ਬੋਲੀਆਂBoliyan

ਹੀਰ ਵਾਰਿਸ ਸ਼ਾਹ

Heer Waris Shah

Waris Shah · 1766 · 629 sections · 4,271 lines

1

ਹਮਦ

ਅੱਵਲ ਹਮਦ ਖ਼ੁਦਾਇ ਦਾ ਵਿਰਦ ਕੀਜੇ, ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ।

ਪਹਿਲੇ ਆਪ ਹੈ ਰਬ ਨੇ ਇਸ਼ਕ ਕੀਤਾ, ਮਾਸ਼ੂਕ ਹੈ ਨਬੀ ਰਸੂਲ ਮੀਆਂ।

ਇਸ਼ਕ ਪੀਰ ਫ਼ਕੀਰ ਦਾ ਮਰਤਬਾ ਹੈ, ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ।

ਖਿਲੇ ਤਿਨ੍ਹਾਂ ਦੇ ਬਾਗ਼ ਕਲੂਬ ਅੰਦਰ, ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ।

2

ਰਸੂਲ ਦੀ ਸਿਫ਼ਤ

ਦੂਈ ਨਾਅਤ ਰਸੂਲ ਮਕਬੂਲ ਵਾਲੀ, ਜੈਂਦੇ ਹੱਕ ਨਜ਼ੂਲ ਲੌਲਾਕ ਕੀਤਾ।

ਖ਼ਾਕੀ ਆਖ ਕੇ ਮਰਤਬਾ ਵਡਾ ਦਿੱਤਾ, ਸਭ ਖ਼ਲਕ ਦੇ ਐਬ ਥੀਂ ਪਾਕ ਕੀਤਾ।

ਸਰਵਰ ਹੋਇਕੇ ਔਲੀਆਂ ਅੰਬੀਆਂ ਦਾ, ਅੱਗੇ ਹੱਕ ਦੇ ਆਪ ਨੂੰ ਖ਼ਾਕ ਕੀਤਾ।

ਕਰੇ ਉੱਮਤੀ ਉੱਮਤੀ ਰੋਜ਼ ਕਿਆਮਤ, ਖੁਸ਼ੀ ਛੱਡ ਕੇ ਜੀਉ ਗ਼ਮਨਾਕ ਕੀਤਾ।

3

ਰਸੂਲ ਦੇ ਚੌਹਾਂ ਸਾਥੀਆਂ ਦੀ ਸਿਫ਼ਤ

ਚਾਰੇ ਯਾਰ ਰਸੂਲ ਦੇ ਚਾਰ ਗੌਹਰ, ਸੱਭੇ ਇੱਕ ਥੀਂ ਇੱਕ ਚੜ੍ਹੰਦੜੇ ਨੇ।

ਅਬੂ ਬਕਰ ਤੇ ਉਮਰ, ਉਸਮਾਨ, ਅਲੀ, ਆਪੋ ਆਪਣੇ ਗੁਣੀਂ ਸੋਹੰਦੜੇ ਨੇ।

ਜਿਨ੍ਹਾਂ ਸਿਦਕ ਯਕੀਨ ਤਹਿਕੀਕ ਕੀਤਾ, ਰਾਹ ਰਬ ਦੇ ਸੀਸ ਵਿਕੰਦੜੇ ਨੇ।

ਜ਼ੌਕ ਛੱਡ ਕੇ ਜਿਨਾਂ ਨੇ ਜ਼ੁਹਦ ਕੀਤਾ, ਵਾਹ ਵਾਹ ਉਹ ਰੱਬ ਦੇ ਬੰਦੜੇ ਨੇ।

4

ਪੀਰ ਦੀ ਸਿਫ਼ਤ

ਮਦਹ ਪੀਰ ਦੀ ਹੁਬ ਦੇ ਨਾਲ ਕੀਚੈ, ਜੈਂਦੇ ਖ਼ਾਦਮਾਂ ਦੇ ਵਿੱਚ ਪੀਰੀਆਂ ਨੀ।

ਬਾਝ ਓਸ ਜਨਾਬ ਦੇ ਪਾਰ ਨਾਹੀਂ, ਲਖ ਢੂੰਡਦੇ ਫਿਰਨ ਫ਼ਕੀਰੀਆਂ ਨੀ।

ਜਿਹੜੇ ਪੀਰ ਦੀ ਮਿਹਰ ਮਨਜ਼ੂਰ ਹੋਏ, ਘਰ ਤਿਨ੍ਹਾਂ ਦੇ ਪੀਰੀਆ ਮੀਰੀਆਂ ਨੀ।

ਰੋਜ਼ ਹਸ਼ਰ ਦੇ ਪੀਰ ਦੇ ਤਾਲਿਬਾਂ ਨੂੰ, ਹੱਥ ਸਜੜੇ ਮਿਲਣਗੀਆਂ ਚੀਰੀਆਂ ਨੀ।

5

ਬਾਬਾ ਫਰੀਦ ਸ਼ਕਰ ਗੰਜ ਦੀ ਸਿਫ਼ਤ

ਮੌਦੂਦ ਦਾ ਲਾਡਲਾ ਪੀਰ ਚਿਸ਼ਤੀ, ਸ਼ਕਰ-ਗੰਜ ਮਸਉਦ ਭਰਪੂਰ ਹੈ ਜੀ।

ਖ਼ਾਨਦਾਨ ਵਿੱਚ ਚਿਸ਼ਤ ਦੇ ਕਾਮਲੀਅਤ, ਸ਼ਹਿਰ ਫਕਰ ਦਾ ਪਟਣ ਮਾਮੂਰ ਹੈ ਜੀ।

ਬਾਹੀਆਂ ਕੁਤਬਾਂ ਵਿੱਚ ਹੈ ਪੀਰ ਕਾਮਲ, ਜੈਂਦੀ ਆਜਜ਼ੀ ਜ਼ੁਹਦ ਮਨਜ਼ੂਰ ਹੈ ਜੀ।

ਸ਼ਕਰ ਗੰਜ ਨੇ ਆਣ ਮੁਕਾਮ ਕੀਤਾ, ਦੁਖ ਦਰਦ ਪੰਜਾਬ ਦਾ ਦੂਰ ਹੈ ਜੀ।

6

ਕਿੱਸਾ ਹੀਰ ਰਾਂਝਾ ਲਿਖਣ ਬਾਰੇ

ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ, ਕਿੱਸਾ ਹੀਰ ਦਾ ਨਵਾਂ ਬਣਾਈਏ ਜੀ।

ਏਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ, ਜੀਭ ਸੁਹਣੀ ਨਾਲ ਸੁਣਾਈਏ ਜੀ।

ਨਾਲ ਅਜਬ ਬਹਾਰ ਦੇ ਸ਼ਿਅਰ ਕਹਿ ਕੇ, ਰਾਂਝੇ ਹੀਰ ਦਾ ਮੇਲ ਕਰਾਈਏ ਜੀ।

ਯਾਰਾਂ ਨਾਲ ਬਹਿ ਕੇ ਵਿਚ ਮਜਲਿਸਾਂ, ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ।

