਾ ਵੰਜ ਕਿਦਾਹੀਂ ਹੂ ।

ਇਸ਼ਕ ਮੁਸ਼ਕ ਨਾ ਛੁਪੇ ਰਹਿੰਦੇ,

ਜ਼ਾਹਰ ਥੀਣ ਉਥਾਹੀਂ ਹੂ ।

ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ,

ਜਿਨ੍ਹਾਂ ਲਾਮਕਾਨੀ ਜਾਹੀਂ ਹੂ ।

17

ਅਲਿਫ਼-ਅੰਦਰ ਕਲਮਾਂ ਕਲਕਲ ਕਰਦਾ

ਅਲਿਫ਼-ਅੰਦਰ ਕਲਮਾਂ ਕਲਕਲ ਕਰਦਾ,

ਇਸ਼ਕ ਸਿਖਾਇਆ ਕਲਮਾਂ ਹੂ ।

ਚੌਦਾਂ ਤਬਕ ਕਲਮੇ ਦੇ ਅੰਦਰ,

ਛੱਡ ਕਿਤਾਬਾਂ ਇਲਮਾਂ ਹੂ ।

ਕਾਨੇ ਕੱਪ ਕੱਪ ਕਲਮ ਬਨਾਵਣ,

ਲਿਖ ਨਾ ਸਕਣ ਕਲਮਾਂ ਹੂ ।

ਬਾਹੂ ਕਲਮਾ ਮੈਨੂੰ ਪੀਰ ਪੜ੍ਹਾਇਆ,

ਜ਼ਰਾ ਨਾ ਰਹੀਆਂ ਅਲਮਾਂ ਹੂ ।

18

ਅਲਿਫ਼-ਇਕ ਦਮ ਸਜਣ ਤੇ ਲਖ ਦਮ ਵੈਰੀ

ਅਲਿਫ਼-ਇਕ ਦਮ ਸਜਣ ਤੇ ਲਖ ਦਮ ਵੈਰੀ,

ਇਕ ਦਮ ਦੇ ਮਾਰੇ ਮਰਦੇ ਹੂ ।

ਇਕ ਦਮ ਪਿਛੇ ਜਨਮ ਗਵਾਇਆ,

ਚੋਰ ਬਣੇ ਘਰ ਘਰ ਦੇ ਹੂ ।

ਲਾਈਆਂ ਦੀ ਉਹ ਕਦਰ ਕੀ ਜਾਨਣ,

ਜੇਹੜੇ ਮਹਰਮ ਨਾਹੀਂ ਸਿਰ ਦੇ ਹੂ ।

ਸੋ ਕਿਉਂ ਧੱਕੇ ਖਾਵਣ ਬਾਹੂ,

ਜੇਹੜੇ ਤਾਲਿਬ ਸੱਚੇ ਦਰ ਦੇ ਹੂ ।

19

ਅਲਿਫ਼-ਇਹ ਤਨ ਰੱਬ ਸੱਚੇ ਦਾ ਹੁਜਰਾ

ਅਲਿਫ਼-ਇਹ ਤਨ ਰੱਬ ਸੱਚੇ ਦਾ ਹੁਜਰਾ,

ਖਿੜੀਆਂ ਬਾਗ਼ ਬਹਾਰਾਂ ਹੂ ।

ਵਿਚੇ ਕੂਜੇ ਵਿਚੇ ਮੁਸੱਲੇ,

ਵਿਚੇ ਸਿਜਦੇ ਦਿਆਂ ਹਜ਼ਾਰਾਂ ਹੂ ।

ਵਿਚੇ ਕਾਅਬਾ ਵਿਚੇ ਕਿਬਲਾ,

ਵਿਚੇ ਇਲ ਲਿੱਲਾ ਪੁਕਾਰਾਂ ਹੂ ।

ਕਾਮਲ ਮੁਰਸ਼ਦ ਮਿਲਿਆ ਬਾਹੂ,

ਓਹ ਆਪੇ ਲੈਸੀ ਸਾਰਾਂ ਹੂ ।

20

ਅਲਫ਼-ਇਹ ਤਨ ਰੱਬ ਸੱਚੇ ਦਾ ਹੁਜਰਾ

ਅਲਫ਼-ਇਹ ਤਨ ਰੱਬ ਸੱਚੇ ਦਾ ਹੁਜਰਾ,

ਵਿਚ ਪਾ ਫ਼ਕੀਰਾਂ ਝਾਤੀ ਹੂ ।

ਨਾ ਕਰ ਮਿਨਤ ਖਵਾਜ਼ਾ ਖਿਜ਼ਰ ਦੀ,

ਤੈਂੇ ਅੰਦਰ ਆਬਹਯਾਤੀ ਹੂ ।

ਸ਼ੌਕ ਦਾ ਦੀਵਾ ਬਾਲ ਅੰਧੇਰੇ,

ਮਤਾਂ ਲਭੇ ਵਸਤ ਖੜਾਤੀ ਹੂ ।

ਮਰਨ ਥੀਂ ਮਰ ਰਹੇ ਅੱਗੇ ਬਾਹੂ,

ਜਿਨ੍ਹਾਂ ਹੱਕ ਦੀ ਰਮਜ਼ ਪਛਾਤੀ ਹੂ ।

21

ਅਲਿਫ਼-ਔਝੜ ਝਲ ਤੇ ਮਾਰੂ ਬੇਲੇ

ਅਲਿਫ਼-ਔਝੜ ਝਲ ਤੇ ਮਾਰੂ ਬੇਲੇ,

ਜਿਥੇ ਜਾਲਣ ਆਈ ਹੂ ।

ਜਿਸ ਕੰਧੀ ਨੂੰ ਢਾਹ ਹਮੇਸ਼ਾ,

ਅਜ ਢਠੀ ਕਲ ਢਾਈ ਹੂ ।

ਨੈਂ ਜਿਨ੍ਹਾਂ ਦੀ ਵਹੇ ਸਿਰ੍ਹਾਂਦੀ,

ਉਹ ਸੁਖ ਨ ਸੌਂਦੇ ਰਾਹੀ ਹੂ ।

ਰੇਤ ਪਾਣੀ ਜਿੱਥੇ ਹੋਣ ਇਕੱਠੇ ਬਾਹੂ,

ਉੱਥੇ ਬੰਨੀ ਨ ਬਝਦੀ ਕਾਈ ਹੂ ।

22

ਅਲਿਫ਼-ਆਪ ਨ ਤਾਲਿਬ ਹੈਨ ਕਹੀਂ ਦੇ

ਅਲਿਫ਼-ਆਪ ਨ ਤਾਲਿਬ ਹੈਨ ਕਹੀਂ ਦੇ,

ਲੋਕਾਂ ਤਾਲਿਬ ਕਰਦੇ ਹੂ ।

ਚਾਵਣ ਖੇਪਾਂ ਕਰਦੇ ਸੇਪਾਂ,

ਨ ਰੱਬ ਦੇ ਕਹਿਰੋਂ ਡਰਦੇ ਹੂ ।

ਇਸ਼ਕ ਮਜਾਜ਼ੀ ਤਿਲਕਣ ਬਾਜ਼ੀ,

ਪੈਰ ਅਵੱਲੇ ਧਰਦੇ ਹੂ ।

ਉਹ ਸ਼ਰਮਿੰਦੇ ਹੋਸਨ ਬਾਹੂ,

ਅੰਦਰ ਰੋਜ਼ ਹਸ਼ਰ ਦੇ ਹੂ ।

23

ਅਲਿਫ਼-ਓਹੋ ਨਫਸ ਅਸਾਡਾ ਬੇਲੀ

ਅਲਿਫ਼-ਓਹੋ ਨਫਸ ਅਸਾਡਾ ਬੇਲੀ,

ਜੋ ਨਾਲ ਅਸਾਡੇ ਸਿੱਧਾ ਹੂ ।

ਜੋ ਕੋਈ ਉਸ ਦੀ ਕਰੇ ਸਵਾਰੀ,

ਉਸ ਨਾਮ ਅੱਲਾ ਦਾ ਲੱਧਾ ਹੂ ।

ਇਹ ਜ਼ਾਹਿਦ ਆਬਿਦ ਚਾ ਨਿਵਾਏ,

ਜਿਥੇ ਟੁਕੜਾ ਵੇਖੇ ਥਿੰਧਾ ਹੂ ।

ਰਾਹ ਫ਼ਕਰ ਦਾ ਮੁਸ਼ਕਲ ਬਾਹੂ,

ਘਰ ਮਾਂ ਨਾ ਸੀਰਾ ਰਿੱਧਾ ਹੂ ।

24

ਐਨ-ਇਲਮੇ ਬਾਝੋਂ ਫਕਰ ਕਮਾਵੇ

ਐਨ-ਇਲਮੇ ਬਾਝੋਂ ਫਕਰ ਕਮਾਵੇ,

ਕਾਫ਼ਰ ਮਰੇ ਦੀਵਾਨਾ ਹੂ ।

ਸੈ ਵਰ੍ਹਿਆਂ ਦੀ ਕਰੇ ਇਬਾਦਤ,

ਅੱਲਾ ਥੀਂ ਬੇਗਾਨਾ ਹੂ ।

ਗ਼ਫ਼ਲਤ ਥੀਂ ਨ ਖੁਲਸਨ ਪੜਦੇ,

ਦਿਲ ਜਾਹਿਲ ਬੁਤਖਾਨਾ ਹੂ ।

ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ,

ਜਿਨ੍ਹਾਂ ਮਿਲਿਆ ਯਾਰ ਯਗਾਨਾ ਹੂ ।

25

ਐਨ-ਆਸ਼ਕ ਹੋਵੇਂ ਤੇ ਇਸ਼ਕ ਕਮਾਵੇਂ

ਐਨ-ਆਸ਼ਕ ਹੋਵੇਂ ਤੇ ਇਸ਼ਕ ਕਮਾਵੇਂ,

ਦਿਲ ਰਖੇਂ ਵਾਂਗ ਪਹਾੜਾਂ ਹੂ ।

ਲੱਖ ਲੱਖ ਤਾਅਨੇ ਝੱਲੇਂ ਸਿਰ ਤੇ,

ਤੇ ਲੈਵੇਂ ਬਾਗ਼ ਬਹਾਰਾਂ ਹੂ ।

ਮਨਸੂਰ ਜੇਹੇ ਚਾ ਸੂਲੀ ਦਿੱਤੇ,

ਜੇੜ੍ਹੇ ਵਾਕਫ ਕੁੱਲ ਅਸਰਾਰਾਂ ਹੂ ।

ਸਜਦੋਂ ਸਿਰ ਨਾ ਚਾਏ ਬਾਹੂ,

ਤੋੜੇ ਕਾਫ਼ਰ ਕਹਿਣ ਹਜ਼ਾਰਾਂ ਹੂ ।

26

ਐਨ-ਆਸ਼ਕ ਰਾਜ਼ ਮਾਹੀ ਦੇ ਕੋਲੋਂ

ਐਨ-ਆਸ਼ਕ ਰਾਜ਼ ਮਾਹੀ ਦੇ ਕੋਲੋਂ,

ਕਦੀ ਨਾ ਥੀਂਦੇ ਵਾਂਦੇ ਹੂ ।

ਨੀਂਦ ਹਰਾਮ ਤਿਨ੍ਹਾਂ ਤੇ ਜਿਹੜੇ,

ਜ਼ਾਤੀ ਇਸਮ ਪਕਾਂਦੇ ਹੂ ।

ਹਿਕ ਪਲ ਮੂਲ ਆਰਾਮ ਨਾ ਆਵੇ,

ਦਿਨ ਰਾਤ ਫਿਰਨ ਕੁਰਲਾਂਦੇ ਹੂ ।

ਜਿਨ੍ਹਾਂ ਅਲਿਫ਼ ਸਹੀ ਕਰ ਪੜ੍ਹਿਆ ਬਾਹੂ,

ਵਾਹ ਨਸੀਬ ਤਿਨ੍ਹਾਂ ਦੇ ਹੂ ।

27

ਐਨ-ਆਸ਼ਕ ਰਾਜ਼ ਮਾਹੀ ਦੇ ਕੋਲੋਂ

ਐਨ-ਆਸ਼ਕ ਰਾਜ਼ ਮਾਹੀ ਦੇ ਕੋਲੋਂ,

ਫਿਰਨ ਹਮੇਸ਼ਾ ਖੀਵੇ ਹੂ ।

ਜਿਨ੍ਹਾਂ ਜੀਂਦੇ ਜਾਨ ਮਾਹੀ ਨੂੰ ਡਿੱਤੀ,

ਦੋਹੀਂ ਜਹਾਨੀ ਜੀਵੇ ਹੂ ।

ਸ਼ਮ੍ਹਾਂ ਚਰਾਗ ਜਿਨ੍ਹਾਂ ਦਿਲ ਰੌਸ਼ਨ,

ਸੋ ਕਿਉਂ ਬਾਲਣ ਦੀਵੇ ਹੂ ।

ਅਕਲ ਫ਼ਿਕਰ ਦੀ ਪਹੁੰਚ ਨਾ ਬਾਹੂ,

ਓਥੇ ਫਾਨੀ ਫਹਿਮ ਕਚੀਵੇ ਹੂ ।

28

ਐਨ-ਆਸ਼ਕ ਸੋਈ ਹਕੀਕੀ ਜਿਹੜੇ

ਐਨ-ਆਸ਼ਕ ਸੋਈ ਹਕੀਕੀ ਜਿਹੜੇ,

ਕਤਲ ਮਾਸ਼ੂਕ ਦੇ ਮੰਨੇ ਹੂ ।

ਇਸ਼ਕ ਨ ਛੋੜੇ ਮੁੱਖ ਨ ਮੋੜੇ,

ਤੋੜੇ ਤਲਵਾਰਾਂ ਖੰਨੇ ਹੂ ।

ਜਿਤ ਵਲ ਵੇਖੇ ਰਾਜ਼ ਮਾਹੀ ਦਾ,

ਜਾਵੇ ਓਸੇ ਬੰਨੇ ਹੂ ।

ਸੱਚਾ ਇਸ਼ਕ ਹੁਸੈਨ ਦਾ ਬਾਹੂ,

ਸਿਰ ਦੇਵੇ ਰਾਜ਼ ਨ ਭੰਨੇ ਹੂ ।

29

ਐਨ-ਆਸ਼ਕਾਂ ਦਿਲ ਮੋਮ ਬਰਾਬਰ

ਐਨ-ਆਸ਼ਕਾਂ ਦਿਲ ਮੋਮ ਬਰਾਬਰ,

ਮਾਸ਼ੂਕਾਂ ਦਿਲ ਕਾਹਲੀ ਹੂ ।

ਤੁਅਮਾ ਦੇਖੇ ਤੁਰ ਤੁਰ ਤੱਕੇ,

ਜਿਓਂ ਬਾਜ਼ਾਂ ਦੇ ਚਾਲੀ ਹੂ ।

ਬਾਜ਼ ਵਿਚਾਰਾ ਕਿਉਂ ਕਰ ਉੱਡੇ,

ਪੈਰੀਂ ਪਇਓਸੁ ਦਵਾਲੀ ਹੂ ।

ਜੈਂ ਦਿਲ ਇਸ਼ਕ ਨ ਹੋਵੇ ਬਾਹੂ,

ਗਏ ਜਹਾਨੋਂ ਖ਼ਾਲੀ ਹੂ ।

30

ਐਨ-ਇਸ਼ਕ ਦੀ ਭਾਹ ਹੱਡਾਂ ਦਾ ਬਾਲਣ

ਐਨ-ਇਸ਼ਕ ਦੀ ਭਾਹ ਹੱਡਾਂ ਦਾ ਬਾਲਣ,

ਆਸ਼ਕ ਬਹਿ ਸਕੇਂਦੇ ਹੂ ।

ਘੱਤ ਕੇ ਜਾਨ ਜਿਗਰ ਵਿਚ ਆਰਾ,

ਵੇਖ ਕਬਾਬ ਤਲੇਂਦੇ ਹੂ ।

ਸਰਗਰਦਾਂ ਫਿਰਨ ਹਰ ਵੇਲੇ,

ਖ਼ੂਨ ਜਿਗਰ ਦਾ ਪੀਂਦੇ ਹੂ ।

ਹੋਏ ਹਜ਼ਾਰਾਂ ਆਸ਼ਕ ਬਾਹੂ,

ਇਸ਼ਕ ਨਸੀਬ ਕਹੀਂਦੇ ਹੂ ।

31

ਐਨ-ਇਸ਼ਕ ਦੀ ਬਾਜ਼ੀ ਹਰ ਜਾ ਖੇਡੀ

ਐਨ-ਇਸ਼ਕ ਦੀ ਬਾਜ਼ੀ ਹਰ ਜਾ ਖੇਡੀ,

ਸ਼ਾਹ ਗਦਾ ਸੁਲਤਾਨਾ ਹੂ ।

ਆਲਿਮ ਫਾਜ਼ਿਲ ਆਕਿਲ ਦਾਨਾ,

ਕਰਦਾ ਚਾ ਹੈਰਾਨਾ ਹੂ ।

ਤੰਬੂ ਠੋਕ ਬੈਠਾ ਵਿਚ ਦਿਲ ਦੇ,

ਲਾਇਓਸੁ ਖਲਵਤ-ਖਾਨਾ ਹੂ ।

ਇਸ਼ਕ ਫ਼ਕੀਰ ਮਨੇਂਦੇ ਬਾਹੂ,

ਮਾਨੇ ਕੌਣ ਬੇਗਾਨਾ ਹੂ ।

32

ਐਨ-ਇਸ਼ਕ ਹਕੀਕੀ ਪਾਇਆ

ਐਨ-ਇਸ਼ਕ ਹਕੀਕੀ ਪਾਇਆ,

ਮੂੰਹੋਂ ਨ ਕੁਝ ਅਲਾਵਣ ਹੂ ।

ਦਮ ਦਮ ਦੇ ਵਿਚ ਆਖਣ ਮੌਲਾ,

ਦਿਲ ਨੂੰ ਕੈਦ ਲਗਾਵਣ ਹੂ ।

ਸਰਵਰੀ ਕਾਦਰੀ ਹਨਫੀ ਅਖਫੀ,

ਸੱਰੀ ਜ਼ਿਕਰ ਕਮਾਵਣ ਹੂ ।

ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ,

ਜੋ ਹਿਕ ਨਿਗ੍ਹਾ ਵਿਚ ਆਵਣ ਹੂ ।

33

ਐਨ-ਇਸ਼ਕ ਮੁਹੱਬਤ ਦਰਿਆ ਦੇ ਵਿਚ

ਐਨ-ਇਸ਼ਕ ਮੁਹੱਬਤ ਦਰਿਆ ਦੇ ਵਿਚ,

ਥੀ ਮਰਦਾਨਾ ਤਰੀਏ ਹੂ ।

ਜਿਥੇ ਪੌਣ ਗ਼ਜ਼ਬ ਦੀਆਂ ਲਹਿਰਾਂ,

ਕਦਮ ਉਥਾਈਂ ਧਰੀਏ ਹੂ ।

ਔਝੜ ਝੰਗ ਬਲਾਈਂ ਬੇਲੇ,

ਵੇਖ ਵੇਖ ਨਾ ਡਰੀਏ ਹੂ ।

ਨਾਮ ਫ਼ਕੀਰ ਤਦ ਥੀਂਦਾ ਬਾਹੂ,

ਜੇ ਵਿਚ ਤਲਬ ਦੇ ਮਰੀਏ ਹੂ ।

34

ਐਨ-ਆਸ਼ਕਾਂ ਹਿਕ ਵੁਜ਼ੂ ਜੋ ਕੀਤਾ

ਐਨ-ਆਸ਼ਕਾਂ ਹਿਕ ਵੁਜ਼ੂ ਜੋ ਕੀਤਾ,

ਰੋਜ਼ ਕਿਆਮਤ ਤਾਈਂ ਹੂ ।

ਵਿਚ ਨਮਾਜ਼, ਰਕੂਅ ਸਜੂਦੇ,

ਰਹਿੰਦੇ ਸੰਝ ਸਬਾਹੀਂ ਹੂ ।

ਏਥੇ ਓਥੇ ਦੋਹੀਂ ਜਹਾਨੀਂ,

ਸਭ ਫਕਰ ਦੀਆਂ ਜਾਈਂ ਹੂ ।

ਅਰਸ਼ਾਂ ਤੋਂ ਸੈ ਮੰਜ਼ਿਲ ਅੱਗੇ ਬਾਹੂ,

ਵੰਜ ਪਿਆ ਕੰਮ ਤਿਨਾਹੀਂ ਹੂ ।

35

ਐਨ-ਇਸ਼ਕ ਮਾਹੀ ਦੇ ਲਾਈਆਂ ਅੱਗੀਂ

ਐਨ-ਇਸ਼ਕ ਮਾਹੀ ਦੇ ਲਾਈਆਂ ਅੱਗੀਂ,

ਲੱਗੀਆਂ ਕੌਣ ਬੁਝਾਵੇ ਹੂ ।

ਮੈਂ ਕੀ ਜਾਣਾ ਜ਼ਾਤ ਇਸ਼ਕ ਦੀ,

ਜੋ ਦਰ ਦਰ ਜਾ ਝੁਕਾਵੇ ਹੂ ।

ਨਾ ਖੁਦ ਸੌਵੇਂ ਨਾ ਸੌਵਣ ਦੇਵੇ,

ਸੁਤਿਆਂ ਆਣ ਜਗਾਵੇ ਹੂ ।

ਮੈਂ ਕੁਰਬਾਨ ਤਿਨ੍ਹਾਂ ਦੇ ਬਾਹੂ,

ਜਿਹੜਾ ਵਿਛੜੇ ਯਾਰ ਮਿਲਾਵੇ ਹੂ ।

36

ਐਨ-ਇਸ਼ਕ ਦੀ ਗੱਲ ਅਵੱਲੀ

ਐਨ-ਇਸ਼ਕ ਦੀ ਗੱਲ ਅਵੱਲੀ,

ਜਿਹੜੀ ਸ਼ਰਾ ਥੀਂ ਦੂਰ ਹਟਾਵੇ ਹੂ ।

ਕਾਜ਼ੀ ਛੋੜ ਕਜ਼ਾਈ ਜਾਵਣ,

ਜਿਨ੍ਹਾਂ ਇਸ਼ਕ ਤਮਾਚਾ ਲਾਵੇ ਹੂ ।

ਲੋਕ ਅਯਾਣੇ ਮੱਤੀਂ ਦੇਵਣ,

ਆਸ਼ਕਾਂ ਮੱਤ ਨਾ ਭਾਵੇ ਹੂ ।

ਮੁੜਨ ਮੁਹਾਲ ਤਿਨ੍ਹਾਂ ਨੂੰ ਬਾਹੂ,

ਜਿਨ੍ਹਾਂ ਸਾਹਿਬ ਆਪ ਬੁਲਾਵੇ ਹੂ ।

37

ਐਨ-ਇਸ਼ਕ ਸ਼ਹੁ ਦੇ ਦਿਲ ਖੜਾਇਆ

ਐਨ-ਇਸ਼ਕ ਸ਼ਹੁ ਦੇ ਦਿਲ ਖੜਾਇਆ,

ਆਪ ਭੀ ਨਾਲੇ ਖੜਿਆ ਹੂ ।

ਖੜਿਆ ਖੜਿਆ ਵਲਿਆ ਨਾਹੀਂ,

ਸੰਗ ਮਹਿਬੂਬਾਂ ਰਲਿਆ ਹੂ ।

ਅਕਲ ਫ਼ਿਕਰ ਦੀਆਂ ਸਭ ਭੁੱਲ ਗਈਆਂ,

ਇਸ਼ਕੇ ਨਾਲ ਜਾਂ ਮਿਲਿਆ ਹੂ ।

ਮੈਂ ਕੁਰਬਾਨ ਤਿਨ੍ਹਾਂ ਥੋਂ ਬਾਹੂ,

ਜਿਨ੍ਹਾਂ ਇਸ਼ਕ ਜਵਾਨੀ ਚੜ੍ਹਿਆ ਹੂ ।

38

ਐਨ-ਇਸ਼ਕ ਅਸਾਂ ਨੂੰ ਲਿਸਿਆਂ ਜਾਤਾ

ਐਨ-ਇਸ਼ਕ ਅਸਾਂ ਨੂੰ ਲਿਸਿਆਂ ਜਾਤਾ,

ਲੱਥਾ ਮੱਲ ਮੁਹਾੜੀ ਹੂ ।

ਨਾ ਸੌਵੇਂ ਨਾ ਸੌਵਣ ਦੇਵੇ,

ਜੀਵੇਂ ਬਾਲ ਰਿਹਾੜੀ ਹੂ ।

ਪੋਹ ਮਾਘੀਂ ਮੰਗੇ ਖਰਬੂਜ਼ੇ,

ਮੈਂ ਕਿੱਥੋਂ ਲੈਸਾਂ ਵਾੜੀ ਹੂ ।

ਅਕਲ ਫ਼ਿਕਰ ਦੀਆਂ ਸਭ ਭੁਲ ਗਈਆਂ ਬਾਹੂ,

ਜਦ ਇਸ਼ਕ ਵਜਾਈ ਤਾੜੀ ਹੂ ।

39

ਐਨ-ਇਸ਼ਕ ਅਸਾਂ ਨੂੰ ਲਿਸਿਆਂ ਜਾਤਾ

ਐਨ-ਇਸ਼ਕ ਅਸਾਂ ਨੂੰ ਲਿਸਿਆਂ ਜਾਤਾ,

ਕਰ ਕਰ ਆਵੇ ਧਾਈ ਹੂ ।

ਜਿਤ ਵਲ ਵੇਖਾਂ ਇਸ਼ਕ ਦਿਸੀਵੇ,

ਖਾਲੀ ਜਾ ਨਾ ਕਾਈ ਹੂ ।

ਮੁਰਸ਼ਿਦ ਕਾਮਿਲ ਐਸਾ ਮਿਲਿਆ,

ਜਿਸ ਦਿਲ ਦੀ ਤਾਕੀ ਲਾਹੀ ਹੂ ।

ਮੈਂ ਕੁਰਬਾਨ ਮੁਰਸ਼ਦ ਤੋਂ ਬਾਹੂ,

ਜਿਸ ਦੱਸਿਆ ਭੇਤ ਇਲਾਹੀ ਹੂ ।

40

ਐਨ-ਇਸ਼ਕ ਅਸਾਂ ਨੂੰ ਲਿਸਿਆਂ ਜਾਤਾ

ਐਨ-ਇਸ਼ਕ ਅਸਾਂ ਨੂੰ ਲਿਸਿਆਂ ਜਾਤਾ,

ਬੈਠਾ ਮਾਰ ਪਥੱਲਾ ਹੂ ।

ਵਿਚ ਜਿਗਰ ਦੇ ਸੰਨ੍ਹ ਲਾਇਸੁ,

ਕੀਤੁਸੁ ਕੰਮ ਅਵੱਲਾ ਹੂ ।

ਜਾਂ ਅੰਦਰ ਵੜ ਝਾਤੀ ਪਾਈਸੁ,

ਡਿੱਠਾ ਯਾਰ ਇਕੱਲਾ ਹੂ ।

ਬਾਝੋਂ ਮੁਰਸ਼ਿਦ ਕਾਮਿਲ ਬਾਹੂ,

ਹੋਂਦੀ ਨਹੀਂ ਤਸੱਲਾ ਹੂ ।

41

ਐਨ-ਅਕਲ ਫ਼ਿਕਰ ਦੀ ਜਾ ਨਾ ਕਾਈ

ਐਨ-ਅਕਲ ਫ਼ਿਕਰ ਦੀ ਜਾ ਨਾ ਕਾਈ,

ਜਿਥੇ ਵਹਦਤ ਸਿਰ ਸੁਬਹਾਨੀ ਹੂ ।

