ਬੋਲੀਆਂBoliyan

آویں دلبر پیارے نا ترسا

ਆਵੀਂ ਦਿਲਬਰ ਪਿਆਰੇ ਨਾ ਤਰਸਾ

Shahmukhi

آویں دلبر پیارے نا ترسا۔

جاں توں تخت ہزاریوں آیا،

جھنگ سیالی ناد بجایا،

لائے پریم نظارے۔

الست بر بکم نازل کیتا،

ہیر نماݨی دا دل خس لیتا،

کالو بلا نروارے۔

واہ واہ عشق تیرے دیاں جھوکاں،

کملی کیتی مورکھ لوکاں،

لے چل تخت ہزارے۔

نال اساں کر ناز کریندا،

چشت نگر وچ لک چھپّ رہندا،

ڈھونڈاں عالم سارے۔

دیکھو سئیو نہوں لگڑا ڈاہڈھا،

چاک کیتا دل چاک اساڈا،

آکھو صابر دوارے۔

میں بردی ہاں اہد کدیمی،

ات ولّ کریئے نظر کریمی،

جے کوئی تن من وارے۔

وچ کلیر دے عجب بہاراں،

میراں شاہ سبھ چھڈ دے کاراں،

جتھے سے لکّھ تارے۔

Gurmukhi

ਆਵੀਂ ਦਿਲਬਰ ਪਿਆਰੇ ਨਾ ਤਰਸਾ।

ਜਾਂ ਤੂੰ ਤਖ਼ਤ ਹਜ਼ਾਰਿਓਂ ਆਇਆ,

ਝੰਗ ਸਿਆਲੀ ਨਾਦ ਬਜਾਇਆ,

ਲਾਏ ਪ੍ਰੇਮ ਨਜ਼ਾਰੇ।

ਅਲਸਤ ਬਿਰ ਬਿਕੁਮ ਨਾਜ਼ਿਲ ਕੀਤਾ,

ਹੀਰ ਨਿਮਾਣੀ ਦਾ ਦਿਲ ਖ਼ਸ ਲੀਤਾ,

ਕਾਲੂ ਬਿਲਾ ਨਿਰਵਾਰੇ।

ਵਾਹ ਵਾਹ ਇਸ਼ਕ ਤੇਰੇ ਦੀਆਂ ਝੋਕਾਂ,

ਕਮਲੀ ਕੀਤੀ ਮੂਰਖ ਲੋਕਾਂ,

ਲੈ ਚਲ ਤਖ਼ਤ ਹਜ਼ਾਰੇ।

ਨਾਲ ਅਸਾਂ ਕਰ ਨਾਜ਼ ਕਰੇਂਦਾ,

ਚਿਸ਼ਤ ਨਗਰ ਵਿਚ ਲੁਕ ਛਿੱਪ ਰਹਿੰਦਾ,

ਢੂੰਡਾਂ ਆਲਮ ਸਾਰੇ।

ਦੇਖੋ ਸਈਓ ਨਿਹੁੰ ਲਗੜਾ ਡਾਹਢਾ,

ਚਾਕ ਕੀਤਾ ਦਿਲ ਚਾਕ ਅਸਾਡਾ,

ਆਖੋ ਸਾਬਰ ਦੁਆਰੇ।

ਮੈਂ ਬਰਦੀ ਹਾਂ ਅਹਿਦ ਕਦੀਮੀ,

ਇਤ ਵੱਲ ਕਰੀਏ ਨਜ਼ਰ ਕਰੀਮੀ,

ਜੇ ਕੋਈ ਤਨ ਮਨ ਵਾਰੇ।

ਵਿਚ ਕਲੇਰ ਦੇ ਅਜਬ ਬਹਾਰਾਂ,

ਮੀਰਾਂ ਸ਼ਾਹ ਸਭ ਛਡ ਦੇ ਕਾਰਾਂ,

ਜਿਥੇ ਸੈ ਲੱਖ ਤਾਰੇ।

Roman

aavin dilabar piaare na tarasa.

jan tun takhat hazarion aaiaa,

jhang siaali nad bajaiaa,

lae prem nazare.

alasat bir bikum nazil kita,

hir nimani da dil khas lita,

kalu bila niravare.

vah vah ishak tere diaan jhokan,

kamali kiti murakh lokan,

lai chal takhat hazare.

nal asan kar naz karenda,

chishat nagar vich luk chhipp rahinda,

dhundan aalam sare.

dekho seeo nihun lagarra dahadha,

chak kita dil chak asada,

aakho sabar duaare.

main baradi han ahid kadimi,

it vall karie nazar karimi,

je koee tan man vare.

vich kaler de ajab baharan,

miran shah sabh chhad de karan,

jithe sai lakkh tare.