7

ਵਾਕ ਕਵੀ

ਹੁਕਮ ਮੰਨ ਕੇ ਸੱਜਣਾਂ ਪਿਆਰਿਆਂ ਦਾ, ਕਿੱਸਾ ਅਜਬ ਬਹਾਰ ਦਾ ਜੋੜਿਆ ਏ।

ਫ਼ਿਕਰਾ ਜੋੜ ਕੇ ਖ਼ੂਬ ਦਰੁਸਤ ਕੀਤਾ, ਨਵਾਂ ਫੁਲ ਗੁਲਾਬ ਦਾ ਤੋੜਿਆ ਏ।

ਬਹੁਤ ਜੀਉ ਦੇ ਵਿੱਚ ਤਦਬੀਰ ਕਰਕੇ, ਫ਼ਰਹਾਦ ਪਹਾੜ ਨੂੰ ਤੋੜਿਆ ਏ।

ਸੱਭਾ ਵੀਣ ਕੇ ਜ਼ੇਬ ਬਣਾਇ ਦਿੱਤਾ, ਜੇਹਾ ਇਤਰ ਗੁਲਾਬ ਨਚੋੜਿਆ ਏ।

8

ਕਿੱਸੇ ਦਾ ਆਰੰਭ, ਤਖ਼ਤ ਹਜ਼ਾਰਾ ਅਤੇ ਰਾਂਝੇ ਬਾਰੇ

ਕੇਹੀ ਤਖ਼ਤ ਹਜ਼ਾਰੇ ਦੀ ਸਿਫ਼ਤ ਕੀਜੇ, ਜਿੱਥੇ ਰਾਂਝਿਆਂ ਰੰਗ ਮਚਾਇਆ ਏ।

ਛੈਲ ਗੱਭਰੂ, ਮਸਤ ਅਲਬੇਲੜੇ ਨੀ, ਸੁੰਦਰ ਹਿੱਕ ਥੀਂ ਹਿੱਕ ਸਵਾਇਆ ਏ।

ਵਾਲੇ ਕੋਕਲੇ, ਮੁੰਦਰੇ, ਮਝ ਲੁੰਙੀ, ਨਵਾਂ ਠਾਠ ਤੇ ਠਾਠ ਚੜ੍ਹਾਇਆ ਏ।

ਕੇਹੀ ਸਿਫ਼ਤ ਹਜ਼ਾਰੇ ਦੀ ਆਖ ਸਕਾਂ, ਗੋਇਆ ਬਹਿਸ਼ਤ ਜ਼ਮੀਨ ਤੇ ਆਇਆ ਏ।

9

ਰਾਂਝੇ ਦਾ ਬਾਪ

ਮੌਜੂ ਚੌਧਰੀ ਪਿੰਡ ਦੀ ਪਾਂਧ ਵਾਲਾ, ਚੰਗਾ ਭਾਈਆਂ ਦਾ ਸਰਦਾਰ ਆਹਾ।

ਅੱਠ ਪੁੱਤਰ ਦੋ ਬੇਟੀਆਂ ਤਿਸ ਦੀਆਂ ਸਨ, ਵੱਡ-ਟੱਬਰਾ ਤੇ ਸ਼ਾਹੂਕਾਰ ਆਹਾ।

ਭਲੀ ਭਾਈਆਂ ਵਿੱਚ ਪਰਤੀਤ ਉਸਦੀ, ਮੰਨਿਆ ਚੌਂਤਰੇ 'ਤੇ ਸਰਕਾਰ ਆਹਾ।

ਵਾਰਿਸ ਸ਼ਾਹ ਇਹ ਕੁਦਰਤਾਂ ਰਬ ਦੀਆਂ ਨੀ, ਧੀਦੋ ਨਾਲ ਉਸ ਬਹੁਤ ਪਿਆਰ ਆਹਾ।

10

ਰਾਂਝੇ ਨਾਲ ਭਾਈਆਂ ਦਾ ਸਾੜਾ

ਬਾਪ ਕਰੇ ਪਿਆਰ ਤੇ ਵੈਰ ਭਾਈ, ਡਰ ਬਾਪ ਦੇ ਥੀਂ ਪਏ ਸੰਗਦੇ ਨੇ।

ਗੁਝੇ ਮੇਹਣੇ ਮਾਰ ਦੇ ਸੱਪ ਵਾਂਙੂੰ, ਉਸ ਦੇ ਕਾਲਜੇ ਨੂੰ ਪਏ ਡੰਗਦੇ ਨੇ।

ਕੋਈ ਵੱਸ ਨਾ ਚੱਲੇ ਜੋ ਕੱਢ ਛਡਣ, ਦੇਂਦੇ ਮੇਹਣੇ ਰੰਗ ਬਰੰਗ ਦੇ ਨੇ।

ਵਾਰਿਸ ਸ਼ਾਹ ਇਹ ਗਰਜ਼ ਹੈ ਬਹੁਤ ਪਿਆਰੀ, ਹੋਰ ਸਾਕ ਨ ਸੈਨ ਨਾ ਅੰਗ ਦੇ ਨੇ।

11

ਮੌਜੂ ਦੀ ਮੌਤ

ਤਕਦੀਰ ਸੇਤੀ ਮੌਜੂ ਫ਼ੌਤ ਹੋਇਆ, ਭਾਈ ਰਾਂਝੇ ਦੇ ਨਾਲ ਖਹੇੜਦੇ ਨੇ।

ਖਾਏਂ ਰੱਜ ਕੇ ਘੂਰਦਾ ਫਿਰੇਂ ਰੰਨਾਂ, ਕੱਢ ਰਿੱਕਤਾਂ ਧੀਦੋ ਨੂੰ ਛੇੜਦੇ ਨੇ।

ਨਿੱਤ ਸੱਜਰਾ ਘਾਉ ਕਲੇਜੜੇ ਦਾ, ਗੱਲਾਂ ਤ੍ਰਿੱਖੀਆਂ ਨਾਲ ਉਚੇੜਦੇ ਨੇ।

ਭਾਈ ਭਾਬੀਆਂ ਵੈਰ ਦੀਆਂ ਕਰਨ ਗੱਲਾਂ, ਏਹਾ ਝੰਝਟ ਨਿੱਤ ਨਬੇੜਦੇ ਨੇ।

12

ਭੋਂ ਦੀ ਵੰਡ

ਹਾਜ਼ਿਰ ਕਾਜ਼ੀ ਤੇ ਪੈਂਚ ਸਦਾਇ ਸਾਰੇ, ਭਾਈਆਂ ਜ਼ਿਮੀਂ ਨੂੰ ਕੱਛ ਪਵਾਈ ਆਹੀ।

ਵੱਢੀ ਦੇ ਕੇ ਜ਼ਿਮੀਂ ਲੈ ਗਏ ਚੰਗੀ, ਬੰਜਰ ਜ਼ਿਮੀਂ ਰੰਝੇਟੇ ਨੂੰ ਆਈ ਆਹੀ।

ਕੱਛਾਂ ਮਾਰ ਸ਼ਰੀਕ ਮਜ਼ਾਖ ਕਰਦੇ, ਭਾਈਆਂ ਰਾਂਝੇ ਦੇ ਬਾਬ ਬਣਾਈ ਆਹੀ।

ਗੱਲ ਭਾਬੀਆਂ ਏਹ ਬਣਾਇ ਛੱਡੀ, ਮਗਰ ਜੱਟ ਦੇ ਫੱਕੜੀ ਲਾਈ ਆਹੀ।

13

ਭਾਬੀਆਂ ਦੇ ਮੇਹਣੇ

ਮੂੰਹ ਚੱਟ ਜੋ ਆਰਸੀ ਨਾਲ ਵੇਖਣ, ਤਿਨ੍ਹਾਂ ਵਾਹਣ ਕੇਹਾ ਹਲ ਵਾਹੁਣਾ ਈ।

ਪਿੰਡਾ ਪਾਲ ਕੇ ਚੋਪੜੇ ਪਟੇ ਜਿਨ੍ਹਾਂ, ਕਿਸੇ ਰੰਨ ਕੀ ਉਨ੍ਹਾਂ ਤੋਂ ਚਾਹੁਣਾ ਈ।

ਜਿਹੜਾ ਭੁਇੰ ਦੇ ਮਾਮਲੇ ਕਰੇ ਬੈਠਾ, ਏਸ ਤੋੜ ਨਾ ਮੂਲ ਨਿਬਾਹੁਣਾ ਈ।

ਪਿਆ ਵੰਝਲੀ ਵਾਹੇ ਤੇ ਰਾਗ ਗਾਵੇ, ਕੋਈ ਰੋਜ਼ ਦਾ ਇਹ ਪ੍ਰਾਹੁਣਾ ਈ।

14

ਰਾਂਝੇ ਦਾ ਹਲ ਵਾਹ ਕੇ ਆਉਣਾ

ਰਾਂਝਾ ਜੋਤਰਾ ਵਾਹ ਕੇ ਥੱਕ ਰਹਿਆ, ਲਾਹ ਅਰਲੀਆਂ ਛਾਉਂ ਨੂੰ ਆਂਵਦਾ ਏ।

ਭੱਤਾ ਆਣ ਕੇ ਭਾਬੀ ਨੇ ਕੋਲ ਧਰਿਆ, ਹਾਲ ਆਪਣਾ ਰੋ ਸੁਣਾਂਵਦਾ ਏ।

ਛਾਲੇ ਪਏ ਤੇ ਹੱਥ ਤੇ ਪੈਰ ਫੁੱਟੇ, ਸਾਨੂੰ ਵਾਹੀ ਦਾ ਕੰਮ ਨਾ ਭਾਂਵਦਾ ਏ।

ਭਾਬੀ ਆਖਦੀ ਲਾਡਲਾ ਬਾਪ ਦਾ ਸੈਂ, ਵਾਰਿਸ ਸ਼ਾਹ ਪਿਆਰਾ ਹੀ ਮਾਉਂ ਦਾ ਏ।

15

ਰਾਂਝਾ

ਰਾਂਝਾ ਆਖਦਾ ਭਾਬੀਉ ਵੈਰਨੋ ਨੀ, ਤੁਸਾਂ ਭਾਈਆ ਨਾਲੋਂ ਵਿਛੋੜਿਆ ਜੇ।

ਖ਼ੁਸ਼ੀ ਰੂਹ ਨੂੰ ਬਹੁਤ ਦਿਲਗੀਰ ਕੀਤਾ, ਤੁਸਾਂ ਫੁੱਲ ਗੁਲਾਬ ਦਾ ਤੋੜਿਆ ਜੇ।

ਸਕੇ ਭਾਈਆਂ ਨਾਲੋਂ ਵਿਛੋੜ ਮੈਨੂੰ, ਕੰਡਾ ਵਿੱਚ ਕਲੇਜੇੜੇ ਪੋੜਿਆ ਜੇ।

ਭਾਈ ਜਿਗਰ ਤੇ ਜਾਨ ਸਾਂ ਅਸੀਂ ਅੱਠੇ, ਵੱਖੋ ਵੱਖ ਹੀ ਚਾਇ ਨਿਖੋੜਿਆ ਜੇ।

ਨਾਲ ਵੈਰ ਦੇ ਰਿੱਕਤਾਂ ਛੇੜ ਭਾਬੀ, ਸਾਨੂੰ ਮੇਹਣਾ ਹੋਰ ਚਿਮੋੜਿਆ ਜੇ।

ਜਦੋਂ ਸਫ਼ਾਂ ਹੋ ਟੁਰਨਗੀਆਂ ਤਰਫ ਜੰਨਤ, ਵਾਰਿਸ ਸ਼ਾਹ ਦੀ ਵਾਗ ਨਾ ਮੋੜਿਆ ਜੇ।

16

ਭਾਬੀ

ਕਰੇਂ ਆਕੜਾਂ ਖਾਇ ਕੇ ਦੁੱਧ ਚਾਵਲ, ਇਹ ਰੱਜ ਕੇ ਖਾਣ ਦੀਆਂ ਮਸਤੀਆਂ ਨੇ।

ਆਖਣ ਦੇਵਰੇ ਨਾਲ ਨਿਹਾਲ ਹੋਈਆਂ, ਸਾਨੂੰ ਸਭ ਸ਼ਰੀਕਣੀਆਂ ਹੱਸਦੀਆਂ ਨੇ।

ਇਹ ਰਾਂਝੇ ਦੇ ਨਾਲ ਹਨ ਘਿਉ-ਸ਼ੱਕਰ, ਪਰ ਜੀਉ ਦਾ ਭੇਤ ਨਾ ਦੱਸਦੀਆਂ ਨੇ।

ਰੰਨਾਂ ਡਿਗਦੀਆਂ ਵੇਖ ਕੇ ਛੈਲ ਮੁੰਡਾ, ਜਿਵੇਂ ਸ਼ਹਿਦ ਵਿਚ ਮੱਖੀਆਂ ਫਸਦੀਆਂ ਨੇ।

ਇੱਕ ਤੂੰ ਕਲੰਕ ਹੈਂ ਅਸਾਂ ਲੱਗਾ, ਹੋਰ ਸਭ ਸੁਖਾਲੀਆਂ ਵਸਦੀਆਂ ਨੇ।

ਘਰੋਂ ਨਿਕਲਸੇਂ ਤੇ ਜਦੋਂ ਮਰੇਂ ਭੁਖਾ, ਭੁਲ ਜਾਣ ਤੈਨੂੰ ਸੱਭੇ ਖ਼ਰਮਸਤੀਆਂ ਨੇ।

ਵਾਰਿਸ ਜਿਨ੍ਹਾਂ ਨੂੰ ਆਦਤਾਂ ਭੈੜੀਆਂ ਨੀ, ਸਭ ਖ਼ਲਕਤਾਂ ਉਨ੍ਹਾਂ ਤੋਂ ਨਸਦੀਆਂ ਨੇ।

17

ਰਾਂਝਾ

ਤੁਸਾਂ ਛੱਤਰੇ ਮਰਦ ਬਣਾ ਦਿੱਤੇ, ਸੱਪ ਰੱਸੀਆਂ ਦੇ ਕਰੋ ਡਾਰੀਉ ਨੀ।

ਰਾਜੇ ਭੋਜ ਦੇ ਮੂੰਹ ਲਗਾਮ ਦੇ ਕੇ, ਚੜ੍ਹ ਦੌੜੀਆਂ ਹੋ ਟੂਣੇ ਹਾਰੀਉ ਨੀ।

ਕੈਰੋ ਪਾਂਡਵਾਂ ਦੀ ਸਫ਼ਾ ਗਾਲ ਸੁੱਟੀ, ਜ਼ਰਾ ਗੱਲ ਦੇ ਨਾਲ ਬੁਰਿਆਰਿਉ ਨੀ।

ਰਾਵਣ ਲੰਕ ਲੁਟਾਇਕੇ ਗ਼ਰਕ ਹੋਇਆ, ਕਾਰਨ ਤੁਸਾਂ ਦੇ ਹੀ ਹੈਂਸਿਆਰੀਉ ਨੀ।

18

ਭਾਬੀ

ਭਾਬੀ ਆਖਦੀ ਗੁੰਡਿਆ ਮੁੰਡਿਆ ਵੇ, ਸਾਡੇ ਨਾਲ ਕੀ ਰਿੱਕਤਾਂ ਚਾਈਆਂ ਨੀ।

ਵਲੀ ਜੇਠ ਤੇ ਜਿਨ੍ਹਾਂ ਦੇ ਫ਼ਤੂ ਦੇਵਰ, ਡੁੱਬ ਮੋਈਆਂ ਉਹ ਭਰਜਾਈਆਂ ਨੀ।

ਘਰੋ ਘਰੀ ਵਿਚਾਰਦੇ ਲੋਕ ਸਾਰੇ, ਸਾਨੂੰ ਕੇਹੀਆਂ ਫਾਹੀਆਂ ਪਾਈਆਂ ਨੀ।

ਤੇਰੀ ਗੱਲ ਨਾ ਬਣੇਗੀ ਨਾਲ ਸਾਡੇ, ਜਾ ਪਰਨਾ ਲਿਆ ਸਿਆਲਾਂ ਦੀਆਂ ਜਾਈਆਂ ਨੀ।

19

ਰਾਂਝਾ

ਮੂੰਹ ਬੁਰਾ ਦਿਸੰਦੜਾ ਭਾਬੀਏ ਨੀ, ਸੜੇ ਹੋਏ ਪਤੰਗ ਕਿਉਂ ਸਾੜਨੀ ਏਂ।

ਤੇਰੇ ਗੋਚਰਾ ਕੰਮ ਕੀ ਪਿਆ ਮੇਰਾ, ਸਾਨੂੰ ਬੋਲੀਆਂ ਨਾਲ ਕਿਉਂ ਮਾਰਨੀ ਏਂ।

ਕੋਠੇ ਚਾੜ੍ਹ ਕੇ ਪੌੜੀਆਂ ਲਾਹ ਲੈਂਦੀ, ਕੇਹੇ ਕਲਹ ਦੇ ਮਹਿਲ ਉਸਾਰਨੀ ਏਂ।

ਵਾਰਿਸ਼ ਸ਼ਾਹ ਦੇ ਨਾਲ ਸਰਦਾਰਨੀ ਤੂੰ, ਪਰ ਪੇਕਿਆਂ ਵੱਲੋਂ ਗਵਾਰਨੀ ਏਂ।

20

ਭਾਬੀ

ਸਿੱਧਾ ਹੋਇ ਕੇ ਰੋਟੀਆਂ ਖਾਹਿ ਜੱਟਾ, ਅੜੀਆਂ ਕਾਸ ਨੂੰ ਏਡੀਆਂ ਚਾਈਆਂ ਨੀ।

ਤੇਰੀ ਪਨਘਟਾਂ ਦੇ ਉੱਤੇ ਪੇਉ ਪੇਈ, ਧੁੰਮਾਂ ਤ੍ਰਿੰਞਣਾਂ ਦੇ ਵਿੱਚ ਪਾਈਆਂ ਨੀ।

ਘਰ-ਬਾਰ ਵਿਸਾਰ ਕੇ ਖ਼ਵਾਰ ਹੋਈਆਂ, ਝੋਕਾਂ ਪ੍ਰੇਮ ਦੀਆਂ ਜਿਨ੍ਹਾਂ ਨੇ ਲਾਈਆਂ ਨੀ।

ਜ਼ੁਲਫਾਂ ਕਾਲੀਆਂ ਕੁੰਢੀਆਂ ਨਾਗ਼ ਕਾਲੇ, ਜੋਕਾਂ ਹਿਕ ਤੇ ਆਣ ਬਹਾਈਆਂ ਨੀ।

ਵਾਰਿਸ ਸ਼ਾਹ ਏਹ ਜਿਨ੍ਹਾਂ ਦੇ ਚੰਨ ਦੇਵਰ, ਘੋਲ ਘੱਤੀਆਂ ਸਭ ਭਰਜਾਈਆਂ ਨੀ।

21

ਭਾਬੀ

ਅਠਖੇਲਿਆ ਅਹਿਲ ਦੀਵਾਨਿਆਂ ਵੇ, ਥੁੱਕਾਂ ਮੋਢਿਆਂ ਦੇ ਉੱਤੋਂ ਸੱਟਨਾ ਏਂ।

ਚੀਰਾ ਬੰਨ੍ਹ ਕੇ ਭਿੰਨੜੇ ਵਾਲ ਚੋਪੜ, ਵਿੱਚ ਤ੍ਰਿੰਞਣਾਂ ਫੇਰੀਆਂ ਘੱਤਨਾ ਏਂ।

ਰੋਟੀ ਖਾਂਦਿਆਂ ਲੂਣ ਜੇ ਪਵੇ ਥੋੜ੍ਹਾ, ਚਾ ਅੰਙਣੇ ਵਿੱਚ ਪਲੱਟਨਾ ਏਂ।

ਕੰਮ ਕਰੇਂ ਨਾਹੀਂ ਹੱਛਾ ਖਾਏਂ ਪਹਿਨੇਂ, ਜੜ੍ਹ ਆਪਣੇ ਆਪ ਦੀ ਪੱਟਨਾ ਏਂ।

22

ਰਾਂਝਾ

ਭੁਲ ਗਏ ਹਾਂ ਵੜੇ ਹਾਂ ਆਣ ਵਿਹੜੇ ਸਾਨੂੰ ਬਖ਼ਸ਼ ਲੈ ਡਾਰੀਏ ਵਾਸਤਾ ਈ।

ਹੱਥੋਂ ਤੇਰਿਉਂ ਦੇਸ ਮੈਂ ਛੱਡ ਜਾਸਾਂ, ਰਖ ਘਰ ਹੈਂਸਿਆਰੀਏ ਵਾਸਤਾ ਈ।

ਦਿਹੇਂ ਰਾਤ ਤੈਂ ਜ਼ੁਲਮ ਤੇ ਲੱਕ ਬੱਧਾ, ਅਣੀ ਰੂਪ ਸ਼ਿੰਗਾਰੀਏ ਵਾਸਤਾ ਈ।

ਨਾਲ ਹੁਸਨ ਦੇ ਫਿਰੇਂ ਗੁਮਾਨ ਲੱਦੀ, ਸਮਝ ਮਸਤ ਹੰਕਾਰੀਏ ਵਾਸਤਾ ਈ।

ਜਦੇ ਜਿਸੇ ਦੇ ਨਾਲ ਨਾ ਗੱਲ ਕਰੇਂ, ਕਿਬਰ ਵਾਲੀਏ ਮਾਰੀਏ ਵਾਸਤਾ ਈ।

ਵਾਰਿਸ ਸ਼ਾਹ ਨੂੰ ਮਾਰ ਨਾ ਭਾਗ ਭਰੀਏ, ਅਣੀ ਮੁਣਸ ਪਿਆਰੀਏ ਵਾਸਤਾ ਈ।

23

ਭਾਬੀ

ਸਾਡਾ ਹੁਸਨ ਪਸੰਦ ਨਾ ਲਿਆਵਨਾ ਏਂ, ਜਾ ਹੀਰ ਸਿਆਲ ਵਿਆਹ ਲਿਆਵੀਂ।

ਵਾਹ ਵੰਝਲੀ ਪ੍ਰੇਮ ਦੀ ਘਤ ਜਾਲੀ, ਕਾਈ ਨੱਢੀ ਸਿਆਲਾਂ ਦੀ ਫਾਹ ਲਿਆਵੀਂ।

ਤੈਂਥੇ ਵੱਲ ਹੈ ਰੰਨਾਂ ਵਿਲਾਵਣੇਂ ਦਾ, ਰਾਣੀ ਕੋਕਲਾਂ ਮਹਿਲ ਤੋਂ ਲਾਹ ਲਿਆਵੀਂ।

ਦਿਨੇਂ ਬੂਹਿਉਂ ਕੱਢਣੀਂ ਮਿਲੇ ਨਾਹੀਂ, ਰਾਤੀਂ ਕੰਧ ਪਿਛਵਾੜਿਉਂ ਢਾਹ ਲਿਆਵੀਂ।

ਵਾਰਿਸ ਸ਼ਾਹ ਨੂੰ ਨਾਲ ਲੈ ਜਾਇ ਕੇ ਤੇ, ਜਿਹੜਾ ਦਾਉ ਲੱਗੇ ਸੋਈ ਲਾ ਲਿਆਵੀਂ।

24

ਰਾਂਝਾ

ਨੱਢੀ ਸਿਆਲਾਂ ਦੀ ਵਿਆਹ ਲਿਆਵਸਾਂ ਮੈਂ, ਕਰੋ ਬੋਲੀਆਂ ਕਿਉਂੇ ਠਠੋਲੀਆਂ ਨੀ।

ਬਹੇ ਘੱਤ ਪੀੜ੍ਹਾ ਵਾਂਗ ਮਹਿਰੀਆਂ ਦੇ, ਹੋਵਣ ਤੁਸਾਂ ਜੇਹੀਆਂ ਅੱਗੇ ਗੋਲੀਆਂ ਨੀ।

ਮੱਝੁ ਵਾਹ ਵਿੱਚ ਬੋੜੀਏ ਭਾਬੀਆਂ ਨੂੰ, ਹੋਵਣ ਤੁਸਾਂ ਜੇਹੀਆਂ ਬੜਬੋਲੀਆਂ ਨੀ।

ਬਸ ਕਰੋ ਭਾਬੀ ਅਸੀਂ ਰੱਜ ਰਹੇ, ਭਰ ਦਿੱਤੀਆਂ ਜੇ ਤੁਸਾਂ ਝੋਲੀਆਂ ਨੀ।

25

ਭਾਬੀ ਅਤੇ ਰਾਂਝਾ

ਕੇਹਾ ਭੇੜ ਮਚਾਇਉ ਈ ਕੱਚਿਆ ਵੇ, ਮੱਥਾ ਡਾਹਿਉ ਸੌਂਕਣਾਂ ਵਾਂਙ ਕੇਹਾ।

ਜਾਹਿ ਸੱਜਰਾ ਕੰਮ ਗਵਾ ਨਾਹੀਂ, ਹੋਇ ਜਾਸੀਆ ਜੋਬਨਾ ਫੇਰ ਬੇਹਾ।

ਰਾਂਝੇ ਖਾ ਗੁੱਸਾ ਸਿਰ ਧੌਲ ਮਾਰੀ, ਕੇਹੀ ਚੰਬੜੀ ਆਣ ਤੂੰ ਵਾਂਙ ਲੇਹਾ।

ਤੁਸੀਂ ਦੇਸ ਰੱਖੋ ਅਸੀਂ ਛੱਡ ਚੱਲੇ, ਲਾਹ ਝਗੜਾ ਭਾਬੀਏ ਗੱਲ ਏਹਾ।

ਹਥ ਪਕੜ ਕੇ ਜੁੱਤੀਆਂ ਮਾਰ ਬੁੱਕਲ, ਰਾਂਝਾ ਹੋਇ ਟੁਰਿਆ ਵਾਰਿਸ ਸ਼ਾਹ ਜੇਹਾ।

26

ਰਾਂਝੇ ਦੇ ਘਰੋਂ ਜਾਣ ਦੀ ਭਰਾਵਾਂ ਨੂੰ ਖ਼ਬਰ ਮਿਲਣੀ

ਖ਼ਬਰ ਭਾਈਆਂ ਨੂੰ ਲੋਕਾਂ ਜਾਇ ਦਿੱਤੀ, ਧੀਦੋ ਰੁੱਸ ਹਜ਼ਾਰਿਉਂ ਚਲਿਆ ਜੇ।

ਹਲ ਵਾਹੁਣਾ ਓਸ ਤੋਂ ਹੋਏ ਨਾਹੀਂ, ਮਾਰ ਬੋਲੀਆਂ ਭਾਬੀਆਂ ਸੱਲਿਆ ਜੇ।

ਪਕੜ ਰਾਹ ਟੁਰਿਆ, ਹੰਝੂ ਨੈਣ ਰੋਵਣ, ਜਿਵੇਂ ਨਦੀ ਦਾ ਨੀਰ ਉਛੱਲਿਆ ਜੇ।

ਵਾਰਿਸ ਸ਼ਾਹ ਅੱਗੋਂ ਵੀਰ ਦੇ ਵਾਸਤੇ ਭਾਈਆਂ ਨੇ, ਅਧਵਾਟਿਉ ਰਾਹ ਜਾ ਮੱਲਿਆ ਜੇ।

27

ਵਾਕ ਕਵੀ

ਰੂਹ ਛੱਡ ਕਲਬੂਤ ਜਿਉਂ ਵਿਦਾਅ ਹੁੰਦਾ, ਤਿਵੇਂ ਏਹ ਦਰਵੇਸ਼ ਸਿਧਾਰਿਆ ਈ।

ਅੰਨ ਪਾਣੀ ਹਜ਼ਾਰੇ ਦਾ ਕਸਮ ਕਰਕੇ, ਕਸਦ ਝੰਗ ਸਿਆਲ ਚਿਤਾਰਿਆ ਈ।

ਕੀਤਾ ਰਿਜ਼ਕ ਨੇ ਆਣ ਉਦਾਸ ਰਾਂਝਾ, ਚਲੋ ਚਲੀ ਹੀ ਜੀਉ ਪੁਕਾਰਿਆ ਈ।

ਕੱਛੇ ਵੰਝਲੀ ਮਾਰ ਕੇ ਰਵਾਂ ਹੋਇਆ, ਵਾਰਿਸ ਸ਼ਾਹ ਨੇ ਵਤਨ ਵਿਸਾਰਿਆ ਈ।

28

ਰਾਂਝੇ ਦੇ ਭਰਾ

ਆਖ ਰਾਂਝਿਆ ਭਾ ਕੀ ਬਣੀ ਤੇਰੇ, ਦੇਸ ਆਪਣਾ ਛੱਡ ਸਿਧਾਰ ਨਾਹੀਂ।

ਵੀਰਾ ਅੰਬੜੀ ਜਾਇਆ ਜਾਹ ਨਾਹੀਂ, ਸਾਨੂੰ ਨਾਲ ਫ਼ਿਰਾਕ ਦੇ ਮਾਰ ਨਾਹੀਂ।

ਏਹ ਬਾਂਦੀਆਂ ਤੇ ਅਸੀਂ ਵੀਰ ਤੇਰੇ, ਕੋਈ ਹੋਰ ਵਿਚਾਰ ਵਿਚਾਰ ਨਾਹੀਂ।

ਬਖ਼ਸ਼ ਇਹ ਗੁਨਾਹ ਤੂੰ ਭਾਬੀਆਂ ਨੂੰ, ਕੌਣ ਜੰਮਿਆ ਜੋ ਗੁਨਾਹਗਾਰ ਨਾਹੀਂ।

ਭਾਈਆਂ ਬਾਝ ਨਾ ਮਜਲਸਾਂ ਸੋਂਹਦੀਆਂ ਨੇ, ਅਤੇ ਭਾਈਆਂ ਬਾਝ ਬਹਾਰ ਨਾਹੀਂ।

ਭਾਈ ਮਰਨ ਤੇ ਪੈਂਦੀਆਂ ਭਜ ਬਾਹਾਂ, ਬਿਨਾਂ ਭਾਈਆਂ ਪਰ੍ਹੇ ਪਰਵਾਰ ਨਾਹੀਂ।

ਲੱਖ ਓਟ ਹੈ ਕੋਲ ਵਸੇਂਦਿਆਂ ਦੀ, ਭਾਈਆਂ ਗਿਆਂ ਜੇਡੀ ਕੋਈ ਹਾਰ ਨਾਹੀਂ।

ਭਾਈ ਢਾਂਵਦੇ ਭਾਈ ਉਸਾਰਦੇ ਨੇ, ਭਾਈਆਂ ਬਾਝ ਬਾਹਾਂ ਬੇਲੀ ਯਾਰ ਨਾਹੀਂ।

29

ਰਾਂਝਾ

ਰਾਂਝੇ ਆਖਿਆ ਉਠਿਆ ਰਿਜ਼ਕ ਮੇਰਾ, ਮੈਥੋਂ ਭਾਈਓ ਤੁਸੀਂ ਕੀ ਮੰਗਦੇ ਹੋ।

ਸਾਂਭ ਲਿਆ ਜੇ ਬਾਪ ਦਾ ਮਿਲਖ ਸਾਰਾ, ਤੁਸੀਂ ਸਾਕ ਨਾ ਸੈਨ ਨਾ ਅੰਗ ਦੇ ਹੋ।

ਵਸ ਲੱਗੇ ਤਾਂ ਮਨਸੂਰ ਵਾਂਙੂੰ, ਮੈਨੂੰ ਚਾਇ ਸੂਲੀ ਉਤੇ ਟੰਗਦੇ ਹੋ।

ਵਿੱਚੋਂ ਖ਼ੁਸ਼ੀ ਹੋ ਅਸਾਂ ਦੇ ਨਿਕਲਣੇ 'ਤੇ, ਮੂੰਹੋਂ ਆਖਦੇ ਗੱਲ ਕਿਉਂ ਸੰਗਦੇ ਹੋ।

30

ਭਾਬੀਆਂ

ਭਰਜਾਈਆਂ ਆਖਿਆ ਰਾਂਝਿਆ ਵੇ, ਅਸੀਂ ਬਾਂਦੀਆਂ ਤੇਰੀਆਂ ਹੁੰਨੀਆਂ ਹਾਂ।

ਨਾਉਂ ਲਿਆ ਹੈ ਜਦੋਂ ਤੂੰ ਜਾਵਣੇ ਦਾ, ਅਸੀਂ ਹੰਝੂਆਂ ਰੱਤ ਦੀਆਂ ਰੁੰਨੀਆਂ ਹਾਂ।

ਜਾਨ ਮਾਲ ਕੁਰਬਾਨ ਹੈ ਤੁਧ ਉਤੋਂ, ਅਤੇ ਆਪ ਵੀ ਚੋਖਣੇ ਹੁੰਨੀਆਂ ਹਾਂ।

ਸਾਨੂੰ ਸਬਰ ਕਰਾਰ ਨਾ ਆਂਵਦਾ ਹੈ, ਵਾਰਿਸ ਸ਼ਾਹ ਥੋਂ ਜਦੋਂ ਵਿਛੁੰਨੀਆਂ ਹਾਂ।

31

ਰਾਂਝਾ

ਭਾਬੀ ਰਿਜ਼ਕ ਉਦਾਸ ਜਾਂ ਹੋ ਟੁਰਿਆ, ਹੁਣ ਕਾਸ ਨੂੰ ਘੇਰ ਕੇ ਠਗਦੀਆਂ ਹੋ।

ਪਹਿਲਾਂ ਸਾੜ ਕੇ ਜੀਊ ਨਿਮਾਨੜੇ ਦਾ, ਪਿੱਛੋਂ ਮਲ੍ਹਮਾਂ ਲਾਵਣੇ ਲਗਦੀਆਂ ਹੋ।

ਭਾਈ ਸਾਕ ਸਨ ਸੋ ਤੁਸਾਂ ਵੱਖ ਕੀਤੇ, ਤੁਸੀਂ ਸਾਕ ਕੀ ਸਾਡੀਆਂ ਲਗਦੀਆਂ ਹੋ।

ਅਸੀਂ ਕੋਝੜੇ ਰੂਪ ਕਰੂਪ ਵਾਲੇ, ਤੁਸੀਂ ਜੋਬਨੇ ਦੀਆ ਨਈਂ ਵਗਦੀਆਂ ਹੋ।

ਅਸਾਂ ਆਬ ਤੇ ਤੁਆਮ ਹਰਾਮ ਕੀਤਾ, ਤੁਸੀਂ ਠਗਣੀਆਂ ਸਾਰੜੇ ਜੱਗਦੀਆਂ ਹੋ।

ਵਾਰਿਸ਼ ਸ਼ਾਹ ਇਕੱਲੜੇ ਕੀ ਕਰਨਾ, ਤੁਸੀਂ ਸਤ ਇਕੱਠੀਆਂ ਵਗਦੀਆਂ ਹੋ।

32

ਰਾਂਝੇ ਦਾ ਮਸੀਤ ਵਿੱਚ ਪੁੱਜਣਾ

ਵਾਹ ਲਾਇ ਰਹੇ ਭਾਈ ਭਾਬੀਆਂ ਭੀ, ਰਾਂਝਾ ਰੁਠ ਹਜ਼ਾਰਿਉਂ ਧਾਇਆ ਏ।

ਭੁਖ ਨੰਗ ਨੂੰ ਝਾਗ ਕੇ ਪੰਧ ਕਰਕੇ, ਰਾਤੀਂ ਵਿੱਚ ਮਸੀਤ ਦੇ ਆਇਆ ਏ।

ਹਥ ਵੰਝਲੀ ਪਕੜ ਕੇ ਰਾਤ ਅੱਧੀ, ਰਾਂਝੇ ਮਜ਼ਾ ਭੀ ਖ਼ੂਬ ਬਣਾਇਆ ਏ।

ਰੰਨ ਮਰਦ ਨਾ ਪਿੰਡ ਵਿੱਚ ਰਹਿਆ ਕੋਈ, ਸਭਾ ਗਿਰਦ ਮਸੀਤ ਦੇ ਆਇਆ ਏ।

ਵਾਰਿਸ ਸ਼ਾਹ ਮੀਆਂ ਪੰਡ ਝਗੜਿਆਂ ਦੀ, ਪਿੱਛੋਂ ਮੁੱਲਾਂ ਮਸੀਤ ਦਾ ਆਇਆ ਏ।

33

ਮਸੀਤ ਦੀ ਸਿਫ਼ਤ

ਮਸਜਿਦ ਬੈਤੁਲ-ਅਤੀਕ ਮਿਸਾਲ ਆਹੀ, ਖ਼ਾਨਾ ਕਾਅਬਿਉਂ ਡੌਲ ਉਤਾਰਿਆ ਨੇ।

ਗੋਇਆ ਅਕਸਾ ਦੇ ਨਾਲ ਦੀ ਭੈਣ ਦੂਈ, ਸ਼ਾਇਦ ਸੰਦਲੀ ਨੂਰ ਉਸਾਰਿਆ ਨੇ।

ਪੜ੍ਹਨ ਫਾਜ਼ਿਲ ਦਰਸ ਦਰਵੇਸ਼ ਮੁਫਤੀ, ਖ਼ੂਬ ਕੱਢੀ ਇਲਹਾਨਿ-ਪੁਰਕਾਰਿਆ ਨੇ।

ਤਾਅਲੀਲ ਮੀਜ਼ਾਨ ਤੇ ਸਰਫ ਵਾਹੀ, ਸਰਫ਼ ਮੀਰ ਭੀ ਯਾਦ ਪੁਕਾਰਿਆ ਨੇ।

ਕਾਜ਼ੀ ਕੁਤਬ ਤੇ ਕਨਜ਼ ਅਨਵਾਹ ਚੌਦਾਂ, ਮਸਊਦੀਆਂ ਜਿਲਦ ਸਵਾਰਿਆ ਨੇ।

ਖ਼ਾਨੀ ਨਾਲ ਮਜਮੂਆ ਸੁਲਤਾਨੀਆਂ ਦੇ, ਅਤੇ ਹੈਰਤੁਲ-ਫਿਕਾ ਨਵਾਰਿਆ ਨੇ।

ਫ਼ਤਵ ਬਰਹਿਨਾ ਮਨਜ਼ੂਮ ਸ਼ਾਹਾਂ, ਨਾਲ ਜ਼ਬਦੀਆਂ ਹਿਫ਼ਜ਼ ਕਰਾਰਿਆ ਨੇ।

ਮਾਰਜ਼ੁਲ ਨਬੁਵਤਾਂ ਅਤੇ ਫ਼ਲਾਸਿਆਂ ਤੋਂ, ਰੌਜ਼ੇ ਨਾਲ ਇਖ਼ਲਾਸ ਪਸਾਰਿਆ ਨੇ।

ਜ਼ੱਰਾਦੀਆਂ ਦੇ ਨਾਲ ਸ਼ਰ੍ਹਾ ਮੁੱਲਾਂ, ਜ਼ਿਨਜਾਨੀਆਂ ਨਹਿਵ ਨਤਾਰਿਆ ਨੇ।

ਕਰਨ ਹਿਫਜ਼ ਕੁਰਾਨ ਤਫ਼ਸੀਰ ਦੌਰਾਂ, ਗ਼ੈਰ ਸ਼ਰ੍ਹਾ ਨੂੰ ਦੁੱਰਿਆਂ ਮਾਰਿਆ ਨੇ।

34

ਬੱਚੇ ਜੋ ਪੜ੍ਹਦੇ ਹਨ

ਇੱਕ ਨਜ਼ਮ ਦੇ ਦਰਸ ਹਰਕਰਨ ਪੜ੍ਹਦੇ, ਨਾਮ ਹੱਕ ਅਤੇ ਖ਼ਾਲਿਕ ਬਾਰੀਆਂ ਨੇ।