ਨਾ ਓਥੇ ਮੁਲਾਂ ਪੰਡਤ ਜੋਸ਼ੀ,

ਨਾ ਓਥੇ ਇਲਮ ਕੁਰਾਨੀ ਹੂ ।

ਜਦ ਅਹਮਦ ਅਹਦ ਵਖਾਲੀ ਦਿੱਤੀ,

ਤਾਂ ਕੁਲ ਹੋਵੇ ਫਾਨੀ ਹੂ ।

ਇਲਮ ਤਮਾਮ ਕੀਤੋ ਨੇ ਹਾਸਿਲ ਬਾਹੂ,

ਕਿਤਾਬਾਂ ਨੱਪ ਅਸਮਾਨੀ ਹੂ ।

42

ਐਨ-ਇਸ਼ਕ ਚਲਾਇਆ ਵਲ ਅਸਮਾਨਾਂ

ਐਨ-ਇਸ਼ਕ ਚਲਾਇਆ ਵਲ ਅਸਮਾਨਾਂ,

ਫ਼ਰਸ਼ੋਂ ਅਰਸ਼ ਦਿਖਾਇਆ ਹੂ ।

ਰਹੁ ਨੀ ਦੁਨੀਆਂ ਠੱਗ ਨਾ ਸਾਨੂੰ,

ਸਾਡਾ ਅੱਗੇ ਜੀ ਘਬਰਾਇਆ ਹੂ ।

ਅਸੀਂ ਮੁਸਾਫਿਰ ਵਤਨ ਦੁਰਾਡਾ,

ਐਵੇਂ ਕੂੜਾ ਲਾਲਚ ਲਾਇਆ ਹੂ ।

ਬਾਹੂ ਮਰ ਗਏ ਜੋ ਮਰਨੇ ਥੀਂ ਪਹਿਲੇ,

ਤਿਨ੍ਹਾਂ ਰੱਬ ਨੂੰ ਪਾਇਆ ਹੂ ।

43

ਐਨ-ਇਸ਼ਕ ਜਿਨ੍ਹਾਂ ਦੀ ਹੱਡੀਂ ਰਚਿਆ

ਐਨ-ਇਸ਼ਕ ਜਿਨ੍ਹਾਂ ਦੀ ਹੱਡੀਂ ਰਚਿਆ,

ਰਹਿਣ ਉਹ ਚੁਪ ਚੁਪਾਤੇ ਹੂ ।

ਲੂੰ ਲੂੰ ਦੇ ਵਿਚ ਲੱਖ ਜ਼ਬਾਨਾਂ,

ਕਰਨ ਉਹ ਗੁੰਗੀ ਬਾਤੇਂ ਹੂ ।

ਕਰਦੇ ਵੁਜ਼ੂ ਇਸਮ ਆਜ਼ਮ ਦਾ,

ਜਿਹੜੇ ਦਰਿਆ ਵਹਦਤ ਨ੍ਹਾਤੇ ਹੂ ।

ਤਦ ਥੀਨ ਕਬੂਲ ਨਮਾਜ਼ਾਂ ਬਾਹੂ,

ਜਦ ਯਾਰਾਂ ਯਾਰ ਪਛਾਤੇ ਹੂ ।

44

ਐਨ-ਆਸ਼ਿਕ ਨੇਕ ਸਲਾਹੀਂ ਲਗਦੇ

ਐਨ-ਆਸ਼ਿਕ ਨੇਕ ਸਲਾਹੀਂ ਲਗਦੇ,

ਕਿਉਂ ਉਜਾੜਦੇ ਘਰ ਨੂੰ ਹੂ ।

ਬਾਲ ਮਵਾਤਾ ਬਿਰਹੁੰ ਵਾਲਾ,

ਨ ਲਾਂਦੇ ਜਾਨ ਜਿਗਰ ਨੂੰ ਹੂ ।

ਜਾਨ ਜਹਾਂ ਸਭ ਭੁਲ ਗਇਓ ਨੇ,

ਲੁੱਟੀ ਹੋਸ਼ ਸਬਰ ਨੂੰ ਹੂ ।

ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ,

ਜਿਨ੍ਹਾਂ ਖ਼ੂਨ ਦਿੱਤਾ ਦਿਲਬਰ ਨੂੰ ਹੂ ।

45

ਐਨ-ਇਸ਼ਕ ਸਮੁੰਦਰ ਚੜ੍ਹ ਗਿਆ ਫ਼ਲਕੀਂ

ਐਨ-ਇਸ਼ਕ ਸਮੁੰਦਰ ਚੜ੍ਹ ਗਿਆ ਫ਼ਲਕੀਂ,

ਕਿਤ ਵਲ ਜਹਾਜ਼ ਘਤੀਵੇ ਹੂ ।

ਅਕਲ ਫ਼ਿਕਰ ਦੇ ਡੋਲੇ ਨੂੰ ਚਾ,

ਪਹਿਲੇ ਪੂਰ ਬੋਡੀਵੇ ਹੂ ।

ਕੜਕਣ ਕੱਪਰ ਪਵਣ ਲਹਿਰੀਂ,

ਜਦਾਂ ਵਹਦਤ ਵਿਚ ਵੜੀਵੇ ਹੂ ।

ਜਿਸ ਮਰਨੇ ਥੀਂ ਖਲਕਤ ਡਰਦੀ ਬਾਹੂ,

ਆਸ਼ਕ ਮਰ ਕੇ ਜੀਵੇ ਹੂ ।

46

ਐਨ-ਇਸ਼ਕ ਮੁਅੱਜ਼ਨ ਦਿੱਤੀਆਂ ਬਾਂਗਾਂ

ਐਨ-ਇਸ਼ਕ ਮੁਅੱਜ਼ਨ ਦਿੱਤੀਆਂ ਬਾਂਗਾਂ,

ਕੰਨੀਂ ਬੁਲੇਲ ਪਈਓਸੀ ਹੂ ।

ਖ਼ੂਨ ਜਿਗਰ ਦਾ ਕੱਢ ਕਰਾਹਾਂ,

ਕਰ ਵੁਜ਼ੂ ਸਾਫ਼ ਕੀਤੋਸੀ ਹੂ ।

ਸੁਣ ਤਕਬੀਰ ਫਨ੍ਹਾ ਫਿੱਲਾ ਦੀ,

ਮੁੜਨ ਮੁਹਾਲ ਥੀਓਸੀ ਹੂ ।

ਪੜ੍ਹ ਤਕਬੀਰ ਥੀਓਸੀ ਵਾਸਿਲ ਬਾਹੂ,

ਤਾਹੀਂ ਸ਼ੁਕਰ ਕੀਤੋਸੀ ਹੂ ।

47

ਐਨ-ਆਸ਼ਕ ਪੜ੍ਹਨ ਨਮਾਜ਼ ਪਰਮ ਦੀ

ਐਨ-ਆਸ਼ਕ ਪੜ੍ਹਨ ਨਮਾਜ਼ ਪਰਮ ਦੀ,

ਜੈਂ ਵਿਚ ਹਰਫ ਨ ਕੋਈ ਹੂ ।

ਜੇਹਾ ਕੇਹਾ ਨੀਤ ਨ ਸੱਕੇ,

ਓਥੇ ਦਰਦਮੰਦਾਂ ਦਿਲ ਢੋਈ ਹੂ ।

ਅਖੀਂ ਨੀਰ ਤੇ ਖ਼ੂਨ ਜਿਗਰ ਦਾ,

ਵੁਜ਼ੂ ਪਾਕ ਕੀਤੋਈ ਹੂ ।

ਜੀਭ ਤੇ ਹੋਠ ਨ ਹਿਲਣ ਬਾਹੂ,

ਖਾਸ ਨਮਾਜ਼ੀ ਸੋਈ ਹੂ ।

48

ਬੇ-ਬਾਹੂ ਬਾਗ਼ ਬਹਾਰਾਂ ਖਿੜੀਆਂ

ਬੇ-ਬਾਹੂ ਬਾਗ਼ ਬਹਾਰਾਂ ਖਿੜੀਆਂ,

ਨਰਗਿਸ ਨਾਜ਼ ਸ਼ਰਮ ਦਾ ਹੂ ।

ਦਿਲ ਵਿਚ ਕਾਅਬਾ ਸਹੀ ਕੀਤੋਸੁ,

ਪਾਕੋ ਪਾਕ ਹਰਮ ਦਾ ਹੂ ।

ਤਾਲਿਬ ਤਲਬ ਤੁਆਫ਼ ਤਮਾਮੀ,

ਹੁਬ ਹਜ਼ੂਰ ਹਰਮ ਦਾ ਹੂ,

ਗਿਆ ਹਜਾਬ ਤਮਾਮੀ ਬਾਹੂ,

ਬਖਸਿਓਸੁ ਰਾਹ ਕਰਮ ਦਾ ਹੂ ।

49

ਬੇ-ਬਗ਼ਦਾਦ ਸ਼ਹਿਰ ਦੀ ਕਿਆ ਨਿਸ਼ਾਨੀ

ਬੇ-ਬਗ਼ਦਾਦ ਸ਼ਹਿਰ ਦੀ ਕਿਆ ਨਿਸ਼ਾਨੀ,

ਉੱਚੀਆਂ ਲੰਮੀਆਂ ਚੀੜਾਂ ਹੂ ।

ਤਨ ਮਨ ਮੇਰਾ ਪੁਰਜ਼ੇ ਪੁਰਜ਼ੇ,

ਜਿਓਂ ਦਰਜ਼ੀ ਦੀਆਂ ਲੀਰਾਂ ਹੂ ।

ਲੀਰਾਂ ਦੀ ਗਲ ਕਫਨੀ ਪਾ ਕੇ,

ਰਲਸਾਂ ਸੰਗ ਫ਼ਕੀਰਾਂ ਹੂ ।

ਸ਼ਹਿਰ ਬਗ਼ਦਾਦ ਦੇ ਟੁਕੜੇ ਮੰਗਸਾਂ ਬਾਹੂ,

ਕਰਸਾਂ ਮੀਰਾਂ ਮੀਰਾਂ ਹੂ ।

50

ਬੇ-ਬੇ ਤੇ ਪੜ੍ਹ ਕੇ ਫਾਜ਼ਿਲ ਹੋਏ

ਬੇ-ਬੇ ਤੇ ਪੜ੍ਹ ਕੇ ਫਾਜ਼ਿਲ ਹੋਏ,

ਅਲਫ਼ ਨਾ ਪੜ੍ਹਿਆ ਕਿੱਸੇ ਹੂ ।

ਜੈਂ ਪੜ੍ਹਿਆ ਤੈਂ ਸ਼ਹੁ ਨ ਲੱਧਾ,

ਜਾਂ ਪੜ੍ਹਿਆ ਕੁਝ ਤਿੱਸੇ ਹੂ ।

ਚੌਦਾਂ ਤਬਕ ਕਰਨ ਰੁਸ਼ਨਾਈ,

ਅੰਨ੍ਹਿਆਂ ਕੁਝ ਨ ਦਿੱਸੇ ਹੂ ।

ਬਾਝ ਵਿਸਾਲ ਅੱਲਾ ਦੇ ਬਾਹੂ,

ਸਭ ਕਹਾਣੀ ਕਿੱਸੇ ਹੂ ।

51

ਬੇ-ਬੇਅਦਬਾਂ ਨ ਸਾਰ ਅਦਬ ਦੀ

ਬੇ-ਬੇਅਦਬਾਂ ਨ ਸਾਰ ਅਦਬ ਦੀ,

ਨਾਲ ਗ਼ੈਰਾਂ ਦੇ ਸਾਂਝੇ ਹੂ ।

ਜਿਹੜੇ ਹੋਣ ਮਿੱਟੀ ਦੇ ਭਾਂਡੇ,

ਕਦੀ ਨ ਥੀਵਣ ਕਾਂਜੇ ਹੂ ।

ਜਿਹੜੇ ਮੁਢ ਕਦੀਮ ਦੇ ਖੇੜੇ,

ਕਦੀ ਨ ਹੋਂਦੇ ਰਾਂਝੇ ਹੂ ।

ਜੈਂ ਹਜ਼ੂਰ ਨ ਮੰਗਿਆ ਬਾਹੂ,

ਦੋਹੀਂ ਜਹਾਨੀ ਵਾਂਝੇ ਹੂ ।

52

ਬੇ-ਬਜ਼ੁਰਗੀ ਨੂੰ ਵਹਿਣ ਲੁੜਾਈਏ

ਬੇ-ਬਜ਼ੁਰਗੀ ਨੂੰ ਵਹਿਣ ਲੁੜਾਈਏ,

ਕਰੀਏ ਰੱਜ ਮੁਕਾਲਾ ਹੂ ।

ਲਾ ਇੱਲਾ ਗਲ ਗਹਿਣਾ ਮੜ੍ਹਿਆ,

ਮਜ਼੍ਹਬ ਕੇਹ ਲਗਦਾ ਸਾਲਾ ਹੂ ।

ਇੱਲ ਅੱਲਾ ਘਰ ਮੇਰੇ ਆਇਆ,

ਆਣ ਲੁਹਾਇਆ ਪਾਲਾ ਹੂ,

ਅਸਾਂ ਪਿਆਲਾ ਖਿਜ਼ਰੋਂ ਪੀਤਾ ਬਾਹੂ,

ਆਬ-ਹਯਾਤੀ ਵਾਲਾ ਹੂ ।

53

ਬੇ-ਬਿਸਮਿੱਲਾ ਇਸਮ ਅੱਲਾ ਦਾ

ਬੇ-ਬਿਸਮਿੱਲਾ ਇਸਮ ਅੱਲਾ ਦਾ,

ਇਹ ਭੀ ਗੈਹਨਾ ਭਾਰਾ ਹੂ ।

ਨਾਲ ਸਫਾਇਤ ਸਰਵਰ ਆਲਮ,

ਛੁਟਸੀ ਆਲਮ ਸਾਰਾ ਹੂ ।

ਹੱਦੋਂ ਬੇਹੱਦ ਦਰੂਦ ਨਬੀ ਨੂੰ,

ਜਿਸਦਾ ਐਡ ਪਸਾਰਾ ਹੂ ।

ਮੈਂ ਕੁਰਬਾਨ ਤਿਨ੍ਹਾਂ ਥੀਂ ਬਾਹੂ,

ਜਿਨ੍ਹਾਂ ਮਿਲਿਆ ਨਬੀ ਸਹਾਰਾ ਹੂ ।

54

ਬੇ-ਬੰਨ੍ਹ ਚਲਾਇਆ ਤਰਫ ਜ਼ਮੀਂ ਦੇ

ਬੇ-ਬੰਨ੍ਹ ਚਲਾਇਆ ਤਰਫ ਜ਼ਮੀਂ ਦੇ,

ਅਰਸ਼ੋਂ ਫ਼ਰਸ਼ ਟਿਕਾਇਆ ਹੂ ।

ਘਰ ਥੀਂ ਮਿਲਿਆ ਦੇਸ਼ ਨਿਕਾਲਾ,

ਲਿਖਿਆ ਝੋਲੀ ਪਾਇਆ ਹੂ ।

ਰਹੁ ਨੀ ਦੁਨੀਆਂ ਨ ਕਰ ਝੇੜਾ,

ਸਾਡਾ ਦਿਲ ਘਬਰਾਇਆ ਹੂ ।

ਅਸੀਂ ਪਰਦੇਸੀ ਵਤਨ ਦੁਰਾਡਾ ਬਾਹੂ,

ਦਮ-ਦਮ ਅਲਮ ਸਵਾਇਆ ਹੂ ।

55

ਬੇ-ਬਾਝ ਹਜ਼ੂਰੀ ਨਹੀਂ ਮੰਜ਼ੂਰੀ

ਬੇ-ਬਾਝ ਹਜ਼ੂਰੀ ਨਹੀਂ ਮੰਜ਼ੂਰੀ,

ਤੋੜੇ ਪੜ੍ਹਨ ਬਾਂਗ ਸਲਾਤਾਂ ਹੂ ।

ਰੋਜ਼ੇ ਨਫਲ ਨਮਾਜ਼ ਗੁਜ਼ਾਰਨ,

ਜਾਗਨ ਸਾਰੀਆਂ ਰਾਤਾਂ ਹੂ ।

ਬਾਝੋਂ ਕਲਬ ਹਜ਼ੂਰ ਨ ਹੋਵੇ,

ਕਢਣ ਸੈ ਜ਼ਕਾਤਾਂ ਹੂ ।

ਬਾਹੂ ਬਾਝ ਫਨਾ ਰੱਬ ਹਾਸਲ ਨਾਹੀਂ,

ਨ ਤਾਸੀਰ ਜਮਾਤਾਂ ਹੂ ।

56

ਬੇ-ਬਹੁਤੀ ਮੈਂ ਔਗੁਣਹਾਰੀ

ਬੇ-ਬਹੁਤੀ ਮੈਂ ਔਗੁਣਹਾਰੀ,

ਲਾਜ ਪਈ ਗਲ ਉਸਦੇ ਹੂ ।

ਪੜ੍ਹ ਪੜ੍ਹ ਇਲਮ ਕਰਨ ਤਕੱਬਰ,

ਸ਼ੈਤਾਨ ਜੇਹੇ ਉਥੇ ਮੁਸਦੇ ਹੂ ।

ਲੱਖਾਂ ਨੂੰ ਭੌ ਦੋਜ਼ਖ਼ ਵਾਲਾ,

ਹਿੱਕ ਬਹਿਸ਼ਤੋਂ ਰੁਸਦੇ ਹੂ ।

ਆਸ਼ਿਕਾਂ ਦੇ ਗਲ ਛੁਰੀ ਹਮੇਸ਼ਾ ਬਾਹੂ,

ਅੱਗੇ ਮਹਿਬੂਬਾਂ ਕੁਸਦੇ ਹੂ ।

57

ਬੇ-ਬਗ਼ਦਾਦ ਸ਼ਰੀਫ਼ੇ ਵੰਜ ਕਰਾਹਾਂ

ਬੇ-ਬਗ਼ਦਾਦ ਸ਼ਰੀਫ਼ੇ ਵੰਜ ਕਰਾਹਾਂ,

ਸੌਦਾ ਨੇਹੁੰ ਕੀਤੋਸੇ ਹੂ ।

ਰਤੀ ਅਕਲ ਦੀ ਕਰਾਹਾਂ,

ਭਾਰ ਗ਼ਮਾਂ ਦਾ ਘਿਦੋਸੇ ਹੂ ।

ਭਾਰ ਭਰੇਰਾ ਮੰਜ਼ਲ ਚੋਖੇਰੀ,

ਓੜਕ ਵੰਜ ਪਹੁੰਤਿਓਸੇ ਹੂ ।

ਜ਼ਾਤ ਸਿਫ਼ਾਤ ਸਹੀ ਕੀਤੋਸੇ ਬਾਹੂ,

ਤਾਂ ਜਮਾਲ ਲਧੋਸੇ ਹੂ ।

58

ਹੇ-ਹਿੱਕ ਹਿੱਕ ਪੀੜ ਤੋਂ ਆਲਮ ਕੂਕੇ

ਹੇ-ਹਿੱਕ ਹਿੱਕ ਪੀੜ ਤੋਂ ਆਲਮ ਕੂਕੇ,

ਲੱਖ ਆਸ਼ਿਕ ਪੀੜ ਸਹੇੜੀ ਹੂ ।

ਢਹਿਣ ਰੁੜ੍ਹਨ ਜਿੱਥੇ ਖ਼ਤਰਾ ਹੋਵੇ,

ਕੌਣ ਚੜ੍ਹੇ ਉਸ ਬੇੜੀ ਹੂ ।

ਆਸ਼ਕ ਚੜ੍ਹਦੇ ਨਾਲ ਖ਼ੁਸ਼ੀ ਦੇ,

ਤਾਰ ਕੱਪਰ ਵਿਚ ਭੇੜੀ ਹੂ ।

ਇਸ਼ਕ ਤੁਲੇਂਦਾ ਨਾਲ ਰੱਤੀ ਦੇ ਬਾਹੂ,

ਆਸ਼ਿਕ ਲਜ਼ਤ ਨਖੇੜੀ ਹੂ ।

59

ਚੇ-ਚੜ੍ਹ ਚੰਨਾਂ ਤੇ ਕਰ ਰੁਸ਼ਨਾਈ

ਚੇ-ਚੜ੍ਹ ਚੰਨਾਂ ਤੇ ਕਰ ਰੁਸ਼ਨਾਈ,

ਜ਼ਿਕਰ ਕਰੇਂਦੇ ਤਾਰੇ ਹੂ ।

ਗਲੀਆਂ ਦੇ ਵਿਚ ਫਿਰਨ ਨਿਮਾਣੇ,

ਲਾਲਾਂ ਦੇ ਵਣਜਾਰੇ ਹੂ ।

ਸ਼ਾਲਾ ਮੁਸਾਫ਼ਰ ਕੋਈ ਨ ਥੀਵੇ,

ਕੱਖ ਜਿਨ੍ਹਾਂ ਤੋਂ ਭਾਰੇ ਹੂ ।

ਤਾੜੀ ਮਾਰ ਉਡਾ ਨ ਬਾਹੂ,

ਅਸੀਂ ਆਪੇ ਉਡਣਹਾਰੇ ਹੂ ।

60

ਚੇ-ਚੜ੍ਹ ਚੰਨਾਂ ਤੇ ਕਰ ਰੁਸ਼ਨਾਈ

ਚੇ-ਚੜ੍ਹ ਚੰਨਾਂ ਤੇ ਕਰ ਰੁਸ਼ਨਾਈ,

ਤਾਰੇ ਜ਼ਿਕਰ ਕਰੇਂਦੇ ਤੇਰਾ ਹੂ ।

ਤੇਰੇ ਜਹੇ ਚੰਨ ਕਈ ਸੈ ਚੜ੍ਹਦੇ,

ਸਾਨੂੰ ਸਜਣਾਂ ਬਾਝ ਹਨੇਰਾ ਹੂ ।

ਜਿੱਥੇ ਚੰਨ ਅਸਾਡਾ ਚੜ੍ਹਦਾ,

ਉਥੇ ਕਦਰ ਨਹੀਂ ਕੁਝ ਤੇਰਾ ਹੂ ।

ਜਿਸ ਦੇ ਕਾਰਨ ਜਨਮ ਗੁਆਇਆ ਬਾਹੂ,

ਯਾਰ ਮਿਲੇ ਇਕ ਵੇਰਾ ਹੂ ।

61

ਚੇ-ਚਾਰ ਮੁਸੱਲੇ ਪੰਜ ਇਮਾਮ

ਚੇ-ਚਾਰ ਮੁਸੱਲੇ ਪੰਜ ਇਮਾਮ,

ਕਿਨੂੰ ਸਿਜਦਾ ਕਰੇ ਹੂ ।

ਚਾਰ ਮਹੱਲ ਤੇ ਪੰਜ ਬਹਾਰੀ,

ਕਿੰਨੂ ਹਾਸਲ ਭਰੇ ਹੂ ।

ਦੋਵੇਂ ਜਹਾਨ ਗ਼ੁਲਾਮ ਤਿਨ੍ਹਾਂ ਦੇ,

ਜੇਹੜੇ ਰੱਬ ਸਹੀ ਕਰੇ ਹੂ ।

ਚਾਰ ਪੀਰਾਂ ਚੌਦਾਂ ਖਨਵਾਦੀ ਬਾਹੂ,

ਕਿਸ ਵਲ ਦੇਵਾਂ ਸਰੇ ਹੂ ।

62

ਦਾਲ-ਦਰਦਮੰਦਾਂ ਦਾ ਖ਼ੂਨ ਜੋ ਪੀਂਦਾ

ਦਾਲ-ਦਰਦਮੰਦਾਂ ਦਾ ਖ਼ੂਨ ਜੋ ਪੀਂਦਾ,

ਬਿਰਹੋਂ ਬਾਜ਼ ਮਰੇਲਾ ਹੂ ।

ਛਾਤੀ ਦੇ ਵਿਚ ਕੀਤੋਸੁ ਡੇਰਾ,

ਸ਼ੇਰ ਬੈਠਾ ਮੱਲ ਬੇਲਾ ਹੂ ।

ਹਾਥੀ ਮਸਤ ਸੰਧੂਰੇ ਵਾਂਗੂੰ,

ਕਰਦਾ ਪੇਲਾ ਪੇਲਾ ਹੂ ।

ਪੇਲੇ ਦਾ ਵਿਸ਼ਵਾਸ ਨਾ ਬਾਹੂ,

ਪੇਲੇ ਬਾਝ ਨਾ ਮੇਲਾ ਹੂ ।

63

ਦਾਲ-ਦਿਲ ਦਰਿਆ ਸਮੁੰਦਰੋਂ ਡੂੰਘੇ

ਦਾਲ-ਦਿਲ ਦਰਿਆ ਸਮੁੰਦਰੋਂ ਡੂੰਘੇ,

ਕੌਣ ਦਿਲਾਂ ਦੀਆਂ ਜਾਣੇ ਹੂ ।

ਵਿਚੇ ਬੇੜੇ ਵਿਚੇ ਝੇੜੇ,

ਵਿਚੇ ਵੰਝ ਮੁਹਾਣੇ ਹੂ ।

ਚੌਦਾਂ ਤਬਕ ਦਿਲੇ ਦੇ ਅੰਦਰ,

ਤੰਬੂ ਵਾਂਗੂੰ ਤਾਣੇ ਹੂ ।

ਦਿਲ ਦਾ ਮਹਿਰਮ ਹੋਵੇ ਬਾਹੂ,

ਸੋਈ ਰੱਬ ਪਛਾਣੇ ਹੂ ।

64

ਦਾਲ-ਦਿਲੇ ਵਿਚ ਦਿਲ ਜੋ ਆਖੇਂ

ਦਾਲ-ਦਿਲੇ ਵਿਚ ਦਿਲ ਜੋ ਆਖੇਂ,

ਸੋ ਦਿਲ ਦੂਰ ਦਲੀਲੋਂ ਹੂ ।

ਦਿਲ ਦਾ ਦੂਰ ਅਗੋਹਾਂ ਕੀਚੇ,

ਕਸਰਤ ਕਰਨੋਂ ਕਲੀਲੋਂ ਹੂ ।

ਕਲਬ ਕਮਾਲ ਜਮਾਲੋਂ ਜਿਸਮੋਂ,

ਜੌਹਰ ਜਾਹ ਜਲੀਲੋਂ ਹੂ ।

ਕਿਬਲਾ ਕਲਬ ਮੁਨੱਵਰ ਬਾਹੂ,

ਖ਼ਲਵਤ ਖ਼ਾਸ ਖ਼ਲੀਲੋਂ ਹੂ ।

65

ਦਾਲ-ਦੀਨ ਤੇ ਦੁਨੀਆਂ ਸਕੀਆਂ ਭੈਣਾਂ

ਦਾਲ-ਦੀਨ ਤੇ ਦੁਨੀਆਂ ਸਕੀਆਂ ਭੈਣਾਂ,

ਅਕਲ ਨਹੀਂ ਸਮਝੈਂਦਾ ਹੂ ।

ਦੋਵੇਂ ਇਕਸ ਨਿਕਾਹ ਵਿਚ ਆਵਣ,

ਸ਼ਰ੍ਹਾ ਨਹੀਂ ਫਰਮੈਂਦਾ ਹੂ ।

ਜਿਵੇਂ ਅੱਗ ਤੇ ਪਾਣੀ ਥਾਂ ਇਕੋ ਵਿਚ,

ਵਾਸਾ ਨਹੀਂ ਕਰੇਂਦਾ ਹੂ ।

ਦੋਹੀਂ ਜਹਾਨੀ ਮੁੱਠੇ ਬਾਹੂ,

ਜਿਨ੍ਹਾਂ ਦਾਵਾ ਮੈਂ ਦਾ ਹੂ ।

66

ਦਾਲ-ਦੁਨੀਆਂ ਜ਼ਨ ਘਰ ਮੁਨਾਫਿਕ

ਦਾਲ-ਦੁਨੀਆਂ ਜ਼ਨ ਘਰ ਮੁਨਾਫਿਕ,

ਯਾ ਘਰ ਕਾਫ਼ਿਰ ਦੇ ਸੋਹੰਦੀ ਹੂ ।

ਨਕਸ਼ ਨਿਗਾਰ ਕਰੇ ਬਹੁਤੇਰੇ,

ਜ਼ਨ ਖ਼ੂਬਾਂ ਸਭ ਮੋਹੰਦੀ ਹੂ ।

