ہیر
ਹੀਰ
اجی ہیر تے پلنگ سبھ تھاؤں تیرے، گھول گھتیاں جیوڑا واریا ای۔
ناہیں گال کڈھی ہتھ جوڑنی ہاں، ہتھ لا ناہیں تینوں ماریا ای۔
اسیں منتاں کراں تے پیر پکڑا،، تھیں تھوں گھولیا کوڑما ساریا ای۔
اساں ہس کے آن سلام کیتا، آکھ کاس نوں مکر پساریا ای۔
سُنے پرہے ہے ترنجنیں چین ناہیں، اللہ والیا وو سانوں تاریا ای۔
وارث شاہ شریک ہے کون کون اُس دا، جِس نے رب نے کم سواریا ای۔
ਇਹ ਹੀਰ ਤੇ ਪਲੰਘ ਸਭ ਥਾਉਂ ਤੇਰਾ, ਘੋਲ ਘੱਤੀਆਂ ਜਿਊੜਾ ਵਾਰਿਆ ਈ।
ਨਾਹੀਂ ਗਾਲ੍ਹ ਕੱਢੀ ਹੱਥ ਜੋੜਨੀ ਹਾਂ, ਹਥ ਲਾਇ ਨਾਹੀਂ ਤੈਨੂੰ ਮਾਰਿਆ ਈ।
ਅਸੀਂ ਮਿੰਨਤਾਂ ਕਰਾਂ ਤੇ ਪੈਰ ਪਕੜਾਂ, ਤੈਥੋਂ ਘੋਲਿਆ ਕੋੜਮਮਾਂ ਸਾਰਿਆਂ ਈ।
ਅਸਾਂ ਹਸ ਕੇ ਆਣ ਸਲਾਮ ਕੀਤਾ, ਆਖ ਕਾਸ ਨੂੰ ਮਕਰ ਪਸਾਰਿਆ ਈ।
ਸੁੰਞੇ ਪਰ੍ਹੇ ਸਨ ਤ੍ਰਿੰਞਣੀਂ ਚੈਨ ਨਾਹੀਂ, ਅੱਲ੍ਹਾ ਵਾਲਿਆ ਤੂੰ ਸਾਨੂੰ ਤਾਰਿਆ ਈ।
ਵਾਰਿਸ ਸ਼ਾਹ ਸ਼ਰੀਕ ਹੈ ਕੌਣ ਉਸ ਦਾ, ਜਿਸ ਦਾ ਰੱਬ ਨੇ ਕੰਮ ਸਵਾਰਿਆ ਈ।
ih hir te palangh sabh thaun tera, ghol ghattiaan jioorra variaa ee.
nahin galh kaddhi hatth jorrani han, hath lai nahin tainun mariaa ee.
asin minnatan karan te pair pakarran, taithon gholiaa korramaman sariaan ee.
asan has ke aan salam kita, aakh kas nun makar pasariaa ee.
sunne parhe san trinnanin chain nahin, allha valiaa tun sanun tariaa ee.
varis shah sharik hai kaun us da, jis da rabb ne kanm savariaa ee.