ਗੁਲਿਸਤਾਂ ਬੋਸਤਾਂ ਨਾਲ ਬਹਾਰ-ਦਾਨਿਸ਼, ਤੂਤੀਨਾਮਿਉਂ ਵਾਹਿਦ-ਬਾਰੀਆਂ ਨੇ।

ਮੁਨਸ਼ਾਤ ਨਸਾਬ ਤੇ ਅੱਬੁਲਫ਼ਜ਼ਲਾਂ, ਸ਼ਾਹਨਾਮਿਉਂ ਰਾਜ਼ਕ-ਬਾਰੀਆਂ ਨੇ।

ਕਿਰਾਨੁਲ ਸਾਦੈਨ ਦੀਵਾਨ ਹਾਫਿਜ਼, ਸ਼ੀਰੀਂ ਖ਼ੁਸਰਵਾਂ ਲਿਖ ਸਵਾਰੀਆਂ ਨੇ।

35

ਬੱਚਿਆਂ ਦਾ ਪੜ੍ਹਨਾ

ਕਲਮਦਾਨ ਦਫ਼ਤੈਨ ਦਵਾਤ ਪੱਟੀ, ਨਾਵੇਂ ਏਮਲੀ ਵੇਖਦੇ ਲੜਕਿਆਂ ਦੇ।

ਲਿਖਣ ਨਾਲ ਮਸੌਦੇ ਸਿਆਕ ਖ਼ਸਰੇ, ਸਿਆੇ ਅਵਾਰਜ਼ੇ ਲਿਖਦੇ ਵਰਕਿਆਂ ਦੇ।

ਇੱਕ ਭੁਲ ਕੇ ਐਨ ਦਾ ਗ਼ੈਨ ਵਾਚਣ, ਮੁੱਲਾਂ ਜਿੰਦ ਕੱਢੇ ਨਾਲ ਕੜਕਿਆਂ ਦੇ।

ਇੱਕ ਆਂਵਦੇ ਸ਼ੌਕ ਜੁਜ਼ਦਾਨ ਲੈ ਕੇ, ਵਿੱਚ ਮਕਤਬਾਂ ਦੇ ਨਾਲ ਤੜਕਿਆਂ ਦੇ।

36

ਮੁੱਲਾਂ ਤੇ ਰਾਂਝੇ ਦੇ ਸਵਾਲ-ਜਵਾਬ

ਮੁੱਲਾਂ ਆਖਿਆ ਚੂਨੀਆਂਚੂੰਡਿਆਂ ਦੇਖਦਿਆਂ ਈ ਗ਼ੈਰ ਸ਼ਰ੍ਹਾ ਤੂੰ ਕੌਣ ਹੈਂ ਦੂਰ ਹੋ ਓਏ।

ਏਥੇ ਲੁਚਿਆਂ ਦੀ ਕਾਈ ਜਾ ਨਾਹੀਂ ,ਪਟੇ ਦੂਰ ਕਰ ਹੱਕ ਮਨਜ਼ੂਰ ਹੋ ਓਏ।

ਅਨਲਹੱਕ ਕਹਾਵਣਾ ਕਿਬਰ ਕਰਕੇ, ਓੜਕ ਮਰੇਂਗਾ ਵਾਂਙ ਮਨਸੂਰ ਹੋ ਓਏ।

ਵਾਰਿਸ ਸ਼ਾਹ ਨਾ ਹਿੰਗ ਦੀ ਬਾਸ ਛੁਪਦੀ, ਭਾਵੇਂ ਰਸਮਸੀ ਵਿੱਚ ਕਾਫ਼ੂਰ ਹੋ ਓਏ।

37

ਰਾਂਝਾ

ਦਾੜ੍ਹੀ ਸ਼ੇਖ਼ ਦੀ ਅਮਲ ਸ਼ੈਤਾਨ ਵਾਲੇ, ਕੇਹਾ ਰਾਣਿਓ ਜਾਂਦਿਆਂ ਰਾਹੀਆਂ ਨੂੰ।

ਅੱਗੇ ਕਢੱ ਕੁਰਾਨ ਤੇ ਬਹੇ ਮਿੰਬਰ ,ਕੇਹਾ ਅਡਿਓ ਮਕਰ ਦੀਆਂ ਫਾਹੀਆਂ ਨੂੰ।

ਏਹ ਪਲੀਤ ਤੇ ਪਾਕ ਦਾ ਕਰੋ ਵਾਕਿਫ਼, ਅਸੀਂ ਜਾਣੀਏਂ ਸ਼ਰ੍ਹਾ ਗਵਾਹੀਆਂ ਨੂੰ।

ਜਿਹੜੇ ਥਾਂਓਂ ਨਾਪਾਕ ਦੇ ਵਿੱਚ ਵੜਿਓਂ, ਸ਼ੁਕਰ ਰਬ ਦੀਆਂ ਬੇਪਰਵਾਹੀਆਂ ਨੂੰ।

ਵਾਰਿਸ ਸ਼ਾਹ ਵਿੱਚ ਹੁਜਰਿਆਂ ਫ਼ਿਅਲ ਕਰਦੇ, ਮੁੱਲਾ ਜੋਤਰੇ ਲਾਂਵਦੇ ਵਾਹੀਆ ਨੂੰ।

38

ਮੁੱਲਾਂ

ਘਰ ਰਬ ਦੇ ਮਸਜਿਦਾਂ ਹੁੰਦੀਆਂ ਨੇ, ਏਥੇ ਗ਼ੈਰ ਸ਼ਰ੍ਹਾ ਨਾਹੀਂ ਵਾੜੀਏ ਓਏ।

ਕੁੱਤਾ ਅਤੇ ਫ਼ਕੀਰ ਪਲੀਤ ਹੋਵੇ, ਨਾਲ ਦੁੱਰਿਆਂ ਬੰਨ੍ਹ ਕੇ ਮਾਰੀਏ ਓਏ।

ਤਾਰਕ ਹੋ ਸਲਾਤ ਦਾ ਪਟੇ ਰੱਖੇ, ਲੱਬਾਂ ਵਾਲਿਆਂ ਮਾਰ ਪਛਾੜਈਏ ਓਏ।

ਨੀਵਾਂ ਕਪੜਾ ਹੋਵੇ ਤਾਂ ਪਾੜ ਸੁੱਟੀਏ, ਲੱਬਾਂ ਹੋਣ ਦਰਾਜ਼ ਤਾਂ ਸਾੜੀਏ ਓਏ।

ਜਿਹੜਾ ਫ਼ਿਕਾ ਅਸੂਲ ਦਾ ਨਹੀਂ ਵਾਕਿਫ਼, ਉਹਨੂੰ ਤੁਰਤ ਸੂਲੀ ਉੱਤੇ ਚਾੜ੍ਹੀਏ ਓਏ।

ਵਾਰਿਸ ਸ਼ਾਹ ਖ਼ੁਦਾ ਦਿਆਂ ਦੁਸ਼ਮਣਾਂ ਨੂੰ, ਦੂਰੋਂ ਕੁੱਤਿਆਂ ਵਾਂਗ ਦੁਰਕਾਰੀਏ ਓਏ।

39

ਰਾਂਝਾ

ਸਾਨੂੰ ਦੱਸ ਨਮਾਜ਼ ਹੈ ਕਾਸਦੀ ਜੀ, ਕਾਸ ਨਾਲ ਬਣਾਇ ਕੇ ਸਾਰੀਆ ਨੇ।

ਕੰਨ ਨਕ ਨਮਾਜ਼ ਦੇ ਹੈਣ ਕਿਤਨੇ, ਮੱਥੇ ਕਿਨ੍ਹਾਂ ਦੇ ਧੁਰੋਂ ਇਹ ਮਾਰੀਆ ਨੇ।

ਲੰਬੇ ਕੱਦ ਚੌੜੀ ਕਿਸ ਹਾਣ ਦੀ ਹੈ, ਕਿਸ ਚੀਜ਼ ਦੇ ਨਾਲ ਸਵਾਰੀਆ ਨੇ।

ਵਾਰਿਸ ਕਿੱਲੀਆਂ ਕਿਤਨੀਆਂ ਉਸ ਦੀਆਂ ਨੇ, ਜਿਸ ਨਾਲ ਇਹ ਬੰਨ੍ਹ ਉਤਾਰੀਆ ਨੇ।

40

ਮੁੱਲਾਂ

ਅਸਾਂ ਫ਼ਿੱਕਾ ਅਸੂਲ ਨੂੰ ਸਹੀ ਕੀਤਾ, ਗ਼ੈਰ ਸ਼ਰ੍ਹਾ ਮਰਦੂਦ ਨੂੰ ਮਾਰਨੇ ਆਂ।

ਅਸਾਂ ਦੱਸਣੇ ਕੰਮ ਇਬਾਦਤਾਂ ਦੇ ਪੁਲ ਸਰਾਤ ਤੋਂ ਪਾਰ ਉਤਾਰਨੇ ਆਂ।

ਫਰਜ਼ ਸੁੰਨਤਾਂ ਵਾਜਬਾਂ ਨਫਲ ਵਿਤਰਾਂ, ਨਾਲ ਜਾਇਜ਼ਾ ਸਚ ਨਿਤਾਰਨੇ ਆਂ।

ਵਾਰਿਸ ਸ਼ਾਹ ਜਮਾਇਤ ਦੇ ਤਾਰਕਾਂ ਨੂੰ, ਤਾਜ਼ਿਆਨਿਆਂ ਦੁੱਰਿਆਂ ਮਾਰਨੇ ਆਂ।

41

ਰਾਂਝਾ

ਬਾਸ ਹਲਵਿਆਂ ਦੀ ਖ਼ਬਰ ਮੁਰਦਿਆਂ ਦੀ ਨਾਲ ਦੁਆਈ ਦੇ ਜੀਂਵਦੇ ਮਾਰਦੇ ਹੋ।

ਅੰਨ੍ਹੇ ਕੋੜ੍ਹਿਆਂ ਲੂਲਿਆਂ ਵਾਂਗ ਬੈਠੇ, ਕੁਰ੍ਹਾ ਮਰਨ ਜਮਾਣ ਦਾ ਮਾਰਦੇ ਹੋ।

ਸ਼ਰ੍ਹਾ ਚਾਇ ਸਰਪੋਸ਼ ਬਣਾਇਆ ਜੇ, ਰਵਾਦਾਰ ਵੱਡੇ ਗੁਨ੍ਹਾਗਾਰ ਦੇ ਹੋ।

ਵਾਰਸ ਸ਼ਾਹ ਮੁਸਾਫਰਾਂ ਆਇਆਂ ਨੂੰ, ਚੱਲੋ ਚਲੀ ਹੀ ਪਏ ਪੁਕਾਰਦੇ ਹੋ।

42

ਮੁੱਲਾਂ

ਮੁੱਲਾਂ ਆਖਿਆ ਨਾਮਾਕੂਲ ਜੱਟਾ, ਫ਼ਜ਼ਰ ਕੱਟ ਕੇ ਰਾਤ ਗੁਜ਼ਾਰ ਜਾਈਂ।

ਫ਼ਜ਼ਰ ਹੁੰਦੀ ਥੋਂ ਅੱਗੇ ਹੀ ਉਠ ਏਥੋਂ, ਸਿਰ ਕੱਜ ਕੇ ਮਸਜਦੋਂ ਨਿਕਲ ਜਾਈਂ।

ਘਰ ਰੱਬ ਦੇ ਨਾਲ ਨਾ ਬੰਨ੍ਹ ਝੇੜਾ, ਅਜ਼ਗ਼ੈਬ ਦੀਆਂ ਹੁਜੱਤਾਂ ਨਾ ਉਠਾਈਂ।

ਵਾਰਿਸ ਸ਼ਾਹ ਖ਼ੁਦਾ ਦੇ ਖ਼ਾਨਿਆਂ ਨੂੰ, ਇਹ ਮੁੱਲਾ ਭੀ ਚੰਬੜੇ ਹੈਣ ਬਲਾਈਂ।

43

ਰਾਂਝੇ ਦਾ ਮਸੀਤੋਂ ਜਾਣਾਂ ਅਤੇ ਨਦੀ ਤੇ ਪੁੱਜਣਾ

ਚਿੜੀ ਚੂਹਕਦੀ ਨਾਲ ਜਾਂ ਟੁਰੇ ਪਾਂਧੀ, ਪਈਆਂ ਦੁਧ ਦੇ ਵਿੱਚ ਮਧਾਣੀਆਂ ਨੀ।

ਉਠ ਗ਼ੁਸਲ ਦੇ ਵਾਸਤੇ ਜਾ ਪਹੁਤੇ, ਸੇਜਾਂ ਰਾਤ ਨੂੰ ਜਿਨ੍ਹਾਂ ਨੇ ਮਾਣੀਆਂ ਨੀ।

ਰਾਂਝੇ ਕੂਚ ਕੀਤਾ ਆਇਆ ਨਦੀ ਉਤੇ, ਸਾਥ ਲੱਦਿਆ ਪਾਰ ਮੁਹਾਣਿਆਂ ਨੇ।

ਵਾਰਿਸ ਸ਼ਾਹ ਮੀਆਂ ਲੁੱਡਣ ਵਡਾ ਕੁੱਪਨ, ਕੁੱਪਾ ਸ਼ਹਿਦ ਦਾ ਲੱਦਿਆ ਬਾਣੀਆਂ ਨੇ।

44

ਰਾਂਝਾ ਮਲਾਹ ਦੇ ਤਰਲੇ ਕਰਦਾ ਹੈ

ਰਾਂਝੇ ਆਖਿਆ ਪਰ ਲੰਘਾ ਮੀਆਂ, ਮੈਨੂੰ ਚਾੜ੍ਹ ਲੈ ਰੱਬ ਦੇ ਵਾਸਤੇ ਤੇ।

ਹਥ ਜੋੜ ਕੇ ਮਿੰਨਤਾ ਕਰੇ ਰਾਂਝਾ, ਤਰਲਾ ਕਰਾਂ ਮੈਂ ਝੱਬ ਦੇ ਵਾਸਤੇ ਤੇ।

ਤੁਸੀਂ ਚਾੜ੍ਹ ਲਵੋ ਮੈਨੂੰ ਵਿਚ ਬੇੜੀ, ਚੱਪੂ ਧਿਕਸਾਂ ਦੱਬ ਦੇ ਵਾਸਤੇ ਤੇ।

ਰੁੱਸ ਆਇਆ ਹਾਂ ਨਾਲ ਭਾਬੀਆਂ ਦੇ, ਮਿੰਨਤਾਂ ਕਰਾਂ ਸਬੱਬ ਦੇ ਵਾਸਤੇ ਤੇ।

45

ਮਲਾਹ

ਪੈਸਾ ਖੋਲ੍ਹ ਕੇ ਹੱਥ ਜੋ ਧਰੇ ਮੇਰੇ, ਗੋਦੀ ਚਾਇ ਕੇ ਪਾਰ ਉਤਾਰਨਾ ਹਾਂ।

ਅਤੇ ਢੇਕਿਆ ! ਮੁਫ਼ਤ ਜੇ ਕੰਨ ਖਾਏਂ, ਚਾਇ ਬੇੜੀਉਂ ਜ਼ਿਮੀਂ ਤੇ ਮਾਰਨਾ ਹਾਂ।

ਜਿਹੜਾ ਕੱਪੜਾ ਦਏ ਤੇ ਨਕਦ ਮੈਨੂੰ, ਸੱਭੋ ਓਸ ਦੇ ਕੰਮ ਸਵਾਰਨਾ ਹਾਂ।

ਜ਼ੋਰਾਵਰੀ ਜੋ ਆਣ ਕੇ ਚੜ੍ਹੇ ਬੇੜੀ, ਅਧਵਾਟੜੇ ਡੋਬ ਕੇ ਮਾਰਨਾ ਹਾਂ।

ਡੂਮਾਂ ਅਤੇ ਫ਼ਕੀਰਾਂ ਤੇ ਮੁਫ਼ਤਖ਼ੋਰਾਂ, ਦੂਰੋਂ ਕੁੱਤਿਆਂ ਵਾਂਗ ਦੁਰਕਾਰਨਾ ਹਾਂ।

ਵਾਰਿਸ ਸ਼ਾਹ ਜਿਹਿਆਂ ਪੀਰ ਜ਼ਾਦਿਆਂ ਨੂੰ, ਮੁੱਢੋਂ ਬੇੜੀ ਦੇ ਵਿੱਚ ਨਾ ਵਾੜਨਾ ਹਾਂ।

46

ਵਾਕ ਕਵੀ

ਰਾਂਝਾ ਮਿੰਨਤਾਂ ਕਰਕੇ ਥੱਕ ਰਹਿਆ, ਅੰਤ ਹੋ ਕੰਧੀ ਪਰ੍ਹਾਂ ਜਾਇ ਬੈਠਾ।

ਛਡ ਅੱਗ ਬੇਗਾਨੜੀ ਹੋ ਗੋਸ਼ੇ, ਪ੍ਰੇਮ ਢਾਂਡੜੀ ਵੱਖ ਜਗਾਇ ਬੈਠਾ।

ਗਾਵੇ ਸੱਦ ਫ਼ਿਰਾਕ ਦੇ ਨਾਲ ਰੋਵੇ, ਉਤੇ ਵੰਝਲੀ ਸ਼ਬਦ ਵਜਾਇ ਬੈਠਾ।

ਜੋ ਕੋ ਆਦਮੀ ਤ੍ਰੀਮਤਾਂ ਮਰਦ ਹੈ ਸਨ, ਪੱਤਣ ਛੱਡ ਕੇ ਓਸ ਥੇ ਜਾਇ ਬੈਠਾ।

ਰੰਨਾਂ ਲੁੱਡਣ ਝਬੇਲ ਦੀਆਂ ਭਰਨ ਮੁੱਠੀ, ਪੈਰ ਦੋਹਾਂ ਦੀ ਹਿਕ ਟਿਕਾਇ ਬੈਠਾ।

ਗੁੱਸਾ ਖਾਇਕੇ ਲਏ ਝਬੇਲ ਝਈਆਂ, ਅਤੇ ਦੋਹਾਂ ਨੂੰ ਹਾਕ ਬੁਲਾਇ ਬੈਠਾ।

ਪਿੰਡਾ ! ਬਾਹੁੜੀਂ ਜਟ ਲੈ ਜਾਗ ਰੰਨਾਂ, ਕੇਹਾ ਸ਼ੁਗਲ ਹੈ ਆਣ ਜਗਾਇ ਬੈਠਾ।

ਵਾਰਿਸ ਸ਼ਾਹ ਇਸ ਮੋਹੀਆਂ ਮਰਦ ਰੰਨਾਂ, ਨਹੀਂ ਜਾਣਦੇ ਕੌਣ ਬਲਾਇ ਬੈਠਾ।

47

ਲੁੱਡਣ ਮਲਾਹ ਦਾ ਹਾਲ ਪਾਹਰਿਆ

ਲੁੱਡਣ ਕਰੇ ਬਕਵਾਸ ਜਿਉਂ ਆਦਮੀ ਨੂੰ, ਯਾਰੋ ਵਸਵਸਾ ਆਣ ਸ਼ੈਤਾਨ ਕੀਤਾ।

ਦੇਖ ਸ਼ੋਰ ਫਸਾਦ ਝਬੇਲ ਸੰਦਾ, ਮੀਏਂ ਰਾਂਝੇ ਨੇ ਜੀਉ ਹੈਰਾਨ ਕੀਤਾ।

ਬਨ੍ਹ ਸਿਰੇ ਤੇ ਵਾਲ ਤਿਆਰ ਹੋਇਆ, ਤੁਰ ਠਿੱਲ੍ਹਣੇ ਦਾ ਸਮਿਆਨ ਕੀਤਾ।

ਰੰਨਾਂ ਲੁੱਡਣ ਦੀਆਂ ਦੇਖ ਰਹਿਮ ਕੀਤਾ, ਜੋ ਕੁੱਝ ਨਬੀ ਨੇ ਨਾਲ ਮਹਿਮਾਨ ਕੀਤਾ।

ਇਹੋ ਜਿਹੇ ਜੇ ਆਦਮੀ ਹੱਥ ਆਵਣ, ਜਾਨ ਮਾਲ ਪਰਵਾਰ ਕੁਰਬਾਨ ਕੀਤਾ।

ਆਉ ਕਰਾਂ ਹੈਂ ਏਸ ਦੀ ਮਿੰਨਤ ਜ਼ਾਰੀ, ਵਾਰਿਸ ਕਾਸ ਥੋਂ ਦਿਲ ਪਰੇਸ਼ਾਨ ਕੀਤਾ।

48

ਮਲਾਹ ਦੀਆਂ ਰੰਨਾ ਦਾ ਰਾਂਝੇ ਨੂੰ ਤਸੱਲੀ ਦੇਣਾ

ਸੈਈਂ ਵੰਝੀਂ ਝਨਾਉਂ ਦਾ ਅੰਤ ਨਾਹੀਂ, ਡੁਬ ਮਰੇਂਗਾ ਠਿਲ੍ਹ ਨਾ ਸੱਜਣਾ ਵੋ।

ਚਾੜ੍ਹ ਮੋਢਿਆਂ ਤੇ ਤੈਨੂੰ ਅਸੀਂ ਠਿੱਲ੍ਹਾਂ, ਕੋਈ ਜਾਨ ਤੋਂ ਢਿਲ ਨਾ ਸੱਜਣਾ ਵੋ।

ਸਾਡਾ ਅਕਲ ਸ਼ਊਰ ਤੂੰ ਖੱਸ ਲੀਤਾ, ਰਿਹਿਆ ਕੁਖੜਾ ਹਿਲ ਨਾ ਸੱਜਣਾ ਵੋ।

ਸਾਡੀਆਂ ਅੱਖੀਆਂ ਦੇ ਵਿੱਚ ਵਾਂਗ ਧੀਰੀ, ਡੇਰਾ ਘਤ ਬਹੁ ਹਿਲ ਨਾ ਸੱਜਣਾ ਵੋ।

ਵਾਰਸ ਸ਼ਾਹ ਮੀਆਂ ਤੇਰੇ ਚੌਖਨੇ ਹਾਂ, ਸਾਡਾ ਕਾਲਜਾ ਸੱਲ ਨਾ ਸੱਜਣਾ ਵੋ।

49

ਮਲਾਹ ਦੀਆਂ ਰੰਨਾਂ ਨੇ ਰਾਂਝੇ ਨੂੰ ਕਿਸ਼ਤੀ ਵਿੱਚ ਚਾੜ੍ਹਨਾ

ਦੋਹਾਂ ਬਾਹਾਂ ਤੋਂ ਪਕੜ ਰੰਝੇਟੜੇ ਨੂੰ, ਮੁੜ ਆਣ ਬੇੜੀ ਵਿੱਚ ਚਾੜ੍ਹਿਆ ਨੇ।

ਤਕਸੀਰ ਮੁਆਫ ਕਰ ਆਦਮੇ ਦੀ, ਮੁੜ ਆਣ ਬਹਿਸ਼ਤ ਵਿੱਚ ਵਾੜਿਆ ਨੇ।

ਗੋਇਆ ਖ਼ਾਬ ਦੇ ਵਿੱਚ ਅਜ਼ਾਜ਼ੀਲ ਢੱਠਾ, ਹੇਠੋਂ ਫੇਰ ਮੁੜ ਅਰਸ਼ ਤੇ ਚਾੜ੍ਹਿਆ ਨੇ।

ਵਾਰਿਸ ਸ਼ਾਹ ਨੂੰ ਤੁਰਤ ਨੁਹਾਇਕੇ ਤੇ, ਬੀਵੀ ਹੀਰ ਦੇ ਪਲੰਘ ਤੇ ਚਾੜ੍ਹਿਆ ਨੇ।

50

ਰਾਂਝੇ ਦਾ ਪਲੰਘ ਬਾਰੇ ਪੁੱਛਣਾ

ਯਾਰੋ ਪਲੰਘ ਕੇਹਾ ਸੁੰਞੀ ਸੇਜ ਆਹੀ, ਲੋਕਾਂ ਆਖਿਆ ਹੀਰ ਜਟੇਟੜੀ ਦਾ।

ਬਾਦਸ਼ਾਹ ਸਿਆਲਾਂ ਦੇ ਤ੍ਰਿੰਞਣਾਂ ਦੀ, ਮਹਿਰ ਚੂਚਕੇ ਖ਼ਾਨ ਦੀ ਬੇਟੜੀ ਦਾ।

ਸ਼ਾਹ-ਪਰੀ ਪਨਾਹ ਨਿਤ ਲਏ ਜਿਸ ਥੋਂ, ਏਹ ਥਾਉਂ ਉਸ ਮੁਸ਼ਕ ਲਪੇਟੜੀ ਦਾ।

ਅਸੀਂ ਸਭ ਝਬੇਲ ਤੇ ਘਾਟ ਪੱਤਣ, ਸੱਭਾ ਹੁਕਮ ਹੈ ਓਸ ਸਲੇਟੜੀ ਦਾ।

51

ਮਲਾਹ ਦਾ ਗੁੱਸਾ ਅਤੇ ਬੇਕਰਾਰੀ

ਬੇੜੀ ਨਹੀਂ ਇਹ ਜੰਞ ਦੀ ਬਣੀ ਬੈਠਕ, ਜੋ ਕੋ ਆਂਵਦਾ ਸੱਦ ਬਹਾਵੰਦਾ ਹੈ।

ਗਡਾ-ਵਡ ਅਮੀਰ ਫ਼ਕੀਰ ਬੈਠੇ, ਕੌਣ ਪੁਛਦਾ ਕਿਹੜੇ ਥਾਂਵ ਦਾ ਹੈ।

ਜਿਵੇਂ ਸ਼ਮ੍ਹਾਂ ਤੇ ਡਿਗਣ ਪਤੰਗ ਧੜ ਧੜ, ਲੰਘ ਨਈਂ ਮੁਹਾਇਣਾ ਆਵੰਦਾ ਹੈ।

ਖ਼ਵਾਜਾ ਖ਼ਿਜਰ ਦਾ ਬਾਲਕਾ ਆਣ ਲੱਥਾ, ਜਣਾ ਖਣਾ ਸ਼ਰੀਨੀਆਂ ਲਿਆਂਵਦਾ ਹੈ।

ਲੁੱਡਣ ਨਾ ਲੰਘਾਇਆ ਪਾਰ ਉਸ ਨੂੰ, ਓਸ ਵੇਲੜੇ ਨੂੰ ਪੱਛੋਤਾਂਵਦਾ ਹੈ।

ਯਾਰੋ ਝੂਠ ਨਾ ਕਰੇ ਖ਼ੁਦਾਇ ਸੱਚਾ, ਰੰਨਾਂ ਮੇਰੀਆਂ ਇਹ ਖਿਸਕਾਂਵਦਾ ਹੈ।

ਇੱਕ ਸੱਦ ਦੇ ਨਾਲ ਇਹ ਜਿੰਦ ਲੈਂਦਾ, ਪੰਖੀ ਡੇਗਦਾ ਮਿਰਗ ਫਹਾਂਵਦਾ ਹੈ।

ਠਗ ਸੁਣੇ ਥਾਨੇਸਰੋਂ ਆਂਵਦੇ ਨੇ, ਇਹ ਤਾਂ ਜ਼ਾਹਰਾ ਠਗ ਝਨਾਂਵਦਾ ਹੈ।

ਵਾਰਿਸ ਸ਼ਾਹ ਮੀਆਂ ਵਲੀ ਜ਼ਾਹਰਾ ਹੈ, ਵੇਖ ਹੁਣੇ ਝਬੇਲ ਕੁਟਾਂਵਦਾ ਹੈ।

52

ਰਾਂਝੇ ਦੇ ਆਉਣ ਦੀ ਖ਼ਬਰ

ਜਾਇ ਮਾਹੀਆਂ ਪਿੰਡ ਵਿੱਚ ਗੱਲ ਟੋਰੀ, ਇੱਕ ਸੁਘੜ ਬੇੜੀ ਵਿੱਚ ਗਾਂਵਦਾ ਹੈ।

ਉਹਦੇ ਬੋਲਿਆਂ ਮੁਖ ਥੀਂ ਫੁੱਲ ਕਿਰਦੇ, ਲੱਖ ਲੱਖ ਦਾ ਸੱਦ ਉਹ ਲਾਂਵਦਾ ਹੈ।

ਸਣੇ ਲੁੱਡਣ ਝਬੇਲ ਦੀਆਂ ਦੋਵੇਂ ਰੰਨਾਂ, ਸੇਜ ਹੀਰ ਦੀ ਤੇ ਅੰਗ ਲਾਂਵਦਾ ਹੈ।

ਵਾਰਿਸ ਸ਼ਾਹ ਕਵਾਰੀਆਂ ਆਫ਼ਤਾਂ ਨੇ, ਵੇਖ ਕੇਹਾ ਫ਼ਤੂਰ ਹੁਣ ਪਾਂਵਦਾ ਹੈ।

53

ਲੋਕਾਂ ਦਾ ਰਾਂਝੇ ਨੂੰ ਪੁੱਛਣਾ

ਲੋਕਾਂ ਪੁੱਛਿਆ ਮੀਆਂ ਤੂੰ ਕੌਣ ਹੁੰਦਾ, ਅੰਨ ਕਿਸੇ ਨੇ ਆਣ ਖਵਾਲਿਆ ਈ।

ਤੇਰੀ ਸੂਰਤ ਤੇ ਬਹੁਤ ਮਲੂਕ ਦਿੱਸੇ, ਏਡ ਜਫ਼ਰ ਤੂੰ ਕਾਸ ਤੇ ਜਾਲਿਆ ਈ।

ਅੰਗ ਸਾਕ ਕਿਉਂ ਛਡ ਕੇ ਨੱਸ ਆਇਉਂ, ਬੁੱਢੀ ਮਾਂ ਤੇ ਬਾਪ ਨੂੰ ਗਾਲਿਆ ਈ।

ਓਹਲੇ ਅੱਖੀਆਂ ਦੇ ਤੈਨੂੰ ਕਿਵੇਂ ਕੀਤਾ, ਕਿਨ੍ਹਾਂ ਦੂਤੀਆਂ ਦਾ ਕੌਲ ਪਾਲਿਆ ਈ।

54

ਰਾਂਝੇ ਦਾ ਹੀਰ ਦੇ ਪਲੰਘ ਤੇ ਬੈਠਣਾ

ਹੱਸ ਖੇਡ ਕੇ ਰਾਤ ਗੁਜ਼ਾਰੀਆ ਸੂ, ਸੁਬ੍ਹਾ ਉਠ ਕੇ ਜੀਉ ਉਦਾਸ ਕੀਤਾ।

ਰਾਹ ਜਾਂਦੜੇ ਨੂੰ ਨਦੀ ਨਜ਼ਰ ਆਈ, ਡੇਰਾ ਜਾਇ ਮਲਾਹਾਂ ਦੇ ਪਾਸ ਕੀਤਾ।

ਅੱਗੇ ਪਲੰਘ ਬੇੜੀ ਵਿੱਚ ਵਿਛਿਆ ਸੀ, ਉਤੇ ਖ਼ੂਬ ਵਿਛਾਵਣਾ ਰਾਸ ਕੀਤਾ।

ਬੇੜੀ ਵਿੱਚ ਵਜਾਇ ਕੇ ਵੰਝਲੀ ਨੂੰ, ਜਾ ਪਲੰਘ ਉਤੇ ਆਮ ਖ਼ਾਸ ਕੀਤਾ।

ਵਾਰਿਸ ਸ਼ਾਹ ਜਾ ਹੀਰ ਨੂੰ ਖ਼ਬਰ ਹੋਈ, ਤੇਰੀ ਸੇਜ ਦਾ ਜੱਟ ਨੇ ਨਾਸ ਕੀਤਾ।

55

ਹੀਰ ਦਾ ਆਉਣਾ ਤੇ ਗੁੱਸਾ

ਲੈ ਕੇ ਸੱਠ ਸਹੇਲੀਆਂ ਨਾਲ ਆਈ, ਹੀਰ ਮੱਤੜੀ ਰੂਪ ਗੁਮਾਨ ਦੀ ਜੀ।

ਬੁਕ ਮੋਤੀਆਂ ਦੇ ਕੰਨੀਂ ਝੁਮਕਦੇ ਸਨ, ਕੋਈ ਹੂਰ ਤੇ ਪਰੀ ਦੀ ਸ਼ਾਨ ਦੀ ਜੀ।

ਕੁੜਤੀ ਸੂਹੀ ਦੀ ਹਿੱਕ ਦੇ ਨਾਲ ਫੱਬੀ, ਹੋਸ਼ ਰਹੀ ਨਾ ਜ਼ਿਮੀਂ ਅਸਮਾਨ ਦੀ ਜੀ।

ਜਿਸ ਦੇ ਨੱਕ ਬੁਲਾਕ ਜਿਉਂ ਕੁਤਬ ਤਾਰਾ, ਜੋਬਨ ਭਿੰਨੜੀ ਕਹਿਰ ਤੂਫਾਨ ਦੀ ਜੀ।

ਆ ਬੁੰਦਿਆਂ ਵਾਲੀਏ ਟਲੀਂ ਮੋਈਏ, ਅੱਗੇ ਗਈ ਕੇਤੀ ਤੰਬੂ ਤਾਣਦੀ ਜੀ।

ਵਾਰਿਸ ਸ਼ਾਹ ਮੀਆਂ ਜੱਟੀ ਲੋੜ੍ਹ ਲੁੱਟੀ, ਪਰੀ ਕਿਬਰ ਹੰਕਾਰ ਤੇ ਮਾਨ ਦੀ ਜੀ।

56

ਹੀਰ ਦੇ ਰੂਪ ਦੀ ਤਾਰੀਫ਼

ਕੇਹੀ ਹੀਰ ਦੀ ਕਰੇ ਤਾਰੀਫ ਸ਼ਾਇਰ, ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ।

ਖ਼ੂਨੀ ਚੂੰਡੀਆਂ ਰਾਤ ਜਿਉ ਚੰਨ ਗਿਰਦੇ, ਸੁਰਖ ਰੰਗ ਜਿਉਂ ਰੰਗ ਸ਼ਹਾਬ ਦਾ ਜੀ।

ਨੈਣ ਨਰਗਸੀ ਮਿਰਗ ਮਮੋਲੜੇ ਦੇ, ਗੱਲ੍ਹਾਂ ਟਹਿਕੀਆਂ ਫੁੱਲ ਗੁਲਾਬ ਦਾ ਜੀ।

ਭਵਾਂ ਵਾਂਙ ਕਮਾਨ ਲਾਹੌਰ ਦੇ ਸਨ, ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ।

ਸੁਰਮਾ ਨੈਣਾਂ ਦੀ ਧਾਰ ਵਿੱਚ ਫਬ ਰਹਿਆ, ਚੜ੍ਹਿਆ ਹਿੰਦ ਤੇ ਕਟਕ ਪੰਜਾਬ ਦਾ ਜੀ।

ਖੁੱਲ੍ਹੀ ਤ੍ਰਿੰਞਣਾਂ ਵਿੱਚ ਲਟਕਦੀ ਹੈ, ਹਾਥੀ ਮਸਤ ਜਿਉਂ ਫਿਰੇ ਨਵਾਬ ਦਾ ਜੀ।

ਚਿਹਰੇ ਸੁਹਣੇ ਤੇ ਖ਼ਤ ਖ਼ਾਲ ਬਣਦੇ, ਖ਼ੁਸ਼ ਖ਼ਤ ਜਿਉਂ ਹਰਫ ਕਿਤਾਬ ਦਾ ਜੀ।

ਜਿਹੜੇ ਵੇਖਣੇ ਦੇ ਰੀਝਵਾਨ ਆਹੇ, ਵੱਡਾ ਫ਼ਾਇਦਾ ਤਿਨ੍ਹਾਂ ਦੇ ਬਾਬ ਦਾ ਜੀ।

ਚਲੋ ਲੈਲਾਤੁਲਕਦਰ ਦੀ ਕਰੋ ਜ਼ਿਆਰਤ, ਵਾਰਿਸ ਸ਼ਾਹ ਇਹ ਕੰਮ ਸਵਾਬ ਦਾ ਜੀ।

57

ਤਥਾ

ਹੋਠ ਸੁਰਖ਼ ਯਾਕੂਤ ਜਿਉਂ ਲਾਲ ਚਮਕਣ, ਠੋਡੀ ਸੇਉ ਵਿਲਾਇਤੀ ਸਾਰ ਵਿੱਚੋਂ।

ਨੱਕ ਅਲਿਫ਼ ਹੁਸੈਨੀ ਦਾ ਪਿਪਲਾ ਸੀ, ਜ਼ੁਲਫ਼ ਨਾਗ਼ ਖ਼ਜ਼ਾਨੇ ਦੀ ਬਾਰ ਵਿੱਚੋਂ।

ਦੰਦ ਚੰਬੇ ਦੀ ਲੜੀ ਕਿ ਹੰਸ ਮੋਤੀ, ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂ।

ਲਿਖੀ ਚੀਨ ਕਸ਼ਮੀਰ ਤਸਵੀਰ ਜੱਟੀ, ਕਦ ਸਰੂ ਬਹਿਸ਼ਤ ਗੁਲਜ਼ਾਰ ਵਿੱਚੋਂ।

ਗਰਦਣ ਕੂੰਜ ਦੀ ਉਂਗਲੀਆਂ ਰਵ੍ਹਾਂ ਫਲੀਆਂ, ਹੱਥ ਕੂਲੜੇ ਬਰਗ ਚਨਾਰ ਵਿੱਚੋਂ।

ਬਾਹਾਂ ਵੇਲਣੇ ਵੇਲੀਆਂ ਗੁੰਨ੍ਹ ਮੱਖਣ, ਛਾਤੀ ਸੰਗ ਮਰ ਮਰ ਗੰਗ ਧਾਰ ਵਿੱਚੋਂ।

ਛਾਤੀ ਠਾਠ ਦੀ ਉਭਰੀ ਪਟ ਖੇਨੂੰ, ਸਿਉ ਬਲਖ਼ ਦੇ ਚੁਣੇ ਅੰਬਾਰ ਵਿੱਚੋਂ।

ਧੁੰਨੀ ਬਹਸ਼ਿਤ ਦੇ ਹੌਜ਼ ਦਾ ਮੁਸ਼ਕ ਕੁੱਬਾ, ਪੇਟੂ ਮਖ਼ਮਲੀ ਖ਼ਾਸ ਸਰਕਾਰ ਵਿੱਚੋਂ।

ਕਾਫ਼ੂਰ ਸ਼ਹਿਨਾਂ ਸਰੀਨ ਬਾਂਕੇ, ਸਾਕ ਹੁਸਨ ਸਤੂਨ ਮੀਨਾਰ ਵਿੱਚੋਂ।

ਸੁਰਖ਼ੀ ਹੋਠਾਂ ਦੀ ਲੋੜ੍ਹ ਦੰਦਾਸੜੇ ਦਾ, ਖੋਜੇ ਖ਼ਤਰੀ ਕਤਲ ਬਾਜ਼ਾਰ ਵਿੱਚੋਂ।

ਸ਼ਾਹ ਪਰੀ ਦੀ ਭੈਣ ਪੰਜ ਫੂਲ ਰਾਣੀ, ਗੁਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ।