ਬਿਜਲੀ ਵਾਂਗ ਕਰੇ ਲਿਸ਼ਕਾਰੇ,

ਸਿਰ ਦੇ ਉਤੋਂ ਛੁਹੰਦੀ ਹੂ ।

ਈਸਾ ਦੀ ਸਿਲ ਵਾਂਗੂੰ ਬਾਹੂ,

ਰਾਹ ਵੈਂਦਿਆਂ ਨੂੰ ਕੋਹੰਦੀ ਹੂ ।

67

ਦਾਲ-ਦਿਲ ਦਰਿਆ ਸਮੁੰਦਰੋਂ ਡੂੰਘਾ

ਦਾਲ-ਦਿਲ ਦਰਿਆ ਸਮੁੰਦਰੋਂ ਡੂੰਘਾ,

ਗੋਤਾ ਮਾਰ ਗਵਾਸੀ ਹੂ ।

ਜੈਂ ਦਰਿਆ ਵੰਜ ਨੋਸ਼ ਨ ਕੀਤਾ,

ਰਹਿਸੀ ਜਾਨ ਪਿਆਸੀ ਹੂ ।

ਹਰਦਮ ਨਾਲ ਅੱਲਾ ਦੇ ਰਖਣ,

ਜ਼ਿਕਰ ਫ਼ਿਕਰ ਕੀ ਆਸੀ ਹੂ ।

ਉਸ ਮੁਰਸ਼ਿਦ ਥੀਂ ਜ਼ਨ ਬੇਹਤਰ ਬਾਹੂ,

ਜੋ ਫੰਧ ਫਰੇਬ ਲਬਾਸੀ ਹੂ ।

68

ਦਾਲ-ਦਿਲ ਕਾਲੇ ਕਨੋਂ ਮੂੰਹ ਕਾਲਾ ਚੰਗਾ

ਦਾਲ-ਦਿਲ ਕਾਲੇ ਕਨੋਂ ਮੂੰਹ ਕਾਲਾ ਚੰਗਾ,

ਜੇ ਕੋਈ ਇਸਨੂੰ ਜਾਣੇ ਹੂ ।

ਮੂੰਹ ਕਾਲਾ ਦਿਲ ਅੱਛਾ ਹੋਵੇ,

ਤਾਂ ਦਿਲ ਯਾਰ ਪਛਾਣੇ ਹੂ ।

ਇਹ ਦਿਲ ਯਾਰ ਦੇ ਪਿੱਛੇ ਹੋਵੇ,

ਮਤਾਂ ਯਾਰ ਸਿੰਜਾਣੇ ਹੂ ।

ਸੈ ਆਲਮ ਛੋੜ ਮਸੀਤਾਂ ਨੱਠੇ ਬਾਹੂ,

ਜਦ ਲੱਗੇ ਦਿਲ ਟਿਕਾਣੇ ਹੂ ।

69

ਦਾਲ-ਦਿਲ ਤੇ ਦਫਤਰ ਵਹਦਤ ਵਾਲਾ

ਦਾਲ-ਦਿਲ ਤੇ ਦਫਤਰ ਵਹਦਤ ਵਾਲਾ,

ਦਾਇਮ ਕਰੇਂ ਮੁਤਾਲਿਆ ਹੂ ।

ਸਾਰੀ ਉਮਰਾ ਪੜ੍ਹਦਿਆਂ ਗੁਜ਼ਰੀ,

ਝੱਲਾਂ ਦੇ ਵਿਚ ਜਾਲਿਆ ਹੂ ।

ਇਕੋ ਇਸਮ ਅੱਲਾ ਦਾ ਰੱਖੀਂ,

ਏਹੋ ਸਬਕ ਕਮਾਲਿਆ ਹੂ ।

ਦੋਵੇਂ ਜਹਾਨ ਗ਼ੁਲਾਮ ਤਿਨ੍ਹਾਂ ਦੇ ਬਾਹੂ,

ਜੈਂ ਦਿਲ ਅੱਲਾ ਸੰਭਾਲਿਆ ਹੂ ।

70

ਦਾਲ-ਦਰਦਮੰਦਾਂ ਦੇ ਧੂੰਏਂ ਧੁਖਦੇ

ਦਾਲ-ਦਰਦਮੰਦਾਂ ਦੇ ਧੂੰਏਂ ਧੁਖਦੇ,

ਡਰਦਾ ਕੋਈ ਨਾ ਸੇਕੇ ਹੂ ।

ਇਨ੍ਹਾਂ ਧੂੰਇਆਂ ਦੇ ਤਾਅ ਤਿਖੇਰੇ,

ਮਹਿਰਮ ਹੋਵੇ ਤਾਂ ਸੇਕੇ ਹੂ ।

ਛਿੱਕ ਸ਼ਮਸ਼ੀਰ ਖੜਾ ਹੈ ਸਿਰ ਤੇ,

ਤਰਸ ਪਵਸ ਤਾਂ ਥੇਕੇ ਹੂ ।

ਸਰਪਰ ਸਹੁਰੇ ਵੰਞਣਾਂ ਬਾਹੂ,

ਸਦਾ ਨਾ ਰਹਿਣਾ ਪੇਕੇ ਹੂ ।

71

ਦਾਲ-ਦਰਦਮੰਦਾਂ ਦੀਆਂ ਆਹੀਂ ਕੋਲੋਂ

ਦਾਲ-ਦਰਦਮੰਦਾਂ ਦੀਆਂ ਆਹੀਂ ਕੋਲੋਂ,

ਪੱਥਰ ਪਹਾੜ ਦੇ ਝੜਦੇ ਹੂ ।

ਦਰਦਮੰਦਾਂ ਦੀਆਂ ਆਹੀਂ ਕੋਲੋਂ,

ਭੱਜ ਨਾਗ ਜ਼ਿਮੀਂ ਵਿਚ ਵੜਦੇ ਹੂ ।

ਦਰਦਮੰਦਾਂ ਦੀਆਂ ਆਹੀਂ ਕੋਲੋਂ,

ਅਸਮਾਨੋਂ ਤਾਰੇ ਝੜਦੇ ਹੂ ।

ਦਰਦਮੰਦਾਂ ਦੀਆਂ ਆਹੀਂ ਕੋਲੋਂ ਬਾਹੂ,

ਆਸ਼ਿਕ ਮੂਲ ਨਾ ਡਰਦੇ ਹੂ ।

72

ਦਾਲ-ਦੁਨੀਆਂ ਢੂੰਡਣ ਵਾਲੇ ਕੁੱਤੇ

ਦਾਲ-ਦੁਨੀਆਂ ਢੂੰਡਣ ਵਾਲੇ ਕੁੱਤੇ,

ਦਰ ਦਰ ਫਿਰਨ ਹੈਰਾਨੀ ਹੂ ।

ਹੱਡੀ ਉੱਤੇ ਹੋੜ ਤਿਨ੍ਹਾਂ ਦੀ,

ਲੜਦਿਆਂ ਉਮਰ ਵਿਹਾਣੀ ਹੂ ।

ਅਕਲ ਦੇ ਕੋਤਾਹ ਸਮਝ ਨਾ ਜਾਨਣ,

ਪੀਵਣ ਲੋੜਣ ਪਾਣੀ ਹੂ ।

ਬਾਝੋਂ ਜ਼ਿਕਰ ਰੱਬਾਨੇ ਬਾਹੂ,

ਕੂੜੀ ਰਾਮ ਕਹਾਣੀ ਹੂ ।

73

ਦਾਲ-ਦਿਲ ਦਰਿਆ ਖ਼ਵਾਜਾ ਦੀਆਂ ਲਹਿਰਾਂ

ਦਾਲ-ਦਿਲ ਦਰਿਆ ਖ਼ਵਾਜਾ ਦੀਆਂ ਲਹਿਰਾਂ,

ਘੁੰਮਣ ਘੇਰ ਹਜ਼ਾਰਾਂ ਹੂ ।

ਵਹਿਣ ਦਲੀਲਾਂ ਵਿਚ ਫ਼ਿਕਰ ਦੇ,

ਬੇਹੱਦ ਬੇਸ਼ੁਮਾਰਾਂ ਹੂ ।

ਹਿੱਕ ਪਰਦੇਸੀ ਦੂਜਾ ਨੇਹੁੰ ਲੱਗਾ,

ਤ੍ਰੀਯਾ ਬੇਸਮਝੀ ਦੀਆਂ ਹਾਰਾਂ ਹੂ ।

ਹੱਸਣ ਖੇਡਣ ਭੁਲਿਆ ਬਾਹੂ,

ਇਸ਼ਕ ਚੁੰਘਾਈਆਂ ਧਾਰਾਂ ਹੂ ।

74

ਦਾਲ-ਦਰਦ ਅੰਦਰ ਦਾ ਅੰਦਰ ਸਾੜੇ

ਦਾਲ-ਦਰਦ ਅੰਦਰ ਦਾ ਅੰਦਰ ਸਾੜੇ,

ਬਾਹਰ ਕਰਾਂ ਤਾਂ ਘਾਇਲ ਹੂ ।

ਹਾਲ ਅਸਾਡਾ ਕਿਵੇਂ ਉਹ ਜਾਨਣ,

ਜੋ ਦੁਨੀਆਂ ਤੇ ਮਾਇਲ ਹੂ ।

ਬਹਰ ਸਮੁੰਦਰ ਇਸ਼ਕੇ ਵਾਲਾ,

ਹਰਦਮ ਵਹਿੰਦਾ ਹਾਇਲ ਹੂ ।

ਪਹੁੰਚ ਹਜ਼ੂਰ ਅਸਾਂ ਨਾ ਬਾਹੂ,

ਨਾਮ ਤੇਰੇ ਦੇ ਸਾਇਲ ਹੂ ।

75

ਦਾਲ-ਦੁੱਧ ਦਹੀਂ ਤੇ ਹਰ ਕੋਈ ਰਿੜਕੇ

ਦਾਲ-ਦੁੱਧ ਦਹੀਂ ਤੇ ਹਰ ਕੋਈ ਰਿੜਕੇ,

ਆਸ਼ਕ ਭਾਹ ਰਿੜਕੇਂਦੇ ਹੂ ।

ਤਨ ਚਟੋਰਾ ਮਨ ਮੰਧਾਣੀ,

ਆਹੀਂ ਨਾਲ ਹਿਲੇਂਦੇ ਹੂ ।

ਦੁਖ ਦਾ ਨੇਤਰਾ ਕੱਢੇ ਲਿਸ਼ਕਾਰੇ,

ਹੰਝੂ ਪਾਣੀ ਪਵੇਂਦੇ ਹੂ ।

ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ,

ਹੱਡੋਂ ਮੱਖਣ ਕਢੇਂਦੇ ਹੂ ।

76

ਦਾਲ-ਦਲੀਲਾਂ ਛੋੜ ਵਜ਼ੂਦੋਂ

ਦਾਲ-ਦਲੀਲਾਂ ਛੋੜ ਵਜ਼ੂਦੋਂ,

ਹੋ ਹੁਸ਼ਿਆਰ ਫ਼ਕੀਰਾ ਹੂ ।

ਬੰਨ੍ਹ ਤਵੱਕਲ ਪੰਛੀ ਉਡਦੇ,

ਪੱਲੇ ਖਰਚ ਨਾ ਜ਼ੀਰਾ ਹੂ ।

ਰੋਜ਼ੀ ਰੋਜ਼ ਉਡ ਖਾਣ ਹਮੇਸ਼ਾ,

ਕਰਦੇ ਨਹੀਂ ਜ਼ਖੀਰਾ ਹੂ ।

ਮੌਲਾ ਰਿਜ਼ਕ ਪੁਚਾਵੇ ਬਾਹੂ,

ਜੋ ਪੱਥਰ ਵਿਚ ਕੀੜਾ ਹੂ ।

77

ਦਾਲ-ਦਿਲ ਬਾਜ਼ਾਰ ਤੇ ਮੂੰਹ ਦਰਵਾਜ਼ਾ

ਦਾਲ-ਦਿਲ ਬਾਜ਼ਾਰ ਤੇ ਮੂੰਹ ਦਰਵਾਜ਼ਾ,

ਸੀਨਾ ਸ਼ਹਿਰ ਡਸੇਂਦਾ ਹੂ ।

ਰੂਹ ਸੌਦਾਗਰ, ਨਫਸ ਹੈ ਰਾਹਜ਼ਨ,

ਹੱਕ ਦਾ ਰਾਹ ਮਰੇਂਦਾ ਹੂ ।

ਜਾਂ ਤੋੜੀਂ ਇਹ ਨਫਸ ਨਾ ਮਾਰੇਂ,

ਤਾਂ ਇਹ ਵਕਤ ਖੜੇਂਦਾ ਹੂ ।

ਕਰਦਾ ਜ਼ਾਇਆ ਵੇਲਾ ਬਾਹੂ,

ਜਾਂ ਜਾਂ ਤਾਕ ਮਰੇਂਦਾ ਹੂ ।

78

ਫੇ-ਫਜਰੀ ਵੇਲੇ ਵਕਤ ਸਵੇਲੇ

ਫੇ-ਫਜਰੀ ਵੇਲੇ ਵਕਤ ਸਵੇਲੇ,

ਆਣ ਕਰਨ ਮਜ਼ਦੂਰੀ ਹੂ ।

ਕਾਵਾਂ ਇੱਲ੍ਹਾਂ ਹਿਕਸੇ ਗੱਲਾਂ,

ਤਰੀਜੀ ਰਲੀ ਚੰਡੂਰੀ ਹੂ ।

ਮਾਰਨ ਚੁੰਝਾਂ ਕਰਨ ਮੁਸ਼ੱਕਤ,

ਪੁਟ ਪੁਟ ਕੱਢਣ ਅੰਗੂਰੀ ਹੂ ।

ਉਮਰ ਪੁਟੇਂਦਿਆਂ ਗੁਜ਼ਰੀ ਬਾਹੂ,

ਕਦੀ ਨਾ ਪਈਆ ਪੂਰੀ ਹੂ ।

79

ਫੇ-ਫ਼ਿਕਰ ਕੁਨੋ ਕਰ ਜ਼ਿਕਰ ਹਮੇਸ਼ਾ

ਫੇ-ਫ਼ਿਕਰ ਕੁਨੋ ਕਰ ਜ਼ਿਕਰ ਹਮੇਸ਼ਾ,

ਲਫਜ਼ ਤਿੱਖਾ ਤਲਵਾਰੋਂ ਹੂ ।

ਜ਼ਾਕਿਰ ਸੋ ਜੋ ਜ਼ਿਕਰ ਕਮਾਵਣ,

ਪਲਕ ਨਾ ਫਾਰਗ ਯਾਰੋਂ ਹੂ ।

ਇਸ਼ਕ ਦਾ ਪੁੱਟਿਆ ਕੋਈ ਨਾ ਛੁਟਿਆ,

ਪੁੱਟਿਆ ਮੁੱਢ ਪਹਾੜੋਂ ਹੂ ।

ਹੱਕ ਦਾ ਕਲਮਾ ਆਸ਼ਿਕ ਪੜ੍ਹਦੇ ਬਾਹੂ,

ਰਖੀਂ ਫਕਰ ਦੀ ਮਾਰੋਂ ਹੂ ।

80

ਗੈਨ-ਗੌਸ ਕੁਤਬ ਨੇ ਉਰੇ ਉਰੇਰੇ

ਗੈਨ-ਗੌਸ ਕੁਤਬ ਨੇ ਉਰੇ ਉਰੇਰੇ,

ਆਸ਼ਿਕ ਜਾਣ ਅਗੇਰੇ ਹੂ ।

ਜਿਹੜੀ ਮੰਜ਼ਿਲ ਆਸ਼ਿਕ ਪਹੁੰਚਣ,

ਗੌਸ ਨਾ ਪਾਵਣ ਫੇਰੇ ਹੂ ।

ਆਸ਼ਿਕ ਵਿਚ ਵਿਸਾਲ ਦੇ ਰਹਿੰਦੇ,

ਲਾਮਕਾਨੀ ਡੇਰੇ ਹੂ ।

ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ,

ਜਿਨ੍ਹਾਂ ਜ਼ਾਤੋ ਜ਼ਾਤ ਬਸੇਰੇ ਹੂ ।

81

ਗਾਫ-ਗੁਝੇ ਸਾਏ ਸਾਹਿਬ ਵਾਲੇ

ਗਾਫ-ਗੁਝੇ ਸਾਏ ਸਾਹਿਬ ਵਾਲੇ,

ਕੁਝ ਖਬਰ ਨਹੀਂ ਅਸਲ ਦੀ ਹੂ ।

ਗੰਦਮ ਦਾਣਾ ਬਹੁਤਾ ਚੁਗਿਆ,

ਗਲ ਪਈ ਡੋਰ ਅਜ਼ਲ ਦੀ ਹੂ ।

ਫਾਹੀ ਦੇ ਵਿਚ ਮੈਂ ਪਈ ਤੜਫਾਂ,

ਬੁਲਬੁਲ ਬਾਗ਼ ਮਿਸਲ ਦੀ ਹੂ ।

ਗ਼ੈਰ ਦਿਲੇ ਥੀਂ ਸੁੱਟ ਕੇ ਬਾਹੂ,

ਰੱਖ ਉਮੀਦ ਫਜ਼ਲ ਦੀ ਹੂ ।

82

ਗਾਫ-ਗੂੜ੍ਹ ਜ਼ੁਲਮਾਤ ਅੰਧੇਰ ਗੁਬਾਰਾਂ

ਗਾਫ-ਗੂੜ੍ਹ ਜ਼ੁਲਮਾਤ ਅੰਧੇਰ ਗੁਬਾਰਾਂ,

ਅੱਗੇ ਰਾਹ ਨੇ ਖੌਫ ਖਤਰ ਦੇ ਹੂ ।

ਲੱਖ ਆਬਹਯਾਤ ਮੁਨੱਵਰ ਚਸ਼ਮੇ,

ਸਾਏ ਜ਼ੁਲਫ ਅੰਬਰ ਦੇ ਹੂ ।

ਮੁਖ ਮਹਿਬੂਬ ਦਾ ਖ਼ਾਨਾ ਕਾਅਬਾ,

ਆਸ਼ਕ ਸਜਦਾ ਕਰਦੇ ਹੂ ।

ਦੋ ਜ਼ੁਲਫਾਂ ਵਿਚ ਨੈਣ ਮੁਸੱਲੇ,

ਚਾਰ ਮਜ਼੍ਹਬ ਜਿੱਥ ਮਿਲਦੇ ਹੂ ।

ਮਿਸਲ ਸਕੰਦਰ ਢੂੰਡਣ ਆਸ਼ਕ,

ਇਕ ਪਲਕ ਆਰਾਮ ਨਾ ਕਰਦੇ ਹੂ ।

ਖਿਜ਼ਰ ਨਸੀਬ ਜਿਨ੍ਹਾਂ ਦੇ ਬਾਹੂ,

ਉਹ ਜਾ ਘੁੱਟ ਓਥੇ ਭਰਦੇ ਹੂ ।

83

ਗਾਫ-ਗੋਦੜੀਆਂ ਵਿਚ ਲਾਲ ਜਿਨ੍ਹਾਂ ਦੀ

ਗਾਫ-ਗੋਦੜੀਆਂ ਵਿਚ ਲਾਲ ਜਿਨ੍ਹਾਂ ਦੀ,

ਰਾਤੀਂ ਜਾਗਣ ਅੱਧੀਆਂ ਹੂ ।

ਸਿੱਕ ਮਾਹੀ ਦੀ ਟਿਕਣ ਨਾ ਦੇਂਦੀ,

ਲੋਕ ਅੰਨ੍ਹੇ ਦੇਂਦੇ ਬਦੀਆਂ ਹੂ ।

ਅੰਦਰ ਮੇਰਾ ਹੱਕ ਤਪਾਇਆ,

ਖਲਿਆਂ ਰਾਤੀਂ ਕੱਢੀਆਂ ਹੂ ।

ਤਨ ਥੀਂ ਮਾਸ ਜੁਦਾ ਹੋਇਆ ਬਾਹੂ,

ਸੋਖ ਝੁਲਾਰੇ ਹੱਡੀਆਂ ਹੂ ।

84

ਗਾਫ-ਗਿਆ ਈਮਾਨ ਇਸ਼ਕੇ ਦੇ ਪਾਰੋਂ

ਗਾਫ-ਗਿਆ ਈਮਾਨ ਇਸ਼ਕੇ ਦੇ ਪਾਰੋਂ,

ਹੋ ਕੇ ਕਾਫਰ ਰਹੀਏ ਹੂ ।

ਘੱਤ ਜ਼ੁਨਾਰ ਕੁਫ਼ਰ ਦਾ ਗਲ ਵਿਚ,

ਬੁਤਖ਼ਾਨੇ ਵਿਚ ਬਹੀਏ ਹੂ ।

ਜਿਸ ਜਾ ਜਾਨੀ ਨਜ਼ਰ ਨ ਆਵੇ,

ਸਜਦਾ ਮੂਲ ਨ ਦਈਏ ਹੂ ।

ਜਾਨੀ ਨਜ਼ਰ ਨ ਆਵੇ ਬਾਹੂ,

ਕਲਮਾ ਮੂਲ ਨ ਕਹੀਏ ਹੂ ।

85

ਗਾਫ-ਘੜੀ ਘੜੀ ਵਿਚ ਹਾਜ਼ਰ ਕਰਦਾ

ਗਾਫ-ਘੜੀ ਘੜੀ ਵਿਚ ਹਾਜ਼ਰ ਕਰਦਾ,

ਪਲ ਪਲ ਦੇ ਵਿਚ ਦੇਰੀ ਹੂ ।

ਦਿਲ ਵਿਚ ਖੌਫ ਰਜ਼ਾ ਰੱਬੇ ਦਾ ਬਾਹੂ,

ਰੱਬ ਕਰੇ ਨਾ ਟੇਰੀ ਹੂ ।

ਖੌਫ ਰਜ਼ਾ ਵਿਚ ਦਿਲ ਦੇ ਕਰੀਏ,

ਰੱਬ ਵਿਚ ਮੇਰੀ ਹੂ ।

ਜਿਨ੍ਹਾਂ ਖੌਫ ਰੱਬੇ ਦਾ ਬਾਹੂ,

ਉਨ੍ਹਾਂ ਵਣਜ ਬਧੇ ਨੀ ਸੇਰੀ ਹੂ ।

86

ਹੇ-ਹਾਫਿਜ਼ ਪੜ੍ਹ ਪੜ੍ਹ ਕਰਨ ਤਕੱਬਰ

ਹੇ-ਹਾਫਿਜ਼ ਪੜ੍ਹ ਪੜ੍ਹ ਕਰਨ ਤਕੱਬਰ,

ਮੁੱਲਾਂ ਕਰਨ ਵਡਿਆਈ ਹੂ ।

ਸਾਵਣ ਮਾਹ ਦੇ ਬੱਦਲਾਂ ਵਾਂਗੂੰ,

ਫਿਰਨ ਕਿਤਾਬਾਂ ਚਾਈ ਹੂ ।

ਜਿਥੇ ਵੇਖਣ ਚੰਗਾ ਚੋਖਾ,

ਪੜ੍ਹਨ ਕਲਾਮ ਸਵਾਈ ਹੂ ।

ਦੋਹੀਂ ਜਹਾਨੀਂ ਮੁੱਠੇ ਬਾਹੂ,

ਜਿਨ੍ਹਾਂ ਖਾਧੀ ਵੇਚ ਕਮਾਈ ਹੂ ।

87

ਹੇ-ਹੂ ਦਾ ਜਾਮਾ ਪਹਿਨ ਕਰਾਹਾਂ

ਹੇ-ਹੂ ਦਾ ਜਾਮਾ ਪਹਿਨ ਕਰਾਹਾਂ,

ਇਸਮ ਕਮਾਵਣ ਜ਼ਾਤੀ ਹੂ ।

ਕੁਫ਼ਰ ਇਸਲਾਮ ਮੁਕਾਮ ਨ ਮੰਜ਼ਿਲ,

ਨ ਓਥੇ ਮੌਤ ਹਯਾਤੀ ਹੂ ।

ਨ ਓਥੇ ਮਸ਼ਰਿਕ ਨ ਓਥੇ ਮਗ਼ਰਿਬ,

ਨ ਓਥੇ ਦਿਨ ਤੇ ਰਾਤੀ ਹੂ ।

ਸ਼ਾਹ ਰਗ ਥੀਂ ਨਜ਼ਦੀਕ ਲਧੋਸੁ,

ਪਾ ਅੰਦਰੂਨੀ ਝਾਤੀ ਹੂ ।

ਉਹ ਅਸਾਂ ਵਿਚ ਅਸੀਂ ਉਨ੍ਹਾਂ ਵਿਚ,

ਦੂਰ ਰਹੀ ਕੁਰਬਾਤੀ ਹੂ ।

88

ਹੇ-ਹਾਦੀ ਸਾਨੂੰ ਸਬਕ ਪੜ੍ਹਾਇਆ

ਹੇ-ਹਾਦੀ ਸਾਨੂੰ ਸਬਕ ਪੜ੍ਹਾਇਆ,

ਬਿਨ ਪੜ੍ਹਿਆ ਪਿਆ ਪੜ੍ਹੀਵੇ ਹੂ ।

ਸਿਰ ਕੰਨਾਂ ਵਿਚ ਵਸ ਰਹਿਓ ਸੀ,

ਬਿਨ ਸੁਣਿਆ ਪਿਆ ਸੁਣੀਵੇ ਹੂ ।

ਨੈਣ ਨੈਣਾਂ ਵਲ ਤੁਰ ਤੁਰ ਤਕਣ,

ਬਿਨ ਡਿਠਿਆਂ ਪਿਆ ਦਿਸੀਵੇ ਹੂ ।

ਰੋਵਣ ਝਕਣ ਗਾਲੀ ਦੇਵਣ ਨਾਲ ਢੋਲ ਬਾਹੂ,

ਕੂੜੀ ਤਰ੍ਹਾਂ ਵਟੀਵੇ ਹੂ ।

89

ਹੇ-ਹਰਦਮ ਸ਼ਰਮ ਦੀ ਤੰਦ ਤਰੋੜੇ

ਹੇ-ਹਰਦਮ ਸ਼ਰਮ ਦੀ ਤੰਦ ਤਰੋੜੇ,

ਜਾਂ ਇਹ ਛੋਡ ਕਬੱਲੇ ਹੂ ।

ਕਿਚਰਕ ਬਾਲਾਂ ਅਕਲ ਦਾ ਦੀਵਾ,

ਬਿਰਹੋਂ ਹਨ੍ਹੇਰੀ ਝੁਲੇ ਹੂ ।

ਉਜੜ ਗਿਆਂ ਦੇ ਭੇਤ ਨਿਆਰੇ,

ਲਾਲ ਜਵਾਹਰ ਰੁੱਲੇ ਹੂ ।

ਬਾਹੂ ਧੋਤਿਆਂ ਦਾਗ ਨ ਲਹਿੰਦੇ,

ਜਿੱਥੇ ਰੰਗ ਮਜੀਠੀ ਡੁਲ੍ਹੇ ਹੂ ।

90

ਹੇ-ਹੱਸਣ ਦੇ ਕੇ ਰੋਵਣ ਲਿਓਈ

ਹੇ-ਹੱਸਣ ਦੇ ਕੇ ਰੋਵਣ ਲਿਓਈ,

ਦਿੱਤਾ ਕਿਸ ਦਿਲਾਸਾ ਹੂ ।

ਉਮਰ ਬੰਦੇ ਦੇ ਇਵੇਂ ਵਿਹਾਣੀ,

ਜਿਉਂ ਪਾਣੀ ਵਿਚ ਪਤਾਸਾ ਹੂ ।

ਸੌੜੀ ਸਾਮੀ ਸੁੱਟ ਘੱਤੀਸੁ,

ਪਲਟ ਨ ਸਕੇਂ ਪਾਸਾ ਹੂ ।

ਸਾਹਿਬ ਲੇਖਾ ਮੰਗਸੀ ਬਾਹੂ,

