سئیو پیتم میرا کہڑے دیس گیا نیں
ਸਈਓ ਪੀਤਮ ਮੇਰਾ ਕਿਹੜੇ ਦੇਸ ਗਿਆ ਨੀਂ
سئیو پیتم میرا کہڑے دیس گیا نیں،
چھڈّ اوگݨہاری پردیس لیا نیں۔
اوہدے عشق انوکھے میری جان جلائی،
سئیو مدتاں ہوئیاں کوئی خبر نا آئی،
ساری عمر وچھوڑا میرے پیش پیا نیں۔
مینوں باجھ دماں دے کوئی نوکر لاوے،
اوہدے خاص وطن دی کوئی خبر لیاوے،
اوہنوں کنّ سوتن نے بھرمایا نیں۔
میری عمر ااݨی پئے دکّھ گھنیرے،
پالی کھویس کبیلے ہوئے دشمݨ میرے،
پہلاں من چت لاکے ہݨ کیہا نیں۔
گل الفی پاواں تن خاک رماواں،
سئیو پریتم پیارا کتے ڈھونڈ لیاواں،
میں تاں جوگن والا کر بھیس لیا نیں۔
چلاں بھیکھ دوارے دسّاں گلّ اوہناں نوں،
کدے جیون جوگا دیوے درس اسانوں،
میراں شاہ نہیں سانوں کوئی اوس جہا نیں۔
ਸਈਓ ਪੀਤਮ ਮੇਰਾ ਕਿਹੜੇ ਦੇਸ ਗਿਆ ਨੀਂ,
ਛੱਡ ਔਗੁਣਹਾਰੀ ਪ੍ਰਦੇਸ ਲਿਆ ਨੀਂ।
ਉਹਦੇ ਇਸ਼ਕ ਅਨੋਖੇ ਮੇਰੀ ਜਾਨ ਜਲਾਈ,
ਸਈਓ ਮੁਦਤਾਂ ਹੋਈਆਂ ਕੋਈ ਖ਼ਬਰ ਨਾ ਆਈ,
ਸਾਰੀ ਉਮਰ ਵਿਛੋੜਾ ਮੇਰੇ ਪੇਸ਼ ਪਿਆ ਨੀਂ।
ਮੈਨੂੰ ਬਾਝ ਦਮਾਂ ਦੇ ਕੋਈ ਨੌਕਰ ਲਾਵੇ,
ਉਹਦੇ ਖ਼ਾਸ ਵਤਨ ਦੀ ਕੋਈ ਖ਼ਬਰ ਲਿਆਵੇ,
ਉਹਨੂੰ ਕਿੰਨ ਸੌਤਨ ਨੇ ਭਰਮਾਇਆ ਨੀਂ।
ਮੇਰੀ ਉਮਰ ਇਆਣੀ ਪਏ ਦੁੱਖ ਘਨੇਰੇ,
ਪਾਲੀ ਖੁਵੇਸ ਕਬੀਲੇ ਹੋਏ ਦੁਸ਼ਮਣ ਮੇਰੇ,
ਪਹਿਲਾਂ ਮਨ ਚਿਤ ਲਾਕੇ ਹੁਣ ਕੇਹਾ ਨੀਂ।
ਗਲ ਅਲਫ਼ੀ ਪਾਵਾਂ ਤਨ ਖ਼ਾਕ ਰਮਾਵਾਂ,
ਸਈਓ ਪ੍ਰੀਤਮ ਪਿਆਰਾ ਕਿਤੇ ਢੂੰਡ ਲਿਆਵਾਂ,
ਮੈਂ ਤਾਂ ਜੋਗਨ ਵਾਲਾ ਕਰ ਭੇਸ ਲਿਆ ਨੀਂ।
ਚਲਾਂ ਭੀਖ ਦੁਆਰੇ ਦੱਸਾਂ ਗੱਲ ਉਨ੍ਹਾਂ ਨੂੰ,
ਕਦੇ ਜੀਵਨ ਜੋਗਾ ਦੇਵੇ ਦਰਸ ਅਸਾਨੂੰ,
ਮੀਰਾਂ ਸ਼ਾਹ ਨਹੀਂ ਸਾਨੂੰ ਕੋਈ ਉਸ ਜਿਹਾ ਨੀਂ।
seeo pitam mera kiharre des giaa nin,
chhadd augunahari prades liaa nin.
uhade ishak anokhe meri jan jalaee,
seeo mudatan hoeeaan koee khabar na aaee,
sari umar vichhorra mere pesh piaa nin.
mainun bajh daman de koee naukar lave,
uhade khas vatan di koee khabar liaave,
uhanun kinn sautan ne bharamaiaa nin.
meri umar iaani pe dukkh ghanere,
pali khuves kabile hoe dushaman mere,
pahilan man chit lake hun keha nin.
gal alafi pavan tan khak ramavan,
seeo pritam piaara kite dhund liaavan,
main tan jogan vala kar bhes liaa nin.
chalan bhikh duaare dassan gall unhan nun,
kade jivan joga deve daras asanun,
miran shah nahin sanun koee us jiha nin.