ਸੱਈਆਂ ਨਾਲ ਲਟਕਦੀ ਮਾਣ ਮੱਤੀ, ਜਿਵੇਂ ਹਰਨੀਆਂ ਤੁੱਠੀਆਂ ਬਾਰ ਵਿੱਚੋਂ।

ਅਪਰਾਧ ਅਵਧ ਦਲਤ ਮਿਸਰੀ, ਚਮਕ ਨਿਕਲੀ ਤੇਗ਼ ਦੀ ਧਾਰ ਵਿੱਚੋਂ।

ਫਿਰੇ ਛਣਕਦੀ ਚਾਉ ਦੇ ਨਾਲ ਜੱਟੀ, ਚੜ੍ਹਿਆ ਗ਼ਜ਼ਬ ਦਾ ਕਟਕ ਕੰਧਾਰ ਵਿੱਚੋਂ।

ਲੰਕ ਬਾਗ਼ ਦੀ ਪਰੀ ਕਿ ਇੰਦਰਾਣੀ, ਹੂਰ ਨਿਕਲੀ ਚੰਦ ਪਰਵਾਰ ਵਿੱਚੋਂ।

ਪੁਤਲੀ ਪੇਖਣੇ ਦੀ ਨਕਸ਼ ਰੂਮ ਦਾ ਹੈ, ਲੱਧਾ ਪਰੀ ਨੇ ਚੰਦ ਉਜਾੜ ਵਿੱਚੋਂ।

ਏਵੇਂ ਸਰਕਦੀ ਆਂਵਦੀ ਲੋੜ੍ਹ ਲੁੱਟੀ, ਜਿਵੇਂ ਕੂੰਜ ਟੁਰ ਨਿਕਲੀ ਡਾਰ ਵਿੱਚੋਂ।

ਮੱਥੇ ਆਣ ਲੱਗਣ ਜਿਹੜੇ ਭੌਰ ਆਸ਼ਕ, ਨਿੱਕਲ ਜਾਣ ਤਲਵਾਰ ਦੀ ਧਾਰ ਵਿੱਚੋਂ।

ਇਸ਼ਕ ਬੋਲਦਾ ਨਢੀ ਦੇ ਥਾਂਉਂ ਥਾਂਈਂ, ਰਾਗ ਨਿਕਲੇ ਜ਼ੀਲ ਦੀ ਤਾਰ ਵਿੱਚੋਂ।

ਕਜ਼ਲਬਾਸ਼ ਅਸਵਾਰ ਜੱਲਾਦ ਖ਼ੂਨੀ, ਨਿੱਕਲ ਗਿਆ ਏ ਉੜਦ ਬਾਜ਼ਾਰ ਵਿੱਚੋਂ।

ਵਾਰਿਸ ਸ਼ਾਹ ਜਾਂ ਨੈਣਾਂ ਦਾ ਦਾਉ ਲੱਗੇ, ਕੋਈ ਬਚੇ ਨਾ ਜੂਏ ਦੀ ਹਾਰ ਵਿੱਚੋਂ।

58

ਹੀਰ ਦੀ ਮਲਾਹਾਂ ਤੇ ਸਖਤੀ ਤੇ ਉਨ੍ਹਾਂ ਦਾ ਉੱਤਰ

ਪਕੜ ਲਏ ਝਬੇਲ ਤੇ ਬੰਨ੍ਹ ਮੁਸ਼ਕਾਂ, ਮਾਰ ਛਮਕਾਂ ਲਹੂ ਲੁਹਾਣ ਕੀਤੇ।

ਆਣ ਪਲੰਘ ਤੇ ਕੌਣ ਸਵਾਲਿਆ ਜੇ, ਮੇਰੇ ਵੈਰ ਤੇ ਤੁਸਾਂ ਸਾਮਾਨ ਕੀਤੇ।

ਕੁੜੀਏ ਮਾਰ ਨਾ ਅਸਾਂ ਬੇਦੋਸਿਆਂ, ਨੂੰ ਕੋਈ ਅਸਾਂ ਨਾ ਇਹ ਮਹਿਮਾਨ ਕੀਤੇ।

ਚੈਂਚਰ-ਹਾਰੀਏ ਰਬ ਤੋਂ ਡਰੀਂ ਮੋਈਏ, ਅੱਗੇ ਕਿਸੇ ਨਾ ਏਡ ਤੂਫ਼ਾਨ ਕੀਤੇ।

ਏਸ ਇਸ਼ਕ ਦੇ ਨਸ਼ੇ ਨੇ ਨੱਢੀਏ ਨੀ, ਵਾਰਿਸ ਸ਼ਾਹ ਹੋਰੀਂ ਪਰੇਸ਼ਾਨ ਕੀਤੇ।

59

ਹੀਰ

ਜਵਾਨੀ ਕਮਲੀ ਰਾਜ ਏੇ ਚੂਚਕੇ ਦਾ, ਐਵੇਂ ਕਿਸੇ ਦੀ ਕੀ ਪਰਵਾਹ ਮੈਨੂੰ।

ਮੈਂ ਤਾਂ ਧਰੂਹ ਕੇ ਪਲੰਘ ਤੋਂ ਚਾਇ ਸੁੱਟਾਂ, ਆਇਆਂ ਕਿਧਰੋਂ ਇਹ ਬਾਦਸ਼ਾਹ ਮੈਨੂੰ।

ਨਾਢੂ ਸ਼ਾਹ ਦਾ ਪੁੱਤ ਕਿ ਸ਼ੇਰ ਹਾਥੀ, ਪਾਸ ਢੁੱਕਿਆਂ ਲਏਗਾ ਢਾਹ ਮੈਨੂੰ।

ਨਾਹੀਂ ਪਲੰਘ ਤੇ ਏਸ ਨੂੰ ਟਿਕਣ ਦੇਣਾ, ਲਾਇ ਰਹੇਗਾ ਲਖ ਜੇ ਵਾਹ ਮੈਨੂੰ।

ਇਹ ਬੋਦਲਾ ਪੀਰ ਬਗ਼ਦਾਦ ਗੁੱਗਾ, ਮੇਲੇ ਆਇ ਬੈਠਾ ਵਾਰਿਸ ਸ਼ਾਹ ਮੈਨੂੰ।

60

ਹੀਰ ਰਾਂਝੇ ਨੂੰ ਜਗਾਉਂਦੀ ਹੈ

ਉਠੀਂ ਸੁੱਤਿਆ ਸੇਜ ਅਸਾਡੜੀ ਤੋਂ, ਲੰਮਾ ਸੁੱਸਰੀ ਵਾਂਙ ਕੀ ਪਿਆ ਹੈਂ ਵੇ।

ਰਾਤੀਂ ਕਿਤੇ ਉਨੀਂਦਰਾ ਕੱਟਿਓਈ, ਐਡੀ ਨੀਂਦ ਵਾਲਾ ਲੁੜ੍ਹ ਗਿਆ ਹੈਂ ਵੇ।

ਸੁੰਞੀ ਵੇਖ ਨਖਸਮੜੀ ਸੇਜ ਮੇਰੀ, ਕੋਈ ਆਹਲਕੀ ਆਣ ਢਹਿ ਪਿਆ ਹੈਂ ਵੇ।

ਕੋਈ ਤਾਪ ਕਿ ਭੂਤ ਕਿ ਜਿੰਨ ਲੱਗਾ, ਇੱਕੇ ਡਾਇਣ ਕਿਸੇ ਭਖ ਲਿਆ ਹੈਂ ਵੇ।

ਵਾਰਿਸ ਸ਼ਾਹ ਤੂੰ ਜਿਉਂਦਾ ਘੂਕ ਸੁਤੋਂ, ਇੱਕੇ ਮੌਤ ਆਈ ਮਰ ਗਿਆ ਹੈਂ ਵੇ।

61

ਹੀਰ ਦਾ ਮਿਹਰਵਾਨ ਹੋਣਾ

ਕੂਕੇ ਮਾਰ ਹੀ ਮਾਰ ਤੇ ਪਕੜ ਛਮਕਾਂ, ਪਰੀ ਆਦਮੀ ਤੇ ਕਹਿਰਵਾਨ ਹੋਈ।

ਰਾਂਝੇ ਉਠ ਕੇ ਆਖਿਆ 'ਵਾਹ ਸੱਜਣ', ਹੀਰ ਹੱਸ ਕੇ ਤੇ ਮਿਹਰਬਾਨ ਹੋਈ।

ਕੱਛੇ ਵੰਝਲੀ ਕੰਨਾਂ ਦੇ ਵਿੱਚ ਵਾਲੇ, ਜ਼ੁਲਫ਼ ਮੁਖੜੇ ਤੇ ਪਰੇਸ਼ਾਨ ਹੋਈ।

ਭਿੰਨੇ ਵਾਲ ਚੂਣੇ ਮੱਥੇ ਚੰਦ ਰਾਂਝਾ, ਨੈਣੀਂ ਕੱਜਲੇ ਦੀ ਘਮਸਾਨ ਹੋਈ।

ਸੂਰਤ ਯੂਸਫ਼ ਦੀ ਵੇਖ ਤੈਮੂਸ ਬੇਟੀ, ਸਣੇ ਮਾਲਕੇ ਬਹੁਤ ਹੈਰਾਨ ਹੋਈ।

ਨੈਣ ਮਸਤ ਕਲੇਜੜੇ ਵਿੱਚ ਧਾਣੇ, ਜਿਵੇਂ ਤਿੱਖੜੀ ਨੋਕ ਸਨਾਨ ਹੋਈ।

ਆਇ ਬਗ਼ਲ ਵਿੱਚ ਬੈਠ ਕੇ ਕਰੇ ਗੱਲਾਂ, ਜਿਵੇਂ ਵਿੱਚ ਕਿਰਬਾਨ ਕਮਾਨ ਹੋਈ।

ਭਲਾ ਹੋਇਆ ਮੈਂ ਤੈਨੂੰ ਨਾ ਮਾਰ ਬੈਠੀ, ਕਾਈ ਨਹੀਂ ਸੀ ਗੱਲ ਬੇਸ਼ਾਨ ਹੋਈ।

ਰੂਪ ਜੱਟ ਦਾ ਵੇਖ ਕੇ ਜਾਗ ਲਧੀ, ਹੀਰ ਘੋਲ ਘੱਤੀ ਕੁਰਬਾਨ ਹੋਈ।

ਵਾਰਿਸ ਸ਼ਾਹ ਨਾ ਥਾਉਂ ਦਮ ਮਾਰਨੇ, ਦੀ ਚਾਰ ਚਸ਼ਮ ਦੀ ਜਦੋਂ ਘਮਸਾਨ ਹੋਈ।

62

ਰਾਂਝਾ

ਰਾਂਝਾ ਆਖਦਾ ਇਹ ਜਹਾਨ ਸੁਫ਼ਨਾ, ਮਰ ਜਾਵਣਾ ਈਂ ਮਤਵਾਲੀਏ ਨੀ।

ਤੁਸਾਂ ਜਿਹਿਆਂ ਪਿਆਰਿਆਂ ਇਹ ਲਾਜ਼ਮ, ਆਏ ਗਏ ਮੁਸਾਫਰਾਂ ਪਾਲੀਏ ਨੀ।

ਏਡਾ ਹੁਸਨ ਦਾ ਨਾ ਗੁਮਾਨ ਕੀਜੇ, ਇਹ ਲੈ ਪਲੰਘ ਹਈ ਸਣੇ ਨਿਹਾਲੀਏ ਨੀ।

ਅਸਾਂ ਰੱਬ ਦਾ ਆਸਰਾ ਰੱਖਿਆ ਏ, ਉੱਠ ਜਵਾਨਾਂ ਈਂ ਨੈਣਾਂ ਵਾਲੀਏ ਨੀ।

ਵਾਰਿਸ ਸ਼ਾਹ ਦੇ ਮਗਰ ਨਾ ਪਈਂ ਮੋਈਏ, ਏਸ ਭੈੜੇ ਦੀ ਗੱਲ ਨੂੰ ਟਾਲੀਏ ਨੀ।

63

ਹੀਰ

ਇਹ ਹੀਰ ਤੇ ਪਲੰਘ ਸਭ ਥਾਉਂ ਤੇਰਾ, ਘੋਲ ਘੱਤੀਆਂ ਜਿਊੜਾ ਵਾਰਿਆ ਈ।

ਨਾਹੀਂ ਗਾਲ੍ਹ ਕੱਢੀ ਹੱਥ ਜੋੜਨੀ ਹਾਂ, ਹਥ ਲਾਇ ਨਾਹੀਂ ਤੈਨੂੰ ਮਾਰਿਆ ਈ।

ਅਸੀਂ ਮਿੰਨਤਾਂ ਕਰਾਂ ਤੇ ਪੈਰ ਪਕੜਾਂ, ਤੈਥੋਂ ਘੋਲਿਆ ਕੋੜਮਮਾਂ ਸਾਰਿਆਂ ਈ।

ਅਸਾਂ ਹਸ ਕੇ ਆਣ ਸਲਾਮ ਕੀਤਾ, ਆਖ ਕਾਸ ਨੂੰ ਮਕਰ ਪਸਾਰਿਆ ਈ।

ਸੁੰਞੇ ਪਰ੍ਹੇ ਸਨ ਤ੍ਰਿੰਞਣੀਂ ਚੈਨ ਨਾਹੀਂ, ਅੱਲ੍ਹਾ ਵਾਲਿਆ ਤੂੰ ਸਾਨੂੰ ਤਾਰਿਆ ਈ।

ਵਾਰਿਸ ਸ਼ਾਹ ਸ਼ਰੀਕ ਹੈ ਕੌਣ ਉਸ ਦਾ, ਜਿਸ ਦਾ ਰੱਬ ਨੇ ਕੰਮ ਸਵਾਰਿਆ ਈ।

64

ਰਾਂਝਾ

ਮਾਨ-ਮੱਤੀਏ ਰੂਪ ਗੁਮਾਨ ਭਰੀਏ, ਅਠਖੇਲੀਏ ਰੰਗ ਰੰਗੀਲੀਏ ਨੀ।

ਆਸ਼ਕ ਭੌਰ ਫ਼ਕੀਰ ਤੇ ਨਾਗ ਕਾਲੇ, ਬਾਝ ਮੰਤਰੋਂ ਮੂਲ ਨਾ ਕੀਲੀਏ ਨੀ।

ਏਹ ਜੋਬਨਾ ਠਗ ਬਾਜ਼ਾਰ ਦਾ ਈ, ਟੂਣੇ-ਹਾਰੀਏ ਛੈਲ ਛਬੀਲੀਏ ਨੀ।

ਤੇਰੇ ਪਲੰਘ ਦਾ ਰੰਗ ਨਾ ਰੂਪ ਘਟਿਆ, ਨਾ ਕਰ ਸ਼ੁਹਦਿਆਂ ਨਾਲ ਬਖ਼ੀਲੀਏ ਨੀ।

ਵਾਰਿਸ ਸ਼ਾਹ ਬਿਨ ਕਾਰਦੋਂ ਜ਼ਿਬ੍ਹਾ ਕਰੀਏ, ਬੋਲ ਨਾਲ ਜ਼ਬਾਨ ਰਸੀਲੀਏ ਨੀ।

65

ਰਾਂਝੇ ਤੋ ਹੀਰ ਨੇ ਹਾਲ ਪੁੱਛਣਾ

ਘੋਲ ਘੋਲ ਘੱਤੀ ਤੈਂਡੀ ਵਾਟ ਉੱਤੋਂ, ਬੇਲੀ ਦੱਸ ਖਾਂ ਕਿਧਰੋਂ ਆਵਨਾ ਏਂ।

ਕਿਸ ਮਾਨ-ਮੱਤੀ ਘਰੋਂ ਕਢਿਉਂ ਤੂੰ, ਜਿਸ ਵਾਸਤੇ ਫੇਰੀਆਂ ਪਾਵਨਾ ਏਂ।

ਕੌਣ ਛਡ ਆਇਉਂ ਪਿੱਛੇ ਮਿਹਰ ਵਾਲੀ, ਜਿਸ ਦੇ ਵਾਸਤੇ ਪੱਛੋਤਾਵਨਾ ਏਂ।

ਕੌਣ ਜ਼ਾਤ ਤੇ ਵਤਨ ਕੀ ਸਾਈਆਂ ਦਾ, ਅਤੇ ਜੱਦ ਦਾ ਕੌਣ ਸਦਾਵਨਾਂ ਏਂ।

ਤੇਰੇ ਵਾਰਨੇ ਚੌਖਨੇ ਜਾਨੀਆਂ ਮੈਂ, ਮੰਙੂ ਬਾਬਲੇ ਦਾ ਚਾਰ ਲਿਆਵਨਾ ਏਂ।

ਮੰਙੂ ਬਾਬਲੇ ਦਾ ਤੇ ਤੂੰ ਚਾਕ ਮੇਰਾ, ਇਹ ਵੀ ਫੰਧ ਲੱਗੇ ਜੇ ਤੂੰ ਲਾਵਨਾ ਏਂ।

ਵਾਰਿਸ ਸ਼ਾਹ ਚਹੀਕ ਜੇ ਨਵੀਂ ਚੂਪੇਂ, ਸਭੇ ਭੁਲ ਜਾਣੀਂ ਜਿਹੜੀਆਂ ਗਾਵਨਾਂ ਏਂ।

66

ਰਾਂਝਾ

ਤੁਸਾਂ ਜਹੇ ਮਾਸ਼ੂਕ ਜੇ ਥੀਣ ਰਾਜ਼ੀ, ਮੰਗੂ ਨੈਣਾਂ ਦੀ ਧਾਰ ਵਿੱਚ ਚਾਰੀਏ ਨੀ।

ਨੈਣਾਂ ਤੇਰਿਆਂ ਦੇ ਅਸੀਂ ਚਾਕ ਹੋਏ, ਜਿਵੇਂ ਜੀਉ ਮੰਨੇ ਤਿਵੇਂ ਸਾਰੀਏ ਨੀ।

ਕਿੱਥੋਂ ਗੱਲ ਕੀਚੈ ਨਿਤ ਨਾਲ ਤੁਸਾਂ, ਕੋਈ ਬੈਠ ਵਿਚਾਰ ਵਿਚਾਰੀਏ ਨੀ।

ਗੱਲ ਘਤ ਜੰਜਾਲ ਕੰਗਾਲ ਮਾਰੇਂ, ਜਾਇ ਤ੍ਰਿੰਞਣੀਂ ਵੜੇਂ ਕੁਆਰੀਏ ਨੀ।

67

ਹੀਰ

ਹੱਥ ਬੱਧੜੀ ਰਹਾਂ ਗੁਲਾਮ ਤੇਰੀ, ਸਣੇ ਤ੍ਰਿੰਞਣਾਂ ਨਾਲ ਸਹੇਲੀਆਂ ਦੇ।

ਹੋਸਣ ਨਿਤ ਬਹਾਰਾਂ ਤੇ ਰੰਗ ਘਣੇ,ਵਿੱਚ ਬੇਲੜੇ ਦੇ ਨਾਲ ਬੇਲੀਆਂ ਦੇ।

ਸਾਨੂੰ ਰੱਬ ਨੇ ਚਾਕ ਮਿਲਾਇ ਦਿੱਤਾ, ਭੁੱਲ ਗਏ ਪਿਆਰ ਅਰਬੇਲੀਆਂ ਦੇ।

ਦਿਨੇ ਬੇਲਿਆਂ ਦੇ ਵਿੱਚ ਕਰੀਂ ਮੌਜਾਂ, ਰਾਤੀਂ ਖੇਡਸਾਂ ਵਿੱਚ ਹਵੇਲੀਆਂ ਦੇ।

68

ਰਾਂਝਾ

ਨਾਲ ਨੱਢੀਆਂ ਘਿੰਨ ਕੇ ਚਰਖੜੇ ਨੂੰ, ਤੁਸਾਂ ਬੈਠਣਾ ਵਿੱਚ ਭੰਡਾਰ ਹੀਰੇ।

ਅਸੀਂ ਰੁਲਾਂਗੇ ਆਣ ਕੇ ਵਿੱਚ ਵਿਹੜੇ, ਸਾਡੀ ਕੋਈ ਨਾ ਲਏਗਾ ਸਾਰ ਹੀਰੇ।

ਟਿੱਕੀ ਦੇਇ ਕੇ ਵਿਹੜਿਉਂ ਕਢ ਛੱਡੇਂ, ਸਾਨੂੰ ਠਗ ਕੇ ਮੂਲ ਨਾ ਮਾਰ ਹੀਰੇ।

ਸਾਡੇ ਨਾਲ ਜੇ ਤੋੜ ਨਿਬਾਹੁਣੀ ਏਂ, ਸੱਚਾ ਦੇਹ ਖਾਂ ਕੌਲ ਕਰਾਰ ਹੀਰੇ।

69

ਹੀਰ

ਮੈਨੂੰ ਬਾਬਲੇ ਦੀ ਸੌਂਹ ਰਾਂਝਣਾ ਵੇ, ਮਰੇ ਮਾਉਂ ਜੇ ਤੁਧ ਥੀਂ ਮੁਖ ਮੋੜਾਂ।

ਤੇਰੇ ਬਾਝ ਤੁਆਮ ਹਰਾਮ ਮੈਨੂੰ, ਤੁਧ ਬਾਝ ਨਾ ਨੈਣ ਨਾ ਅੰਗ ਜੋੜਾਂ।

ਖ਼ੁਆਜਾ ਖਿਜ਼ਰ ਤੇ ਬੈਠ ਕੇ ਕਸਮ ਖਾਧੀ, ਥੀਵਾਂ ਸੂਰ ਜੇ ਪ੍ਰੀਤ ਦੀ ਰੀਤ ਤੋੜਾਂ।

ਕੁਹੜੀ ਹੋ ਕੇ ਨੈਣ ਪਰਾਣ ਜਾਵਣ, ਤੇਰੇ ਬਾਝ ਜੇ ਕੌਂਤ ਮੈਂ ਹੋਰ ਲੋੜਾਂ।

70

ਰਾਂਝੇ ਦਾ ਹੀਰ ਨੂੰ ਇਸ਼ਕ ਵਿੱਚ ਪੱਕਾ ਕਰਨਾ

ਚੇਤਾ ਮੁਆਮਲੇ ਪੈਣ ਤੇ ਛੱਡ ਜਾਏਂ, ਇਸ਼ਕ ਜਾਲਣਾ ਖਰਾ ਦੁਹੇਲੜਾ ਈ।

ਸਚ ਆਖਣਾ ਈ ਹੁਣੇ ਆਖ ਮੈਨੂੰ, ਏਹੋ ਸਚ ਤੇ ਝੂਠ ਦਾ ਵੇਲੜਾ ਈ।

ਤਾਬ ਇਸ਼ਕ ਦੀ ਝੱਲਣੀ ਖਰੀ ਔਖੀ, ਇਸ਼ਕ ਗੁਰੂ ਤੇ ਜਗ ਸਭ ਚੇਲੜਾ ਈ।

ਏਥੋਂ ਛੱਡ ਈਮਾਨ ਜੇ ਨੱਸ ਜਾਸੇਂ, ਅੰਤ ਰੋਜ਼ ਕਿਆਮਤੇ ਮੇਲੜਾ ਈ।

71

ਹੀਰ ਦਾ ਰਾਂਝੇ ਨੂੰ ਚੂਚਕ ਕੋਲ ਲਿਜਾਣਾ

ਤੇਰੇ ਨਾਉਂ ਤੋਂ ਜਾਨ ਕੁਰਬਾਨ ਕੀਤੀ, ਮਾਲ ਜੀਉ ਤੇਰੇ ਉਤੋਂ ਵਾਰਿਆ ਈ।

ਪਾਸਾ ਜਾਨ ਦਾ ਸੀਸ ਦੀ ਲਾਈ ਬਾਜ਼ੀ, ਤੁਸਾਂ ਜਿੱਤਿਆ ਤੇ ਅਸਾਂ ਹਾਰਿਆਂ ਈ।

ਰਾਂਝਾ ਜੀਉ ਦੇ ਵਿੱਚ ਯਕੀਨ ਕਰਕੇ, ਮਹਿਰ ਚੂਚਕੇ ਪਾਸ ਸਿਧਾਰਿਆ ਈ।

ਅੱਗੇ ਪੈਂਚਣੀ ਹੋਇ ਕੇ ਹੀਰ ਚੱਲੀ, ਕੋਲ ਰਾਂਝੇ ਨੂੰ ਜਾਇ ਖਲ੍ਹਾਰਿਆ ਈ।

72

ਹੀਰ ਆਪਣੇ ਬਾਪ ਨੂੰ

ਹੀਰ ਜਾਇ ਕੇ ਆਖਦੀ ਬਾਬਲਾ ਵੇ, ਤੇਰੇ ਨਾਉਂ ਤੋਂ ਘੋਲ ਘੁਮਾਈਆਂ ਮੈਂ।

ਜਿਸ ਆਪਣੇ ਰਾਜ ਦੇ ਹੁਕਮ ਅੰਦਰ, ਵਿੱਚ ਸਾਂਦਲ-ਬਾਰ ਖਿਡਾਈਆਂ ਮੈਂ।

ਲਾਸਾਂ ਪੱਟ ਦੀਆਂ ਪਾਇ ਕੇ ਬਾਗ਼ ਕਾਲੇ, ਪੀਂਘਾਂ ਸ਼ੌਕ ਦੇ ਨਾਲ ਪੀਂਘਾਈਆਂ ਮੈਂ।

ਮੇਰੀ ਜਾਨ ਬਾਬਲ ਜੀਵੇ ਧੌਲ ਰਾਜਾ, ਮਾਹੀ ਮਹੀਂ ਦਾ ਢੂੰਡ ਲਿਆਈਆਂ ਮੈਂ।

73

ਹੀਰ ਦਾ ਬਾਪ ਚੂਚਕ ਤੇ ਹੀਰ

ਬਾਪ ਹਸ ਕੇ ਪੁੱਛਦਾ ਕੌਣ ਹੁੰਦਾ, ਇਹ ਮੁੰਡੜਾ ਕਿਤ ਸਰਕਾਰ ਦਾ ਹੈ।

ਹੱਥ ਲਾਇਆਂ ਪਿੰਡੇ ਤੇ ਦਾਗ਼ ਪੈਂਦ, ਇਹ ਮਹੀਂ ਦੇ ਨਹੀਂ ਦਰਕਾਰ ਦਾ ਹੈ।

ਸੁਘੜ ਚਤਰ ਤੇ ਅਕਲ ਦਾ ਕੋਟ ਨੱਢਾ, ਮੱਝੀਂ ਬਹੁਤ ਸੰਭਾਲ ਕੇ ਚਾਰਦਾ ਹੈ।

ਮਾਲ ਆਪਣਾ ਜਾਨ ਕੇ ਸਾਂਭ ਲਿਆਵੇ, ਕੋਈ ਕੰਮ ਨਾ ਕਰੇ ਵਗਾਰ ਦਾ ਹੈ।

ਹਿੱਕੇ ਨਾਲ ਪਿਆਰ ਦੀ ਹੂੰਗ ਦੇ ਕੇ, ਸੋਟਾ ਸਿੰਗ ਤੇ ਮੂਲ ਨਾ ਮਾਰਦਾ ਹੈ।

ਦਿਸੇ ਨੂਰ ਅੱਲਾਹ ਦਾ ਮੁਖੜੇ ਤੇ, ਮਨੋਂ ਰਬ ਹੀ ਰਬ ਚਿਤਾਰਦਾ ਹੈ।

74