ਰੱਤੀ ਘੱਟ ਨ ਮਾਸਾ ਹੂ ।

91

ਹੇ-ਹੋਰ ਦਵਾ ਨ ਦਿਲ ਦੀ ਕਾਰੀ

ਹੇ-ਹੋਰ ਦਵਾ ਨ ਦਿਲ ਦੀ ਕਾਰੀ,

ਕਲਮਾ ਦਿਲ ਦੀ ਕਾਰੀ ਹੂ ।

ਕਲਮਾ ਦੂਰ ਜ਼ੰਗਾਰ ਕਰੇਂਦਾ,

ਕਲਮੇ ਮੈਲ ਉਤਾਰੀ ਹੂ ।

ਕਲਮਾ ਹੀਰੇ ਲਾਲ ਜਵਾਹਰ,

ਕਲਮਾ ਹੱਟ ਪਸਾਰੀ ਹੂ ।

ਏਥੇ ਓਥੇ ਦੋਹੀਂ ਜਹਾਨੀਂ ਬਾਹੂ,

ਕਲਮਾ ਦੌਲਤ ਸਾਰੀ ਹੂ ।

92

ਹੇ-ਹਿੱਕ ਜਾਗਣ ਹਿੱਕ ਜਾਗ ਨ ਜਾਨਣ

ਹੇ-ਹਿੱਕ ਜਾਗਣ ਹਿੱਕ ਜਾਗ ਨ ਜਾਨਣ,

ਹਿੱਕ ਜਾਗਦਿਆਂ ਹੀ ਸੁੱਤੇ ਹੂ ।

ਹਿੱਕ ਸੁਤਿਆਂ ਜਾ ਵਿਸਾਲ ਹੋਏ,

ਹਿੱਕ ਜਾਗਦਿਆਂ ਹੀ ਮੁੱਠੇ ਹੂ ।

ਕੀ ਹੋਇਆ ਜੇ ਘੁਗੂ ਜਾਗੇ,

ਜੋ ਲੈਂਦਾ ਸਾਹ ਅਪੁੱਠੇ ਹੂ ।

ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ,

ਜਿਨ੍ਹਾਂ ਖੂਹ ਪ੍ਰੇਮ ਦੇ ਜੁੱਤੇ ਹੂ ।

93

ਹੇ-ਹੂ ਸੌਦਾਗਰੀ ਸੌਦਾ ਏਹੋ

ਹੇ-ਹੂ ਸੌਦਾਗਰੀ ਸੌਦਾ ਏਹੋ

ਦੁਨੀਆਂ ਚਾਰ ਦਿਹਾੜੀ ਹੂ ।

ਜਾਂ ਜਾਂ ਦਿਲ ਵਿਚ ਮੌਜਾਂ ਮਾਣੇ,

ਮੌਤ ਮਰੇਂਦੀ ਤਾਰੀ ਹੂ ।

ਕਰ ਕੁਝ ਮਿਹਨਤ ਹਾਸਲ ਹੋਵੇ,

ਜੂੰ ਜੂੰ ਹੱਥ ਪਸਾਰੀ ਹੂ ।

ਰਲ ਚੋਰਾਂ ਨੇ ਪੁਰ ਚੜ੍ਹਾਇਆ,

ਰੱਬ ਸਹੀ ਸਲਾਮਤ ਜਾਰੀ ਹੂ ।

ਚਲ ਬਾਜ਼ਾਰ ਕੁਝ ਕਰੀਏ ਬਾਹੂ,

ਦੁਸ਼ਮਣ ਹੱਥ ਕਟਾਰੀ ਹੂ ।

94

ਜੀਮ-ਜੋ ਦਿਲ ਮੰਗੇ ਹੋਵੇ ਨਾਹੀਂ

ਜੀਮ-ਜੋ ਦਿਲ ਮੰਗੇ ਹੋਵੇ ਨਾਹੀਂ,

ਹੋਵਣ ਰਿਹਾ ਪਰੇਰੇ ਹੂ ।

ਦੋਸਤ ਨ ਦੇਵੇ ਦਿਲ ਦਾ ਦਾਰੂ,

ਇਸ਼ਕ ਨ ਵਾਗਾਂ ਫੇਰੇ ਹੂ ।

ਇਸ ਮੈਦਾਨ ਮੁਹੱਬਤ ਵਾਲੇ,

ਮਿਲਦੇ ਤਾਅ ਤਿਖੇਰੇ ਹੂ ।

ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ,

ਜਿਨ੍ਹਾਂ ਰਖਿਆ ਕਦਮ ਅਗੇਰੇ ਹੂ ।

95

ਜੀਮ-ਜੇ ਤੂੰ ਚਾਹੇਂ ਵਹਦਤ ਰੱਬ ਦੀ

ਜੀਮ-ਜੇ ਤੂੰ ਚਾਹੇਂ ਵਹਦਤ ਰੱਬ ਦੀ,

ਮਲ ਮੁਰਸ਼ਿਦ ਦੀਆਂ ਤਲੀਆਂ ਹੂ ।

ਮੁਰਸ਼ਿਦ ਲੁਤਫ਼ੋਂ ਕਰੇ ਨਜ਼ਾਰਾ,

ਗੁਲ ਥੀਵਣ ਸਭ ਕਲੀਆਂ ਹੂ ।

ਉਨ੍ਹਾਂ ਕਲੀਆਂ ਵਿਚ ਹਿਕ ਲਾਲਾ ਹੋਸੀ,

ਗੁਲ ਨਾਜ਼ੁਕ ਕੁਲ ਫਲੀਆਂ ਹੂ ।

ਦੋਹੀਂ ਜਹਾਨੀ ਮੁੱਠੇ ਬਾਹੂ,

ਜਿਨ੍ਹਾਂ ਸੰਗ ਕੀਤਾ ਦੋ ਵਲੀਆਂ ਹੂ ।

96

ਜੀਮ-ਜਿਨ੍ਹਾਂ ਅਲਿਫ਼ ਮੁਤਾਲਿਆ ਕੀਤਾ

ਜੀਮ-ਜਿਨ੍ਹਾਂ ਅਲਿਫ਼ ਮੁਤਾਲਿਆ ਕੀਤਾ,

ਬੇ ਦਾ ਬਾਬ ਨ ਪੜ੍ਹਦਾ ਹੂ ।

ਛੋੜ ਸਿਫ਼ਾਤੀ ਜਿਸ ਲਧਿਓਸੁ ਜ਼ਾਤੀ,

ਆਮੀ ਨਾਲ ਨ ਰਲਦਾ ਹੂ ।

ਨਫ਼ਸ ਅੱਮਾਰਾ ਕੁਤੜਾ ਜਾਣੇ,

ਨਾਜ਼ ਨਿਆਜ਼ ਨ ਧਰਦਾ ਹੂ ।

ਕਿਆ ਪਰਵਾਹ ਤਿਨ੍ਹਾਂ ਨੂੰ ਬਾਹੂ,

ਜਿਨ੍ਹਾਂ ਘਾੜੂ ਲੱਧਾ ਘਰਦਾ ਹੂ ।

97

ਜੀਮ-ਜਿਸ ਦਿਲ ਇਸ਼ਕ ਖਰੀਦ ਨ ਕੀਤਾ

ਜੀਮ-ਜਿਸ ਦਿਲ ਇਸ਼ਕ ਖਰੀਦ ਨ ਕੀਤਾ,

ਸੋ ਦਿਲ ਬਖ਼ਤ ਨਬਖ਼ਤੀ ਹੂ ।

ਉਸਤਾਦ ਅਜ਼ਲ ਦੇ ਸਬਕ ਪੜ੍ਹਾਇਆ,

ਹੱਥ ਦਿੱਤੁਸ ਦਿਲ ਤਖ਼ਤੀ ਹੂ ।

ਬਰਸਰ ਆਇਆ ਦੰਮ ਨ ਮਾਰੀਂ,

ਜਾਂ ਸਿਰ ਆਵੇ ਸਖ਼ਤੀ ਹੂ ।

ਪੜ੍ਹ ਤੌਹੀਦ ਹੋ ਵਾਸਿਲ ਬਾਹੂ,

ਸਬਕ ਪੜ੍ਹੀਵੇ ਵਕਤੀ ਹੂ ।

98

ਜੀਮ-ਜੈਂ ਦਿਲ ਇਸ਼ਕ ਖਰੀਦ ਨ ਕੀਤਾ

ਜੀਮ-ਜੈਂ ਦਿਲ ਇਸ਼ਕ ਖਰੀਦ ਨ ਕੀਤਾ,

ਸੋ ਦਿਲ ਦਰਦ ਨ ਜਾਣੇ ਹੂ ।

ਖੁਨਸੇ ਖੁਸਰੇ ਹਰ ਕੋਈ ਆਖੇ,

ਕੌਣ ਕਹੇ ਮਰਦਾਨੇ ਹੂ ।

ਗਲੀਆਂ ਵਿਚ ਫਿਰਨ ਹਰ ਵੇਲੇ,

ਜਿਵੇਂ ਜੰਗਲ ਢੋਰ ਦੀਵਾਨੇ ਹੂ ।

ਮਰਦ ਨਮਰਦ ਤਾਹੀਂ ਖੁਲਸਨ ਬਾਹੂ,

ਜਦ ਆਸ਼ਕ ਬੰਨ੍ਹਸਨ ਗਾਨੇ ਹੂ ।

99

ਜੀਮ-ਜਿੱਥੇ ਰੱਤੀ ਇਸ਼ਕ ਵਿਕਾਵੇ

ਜੀਮ-ਜਿੱਥੇ ਰੱਤੀ ਇਸ਼ਕ ਵਿਕਾਵੇ,

ਓਥੇ ਮੁਲ ਈਮਾਨ ਦੇਵੀਵੇ ਹੂ ।

ਕੁਤਬ ਕਿਤਾਬਾਂ ਵਿਰਦ ਵਜ਼ੀਫ਼ੇ,

ਇਹ ਭੀ ਉਤਰ ਕਚੀਵੇ ਹੂ ।

ਬਾਝੋਂ ਮੁਰਸ਼ਦ ਕੁਝ ਨ ਹਾਸਿਲ,

ਤੋੜੇ ਰਾਤੀਂ ਜਾਗ ਪੜ੍ਹੀਵੇ ਹੂ ।

ਮਰੀਏ ਮਰਨ ਥੀਂ ਅੱਗੇ ਬਾਹੂ,

ਤਾਂ ਰੱਬ ਹਾਸਿਲ ਥੀਵੇ ਹੂ ।

100

ਜੀਮ-ਜੰਗਲ ਦੇ ਵਿਚ ਸ਼ੇਰ ਮਰੇਲਾ

ਜੀਮ-ਜੰਗਲ ਦੇ ਵਿਚ ਸ਼ੇਰ ਮਰੇਲਾ,

ਬਾਜ਼ ਪਵੇ ਵਿਚ ਘਰ ਦੇ ਹੂ ।

ਇਸ਼ਕ ਜਿਹਾ ਅਸਰਾਫ ਨ ਕੋਈ,

ਕਜ ਨ ਛੋੜੇ ਜ਼ਰ ਦੇ ਹੂ ।

ਆਸ਼ਿਕਾਂ ਨੀਂਦਰ ਭੁੱਖ ਨ ਕੋਈ,

ਆਸ਼ਿਕ ਮੂਲ ਨ ਮਰਦੇ ਹੂ ।

ਆਸ਼ਿਕ ਜਿਉਂਦੇ ਤਦਾਂ ਬਾਹੂ,

ਜਦ ਰੱਬ ਅੱਗੇ ਸਿਰ ਧਰਦੇ ਹੂ ।

101

ਜੀਮ-ਜਿਨ੍ਹਾਂ ਇਸ਼ਕ ਹਕੀਕੀ ਪਾਇਆ

ਜੀਮ-ਜਿਨ੍ਹਾਂ ਇਸ਼ਕ ਹਕੀਕੀ ਪਾਇਆ,

ਮੂੰਹੋਂ ਨ ਕੁਝ ਅਲਾਵਨ ਹੂ ।

ਜ਼ਿਕਰ ਫ਼ਿਕਰ ਵਿਚ ਰਹਿਣ ਹਮੇਸ਼ਾ,

ਦਮ ਨੂੰ ਕੈਦ ਲਗਾਵਨ ਹੂ ।

ਨਫਸੀ ਕਲਬੀ ਰੂਹੀ ਸਿੱਰੀ,

ਅਖ਼ਫੀ ਖ਼ਫ਼ੀ ਕਮਾਵਨ ਹੂ ।

ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ,

ਜਿਹੜੇ ਹਿਕਸ ਨਿਗਾਹ ਜਗਾਵਣ ਹੂ ।

102

ਜੀਮ-ਜਿਉਂਦੇ ਕੀ ਜਾਨਣ ਸਾਰ ਮੋਇਆਂ ਦੀ

ਜੀਮ-ਜਿਉਂਦੇ ਕੀ ਜਾਨਣ ਸਾਰ ਮੋਇਆਂ ਦੀ,

ਸੋ ਜਾਣੇ ਜੋ ਮਰਦਾ ਹੂ ।

ਕਬਰਾਂ ਦੇ ਵਿਚ ਅੰਨ ਨ ਪਾਣੀ,

ਖਰਚ ਲੋੜੀਂਦਾ ਘਰ ਦਾ ਹੂ ।

ਇਕ ਵਿਛੋੜਾ ਮਾਂ ਪਿਉ ਭਾਈਆਂ,

ਬਿਆ ਅਜ਼ਾਬ ਕਬਰ ਦਾ ਹੂ ।

ਵਾਹ ਨਸੀਬ ਉਹੰਦਾ ਬਾਹੂ,

ਜੇਹੜਾ ਵਿਚ ਹਯਾਤੀ ਮਰਦਾ ਹੂ ।

103

ਜੀਮ-ਜੈਂ ਦਿਲ ਇਸ਼ਕ ਖਰੀਦ ਨ ਕੀਤਾ

ਜੀਮ-ਜੈਂ ਦਿਲ ਇਸ਼ਕ ਖਰੀਦ ਨ ਕੀਤਾ,

ਸੋ ਦਿਲ ਦਰਦ ਨਾ ਫੁੱਟੀ ਹੂ ।

ਉਸ ਦਿਲ ਥੀਂ ਸੰਗ ਪੱਥਰ ਚੰਗੇ,

ਜੋ ਦਿਲ ਗ਼ਫਲਤ ਅੱਟੀ ਹੂ ।

ਜੈਂ ਦਿਲ ਇਸ਼ਕ ਹਜ਼ੂਰ ਨਾ ਮੰਗਿਆ,

ਸੋ ਦਰਗਾਹੋਂ ਸੁੱਟੀ ਹੂ ।

ਮਿਲਿਆ ਦੋਸਤ ਨਾ ਬਾਹੂ ਜਿਨ੍ਹਾਂ,

ਚੌੜ ਨਾ ਕੀਤੀ ਤਰੱਟੀ ਹੂ ।

104

ਜੀਮ-ਜੋ ਪਾਕੀ ਬਿਨ ਪਾਕ ਮਾਹੀ ਦੇ

ਜੀਮ-ਜੋ ਪਾਕੀ ਬਿਨ ਪਾਕ ਮਾਹੀ ਦੇ,

ਸੋ ਪਾਕੀ ਜਾਣ ਪਲੀਤੀ ਹੂ ।

ਹਿੱਕ ਬੁਤਖ਼ਾਨੇ ਵਾਸਿਲ ਹੋਏ,

ਹਿੱਕ ਖਾਲੀ ਰਹੇ ਮਸੀਤੀ ਹੂ ।

ਇਸ਼ਕ ਦੀ ਬਾਜ਼ੀ ਲਾਈ ਜਿਨ੍ਹਾਂ,

ਸਿਰ ਦੇਂਦਿਆਂ ਢਿਲ ਨਾ ਕੀਤੀ ਹੂ ।

ਹਰਗਿਜ਼ ਦੋਸਤ ਨਾ ਮਿਲਦਾ ਬਾਹੂ,

ਜਿਨ੍ਹਾਂ ਤਰੱਟੀ ਚੌੜ ਨਾ ਕੀਤੀ ਹੂ ।

105

ਜੀਮ-ਜੈਂ ਡੇਂਹ ਦਾ ਮੈਂ ਦਰ ਤੈਂਡੇ ਤੇ

ਜੀਮ-ਜੈਂ ਡੇਂਹ ਦਾ ਮੈਂ ਦਰ ਤੈਂਡੇ ਤੇ,

ਸਿਜਦਾ ਸਹੀ ਵੰਜ ਕੀਤਾ ਹੂ ।

ਉਸ ਡੇਂਹ ਦਾ ਸਿਰ ਫ਼ਿਦਾ ਉਥਾਈਂ,

ਮੈਂ ਬਿਆ ਦਰਬਾਰ ਨਾ ਲੀਤਾ ਹੂ ।

ਸਿਰ ਦੇਵਣ ਸਿਰ ਆਖਣ ਨਾਹੀਂ,

ਸ਼ੌਕ ਪਿਆਲਾ ਪੀਤਾ ਹੂ ।

ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ,

ਜਿਨ੍ਹਾਂ ਇਸ਼ਕ ਸਲਾਮਤ ਕੀਤਾ ਹੂ ।

106

ਜੀਮ-ਜਿਨ੍ਹਾਂ ਸ਼ੌਹ ਅਲਿਫ਼ ਥੀਂ ਪਾਇਆ

ਜੀਮ-ਜਿਨ੍ਹਾਂ ਸ਼ੌਹ ਅਲਿਫ਼ ਥੀਂ ਪਾਇਆ,

ਫੋਲ ਕੁਰਾਨ ਨਾ ਪੜ੍ਹਦੇ ਹੂ ।

ਉਹ ਮਾਰਨ ਦਮ ਮੁਹੱਬਤ ਵਾਲਾ,

ਦੂਰ ਹੋਏ ਨੇ ਪਰਦੇ ਹੂ ।

ਦੋਜ਼ਖ ਬਹਿਸ਼ਤ ਗ਼ੁਲਾਮ ਤਿਨ੍ਹਾਂ ਦੇ,

ਚਾ ਕੀਤੋ ਨੇ ਬਰਦੇ ਹੂ ।

ਮੈਂ ਕੁਰਬਾਨ ਤਿਨ੍ਹਾਂ ਦੇ ਬਾਹੂ,

ਜੇਹੜੇ ਵਹਦਤ ਦੇ ਵਿਚ ਵੜਦੇ ਹੂ ।

107

ਜੀਮ-ਜਬ ਲਗ ਖੁਦੀ ਕਰੇਂ ਖੁਦ ਨਫ਼ਸੋਂ

ਜੀਮ-ਜਬ ਲਗ ਖੁਦੀ ਕਰੇਂ ਖੁਦ ਨਫ਼ਸੋਂ,

ਤਬ ਲਗ ਰੱਬ ਨਾ ਪਾਵੇਂ ਹੂੰ ।

ਸ਼ਰਤ ਫਨ੍ਹਾ ਨੂੰ ਜਾਣੇਂ ਨਾਹੀਂ,

ਨਾਮ ਫ਼ਕੀਰ ਰਖਾਵੇਂ ਹੂੰ ।

ਮੋਏ ਬਾਝ ਨਾ ਸੋਹੰਦੀ ਅਲਫੀ,

ਐਵੇਂ ਗਲ ਵਿਚ ਪਾਵੇਂ ਹੂ ।

ਨਾਮ ਫ਼ਕੀਰ ਤਦਾਂ ਸੋਹੰਦਾ ਬਾਹੂ,

ਜੇ ਜਿਉਂਦਿਆਂ ਮਰ ਜਾਵੇਂ ਹੂ ।

108

ਜੀਮ-ਜੋ ਦਮ ਗਾਫ਼ਿਲ ਸੋ ਦਮ ਕਾਫ਼ਿਰ

ਜੀਮ-ਜੋ ਦਮ ਗਾਫ਼ਿਲ ਸੋ ਦਮ ਕਾਫ਼ਿਰ,

ਮੁਰਸ਼ਿਦ ਇਹ ਪੜ੍ਹਾਇਆ ਹੂ ।

ਸੁਣਿਆਂ ਸੁਖਨ ਗਈਆਂ ਖੁਲ੍ਹ ਅੱਖੀਂ,

ਚਿਤ ਮੌਲਾ ਵਲ ਲਾਇਆ ਹੂ ।

ਕੀਤੀ ਜਾਨ ਹਵਾਲੇ ਰੱਬ ਦੇ,

ਐਸਾ ਇਸ਼ਕ ਕਮਾਇਆ ਹੂ ।

ਮਰਨ ਥੀਂ ਅੱਗੇ ਮਰ ਗਏ ਬਾਹੂ,

ਤਾਂ ਮਤਲਬ ਨੂੰ ਪਾਇਆ ਹੂ ।

109

ਜੀਮ-ਜੀਵੰਦਿਆਂ ਮਰ ਰਹਿਣਾ ਹੋਵੇ

ਜੀਮ-ਜੀਵੰਦਿਆਂ ਮਰ ਰਹਿਣਾ ਹੋਵੇ,

ਤਾਂ ਵੇਸ ਫ਼ਕੀਰਾਂ ਬਹੀਏ ਹੂ ।

ਜੇ ਕੋਈ ਸੁੱਟੇ ਗੁਦੜ ਕੂੜਾ,

ਵਾਂਗ ਅਰੂੜੀ ਸਹੀਏ ਹੂ ।

ਜੇ ਕੋਈ ਦੇਵੇ ਗਾਲ੍ਹਾਂ ਮਿਹਣੇ,

ਉਸ ਨੂੰ ਜੀ ਜੀ ਕਹੀਏ ਹੂ ।

ਗਿਲਾ ਉਲ੍ਹਾਮਾਂ ਭੰਡੀ ਖਵਾਰੀ,

ਯਾਰ ਦੇ ਪਾਰੋਂ ਸਹੀਏ ਹੂ ।

ਕਾਦਰ ਦੇ ਹੱਥ ਡੋਰ ਅਸਾਡੀ ਬਾਹੂ,

ਜਿਉਂ ਰੱਖੇ ਤਿਉਂ ਰਹੀਏ ਹੂ ।

110

ਜੀਮ-ਜੇਕਰ ਦੀਨ ਇਲਮ ਵਿਚ ਹੋਂਦਾ

ਜੀਮ-ਜੇਕਰ ਦੀਨ ਇਲਮ ਵਿਚ ਹੋਂਦਾ,

ਸਿਰ ਨੇਜ਼ੇ ਕਿਉਂ ਚੜ੍ਹਦੇ ਹੂ ।

ਅਠਾਰਾਂ ਹਜ਼ਾਰ ਜੋ ਆਲਮ ਆਹਾ,

ਅੱਗੇ ਹੁਸੈਨ ਦੇ ਮਰਦੇ ਹੂ ।

ਜੇ ਮੁਲਾਹਜਾ ਸਰਵਰ ਕਰਦੇ,

ਖੈਮੇ ਤੰਬੂ ਕਿਉਂ ਸੜਦੇ ਹੂ ।

ਜੇਕਰ ਮੰਨਦੇ ਬੈਤ ਰਸੂਲੀ,

ਪਾਣੀ ਕਿਉਂ ਬੰਦ ਕਰਦੇ ਹੂ ।

ਸਾਦਕ ਦੀਨ ਤਿਨ੍ਹਾਂ ਦਾ ਬਾਹੂ,

ਜੋ ਸਿਰ ਕੁਰਬਾਨੀ ਕਰਦੇ ਹੂ ।

111

ਜੀਮ-ਜਦ ਦਾ ਮੁਰਸ਼ਦ ਕਾਸਾ ਦਿੱਤਾ

ਜੀਮ-ਜਦ ਦਾ ਮੁਰਸ਼ਦ ਕਾਸਾ ਦਿੱਤਾ,

ਤਦ ਦੀ ਬੇਪਰਵਾਹੀ ਹੂ ।

ਕੀ ਹੋਇਆ ਜੇ ਰਾਤੀਂ ਜਾਗੇ,

ਮੁਰਸ਼ਦ ਜਾਗ ਨਾ ਲਾਈ ਹੂ ।

ਰਾਤੀਂ ਜਾਗੇਂ ਕਰੇਂ ਇਬਾਦਤ,

ਦੇਂਹ ਨਿੰਦਿਆ ਕਰੇਂ ਪਰਾਈ ਹੂ ।

ਕੂੜਾ ਤਖਤ ਦੁਨੀਆਂ ਦਾ ਬਾਹੂ,

ਫ਼ੱਕਰ ਸੱਚੀ ਪਾਤਸ਼ਾਹੀ ਹੂ ।

112

ਜੀਮ-ਜੇ ਰੱਬ ਨ੍ਹਾਤਿਆਂ ਧੋਤਿਆਂ ਮਿਲਦਾ

ਜੀਮ-ਜੇ ਰੱਬ ਨ੍ਹਾਤਿਆਂ ਧੋਤਿਆਂ ਮਿਲਦਾ,

ਮਿਲਦਾ ਡੱਡੂਆਂ ਮੱਛੀਆਂ ਹੂ ।

ਜੇ ਰੱਬ ਮਿਲਦਾ ਮੋਨ ਮੁਨਾਇਆਂ,

ਮਿਲਦਾ ਭੇਡਾਂ ਸੱਸੀਆਂ ਹੂ ।

ਜੇ ਰੱਬ ਰਾਤੀਂ ਜਾਗਿਆਂ ਮਿਲਦਾ,

ਮਿਲਦਾ ਕਾਲ-ਕੜੱਛੀਆਂ ਹੂ ।

ਜੇ ਰੱਬ ਜਤੀਆਂ ਸਤੀਆਂ ਮਿਲਦਾ,

ਮਿਲਦਾ ਡਾਂਡਾਂ ਖੱਸੀਆਂ ਹੂ ।

ਰੱਬ ਉਨ੍ਹਾਂ ਨੂੰ ਮਿਲਦਾ ਬਾਹੂ,

ਨੀਤਾਂ ਜਿਨ੍ਹਾਂ ਅੱਛੀਆਂ ਹੂ ।

113

ਜੀਮ-ਜਾਲ ਜਲੇਂਦਿਆਂ ਜੰਗਲ ਭੌਂਦਿਆਂ

ਜੀਮ-ਜਾਲ ਜਲੇਂਦਿਆਂ ਜੰਗਲ ਭੌਂਦਿਆਂ,

ਹਿੱਕਾ ਗੱਲ ਨਾ ਪੱਕੀ ਹੂ ।

ਚਿੱਲੇ ਚੱਲੀਏ ਹੱਜ ਗੁਜ਼ਾਰਿਆਂ,

ਦਿਲ ਦੀ ਦੌੜ ਨਾ ਡੱਕੀ ਹੂ ।

ਤਰੀਹੇ ਰੋਜ਼ੇ ਪੰਜ ਨਮਾਜ਼ਾਂ,

ਇਹ ਭੀ ਪੜ੍ਹ ਪੜ੍ਹ ਥੱਕੀ ਹੂ ।

ਸਭੇ ਮੁਰਾਦਾਂ ਹਾਸਲ ਬਾਹੂ,

ਜਾਂ ਨਜ਼ਰ ਮਿਹਰ ਦੀ ਤੱਕੀ ਹੂ ।

114

ਜੀਮ-ਜਾਂ ਜਾਂ ਜ਼ਾਤ ਨਾ ਥੀਵੇ ਬਾਹੂ

ਜੀਮ-ਜਾਂ ਜਾਂ ਜ਼ਾਤ ਨਾ ਥੀਵੇ ਬਾਹੂ,

