عشق اولّڑے دے سانگ اولّڑے
ਇਸ਼ਕ ਅਵੱਲੜੇ ਦੇ ਸਾਂਗ ਅਵੱਲੜੇ
عشق اولّڑے دے سانگ اولّڑے،
جس تن لاگے سو تن جاݨے۔
پیت عشق دی عاشق سہندے،
بن سر دتّیاں مول نا رہندے،
سولی چڑھدے ہوگ نتاݨے۔
عشق کریندا ناز ادائیاں،
پکڑ چواتی پھوک جلائیاں،
عشق سکھالا لوکاں بھاݨے۔
روز اڈیکاں آ مل سائیاں،
اچے چڑھکے دیواں دہائیاں،
لٹّیاں کرکے جور دھنگاݨے۔
جہڑے ناز معشوقاں والے،
عاشق باجھوں کوئی نا بھالے،
بھاویں ہووݨ لکّھ سیاݨے۔
میراں شاہ جو گر چت لاوے،
رمز عشق دی سوئیو پاوے،
جو کوئی آپݨا آپ پچھاݨے۔
ਇਸ਼ਕ ਅਵੱਲੜੇ ਦੇ ਸਾਂਗ ਅਵੱਲੜੇ,
ਜਿਸ ਤਨ ਲਾਗੇ ਸੋ ਤਨ ਜਾਣੇ।
ਪੀਤ ਇਸ਼ਕ ਦੀ ਆਸ਼ਕ ਸਹਿੰਦੇ,
ਬਿਨ ਸਿਰ ਦਿੱਤਿਆਂ ਮੂਲ ਨਾ ਰਹਿੰਦੇ,
ਸੂਲੀ ਚੜ੍ਹਦੇ ਹੋਗ ਨਿਤਾਣੇ।
ਇਸ਼ਕ ਕਰੇਂਦਾ ਨਾਜ਼ ਅਦਾਈਆਂ,
ਪਕੜ ਚਵਾਤੀ ਫੂਕ ਜਲਾਈਆਂ,
ਇਸ਼ਕ ਸੁਖਾਲਾ ਲੋਕਾਂ ਭਾਣੇ।
ਰੋਜ਼ ਉਡੀਕਾਂ ਆ ਮਿਲ ਸਾਈਆਂ,
ਉਚੇ ਚੜ੍ਹਕੇ ਦੇਵਾਂ ਦੁਹਾਈਆਂ,
ਲੁੱਟੀਆਂ ਕਰਕੇ ਜੋਰ ਧਿੰਗਾਣੇ।
ਜਿਹੜੇ ਨਾਜ਼ ਮਾਸ਼ੂਕਾਂ ਵਾਲੇ,
ਆਸ਼ਕ ਬਾਝੋਂ ਕੋਈ ਨਾ ਭਾਲੇ,
ਭਾਵੇਂ ਹੋਵਣ ਲੱਖ ਸਿਆਣੇ।
ਮੀਰਾਂ ਸ਼ਾਹ ਜੋ ਗੁਰ ਚਿਤ ਲਾਵੇ,
ਰਮਜ਼ ਇਸ਼ਕ ਦੀ ਸੋਈਓ ਪਾਵੇ,
ਜੋ ਕੋਈ ਆਪਣਾ ਆਪ ਪਛਾਣੇ।
ishak avallarre de sang avallarre,
jis tan lage so tan jane.
pit ishak di aashak sahinde,
bin sir dittiaan mul na rahinde,
suli charrhade hog nitane.
ishak karenda naz adaeeaan,
pakarr chavati phuk jalaeeaan,
ishak sukhala lokan bhane.
roz udikan aa mil saeeaan,
uche charrhake devan duhaeeaan,
luttiaan karake jor dhingane.
jiharre naz mashukan vale,
aashak bajhon koee na bhale,
bhaven hovan lakkh siaane.
miran shah jo gur chit lave,
ramaz ishak di soeeo pave,
jo koee aapana aap pachhane.