ਹੀਰ ਦੇ ਬਾਪ ਦਾ ਪੁੱਛਣਾ

ਕਿਹੜੇ ਚੌਧਰੀ ਦਾ ਪੁਤ ਕੌਦ ਜ਼ਾਤੋਂ, ਕੇਹਾ ਅਕਲ ਸ਼ਊਰ ਦਾ ਕੋਟ ਹੈ ਨੀ।

ਕੀਕੂੰ ਰਿਜ਼ਕ ਨੇ ਆਣ ਉਦਾਸ ਕੀਤਾ, ਏਹਨੂੰ ਕਿਹੜੇ ਪੀਰ ਦੀ ਓਟ ਹੈ ਨੀ।

ਫ਼ੌਜਦਾਰ ਵਾਂਗੂੰ ਕਰ ਕੂਚ ਧਾਣਾ, ਮਾਰ ਜਿਵੇਂ ਨਕਾਰੇ ਤੇ ਚੋਟ ਹੈ ਨੀ।

ਕਿਨ੍ਹਾਂ ਜੱਟਾਂ ਦਾ ਪੋਤਰਾ ਕੌਣ ਕੋਈ, ਕਿਹੜੀ ਗੱਲ ਦੀ ਏਸ ਨੂੰ ਤ੍ਰੋਟ ਹੈ ਨੀ।

75

ਹੀਰ ਨੇ ਬਾਪ ਨੂੰ ਦੱਸਣਾ

ਪੁੱਤਰ ਤਖ਼ਤ ਹਜ਼ਾਰੇ ਦੇ ਚੌਧਰੀ ਦਾ, ਰਾਂਝਾ ਜ਼ਾਤ ਦਾ ਜੱਟ ਅਸੀਲ ਹੈ ਜੀ।

ਉਹਦਾ ਬੂਪੜਾ ਮੁਖ ਤੇ ਨੈਣ ਨਿਮ੍ਹੇ, ਕੋਈ ਛੈਲ ਜੇਹੀ ਉਹਦੀ ਡੀਲ ਹੈ ਜੀ।

ਮੱਥਾ ਰਾਂਝੇ ਦਾ ਚਮਕਦਾ ਨੂਰ ਭਰਿਆ, ਸਖ਼ੀ ਜੀਉ ਦਾ ਨਹੀਂ ਬਖ਼ੀਲ ਹੈ ਜੀ।

ਗੱਲ ਸੋਹਣੀ ਪਰ੍ਹੇ ਦੇ ਵਿੱਚ ਕਰਦਾ, ਖੋਜੀ ਲਾਈ ਤੇ ਨਿਆਂਉਂ ਵਕੀਲ ਹੈ ਜੀ।

76

ਚੂਚਕ

ਕੇਹੇ ਡੋਗਰਾਂ ਜੱਟਾਂ ਦੇ ਨਿਆਉਂ ਜਾਣੇ, ਪਰ੍ਹੇ ਵਿੱਚ ਵਿਲਾਵੜੇ ਲਾਈਆਂ ਦੇ।

ਪਾੜ ਝੀੜ ਕਰ ਆਂਵਦਾ ਕਿੱਤ ਦੇਸੋਂ, ਲੜਿਆ ਕਾਸ ਤੋਂ ਨਾਲ ਇਹ ਭਾਈਆਂ ਦੇ।

ਕਿਸ ਗੱਲ ਤੋਂ ਰੁਸਕੇ ਉਠ ਆਇਆ, ਲੜਿਆ ਕਾਸ ਤੋਂ ਨਾਲ ਭਰਜਾਈਆਂ ਦੇ।

ਵਾਰਿਸ ਸ਼ਾਹ ਦੇ ਦਿਲ ਤੇ ਸ਼ੌਕ ਆਇਆ ਵੇਖਣ ਮੁਖ ਸਿਆਲਾਂ ਦੀਆਂ ਜਾਈਆਂ ਦੇ।

77

ਹੀਰ

ਲਾਈ ਹੋਇ ਕੇ ਮਾਮਲੇ ਦੱਸ ਦੇਂਦਾ, ਮੁਨਸਫ ਹੋ ਵੱਢੇ ਫਾਹੇ ਫੇੜਿਆਂ ਦੇ।

ਬਾਹੋਂ ਪਕੜ ਕੇ ਕੰਢੇ ਦੇ ਪਾਰ ਲਾਵੇ, ਹਥੋਂ ਕਢ ਦੇਂਦਾ ਖੋਜ ਝੇੜਿਆਂ ਦੇ।

ਵਰ੍ਹੀ ਘਤ ਕੇ ਕਹੀ ਦੇ ਪਾੜ ਲਾਏ, ਸੱਥੋਂ ਕੱਢ ਦੇਂਦਾ ਖੋਜ ਝੇੜਿਆਂ ਦੇ।

ਧਾੜਾ ਧਾੜਵੀ ਤੋਂ ਮੋੜ ਲਿਆਂਵਦਾ ਹੈ, ਠੰਡ ਪਾਂਵਦਾ ਵਿੱਚ ਬਖੇੜਿਆਂ ਦੇ।

ਸਭ ਰਹੀ ਰਹੁੰਨੀ ਨੂੰ ਸਾਂਭ ਲਿਆਵੇ, ਅੱਖੀਂ ਵਿੱਚ ਰਖੇ ਵਾਂਗ ਹੇੜਿਆਂ ਦੇ।

ਵਾਰਿਸ ਸ਼ਾਹ ਜਵਾਨ ਹੈ ਭਲਾ ਰਾਂਝਾ, ਜਿੱਥੇ ਨਿੱਤ ਪੌਂਦੇ ਲਖ ਭੇੜਿਆਂ ਦੇ।

78

ਚੂਚਕ ਦੀ ਮਨਜ਼ੂਰੀ

ਤੇਰ ਆਖਣਾ ਅਸਾਂ ਮਨਜ਼ੂਰ ਕੀਤਾ, ਮਹੀਂ ਦੇ ਸੰਭਾਲ ਕੇ ਸਾਰੀਆਂ ਨੀ।

ਖ਼ਬਰਦਾਰ ਰਹੇ ਮਝੀਂ ਵਿੱਚ ਖੜਾ, ਬੇਲੇ ਵਿੱਚ ਮੁਸੀਬਤਾਂ ਭਾਰੀਆਂ ਨੀ।

ਰਲਾ ਕਰੇ ਨਾਹੀਂ ਨਾਲ ਖੰਧਿਆਂ ਦੇ, ਏਸ ਕਦੇ ਨਾਹੀਂ ਮਝੀਂ ਚਾਰੀਆਂ ਨੀ।

ਮਤਾਂ ਖੇਡ ਰੁੱਝੇ ਖੜੀਆਂ ਜਾਣ ਮੱਝੀਂ, ਹੋਵਣ ਪਿੰਡ ਦੇ ਵਿੱਚ ਖ਼ੁਆਰੀਆਂ ਨੀ।

79

ਹੀਰ ਨੇ ਮਾਂ ਨੂੰ ਖ਼ਬਰ ਦੱਸਣੀ

ਪਾਸ ਮਾਉਂ ਦੇ ਨਢੜੀ ਗੱਲ ਕੀਤੀ, ਮਾਹੀ ਮਝੀਂ ਦਾ ਆਣ ਕੇ ਛੇੜਿਆ ਮੈਂ।

ਨਿੱਤ ਪਿੰਡ ਦੇ ਵਿੱਚ ਵਿਚਾਰ ਪੌਂਦੀ, ਏਹ ਝਗੜਾ ਚਾਇ ਨਿਬੇੜਿਆ ਮੈਂ।

ਸੁੰਞਾ ਨਿੱਤ ਰੁਲੇ ਮੰਗੂ ਵਿੱਚ ਬੇਲੇ, ਮਾਹੀ ਸੁਘੜ ਹੈ ਆਣ ਸਹੇੜਿਆ ਮੈਂ।

ਮਾਏਂ ਕਰਮ ਜਾਗੇ ਸਾਡੇ ਮੰਗੂਆਂ ਦੇ, ਸਾਊ ਅਸਲ ਜਟੇਟੜਾ ਘੇਰਿਆ ਮੈਂ।

80

ਰਾਂਝੇ ਨੂੰ ਹੀਰ ਦਾ ਉੱਤਰ

ਮੱਖਣ ਖੰਡ ਪਰਉਂਠੇ ਖਾਹ ਮੀਆਂ, ਮਹੀਂ ਛੇੜ ਦੇ ਰਬ ਦੇ ਆਸਰੇ ਤੇ।

ਹੱਸਣ ਗੱਭਰੂ ਰਾਂਝਿਆ ਜਾਲ ਮੀਆਂ, ਗੁਜ਼ਰ ਆਵਸੀ ਦੁਧ ਦੇ ਕਾਸੜੇ ਤੇ।

ਹੀਰ ਆਖਦੀ ਰਬ ਰੱਜ਼ਾਕ ਤੇਰਾ, ਮੀਆਂ ਜਾਈਂ ਨਾ ਲੋਕਾਂ ਦੇ ਹਾਸੜੇ ਤੇ।

ਮਝੀਂ ਛੇੜ ਦੇ ਝੱਲ ਦੇ ਵਿੱਚ ਮੀਆਂ, ਆਪ ਹੋ ਬਹੀਂ ਇੱਕ ਪਾਸੜੇ ਤੇ।

81

ਪੰਜਾਂ ਪੀਰਾਂ ਨਾਲ ਮੁਲਾਕਾਤ

ਬੇਲੇ ਰਬ ਦਾ ਨਾਉਂ ਲੈ ਜਾਇ ਵੜਿਆ, ਹੋਇਆ ਧੁਪ ਦੇ ਨਾਲ ਜ਼ਹੀਰ ਮੀਆਂ।

ਉਹਦੀ ਨੇਕ ਸਾਇਤ ਰੁਜੂ ਆਣ ਹੋਈ, ਮਿਲੇ ਰਾਹ ਜਾਂਦੇ ਪੰਜ ਪੀਰ ਮੀਆਂ।

ਬੱਚਾ ਖਾਹ ਚੂਰੀ ਚੋਇ ਮਝ ਬੂਰੀ, ਜੀਊ ਵਿੱਚ ਨਾ ਹੋਇ ਦਿਲਗੀਰ ਮੀਆਂ।

ਕਾਈ ਨਢੜੀ ਸੋਹਨੀ ਕਰੋ ਬਖ਼ਸ਼ਿਸ਼, ਪੂਰੇ ਰਬ ਦੇ ਹੋ ਤੁਸੀਂ ਪੀਰ ਮੀਆਂ।

ਬਖ਼ਸ਼ੀ ਹੀਰ ਦਰਗਾਹ ਥੀਂ ਤੁਧ ਤਾਈਂ, ਯਾਦ ਕਰੀਂ ਸਾਨੂੰ ਪਵੇ ਭੀੜ ਮੀਆਂ।

82

ਪੀਰਾਂ ਦੀ ਬਖਸ਼ਿਸ਼

ਖੁਆਜਾ ਖ਼ਿਜ਼ਰ ਤੇ ਸੱਕਰ ਗੰਜ ਬੋਜ਼ ਘੋੜੀ, ਮੁਲਤਾਨ ਦਾ ਜ਼ਕਰੀਆ ਪੀਰ ਨੂਰੀ।

ਹੋਰ ਸਈਅੱਦ ਜਲਾਲ ਬੁਖ਼ਾਰੀਆ ਸੀ, ਅਤੇ ਲਾਲ ਸ਼ਾਹਬਾਜ਼ ਬਹਿਸ਼ਤ ਹੂਰੀ।

ਤੁੱਰਾ ਖ਼ਿਜ਼ਰ ਰੁਮਾਲ ਸ਼ੱਕਰ ਗੰਜ ਦਿੱਤਾ, ਅਤੇ ਮੁੰਦਰੀ ਲਾਲ ਸ਼ਹਿਬਾਜ਼ ਨੂਰੀ।

ਖੰਜਰ ਸਈਅੱਦ ਜਲਾਲ ਬੁਖਖ਼ਾਰੀਏ ਨੇ, ਖੂੰਡੀ ਜ਼ਕਰੀਏ ਪੀਰ ਨੇ ਹਿੱਕ ਬੂਰੀ।

ਤੈਨੂੰ ਭੀੜ ਪਵੇਂ ਕਰੀਂ ਯਾਦ ਜੱਟਾ, ਵਾਰਿਸ ਸ਼ਾਹ ਨਾ ਜਾਨਣਾ ਪਲਕ ਦੂਰੀ।

83

ਹੀਰ ਦਾ ਭੱਤਾ ਲੈ ਕੇ ਬੇਲੇ ਨੂੰ ਜਾਣਾ

ਹੀਰ ਚਾਇ ਭੱਤਾ ਖੰਡ ਖੀਰ ਮੱਖਣ, ਮੀਆਂ ਰਾਂਝੇ ਦੇ ਪਾਸ ਲੈ ਧਾਂਵਦੀ ਹੈ।

ਤੇਰੇ ਵਾਸਤੇ ਜੂਹ ਮੈਂ ਭਾਲ ਥੱਕੀ, ਰੋ ਰੋ ਆਪਣਾ ਹਾਲ ਸੁਣਾਂਵਦੀ ਹੈ।

ਕੈਦੋਂ ਢੂੰਡਦਾ ਖੋਜ ਨੂੰ ਫਿਰੇ ਭੌਂਦਾ, ਬਾਸ ਚੂਰੀ ਦੀ ਬੇਲਿਉਂ ਆਂਵਦੀ ਹੈ।

ਵਾਰਿਸ ਸ਼ਾਹ ਮੀਆਂ ਵੇਖੋ ਟੰਗ ਲੰਗੀ, ਸ਼ੈਤਾਨ ਦੀ ਕਲ੍ਹਾ ਜਗਾਂਵਦੀ ਹੈ।

84

ਕੈਦੋ ਰਾਂਝੇ ਕੋਲ

ਹੀਰ ਗਈ ਜਾਂ ਨਦੀ ਵਲ ਲੈਣ ਪਾਣੀ, ਕੈਦੋ ਆਣ ਕੇ ਮੁਖ ਵਿਖਾਵਾਂਦਾ ਹੈ।

ਅਸੀਂ ਭੁਖ ਨੇ ਬਹੁਤ ਹੈਰਾਨ ਕੀਤੇ, ਆਨ ਸਵਾਲ ਖ਼ੁਦਾਇ ਦਾ ਪਾਂਵਦਾ ਹੈ।

ਰਾਂਝੇ ਰੁਗ ਭਰ ਕੇ ਚੂਰੀ ਚਾਇ ਦਿੱਤੀ, ਲੈ ਕੇ ਤੁਰਤ ਹੀ ਪਿੰਡ ਨੂੰ ਧਾਂਵਦਾ ਹੈ।

ਰਾਂਝਾ ਹੀਰ ਨੂੰ ਪੁੱਛਦਾ ਇਹ ਲੰਙਾਂ, ਹੀਰੇ ਕੌਣ ਫ਼ਕੀਰ ਕਿਸ ਥਾਉਂ ਦਾ ਹੈ।

ਵਾਰਿਸ ਸ਼ਾਹ ਮੀਆਂ ਜਿਵੇਂ ਪੱਛ ਕੇ ਤੇ, ਕੋਈ ਉੱਪਰੋਂ ਲੂਣ ਚਾ ਲਾਂਵਦਾ ਹੈ।

85

ਹੀਰ

ਹੀਰ ਆਖਿਆ ਰਾਂਝਿਆ ਬੁਰਾ ਕੀਤੋ, ਸਾਡਾ ਕੰਮ ਹੈ ਨਾਲ ਵੈਰਾਈਆਂ ਦੇ।

ਸਾਡੇ ਖੋਜ ਨੂੰ ਤਕ ਕੇ ਕਰੇ ਚੁਗਲੀ, ਦਿਨੇ ਰਾਤ ਹੈ ਵਿੱਚ ਬੁਰਿਆਈਆਂ ਦੇ।

ਮਿਲੇ ਸਿਰਾਂ ਨੂੰ ਇਹ ਵਿਛੋੜ ਦੇਂਦਾ, ਭੰਗ ਘੱਤਦਾ ਵਿੱਚ ਕੁੜਮਾਈਆਂ ਦੇ।

ਬਾਬਾਲ ਅੰਮੜੀ ਤੇ ਜਾਇ ਠਿਠ ਕਰਸੀ, ਜਾ ਆਖਸੀ ਪਾਸ ਭਰਜਾਈਆਂ ਦੇ।

86

ਤਥਾ

ਹੀਰ ਆਖਿਆ ਰਾਂਝਿਆ ਬੁਰਾ ਕੀਤੋ, ਤੈਂ ਤਾਂ ਪੁੱਛਣਾ ਸੀ ਦੁਹਰਾਇਕੇ ਤੇ।

ਮੈਂ ਤਾਂ ਜਾਣਦਾ ਨਹੀਂ ਸਾਂ ਇਹ ਸੂਹਾਂ, ਖ਼ੈਰ ਮੰਗਿਆ ਸੂ ਮੈਥੋਂ ਆਇਕੇ ਤੇ।

ਖੈਰ ਲੈਂਦੇ ਹੀ ਪਿਛਾਂਹ ਨੂੰ ਪਰਤ ਭੰਨਾ, ਉਠ ਵਗਿਆ ਕੰਡ ਵਲਾਇਕੇ ਤੇ।

ਨੇੜੇ ਜਾਂਦਾ ਹਈ ਜਾਇ ਮਿਲ ਨੱਢੀਏ ਨੀ, ਜਾਹ ਪੁੱਛ ਲੈ ਗੱਲ ਸਮਝਾਇਕੇ ਤੇ।

ਵਾਰਿਸ ਸ਼ਾਹ ਮੀਆਂ ਉਸ ਥੋਂ ਗੱਲ ਪੁੱਛੀਂ, ਦੋ ਤਿੰਨ ਅੱਡੀਆਂ ਹਿਕ ਵਿਚ ਲਾਇਕੇ ਤੇ।

87

ਹੀਰ ਦਾ ਕੈਦੋ ਨੂੰ ਟੱਕਰਨਾ

ਮਿਲੀ ਰਾਹ ਵਿੱਚ ਦੌੜ ਦੇ ਆ ਨਢੀ, ਪਹਿਲੇ ਨਾਲ ਫ਼ਰੇਬ ਦੇ ਚੱਟਿਆ ਸੂ।

ਨੇੜੇ ਆਣ ਕੇ ਸ਼ੀਹਣੀ ਵਾਂਗ ਗੱਜੀ ,ਅੱਖੀਂ ਰੋਹ ਦਾ ਨੀਰ ਪਲੱਟਿਆ ਸੂ।

ਸਿਰੋਂ ਲਾਹ ਟੋਪੀ ਗਲੋਂ ਤੋੜ ਸੇਲ੍ਹੀ, ਲੱਕੋਂ ਚਾਇਕੇ ਜ਼ਿਮੀਂ ਤੇ ਸੱਟਿਆ ਸੂ।

ਪਕੜ ਜ਼ਮੀ ਤੇ ਮਾਰਿਆ ਨਾਲ ਗੁੱਸੇ, ਧੋਬੀ ਪਟੜੇ ਤੇ ਖੇਸ ਨੂੰ ਛੱਟਿਆ ਸੂ।

ਵਾਰਿਸ ਸ਼ਾਹ ਫਰਿਸ਼ਤਿਆਂ ਅਰਸ਼ ਉੱਤੋਂ, ਸ਼ੈਤਾਨ ਨੂੰ ਜ਼ਿਮੀਂ ਤੇ ਸੱਟਿਆ ਸੂ।

88

ਹੀਰ ਨੇ ਕੈਦੋਂ ਨੂੰ ਡਰਾਉਣਾ

ਹੀਰ ਢਾਇ ਕੇ ਆਖਿਆ ਮੀਆਂ ਚਾਚਾ, ਚੂਰੀ ਦੇਹ ਜੇ ਜੀਵਿਆ ਲੋੜਨਾ ਹੈਂ।

ਨਹੀਂ ਮਾਰ ਕੇ ਜਿੰਦ ਗਵਾ ਦੇਸਾਂ, ਮੈਨੂੰ ਕਿਸੇ ਨਾ ਹਟਕਣਾ ਹੋੜਨਾ ਹੈਂ।

ਬੰਨ੍ਹ ਪੈਰ ਤੇ ਹੱਥ ਲਟਕਾਇ ਦੇਸਾਂ, ਲੜ ਲੜਕੀਆਂ ਨਾਲ ਕੀ ਜੋੜਨਾ ਹੈਂ।

ਚੂਰੀ ਦੇਹ ਖਾਂ ਨਾਲ ਹਯਾ ਆਪੇ, ਕਾਹੇ ਅਸਾਂ ਦੇ ਨਾਲ ਅਜੋੜਨਾ ਹੈਂ।

89

ਕੈਦੋਂ ਦਾ ਪਰ੍ਹਿਆ ਵਿੱਚ ਫ਼ਰਿਆਦ ਕਰਨਾ

ਅੱਧੀ ਡੁੱਲ੍ਹ ਪਈ ਅੱਧੀ ਖੋਹ ਲਈ, ਚੁਣ ਮੇਲ ਕੇ ਪਰ੍ਹੇ ਵਿਚ ਲਿਆਂਵਦਾ ਈ।

ਕਿਹਾ ਮੰਨਦੇ ਨਹੀਂ ਸਾਉ ਮੂਲ ਮੇਰਾ, ਚੂਰੀ ਪੱਲਿਉਂ ਖੋਲ ਵਿਖਾਂਵਦਾ ਈ।

ਨਾਹੀਂ ਚੂਚਕੇ ਨੂੰ ਕੋਈ ਮਤ ਦੇਂਦਾ, ਨਢੀ ਮਾਰ ਕੇ ਨਹੀਂ ਸਮਝਾਂਵਦਾ ਈ।

ਚਾਕ ਨਾਲ ਇਕੱਲੜੀ ਜਾਏ ਬੇਲੇ, ਅੱਜ ਕਲ ਕੋਈ ਲੀਕ ਲਾਂਵਦਾ ਈ।

ਵਾਰਿਸ ਸ਼ਾਹ ਜਦੋਕਣਾ ਚਾਕ ਰੱਖਿਆ, ਓਸ ਵੇਲੜੇ ਨੂੰ ਪਛੋਤਾਂਵਦਾ ਈ।

90

ਚੂਚਕ

ਚੂਚਕ ਆਖਿਆ ਕੂੜੀਆਂ ਕਰੇਂ ਗੱਲਾਂ, ਹੀਰ ਖੇਡਦੀ ਨਾਲ ਸਹੇਲੀਆਂ ਦੇ।

ਪੀਂਘਾਂ ਪਇਕੇ ਸੱਈਆਂ ਦੇ ਨਾਲ ਝੂਟੇ, ਤ੍ਰਿੰਞਣ ਜੋੜਦੀ ਵਿੱਚ ਹਵੇਲੀਆਂ ਦੇ।

ਇਹ ਚੁਗ਼ਲ ਜਹਾਨ ਦਾ ਮਗਰ ਲੱਗਾ, ਫ਼ੱਕਰ ਜਾਣਦੇ ਹੋ ਨਾਲ ਸੇਲ੍ਹੀਆਂ ਦੇ।

ਕਦੀ ਨਾਲ ਮਦਾਰੀਆਂ ਭੰਗ ਘੋਟੇ, ਕਦੀ ਜਾਇ ਨੱਚੇ ਨਾਲ ਚੇਲੀਆਂ ਦੇ।

ਨਹੀਂ ਚੂਹੜੇ ਦਾ ਪੁੱਤ ਹੋਏ ਸਈਅਦ, ਘੋੜੇ ਹੋਣ ਨਾਹੀਂ ਪੁੱਤ ਲੇਲੀਆਂ ਦੇ।

ਵਾਰਿਸ ਸ਼ਾਹ ਫ਼ਕੀਰ ਭੀ ਨਹੀਂ ਹੁੰਦੇ, ਬੇਟੇ ਜੱਟਾਂ ਤੇ ਮੋਚੀਆਂ ਤੇਲੀਆਂ ਦੇ।

91

ਹੀਰ ਦੀ ਮਾਂ ਕੋਲ ਔਰਤਾਂ ਵੱਲੋਂ ਚੁਗ਼ਲੀ

ਮਾਂ ਹੀਰ ਦੀ ਥੇ ਲੋਕ ਕਰਨ ਚੁਗ਼ਲੀ, ਮਹਿਰੀ ਮਲਕੀਏ ਧੀ ਖ਼ਰਾਬ ਹੈ ਨੀ।

ਅਸੀਂ ਮਾਸੀਆਂ ਫੁਫੀਆਂ ਲਜ ਮੋਈਆਂ, ਸਾਡਾ ਅੰਦਰੋਂ ਜੀਉ ਕਬਾਬ ਹੈ ਨੀ।

ਸ਼ਮਸੁੱਦੀਨ ਕਾਜ਼ੀ ਨਿਤ ਕਰੇ ਮਸਲੇ, ਸ਼ੋਖ਼ ਧੀ ਦਾ ਵਿਆਹ ਸਵਾਬ ਹੈ ਨੀ।

ਚਾਕ ਨਾਲ ਇਕੱਲੀਆਂ ਜਾਣ ਧੀਆਂ, ਹੋਇਆ ਮਾਪਿਆਂ ਧੁਰੋਂ ਜਵਾਬ ਹੈ ਨੀ।

ਤੇਰੀ ਧੀ ਦਾ ਮਗ਼ਜ਼ ਹੈ ਬੇਗ਼ਮਾਂ ਦਾ, ਵੇਖੋ ਚਾਕ ਜਿਉਂ ਫਿਰੇ ਨਵਾਬ ਹੈ ਨੀ।

ਵਾਰਿਸ ਸ਼ਾਹ ਮੂੰਹ ਉਂਗਲਾਂ ਲੋਕ ਘੱਤਣ, ਧੀ ਮਲਕੀ ਦੀ ਪੁੱਜ ਖ਼ਰਾਬ ਹੈ ਨੀ।

92

ਕੈਦੋ ਦੀ ਹੀਰ ਦੀ ਮਾਂ ਕੋਲ ਚੁਗ਼ਲੀ

ਕੈਦੋ ਆਖਦਾ ਧੀ ਵਿਆਹ ਮਲਕੀ, ਧਰੋਹੀ ਰਬ ਦੀ ਮੰਨ ਲੈ ਡਾਇਣੇ ਨੀ।

ਇੱਕੇ ਮਾਰ ਕੇ ਵੱਢ ਕੇ ਕਰਸੁ ਬੇਰੇ, ਮੂੰਹ ਸਿਰ ਭੰਨ ਚੋਆਂ ਸਾੜ ਸਾਇਣੇ ਨੀ।

ਵੇਖ ਧੀ ਦਾ ਲਾਡ ਕੀ ਦੰਦ ਕੱਢੇਂ, ਬਹੁਤ ਝੂਰਸੇਂ ਰੰਨੇ ਕਸਾਇਣੇ ਨੀ।

ਇੱਕੇ ਬੰਨ੍ਹ ਕੇ ਭੋਹਰੇ ਚਾ ਘੱਤੋ, ਲਿੰਬ ਵਾਂਗ ਭੜੋਲੇ ਦੇ ਆਇਣੇ ਨੀ।

93

ਮਲਕੀ ਦਾ ਗ਼ੁੱਸਾ

ਗ਼ੁੱਸੇ ਨਾਲ ਮਲਕੀ ਤਪ ਲਾਲ ਹੋਈ, ਝੱਬ ਦੌੜ ਤੂੰ ਮਿੱਠੀਏ ਨਾਇਣੇ ਨੀ।