ਤਾਂ ਕਮਜ਼ਾਤ ਸਦੀਵੇ ਹੂ ।

ਜ਼ਾਤੀ ਨਾਲ ਸਿਫਾਤੀ ਨਾਹੀਂ,

ਤਾਂ ਤਾਂ ਹੱਕ ਲਭੀਵੇ ਹੂ ।

ਅੰਦਰ ਭੀ ਹੂ ਬਾਹਰ ਭੀ ਹੂ,

ਬਾਹੂ ਕਿੱਥ ਲਭੀਵੇ ਹੂ ।

ਜੈਂ ਅੰਦਰ ਹੁੱਬ ਦੁਨੀਆਂ ਬਾਹੂ,

ਉਹ ਮੂਲ ਫ਼ਕੀਰ ਨਾ ਥੀਵੇ ਹੂ ।

115

ਜੀਮ-ਜਿਸ ਦਿਲ ਇਸਮ ਅੱਲਾ ਦਾ ਚਮਕੇ

ਜੀਮ-ਜਿਸ ਦਿਲ ਇਸਮ ਅੱਲਾ ਦਾ ਚਮਕੇ,

ਇਸ਼ਕ ਭੀ ਕਰਦਾ ਹੱਲੇ ਹੂ ।

ਭਾਹ ਕਸਤੂਰੀ ਛੁਪਦੀ ਨਾਹੀਂ,

ਦੇ ਰੱਖੀਏ ਸੈ ਪੱਲੇ ਹੂ ।

ਉਂਗਲੀ ਪਿਛੇ ਦੇਂਹ ਨਾ ਛੁਪਦਾ,

ਦਰਿਆ ਨਾ ਰਹਿੰਦੇ ਠੱਲੇ ਹੂ ।

ਅਸੀਂ ਉਸ ਵਿਚ ਉਹ ਅਸਾਂ ਵਿਚ ਬਾਹੂ,

ਯਾਰਾਂ ਯਾਰ ਸਵੱਲੇ ਹੂ ।

116

ਕਾਫ-ਕਲਬ ਹਿਲਿਆ ਤਾਂ ਕਿਆ ਹੋਇਆ

ਕਾਫ-ਕਲਬ ਹਿਲਿਆ ਤਾਂ ਕਿਆ ਹੋਇਆ,

ਕਿਆ ਹੋਇਆ ਜ਼ਿਕਰ ਜ਼ਬਾਨੀ ਹੂ ।

ਰੂਹੀ ਕਲਬੀ ਮਖ਼ਫੀ ਸਿੱਰੀ,

ਸੱਭੇ ਰਾਹ ਹੈਰਾਨੀ ਹੂ ।

ਸ਼ਾਹ ਰਗ ਤੋਂ ਨਜ਼ਦੀਕ ਜੋ ਰਹਿੰਦਾ,

ਯਾਰ ਨਾ ਮਿਲਿਆ ਜਾਨੀ ਹੂ ।

ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ,

ਜਿਹੜੇ ਵਸਦੇ ਲਾਮਕਾਨੀ ਹੂ ।

117

ਕਾਫ-ਕਰ ਮੁਹੱਬਤ ਕੁਝ ਹਾਸਲ ਹੋਵੇ

ਕਾਫ-ਕਰ ਮੁਹੱਬਤ ਕੁਝ ਹਾਸਲ ਹੋਵੇ,

ਉਮਰ ਇਹ ਚਾਰ ਦਿਹਾੜੇ ਹੂ ।

ਥੀ ਸੌਦਾਗਰ ਕਰ ਲੈ ਸੌਦਾ,

ਜਾਂ ਜਾਂ ਹੱਟ ਨਾ ਤਾੜੇ ਹੂ ।

ਜੇ ਜਾਨੇ ਦਿਲ ਜ਼ੌਕ ਮਨੇਸੀ,

ਮੌਤ ਮਰੇਂਦੀ ਧਾੜੇ ਹੂ ।

ਚੋਰਾਂ ਸਾਧਾਂ ਪੂਰ ਭਰਾਇਆ ਬਾਹੂ,

ਰੱਬ ਯਾਰ ਸਲਾਮਤ ਚਾੜ੍ਹੇ ਹੂ ।

118

ਕਾਫ-ਕਲਮੇ ਦੀ ਕਲ ਤਦਾਂ ਪਿਓਸੇ

ਕਾਫ-ਕਲਮੇ ਦੀ ਕਲ ਤਦਾਂ ਪਿਓਸੇ,

ਜਦ ਕਲ ਕਲਮੇ ਵੰਜ ਖੋਲੀ ਹੂ ।

ਕਲਮਾ ਆਸ਼ਿਕ ਓਥੇ ਪੜ੍ਹਦੇ,

ਜਿੱਥੇ ਨੂਰ ਨਬੀ ਦੀ ਹੋਲੀ ਹੂ ।

ਚੌਦਾਂ ਤੱਬਕ ਕਲਮੇ ਦੇ ਅੰਦਰ,

ਕੀ ਜਾਣੇ ਖ਼ਲਕਤ ਭੋਲੀ ਹੂ ।

ਕਲਮਾ ਪੀਰ ਪੜ੍ਹਾਇਆ ਬਾਹੂ,

ਜਿੰਦ ਜਾਨ ਓਸੇ ਤੋਂ ਘੋਲੀ ਹੂ ।

119

ਕਾਫ-ਕਲਮੇ ਦੀ ਕਲ ਤਦਾਂ ਪਿਓਸੇ

ਕਾਫ-ਕਲਮੇ ਦੀ ਕਲ ਤਦਾਂ ਪਿਓਸੇ,

ਜਦ ਕਲਮੇ ਦਿਲ ਫੜਿਆ ਹੂ ।

ਬੇਦਰਦਾਂ ਨੂੰ ਖਬਰ ਨਾ ਕੋਈ,

ਦਰਦਮੰਦਾਂ ਗਲ ਮੜ੍ਹਿਆ ਹੂ ।

ਕੁਫਰ ਇਸਲਾਮ ਦਾ ਪਤਾ ਲੱਗਾ,

ਜਦ ਭੰਨ ਜਿਗਰ ਵਿਚ ਵੜਿਆ ਹੂ ।

ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ,

ਜਿਨ੍ਹਾਂ ਕਲਮਾ ਸਹੀ ਕਰ ਪੜ੍ਹਿਆ ਹੂ ।

120

ਕਾਫ-ਕੁਨ ਫਯਕੂਨ ਜਦੋਂ ਫੁਰਮਾਇਆਸੁ

ਕਾਫ-ਕੁਨ ਫਯਕੂਨ ਜਦੋਂ ਫੁਰਮਾਇਆਸੁ,

ਅਸਾਂ ਭੀ ਕੋਲੇ ਹਾਸੇ ਹੂ ।

ਹਿੱਕੇ ਜ਼ਾਤ ਸਿਫਾਤ ਰੱਬੇ ਦੀ,

ਹਿੱਕੇ ਜਗ ਢੂੰਡਿਆਸੇ ਹੂ ।

ਹਿੱਕੇ ਲਾਮਕਾਨ ਅਸਾਡਾ,

ਹਿੱਕੇ ਆਣ ਬੁੱਤਾਂ ਵਿਚ ਫਾਸੇ ਹੂ ।

ਨਫਸ ਪਲੀਤ ਪਲੀਤੀ ਬਾਹੂ,

ਅਸਲ ਪਲੀਤ ਤਾਂ ਨਾਸੇ ਹੂ ।

121

ਕਾਫ-ਕਿਆ ਹੋਇਆ ਬੁੱਤ ਦੂਰ ਗਿਆ

ਕਾਫ-ਕਿਆ ਹੋਇਆ ਬੁੱਤ ਦੂਰ ਗਿਆ,

ਦਿਲ ਹਰਗਿਜ਼ ਦੂਰ ਨਾ ਥੀਵੇ ਹੂ ।

ਸੈਆਂ ਕੋਹਾਂ ਤੇ ਵਸਦਾ ਮੁਰਸ਼ਦ,

ਮੈਨੂੰ ਵਿਚ ਹਜ਼ੂਰ ਦਿਸੀਵੇ ਹੂ ।

ਜੈਂਦੇ ਅੰਦਰ ਇਸ਼ਕ ਦੀ ਰੱਤੀ,

ਉਹ ਬਿਨ ਸ਼ਰਾਬੋਂ ਖੀਵੇ ਹੂ ।

ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ,

ਕਬਰ ਜਿਨ੍ਹਾਂ ਦੀ ਜੀਵੇ ਹੂ ।

122

ਕਾਫ-ਕਰ ਇਬਾਦਤ ਪਛੋਤਾਸੇਂ

ਕਾਫ-ਕਰ ਇਬਾਦਤ ਪਛੋਤਾਸੇਂ,

ਤੈਂਡੀ ਜਾਇਆ ਗਈ ਜਵਾਨੀ ਹੂ ।

ਆਰਫ ਦੀ ਗੱਲ ਆਰਫ ਜਾਨੇ,

ਕਿਆ ਜਾਨੇ ਨਫ਼ਸਾਨੀ ਹੂ ।

ਰਾਤੀਂ ਰੱਤੀ ਨੀਂਦ ਨਾ ਆਵੇ,

ਦਿਹਾਂ ਫਿਰਾਂ ਹੈਰਾਨੀ ਹੂ ।

ਵਾਹ ਨਸੀਬ ਤਿਨ੍ਹਾਂ ਦੇ ਬਾਹੂ,

ਜਿਨ੍ਹਾਂ ਮਿਲਿਆ ਪੀਰ ਜੀਲਾਨੀ ਹੂ ।

123

ਕਾਫ-ਕੂਕ ਦਿਲਾ ਮੱਤ ਰੱਬ ਸੁਣੇ ਚਾ

ਕਾਫ-ਕੂਕ ਦਿਲਾ ਮੱਤ ਰੱਬ ਸੁਣੇ ਚਾ,

ਦਰਦਮੰਦਾਂ ਦੀਆਂ ਆਹੀਂ ਹੂ ।

ਸੀਨਾ ਮੇਰਾ ਦਰਦੀਂ ਭਰਿਆ,

ਅੰਦਰ ਭੜਕਣ ਭਾਹੀਂ ਹੂ ।

ਤੇਲਾਂ ਬਾਝ ਨਾ ਬਲਣ ਮਸਾਲਾਂ,

ਦਰਦਾਂ ਬਾਝ ਨਾ ਆਹੀਂ ਹੂ ।

ਆਤਸ਼ ਨਾਲ ਯਰਾਨਾ ਲਾ ਕੇ ਬਾਹੂ,

ਫਿਰ ਓਹ ਸੜਨ ਕਿ ਨਾਹੀਂ ਹੂ ।

124

ਕਾਫ-ਕਾਮਲ ਮੁਰਸ਼ਦ ਐਸਾ ਹੋਵੇ

ਕਾਫ-ਕਾਮਲ ਮੁਰਸ਼ਦ ਐਸਾ ਹੋਵੇ,

ਜਿਹੜਾ ਧੋਬੀ ਵਾਂਗੂੰ ਛੱਟੇ ਹੂ ।

ਨਾਲ ਨਿਗਾਹ ਦੇ ਪਾਕ ਕਰੇ,

ਸੱਜੀ ਸਾਬਣ ਨਾ ਘੱਤੇ ਹੂ ।

ਮੈਲਿਆਂ ਨੂੰ ਕਰ ਦੇਵੇ ਚਿੱਟਾ,

ਜ਼ਰਾ ਮੈਲ ਨਾ ਰੱਖੇ ਹੂ ।

ਐਸਾ ਮੁਰਸ਼ਦ ਹੋਵੇ ਬਾਹੂ,

ਲੂੰ ਲੂੰ ਦੇ ਵਿਚ ਵੱਸੇ ਹੂ ।

125

ਕਾਫ-ਕਲਮੇ ਦੀ ਕਲ ਤਦਾਂ ਪਿਓਸੇ

ਕਾਫ-ਕਲਮੇ ਦੀ ਕਲ ਤਦਾਂ ਪਿਓਸੇ,

ਜਦ ਮੁਰਸ਼ਦ ਕਲਮਾ ਦਸਿਆ ਹੂ ।

ਸਾਰੀ ਉਮਰ ਵਿਚ ਕੁਫ਼ਰ ਦੇ ਜਾਲੀ,

ਬਿਨ ਮੁਰਸ਼ਦ ਦੇ ਵਸਿਆ ਹੂ ।

ਸ਼ਾਹ ਅਲੀ ਸ਼ੇਰ ਬਹਾਦਰ ਵਾਂਗਣ,

ਵੱਢ ਕੁਫ਼ਰ ਨੂੰ ਸੁਟਿਆ ਹੂ ।

ਦਿਲ ਸਾਫੀ ਤਾਂ ਹੋਵੇ ਬਾਹੂ,

ਜਾਂ ਕਲਮਾਂ ਲੂੰ ਲੂੰ ਰਸਿਆ ਹੂ ।

126

ਕਾਫ-ਕਲਮੇ ਨਾਲ ਮੈਂ ਨ੍ਹਾਤੀ ਧੋਤੀ

ਕਾਫ-ਕਲਮੇ ਨਾਲ ਮੈਂ ਨ੍ਹਾਤੀ ਧੋਤੀ,

ਕਲਮੇ ਨਾਲ ਵਿਆਹੀ ਹੂ ।

ਕਲਮੇ ਮੇਰਾ ਪੜ੍ਹਿਆ ਜਨਾਜ਼ਾ,

ਕਲਮੇ ਗੋਰ ਸੁਹਾਈ ਹੂ ।

ਕਲਮੇ ਨਾਲ ਬਹਿਸ਼ਤੀ ਜਾਣਾ,

ਕਲਮਾ ਕਰੇ ਸਫਾਈ ਹੂ ।

ਮੁੜਨ ਮੁਹਾਲ ਤਿਨ੍ਹਾਂ ਨੂੰ ਬਾਹੂ,

ਜਿਨ੍ਹਾਂ ਸਾਹਿਬ ਆਪ ਬੁਲਾਈ ਹੂ ।

127

ਕਾਫ-ਕਲਮੇ ਲੱਖ ਕਰੋੜਾਂ ਤਾਰੇ

ਕਾਫ-ਕਲਮੇ ਲੱਖ ਕਰੋੜਾਂ ਤਾਰੇ,

ਵਲੀ ਕੀਤੇ ਸੈ ਰਾਹੀਂ ਹੂ ।

ਕਲਮੇ ਨਾਲ ਬੁਝਾਏ ਦੋਜ਼ਖ,

ਜਿੱਥੇ ਅੱਗ ਬਲੇ ਅਜ਼ਗਾਹੀਂ ਹੂ ।

ਕਲਮੇ ਨਾਲ ਬਹਿਸ਼ਤੀ ਜਾਣਾ,

ਜਿੱਥੇ ਨਿਆਮਤ ਸੰਝ ਸਬਾਹੀਂ ਹੂ ।

ਕਲਮੇ ਜੇਹੀ ਕੋਈ ਨਿਆਮਤ ਨਾ ਬਾਹੂ,

ਅੰਦਰ ਦੋਹੀਂ ਸਰਾਈਂ ਹੂ ।

128

ਕਾਫ-ਕੁਲ ਕਾਬਿਲ ਕਵੀਸ਼ਰ ਕਹਿੰਦੇ

ਕਾਫ-ਕੁਲ ਕਾਬਿਲ ਕਵੀਸ਼ਰ ਕਹਿੰਦੇ,

ਕਾਰਨ ਦਰਦ ਬਹਰ ਦੇ ਹੂ ।

ਸ਼ਸ਼ ਜ਼ਮੀਂ ਤੇ ਸ਼ਸ਼ ਫ਼ਲਕ ਤੇ,

ਸ਼ਸ਼ ਪਾਣੀ ਤੇ ਤਰਦੇ ਹੂ ।

ਛਿਆਂ ਹਰਫ਼ਾਂ ਵਿਚ ਸੁਖਨ ਅਠਾਰਾਂ,

ਦੋ ਦੋ ਮਾਨੀ ਧਰਦੇ ਹੂ ।

ਬਾਹੂ ਹੱਕ ਪਛਾਣਨ ਨਾਹੀਂ,

ਪਹਿਲੇ ਹਰਫ਼ ਸਤਰ ਦੇ ਹੂ ।

129

ਖ਼ੇ-ਖ਼ਾਮ ਕੀ ਜਾਨਣ ਸਾਰ ਫ਼ਕਰ ਦੀ

ਖ਼ੇ-ਖ਼ਾਮ ਕੀ ਜਾਨਣ ਸਾਰ ਫ਼ਕਰ ਦੀ,

ਮਹਿਰਮ ਨਾਹੀਂ ਦਿਲ ਦੇ ਹੂ ।

ਆਬ ਮਿੱਟੀ ਥੀਂ ਪੈਦਾ ਹੋਏ,

ਖ਼ਾਮੀ ਭਾਂਡੇ ਗਿੱਲ ਦੇ ਹੂ ।

ਕਦਰ ਕੀ ਜਾਨਣ ਲਾਲ ਜਵਾਹਰਾਂ,

ਜੋ ਸੌਦਾਗਰ ਬਿਲ ਦੇ ਹੂ ।

ਉਹ ਖੜ੍ਹਨ ਈਮਾਨ ਸਲਾਮਤ ਬਾਹੂ,

ਜੇਹੜੇ ਭੱਜ ਫ਼ਕੀਰਾਂ ਮਿਲਦੇ ਹੂ ।

130

ਲਾਮ-ਲਾਯੂਹਤਾਜ ਜਿਨ੍ਹਾਂ ਨੂੰ ਹੋਇਆ

ਲਾਮ-ਲਾਯੂਹਤਾਜ ਜਿਨ੍ਹਾਂ ਨੂੰ ਹੋਇਆ,

ਫ਼ਿਕਰ ਤਿਨ੍ਹਾਂ ਨੂੰ ਸਾਰਾ ਹੂ ।

ਨਜ਼ਰ ਜਿਨ੍ਹਾਂ ਦੀ ਕੀਮੀਯਾ ਹੋਵੇ,

ਉਹ ਕਿਉਂ ਮਾਰਨ ਪਾਰਾ ਹੂ ।

ਦੋਸਤ ਜਿਨ੍ਹਾਂ ਦਾ ਹਾਜ਼ਿਰ ਹੋਵੇ,

ਦੁਸ਼ਮਣ ਲੈਣ ਨਾ ਵਾਰਾ ਹੂ ।

ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ,

ਜਿਨ੍ਹਾਂ ਮਿਲਿਆ ਨਬੀ ਸਹਾਰਾ ਹੂ ।

131

ਲਾਮ-ਲਿਖਣ ਸਿਖਿਓਂ ਲਿਖ ਨਾ ਜਾਤਾ

ਲਾਮ-ਲਿਖਣ ਸਿਖਿਓਂ ਲਿਖ ਨਾ ਜਾਤਾ,

ਕਾਗਜ਼ ਕੀਤੋਈ ਜ਼ਾਇਆ ਹੂ ।

ਕਤ ਕਲਮ ਨੂੰ ਮਾਰ ਨਾ ਜਾਣੇਂ,

ਕਾਤਿਬ ਨਾਮ ਧਰਾਇਆ ਹੂ ।

ਸਭ ਅਸਲਾਹ ਤੇਰੀ ਹੋਸੀ ਖੋਟੀ,

ਜਾਂ ਕਾਤਿਬ ਹੱਥ ਆਇਆ ਹੂ ।

ਸਹੀ ਸਲਾਹ ਤਿਨ੍ਹਾਂ ਦੀ ਬਾਹੂ,

ਜਿਨ੍ਹਾਂ ਅਲਿਫ਼ ਤੇ ਮੀਮ ਪਕਾਇਆ ਹੂ ।

132

ਲਾਮ-ਲਾਮ ਲਾਹ-ਹੋ ਗ਼ੈਰੀ ਧੰਦੇ

ਲਾਮ-ਲਾਮ ਲਾਹ-ਹੋ ਗ਼ੈਰੀ ਧੰਦੇ,

ਹਿੱਕ ਪਲ ਮੂਲ ਨਾ ਰਹਿੰਦੇ ਹੂ ।

ਇਸ਼ਕ ਨੇ ਪੁਟੇ ਰੁੱਖ ਜੜ੍ਹਾਂ ਥੀਂ,

ਹਿੱਕ ਦਮ ਹੌਲ ਨਾ ਸਹਿੰਦੇ ਹੂ ।

ਜੇਹੜੇ ਪੱਥਰ ਵਾਂਗ ਪਹਾੜਾਂ,

ਲੂਣ ਵਾਂਗ ਗਲ ਵਹਿੰਦੇ ਹੂ ।

ਜੇ ਇਸ਼ਕ ਸੁਖਾਲਾ ਹੁੰਦਾ ਬਾਹੂ,

ਸਭ ਆਸ਼ਿਕ ਬਣ ਬਹਿੰਦੇ ਹੂ ।

133

ਲਾਮ-ਲੋਕ ਕਬਰ ਦਾ ਕਰਸਨ ਚਾਰਾ

ਲਾਮ-ਲੋਕ ਕਬਰ ਦਾ ਕਰਸਨ ਚਾਰਾ,

ਲਹਿਦ ਬਣਾਵਨ ਡੇਰਾ ਹੂ ।

ਚੁਟਕੀ ਭਰ ਮਿੱਟੀ ਦੀ ਪਾਸਣ,

ਕਰਸਨ ਢੇਰ ਉਚੇਰਾ ਹੂ ।

ਦੇ ਦਰੂਦ ਘਰਾਂ ਨੂੰ ਵੰਜਣ,

ਕੂਕਣ ਸ਼ੇਰਾ ਸ਼ੇਰਾ ਹੂ ।

ਵਿਚ ਦਰਗਾਹ ਨ ਅਮਲਾਂ ਬਾਝੋਂ,

ਬਾਹੂ ਹੋਗ ਨਬੇੜਾ ਹੂ ।

134

ਲਾਮ-ਲੋਹਾ ਹੋਵੇਂ ਪਿਆ ਕਟੀਵੇਂ

ਲਾਮ-ਲੋਹਾ ਹੋਵੇਂ ਪਿਆ ਕਟੀਵੇਂ,

ਤਾਂ ਤਲਵਾਰ ਸਦੀਵੇਂ ਹੂ ।

ਕੰਘੀ ਵਾਂਗੂੰ ਪਿਆ ਚਰੀਵੇਂ,

ਜ਼ੁਲਫ ਮਹਿਬੂਬ ਭਰੀਵੇਂ ਹੂ ।

ਮਹਿੰਦੀ ਵਾਂਗੂੰ ਪਿਆ ਘੁਟੀਵੇਂ,

ਤਲੀ ਮਹਿਬੂਬ ਰੰਗੀਵੇਂ ਹੂ ।

ਵਾਂਗ ਕਪਾਹ ਪਿਆ ਪਿੰਜੀਵੇਂ,

ਤਾਂ ਦਸਤਾਰ ਸਦੀਵੇਂ ਹੂ ।

ਆਸ਼ਿਕ ਸਾਦਿਕ ਹੋਵੇਂ ਬਾਹੂ,

ਤਾਂ ਰਸ ਪ੍ਰੇਮ ਦਾ ਪੀਵੇਂ ਹੂ ।

135

ਮੀਮ-ਮਾਲ ਜਾਨ ਸਭ ਖਰਚ ਕਰਾਹਾਂ

ਮੀਮ-ਮਾਲ ਜਾਨ ਸਭ ਖਰਚ ਕਰਾਹਾਂ,

ਕਰੀਏ ਖਰੀਦ ਫ਼ਕੀਰੀ ਹੂ ।

ਫ਼ਕਰ ਕਨੋ ਰੱਬ ਹਾਸਲ ਹੋਵੇ,

ਕਿਉਂ ਕੀਚੇ ਦਿਲਗੀਰੀ ਹੂ ।

ਦੁਨੀਆਂ ਕਾਰਣ ਦੀਨ ਵੰਜਾਵਣ,

ਕੂੜੀ ਸ਼ੇਖੀ ਪੀਰੀ ਹੂ ।

ਤਰਕ ਦੁਨੀਆਂ ਥੀਂ ਕੀਤੀ ਬਾਹੂ,

ਸ਼ਾਹ ਮੀਰਾਂ ਦੀ ਮੀਰੀ ਹੂ ।

136

ਮੀਮ-ਮੂਤੂ ਵਾਲੀ ਮੌਤ ਨਾ ਮਿਲਸੀ

ਮੀਮ-ਮੂਤੂ ਵਾਲੀ ਮੌਤ ਨਾ ਮਿਲਸੀ,

ਜੈਂ ਵਿਚ ਇਸ਼ਕ ਹਯਾਤੀ ਹੂ ।

ਮੌਤ ਵਿਸਾਲ ਥੀਓਸੇ ਹਿੱਕੋ,

ਜਦਾਂ ਇਸਮ ਪੜ੍ਹੀਵੇ ਜ਼ਾਤੀ ਹੂ ।

ਐਨ ਦੇ ਵਿਚ ਐਨ ਥੀਓਸੇ,

ਦੂਰ ਹੋਈ ਕੁਰਬਾਤੀ ਹੂ ।

ਹੂ ਜ਼ਿਕਰ ਹਮੇਸ਼ ਸੜੇਂਦਾ ਬਾਹੂ,

ਦੇਹਾਂ ਸੁਖ ਨਾ ਰਾਤੀ ਹੂ ।

137

ਮੀਮ-ਮੁਰਸ਼ਿਦ ਵਾਂਗ ਸੁਨਿਆਰੇ ਹੋਵੇ

ਮੀਮ-ਮੁਰਸ਼ਿਦ ਵਾਂਗ ਸੁਨਿਆਰੇ ਹੋਵੇ,

ਘੱਤ ਕੁਠਾਲੀ ਗਾਲੇ ਹੂ ।

ਜਾਂ ਕੁਠਾਲੀਓਂ ਬਾਹਰ ਕੱਢੇ,

ਬੁੰਦੇ ਘੜੇ ਜਾਂ ਵਾਲੇ ਹੂ ।

ਕੰਨੀਂ ਖ਼ੂਬਾਂ ਤਦੋਂ ਸੁਹਾਵਨ,

ਜਦਾਂ ਕੁੱਠੇ ਆ ਉਜਾਲੇ ਹੂ ।

ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ,

ਜੇੜ੍ਹਾ ਦਮਦਮ ਦੋਸਤ ਸੰਭਾਲੇ ਹੂ ।

138

ਮੀਮ-ਮੁਰਸ਼ਦ ਮੱਕਾ, ਤਾਲਿਬ ਹਾਜੀ

ਮੀਮ-ਮੁਰਸ਼ਦ ਮੱਕਾ, ਤਾਲਿਬ ਹਾਜੀ,

ਕਾਅਬਾ ਇਸ਼ਕ ਬਣਾਇਆ ਹੂ ।

ਵਿਚ ਹਜ਼ੂਰ ਸਦਾ ਹਰ ਵੇਲੇ,

ਕਰੀਏ ਹੱਜ ਸਵਾਇਆ ਹੂ ।