ਸਦ ਲਿਆ ਤੂੰ ਹੀਰ ਨੂੰ ਢੂੰਡ ਕੇ ਤੇ, ਤੈਨੂੰ ਮਾਉਂ ਸਦੇਂਦੀ ਹੈ ਡਾਇਣੇ ਨੀ।

ਨੀ ਖੜਦੁੰਬੀਏ ਮੂਨੇ ਪਾੜ੍ਹੀਏ ਨੀ, ਮੁਸ਼ਟੰਡੀਏ ਬਾਰ ਦੀਏ ਵਾਇਣੇ ਨੀ।

ਵਾਰਿਸ ਸ਼ਾਹ ਵਾਂਗੂੰ ਕਿਤੇ ਡੁਬ ਮੋਏਂ, ਘਰ ਆ ਸਿਆਪੇ ਦੀਏ ਨਾਇਣੇ ਨੀ।

94

ਹੀਰ ਦਾ ਮਾਂ ਕੋਲ ਆਉਣਾ

ਹੀਰ ਆਇ ਕੇ ਆਖਦੀ ਹੱਸ ਕੇ ਤੇ, ਅਨੀ ਝਾਤ ਨੀ ਅੰਬੜੀਏ ਮੇਰੀਏ ਨੀ।

ਤੈਨੂੰ ਡੂੰਘੜੇ ਖੂਹ ਵਿੱਚ ਚਾਇ ਬੋੜਾਂ, ਕੁੱਲ ਪੱਟੀਉ ਬਚੜੀਏ ਮੇਰੀਏ ਨੀ।

ਧੀ ਜਵਾਨ ਜੇ ਕਿਸੇ ਦੀ ਬੁਰੀ ਹੋਵੇ, ਚੁਪ ਕੀਤੜੇ ਚਾ ਨਬੇੜੀਏ ਨੀ।

ਤੈਨੂੰ ਵੱਡਾ ਉਦਮਾਦ ਆ ਜਾਗਿਆ ਏ, ਤੇਰੇ ਵਾਸਤੇ ਮੁਣਸ ਸਹੇੜੀਏ ਨੀ।

ਧੀ ਜਵਾਨ ਜੇ ਨਿਕਲੇ ਘਰੋਂ ਬਾਹਰ, ਲੱਗੇ ਵੱਸ ਤਾਂ ਖੂਹ ਨਘੇਰੀਏ ਨੀ।

ਵਾਰਿਸ ਜਿਉਂਦੇ ਹੋਣ ਜੇ ਭੈਣ ਭਾਈ, ਚਾਕ ਚੋਬਰਾਂ ਨਾਂਹ ਸਹੇੜੀਏ ਨੀ।

95

ਮਾਂ ਨੇ ਹੀਰ ਨੂੰ ਡਰਾਉਣਾ

ਤੇਰੇ ਵੀਰ ਸੁਲਤਾਨ ਨੂੰ ਖ਼ਬਰ ਹੋਵੇ, ਕਰੇ ਫਿਕਰ ਉਹ ਤੇਰੇ ਮੁਕਾਵਣੇ ਦਾ।

ਚੂਚਕ ਬਾਪ ਦੇ ਰਾਜ ਨੂੰ ਲੀਕ ਲਾਈਆ, ਕੇਹਾ ਫ਼ਾਇਦਾ ਮਾਪਿਆਂ ਤਾਵਣੇ ਦਾ।

ਨਕ ਵੱਢ ਕੇ ਕੋੜਮਾਂ ਗਾਲਿਉ ਈ, ਹੋਇਆ ਫ਼ਾਇਦਾ ਲਾਡ ਲਡਾਵਣੇ ਦਾ।

ਰਾਤੀਂ ਚਾਕ ਨੂੰ ਚਾਇ ਜਵਾਬ ਦੇਸਾਂ, ਨਹੀਂ ਸ਼ੌਕ ਏ ਮਹੀਂ ਚਰਵਾਣੇ ਦਾ।

ਆ ਮਿੱਠੀਏ ਲਾਹ ਨੀ ਸਭ ਗਹਿਣੇ, ਗੁਣ ਕੀ ਹੈ ਗਹਿਣਿਆਂ ਪਾਵਣੇ ਦਾ।

ਵਾਰਿਸ ਸ਼ਾਹ ਮੀਆਂ ਛੋਹਰੀ ਦਾ, ਜੀਉ ਹੋਇਆ ਈ ਲਿੰਗ ਕੁਟਾਵਣੇ ਦਾ।

96

ਹੀਰ ਦਾ ਉੱਤਰ

ਮਾਏ ਰੱਬ ਨੇ ਚਾਕ ਘਰ ਘੱਲਿਆ ਸੀ, ਤੇਰੇ ਹੋਣ ਨਸੀਬ ਜੇ ਧੁਰੋਂ ਚੰਗੇ।

ਇਹੋ ਜਹੇ ਜੇ ਆਦਮੀ ਹੱਥ ਆਵਣ, ਸਾਰਾ ਮੁਲਕ ਹੀ ਰਬ ਥੀਂ ਦੁਆ ਮੰਗੇ।

ਜਿਹੜੇ ਰਬ ਕੀਤੇ ਕੰਮ ਹੋਇ ਰਹੇ, ਸਾਨੂੰ ਮਾਂਓਂ ਕਿਉਂ ਗ਼ੈਬ ਦੇ ਦਏਂ ਪੰਗੇ।

ਕੁੱਲ ਸਿਆਣਿਆਂ ਮਲਕ ਨੂੰ ਮੱਤ ਦਿੱਤੀ, ਤੇਗ਼ ਮਹਿਰੀਆਂ ਇਸ਼ਕ ਨਾ ਕਰੋ ਨੰਗੇ।

ਨਹੀਂ ਛੇੜੀਏ ਰੱਬ ਦਿਆਂ ਪੂਰਿਆਂ ਨੂੰ, ਜਿਨ੍ਹਾਂ ਕੱਪੜੇ ਖ਼ਾਕ ਦੇ ਵਿੱਚ ਰੰਗੇ।

ਜਿਨ੍ਹਾਂ ਇਸ਼ਕ ਦੇ ਮਾਮਲੇ ਸਿਰੀਂ ਚਾਏ, ਵਾਰਿਸ ਸ਼ਾਹ ਨਾ ਕਿਸੇ ਥੋਂ ਰਹਿਣ ਸੰਗੇ।

97

ਹੀਰ ਦੇ ਮਾਂ ਪਿਉ ਦੀ ਸਲਾਹ

ਮਲਕੀ ਆਖ਼ਦੀ ਚੂਚਕਾ ਬਣੀ ਔਖੀ, ਸਾਨੂੰ ਹੀਰ ਦਿਆਂ ਮਿਹਣਿਆਂ ਖ਼ੁਆਰ ਕੀਤਾ।

ਤਾਹਨੇ ਦੇਣ ਸ਼ਰੀਕ ਤੇ ਲੋਕ ਸਾਰੇ, ਚੌਤਰਫਿਉਂ ਖੁਆਰ ਸੰਸਾਰ ਕੀਤਾ।

ਵੇਖੋ ਲੱਜ ਸਿਆਲਾਂ ਦੀ ਲਾਹ ਸੁੱਟੀ, ਨਢੀ ਹੀਰ ਨੇ ਚਾਕ ਨੂੰ ਯਾਰ ਕੀਤਾ।

ਜਾਂ ਮੈਂ ਮੱਤ ਦਿੱਤੀ ਅੱਗੋਂ ਲੜਨ ਲੱਗੀ, ਲੱਜ ਲਾਹ ਕੇ ਚਸ਼ਮ ਨੂੰ ਚਾਰ ਕੀਤਾ।

ਕੱਢ ਚਾਕ ਨੂੰ ਖੋਹ ਲੈ ਮਹੀਂ ਸੱਭੇ, ਅਸਾਂ ਚਾਕ ਥੋਂ ਜੀਉ ਬੇਜ਼ਾਰ ਕੀਤਾ।

ਇੱਕੇ ਧੀ ਨੂੰ ਚਾਘੜੇ ਡੋਬ ਕਰੀਏ, ਜਾਣੋਂ ਰਬ ਨੇ ਚਾ ਗੁਨ੍ਹਾਗਾਰ ਕੀਤਾ।

ਝੱਬ ਵਿਆਹ ਕਰ ਧੀ ਨੂੰ ਕੱਢ ਦੇਸੋਂ, ਸਾਨੂੰ ਠਿਠ ਹੈ ਏਸ ਮੁਰਦਾਰ ਕੀਤਾ।

ਵਾਰਿਸ ਸ਼ਾਹ ਨੂੰ ਹੀਰ ਫ਼ੁਆਰ ਕੀਤਾ, ਨਹੀਂ ਰੱਬ ਸੀ ਸਾਹਿਬ ਸਰਦਾਰ ਕੀਤਾ।

98

ਚੂਚਕ

ਚੂਚਕ ਆਖਦਾ ਮਲਕੀਏ ਜੰਮਦੀ ਨੂੰ, ਗਲ ਘੁਟਕੇ ਕਾਹੇ ਨਾ ਮਾਰਿਉ ਈ।

ਘੁੱਟੀ ਅੱਕ ਦੀ ਘੋਲ ਨਾ ਦਿੱਤੀਆ ਈ, ਉਹ ਅੱਜ ਸਵਾਬ ਨਿਤਾਰਿਉ ਈ।

ਮੰਝ ਡੂੰਘੜੇ ਵਹਿਣ ਨਾ ਬੋੜਿਆ ਈ, ਵੱਢ ਬੋੜ ਕੇ ਮੂਲ ਨਾ ਮਾਰਿਉ ਈ।

ਵਾਰਿਸ ਸ਼ਾਹ ਖ਼ੁਦਾ ਦਾ ਖ਼ੌਫ਼ ਕੀਤੋ, ਕਾਰੂੰ ਵਾਂਗ ਨਾ ਜ਼ਿਮੀਂ ਨਿਘਾਰਿਉ ਈ।

99

ਚੂਚਕ ਰਾਂਝੇ ਨੂੰ

ਰਾਤੀਂ ਰਾਂਝੇ ਨੇ ਮਹੀਂ ਜਾਂ ਆਣ ਢੋਈਆਂ, ਚੂਚਕ ਸਿਆਲ ਮੱਥੇ ਵੱਟ ਪਾਇਆ ਈ।

ਭਾਈ ਛੱਡ ਮਹੀਂ ਉਠ ਜਾ ਘਰ ਨੂੰ, ਤੇਰਾ ਤੌਰ ਬੁਰਾ ਨਜ਼ਰ ਆਇਆ ਈ।

ਸਿਆਲ ਕਹੇ ਭਾਈ ਸਾਡੇ ਕੰਮ ਨਾਹੀਂ, ਜਾਏ ਉਧਰੇ ਜਿਧਰੋਂ ਆਇਆ ਈ।

ਅਸਾਂ ਸਾਨ੍ਹ ਨਾ ਰਖਿਆ ਨੱਢੀਆਂ ਦਾ, ਧੀਆਂ ਚਾਰਨੀਆਂ ਕਿਸ ਬਤਾਇਆ ਈ।

'ਇੱਤਕੱਵਾ ਮਵਾਜ਼ਿ ਅਤੁਹਮ', ਵਾਰਿਸ ਸ਼ਾਹ ਇਹ ਧੁਰੋਂ ਫ਼ੁਰਮਾਇਆ ਈ।

100

ਚੂਚਕ ਤੇ ਰਾਂਝਾ

'ਵੱਲੋ ਬਸਤ ਅਲਹੁ ਰਿਜ਼ਕ ਲਇਬਾਦਹ', ਰੱਜ ਖਾਇਕੇ ਮਸਤੀਆਂ ਚਾਈਆਂ ਨੀ।

'ਕੁਲੂ ਵਸ਼ਰਬੂ' ਰੱਬ ਨੇ ਹੁਕਮ ਦਿੱਤਾ, ਨਹੀਂ ਮਸਤੀਆਂ ਲਿਖੀਆਂ ਆਈਆਂ ਨੀ।

ਕਿੱਥੋਂ ਪਚਣ ਇਹਨਾਂ ਮੁਸ਼ਟੰਡਿਆਂ ਨੂੰ, ਨਿੱਤ ਖਾਣੀਆਂ ਦੁਧ ਮਲਾਈਆਂ ਨੀ।

'ਵਮਾ ਮਿਨ ਦਆਬੱਤਨਿ ਫ਼ਿਲ ਅਰਜ਼', ਇਹ ਆਇਤਾਂ ਧੁਰੋਂ ਫ਼ੁਰਮਾਈਆਂ ਨੀ।

ਵਾਰਿਸ ਸ਼ਾਹ ਮੀਆਂ ਰਿਜ਼ਕ ਰੱਬ ਦੇਸੀ, ਇਹ ਲੈ ਸਾਂਭ ਮੱਝੀਂ ਘਰ ਆਈਆਂ ਨੀ।

101

ਰਾਂਝੇ ਨੇ ਚੂਚਕ ਦੇ ਘਰੋਂ ਚਲੇ ਜਾਣਾ

ਰਾਂਝਾ ਸੱਟ ਖੂੰਡੀ ਉਤੋਂ ਲਾਹ ਭੂਰਾ, ਛੱਡ ਚਲਿਆ ਸਭ ਮੰਗਵਾੜ ਮੀਆਂ।

ਜੇਹਾ ਚੋਰ ਨੂੰ ਥੜੇ ਦਾ ਖੜਕ ਪਹੁੰਚੇ ਛੱਡ ਟੁਰੇ ਹੈ ਸੰਨ੍ਹ ਦਾ ਪਾੜ ਮੀਆਂ।

ਦਿਲ ਚਾਇਆ ਦੇਸ ਤੇ ਮੁਲਕ ਉਤੋਂ, ਉਹਦੇ ਭਾਇ ਦਾ ਬੋਲਿਆ ਹਾੜ ਮੀਆਂ।

ਤੇਰੀਆਂ ਖੋਲੀਆਂ ਚੋਰਾਂ ਦੇ ਮਿਲਣ ਸਭੇ, ਖੜੇ ਕੱਟੀਆਂ ਨੂੰ ਕਾਈ ਧਾੜ ਮੀਆਂ।

ਮੈਨੂੰ ਮਝੀਂ ਦੀ ਕੁੱਝ ਪਰਵਾਹ ਨਾਹੀਂ, ਨੱਢੀ ਪਈ ਸੀ ਇੱਤ ਰਿਹਾੜ ਮੀਆਂ।

ਤੇਰੀ ਧੀ ਨੂੰ ਅਸੀਂ ਕੀ ਜਾਣਨੇ ਹਾਂ, ਤੈਨੂੰ ਆਉਂਦੀ ਨਜ਼ਰ ਪਹਾੜ ਮੀਆਂ।

ਤੇਰੀਆਂ ਮੱਝਾਂ ਦੇ ਕਾਰਨੇ ਰਾਤ ਅੱਧੀ, ਫਿਰਾਂ ਭੰਨਦਾ ਕਹਿਰ ਦੇ ਝਾੜ ਮੀਆਂ।

ਮੰਗੂ ਮਗਰ ਮੇਰੇ ਸਭੋ ਆਂਵਦਾ ਈ, ਮਝੀਂ ਆਪਣੀਆਂ ਮਹਿਰ ਜੀ ਤਾੜ ਮੀਆਂ।

ਘੁਟ ਬਹੇਂ ਚਰਾਈ ਤੂੰ ਮਾਹੀਆਂ ਦੀ, ਸਹੀ ਕੀਤੋ ਈ ਕੋਈ ਕਿਰਾੜ ਮੀਆਂ।

ਮਹੀਂ ਚਾਰਦੇ ਨੂੰ ਹੋ ਗਏ ਮਾਹ ਬਾਰਾਂ, ਅੱਜ ਉਠਿਆ ਅੰਦਰੋਂ ਸਾੜ ਮੀਆਂ।

ਵਹੀ ਖਤਰੀ ਦੀ ਰਹੀ ਖਤਰੀ ਤੇ, ਲੇਖਾ ਗਿਆ ਈ ਹੋਇ ਪਹਾੜ ਮੀਆਂ।

ਤੇਰੀ ਧੀ ਰਹੀ ਤੇਰੇ ਘਰੇ ਬੈਠੀ, ਝਾੜਾ ਮੁਫ਼ਤ ਦਾ ਲਿਆ ਈ ਝਾੜ ਮੀਆਂ।

ਹੱਟ ਭਰੇ ਭਕੁੰਨੇ ਨੂੰ ਸਾਂਭ ਲਿਆ, ਕੱਢ ਛੱਡਿਓ ਨੰਗ ਕਿਰਾੜ ਮੀਆਂ।

ਵਾਰਿਸ ਸ਼ਾਹ ਅੱਗੋਂ ਪੂਰੀ ਨਾ ਪਈਆ, ਪਿੱਛੋਂ ਆਇਆ ਸੈਂ ਪੜਤਣੇ ਪਾੜ ਮੀਆਂ।

102

ਗਾਈਆਂ ਮੱਝਾਂ ਦਾ ਰਾਂਝੇ ਬਿਨਾ ਨਾ ਚੁਗਣਾ

ਮਝੀਂ ਚਰਨ ਨਾ ਬਾਝ ਰੰਝੇਟੜੇ ਦੇ, ਮਾਹੀ ਹੋਰ ਸਭੇ ਝਖ਼ ਮਾਰ ਰਹੇ।

ਕਾਈ ਘੁਸ ਜਾਏ ਕਾਈ ਡੁਬ ਜਾਏ, ਕਾਈ ਸਨ੍ਹ ਰਹੇ ਕਾਈ ਪਾਰ ਰਹੇ।

ਸਿਆਲ ਪਕੜ ਹਥਿਆਰ ਤੇ ਹੋ ਖੁੰਮਾਂ, ਮਗਰ ਲਗ ਕੇ ਖੋਲੀਆਂ ਚਾਰ ਰਹੇ।

ਵਾਰਿਸ ਸ਼ਾਹ ਚੂਚਕ ਪਛੋਤਾਂਵਦਾ ਈ, ਮੰਗੂ ਨਾ ਛਿੜੇ, ਅਸੀਂ ਹਾਰ ਰਹੇ।

103

ਮਾਂ ਨੂੰ ਹੀਰ ਦਾ ਉੱਤਰ

ਮਾਏ ਚਾਕ ਤਰਾਹਿਆ ਚਾਇ ਬਾਬੇ, ਏਸ ਗੱਲ ਉਤੇ ਬਹੁਤ ਖੁਸ਼ੀ ਹੋ ਨੀ।

ਰੱਬ ਓਸ ਨੂੰ ਰਿਜ਼ਕ ਹੈ ਦੇਣ ਹਾਰਾ, ਕੋਈ ਓਸ ਦੇ ਰੱਬ ਨਾ ਤੁਸੀਂ ਹੋ ਨੀ।

ਮਹੀਂ ਫਿਰਨ ਖਰਾਬ ਵਿੱਚ ਬੇਲਿਆਂ ਦੇ, ਖੋਲ ਦੱਸੋ ਕੇਹੀ ਬੁਸ ਬੁਸੀ ਹੋ ਨੀ।

ਵਾਰਿਸ ਸ਼ਾਹ ਔਲਾਦ ਨਾ ਮਾਲ ਰਹਿਸੀ, ਜਿਹਦਾ ਹੱਕ ਖੁੱਥਾ ਓਹ ਨਾਖੁਸ਼ੀ ਹੋ ਨੀ।

104

ਮਲਕੀ ਚੂਚਕ ਨੂੰ

ਮਲਕੀ ਗੱਲ ਸੁਣਾਂਵਦੀ ਚੂਚਕੇ ਨੂੰ, ਲੋਕ ਬਹੁਤ ਦਿੰਦੇ ਬਦ ਦੁਆ ਮੀਆਂ।

ਬਾਰਾਂ ਬਰਸ ਉਸ ਮਝੀਆਂ ਚਾਰੀਆਂ ਨੇ, ਨਹੀਂ ਕੀਤੀ ਸੂ ਚੂੰ ਚਰਾ ਮੀਆਂ।

ਹੱਕ ਖੋਹ ਕੇ ਚਾ ਜਵਾਬ ਦਿੱਤਾ, ਮਹੀਂ ਛਡ ਕੇ ਘਰਾਂ ਨੂੰ ਜਾ ਮੀਆਂ।

ਪੈਰੀਂ ਲਗ ਕੇ ਜਾ ਮਨਾ ਉਸ ਨੂੰ, ਆਹ ਫ਼ੱਕਰ ਦੀ ਬੁਰੀ ਪੈ ਜਾ ਮੀਆਂ।

ਵਾਰਿਸ ਸ਼ਾਹ ਫ਼ਕੀਰ ਨੇ ਚੁਪ ਕੀਤੀ, ਉਹਦੀ ਚੁਪ ਹੀ ਦੇਗ ਲੁੜ੍ਹਾ ਮੀਆਂ।

105

ਚੂਚਕ

ਚੂਚਕ ਆਖਿਆ ਜਾਹ ਮਨਾ ਉਸਨੂੰ, ਵਿਆਹ ਤੀਕ ਤਾਂ ਮਹੀਂ ਚਰਾਇ ਲਈਏ।

ਜਦੋਂ ਹੀਰ ਪਾ ਡੋਲੀ ਟੋਰ ਦੇਈਏ, ਰੁਸ ਪਵੇ ਜਵਾਬ ਤਾਂ ਚਾਇ ਦੇਈਏ।

ਸਾਡੀ ਧੀਉ ਦਾ ਕੁੱਝ ਨਾ ਲਾਹ ਲੈਂਦਾ, ਸਭ ਟਹਿਲ ਟਕੋਰ ਕਰਾਇ ਲਈਏ।

ਵਾਰਿਸ ਸ਼ਾਹ ਅਸੀਂ ਜਟ ਹਾਂ ਸਦਾ ਖੋਟੇ, ਜਟਕਾ ਫੰਦ ਏਥੇ ਹਿਕ ਲਾਇ ਲਈਏ।

106

ਮਲਕੀ ਦਾ ਰਾਂਝੇ ਨੂੰ ਲੱਭਣਾ

ਮਲਕੀ ਜਾ ਵਿਹੜੇ ਵਿੱਚ ਪੁੱਛਦੀ ਹੈ, ਜਿਹੜਾ ਜਿਹੜਾ ਸੀ ਭਾਈਆਂ ਸਾਂਵਿਆਂ ਦਾ।

ਸਾਡੇ ਮਾਹੀ ਦੀ ਖ਼ਬਰ ਹੈ ਕਿਤੇ ਅੜਿਉ, ਕਿਧਰ ਮਾਰਿਆ ਗਿਆ ਪਛਤਾਵਿਆਂ ਦਾ।

ਜ਼ਰਾ ਹੀਰ ਕੁੜੀ ਉਹਨੂੰ ਸੱਦਦੀ ਹੈ, ਰੰਗ ਧੋਵੇ ਪਲੰਘ ਦੇ ਪਾਵਿਆਂ ਦਾ।

ਰਾਂਝਾ ਬੋਲਿਆ ਸੱਥਰੋਂ ਭੰਨ ਆਕੜ, ਇਹ ਜੇ ਪਿਆ ਸਰਦਾਰ ਨਿਥਾਵਿਆਂ ਦਾ।

ਸਿਰ ਪਟੇ ਸਫ਼ਾ ਕਰ ਹੋ ਰਹਿਆ, ਜੇਹਾ ਬਾਲਕਾ ਮੁੰਨਿਆਂ ਬਾਵਿਆਂ ਦਾ।

ਵਾਰਿਸ ਸ਼ਾਹ ਜਿਉਂ ਚੋਰ ਨੂੰ ਮਿਲੇ ਵਾਹਰ, ਉਭੇ ਸਾਹ ਭਰਦਾ ਮਾਰਾ ਹਾਵਿਆਂ ਦਾ।

107

ਮਲਕੀ ਦਾ ਰਾਂਝੇ ਨੂੰ ਤਸੱਲੀ ਦੇਣੀ

ਮਲਕੀ ਆਖਦੀ ਲੜਿਉਂ ਜੇ ਨਾਲ ਚੂਚਕ, ਕੋਈ ਸਖ਼ਨ ਨਾ ਜੀਊ ਤੇ ਲਿਆਵਣਾ ਈ।

ਕੇਹਾ ਮਾਪਿਆਂ ਪੁਤਰਾਂ ਲੜਨ ਹੁੰਦਾ, ਤੁਸਾਂ ਖੱਟਣਾ ਤੇ ਅਸਾਂ ਖਾਵਣਾ ਈ।

ਛਿੜ ਮਾਲ ਦੇ ਨਾਲ ਮੈਂ ਘੋਲ ਘੱਤੀ, ਸ਼ਾਮੋ ਸ਼ਾਮ ਰਾਤੀਂ ਘਰੀਂ ਆਵਣਾ ਈ।

ਤੂੰ ਹੀ ਚੋਇਕੇ ਦੁਧ ਜਮਾਵਣਾ ਈ, ਤੂੰ ਹੀ ਹੀਰ ਦਾ ਪਲੰਘ ਵਿਛਾਵਣਾ ਈ।

ਕੁੜੀ ਕਲ੍ਹ ਦੀ ਤੇਰੇ ਤੋਂ ਰੁਸ ਬੈਠੀ, ਤੂੰ ਹੀ ਓਸ ਨੂੰ ਆਇ ਮਨਾਵਣਾ ਈ।

ਮੰਗੂ ਮਾਲ ਸਿਆਲ ਤੇ ਹੀਰ ਤੇਰੀ, ਨਾਲੇ ਘੂਰਨਾ ਤੇ ਨਾਲੇ ਖਾਵਣਾ ਈ।

ਮੰਗੂ ਛੇੜ ਕੇ ਝੱਲ ਵਿੱਚ ਮੀਆਂ ਵਾਰਿਸ, ਅਸਾਂ ਤਖਤ ਹਜ਼ਾਰੇ ਨਾ ਜਾਵਣਾ ਈ।

108

ਰਾਂਝੇ ਦਾ ਹੀਰ ਨੂੰ ਕਹਿਣਾ

ਰਾਂਝਾ ਆਖਦਾ ਹੀਰ ਨੂੰ ਮਾਉਂ ਤੇਰੀ, ਸਾਨੂੰ ਫੇਰ ਮੁੜ ਰਾਤ ਦੀ ਚੰਮੜੀ ਹੈ।

ਮੀਆਂ ਮੰਨ ਲਏ ਓਸ ਦੇ ਆਖਣੇ ਨੂੰ, ਤੇਰੀ ਹੀਰ ਪਿਆਰੀ ਦੀ ਅੰਮੜੀ ਹੈ।

ਕੀ ਜਾਣੀਏ ਉੱਠ ਕਿਸ ਘੜੀ ਬਹਿਸੀ, ਅਜੇ ਵਿਆਹ ਦੀ ਵਿੱਥ ਤਾਂ ਲੰਮੜੀ ਹੈ।

ਵਾਰਿਸ ਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ, ਕਿਸੇ ਪੱਲੇ ਨਹੀਂ ਬੱਧੜੀ ਦੰਮੜੀ ਹੈ।

109

ਰਾਂਝੇ ਦਾ ਮਲਕੀ ਦੇ ਆਖੇ ਫੇਰ ਮਝੀਆਂ ਚਾਰਨਾ

ਰਾਂਝਾ ਹੀਰ ਦੀ ਮਾਉਂ ਦੇ ਲਗ ਆਖੇ, ਛੇੜ ਮੱਝੀਆਂ ਝੱਲ ਨੂੰ ਆਂਵਦਾ ਹੈ।

ਮੰਗੂ ਵਾੜ ਦਿੱਤਾ ਵਿੱਚ ਝਾਂਗੜੇ ਦੇ, ਆਪ ਨਹਾਇਕੇ ਰੱਬ ਧਿਆਂਵਦਾ ਹੈ।

ਹੀਰ ਸੱਤੂਆਂ ਦਾ ਮਗਰ ਘੋਲ ਛੰਨਾ, ਵੇਖੋ ਰਿਜ਼ਕ ਰੰਝੇਟੇ ਦਾ ਆਂਵਦਾ ਹੈ।

ਪੰਜਾਂ ਪੀਰਾਂ ਦੀ ਆਮਦਨ ਤੁਰਤ ਹੋਈ, ਹਥ ਬੰਨ੍ਹ ਸਲਾਮ ਕਰਾਂਵਦਾ ਹੈ।

ਰਾਂਝਾ ਹੀਰ ਦੋਵੇਂ ਹੋਏ ਆਣ ਹਾਜ਼ਰ, ਅੱਗੋਂ ਪੀਰ ਹੁਣ ਇਹ ਫਰਮਾਂਵਦਾ ਹੈ।

110

ਪੀਰਾਂ ਦਾ ਉੱਤਰ

ਬੱਚਾ ਦੋਹਾਂ ਨੇ ਰਬ ਨੂੰ ਯਾਦ ਕਰਨਾ, ਨਾਹੀਂ ਇਸ਼ਕ ਨੂੰ ਲੀਕ ਲਗਾਵਣਾ ਈ।

ਬੱਚਾ ਖਾ ਚੂਰੀ ਚੋਏ ਮਝ ਬੂਰੀ, ਜ਼ਰਾ ਜਿਉ ਨੂੰ ਨਹੀਂ ਵਲਾਵਣਾ ਈ।

ਅੱਠੇ ਪਹਿਰ ਖ਼ੁਦਾਇ ਦੀ ਯਾਦ ਅੰਦਰ, ਤੁਸਾਂ ਜ਼ਿਕਰ ਤੇ ਖ਼ੈਰ ਕਮਾਵਣਾ ਈ।

ਵਾਰਿਸ ਸ਼ਾਹ ਪੰਜਾਂ ਪੀਰਾਂ ਹੁਕਮ ਕੀਤਾ, ਬੱਚਾ ਇਸ਼ਕ ਤੋਂ ਨਹੀਂ ਡੁਲਾਵਣਾ ਈ।

111

ਕਾਜ਼ੀ ਅਤੇ ਮਾਂ ਬਾਪ ਵੱਲੋਂ ਹੀਰ ਨੂੰ ਨਸੀਹਤ

ਹੀਰ ਵੱਤ ਕੇ ਬੇਲਿਉਂ ਘਰੀਂ ਆਈ, ਮਾਂ ਬਾਪ ਕਾਜ਼ੀ ਸੱਦ ਲਿਆਉਂਦੇ ਨੇ।

ਦੋਵੇ ਆਪ ਬੈਠੇ ਅਤੇ ਵਿੱਚ ਕਾਜ਼ੀ, ਅਤੇ ਸਾਹਮਣੇ ਹੀਰ ਬਹਾਉਂਦੇ ਨੇ।

ਬੱਚਾ ਹੀਰ ਤੈਨੂੰ ਅਸੀਂ ਮੱਤ ਦਿੰਦੇ, ਮਿੱਠੀ ਨਾਲ ਜ਼ਬਾਨ ਸਮਝਾਉਂਦੇ ਨੇ।

ਚਾਕ ਚੋਬਰਾਂ ਨਾਲ ਨਾ ਗੱਲ ਕੀਜੇ, ਇਹ ਮਿਹਨਤੀ ਕਿਹੜੇ ਥਾਉਂ ਦੇ ਨੇ।

ਤ੍ਰਿੰਞਣ ਜੋੜ ਕੇ ਆਪਣੇ ਘਰੀਂ ਬਹੀਏ, ਸੁਘੜ ਗਾਉਂ ਕੇ ਜੀਉ ਪਰਚਾਉਂਦੇ ਨੇ।

ਲਾਲ ਚਰਖੜਾ ਡਾਹ ਕੇ ਛੋਪ ਪਾਈਏ, ਕੇਹੇ ਸੁਹਣੇ ਗੀਤ ਝਨਾਉਂ ਦੇ ਨੇ।

ਨੀਵੀਂ ਨਜਰ ਹਿਆ ਦੇ ਨਾਲ ਰਹੀਏ, ਤੈਨੂੰ ਸਭ ਸਿਆਣੇ ਫ਼ਰਮਾਉਂਦੇ ਨੇ।

ਚੂਚਕ ਸਿਆਲ ਹੋਰੀਂ ਹੀਰੇ ਜਾਨਣੀ ਹੈਂ, ਸਰਦਾਰ ਇਹ ਪੰਜ ਗਰਾਉਂ ਦੇ ਨੇ।

ਸ਼ਰਮ ਮਾਪਿਆਂ ਦੀ ਵਲ ਧਿਆਨ ਕਰੀਏ, ਬਾਲਾ ਸ਼ਾਨ ਇਹ ਜਟ ਸਦਾਉਂਦੇ ਨੇ।

ਬਾਹਰ ਫਿਰਨ ਨਾ ਸੁੰਹਦਾ ਜੱਟੀਆਂ ਨੂੰ, ਅੱਜ ਕਲ੍ਹ ਲਾਗੀ ਘਰ ਆਉਂਦੇ ਨੇ।

ਏਥੇ ਵਿਆਹ ਦੇ ਵੱਡੇ ਸਾਮਾਨ ਹੋਏ, ਖੇੜੇ ਪਏ ਬਣਾ ਬਣਾਉਂਦੇ ਨੇ।

ਵਾਰਿਸ ਸ਼ਾਹ ਮੀਆਂ ਚੰਦ ਰੋਜ਼ ਅੰਦਰ, ਖੇੜੇ ਜੋੜ ਕੇ ਜੰਜ ਲੈ ਆਉਂਦੇ ਨੇ।

112

ਹੀਰ

ਹੀਰ ਆਖਦੀ ਬਾਬਲਾ ਅਮਲੀਆਂ ਤੋਂ, ਨਹੀਂ ਅਮਲ ਹਟਾਇਆ ਜਾਇ ਮੀਆਂ।

ਜਿਹੜੀਆਂ ਵਾਦੀਆਂ ਆਦਿ ਦੀਆਂ ਜਾਣ ਨਾਹੀਂ, ਰਾਂਝੇ ਚਾਕ ਤੋਂ ਰਹਿਆ ਨਾ ਜਾਇ ਮੀਆਂ।

ਸ਼ੀਂਹ ਚਿਤਰੇ ਰਹਿਣ ਨਾ ਮਾਸ ਬਾਝੋਂ, ਝੁਟ ਨਾਲ ਓਹ ਰਿਜ਼ਕ ਕਮਾਇ ਮੀਆਂ।

ਇਹ ਰਜ਼ਾ ਤਕਦੀਰ ਹੋ ਰਹੀ ਵਾਰਿਦ, ਕੌਣ ਹੋਵਣੀ ਦੇ ਹਟਾਇ ਮੀਆਂ।

ਦਾਗ਼ ਅੰਬ ਤੇ ਸਾਰ ਦਾ ਲਹੇ ਨਾਹੀਂ, ਦਾਗ਼ ਇਸ਼ਕ ਦਾ ਭੀ ਨਾ ਜਾਇ ਮੀਆਂ।

ਮੈਂ ਮੰਗ ਦਰਗਾਹ ਥੀਂ ਲਿਆ ਰਾਂਝਾ, ਚਾਕ ਬਖਸ਼ਿਆ ਆਪ ਖ਼ੁਦਾਇ ਮੀਆਂ।

ਹੋਰ ਸਭ ਗੱਲਾਂ ਮੰਜ਼ੂਰ ਹੋਈਆਂ, ਰਾਂਝੇ ਚਾਕ ਥੀਂ ਰਹਿਆ ਨਾ ਜਾਇ ਮੀਆਂ।

ਏਸ ਇਸ਼ਕ ਦੇ ਰੋਗ ਦੀ ਗੱਲ ਏਵੇਂ, ਸਿਰ ਜਾਏ ਤੇ ਇਹ ਨਾ ਜਾਇ ਮੀਆਂ।

ਵਾਰਿਸ ਸ਼ਾਹ ਮੀਆਂ ਜਿਵੇਂ ਗੰਜ ਸਿਰ ਦਾ, ਬਾਰਾਂ ਬਰਸ ਬਿਨਾਂ ਨਾਹੀਂ ਜਾਇ ਮੀਆਂ।

113

ਚੂਚਕ

ਇਹਦੇ ਵਢ ਲੁੜ੍ਹਕੇ ਖੋਹ ਚੂੰਡਿਆਂ ਥੋਂ, ਗਲ ਘੁਟ ਕੇ ਡੂੰਘੜੇ ਬੋੜੀਏ ਨੀ।

ਸਿਰ ਭੰਨ ਸੂ ਨਾਲ ਮਧਾਣੀਆਂ ਦੇ, ਢੂਈਂ ਨਾਲ ਖੜਲੱਤ ਦੇ ਤੋੜੀਏ ਨੀ।

ਇਹਦਾ ਦਾਤਰੀ ਨਾਲ ਚਾ ਢਿਡ ਪਾੜੋ, ਸੂਆ ਅੱਖੀਆਂ ਦੇ ਵਿੱਚ ਪੋੜੀਏ ਨੀ।

ਵਾਰਿਸ ਚਾਕ ਤੋਂ ਇਹ ਨਾ ਮੁੜੇ ਮੂਲੇ, ਅਸੀਂ ਰਹੇ ਬਹੁਤੇਰੜਾ ਹੋੜੀਏ ਨੀ।

114

ਮਲਕੀ

ਸਿਰ ਬੇਟੀਆਂ ਦੇ ਚਾਇ ਜੁਦਾ ਕਰਦੇ, ਜਦੋਂ ਗ਼ੁੱਸਿਆਂ ਤੇ ਬਾਪ ਆਂਵਦੇ ਨੇ।

ਸਿਰ ਵਢ ਕੇ ਨਈਂ ਵਿੱਚ ਰੋੜ੍ਹ ਦਿੰਦੇ, ਮਾਸ ਕਾਉਂ ਕੁੱਤੇ ਬਿੱਲੇ ਖਾਂਵਦੇ ਨੇ।

ਸੱਸੀ ਜਾਮ ਜਲਾਲੀ ਨੇ ਰੋੜ੍ਹ ਦਿੱਤੀ, ਕਈ ਡੂਮ ਢਾਡੀ ਪਏ ਗਾਂਵਦੇ ਨੇ।

ਔਲਾਦ ਜਿਹੜੀ ਕਹੇ ਨਾ ਲੱਗੇ, ਮਾਪੇ ਓਸ ਨੂੰ ਘੁਟ ਲੰਘਾਂਵਦੇ ਨੇ।

ਜਦੋਂ ਕਹਿਰ ਤੇ ਆਂਵਦੇ ਬਾਪ ਜ਼ਾਲਮ, ਬੰਨ੍ਹ ਬੇਟੀਆਂ ਭੋਹਰੇ ਪਾਂਵਦੇ ਨੇ।

ਵਾਰਿਸ ਸ਼ਾਹ ਜੇ ਮਾਰੀਏ ਬਦਾਂ ਤਾਈਂ, ਦੇਣੇ ਖ਼ੂਨ ਨਾ ਤਿਨਾਂ ਦੇ ਆਂਵਦੇ ਨੇ।

115

ਹੀਰ

ਜਿਨ੍ਹਾਂ ਬੇਟੀਆਂ ਮਾਰੀਆਂ ਰੋਜ਼ ਕਿਆਮਤ, ਸਿਰੀਂ ਤਿਨ੍ਹਾਂ ਦੇ ਵੱਡਾ ਗੁਨਾਹ ਮਾਏ।

ਮਿਲਣ ਖਾਣੀਆਂ ਤਿਨ੍ਹਾਂ ਨੂੰ ਫਾੜ ਕਰਕੇ, ਜੀਕੂੰ ਮਾਰੀਆਂ ਜੇ ਤਿਵੇਂ ਖਾ ਮਾਏ।

ਕਹੇ ਮਾਉਂ ਤੇ ਬਾਪ ਦੇ ਅਸਾਂ ਮੰਨੇ, ਗਲ ਪੱਲੂੜਾ ਤੇ ਮੂੰਹ ਘਾਹ ਮਾਏ।

ਇੱਕ ਚਾਕ ਦੀ ਗੱਲ ਨਾ ਕਰੋ ਮੂਲੇ, ਓਹਦਾ ਹੀਰ ਦੇ ਨਾਲ ਨਿਬਾਹ ਮਾਏਂ।

116

ਹੀਰ ਦਾ ਭਰਾ ਸੁਲਤਾਨ

ਸੁਲਤਾਨ ਭਾਈ ਆਇਆ ਹੀਰ ਸੰਦਾ, ਆਖੇ ਮਾਉਂ ਨੂੰ ਧੀਉ ਨੂੰ ਤਾੜ ਅੰਮਾਂ।

ਅਸਾਂ ਫੇਰ ਜੇ ਬਾਹਰ ਇਹ ਕਦੇ ਡਿੱਠੀ, ਸੁੱਟਾਂ ਏਸ ਨੂੰ ਜਾਨ ਥੀਂ ਮਾਰ ਅੰਮਾਂ।

ਤੇਰੇ ਆਖਿਆਂ ਸਤਰ ਜੇ ਬਹੇ ਨਾਹੀਂ, ਫੇਰਾਂ ਏਸ ਦੀ ਧੌਣ ਤਲਵਾਰ ਅੰਮਾਂ।

ਚਾਕ ਵੜੇ ਨਾਹੀਂ ਸਾਡੇ ਵਿੱਚ ਵਿਹੜੇ, ਨਹੀਂ ਡੱਕਰੇ ਕਰਾਂ ਸੂ ਚਾਰ ਅੰਮਾਂ।

ਜੇ ਧੀ ਨਾ ਹੁਕਮ ਵਿੱਚ ਰੱਖਿਆ ਈ, ਸਭ ਸਾੜ ਸੱਟੂੰ ਘਰ ਬਾਰ ਅੰਮਾਂ।

ਵਾਰਿਸ ਸ਼ਾਹ ਜਿਹੜੀ ਧੀਉ ਬੁਰੀ ਹੋਵੇ, ਦੇਈਏ ਰੋੜ੍ਹ ਸਮੁੰਦਰੋਂ ਪਾਰ ਅੰਮਾਂ।

117

ਹੀਰ ਆਪਣੇ ਭਰਾ ਨੂੰ

ਅਖੀਂ ਲੱਗੀਆਂ ਮੁੜਨ ਨਾ ਵੀਰ ਮੇਰੇ, ਬੀਬਾ ਵਾਰ ਘੱਤੀ ਬਲਹਾਰੀਆਂ ਵੇ।

ਵਹਿਣ ਪਏ ਦਰਿਆ ਨਾ ਕਦੀ ਮੁੜਦੇ, ਵੱਡੇ ਲਾਇ ਰਹੇ ਜ਼ੋਰ ਜ਼ਾਰੀਆਂ ਵੇ।

ਲਹੂ ਨਿਕਲਣੋ ਰਹੇ ਨਾ ਮੂਲ ਵੀਰਾ, ਜਿੱਥੇ ਲੱਗੀਆਂ ਤੇਜ਼ ਕਟਾਰੀਆਂ ਵੇ।

ਲੱਗੇ ਦਸਤ ਇੱਕ ਵਾਰ ਨਾ ਬੰਦ ਕੀਜਣ, ਵੈਦ ਲਿਖਦੇ ਵੈਦਗੀਆਂ ਸਾਰੀਆਂ ਵੇ।

ਸਿਰ ਦਿੱਤਿਆਂ ਬਾਝ ਨਾ ਇਸ਼ਕ ਪੁੱਗੇ, ਏਹ ਨਹੀਂ ਸੁਖਾਲੀਆਂ ਯਾਰੀਆਂ ਵੇ।

ਵਾਰਿਸ ਸ਼ਾਹ ਮੀਆਂ ਭਾਈ ਵਰਜਦੇ ਨੇ, ਦੇਖੋ ਇਸ਼ਕ ਬਣਾਈਆਂ ਖ਼ੁਆਰੀਆਂ ਵੇ।

118

ਹੀਰ ਨੂੰ ਕਾਜ਼ੀ ਦੀ ਨਸੀਹਤ

ਕਾਜ਼ੀ ਆਖਿਆ ਖ਼ੌਫ਼ ਖ਼ੁਦਾਇ ਦਾ ਕਰ, ਮਾਪੇ ਜਿੱਦ ਚੜ੍ਹੇ ਚਾਇ ਮਾਰਨੀਗੇ।

ਤੇਰੀ ਕਿਆੜੀਉਂ ਜੀਭ ਖਿਚਾ ਕੱਢਣ, ਮਾਰੇ ਸ਼ਰਮ ਦੇ ਖ਼ੂਨ ਗੁਜ਼ਾਰਨੀਗੇ।

ਜਿਸ ਵਕਤ ਅਸਾਂ ਦਿੱਤਾ ਚਾ ਫ਼ਤਵਾ, ਓਸ ਵਕਤ ਹੀ ਪਾਰ ਉਤਾਰਨੀਗੇ।

ਮਾਂ ਆਖਦੀ ਲੋੜ੍ਹ ਖੁਦਾਇ ਦਾ ਜੇ, ਤਿੱਖੇ ਸ਼ੋਖ ਦੀਦੇ ਵੇਖ ਪਾੜਨੀਗੇ।

ਵਾਰਿਸ ਸ਼ਾਹ ਕਰ ਤਰਕ ਬੁਰਿਆਈਆਂ ਤੋਂ, ਨਹੀਂ ਅੱਗ ਦੇ ਵਿੱਚ ਨਿਘਾਰਨੀਗੇ।

119

ਰਾਂਝੇ ਦਾ ਪੰਜਾਂ ਪੀਰਾਂ ਨੂੰ ਯਾਦ ਕਰਨਾ

ਪੰਜਾਂ ਪੀਰਾਂ ਨੂੰ ਰਾਂਝਣੇ ਯਾਦ ਕੀਤਾ, ਜਦੋਂ ਹੀਰ ਸੁਨੇਹੜਾ ਘੱਲਿਆ ਈ।

ਮਾਂ ਬਾਪ ਕਾਜ਼ੀ ਸਭ ਗਿਰਦ ਹੋਏ, ਗਿਲਾ ਸਭਨਾ ਦਾ ਅਸਾਂ ਝੱਲਿਆ ਈ।

ਆਏ ਪੀਰ ਪੰਜੇ ਅੱਗੇ ਹਥ ਜੋੜੇ, ਨੀਰ ਰੋਂਦਿਆਂ ਮੂਲ ਨਾਲ ਠੱਲ੍ਹਿਆ ਈ।

ਬੱਚਾ ਕੌਣ ਮੁਸੀਬਤਾਂ ਪੇਸ਼ ਆਈਆਂ, ਵਿੱਚੋਂ ਜਿਉ ਸਾਡਾ ਥਰਥੱਲਿਆ ਈ।

ਮੇਰੀ ਹੀਰ ਨੂੰ ਵੀਰ ਹੈਰਾਨ ਕੀਤਾ, ਕਾਜ਼ੀ ਮਾਉਂ ਤੇ ਬਾਪ ਪਥੱਲਿਆ ਈ।

ਮਦਦ ਕਰੋ ਖੁਦਾਇ ਦੇ ਵਾਸਤੇ ਜੀ, ਮੇਰਾ ਇਸ਼ਕ ਖ਼ਰਾਬ ਹੋ ਚੱਲਿਆ ਈ।

ਬਹੁਤ ਪਿਆਰ ਦਿਲਾਸੜੇ ਨਾਲ ਪੀਰਾਂ, ਮੀਏਂ ਰਾਂਝੇ ਦਾ ਜੀਉ ਤਸੱਲਿਆ ਈ।

ਤੇਰੀ ਹੀਰ ਦੀ ਮੱਦਤੇ ਮੀਆਂ ਰਾਂਝਾ, ਮਖ਼ਦੂਮ ਜਹਾਨੀਆਂ ਘੱਲਿਆ ਈ।

ਦੋ ਸੱਦ ਸੁਣਾ ਖਾਂ ਵੰਝਲੀ ਦੇ, ਸਾਡਾ ਗਾਵਣੇ ਤੇ ਜੀਉ ਚੱਲਿਆ ਈ।

ਵਾਰਿਸ ਸ਼ਾਹ ਅੱਗੇ ਜਟ ਗਾਂਵਦਾ ਈ, ਵੇਖੋ ਰਾਗ ਸੁਣ ਕੇ ਜੀਉ ਹੱਲਿਆ ਈ।

120

ਪੀਰਾਂ ਨੂੰ ਰਾਂਝੇ ਦਾ ਰਾਗ ਗਾ ਕੇ ਸੁਣਾਉਣਾ

ਸ਼ੌਕ ਨਾਲ ਵਜਾਇ ਕੇ ਵੰਝਲੀ ਨੂੰ, ਪੰਜਾਂ ਪੀਰਾਂ ਅੱਗੇ ਖੜ੍ਹਾ ਗਾਂਵਦਾ ਏ।

ਕਦੀ ਊਧੋ ਤੇ ਕਾਨ੍ਹ ਦੇ ਬਿਸ਼ਨਪਦੇ, ਕਦੇ ਮਾਝ ਪਹਾੜੀ ਦੀ ਲਾਂਵਦਾ ਏ।

ਕਦੀ ਢੋਲ ਤੇ ਮਾਰਵਣ ਛੋਹ ਦਿੰਦਾ, ਕਦੀ ਬੂਬਨਾ ਚਾਇ ਸੁਣਾਂਵਦਾ ਏ।

ਮਲਕੀ ਨਾਲ ਜਲਾਲੀ ਨੂੰ ਖ਼ੂਬ ਗਾਵੇ, ਵਿੱਚ ਝਿਊਰੀ ਦੀ ਕਲੀ ਲਾਂਵਦਾ ਏ।

ਕਦੀ ਸੋਹਣੀ ਤੇ ਮਹੀਂਵਾਲ ਵਾਲੇ, ਨਾਲ ਸ਼ੌਕ ਦੇ ਸੱਦ ਸੁਣਾਂਵਦਾ ਏ।

ਕਦੀ ਧੁਰਪਦਾਂ ਨਾਲ ਕਬਿਤ ਛੋਹੇ, ਕਦੀ ਸੋਹਲੇ ਨਾਲ ਰਲਾਂਵਦਾ ਏ।

ਸਾਰੰਗ ਨਾਲ ਤਲੰਗ ਸ਼ਹਾਨੀਆਂ ਦੇ, ਰਾਗ ਸੂਹੀ ਦਾ ਭੋਗ ਚਾ ਪਾਂਵਦਾ ਏ।

ਸੋਰਠ ਗੁਜਰੀਆਂ ਪੂਰਬੀ ਲਲਿਤ ਭੈਰੋਂ, ਦੀਪਕ ਰਾਗ ਦੀ ਜ਼ੀਲ ਵਜਾਂਵਦਾ ਏ।

ਟੋਡੀ ਮੇਘ ਮਲ੍ਹਾਰ ਗੌਂਡ ਧਨਾਸਰੀ, ਜੈਤਸਰੀ ਭੀ ਨਾਲ ਰਲਾਂਵਦਾ ਏ।

ਮਾਲਸਰੀ ਤੇ ਪਰਜ ਬਿਹਾਗ ਬੋਲੇ, ਨਾਲ ਮਾਰਵਾ ਵਿੱਚ ਵਜਾਵੰਦਾ ਏ।

ਕੇਦਾਰਾ ਬਿਹਾਗੜਾ ਤੇ ਰਾਗ ਮਾਰੂ, ਨਾਲੇ ਕਾਨ੍ਹੜੇ ਦੇ ਸੁਰ ਲਾਂਵਦਾ ਏ।

ਕਲਿਆਨ ਦੇ ਨਾਲ ਮਾਲਕੌਂਸ ਬੋਲੇ, ਅਤੇ ਮੰਗਲਾਚਾਰ ਸੁਣਾਂਵਦਾ ਏ।

ਭੈਰੋਂ ਨਾਲ ਪਲਾਸੀਆਂ ਭੀਮ ਬੋਲੇ, ਨਟ ਰਾਗ ਦੀ ਜ਼ੀਲ ਵਜਾਂਵਦਾ ਏ।

ਬਰਵਾ ਨਾਲ ਪਹਾੜ ਝੰਝੋਟੀਆਂ ਦੇ, ਹੋਰੀ ਨਾਲ ਆਸਾਖੜਾ ਗਾਂਵਦਾ ਏ।

ਬੋਲੇ ਰਾਗ ਬਸੰਤ ਹਿੰਡੋਲ ਗੋਪੀ, ਮੁੰਦਾਵਣੀ ਦੀਆਂ ਸੁਰਾਂ ਲਾਂਵਦਾ ਏ।

ਪਲਾਸੀ ਨਾਲ ਤਰਾਨਿਆਂ ਰਾਮਕਲੀ, ਵਾਰਿਸ ਸ਼ਾਹ ਨੂੰ ਖੜਾ ਸੁਣਾਂਵਦਾ ਏ।

121

ਪੀਰਾਂ ਦਾ ਰਾਂਝੇ ਤੇ ਖ਼ੁਸ਼ ਹੋਣਾ

ਰਾਜ਼ੀ ਹੋ ਪੰਜਾਂ ਪੀਰਾਂ ਹੁਕਮ ਕੀਤਾ, ਬੱਚਾ ਮੰਗ ਲੈ ਦੁਆ ਜੋ ਮੰਗਣੀ ਹੈ।

ਅਜੀ ਹੀਰ ਜੱਟੀ ਮੈਨੂੰ ਬਖਸ਼ ਦੇਵੋ, ਰੰਗਣ ਸ਼ੌਕ ਦੇ ਵਿੱਚ ਜੋ ਰੰਗਣੀ ਹੈ।

ਤੈਨੂੰ ਲਾਏ ਭਬੂਤ ਮਲੰਗ ਕਰੀਏ, ਬੱਚਾ ਓਹ ਵੀ ਤੇਰੀ ਮਲੰਗਣੀ ਹੈ।

ਜੇਹੇ ਨਾਲ ਰਲੀ ਤੇਹੀ ਹੋ ਜਾਏ, ਨੰਗਾਂ ਨਾਲ ਲੜੇ ਸੋ ਭੀ ਨੰਗਣੀ ਹੈ।

ਵਾਰਿਸ ਸ਼ਾਹ ਨਾ ਲੜੀਂ ਨਾ ਛੱਡ ਜਾਈਂ, ਘਰ ਮਾਪਿਆਂ ਦੇ ਨਾਹੀਂ ਟੰਗਣੀ ਹੈ।

122

ਪੀਰਾਂ ਨੇ ਰਾਂਝੇ ਨੂੰ ਅਸੀਸ ਦੇਣੀ

ਰਾਂਝੇ ਪੀਰਾਂ ਨੂੰ ਬਹੁਤ ਖੁਸ਼ਹਾਲ ਕੀਤਾ, ਦੁਆ ਦਿੱਤੀਆ ਨੇ ਜਾਹ ਹੀਰ ਤੇਰੀ।

ਤੇਰੇ ਸਭ ਮਕਸੂਦ ਹੋ ਰਹੇ ਹਾਸਲ, ਮੱਦਦ ਹੋ ਗਏ ਪੰਜੇ ਪੀਰ ਤੇਰੀ।

ਜਾਹ ਗੂੰਜ ਤੂੰ ਵਿੱਚ ਮੰਗਵਾੜ ਬੈਠਾ, ਬਖ਼ਸ਼ ਲਈ ਹੈ ਸਭ ਤਕਸੀਰ ਤੇਰੀ।

ਵਾਰਿਸ ਸ਼ਾਹ ਮੀਆਂ ਪੀਰਾਂ ਕਾਮਲਾਂ ਨੇ, ਕਰ ਛੱਡੀ ਹੈ ਨੇਕ ਤਦਬੀਰ ਤੇਰੀ।

123

ਹੀਰ ਰਾਂਝੇ ਦੀ ਮਿੱਠੀ ਨਾਇਣ ਨਾਲ ਸਲਾਹ

ਰਾਂਝੇ ਆਖਿਆ ਆ ਖਾਂ ਬੈਠ ਹੀਰੇ, ਕੋਈ ਖ਼ੂਬ ਤਦਬੀਰ ਬਣਾਈਏ ਜੀ।

ਤੇਰੇ ਮਾਉਂ ਤੇ ਬਾਪ ਦਿਲਗੀਰ ਹੁੰਦੇ, ਕਿਵੇਂ ਉਨ੍ਹਾਂ ਤੋਂ ਬਾਤ ਛੁਪਾਈਏ ਜੀ।

ਮਿੱਠੀ ਨੈਣ ਨੂੰ ਸਦ ਕੇ ਬਾਤ ਗਿਣੀਏ, ਜੇ ਤੂੰ ਕਹੇਂ ਤੇਰੇ ਘਰ ਆਈਏ ਜੀ।

ਮੈਂ ਸਿਆਲਾਂ ਦੇ ਵਿਹੜੇ ਵੜਾਂ ਨਾਹੀਂ, ਸਾਥੇ ਹੀਰ ਨੂੰ ਨਿੱਤ ਪਹੁੰਚਾਈਏ ਜੀ।

ਦਿਨੇ ਰਾਤ ਤੇਰੇ ਘਰ ਮੇਲ ਸਾਡਾ, ਸਾਡੇ ਸਿਰੀਂ ਅਹਿਸਾਨ ਚੜ੍ਹਾਈਏ ਜੀ।

ਹੀਰ ਪੰਜ ਮੁਹਰਾਂ ਹੱਥ ਦਿੱਤੀਆਂ ਨੇ, ਜੀਵੇਂ ਮਿਠੀਏ ਡੌਲ ਬਣਾਈਏ ਜੀ।

ਕੁੜੀਆਂ ਨਾਲ ਨਾ ਖੋਲ੍ਹਣਾ ਭੇਦ ਮੂਲੇ, ਸਭਾ ਜੀਉ ਦੇ ਵਿੱਚ ਲੁਕਾਈਏ ਜੀ।

ਵਾਰਿਸ ਸ਼ਾਹ ਛੁਪਾਈਏ ਖ਼ਲਕ ਕੋਲੋਂ, ਭਾਵੇ ਆਪਣਾ ਹੀ ਗੁੜ ਖਾਈਏ ਜੀ।

124

ਨਾਈਆਂ ਦੇ ਘਰ

ਫਲ੍ਹੇ ਕੋਲ ਜਿੱਥੇ ਮੰਗੂ ਬੈਠਦਾ ਸੀ, ਓਥੇ ਕੋਲ ਹੈਸੀ ਘਰ ਨਾਈਆਂ ਦਾ।

ਮਿੱਠੀ ਨਾਇਣ ਘਰਾਂ ਸੰਦੀ ਖਸਮਣੀ ਸੀ, ਨਾਈ ਕੰਮ ਕਰਦੇ ਫਿਰਨ ਸਾਈਆਂ ਦਾ।

ਘਰ ਨਾਈਆਂ ਦੇ ਹੁਕਮ ਰਾਂਝਣੇ ਦਾ, ਜਿਵੇਂ ਸਾਹੁਰੇ ਘਰੀਂ ਜਵਾਈਆਂ ਦਾ।

ਚਾਂ ਭਾਂ ਮੱਠੀ ਫਿਰਨ ਵਾਲਿਆਂ ਦੀ, ਬਾਰਾ ਖੁਲ੍ਹਦਾ ਲੇਫ਼ ਤਲਾਈਆਂ ਦਾ।

ਮਿੱਠੀ ਸੇਜ ਵਿਛਾਏ ਕੇ ਫੁੱਲ ਪੂਰੇ, ਉੱਤੇ ਆਂਵਦਾ ਕਦਮ ਖ਼ੁਦਾਈਆਂ ਦਾ।

ਦੋਵੇਂ ਹੀਰ ਰਾਂਝਾ ਰਾਤੀਂ ਕਰਨ ਮੌਜਾਂ, ਖੜੀਆਂ ਖਾਣ ਮੱਝੀਂ ਸਿਰ ਸਾਈਆਂ ਦਾ।

ਘੜੀ ਰਾਤ ਰਹਿੰਦੇ ਘਰੀਂ ਹੀਰ ਜਾਏ, ਰਾਂਝਾ ਭਾਤ ਪੁਛਦਾ ਫਿਰ ਧਾਈਆਂ ਦਾ।

ਆਪੋ ਆਪਣੀ ਕਾਰ ਵਿੱਚ ਜਾਇ ਰੁੱਝਣ, ਬੂਹਾ ਫੇਰ ਨਾ ਵੇਖਦੇ ਨਾਈਆਂ ਦਾ।

125

ਹੀਰ ਅਤੇ ਸਹੇਲੀਆਂ ਦੀਆਂ ਰਾਂਝੇ ਨਾਲ ਖੇਡਾਂ

ਦਿੰਹੁ ਹੋਵੇ ਦੁਪਹਿਰ ਤਾਂ ਆਵੇ ਰਾਂਝਾ, ਅਤੇ ਓਧਰੋਂ ਹੀਰ ਵੀ ਆਂਵਦੀ ਹੈ।

ਇਹ ਮਹੀਂ ਲਿਆ ਬਹਾਂਵਦਾ ਏ, ਓਹ ਨਾਲ ਸਹੇਲੀਆਂ ਲਿਆਂਵਦੀ ਹੈ।

ਉਹ ਵੰਝਲੀ ਨਾਲ ਸਰੋਦ ਕਰਦਾ, ਇਹ ਨਾਲ ਸਹੇਲੀਆਂ ਗਾਂਵਦੀ ਹੈ।

ਕਾਈ ਜ਼ੁਲਫ ਨਚੋੜਦੀ ਰਾਂਝਨੇ ਦੀ, ਕਾਈ ਆਣ ਗਲੇ ਨਾਲ ਲਾਂਵਦੀ ਹੈ।

ਕਾਈ ਚੰਬੜੇ ਲਕ ਨੂੰ ਮਸ਼ਕਬੋਰੀ, ਕਾਈ ਮੁਖ ਨੂੰ ਮੁਖ ਛੁਹਾਂਵਦੀ ਹੈ।

ਕਾਈ 'ਮੀਰੀ ਆਂ' ਆਖ ਕੇ ਭੱਜ ਜਾਂਦੀ, ਮਗਰ ਪਵੇ ਤਾਂ ਟੁੱਭੀਆਂ ਲਾਂਵਦੀ ਹੈ।

ਕਾਈ ਆਖਦੀ ਮਾਹੀਆ ਮਾਹੀਆ ਵੇ, ਤੇਰੀ ਮਝ ਕਟੀ ਕੱਟਾ ਜਾਂਵਦੀ ਹੈ।

ਕਾਈ ਮਾਮੇ ਦਿਆਂ ਖ਼ਰਬੂਜ਼ਿਆਂ ਨੂੰ, ਕੌੜੇ ਬਕਬਕੇ ਚਾ ਬਣਾਂਵਦੀ ਹੈ।

ਕਾਈ ਆਖਦੀ ਝਾਤ ਹੈ ਰਾਂਝਿਆ ਵੇ, ਮਾਰ ਬਾਹੁਲੀ ਪਾਰ ਨੂੰ ਧਾਂਵਦੀ ਹੈ।

ਕੁੱਤੇ ਤਾਰੀਆਂ ਤਰਨ ਚਵਾਇ ਕਰਕੇ, ਇੱਕ ਛਾਲ ਘੜੰਮ ਦੀ ਲਾਂਵਦੀ ਹੈ।

ਮੁਰਦੇ-ਤਾਰੀਆਂ ਤਰਨ ਚੌਫਾਲ ਪੈ ਕੇ, ਕੋਈ ਨੌਲ ਨਿੱਸਲ ਰੁੜ੍ਹੀ ਆਂਵਦੀ ਹੈ।

ਇੱਕ ਸ਼ਰਤ ਬੱਧੀ ਟੁਭੀ ਮਾਰ ਜਾਏ, ਤੇ ਪਤਾਲ ਦੀ ਮਿੱਟੀ ਲਿਆਂਵਦੀ ਹੈ।

ਇੱਕ ਬਣਨ ਚਤਰਾਂਗ ਮੁਗ਼ਾਬੀਆਂ ਵੀ, ਸੁਰਖ਼ਾਬ ਤੇ ਕੂੰਜ ਬਣ ਆਂਵਦੀ ਹੈ।

ਇੱਕ ਢੀਂਗ ਮੁਰਗਾਈ ਤੇ ਬਣੇ ਬਗਲਾ, ਇੱਕ ਕਿਲਕਿਲਾ ਹੋ ਵਿਖਾਂਵਦੀ ਹੈ।

ਇੱਕ ਵਾਂਗ ਕਕੋਹਿਆਂ ਸੰਘ ਟੱਡੇ, ਇੱਕ ਊਦ ਦੇ ਵਾਂਗ ਬੁਲਾਂਵਦੀ ਹੈ।

ਔਗਤ ਬੋਲਦੀ ਇੱਕ ਟਟੀਹਰੀ ਹੋ, ਇੱਕ ਸੰਗ ਜਲਕਾਵਣੀ ਆਂਵਦੀ ਹੈ।

ਇੱਕ ਲੁਧਰ ਹੋਇਕੇ ਕੁੜਕੁੜਾਵੇ, ਇੱਕ ਹੋਇ ਸੰਸਾਰ ਸ਼ੂਕਾਂਵਦੀ ਹੈ।

ਇੱਕ ਦੇ ਪਸਲੇਟੀਆਂ ਹੋਇ ਬੁਲ੍ਹਣ, ਮਸ਼ਕ ਵਾਂਗਰਾਂ ਓਹ ਫੂਕਾਂਵਦੀ ਹੈ।

ਹੀਰ ਤਰੇ ਚੌਤਰਫ ਹੀ ਰਾਂਝਣੇ ਦੇ, ਮੋਰ ਮਛਲੀ ਬਣ ਬਣ ਆਂਵਦੀ ਹੈ।

ਆਪ ਬਣੇ ਮਛਲੀ ਨਾਲ ਚਾਵੜਾਂ ਦੇ, ਮੀਏਂ ਰਾਂਝੇ ਨੂੰ ਕੁਰਲ ਬਣਾਂਵਦੀ ਹੈ।

ਏਸ ਤਖ਼ਤ ਹਜ਼ਾਰੇ ਦੇ ਡੰਬੜੇ ਨੂੰ, ਰੰਗ ਰੰਗ ਦੀਆਂ ਜਾਲੀਆਂ ਪਾਂਵਦੀ ਹੈ।

ਵਾਰਿਸ ਸ਼ਾਹ ਜੱਟੀ ਨਾਜ਼ ਨਿਆਜ਼ ਕਰਕੇ, ਨਿਤ ਯਾਰ ਦਾ ਜੀਉ ਪਰਚਾਂਵਦੀ ਹੈ।

126

ਕੈਦੋਂ ਦਾ ਮਲਕੀ ਕੋਲ ਲੂਤੀਆਂ ਲਾਉਣਾ

ਕੈਦੋ ਆਖਦਾ ਮਲਕੀਏ ਭੈੜੀਏ ਨੀ, ਤੇਰੀ ਧੀਉ ਵੱਡਾ ਚੱਚਰ ਚਾਇਆ ਈ।

ਜਾਇ ਨਈਂ ਤੇ ਚਾਕ ਦੇ ਨਾਲ ਘੁਲਦੀ, ਏਸ ਮੁਲਕ ਦਾ ਰੱਛ ਗਵਾਇਆ ਈ।

ਮਾਂ ਬਾਪ ਕਾਜ਼ੀ ਸਭੇ ਹਾਰ ਥੱਕੇ ਏਸ ਇੱਕ ਨਾ ਜਿਉ ਤੇ ਲਾਇਆ ਈ।