ਹਿੱਕ ਦਮ ਮੈਥੋਂ ਜੁਦਾ ਨਾ ਹੋਵੇ,

ਦਿਲ ਮਿਲਣੇ ਤੇ ਆਇਆ ਹੂ ।

ਮੁਰਸ਼ਦ ਐਨ ਹਯਾਤੀ ਬਾਹੂ,

ਲੂੰ ਲੂੰ ਵਿਚ ਸਮਾਇਆ ਹੂ ।

139

ਮੀਮ-ਮੁਰਸ਼ਦ ਉਹ ਸਹੇੜੀਏ

ਮੀਮ-ਮੁਰਸ਼ਦ ਉਹ ਸਹੇੜੀਏ,

ਜਿਹੜਾ ਦੋ ਜੱਗ ਖੁਸ਼ੀ ਵਿਖਾਵੇ ਹੂ ।

ਪਹਿਲੇ ਗ਼ਮ ਟੁਕੜੇ ਦਾ ਮੇਟੇ,

ਵੱਤ ਰੱਬ ਦਾ ਰਾਹ ਸੁਝਾਵੇ ਹੂ ।

ਕੱਲਰ ਵਾਲੀ ਕੰਧੀ ਨੂੰ ਚਾ,

ਚਾਂਦੀ ਖਾਸ ਬਣਾਵੇ ਹੂ ।

ਜੈਂ ਮੁਰਸ਼ਦ ਏਥੇ ਕੁਝ ਨਾ ਕੀਤਾ ਬਾਹੂ,

ਕੂੜੇ ਲਾਰੇ ਲਾਵੇ ਹੂ ।

140

ਮੀਮ-ਮੁਰਸ਼ਦ ਬਾਝੋਂ ਫ਼ਕਰ ਕਮਾਵੇ

ਮੀਮ-ਮੁਰਸ਼ਦ ਬਾਝੋਂ ਫ਼ਕਰ ਕਮਾਵੇ,

ਵਿਚ ਕੁਫ਼ਰ ਦੇ ਬੁੱਡੇ ਹੂ ।

ਸ਼ੇਖ ਮਸ਼ਾਇਖ ਹੋ ਬਹਿੰਦੇ ਹੁਜਰੇ,

ਗੌਸ ਕੁਤਬ ਬਣ ਵੱਡੇ ਹੂ ।

ਰਾਤ ਅੰਧਾਰੀ ਮੁਸ਼ਕਲ ਪੈਂਡਾ,

ਸੈ ਸੈ ਆਵਣ ਠੁੱਡੇ ਹੂ ।

ਤਸਬੀਹਾਂ ਨੱਪ ਬਹਿਣ ਮਸੀਤੀਂ ਬਾਹੂ,

ਜਿਵੇਂ ਮੂਸ਼ ਬਹੇ ਵੜ ਖੁੱਡੇ ਹੂ ।

141

ਮੀਮ-ਮੈਂ ਕੋਝੀ ਮੇਰਾ ਦਿਲਬਰ ਸੋਹਣਾ

ਮੀਮ-ਮੈਂ ਕੋਝੀ ਮੇਰਾ ਦਿਲਬਰ ਸੋਹਣਾ,

ਕਿਉਂ ਕਰ ਉਸ ਨੂੰ ਭਾਵਾਂ ਹੂ ।

ਵਿਹੜੇ ਸਾਡੇ ਵੜਦਾ ਨਾਹੀਂ,

ਲੱਖ ਵਸੀਲੇ ਪਾਵਾਂ ਹੂ ।

ਨਾ ਸੋਹਣੀ ਨਾ ਦੌਲਤ ਪੱਲੇ,

ਕਿਉਂ ਕਰ ਯਾਰ ਮਨਾਵਾਂ ਹੂ ।

ਇਹ ਦੁਖ ਹਮੇਸ਼ਾ ਰਹਸੀ ਬਾਹੂ,

ਰੋਂਦੜੀ ਹੀ ਮਰ ਜਾਵਾਂ ਹੂ ।

142

ਮੀਮ-ਮੁਰਸ਼ਦ ਮੈਨੂੰ ਹੱਜ ਮੱਕੇ ਦਾ

ਮੀਮ-ਮੁਰਸ਼ਦ ਮੈਨੂੰ ਹੱਜ ਮੱਕੇ ਦਾ,

ਰਹਿਮਤ ਦਾ ਦਰਵਾਜ਼ਾ ਹੂ ।

ਕਰਾਂ ਤਵਾਫ ਦੁਆਲੇ ਬਿਲੇ,

ਹੱਜ ਹੋਵੇ ਨਿਤ ਤਾਜ਼ਾ ਹੂ ।

ਕੁਨ ਫਯਕੂਨ ਜਦੋਂ ਦਾ ਸੁਣਿਆ,

ਡਿੱਠਾ ਅੱਲਾ ਦਾ ਦਰਵਾਜ਼ਾ ਹੂ ।

ਮੁਰਸ਼ਿਦ ਸਦਾ ਹਯਾਤੀ ਵਾਲਾ ਬਾਹੂ,

ਓਹੋ ਖਿਜ਼ਰ ਖੁਵਾਜ਼ਾ ਹੂ ।

143

ਮੀਮ-ਮੁਰਸ਼ਦ ਮੇਰਾ ਸ਼ਹਬਾਜ਼ ਇਲਾਹੀ

ਮੀਮ-ਮੁਰਸ਼ਦ ਮੇਰਾ ਸ਼ਹਬਾਜ਼ ਇਲਾਹੀ,

ਰਲਿਆ ਸੰਗ ਹਬੀਬਾਂ ਹੂ ।

ਤਕਦੀਰ ਇਲਾਹੀ ਛਿੱਕੀਆਂ ਡੋਰਾਂ,

ਮਿਲਸੀ ਨਾਲ ਨਸੀਬਾਂ ਹੂ ।

ਕੋਹੜਿਆਂ ਦੇ ਦੁਖ ਦੂਰ ਕਰੇਂਦਾ,

ਕਰੇ ਸ਼ਫਾ ਗਰੀਬਾਂ ਹੂ ।

ਹਰ ਮਰਜ਼ ਦਾ ਦਾਰੂ ਤੂੰ ਹੈਂ ਬਾਹੂ,

ਕਿਉਂ ਘੱਤਨਾ ਏਂ ਵੱਸ ਤਬੀਬਾਂ ਹੂ ।

144

ਮੀਮ-ਮੁਰਸ਼ਦ ਵੱਸੇ ਸੈ ਕੋਹਾਂ ਤੇ

ਮੀਮ-ਮੁਰਸ਼ਦ ਵੱਸੇ ਸੈ ਕੋਹਾਂ ਤੇ,

ਮੈਨੂੰ ਦਿੱਸੇ ਨੇੜੇ ਹੂ ।

ਕੀ ਹੋਇਆ ਬੁੱਤ ਓਹਲੇ ਹੋਇਆ,

ਉਹ ਵੱਸੇ ਵਿਚ ਮੇਰੇ ਹੂ ।

ਅਲਿਫ਼ ਦੀ ਜ਼ਾਤ ਸਹੀ ਜਿਸ ਕੀਤੀ,

ਉਹ ਰੱਖੇ ਕਦਮ ਅਗੇਰੇ ਹੂ ।

ਨਹਨੁ-ਅਕਰਬ ਲਭਿਓਸੁ ਬਾਹੂ,

ਝਗੜੇ ਕੁਲ ਨਿਬੇੜੇ ਹੂ ।

145

ਮੀਮ-ਮਜ਼੍ਹਬਾਂ ਦੇ ਦਰਵਾਜ਼ੇ ਉਚੇ

ਮੀਮ-ਮਜ਼੍ਹਬਾਂ ਦੇ ਦਰਵਾਜ਼ੇ ਉਚੇ,

ਰਾਹ ਰੱਬਾਨਾ ਮੇਰੀ ਹੂ ।

ਪੰਡਿਤ ਤੇ ਮੁਲਵਾਣਿਆਂ ਕੋਲੋਂ,

ਛੁਪ ਛੁਪ ਲੰਘੀਏ ਚੋਰੀ ਹੂ ।

ਅੱਡੀਆਂ ਮਾਰਨ ਕਰਨ ਬਖੇੜੇ,

ਦਰਦਮੰਦਾਂ ਦੇ ਖੋਰੀ ਹੂ ।

ਬਾਹੂ ਚਲ ਉਥਾਈਂ ਵੱਸੀਏ,

ਜਿੱਥੇ ਦਾਅਵਾ ਨਾ ਕਿਸੇ ਹੋਰੀ ਹੂ ।

146

ਮੀਮ-ਮੁਰਸ਼ਦ ਹਾਦੀ ਸਬਕ ਪੜ੍ਹਾਇਆ

ਮੀਮ-ਮੁਰਸ਼ਦ ਹਾਦੀ ਸਬਕ ਪੜ੍ਹਾਇਆ,

ਪੜ੍ਹਿਓਂ ਬਿਨਾਂ ਪੜ੍ਹੀਵੇ ਹੂ ।

ਉਂਗਲੀਆਂ ਕੰਨਾਂ ਵਿਚ ਦਿੱਤੀਆਂ,

ਸੁਣਿਓਂ ਬਿਨਾਂ ਸੁਣੀਵੇ ਹੂ ।

ਨੈਣ ਨੈਣਾਂ ਵਲ ਤੁਰ ਤੁਰ ਤਕਦੇ,

ਡਿਠਿਉਂ ਬਿਨਾਂ ਡਸੀਵੇ ਹੂ ।

ਹਰ ਖ਼ਾਨੇ ਵਿਚ ਜਾਨੀ ਬਾਹੂ,

ਕੂਨ ਸਿਰ ਉਹ ਰਖੀਵੇ ਹੂ ।

147

ਮੀਮ-ਮੈਂ ਸ਼ਾਹਬਾਜ਼ ਕਰਾਂ ਪਰਵਾਜ਼ਾਂ

ਮੀਮ-ਮੈਂ ਸ਼ਾਹਬਾਜ਼ ਕਰਾਂ ਪਰਵਾਜ਼ਾਂ,

ਵਿਚ ਅਫਲਾਕ ਕਰਮ ਦੇ ਹੂ ।

ਜ਼ਬਾਂ ਤਾਂ ਮੇਰੀ ਕੁੰਨ ਬਰਾਬਰ,

ਮੋੜਾਂ ਕੰਮ ਕਲਮ ਦੇ ਹੂ ।

ਅਫਲਾਤੂਨ ਅਰਸਤੂ ਵਰਗੇ,

ਮੈਂ ਅੱਗੇ ਕਿਸ ਕੰਮ ਦੇ ਹੂ ।

ਹਾਤਿਮ ਵਰਗੇ ਲੱਖ ਕਰੋੜਾਂ,

ਦਰ ਬਾਹੂ ਦੇ ਮੰਗਦੇ ਹੂ ।

148

ਨੂਨ-ਨਾਲ ਕੁਸੰਗੀ ਸੰਗ ਨਾ ਕਰੀਏ

ਨੂਨ-ਨਾਲ ਕੁਸੰਗੀ ਸੰਗ ਨਾ ਕਰੀਏ,

ਕੁਲ ਨੂੰ ਲਾਜ ਨਾ ਲਾਈਏ ਹੂ ।

ਤੁੰਮੇ ਮੂਲ ਤਰਬੂਜ਼ ਨਾ ਹੁੰਦੇ,

ਤੋੜ ਮੱਕੇ ਲੈ ਜਾਈਏ ਹੂ ।

ਕਾਂ ਦੇ ਬੱਚੇ ਹੰਸ ਨਾ ਥੀਂਦੇ,

ਪਏ ਮੋਤੀ ਚੋਗ ਚੁਗਾਈਏ ਹੂ ।

ਕੌੜੇ ਖੂਹ ਨਾ ਮਿੱਠੇ ਹੁੰਦੇ ਬਾਹੂ,

ਸੈ ਮਣਾਂ ਖੰਡ ਪਾਈਏ ਹੂ ।

149

ਨੂਨ-ਨਾ ਮੈਂ ਆਲਮ ਨਾ ਮੈਂ ਫਾਜ਼ਲ

ਨੂਨ-ਨਾ ਮੈਂ ਆਲਮ ਨਾ ਮੈਂ ਫਾਜ਼ਲ,

ਨਾ ਮੈਂ ਮੁਫਤੀ ਕਾਜ਼ੀ ਹੂ ।

ਨਾ ਮੇਰਾ ਦਿਲ ਦੋਜ਼ਖ ਮੰਗੇ,

ਨਾ ਸ਼ੌਕ ਬਹਿਸ਼ਤੀ ਰਾਜ਼ੀ ਹੂ ।

ਨਾ ਮੈਂ ਤ੍ਰੀਹੇ ਰੋਜ਼ੇ ਰੱਖੇ,

ਨਾ ਮੈਂ ਪਾਕ ਨਮਾਜ਼ੀ ਹੂ ।

ਬਾਝ ਵਸਾਲ ਅੱਲਾ ਦੇ ਬਾਹੂ,

ਦੁਨੀਆਂ ਕੂੜੀ ਬਾਜ਼ੀ ਹੂ ।

150

ਨੂਨ- ਨਾ ਉਹ ਹਿੰਦੂ ਨਾ ਉਹ ਮੋਮਨ

ਨੂਨ- ਨਾ ਉਹ ਹਿੰਦੂ ਨਾ ਉਹ ਮੋਮਨ,

ਨਾ ਸਿਜਦਾ ਦੇਣ ਮਸੀਤੀ ਹੂ ।

ਦਮ ਦਮ ਦੇ ਵਿਚ ਮੌਲਾ ਵੇਖਣ,

ਜਿਨ੍ਹਾਂ ਕਜ਼ਾ ਨਾ ਕੀਤੀ ਹੂ ।

ਆਹੇ ਦਾਨੇ ਬਣੇ ਦੀਵਾਨੇ,

ਜਿਨ੍ਹਾਂ ਜ਼ਾਤ ਸਹੀ ਵੰਜ ਕੀਤੀ ਹੂ ।

ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ,

ਜਿਨ੍ਹਾਂ ਇਸ਼ਕ ਬਾਜ਼ੀ ਚੁਣ ਲੀਤੀ ਹੂ ।

151

ਨੂਨ-ਨਿੱਤ ਅਸਾਡੇ ਖੱਲੇ ਖਾਂਦੀ

ਨੂਨ-ਨਿੱਤ ਅਸਾਡੇ ਖੱਲੇ ਖਾਂਦੀ,

ਏਹਾ ਦੁਨੀਆਂ ਜ਼ਿਸ਼ਤੀ ਹੂ ।

ਜੈਂ ਦੇ ਕਾਰਣ ਬਹਿ ਬਹਿ ਰੋਵਣ,

ਸ਼ੇਖ ਮਸ਼ਾਇਖ ਚਿਸ਼ਤੀ ਹੂ ।

ਜੈਂਦੇ ਦਿਲ ਵਿਚ ਹੁੱਬ ਦੁਨਿਆਵੀ,

ਗ਼ਰਕ ਤਿਨ੍ਹਾਂ ਦੀ ਕਿਸ਼ਤੀ ਹੂ ।

ਤਰਕ ਦੁਨੀਆਂ ਥੀਂ ਕਰ ਤੂੰ ਬਾਹੂ,

ਖਾਸਾ ਰਾਹ ਬਹਿਸ਼ਤੀ ਹੂ ।

152

ਨੂਨ-ਨਾ ਕੋਈ ਮੁਰਸ਼ਦ ਨਾ ਕੋਈ ਤਾਲਿਬ

ਨੂਨ-ਨਾ ਕੋਈ ਮੁਰਸ਼ਦ ਨਾ ਕੋਈ ਤਾਲਿਬ,

ਸਭ ਦਿਲਾਸੇ ਮੁੱਠੇ ਹੂ ।

ਰਾਹ ਫ਼ਕਰ ਦਾ ਪਰੇ ਪਰੇਰੇ,

ਹਿਰਸ ਦੁਨੀਆਂ ਦੀ ਕੁੱਠੇ ਹੂ ।

ਸ਼ੌਕ ਇਲਾਹੀ ਗ਼ਾਲਿਬ ਹੋਇਆ,

ਜਿੰਦ ਮਰਨ ਤੋਂ ਉੱਠੇ ਹੂ ।

ਜੈਂ ਤਨ ਭਾਹ ਬਿਰਹੋਂ ਦੀ ਬਾਹੂ,

ਮਰਨ ਤ੍ਰਿਹਾਏ ਭੁੱਖੇ ਹੂ ।

153

ਨੂਨ-ਨਾ ਰੱਬ ਅਰਸ਼ ਮੁਅੱਲਾ ਉਤੇ

ਨੂਨ-ਨਾ ਰੱਬ ਅਰਸ਼ ਮੁਅੱਲਾ ਉਤੇ,

ਨਾ ਰੱਬ ਖ਼ਾਨੇ ਕਾਅਬੇ ਹੂ ।

ਨਾ ਰੱਬ ਇਲਮ ਕਿਤਾਬੀ ਲੱਭਾ,

ਨਾ ਰੱਬ ਵਿਚ ਮਹਿਰਾਬੇ ਹੂ ।

ਗੰਗਾ ਤੀਰਥ ਮੂਲ ਨਾ ਮਿਲਿਆ,

ਪੈਂਡੇ ਬੇਹਿਸਾਬੇ ਹੂ ।

ਜਦ ਦਾ ਮੁਰਸ਼ਦ ਫੜਿਆ ਬਾਹੂ,

ਛੁੱਟੇ ਸਭ ਅਜਾਬੇ ਹੂ ।

154

ਨੂਨ-ਨਫਲ ਨਮਾਜ਼ਾਂ ਕੰਮ ਜ਼ਨਾਨਾਂ

ਨੂਨ-ਨਫਲ ਨਮਾਜ਼ਾਂ ਕੰਮ ਜ਼ਨਾਨਾਂ,

ਰੋਜ਼ੇ ਸਰਫਾ ਰੋਟੀ ਹੂ ।

ਮੱਕੇ ਦੇ ਵਲ ਸੋਈ ਜਾਂਦੇ,

ਘਰੋਂ ਜਿਨ੍ਹਾਂ ਤਰੋਟੀ ਹੂ ।

ਉਚੀਆਂ ਬਾਂਗਾਂ ਸੋਈ ਦੇਵਣ,

ਨੀਤ ਜਿਨ੍ਹਾਂ ਦੀ ਖੋਟੀ ਹੂ ।

ਕੀ ਪਰਵਾਹ ਤਿਨ੍ਹਾਂ ਨੂੰ ਬਾਹੂ,

ਜਿਨ੍ਹਾਂ ਘਰ ਵਿਚ ਲੱਧੀ ਬੂਟੀ ਹੂ ।

155

ਨੂਨ-ਨਾ ਮੈਂ ਜੋਗੀ ਨਾ ਮੈਂ ਜੰਗਮ

ਨੂਨ-ਨਾ ਮੈਂ ਜੋਗੀ ਨਾ ਮੈਂ ਜੰਗਮ,

ਨਾ ਮੈਂ ਚਿਲਾ ਕਮਾਇਆ ਹੂ ।

ਨਾ ਮੈਂ ਭੱਜ ਮਸੀਤੀਂ ਵੜਿਆ,

ਨਾ ਤਸਬਾ ਖੜਕਾਇਆ ਹੂ ।

ਜੋ ਦਮ ਗਾਫਿਲ ਸੋ ਦਮ ਕਾਫ਼ਿਰ,

ਮੁਰਸ਼ਦ ਇਹ ਫੁਰਮਾਇਆ ਹੂ ।

ਮੁਰਸ਼ਦ ਸੋਹਣੀ ਕੀਤੀ ਬਾਹੂ,

ਪਲ ਵਿਚ ਜਾ ਪਹੁੰਚਾਇਆ ਹੂ ।

156

ਨੂਨ-ਨਹੀਂ ਫ਼ਕੀਰੀ ਜੱਲੀਆਂ ਮਾਰਨ

ਨੂਨ-ਨਹੀਂ ਫ਼ਕੀਰੀ ਜੱਲੀਆਂ ਮਾਰਨ,

ਸੁਤਿਆਂ ਲੋਕ ਜਗਾਵਣ ਹੂ ।

ਨਹੀਂ ਫ਼ਕੀਰੀ ਵਹਿੰਦੀਆਂ ਨਦੀਆਂ,

ਸੁਕਿਆਂ ਪਰਾ ਲੰਘਾਵਣ ਹੂ ।

ਨਹੀਂ ਫ਼ਕੀਰੀ ਵਿਚ ਹਵਾ ਦੇ,

ਮਸੱਲਾ ਪਾ ਠਹਿਰਾਵਣ ਹੂ ।

ਨਾਮ ਫ਼ਕੀਰੀ ਤਿਨ੍ਹਾਂ ਦਾ ਬਾਹੂ,

ਦਿਲ ਵਿਚ ਦੋਸਤ ਟਿਕਾਵਣ ਹੂ ।

157

ਨੂਨ-ਨਾ ਮੈਂ ਸੁੰਨੀ ਨਾ ਮੈਂ ਸ਼ੀਆ

ਨੂਨ-ਨਾ ਮੈਂ ਸੁੰਨੀ ਨਾ ਮੈਂ ਸ਼ੀਆ,

ਦੋਹਾਂ ਤੋਂ ਦਿਲ ਸੜਿਆ ਹੂ ।

ਮੁਕ ਗਏ ਸਭ ਖੁਸ਼ਕੀ ਪੈਂਡੇ,

ਜਦ ਦਰਿਆ ਰਹਿਮਤ ਵੜਿਆ ਹੂ ।

ਕਈ ਮਨਤਾਰੇ ਤਰ ਤਰ ਹਾਰੇ,

ਕੋਈ ਕਿਨਾਰੇ ਚੜ੍ਹਿਆ ਹੂ ।

ਸਹੀ ਸਲਾਮਤ ਪਾਰ ਗਏ ਬਾਹੂ,

ਜਿਨ ਮੁਰਸ਼ਦ ਦਾ ਲੜ ਫੜਿਆ ਹੂ ।

158

ਨੂਨ-ਨਾ ਮੈਂ ਸੇਰ ਨਾ ਪਾਅ ਛਟਾਕੀ

ਨੂਨ-ਨਾ ਮੈਂ ਸੇਰ ਨਾ ਪਾਅ ਛਟਾਕੀ,

ਨ ਪੂਰੀ ਸਰਸਾਹੀ ਹੂ ।

ਨ ਮੈਂ ਤੋਲਾ ਨਾ ਮੈਂ ਮਾਸਾ,

ਗੱਲ ਰੱਤੀਆਂ ਤੇ ਆਈ ਹੂ ।

ਰੱਤੀ ਹੋਵਾਂ ਰੱਤੀਆਂ ਤੁੱਲਾਂ,

ਉਹ ਵੀ ਪੂਰੀ ਨਾਹੀਂ ਹੂ ।

ਤੋਲ ਪੂਰਾ ਵੰਜ ਹੋਸੀ ਬਾਹੂ,

ਹੋਸੀ ਫ਼ਜਲ ਇਲਾਹੀ ਹੂ ।

159

ਨੂਨ-ਨੇੜੇ ਵੱਸੇ ਦੂਰ ਦਿਸੀਵੇ

ਨੂਨ-ਨੇੜੇ ਵੱਸੇ ਦੂਰ ਦਿਸੀਵੇ,

ਵਿਹੜੇ ਨਾਹੀਂ ਵੜਦੇ ਹੂ ।

ਅੰਦਰੋਂ ਢੂੰਡਣ ਵੱਲ ਨਾ ਆਇਆ,

ਬਾਹਰ ਢੂੰਡਣ ਚੜ੍ਹਦੇ ਹੂ ।

ਦੂਰ ਗਿਆਂ ਕੁਝ ਹਾਸਿਲ ਨਾਹੀਂ,

ਸ਼ੌਹ ਲੱਭੇ ਵਿਚ ਘਰ ਦੇ ਹੂ ।

ਦਿਲ ਕਰ ਸ਼ੀਸ਼ੇ ਵਾਂਗੂੰ ਬਾਹੂ,

ਦੂਰ ਥੀਵਨ ਕੁੱਲ ਪਰਦੇ ਹੂ ।

160

ਪੇ-ਪੜ੍ਹ ਪੜ੍ਹ ਇਲਮ ਮਲੂਕ ਰਿਝਾਵਨ

ਪੇ-ਪੜ੍ਹ ਪੜ੍ਹ ਇਲਮ ਮਲੂਕ ਰਿਝਾਵਨ,

ਕਿਆ ਹੋਇਆ ਇਸ ਪੜ੍ਹਿਆਂ ਹੂ ।

ਹਰਗਿਜ਼ ਮੱਖਣ ਮੂਲ ਨਾ ਆਵੇ,

ਫਿੱਟੇ ਦੁੱਧ ਦੇ ਕੜ੍ਹਿਆਂ ਹੂ ।

ਆਖ ਚੰਡੂਰਾ ਹੱਥ ਕੀ ਆਇਆ,

ਏਸ ਅੰਗੂਰੀ ਫੜਿਆਂ ਹੂ ।

ਦਿਲ ਖਸਤਾ ਰਾਜ਼ੀ ਰੱਖੀਂ ਬਾਹੂ,

ਲਈਂ ਇਬਾਦਤ ਵਰ੍ਹਿਆਂ ਹੂ ।

161

ਪੇ-ਪਾਕ ਪਲੀਤ ਨਾ ਹੁੰਦੇ ਹਰਗਿਜ਼

ਪੇ-ਪਾਕ ਪਲੀਤ ਨਾ ਹੁੰਦੇ ਹਰਗਿਜ਼,

ਜੋ ਰਹਿੰਦੇ ਵਿਚ ਪਲੀਤੀ ਹੂ ।

ਵਹਿਦਤ ਦੇ ਦਰਿਆ ਉਛੱਲੇ,

ਹਿੱਕ ਦਿਲ ਸਹੀ ਨਾ ਕੀਤੀ ਹੂ ।

ਹਿੱਕ ਬੁਤਖਾਨੇ ਵਾਸਲ ਹੋਏ,

ਹਿੱਕ ਪੜ੍ਹ ਪੜ੍ਹ ਰਹੇ ਮਸੀਤੀ ਹੂ ।

ਫਾਜ਼ਲ ਛੋਡ ਫਜ਼ੀਲਤ ਬੈਠੇ ਬਾਹੂ,

ਇਸ਼ਕ ਬਾਜ਼ੀ ਜਿਨ ਨੀਤੀ ਹੂ ।

162

ਪੇ-ਪੀਰ ਮਿਲਿਆਂ ਜੇ ਪੀੜ ਨਾ ਜਾਵੇ

ਪੇ-ਪੀਰ ਮਿਲਿਆਂ ਜੇ ਪੀੜ ਨਾ ਜਾਵੇ,

ਉਸ ਨੂੰ ਪੀਰ ਕੀ ਧਰਨਾ ਹੂ ।

ਮੁਰਸ਼ਦ ਮਿਲਿਆਂ ਅਰਸ਼ਾਦ ਨਾ ਮਨ ਨੂੰ,

ਉਹ ਮੁਰਸ਼ਦ ਕੀ ਕਰਨਾ ਹੂ ।

ਜਿਸ ਹਾਦੀ ਥੀਂ ਹਦਾਇਤ ਨਾਹੀਂ,

ਉਹ ਹਾਦੀ ਕੀ ਫੜਨਾ ਹੂ ।

ਸਿਰ ਦਿੱਤਿਆਂ ਹੱਕ ਰਾਜ਼ੀ ਹੋਵੇ ਬਾਹੂ,

ਮੌਤੋਂ ਮੂਲ ਨਾ ਡਰਨਾ ਹੂ ।

163

ਪੇ-ਪੜ੍ਹ ਪੜ੍ਹ ਆਲਮ ਕਰਨ ਤਕੱਬਰ

ਪੇ-ਪੜ੍ਹ ਪੜ੍ਹ ਆਲਮ ਕਰਨ ਤਕੱਬਰ,

ਮੁਲਾਂ ਕਰਨ ਵਡਿਆਈ ਹੂ ।

ਗਲੀਆਂ ਦੇ ਵਿਚ ਫਿਰਨ ਨਿਮਾਣੇ,

ਬਗ਼ਲ ਕਿਤਾਬਾਂ ਚਾਈ ਹੂ ।

ਜਿੱਥੇ ਵੇਖਣ ਚੰਗਾ ਚੋਖਾ,

ਪੜ੍ਹਨ ਕਲਾਮ ਸਵਾਈ ਹੂ ।

ਦੋਹੀਂ ਜਹਾਨੀ ਮੁੱਠੇ ਬਾਹੂ,

ਜਿਨ੍ਹਾਂ ਖਾਧੀ ਵੇਚ ਕਮਾਈ ਹੂ ।

164

ਪੇ-ਪੜ੍ਹ ਪੜ੍ਹ ਇਲਮ ਮਸ਼ਾਇਖ ਸਦਾਵਣ

ਪੇ-ਪੜ੍ਹ ਪੜ੍ਹ ਇਲਮ ਮਸ਼ਾਇਖ ਸਦਾਵਣ,

ਕਰਨ ਇਬਾਦਤ ਦੋਹਰੀ ਹੂ ।

ਅੰਦਰ ਝੁਗੀ ਪਈ ਲੁਟੀਵੇ,

ਤਨ ਮਨ ਖਬਰ ਨਾ ਮੋਰੀ ਹੂ ।

ਮੌਲਾ ਵਾਲੀ ਸਦਾ ਸੁਖਾਲੀ,

ਦਿਲ ਤੋਂ ਲਾਹ ਤਕੋਰੀ ਹੂ ।

ਰੱਬ ਤਿਨ੍ਹਾਂ ਨੂੰ ਹਾਸਲ ਬਾਹੂ,

ਜਿਨ੍ਹਾਂ ਜਗ ਨਾ ਕੀਤੀ ਚੋਰੀ ਹੂ ।

165

ਪੇ-ਪੜ੍ਹ ਪੜ੍ਹ ਇਲਮ ਹਜ਼ਾਰ ਕਿਤਾਬਾਂ

ਪੇ-ਪੜ੍ਹ ਪੜ੍ਹ ਇਲਮ ਹਜ਼ਾਰ ਕਿਤਾਬਾਂ,

ਆਲਮ ਹੋਏ ਭਾਰੇ ਹੂ ।

ਹਰਫ ਇਕ ਇਸ਼ਕ ਦਾ ਪੜ੍ਹ ਨਾ ਜਾਨਣ,

ਭੁਲੇ ਫਿਰਨ ਵਿਚਾਰੇ ਹੂ ।

ਇਕ ਨਿਗਾਹ ਜੇ ਆਸ਼ਕ ਵੇਖੇ,

ਲੱਖ ਹਜ਼ਾਰਾਂ ਤਾਰੇ ਹੂ ।

ਲੱਖ ਨਿਗਾਹ ਜੇ ਆਲਮ ਵੇਖੇ,

ਕਹੀਂ ਨਾ ਕਿਧਰੇ ਚਾੜ੍ਹੇ ਹੂ,

ਇਸ਼ਕ ਸ਼ਰ੍ਹਾ ਵਿਚ ਮੰਜਲ ਭਾਰੀ,

ਸੈਆਂ ਕੋਹਾਂ ਦੇ ਪਾੜੇ ਹੂ ।

ਜਿਨ੍ਹਾਂ ਇਸ਼ਕ ਖਰੀਦ ਨਾ ਕੀਤਾ ਬਾਹੂ,

ਦੋਹੀਂ ਜਹਾਨੀ ਮਾਰੇ ਹੂ ।

166

ਪੇ-ਪੰਜ ਮਹਿਲ ਪੰਜਾਂ ਵਿਚ ਚਾਨਣ

ਪੇ-ਪੰਜ ਮਹਿਲ ਪੰਜਾਂ ਵਿਚ ਚਾਨਣ,

ਦੀਵਾ ਕਿਤ ਵਲ ਧਰੀਏ ਹੂ ।

ਪੰਜੇ ਮਹਿਰ ਪੰਜੇ ਪਟਵਾਰੀ,

ਹਾਸਲ ਕਿਤਵਲ ਭਰੀਏ ਹੂ ।

ਪੰਜ ਇਮਾਮ ਤੇ ਪੰਜੇ ਕਿਬਲੇ,

ਸਜਦਾ ਕਿਤਵਲ ਕਰੀਏ ਹੂ ।

ਜੇ ਸਾਹਿਬ ਸਿਰ ਮੰਗੇ ਬਾਹੂ,

ਹਰਗਿਜ਼ ਢਿੱਲ ਨਾ ਕਰੀਏ ਹੂ ।

167

ਪੇ-ਪੜ੍ਹਿਆ ਇਲਮ ਤੇ ਵਧੀ ਮਗ਼ਰੂਰੀ

ਪੇ-ਪੜ੍ਹਿਆ ਇਲਮ ਤੇ ਵਧੀ ਮਗ਼ਰੂਰੀ,

ਅਕਲ ਭੀ ਗਿਆ ਤਲੋਹਾਂ ਹੂ ।

ਭੁੱਲਾ ਰਾਹ ਹਦਾਇਤ ਵਾਲਾ,

ਨਫ਼ਾ ਨਾ ਕੀਤਾ ਦੋਹਾਂ ਹੂ ।

ਸਿਰ ਦਿੱਤਿਆਂ ਜੇ ਸਿਰ ਹੱਥ ਆਵੇ,

ਸੌਦਾ ਹਾਰ ਨਾ ਤੋਹਾਂ ਹੂ ।

ਵੜੀਂ ਬਾਜ਼ਾਰ ਮੁਹੱਬਤ ਬਾਹੂ,

ਰਹਿਬਰ ਲੈ ਕੇ ਸੂਹਾਂ ਹੂ ।

168

ਪੇ-ਪਾਟਾ ਦਾਮਨ ਹੋਇਆ ਪੁਰਾਣਾ

ਪੇ-ਪਾਟਾ ਦਾਮਨ ਹੋਇਆ ਪੁਰਾਣਾ,

ਕਿਚਰਕ ਸੀਵੇ ਦਰਜ਼ੀ ਹੂ ।

ਹਾਲ ਦਾ ਮਹਿਰਮ ਕੋਈ ਨਾ ਮਿਲਿਆ,

ਜੋ ਮਿਲਿਆ ਸੋ ਗਰਜ਼ੀ ਹੂ ।

ਬਾਝ ਮੁਰੱਬੀ ਕਿਸੇ ਨਾ ਲੱਧੀ,

ਗੁੱਝੀ ਰਮਜ਼ ਅੰਦਰ ਦੀ ਹੂ ।

ਓਸੇ ਰਾਹ ਵਲ ਜਾਈਏ ਬਾਹੂ,

ਜਿਸ ਥੀਂ ਖ਼ਲਕਤ ਡਰਦੀ ਹੂ ।

169

ਰੇ-ਰਾਹ ਫ਼ਕਰ ਦਾ ਪਰੇ ਪਰੇਰੇ

ਰੇ-ਰਾਹ ਫ਼ਕਰ ਦਾ ਪਰੇ ਪਰੇਰੇ,

ਓੜਕ ਕੋਈ ਨਾ ਦਿੱਸੇ ਹੂ ।

ਨਾ ਉਥੇ ਪੜ੍ਹਣ ਪੜ੍ਹਾਵਣ ਕੋਈ,

ਨਾ ਉਥੇ ਮਸਲੇ ਕਿੱਸੇ ਹੂ ।

ਇਹ ਦੁਨੀਆਂ ਹੈ ਬੁੱਤ-ਪ੍ਰਸਤੀ,

ਮਤ ਕੋਈ ਇਸ ਤੇ ਵਿੱਸੇ ਹੂ ।

ਮੌਤ ਫ਼ਕੀਰੀ ਜੈਂ ਸਿਰ ਬਾਹੂ,

ਮਾਅਲਮ ਥੀਵੇ ਤਿੱਸੇ ਹੂ ।

170

ਰੇ-ਰਾਤੀਂ ਖਾਬ ਨਾ ਉਨ੍ਹਾਂ

ਰੇ-ਰਾਤੀਂ ਖਾਬ ਨਾ ਉਨ੍ਹਾਂ,

ਜੇਹੜੇ ਅੱਲਾ ਵਾਲੇ ਹੂ ।

ਬਾਗ਼ਾਂ ਵਾਲੇ ਬੂਟੇ ਵਾਂਗੂੰ,

ਤਾਲਿਬ ਨਿੱਤ ਸੰਭਾਲੇ ਹੂ ।

ਨਾਲ ਨਜ਼ਾਰੇ ਰਹਿਮਤ ਵਾਲੇ,

ਖੜ੍ਹਾ ਹਜ਼ੂਰੋਂ ਪਾਲੇ ਹੂ ।

ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ,

ਜੋ ਖੜ੍ਹਾ ਹੇਠਾਂ ਯਾਰ ਵਖਾਲੇ ਹੂ ।

171

ਰੇ-ਰਾਤੀਂ ਰੱਤੀ ਨੀਂਦ ਨਾ ਆਵੇ

ਰੇ-ਰਾਤੀਂ ਰੱਤੀ ਨੀਂਦ ਨਾ ਆਵੇ,

ਦਿਹਾਂ ਰਹੇ ਹੈਰਾਨੀ ਹੂ ।

ਆਰਿਫ਼ ਦੀ ਗੱਲ ਆਰਿਫ਼ ਜਾਣੇ,

ਕਿਆ ਜਾਣੇ ਨਫ਼ਸਾਨੀ ਹੂ ।

ਕਰ ਇਬਾਦਤ ਪਛੋਤਾਸੇਂ,

ਜ਼ਾਇਆ ਗਈ ਜਵਾਨੀ ਹੂ ।

ਹੱਕ ਹਜ਼ੂਰ ਤਿਨ੍ਹਾਂ ਨੂੰ ਬਾਹੂ,

ਜਿਨ੍ਹਾਂ ਮਿਲਿਆ ਪੀਰ ਜਿਲਾਨੀ ਹੂ ।

172

ਰੇ-ਰੋਜ਼ੇ ਨਫਲ ਨਮਾਜ਼ਾਂ ਤਕਵਾ

ਰੇ-ਰੋਜ਼ੇ ਨਫਲ ਨਮਾਜ਼ਾਂ ਤਕਵਾ,

ਸੱਭੇ ਕੰਮ ਹੈਰਾਨੀ ਹੂ ।

ਏਨੀ ਗੱਲੀਂ ਰੱਬ ਹਾਸਿਲ ਨਾਹੀਂ,

ਖੁਦ ਖਵਾਨੀ ਖੁਦ ਦਾਨੀ ਹੂ ।

ਕਦੀਮ ਹਮੇਸ਼ ਜਲੇਂਦਾ ਮਿਲਿਓ,

ਮਿਲਿਓਸੁ ਯਾਰ ਨਾ ਜਾਨੀ ਹੂ ।

ਵਿਰਦ ਵਜੀਫੇ ਥੀਂ ਛੁੱਟ ਰਹਿਸੀ,

ਬਾਹੂ ਹੋਸੀ ਜਦ ਫਾਨੀ ਹੂ ।

173

ਰੇ-ਰਹਿਮਤ ਉਸ ਘਰ ਵਿਚ ਵੱਸੇ

ਰੇ-ਰਹਿਮਤ ਉਸ ਘਰ ਵਿਚ ਵੱਸੇ,

ਜਿਥੇ ਬਲਦੇ ਦੀਵੇ ਹੂ ।

ਇਸ਼ਕ ਹਵਾਈ ਚੜ੍ਹ ਗਈ ਫ਼ਲਕੀਂ,

ਕਿਥੇ ਜਹਾਜ਼ ਘਤੀਵੇ ਹੂ ।

ਅਕਲ ਫ਼ਿਕਰ ਦੀ ਬੇੜੀ ਨੂੰ ਚਾ,

ਪਹਿਲੇ ਪੂਰ ਬੁਡੀਵੇ ਹੂ ।

ਹਰ ਜਾ ਜਾਨੀ ਦਿੱਸੇ ਬਾਹੂ,

ਜਿਤ ਵਲ ਨਜ਼ਰ ਕਚੀਵੇ ਹੂ ।

174

ਰੇ-ਰਾਤੀਂ ਨੈਣ ਰੱਤ ਹੰਝੂ ਰੋਵਣ

ਰੇ-ਰਾਤੀਂ ਨੈਣ ਰੱਤ ਹੰਝੂ ਰੋਵਣ,

ਦੇਹਾਂ ਗ਼ਮਜ਼ਾ ਗ਼ਮ ਦਾ ਹੂ ।

ਪੜ੍ਹ ਤੌਹੀਦ ਵੜਿਆ ਤਨ ਅੰਦਰ,

ਸੁਖ ਆਰਾਮ ਨਾ ਦਮ ਦਾ ਹੂ ।

ਸਿਰ ਸੂਲੀ ਤੇ ਚਾ ਟੰਗਿਓ ਨੇ,

ਏਹੋ ਰਾਜ਼ ਪਰਮ ਦਾ ਹੂ ।

ਸਿੱਧਾ ਹੋ ਕੋਹੀਵੇ ਬਾਹੂ,

ਕਤਰਾ ਰਹੇ ਨਾ ਗ਼ਮ ਦਾ ਹੂ ।

175

ਰੇ-ਰਾਤ ਹਨੇਰੀ ਕਾਲੀ ਦੇ ਵਿਚ

ਰੇ-ਰਾਤ ਹਨੇਰੀ ਕਾਲੀ ਦੇ ਵਿਚ,

ਇਸ਼ਕ ਚਰਾਗ ਜਲਾਂਦਾ ਹੂ ।

ਜੈਂਦੀ ਸਿੱਕ ਕਨੋ ਦਿਲ ਨੀਵੇਂ,

ਨਹੀਂ ਆਵਾਜ਼ ਸੁਣਾਂਦਾ ਹੂ ।

ਔਝੜ ਝੱਲ ਤੇ ਮਾਰੂ ਬੇਲੇ,

ਦਮ ਦਮ ਖੌਫ ਸ਼ੀਹਾਂ ਦਾ ਹੂ ।

ਜਲ ਥਲ ਜੰਗਲ ਝਗੇਂਦੇ ਬਾਹੂ,

ਕਾਮਿਲ ਨੇਹੁੰ ਜਿਨ੍ਹਾਂ ਦਾ ਹੂ ।

176

ਰੇ-ਰਾਹ ਫ਼ਕਰ ਦਾ ਤਦ ਲਧੋਸੀ

ਰੇ-ਰਾਹ ਫ਼ਕਰ ਦਾ ਤਦ ਲਧੋਸੀ,

ਜਦ ਹੱਥ ਫੜਿਓਸੁ ਕਾਸਾ ਹੂ ।

ਤਰਕ ਦੁਨੀਆਂ ਤੋਂ ਤਦਾਂ ਥੀਵਸੇਂ,

ਜਦ ਫ਼ਕਰ ਮਿਲਿਓਸੁ ਖਾਸਾ ਹੂ ।

ਦਰਿਆ ਵਹਦਤ ਦਾ ਨੋਸ਼ ਕੀਤੋਸੁ,

ਅਜਾਂ ਭੀ ਜੀ ਪਿਆਸਾ ਹੂ ।

ਰਾਹ ਫ਼ਕੀਰੀ ਰੱਤ ਰੋਵਣ ਬਾਹੂ,

ਲੋਕਾਂ ਭਾਣੇ ਹਾਸਾ ਹੂ ।

177

ਸੇ-ਸਾਬਤ ਸਿਦਕ ਤੇ ਕਦਮ ਅਗਾਹਾਂ

ਸੇ-ਸਾਬਤ ਸਿਦਕ ਤੇ ਕਦਮ ਅਗਾਹਾਂ,

ਤਾਂਹੀ ਰੱਬ ਲਭੀਵੇ ਹੂ ।

ਲੂੰ ਲੂੰ ਦੇ ਵਿਚ ਜ਼ਿਕਰ ਅੱਲਾ ਦਾ,

ਹਰਦਮ ਪਿਆ ਪੜ੍ਹੀਵੇ ਹੂ ।

ਜਾਹਰ ਬਾਤਨ ਐਨ ਇਆਨੀ,

ਹੂ ਹੂ ਪਿਆ ਦਿਸੀਵੇ ਹੂ ।

ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ,

ਕਬਰ ਜਿਨ੍ਹਾਂ ਦੀ ਜੀਵੇ ਹੂ ।

178

ਸੇ-ਸਾਬਤ ਇਸ਼ਕ ਤਿਨ੍ਹਾਂ ਨੇ ਲੱਧਾ

ਸੇ-ਸਾਬਤ ਇਸ਼ਕ ਤਿਨ੍ਹਾਂ ਨੇ ਲੱਧਾ,

ਜਿਨ੍ਹਾਂ ਤਰੱਟੀ ਚੌੜ ਚਾ ਕੀਤੀ ਹੂ ।

ਨਾ ਓਹ ਸੂਫ਼ੀ ਨਾ ਓਹ ਭੰਗੀ,

ਨਾ ਸਜਦਾ ਕਰਨ ਮਸੀਤੀਂ ਹੂ ।

ਖਾਲਸ ਨੀਲ ਪੁਰਾਣੇ ਉਤੇ,

ਨਹੀਂ ਚੜ੍ਹਦਾ ਰੰਗ ਮਜੀਠੀ ਹੂ ।

ਕਾਜ਼ੀ ਆਣ ਸ਼ਰਹ ਵਲ ਬਾਹੂ,

ਕਦੇ ਇਸ਼ਕ ਨਮਾਜ਼ ਨਾ ਕੀਤੀ ਹੂ ।

179

ਸੀਨ-ਸੋਜ਼ ਕਨੋਂ ਤਨ ਸੜਿਆ ਸਾਰਾ

ਸੀਨ-ਸੋਜ਼ ਕਨੋਂ ਤਨ ਸੜਿਆ ਸਾਰਾ,

ਦੁਖਾਂ ਡੇਰੇ ਲਾਏ ਹੂ ।

ਕੋਇਲ ਵਾਂਗ ਕੂਕੇਂਦੀ ਵੱਤਾਂ,

ਮੌਲਾ ਮੀਂਹ ਵਸਾਏ ਹੂ ।

ਬੋਲ ਪਪੀਹਿਆ ਸਾਵਣ ਆਇਆ,

ਵੰਜੇ ਨਾ ਦਿਨ ਅਜਾਏਂ ਹੂ ।

ਸਾਬਤ ਸਿਦਕ ਤੇ ਕਦਮ ਅਗਾਹਾਂ ਬਾਹੂ,

ਇਹ ਗੱਲ ਯਾਰ ਮਿਲਾਏ ਹੂ ।

180

ਸੀਨ-ਸੈ ਰੋਜ਼ੇ ਸੈ ਨਫਲ ਨਮਾਜ਼ਾਂ

ਸੀਨ-ਸੈ ਰੋਜ਼ੇ ਸੈ ਨਫਲ ਨਮਾਜ਼ਾਂ,

ਸੈ ਸਿਜਦੇ ਕਰ ਥੱਕੇ ਹੂ ।

ਸੈ ਵਾਰੀ ਮੱਕੇ ਹੱਜ ਗੁਜ਼ਾਰਾਂ,

ਦਿਲ ਦੀ ਦੌੜ ਨਾ ਮੁੱਕੇ ਹੂ ।

ਚਿਲ੍ਹੇ ਚਲੀਏ ਜੰਗਲ ਭੌਣਾ,

ਗੱਲ ਨਾ ਇਸ ਥੀਂ ਪੱਕੇ ਹੂ ।

ਸੱਭ ਮਤਲਬ ਹਾਸਲ ਹੁੰਦੇ ਬਾਹੂ,

ਜਦ ਪੀਰ ਨਜ਼ਰ ਇਕ ਤੱਕੇ ਹੂ ।

181

ਸੀਨ-ਸਬਕ ਸਫ਼ਾਈ ਸੋਈ ਪੜ੍ਹਦੇ

ਸੀਨ-ਸਬਕ ਸਫ਼ਾਈ ਸੋਈ ਪੜ੍ਹਦੇ,

ਜੋ ਵਤ ਹੀਣੇ ਜ਼ਾਤੀ ਹੂ ।

ਇਲਮੋਂ ਇਲਮ ਉਨ੍ਹਾਂ ਨੂੰ ਹੋਇਆ,

ਅਸਲੀ ਤੇ ਅਸਬਾਤੀ ਹੂ ।

ਨਾਲ ਮੁਹੱਬਤ ਨਫਸ ਕੁਠੋ ਨੇ,

ਕੱਢ ਕਜ਼ਾ ਦੀ ਕਾਤੀ ਹੂ ।

ਬਹਰਾ ਖਾਸ ਉਨ੍ਹਾਂ ਨੂੰ ਬਾਹੂ,

ਜਿਨ੍ਹਾਂ ਲੱਧਾ ਆਬ-ਹਯਾਤੀ ਹੂ ।

182

ਸੀਨ-ਸਭ ਤਾਰੀਫਾਂ ਕੋਈ ਬਸ਼ਰ ਕਰਦੇ

ਸੀਨ-ਸਭ ਤਾਰੀਫਾਂ ਕੋਈ ਬਸ਼ਰ ਕਰਦੇ,

ਕਾਰਨ ਦਰਦ ਬਹਰ ਦੇ ਹੂ ।

ਸ਼ਸ਼ ਫ਼ਲਕ ਤੇ ਸ਼ਸ਼ ਜ਼ਮੀਨਾਂ,

ਸ਼ਸ਼ ਪਾਣੀ ਤੇ ਤਰਦੇ ਹੂ ।

ਛਿਆਂ ਹਰਫ਼ਾਂ ਦੇ ਸੁਖਨ ਅਠਾਰਾਂ,

ਉਥੇ ਰੋ ਰੋ ਮਾਅਨੇ ਧਰਦੇ ਹੂ ।

ਪਰ ਬਾਹੂ ਹੱਕ ਪਛਾਣਿਓ ਨਾਹੀਂ,

ਪਹਿਲੇ ਹਰਫ਼ ਸਤਰ ਦੇ ਹੂ ।

183

ਸੀਨ-ਸੁਣ ਫਰਿਆਦ ਪੀਰਾਂ ਦਿਆ ਪੀਰਾ

ਸੀਨ-ਸੁਣ ਫਰਿਆਦ ਪੀਰਾਂ ਦਿਆ ਪੀਰਾ,

ਮੈਂ ਆਖ ਸੁਣਾਵਾਂ ਕੈਨੂੰ ਹੂ ।

ਤੇਰੇ ਜਿਹਾ ਮੈਨੂੰ ਹੋਰ ਨਾ ਕੋਈ,

ਮੈਂ ਜੇਹੀਆਂ ਲੱਖ ਤੈਨੂੰ ਹੂ ।

ਫੋਲ ਨਾ ਕਾਗਜ਼ ਬਦੀਆਂ ਵਾਲੇ,

ਦਰ ਤੋਂ ਧੱਕ ਨਾ ਮੈਨੂੰ ਹੂ ।

ਮੈਂ ਵਿਚ ਐਡ ਗੁਨਾਹ ਨਾ ਹੁੰਦੇ ਬਾਹੂ,

ਤੂੰ ਬਖਸ਼ੈਂਦੋਂ ਕੈਨੂੰ ਹੂ ।

184

ਸੀਨ-ਸੁਣ ਫਰਿਆਦ ਪੀਰਾਂ ਦਿਆ ਪੀਰਾ

ਸੀਨ-ਸੁਣ ਫਰਿਆਦ ਪੀਰਾਂ ਦਿਆ ਪੀਰਾ,

ਅਰਜ਼ ਸੁਣੀਂ ਕੰਨ ਧਰਕੇ ਹੂ ।

ਬੇੜਾ ਅੜਿਆ ਵਿਚ ਕਪਰਾਂ ਦੇ,

ਜਿੱਥੇ ਮੱਛ ਨਾ ਬਹਿੰਦੇ ਡਰਕੇ ਹੂ ।

ਸ਼ਾਹ ਜਿਲਾਨੀ ਮਹਿਬੂਬ ਸੁਬ੍ਹਾਨੀ,

ਖਬਰ ਲਿਓ ਝੱਟ ਕਰਕੇ ਹੂ ।

ਪੀਰ ਜਿਨ੍ਹਾਂ ਦਾ ਮੀਰਾਂ ਬਾਹੂ,

ਸੋਈ ਕੰਧੀ ਲਗਦੇ ਤਰਕੇ ਹੂ ।

185

ਸੀਨ-ਸੈ ਹਜ਼ਾਰ ਤਿਨ੍ਹਾਂ ਤੋਂ ਸਦਕੇ

ਸੀਨ-ਸੈ ਹਜ਼ਾਰ ਤਿਨ੍ਹਾਂ ਤੋਂ ਸਦਕੇ,

ਜੋ ਨਾ ਬੋਲਣ ਫਿੱਕਾ ਹੂ ।

ਲੱਖ ਹਜ਼ਾਰ ਤਿਨ੍ਹਾਂ ਤੋਂ ਸਦਕੇ,

ਜੋ ਗੱਲ ਕਰਦੇ ਹਿੱਕਾ ਹੂ ।

ਲੱਖ ਕਰੋੜ ਤਿਨ੍ਹਾਂ ਤੋਂ ਸਦਕੇ,

ਨਫਸ ਰਖੇਂਦੇ ਝਿੱਕਾ ਹੂ ।

ਨੀਲ ਪਦਮ ਤਿਨ੍ਹਾਂ ਤੋਂ ਸਦਕੇ ਬਾਹੂ,

ਸੌਨ ਸਦਾਵਣ ਸਿੱਕਾ ਹੂ ।

186

ਸੀਨ-ਸੀਨੇ ਵਿਚ ਮੁਕਾਮ ਹੈ ਕੈਂਦਾ

ਸੀਨ-ਸੀਨੇ ਵਿਚ ਮੁਕਾਮ ਹੈ ਕੈਂਦਾ,

ਮੁਰਸ਼ਿਦ ਗੱਲ ਸਮਝਾਈ ਹੂ ।

ਏਹੋ ਸਾਹ ਜੋ ਆਵੇ ਜਾਵੇ,

ਹੋਰ ਨਹੀਂ ਸ਼ੈ ਕਾਈ ਹੂ ।

ਇਸਨੂੰ ਇਸਮ ਅਲ ਆਜ਼ਮ ਆਖਣ,

ਏਹੋ ਸਿਰ ਇਲਾਹੀ ਹੂ ।

ਏਹੋ ਮੌਤ ਹਯਾਤੀ ਬਾਹੂ,

ਏਹੋ ਭੇਤ ਇਲਾਹੀ ਹੂ ।

187

ਸ਼ੀਨ-ਸ਼ਹਿਰ ਤੇ ਰਹਿਮਤ ਵੱਸੇ

ਸ਼ੀਨ-ਸ਼ਹਿਰ ਤੇ ਰਹਿਮਤ ਵੱਸੇ,

ਜਿੱਥੇ ਬਾਹੂ ਦਿਨ ਜਾਲੇ ਹੂ ।

ਬਾਗਬਾਨ ਦੇ ਬੂਟੇ ਵਾਂਗੂੰ,

ਤਾਲਿਬ ਨਿਤ ਸੰਭਾਲੇ ਹੂ ।

ਨਾਲ ਨਜ਼ਾਰੇ ਰਹਿਮਤ ਵਾਲੇ,

ਖੜਾ ਹਜ਼ੂਰੋਂ ਪਾਲੇ ਹੂ ।

ਨਾਮ ਫ਼ਕੀਰ ਤਿਸੇ ਦਾ ਬਾਹੂ,

ਜੇੜ੍ਹਾ ਘਰ ਵਿਚ ਯਾਰ ਵਿਖਾਲੇ ਹੂ ।

188

ਸੁਆਦ-ਸਿਫਤ ਸਨਾਈਂ ਮੂਲ ਨਾ ਪੜ੍ਹਦੇ

ਸੁਆਦ-ਸਿਫਤ ਸਨਾਈਂ ਮੂਲ ਨਾ ਪੜ੍ਹਦੇ,

ਜੇੜ੍ਹੇ ਪਹੁਤੇ ਜ਼ਾਤੀ ਹੂ ।

ਇਲਮੋਂ ਅਮਲ ਉਨ੍ਹਾਂ ਵਿਚ ਹੋਵੇ,

ਅਸਲੀ ਤੇ ਅਸਬਾਤੀ ਹੂ ।

ਨਾਲ ਮੁਹੱਬਤ ਨਫਸ ਕੁਠੋ ਨੇ,

ਘਿਨ ਰਜ਼ਾ ਦੀ ਕਾਤੀ ਹੂ ।

ਚੌਦਾਂ ਤਬਕਾਂ ਦਿਲ ਵਿਚ ਬਾਹੂ,

ਪਾ ਅੰਦਰ ਦੀ ਝਾਤੀ ਹੂ ।

189

ਸੁਆਦ-ਸੂਰਤ ਨਫਸ ਅੰਮਾਰੇ ਦੀ

ਸੁਆਦ-ਸੂਰਤ ਨਫਸ ਅੰਮਾਰੇ ਦੀ,

ਕੋਈ ਕੁੱਤਾ ਗੁੱਲਰ ਕਾਲਾ ਹੂ ।

ਕੂਕੇ ਨੂਕੇ ਲਹੂ ਪੀਵੇ,

ਮੰਗੇ ਚਰਬ ਨਿਵਾਲਾ ਹੂ ।

ਖੱਬੇ ਪਾਸਿਓਂ ਅੰਦਰ ਬੈਠਾ,

ਦਿਲ ਦੇ ਨਾਲ ਸੰਭਾਲਾ ਹੂ ।

ਇਹ ਬਦ ਬਖ਼ਤ ਹੈ ਭੁੱਖਾ ਬਾਹੂ,

ਅੱਲਾ ਕਰਸੀ ਟਾਲਾ ਹੂ ।

190

ਤੇ-ਤਰਕ ਦੁਨੀਆਂ ਦੀ ਤਾਈਂ ਹੋਸੀ

ਤੇ-ਤਰਕ ਦੁਨੀਆਂ ਦੀ ਤਾਈਂ ਹੋਸੀ,

ਜਦ ਫ਼ਕਰ ਮਿਲੇਸੀ ਖਾਸਾ ਹੂ ।

ਤਾਰਕ ਦੁਨੀਆਂ ਤਾਈਂ ਹੋਹੀ,

ਜਦ ਹੱਥ ਪਕੜੇਸੀ ਕਾਸਾ ਹੂ ।

ਦਰਿਆ ਵਹਦਤ ਨੋਸ਼ ਕੀਤੋਸੇ,

ਅਜਾਂ ਭੀ ਜੀ ਪਿਆਸਾ ਹੂ ।

ਰਾਹ ਫ਼ਕਰ ਰੱਤ ਹੰਝੂ ਰੋਵਨ ਬਾਹੂ,

ਲੋਕਾਂ ਭਾਣੇ ਹਾਸਾ ਹੂ ।

191

ਤੇ-ਤੁਲ੍ਹਾ ਬੰਨ੍ਹ ਤਵੱਕਲ ਵਾਲਾ

ਤੇ-ਤੁਲ੍ਹਾ ਬੰਨ੍ਹ ਤਵੱਕਲ ਵਾਲਾ,

ਥੀ ਮਰਦਾਨਾ ਤਰੀਏ ਹੂ ।

ਜਿਸ ਦੁਖ ਥੀਂ ਸੁਖ ਹਾਸਲ ਹੋਵੇ,

ਉਸ ਦੁਖ ਥੀਂ ਨਾ ਡਰੀਏ ਹੂ ।

'ਇਨ ਮ 'ਅਲ' ਉਸਰ ਯਸਰਾ' ਆਇਆ,

ਚਿੱਤ ਓਸੇ ਵੱਲ ਧਰੀਏ ਹੂ ।

ਬੇਪਰਵਾਹ ਦਰਗਾਹ ਉਹ ਬਾਹੂ,

ਰੋ ਰੋ ਹਾਸਿਲ ਭਰੀਏ ਹੂ ।

192

ਤੇ-ਤੋੜੇ ਤੰਗ ਪੁਰਾਣੇ ਹੋਵਣ

ਤੇ-ਤੋੜੇ ਤੰਗ ਪੁਰਾਣੇ ਹੋਵਣ,

ਗੁਝੇ ਰਹਿਣ ਨਾ ਤਾਜ਼ੀ ਹੂ ।

ਮਾਰ ਨਕਾਰਾ ਦਿਲ ਵਿਚ ਵੜਿਆ,

ਖੇਡ ਗਿਆ ਇਕ ਬਾਜ਼ੀ ਹੂ ।

ਮਾਰ ਦਿਲਾਂ ਨੂੰ ਜੋਲ ਦਿਤੋ ਨੇ,

ਜਦ ਤੱਕੇ ਨੈਣ ਨਿਆਜ਼ੀ ਹੂ ।

ਉਨ੍ਹਾਂ ਨਾਲ ਕੀ ਥੀਆ ਬਾਹੂ,

ਜਿਨ੍ਹਾਂ ਯਾਰ ਨਾ ਰੱਖਿਆ ਰਾਜ਼ੀ ਹੂ ।

193

ਤੇ-ਤਨ ਮੈਂ ਯਾਰ ਦਾ ਸ਼ਹਿਰ ਬਣਾਇਆ

ਤੇ-ਤਨ ਮੈਂ ਯਾਰ ਦਾ ਸ਼ਹਿਰ ਬਣਾਇਆ,

ਦਿਲ ਵਿਚ ਖਾਸ ਮਹੱਲਾ ਹੂ ।

ਆਣ ਅਲਿਫ਼ ਦਿਲ ਵਸੋਂ ਕੀਤੀ,

ਮੇਰੀ ਹੋਈ ਖ਼ੂਬ ਤਸੱਲਾ ਹੂ ।

ਸਭ ਕੁਝ ਮੈਨੂੰ ਪਿਆ ਸੁਣੀਵੇ,

ਜੋ ਬੋਲੇ ਸੋ ਅੱਲਾ ਹੂ ।

ਦਰਦਮੰਦਾਂ ਇਹ ਰਮਜ਼ ਪਛਾਤੀ ਬਾਹੂ,

ਬੇਦਰਦਾਂ ਸਿਰ ਖੱਲਾ ਹੂ ।

194

ਤੇ-ਤਸਬੀਹ ਦਾ ਤੂੰ ਕਸਬੀ ਹੋਇਓਂ

ਤੇ-ਤਸਬੀਹ ਦਾ ਤੂੰ ਕਸਬੀ ਹੋਇਓਂ,

ਮਾਰੇਂ ਦੰਮ ਵਲੀਆਂ ਹੂ ।

ਦਿਲ ਦਾ ਮਣਕਾ ਇਕ ਨਾ ਫੇਰੇਂ,

ਗਲ ਪਾਏ ਪੰਜ ਵੀਹਾਂ ਹੂ ।

ਦੇਣ ਗਿਆਂ ਗਲ ਘੋਟੂ ਆਵੇ,

ਲੈਣ ਗਿਆਂ ਝੁਟ ਸ਼ੀਹਾਂ ਹੂ ।

ਪੱਥਰ ਚਿੱਤ ਜਿਨ੍ਹਾਂ ਦੇ ਬਾਹੂ,

ਓਥੇ ਜ਼ਾਇਆ ਵਸਣਾ ਮੀਂਹਾਂ ਹੂ ।

195

ਤੇ-ਤੂੰ ਤਾਂ ਜਾਗ ਨਾ ਜਾਗ ਫ਼ਕੀਰਾ

ਤੇ-ਤੂੰ ਤਾਂ ਜਾਗ ਨਾ ਜਾਗ ਫ਼ਕੀਰਾ,

ਅੰਤ ਨੂੰ ਲੋੜ ਜਗਾਇਆ ਹੂ,

ਅਖੀਂ ਮੀਟਿਆਂ ਨਾ ਦਿਲ ਜਾਗੇ,

ਜਾਗੇ ਮਤਲਬ ਪਾਇਆ ਹੂ ।

ਇਹ ਨੁਕਤਾ ਜਦ ਪੁਖਤਾ ਕੀਤਾ,

ਜ਼ਾਹਰ ਆਖ ਸੁਣਾਇਆ ਹੂ ।

ਮੈਂ ਤਾਂ ਭੁੱਲੀ ਵੈਂਦੀ ਬਾਹੂ,

ਮੁਰਸ਼ਿਦ ਰਾਹ ਵਿਖਾਇਆ ਹੂ ।

196

ਤੇ-ਤਦੋਂ ਫ਼ਕੀਰ ਸ਼ਿਤਾਬੀ ਬਣਦਾ

ਤੇ-ਤਦੋਂ ਫ਼ਕੀਰ ਸ਼ਿਤਾਬੀ ਬਣਦਾ,

ਜਦ ਜਾਨ ਇਸ਼ਕ ਵਿਚ ਹਾਰੇ ਹੂ ।

ਆਸ਼ਿਕ ਸ਼ੀਸ਼ਾ ਤੇ ਨਫਸ ਮੁਰੱਬੀ,

ਜਾਨ ਜਾਨਾਂ ਤੋਂ ਵਾਰੇ ਹੂ ।

ਖ਼ੁਦ-ਨਫ਼ਸੀ ਛੱਡ ਹਸਤੀ ਝੇੜੇ,

ਲਾਹ ਸਿਰੋਂ ਸਭ ਭਾਰੇ ਹੂ ।

ਮੋਇਆਂ ਬਾਝ ਨਹੀਂ ਹਾਸਲ ਬਾਹੂ,

ਸੈ ਸੈ ਸਾਂਗ ਉਤਾਰੇ ਹੂ ।

197

ਤੇ-ਤਸਬੀਹ ਫੇਰੀ ਦਿਲ ਨਾ ਫਿਰਿਆ

ਤੇ-ਤਸਬੀਹ ਫੇਰੀ ਦਿਲ ਨਾ ਫਿਰਿਆ,

ਕੀ ਲੈਣਾ ਇਸ ਫੜ ਕੇ ਹੂ ।

ਪੜ੍ਹਿਆ ਇਲਮ ਅਦਬ ਨਾ ਸਿਖਿਆ,

ਕੀ ਲੈਣਾ ਇਸ ਪੜ੍ਹ ਕੇ ਹੂ ।

ਚਿੱਲਾ ਕੱਟਿਆ ਕੁਝ ਨਾ ਖੱਟਿਆ,

ਕੀ ਲਿਆ ਚਿੱਲੇ ਵੜ ਕੇ ਹੂ ।

ਜਾਗ ਬਿਨਾਂ ਦੁੱਧ ਜੰਮਦੇ ਨਾ ਬਾਹੂ,

ਲਾਲ ਹੋਵਣ ਕੜ੍ਹ ਕੜ੍ਹ ਕੇ ਹੂ ।

198

ਤੋਏ-ਤਾਲਿਬ ਗੌਸ ਅਲ ਆਜ਼ਮ ਵਾਲੇ

ਤੋਏ-ਤਾਲਿਬ ਗੌਸ ਅਲ ਆਜ਼ਮ ਵਾਲੇ,

ਕਦੇ ਨਾ ਹੋਵਣ ਮਾਂਦੇ ਹੂ ।

ਜੈਂਦੇ ਅੰਦਰ ਇਸ਼ਕ ਦੀ ਰੱਤੀ,

ਰਹਿਣ ਸਦਾ ਕੁਰਲਾਂਦੇ ਹੂ ।

ਜੈਨੂੰ ਸ਼ੌਕ ਮਿਲਣ ਦਾ ਹੋਵੇ,

ਲੈ ਖ਼ੁਸ਼ੀਆਂ ਨਿਤ ਆਂਦੇ ਹੂ ।

ਦੋਵੇਂ ਜੱਗ ਨਸੀਬ ਉਨ੍ਹਾਂ ਬਾਹੂ,

ਜਿਹੜੇ ਜ਼ਿਕਰ ਕਮਾਂਦੇ ਹੂ ।

199

ਤੋਏ-ਤਾਲਿਬ ਬਣ ਕੇ ਤਾਲਿਬ ਹੋਏਂ

ਤੋਏ-ਤਾਲਿਬ ਬਣ ਕੇ ਤਾਲਿਬ ਹੋਏਂ,

ਓਸੇ ਨੂੰ ਪਿਆ ਗਾਂਵੇਂ ਹੂ ।

ਲੜ ਸੱਚੇ ਹਾਦੀ ਦਾ ਫੜ ਕੇ,

ਓਹੋ ਤੂੰ ਹੋ ਜਾਵੇਂ ਹੂ,

ਕਲਮੇ ਦਾ ਤੂੰ ਜ਼ਿਕਰ ਕਮਾਵੇਂ,

ਕਲਮੇ ਨਾਲ ਨਹਾਵੇਂ ਹੂ ।

ਅੱਲਾ ਤੈਨੂੰ ਪਾਕ ਕਰੇਸੀ ਬਾਹੂ,

ਜੇ ਜ਼ਾਤੀ ਇਸਮ ਕਮਾਵੇਂ ਤੂੰ ।

200

ਵਾਉ-ਵਹਦਤ ਦੇ ਦਰਿਆ ਉਛੱਲੇ

ਵਾਉ-ਵਹਦਤ ਦੇ ਦਰਿਆ ਉਛੱਲੇ,

ਜਲ ਥਲ ਜੰਗਲ ਰੀਣੇ ਹੂ ।

ਇਸ਼ਕ ਦੀ ਜ਼ਾਤ ਮਨੇਂਦੀ ਨਾਹੀਂ,

ਸਾਂਗਾਂ ਝਲ ਪਤੀਣੇ ਹੂ ।

ਅੰਗ ਬਭੂਤ ਮਲੇਂਦੇ ਡਿੱਠੇ,

ਸੈ ਜੁਆਨ ਲਖੀਣੇ ਹੂ ।

ਮੈਂ ਕੁਰਬਾਨ ਤਿਨ੍ਹਾਂ ਥੋਂ ਬਾਹੂ,

ਜਿਹੜੇ ਹੋਂਦੀ ਹਿੰਮਤ ਹੀਣੇ ਹੂ ।

201

ਵਾਉ-ਵਹਦਤ ਦੇ ਦਰਿਆ ਉਛੱਲੇ

ਵਾਉ-ਵਹਦਤ ਦੇ ਦਰਿਆ ਉਛੱਲੇ,

ਹਿਕ ਦਿਲ ਸਹੀ ਨਾ ਕੀਤੀ ਹੂ ।

ਹਿੱਕ ਬੁੱਤਖਾਨੇ ਵਾਸਲ ਥੀਏ,

ਹਿੱਕ ਪੜ੍ਹ ਪੜ੍ਹ ਰਹੇ ਮਸੀਤੀ ਹੂ ।

ਫਾਜ਼ਲ ਛੱਡ ਫਜ਼ੀਲਤ ਬੈਠੇ,

ਇਸ਼ਕ ਬਾਜ਼ੀ ਜਿਨ ਲੀਤੀ ਹੂ ।

ਹਰਗਿਜ਼ ਰੱਬ ਨਾ ਮਿਲਦਾ ਬਾਹੂ,

ਜਿਨ੍ਹਾਂ ਤਰੱਟੀ ਚੌੜ ਨਾ ਕੀਤੀ ਹੂ ।

202

ਵਾਉ-ਵਹਦਤ ਦਾ ਦਰਿਆ ਇਲਾਹੀ

ਵਾਉ-ਵਹਦਤ ਦਾ ਦਰਿਆ ਇਲਾਹੀ,

ਆਸ਼ਿਕ ਲੈਂਦੇ ਤਾਰੀ ਹੂ ।

ਮਾਰਨ ਟੁਭੀਆਂ ਕੱਢਣ ਮੋਤੀ,

ਆਪੋ ਆਪਣੀ ਵਾਰੀ ਹੂ ।

ਦੁਰ ਯਤੀਮ ਲਏ ਲਿਸ਼ਕਾਰੇ,

ਜਿਉਂ ਚੰਨ ਲਾਟ ਮਾਰੀ ਹੂ ।

ਸੋ ਕਿਉਂ ਨਹੀਂ ਹਾਸਲ ਭਰਦੇ ਬਾਹੂ,

ਜਿਹੜੇ ਨੌਕਰ ਨੇ ਸਰਕਾਰੀ ਹੂ ।

203

ਵਾਉ-ਵਹਿ ਵਹਿ ਨਦੀਆਂ ਤਾਰੂ ਹੋਈਆਂ

ਵਾਉ-ਵਹਿ ਵਹਿ ਨਦੀਆਂ ਤਾਰੂ ਹੋਈਆਂ,

ਬੰਬਲ ਛੋੜੇ ਕਾਹਾਂ ਹੂ ।

ਯਾਰ ਅਸਾਡਾ ਰੰਗ ਮਹੱਲੀਂ,

ਦਰ ਤੇ ਖੜੇ ਸਿਕਾਹਾਂ ਹੂ ।

ਨਾ ਕੋਈ ਆਵੇ, ਨਾ ਕੋਈ ਜਾਵੇ,

ਕੈਂ ਹੱਥ ਲਿਖ ਮੁੰਜਾਹਾਂ ਹੂ ।

ਜੇ ਖਬਰ ਜਾਨੀ ਦੀ ਆਵੇ ਬਾਹੂ,

ਕਲੀਓਂ ਫੁੱਲ ਥੀਵਾਹਾਂ ਹੂ ।

204

ਵਾਉ-ਵੰਜਣ ਸਿਰ ਤੇ ਫਰਜ਼ ਹੈ ਮੈਨੂੰ

ਵਾਉ-ਵੰਜਣ ਸਿਰ ਤੇ ਫਰਜ਼ ਹੈ ਮੈਨੂੰ,

ਕੌਲ ਕਾਲੂ ਬਲਾ ਕਰਕੇ ਹੂ ।

ਲੋਕ ਜਾਣੇ ਮੁਤਫੱਕਰ ਹੋਈਆਂ,

ਵਿਚ ਵਹਦਤ ਦੇ ਵੜਕੇ ਹੂ ।

ਸ਼ੌਹ ਦੀਆਂ ਮਾਰਾਂ ਸ਼ੌਹ ਵੰਜ ਲਹਿਸਾਂ,

ਇਸ਼ਕ ਤੁੱਲਾ ਸਿਰ ਧਰਕੇ ਹੂ ।

ਜੀਂਵਦਿਆਂ ਸ਼ੌਹ ਕਿਸੇ ਨਾ ਪਾਇਆ ਬਾਹੂ,

ਜੈਂ ਲੱਧਾ ਤੈਂ ਮਰਕੇ ਹੂ ।

205

ਯੇ-ਯਾਰ ਯਗਾਨਾ ਮਿਲਸੀ ਤਾਂ

ਯੇ-ਯਾਰ ਯਗਾਨਾ ਮਿਲਸੀ ਤਾਂ,

ਜੇ ਸਿਰ ਦੀ ਬਾਜ਼ੀ ਲਾਏਂ ਹੂ ।

ਇਸ਼ਕ ਅੱਲਾ ਵਿਚ ਹੋ ਮਸਤਾਨਾ,

ਹੂ ਹੂ ਸਦਾ ਅਲਾਏਂ ਹੂ ।

ਨਾਲ ਤਸੱਵਰ ਇਸਮ ਅੱਲਾ ਦੇ,

ਦਮ ਨੂੰ ਕੈਦ ਲਗਾਏਂ ਹੂ ।

ਜ਼ਾਤੀ ਨਾਲ ਜੇ ਜ਼ਾਤੀ ਰਲਿਆ,

ਤਦ ਬਾਹੂ ਨਾਮ ਸਦਾਏਂ ਹੂ ।

206

ਜ਼ਾਲ-ਜ਼ਾਤੀ ਨਾਲ ਨਾ ਜ਼ਾਤੀ ਰਲਿਆ

ਜ਼ਾਲ-ਜ਼ਾਤੀ ਨਾਲ ਨਾ ਜ਼ਾਤੀ ਰਲਿਆ,

ਸੋ ਕਮਜ਼ਾਤ ਸਦੀਵੇ ਹੂ ।

ਨਫਸ ਕੁੱਤੇ ਨੂੰ ਬੰਨ੍ਹ ਕਰਾਹਾਂ,

ਕੀਮਾ ਕੀਮਾ ਕਚੀਵੇ ਹੂ ।

ਜ਼ਾਤ ਸਿਫਾਤੋਂ ਮਿਹਣਾ ਆਵੇ,

ਜ਼ਾਤੀ ਸ਼ੌਕ ਨਾ ਪੀਵੇ ਹੂ ।

ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ,

ਕਬਰ ਜਿਨ੍ਹਾਂ ਦੀ ਜੀਵੇ ਹੂ ।

207

ਜ਼ਾਲ-ਜ਼ਿਕਰ ਫ਼ਿਕਰ ਸਭ ਉਰੇ aਰੇਰੇ

ਜ਼ਾਲ-ਜ਼ਿਕਰ ਫ਼ਿਕਰ ਸਭ ਉਰੇ aਰੇਰੇ,

ਜਾਂ ਜਾਨ ਫਿਦਾ ਨਾ ਫਾਨੀ ਹੂ ।

ਫ਼ਿਦਾ ਫਾਨੀ ਤਿਨ੍ਹਾਂ ਨੂੰ ਹਾਸਿਲ,

ਜੋ ਵਸਣ ਲਾਮਕਾਨੀ ਹੂ ।

ਫ਼ਿਦਾ ਫਾਨੀ ਹਨ ਓਹੀ ਜਿਨ੍ਹਾਂ,

ਚੱਖੀ ਇਸ਼ਕ ਦੀ ਕਾਨੀ ਹੂ ।

ਬਾਹੂ ਜ਼ਿਕਰ ਸੜੇਂਦਾ ਹਰਦਮ,

ਯਾਰ ਨਾ ਮਿਲਿਆ ਜਾਨੀ ਹੂ ।

208

ਜ਼ਾਲ-ਜ਼ਿਕਰ ਕਨੋਂ ਕਰ ਫ਼ਿਕਰ ਹਮੇਸ਼ਾ

ਜ਼ਾਲ-ਜ਼ਿਕਰ ਕਨੋਂ ਕਰ ਫ਼ਿਕਰ ਹਮੇਸ਼ਾ,

ਇਹ ਲਫਜ਼ ਤਿਖਾ ਤਲਵਾਰੋਂ ਹੂ ।

ਕੱਢਣ ਆਹੀਂ ਜਾਨ ਜਲਾਵਣ,

ਫ਼ਿਕਰ ਕਰਨ ਅਸਰਾਰੋਂ ਹੂ ।

ਫਿਕਰ ਦਾ ਫਟਿਆ ਕੋਈ ਨਾ ਜੀਵੇ,

ਪੁੱਟੇ ਮੁੱਢ ਪਹਾੜੋਂ ਹੂ ।

ਹੱਕ ਦਾ ਕਲਮਾ ਆਖੀਂ ਬਾਹੂ,

ਰੱਬ ਰੱਖੇ ਫਿਕਰ ਦੀ ਮਾਰੋਂ ਹੂ ।

209

ਜ਼ੇ-ਜ਼ਾਹਦ ਜ਼ੁਹਦ ਕਮਾਂਦੇ ਥੱਕੇ

ਜ਼ੇ-ਜ਼ਾਹਦ ਜ਼ੁਹਦ ਕਮਾਂਦੇ ਥੱਕੇ,

ਰੋਜ਼ੇ ਨਫਲ ਨਮਾਜ਼ਾਂ ਹੂ ।

ਆਸ਼ਿਕ ਗ਼ਰਕ ਹੋਏ ਵਿਚ ਵਹਦਤ,

ਨਾਲ ਮੁਹੱਬਤ ਰਾਜ਼ਾਂ ਹੂ ।

ਮੱਖੀ ਕੈਦ ਸ਼ਹਿਦ ਵਿਚ ਹੋਈ,

ਕੀ ਉਡਸੀ ਨਾਲ ਸ਼ਾਹਬਾਜ਼ਾਂ ਹੂ ।

ਜਿਨ੍ਹਾਂ ਮਜਲਸ ਨਾਲ ਨਬੀ ਦੇ ਬਾਹੂ,

ਉਹ ਸਾਹਿਬ ਨਾਜ਼ ਨਵਾਜ਼ਾਂ ਹੂ ।

210

ਜ਼ੇ-ਜ਼ਬਾਨੀ ਕਲਮਾ ਹਰ ਕੋਈ ਪੜ੍ਹਦਾ

ਜ਼ੇ-ਜ਼ਬਾਨੀ ਕਲਮਾ ਹਰ ਕੋਈ ਪੜ੍ਹਦਾ,

ਦਿਲ ਦਾ ਪੜ੍ਹਦਾ ਕੋਈ ਹੂ ।

ਜਿਨ੍ਹਾਂ ਕਲਮਾ ਦਿਲ ਦਾ ਪੜ੍ਹਿਆ,

ਤਿਨ੍ਹਾਂ ਨੂੰ ਮਿਲਦੀ ਢੋਈ ਹੂ ।

ਦਿਲ ਦਾ ਕਲਮਾ ਅਸ਼ਿਕ ਪੜ੍ਹਦੇ,

ਕੀ ਜਾਨਣ ਯਾਰ ਗਲੋਈ ਹੂ ।

ਮੈਨੂੰ ਕਲਮਾ ਪੀਰ ਪੜ੍ਹਾਇਆ ਬਾਹੂ,

ਸਦਾ ਸੋਹਾਗਣ ਹੋਈ ਹੂ ।

211

ਜ਼ੋਏ-ਜ਼ਾਹਰ ਵੇਖਾਂ ਜਾਨੀ ਤਾਈਂ

ਜ਼ੋਏ-ਜ਼ਾਹਰ ਵੇਖਾਂ ਜਾਨੀ ਤਾਈਂ,

ਨਾਲੇ ਅੰਦਰ ਸੀਨੇ ਹੂ ।

ਬਿਰਹੁੰ ਮਾਰੀ ਨਿੱਤ ਫਿਰਾਂ ਮੈਂ,

ਹੱਸਣ ਲੋਕ ਨਾਬੀਨੇ ਹੂ ।

ਮੈਂ ਦਿਲ ਵਿਚੋਂ ਹੈ ਸ਼ਹੁ ਪਾਇਆ,

ਜਾਵਣ ਲੋਕ ਮਦੀਨੇ ਹੂ ।

ਕਹੇ ਫ਼ਕੀਰ ਮੀਰਾਂ ਦਾ ਬਾਹੂ,

ਅੰਦਰ ਦਿਲਾਂ ਖ਼ਜੀਨੇ ਹੂ ।

212

ਜ਼ੁਆਦ-ਜ਼ਰੂਰੀ ਨਫ਼ਸ ਕੁੱਤੇ ਨੂੰ

ਜ਼ੁਆਦ-ਜ਼ਰੂਰੀ ਨਫ਼ਸ ਕੁੱਤੇ ਨੂੰ,

ਕੀਮਾ ਕੀਮਾ ਕਚੀਵੇ ਹੂ ।

ਨਾਲ ਮੁਹੱਬਤ ਜ਼ਿਕਰ ਅੱਲਾ ਦਾ,

ਦਮ ਦਮ ਪਿਆ ਪੜ੍ਹੀਵੇ ਹੂ ।

ਜ਼ਿਕਰ ਕਨੋਂ ਹੱਕ ਹਾਸਲ ਹੁੰਦਾ,

ਜ਼ਾਤੋ ਜ਼ਾਤ ਦਿਸੀਵੇ ਹੂ ।

ਦੋਵੇਂ ਜਹਾਨ ਗੁਲਾਮ ਉਨ੍ਹਾਂ ਦੇ ਬਾਹੂ,

ਜਿਨ੍ਹਾਂ ਜ਼ਾਤ ਲਭੀਵੇ ਹੂ ।

Text from pa.wikisource.org public domain (author d. before 1930); transcription CC BY-SA 4.0.