ਮੂੰਹ ਘੁਟ ਰਹੇ ਵਾਲ ਪੁਟ ਰਹੇ, ਲਿੰਗ ਕੁਟ ਰਹੇ ਮੈਨੂੰ ਤਾਇਆ ਈ।

ਹਿੱਕ ਹੁੱਟ ਰਹੇ ਝਾਟਾ ਪੁਟ ਰਹੇ, ਅੰਤ ਹੁੱਟ ਰਹੇ ਗ਼ੈਬ ਚਾਇਆ ਈ।

ਲਿਟਾਂ ਪੁਟ ਰਹੇ ਤੇ ਨਿਖੁੱਟ ਰਹੇ, ਲੱਤੀਂ ਜੁਟ ਰਹੇ ਤੇ ਲਟਕਾਇਆ ਈ।

ਮੱਤੀਂ ਦੇ ਰਹੇ ਪੀਰ ਸੇਂਵ ਰਹੇ, ਪੈਰੀਂ ਪੈ ਰਹੇ ਲੋੜ੍ਹਾ ਆਇਆ ਈ।

ਵਾਰਿਸ ਸ਼ਾਹ ਮੀਆਂ ਸੁੱਤੇ ਮਾਮਲੇ ਨੂੰ, ਲੰਙੇ ਰਿੱਛ ਨੇ ਮੋੜ ਜਗਾਇਆ ਈ।

127

ਮਲਕੀ ਦਾ ਕਾਮਿਆਂ ਨੂੰ ਹੁਕਮ

ਮਲਕੀ ਆਖਦੀ ਸੱਦ ਤੂੰ ਹੀਰ ਤਾਈ, ਝਬ ਹੋ ਤੂੰ ਔਲੀਆ ਨਾਈਆ ਵੇ।

ਅਲਫੂ ਮੋਚੀਆ ਮੌਜਮਾ ਵਾਗੀਆ ਵੇ, ਧੱਦੀ ਮਾਛੀਆ ਭਜ ਤੂੰ ਭਾਈਆ ਵੇ।

ਖੇਡਣ ਗਈ ਮੂੰਹ ਸੋਝਲੇ ਘਰੋਂ ਨਿਕਲੀ, ਨਿੰਮ੍ਹੀ ਸ਼ਾਮ ਹੋਈ ਨਹੀਂ ਆਈਆ ਵੇ।

ਵਾਰਿਸ ਸ਼ਾਹ ਮਾਹੀ ਹੀਰ ਨਹੀਂ ਆਏ, ਮਹਿੜ ਮੰਗੂਆਂ ਦੀ ਘਰੀਂ ਆਈਆ ਵੇ।

128

ਹੀਰ ਨੂੰ ਸੱਦਣ ਲਈ ਬੰਦੇ ਦੌੜੇ

ਝੰਗੜ ਡੂਮ ਤੇ ਫੱਤੂ ਕਲਾਲ ਦੌੜੇ, ਬੇਲਾ ਚੂਹੜਾ ਤੇ ਝੰਡੀ ਚਾਕ ਮੀਆਂ।

ਜਾ ਹੀਰ ਅੱਗੇ ਧੁੰਮ ਘੱਤੀਆ ਨੇ, ਬੱਚਾ ਕੇਹੀ ਉਡਾਈ ਆ ਖ਼ਾਕ ਮੀਆਂ।

ਤੇਰੀ ਮਾਂਉਂ ਤੇਰੇ ਉਤੇ ਬਹੁਤ ਗ਼ੁੱਸੇ, ਜਾਨੋਂ ਮਾਰਸੀ ਚੂਚਕ ਬਾਪ ਮੀਆਂ।

ਰਾਂਝਾ ਜਾਹ ਤੇਰੇ ਸਿਰ ਆਣ ਬਣੀਆਂ, ਨਾਲੇ ਆਖਦੇ ਮਾਰੀਏ ਚਾਕ ਮੀਆਂ।

ਸਿਆਲ ਘੇਰ ਘੇਰਨ ਪਵਣ ਮਗਰ ਤੇਰੇ, ਗਿਣੇਂ ਆਪ ਨੂੰ ਬਹੁਤ ਚਲਾਕ ਮੀਆਂ।

ਤੋਤਾ ਅੰਬ ਦੀ ਡਾਲ ਤੇ ਕਰੇ ਮੌਜਾਂ, ਤੇ ਗੁਲੇਲੜਾ ਪੌਸ ਪਟਾਕ ਮੀਆਂ।

ਅੱਜ ਸਿਆਲਾਂ ਨੇ ਚੁੱਲ੍ਹੀਂ ਨਾ ਅੱਗ ਘੱਤੀ, ਸਾਰਾ ਕੋੜਮਾ ਬਹੁਤ ਗ਼ਮਨਾਕ ਮੀਆਂ।

ਵਾਰਿਸ ਸ਼ਾਹ ਯਤੀਮ ਦੇ ਮਾਰਨੇ ਨੂੰ, ਸਭਾ ਜੁੜੀ ਝਨਾਉਂ ਦੀ ਢਾਕ ਮੀਆਂ।

129

ਹੀਰ ਦਾ ਮਾਂ ਕੋਲ ਆਉਣਾ

ਹੀਰ ਮਾਂ ਨੂੰ ਆਣ ਸਲਾਮ ਕੀਤਾ, ਮਾਉਂ ਆਖਦੀ ਆ ਨੀ ਨਹਿਰੀਏ ਨੀ।

ਯਰੋਲੀਏ ਗੋਲੀਏ ਬੇਹਿਆਏ, ਘੁੰਢ ਵੀਣੀਏ ਤੇ ਗੁਲ ਪਹਿਰੀਏ ਨੀ।

ਉਧਲਾਕ ਟੂੰਬੇ ਅਤੇ ਕੜਮੀਏ ਨੀ, ਛਲਛਿੱਦਰੀਏ ਤੇ ਛਾਈਂ ਜਹਿਰੀਏ ਨੀ।

ਗੋਲਾ ਦਿੰਗੀਏ ਉਜ਼ਬਕੇ ਮਾਲਜ਼ਾਦੇ, ਗ਼ੁੱਸੇ ਮਾਰੀਏ ਜ਼ਹਿਰ ਦੀਏ ਜ਼ਹਿਰੀਏ ਨੀ।

ਤੂੰ ਅਕਾਇਕੇ ਸਾੜ ਕੇ ਲੋੜ੍ਹ ਦਿੱਤਾ, ਲਿੰਗ ਘੜੂੰਗੀ ਨਾਲ ਮੁਤਹਿਰੀਏ ਨੀ।

ਆ ਆਖਨੀ ਹਾਂ ਟਲ ਜਾ ਹੀਰੇ, ਮਹਿਰ ਰਾਂਝੇ ਦੇ ਨਾਲ ਦੀਏ ਮਹਿਰੀਏ ਨੀ।

ਸਾਨ੍ਹਾਂ ਨਾਲ ਰਹੇਂ ਦਿਹੁੰ ਰਾਤ ਖਹਿੰਦੀ, ਆ ਟਲੀਂ ਨੀ ਕੱਟੀਏ ਵਹਿੜੀਏ ਨੀ।

ਅੱਜ ਰਾਤ ਤੈਨੂੰ ਮਝੋ ਵਾਹ ਡੋਬਾਂ, ਤੇਰੀ ਸਾਇਤ ਆਂਵਦੀ ਕਹਿਰੀਏ ਨੀ।

ਵਾਰਿਸ ਸ਼ਾਹ ਤੈਨੂੰ ਕੱਪੜ ਧੜੀ ਹੋਸੀ, ਵੇਖੀਂ ਨੀਲ ਡਾਡਾਂ ਉੱਠੇ ਲਹਿਰੀਏ ਨੀ।

130

ਹੀਰ

ਅੰਮਾਂ ਚਾਕ ਬੇਲੇ ਅਸੀਂ ਪੀਂਘ ਪੀਂਘਾਂ, ਕੈਸੇ ਗ਼ੈਬ ਦੇ ਤੂਤੀਏੇ ਬੋਲਨੀ ਹੈਂ।

ਗੰਦਾ ਬਹੁਤ ਮਲੂਕ ਮੂੰਹ ਝੂਠੜੇ ਦਾ, ਐਡਾ ਝੂਠ ਪਹਾੜ ਕਿਉਂ ਤੋਲਨੀ ਹੈਂ।

ਸ਼ੁਲਾ ਨਾਲ ਗੁਲਾਬ ਤਿਆਰ ਕੀਤਾ, ਵਿੱਚ ਪਿਆਜ਼ ਕਿਊਂ ਝੂਠ ਦਾ ਘੋਲਨੀ ਹੈਂ।

ਗਦਾਂ ਕਿਸੇ ਦੀ ਨਹੀਂ ਚੁਰਾ ਆਂਦੀ, ਦਾਨੀ ਹੋਇਕੇ ਗ਼ੈਬ ਕਿਉਂ ਬੋਲਨੀ ਹੈਂ।

ਅਣਸੁਣਿਆਂ ਨੂੰ ਚਾ ਸੁਣਾਇਆ ਈ, ਮੋਏ ਨਾਗ਼ ਵਾਂਗੂੰ ਵਿਸ ਘੋਲਨੀ ਹੈਂ।

ਵਾਰਿਸ ਸ਼ਾਹ ਗੁਨਾਹ ਕੀ ਅਸਾਂ ਕੀਤਾ, ਏਡੇ ਗ਼ੈਬ ਤੂਫਾਨ ਕਿਉਂ ਤੋਲਨੀ ਹੈਂ।

131

ਮਲਕੀ

ਸੜੇ ਲੇਖ ਸਾਡੇ ਕੱਜ ਪਏ ਤੈਨੂੰ, ਵੱਡੀ ਸੋਹਣੀ ਧੀਉ ਨੂੰ ਲੀਕ ਲੱਗੀ।

ਨਿਤ ਕਰੇਂ ਤੌਬਾ ਨਿਕ ਕਰੇਂ ਯਾਰੀ, ਨਿਤ ਕਰੇਂ ਪਾਖੰਡ ਤੇ ਵੱਡੀ ਠੱਗੀ।

ਅਸੀਂ ਮਨ੍ਹਾ ਕਰ ਰਹੇ ਹਾਂ ਮੁੜੀ ਨਾਹੀਂ, ਤੈਨੂੰ ਕਿਸੇ ਫ਼ਕੀਰ ਦੀ ਕੇਹੀ ਵੱਗੀ।

ਵਾਰਿਸ ਸ਼ਾਹ ਇਹ ਦੁਧ ਤੇ ਖੰਡ ਖਾਂਦੀ, ਮਾਰੀ ਫਿਟਕ ਦੀ ਗਈ ਜੇ ਹੋ ਬੱਗੀ।

132

ਹੀਰ

ਅੰਮਾਂ ਬਸ ਕਰ ਗਾਲ੍ਹੀਆਂ ਦੇ ਨਾਹੀਂ, ਗਾਲ੍ਹੀ ਦਿੱਤੀਆਂ ਵੱਡੜਾ ਪਾਪ ਆਵੇ।

ਨਿਉਂ ਰਬ ਦੀ ਪੱਟਣੀ ਖਰੀ ਔਖੀ, ਧੀਆਂ ਮਾਰਿਆਂ ਵੱਡਾ ਸਰਾਪ ਆਵੇ।

ਲੈ ਜਾਏ ਮੈਂ ਭੱਈਆਂ ਪਿਟੜੀ ਨੂੰ, ਕੋਈ ਗ਼ੈਬ ਦਾ ਸੂਲ ਜਾਂ ਤਾਪ ਆਵੇ।

ਵਾਰਿਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ।

133

ਕੈਦੋਂ ਦਾ ਸਿਆਲਾਂ ਨੂੰ ਕਹਿਣਾ

ਕੈਦੋ ਆਇਕੇ ਆਖਦਾ ਸੌਹਰਿਓ ਵੋ, ਮੈਥੋਂ ਕੌਣ ਚੰਗਾ ਮੱਤ ਦੇਸੀਆ ਵੋਇ।

ਮਹੀਂ ਮੋਹੀਆਂ ਤੇ ਨਾਲੇ ਸਿਆਲ ਮੁਠੇ, ਅੱਜ ਕਲ ਵਿਗਾੜ ਕਰੇਸੀਆ ਵੋਇ।

ਇਹ ਨਿਤ ਦਾ ਪਿਆਰ ਨਾ ਜਾਏ ਖ਼ਾਲੀ, ਪਿੰਜ ਗੱਡ ਦਾ ਪਾਸ ਨਾ ਵੈਸੀਆ ਵੋਇ।

ਸੱਥੋਂ ਮਾਰ ਸਿਆਲਾਂ ਨੇ ਗੱਲ ਟਾਲੀ, ਪਰ੍ਹਾ ਛੱਡ ਝੇੜਾ ਬਹੁ ਭੇਸੀਆ ਵੋਇ।

ਰਗ ਇੱਕ ਵਧੀਕ ਹੈ ਲੰਙਿਆਂ ਦੀ, ਕਿਰਤਘਣ ਫ਼ਰਫ਼ੇਜ਼ ਮਲਘੇਸੀਆ ਵੋਇ।

134

ਤਥਾ

ਕੋਈ ਰੋਜ਼ ਨੂੰ ਮੁਲਕ ਮਸ਼ਹੂਰ ਹੋਸੀ, ਚੋਰੀ ਯਾਰੀ ਹੈ ਐਬ ਕਵਾਰੀਆਂ ਨੂੰ।

ਜਿਨ੍ਹਾਂ ਬਾਣ ਹੈ ਨੱਚਣੇ ਕੁਦਣੇ ਦੀ, ਰੱਖੇ ਕੌਣ ਰੰਨਾਂ ਹਰਿਆਰੀਆਂ ਨੂੰ।

ਏਸ ਪਾਇ ਭੁਲਾਵੜਾ ਠਗ ਲੀਤੇ, ਕੰਮ ਪਹੁੰਚਸੀ ਬਹੁਤ ਖ਼ੁਆਰੀਆਂ ਨੂੰ।

ਜਦੋਂ ਚਾਕ ਉਧਾਲ ਲੈ ਜਾਗ ਨੱਢੀ, ਤਦੋਂ ਝੂਰਸੋਂ ਬਾਜ਼ੀਆਂ ਹਾਰੀਆਂ ਨੂੰ।

ਵਾਰਿਸ ਸ਼ਾਹ ਮੀਆਂ ਜਿਨ੍ਹਾਂ ਲਾਈਆਂ ਨੀ, ਸੇਈ ਜਾਣਦੇ ਦਾਰੀਆਂ ਯਾਰੀਆਂ ਨੂੰ।

135

ਹੀਰ ਨੂੰ ਸਹੇਲੀਆਂ ਨੇ ਕੈਦੋਂ ਬਾਬਤ ਦੱਸਣਾ

ਕਿੱਸਾ ਹੀਰ ਨੂੰ ਤੁਰਤ ਸਹੇਲੀਆਂ ਨੇ, ਜਾ ਕੰਨ ਦੇ ਵਿੱਚ ਸੁਣਾਇਆ ਈ।

ਤੈਨੂੰ ਮਿਹਣਾ ਚਾਕ ਦਾ ਦੇ ਕੈਦੋਂ, ਵਿੱਚ ਪਰ੍ਹੇ ਦੇ ਸ਼ੋਰ ਮਚਾਇਆ ਈ।

ਵਾਂਗ ਢੋਲ ਹਰਾਮ ਸ਼ੈਤਾਨ ਦੇ ਨੇ, ਡੱਗਾ ਵਿੱਚ ਬਾਜ਼ਾਰ ਦੇ ਲਾਇਆ ਈ।

ਇਹ ਗੱਲ ਜੇ ਜਾਇਸੀ ਅੱਜ ਖ਼ਾਲੀ, ਤੂੰ ਹੀਰ ਕਿਉਂ ਨਾਉਂ ਸਦਾਇਆ ਈ।

ਕਰ ਛੱਡ ਤੂੰ ਏਸ ਦੇ ਨਾਲ ਏਹੀ, ਸੁਣੇ ਦੇਸ ਜੋ ਕੀਤੜਾ ਪਾਇਆ ਈ।

ਵਾਰਿਸ ਸ਼ਾਹ ਅਪਰਾਧੀਆਂ ਰਹਿਣ ਚੜ੍ਹੀਆਂ, ਲੰਙੇ ਰਿੱਛ ਨੇ ਮਾਮਲਾ ਚਾਇਆ ਈ।

136

ਹੀਰ ਦਾ ਸਹੇਲੀਆਂ ਨੂੰ ਉੱਤਰ

ਹੀਰ ਆਖਿਆ ਵਾੜ ਕੇ ਫਲ੍ਹੇ ਅੰਦਰ, ਗਲ ਪਾ ਰੱਸਾ ਮੂੰਹ ਘੁਟ ਘੱਤੋ।

ਲੈ ਕੇ ਕੁਤਕੇ ਤੇ ਕੁੱਢਣ ਮਾਛੀਆਂ ਦੇ, ਧੜਾ ਧੜ ਹੀ ਮਾਰ ਕੇ ਕੁਟ ਘੱਤੋ।

ਟੰਗੋਂ ਪਕੜ ਕੇ ਲੱਕ ਵਿੱਚ ਪਾ ਜੱਫੀ, ਕਿਸੇ ਟੋਭੜੇ ਦੇ ਵਿੱਚ ਸੁਟ ਘੱਤੋ।

ਮਾਰ ਏਸ ਨੂੰ ਲਾਇਕੇ ਅੱਗ ਝੁੱਗੀ, ਸਾੜ ਬਾਲ ਕੇ ਚੀਜ਼ ਸਭ ਲੁਟ ਘੱਤੋ।

ਵਾਰਿਸ ਸ਼ਾਹ ਮੀਆਂ ਦਾੜ੍ਹੀ ਭੰਬੜੀ ਦਾ, ਜੇ ਕੋ ਵਾਲ ਦਿਸੇ ਸਭੋ ਪੁਟ ਘੱਤੋ।

137

ਹੀਰ ਦੀ ਸਹੇਲੀਆਂ ਨਾਲ ਕੈਦੋ ਨੂੰ ਚੰਡਣ ਦੀ ਸਲਾਹ

ਸਈਆਂ ਨਾਲ ਰਲ ਕੇ ਹੀਰ ਮਤਾ ਕੀਤਾ, ਖਿੰਡ-ਪੁੰਡ ਕੇ ਗਲੀਆਂ ਮੱਲੀਆਂ ਨੇ।

ਕੈਦੋਂ ਆਣ ਵੜਿਆ ਜਦੋਂ ਫਲ੍ਹੇ ਅੰਦਰ, ਖ਼ਬਰਾਂ ਤੁਰਤ ਹੀ ਹੀਰ ਥੇ ਘੱਲੀਆਂ ਨੇ।

ਹੱਥੀਂ ਪਕੜ ਕਾਂਬਾਂ ਵਾਂਗ ਸ਼ਾਹ ਪਰੀਆਂ, ਗ਼ੁੱਸਾ ਖਾਇਕੇ ਸਾਰੀਆਂ ਚੱਲੀਆਂ ਨੇ।

ਕੈਦੋਂ ਘੇਰ ਜਿਉਂ ਗਧਾ ਘਮਿਆਰ ਪਕੜੇ, ਲਾਹ ਸੇਲ੍ਹੀਆਂ ਪਕੜ ਪਥੱਲੀਆਂ ਨੇ।

ਘਾੜ ਘੜਨ ਠਠਿਆਰ ਜਿਉਂ ਪੌਣ ਧਮਕਾਂ, ਧਾਈਂ ਛੱਟਦੀਆਂ ਜਿਵੇਂ ਮੁਹੱਲੀਆਂ ਨੇ।

138

ਤਥਾ

ਗਲ ਪਾਇਕੇ ਸੇਲ੍ਹੀਆਂ ਲਾਹ ਟੋਪੀ, ਪਾੜ ਜੁੱਲੀਆਂ ਸੰਘ ਨੂੰ ਘੁੱਟਿਉ ਨੇ।

ਭੰਨ ਕੌਰ ਤੇ ਕੁਤਕੇ ਛੜਨ ਲੱਤੀਂ, ਰੋੜ੍ਹ ਵਿੱਚ ਖੁੜੱਲ ਦੇ ਸੁੱਟਿਉ ਨੇ।

ਝੰਝੋੜ ਸਿਰ ਤੋੜ ਕੇ ਘਤ ਮੂਧਾ, ਲਾਂਗੜ ਪਾੜ ਕੇ ਧੜਾ ਧੜ ਕੁੱਟਿਉ ਨੇ।

ਵਾਰਿਸ ਸ਼ਾਹ ਦਾੜ੍ਹੀ ਪੁਟ ਪਾੜ ਲਾਂਗੜ, ਏਹ ਅਖੱਟੜਾ ਹੀ ਚਾ ਖੁੱਟਿਓ ਨੇ।

139

ਤਥਾ

ਹਿਕ ਮਾਰ ਲੱਤਾਂ ਦੂਈ ਲਾ ਛਮਕਾਂ, ਤ੍ਰੀਈ ਨਾਲ ਚਟਾਕਿਆਂ ਮਾਰਦੀ ਹੈ।

ਕੋਈ ਇੱਟ ਵੱਟਾ ਜੁੱਤੀ ਢੀਮ ਪੱਥਰ, ਕੋਈ ਪਕੜ ਕੇ ਧੌਣ ਭੋਇੰ ਮਾਰਦੀ ਹੈ।

ਕੋਈ ਪੁਟ ਦਾੜ੍ਹੀ ਦੁੱਬਰ ਵਿੱਚ ਦੇਂਦੀ, ਕੋਈ ਡੰਡਕਾ ਵਿੱਚ ਗੁਜ਼ਾਰਦੀ ਹੈ।

ਚੋਰ ਮਾਰੀਦਾ ਵੇਖੀਏ ਚਲੋ ਯਾਰੋ, ਵਾਰਿਸ ਸ਼ਾਹ ਏਹ ਜ਼ਬਤ ਸਰਕਾਰ ਦੀ ਹੈ।

140

ਕੈਦੋਂ ਕੁੜੀਆਂ ਨਾਲ ਉਲਝਿਆ

ਪਾੜ ਚੁੰਨੀਆਂ ਸੁੱਥਣਾਂ ਕੁੜਤੀਆਂ ਨੂੰ, ਚੱਕ ਵੱਢ ਕੇ ਚੀਕਦਾ ਚੋਰ ਵਾਂਗੂੰ।

ਵੱਤੇ ਫਿਰਨ ਪਰਵਾਰ ਜਿਉਂ ਚੰਨ ਦਵਾਲੇ, ਗਿਰਦ ਪਾਇਲਾਂ ਪਾਉਂਦੀਆਂ ਮੋਰ ਵਾਂਗੂੰ।

ਸ਼ਾਹੂਕਾਰ ਦਾ ਮਾਲ ਜਿਉਂ ਵਿੱਚ ਕੋਟਾਂ, ਦਵਾਲੇ ਚੌਂਕੀਆਂ ਫਿਰਨ ਲਾਹੌਰ ਵਾਂਗੂੰ।

ਵਾਰਿਸ ਸ਼ਾਹ ਅੰਗਿਆਰੀਆਂ ਭਖਦੀਆਂ ਨੀ, ਉਹਦੀ ਪ੍ਰੀਤ ਹੈ ਚੰਨ ਚਕੋਰ ਵਾਂਗੂੰ।

141

ਕੈਦੋਂ ਦੀ ਝੁੱਗੀ ਸਾੜਨੀ

ਉਹਨੂੰ ਫਾਟ ਕੇ ਕੁਟ ਚਕਚੂਰ ਕੀਤਾ, ਸਿਆਲੀਂ ਲਾਇਕੇ ਪਾਸਣਾ ਧਾਈਆਂ ਨੀ।

ਹੱਥੀਂ ਬਾਲ ਮਵਾਤੜੇ ਕਾਹ ਕਾਨੇ, ਵੱਡੇ ਭਾਂਬੜੇ ਬਾਲ ਲੈ ਆਈਆਂ ਨੀ।

ਝੁੱਘੀ ਸਾੜ ਕੇ ਭਾਂਡੜੇ ਭੰਨ ਸਾਰੇ, ਕੁੱਕੜ ਕੁੱਤਿਆਂ ਚਾਇ ਭਜਾਈਆਂ ਨੀ।

ਫੌਜ਼ਾਂ ਸ਼ਾਹ ਦੀਆਂ ਵਾਰਸਾ ਮਾਰ ਮਥਰਾ, ਮੁੜ ਫੇਰ ਲਾਹੌਰ ਨੂੰ ਆਈਆਂ ਨੀ।

142

ਕੈਦੋਂ ਦੀ ਪੰਚਾਂ ਅੱਗੇ ਫ਼ਰਿਆਦ

ਕੈਦੋ ਲਿੱਥੜੇ ਪੱਥੜੇ ਖ਼ੂਨ ਵਹਿੰਦੇ, ਕੂਕੇ ਬਾਹੁੜੀ ਤੇ ਫ਼ਰਿਆਦ ਮੀਆਂ।

ਮੈਨੂੰ ਮਾਰ ਕੇ ਹੀਰ ਨੇ ਚੂਰ ਕੀਤਾ, ਪੈਂਚੋ ਪਿੰਡ ਦਿਉ, ਦਿਉ ਖਾਂ ਦਾਦ ਮੀਆਂ।

ਕਫ਼ਨ ਪਾੜ ਬਾਦਸ਼ਾਹ ਥੇ ਜਾ ਕੂਕਾਂ, ਮੈਂ ਤਾਂ ਪੁਟ ਸੁਟਾਂ ਬਨਿਆਦ ਮੀਆਂ।

ਮੈਂ ਤਾਂ ਬੋਲਣੋਂ ਮਾਰਿਆ ਸੱਚ ਪਿੱਛੇ, ਸ਼ੀਰੀਂ ਮਾਰਿਆ ਜਿਵੇਂ ਫ਼ਰਹਾਦ ਮੀਆਂ।

ਚਲੋ ਝਗੜੀਏ ਬੈਠ ਕੇ ਪਾਸ ਕਾਜ਼ੀ, ਏਹ ਗੱਲ ਨਾ ਜਾਏ ਬਰਬਾਦ ਮੀਆਂ।

ਵਾਰਿਸ ਅਹਿਮਕਾਂ ਨੂੰ ਬਿਨਾ ਫਾਟ ਖਾਧੇ, ਨਹੀਂ ਆਂਵਦਾ ਇਸ਼ਕ ਦਾ ਸਵਾਦ ਮੀਆਂ।

143

ਚੂਚਕ ਦਾ ਕੈਦੋਂ ਨੂੰ ਉੱਤਰ

ਚੂਚਕ ਆਖਿਆ ਲੰਙਿਆ ਜਾ ਸਾਥੋਂ, ਤੈਨੂੰ ਵੱਲ ਹੈ ਝਗੜਿਆਂ ਝੇੜਿਆਂ ਦਾ।

ਸਰਦਾਰ ਹੈਂ ਚੋਰ ਉਚੱਕਿਆਂ ਦਾ, ਸੂਹਾਂ ਬੈਠਾ ਹੈਂ ਸਾਹਿਆਂ ਫੇੜਿਆਂ ਦਾ।

ਤੈਨੂੰ ਵੈਰ ਹੈ ਨਾਲ ਅੰਞਾਣਿਆਂ ਦੇ, ਤੇ ਵੱਲ ਹੈ ਦੱਬ ਦਰੇੜਿਆਂ ਦਾ।

ਆਪ ਛੇੜ ਕੇ ਪਿੱਛੋਂ ਦੀ ਫਿਰਨ ਰੋਂਦੇ, ਇਹੋ ਚੱਜ ਜੇ ਮਾਹਣੂਆਂ ਭੈੜਿਆਂ ਦਾ।

ਵਾਰਿਸ ਸ਼ਾਹ ਅਬਲੀਸ ਦੀ ਸ਼ਕਲ ਕੈਦੋ, ਏਹੋ ਮੂਲ ਹੈ ਸਭ ਬਖੇੜਿਆਂ ਦਾ।

144

ਕੈਦੋਂ ਨੇ ਆਪਣੀ ਹਾਲਤ ਦੱਸਣਾ

ਮੈਨੂੰ ਮਾਰ ਕੇ ਉਧਲਾਂ ਮੁੰਜ ਕੀਤਾ, ਝੁੱਗੀ ਲਾ ਮੁਆਤੜੇ ਸਾੜੀਆ ਨੇ।

ਦੌਰ ਭੰਨ ਕੇ ਕੁਤਕੇ ਸਾੜ ਮੇਰੇ, ਪੈਵੰਦ ਜੁੱਲੀਆਂ ਫੋਲ ਕੇ ਪਾੜੀਆ ਨੇ।

ਕੁੱਕੜ ਕੁੱਤੀਆਂ ਭੰਗ ਅਫੀਮ ਲੁੱਟੀ, ਮੇਰੀ ਬਾਵਨੀ ਚਾ ਉਜਾੜੀਆ ਨੇ।

ਧੜਵੈਲ ਧਾੜੇ ਮਾਰ ਲੁੱਟਣ, ਮੇਰਾ ਦੇਸ ਲੁਟਿਆ ਏਨ੍ਹਾਂ ਲਾੜੀਆਂ ਨੇ।

145

ਸਿਆਲਾਂ ਦਾ ਉੱਤਰ

ਝੂਠੀਆਂ ਸੱਚੀਆਂ ਚੁਗਲੀਆਂ ਮੇਲ ਕੇ ਤੇ, ਘਰੋਂ ਘਰੀਂ ਤੂੰ ਲੂਤੀਆਂ ਲਾਵਨਾ ਹੈਂ।

ਪਿਉ ਪੁੱਤਰਾਂ ਤੋਂ ਯਾਰ ਯਾਰ ਕੋਲੋਂ, ਮਾਵਾਂ ਧੀਆਂ ਨੂੰ ਪਾੜ ਵਿਖਾਵਨਾ ਹੈਂ।

ਤੈਨੂੰ ਬਾਣ ਹੈ ਬੁਰਾ ਕਮਾਵਨੇ ਦੀ, ਐਵੇਂ ਟੱਕਰਾਂ ਪਿਆ ਲੜਾਵਨਾ ਹੈਂ।

ਪਰ੍ਹਾਂ ਜਾਹ ਜੱਟਾ ਪਿੱਛਾ ਛਡ ਸਾਡਾ, ਐਵੇਂ ਕਾਸ ਨੂੰ ਪਿਆ ਅਕਾਵਨਾ ਹੈਂ।

146

ਕੈਦੋ

ਧਰੋਹੀ ਰਬ ਦੀ ਨਿਆਉਂ ਕਮਾਉ ਪੈਂਚੋ, ਭਰੇ ਦੇਸ 'ਚ ਫਾਟਿਆ ਕੁੱਟਿਆ ਹਾਂ।

ਮੁਰਸ਼ਦ ਬਖਸ਼ਿਆ ਸੀ ਠੂਠਾ ਭੰਨਿਆ ਨੇ, ਧੁਰੋਂ ਜੜ੍ਹਾਂ ਥੀਂ ਲਾ ਮੈਂ ਪੁੱਟਿਆ ਹਾਂ।

ਮੈਂ ਮਾਰਿਆਂ ਦੇਖਦੇ ਮੁਲਕ ਸਾਰੇ, ਧਰੂਹ ਕਰੰਗ ਮੋਏ ਵਾਂਗੂੰ ਸੁੱਟਿਆ ਹਾਂ।

ਹੱਡ ਗੋਡੜੇ ਭੰਨ ਕੇ ਚੂਰ ਕੀਤੇ, ਅੜੀਦਾਰ ਗੱਦੋਂ ਵਾਂਗ ਕੁੱਟਿਆ ਹਾਂ।

ਵਾਰਿਸ ਸ਼ਾਹ ਮੀਆਂ ਵੱਡਾ ਗ਼ਜ਼ਬ ਹੋਇਆ, ਰੋ ਰੋ ਕੇ ਬਹੁਤ ਨਖੁੱਟਿਆ ਹਾਂ।

147

ਸਿਆਲਾਂ ਨੇ ਕੁੜੀਆਂ ਤੋਂ ਪੁੱਛਣਾ

ਕੁੜੀਆਂ ਸਦ ਕੇ ਪੈਂਚਾਂ ਨੇ ਪੁੱਛ ਕੀਤੀ, ਲੰਙਾ ਕਾਸ ਨੂੰ ਢਾਹ ਕੇ ਮਾਰਿਆ ਜੇ।

ਐਵੇਂ ਬਾਝ ਤਕਸੀਰ ਗੁਨਾਹ ਲੁਟਿਆ, ਇੱਕੇ ਕੋਈ ਗੁਨਾਹ ਨਿਤਾਰਿਆ ਜੇ।

ਹਾਲ ਹਾਲ ਕਰੇ ਪਰ੍ਹੇ ਵਿੱਚ ਬੈਠਾ, ਏਡਾ ਕਹਿਰ ਤੇ ਖ਼ੂਨ ਗੁਜ਼ਾਰਿਆ ਜੇ।

ਕਹੋ ਕੌਣ ਤਕਸੀਰ ਫ਼ਕੀਰ ਅੰਦਰ, ਫੜੇ ਚੋਰ ਵਾਂਗੂੰ ਘੁਟ ਮਾਰਿਆ ਜੇ।

ਝੁੱਗੀ ਸਾੜ ਕੇ ਮਾਰ ਕੇ ਭੰਨ ਭਾਂਡੇ, ਏਸ ਫ਼ਕਰ ਨੂੰ ਮਾਰ ਉਤਾਰਿਆ ਜੇ।

ਵਾਰਿਸ ਸ਼ਾਹ ਮੀਆਂ ਪੁੱਛੇ ਲੜਕੀਆਂ ਨੂੰ, ਅੱਗ ਲਾ ਫ਼ਕੀਰ ਕਿਉਂ ਸਾੜਿਆ ਜੇ।

148

ਕੁੜੀਆਂ ਦਾ ਉੱਤਰ

ਮੂੰਹ ਉਂਗਲਾਂ ਘੱਤ ਕੇ ਕਹਿਣ ਸੱਭੇ, ਕਾਰੇ ਕਰਨ ਥੀਂ ਇਹ ਨਾ ਸੰਗਦਾ ਏ।

ਸਾਡੀਆਂ ਮੰਮੀਆਂ ਟੋਂਹਦਾ ਤੋੜ ਗੱਲ੍ਹਾਂ, ਪਿੱਛੇ ਹੋਇਕੇ ਸੁੱਥਣਾਂ ਸੁੰਘਦਾ ਏ।

ਸਾਨੂੰ ਕੱਟੀਆਂ ਕਰੇ ਤੇ ਆਪ ਪਿੱਛੋਂ, ਸਾਨ੍ਹ ਹੋਇਕੇ ਟੱਪਦਾ ਰਿੰਗਦਾ ਏ।

ਨਾਲੇ ਬੰਨ੍ਹ ਕੇ ਜੋਗ ਨੂੰ ਜੋ ਦਿੰਦਾ, ਗੁੱਤਾਂ ਬੰਨ੍ਹ ਕੇ ਖਿੱਚਦਾ ਤੰਗਦਾ ਏ।

ਤੇੜੋਂ ਲਾਹ ਕਹਾਈ ਵੱਤੇ ਫਿਰੇ ਭੌਂਦਾ, ਭੌਂ ਭੌਂ ਮੂਤਦਾ ਤੇ ਨਾਲ ਤ੍ਰਿੰਗਦਾ ਏ।

ਵਾਰਿਸ ਸ਼ਾਹ ਉਜਾੜ ਵਿੱਚ ਜਾਇਕੇ ਤੇ, ਫਲਗਣਾਂ ਅਸਾਡੀਆਂ ਸੁੰਘਦਾ ਏ।

149

ਸਿਆਲਾਂ ਦਾ ਕੁੜੀਆਂ ਨੂੰ ਉੱਤਰ

ਉਹ ਆਖਦਾ ਮਾਰ ਗਵਾ ਦਿੱਤਾ, ਹੱਡ ਗੋਡੜੇ ਭੰਨ ਕੇ ਚੂਰ ਕੀਤੇ।

ਝੁੱਗੀ ਸਾੜ ਭਾਂਡੇ ਭੰਨ ਖੋਹ ਦਾੜ੍ਹੀ, ਲਾਹ ਭਾਗ ਪੱਟੇ ਪੁਟ ਦੂਰ ਕੀਤੇ।

ਟੰਗੋਂ ਪਕੜ ਘਸੀਟ ਕੇ ਵਿੱਚ ਖਾਈ, ਤੁਸਾਂ ਮਾਰ ਕੇ ਖ਼ਲਕ ਰਜੂਰ ਕੀਤੇ।

ਵਾਰਿਸ ਸ਼ਾਹ ਗੁਨਾਹ ਥੋਂ ਪਕੜ ਕਾਫ਼ਰ, ਹੱਡ ਪੈਰ ਮਲਾਇਕਾਂ ਚੂਰ ਕੀਤੇ।

150

ਕੁੜੀਆਂ ਦਾ ਉੱਤਰ

ਵਾਰ ਘੱਤਿਆ ਕੌਣ ਬਲਾ ਕੁੱਤਾ, ਧਿਰਕਾਰ ਕੇ ਪਰ੍ਹਾਂ ਨਾ ਮਾਰਦੇ ਹੋ।

ਅਸਾਂ ਭੱਈੜੇ ਪਿੱਟੀਆਂ ਹਥ ਲਾਇਆ, ਤੁਸੀਂ ਏਤਨੀ ਗੱਲ ਨਾ ਸਾਰਦੇ ਹੋ।

ਫ਼ਰਫ਼ਜੀਆਂ ਮਕਰਿਆਂ ਠਕਰਿਆਂ ਨੂੰ, ਮੂੰਹ ਲਾਇਕੇ ਚਾ ਵਿਗਾੜਦੇ ਹੋ।

ਮੁੱਠੀ ਮੁੱਠੀ ਹਾਂ ਏਡ ਅਪਰਾਧ ਪੌਂਦੇ, ਧੀਆਂ ਸੱਦ ਕੇ ਪਰ੍ਹੇ ਵਿੱਚ ਮਾਰਦੇ ਹੋ।

ਇਹ ਲੁੱਚ ਮੁਸ਼ਟੰਡੜਾ ਅਸੀਂ ਕੁੜੀਆਂ, ਇਹੇ ਸੱਚ ਤੇ ਝੂਠ ਨਿਤਾਰਦੇ ਹੋ।

ਪੁਰਸ਼ ਹੋਇਕੇ ਨੱਢੀਆਂ ਨਾਲ ਘੁਲਦਾ, ਤੁਸਾਂ ਗੱਲ ਕੀ ਚਾ ਨਿਖਾਰਦੇ ਹੋ।

ਵਾਰਿਸ ਸ਼ਾਹ ਮੀਆਂ ਮਰਦ ਸਦਾ ਝੂਠੇ, ਰੰਨਾ ਸੱਚੀਆਂ ਸੱਚ ਕੀ ਤਾਰਦੇ ਹੋ।

151

ਕੈਦੋਂ ਦਾ ਫ਼ਰਿਆਦ ਕਰਨਾ

ਕੈਦਂੋ ਬਾਹੁੜੀ ਤੇ ਫ਼ਰਿਆਦ ਕੂਕੇ, ਧੀਆਂ ਵਾਲਿਉ ਕਰੋ ਨਿਆਉਂ ਮੀਆਂ।

ਮੇਰਾ ਹੱਟ ਪਸਾਰੀ ਦਾ ਲੁਟਿਆ ਨੇ, ਕੋਲ ਵੇਖਦਾ ਪਿੰਡ ਗਿਰਾਉਂ ਮੀਆਂ।

ਮੇਰੀ ਭੰਗ ਅਫੀਮ ਤੇ ਪੋਸਤ ਲੁੜ੍ਹਿਆ, ਹੋਰ ਨਿਆਮਤਾਂ ਦੇ ਕੇਹਾ ਨਾਉਂ ਮੀਆਂ।

ਮੇਰੀ ਤੁਸਾਂ ਦੇ ਨਾਲ ਨਾ ਸਾਂਝ ਕਾਈ, ਪਿੰਨ ਟੁਕੜੇ ਪਿੰਡ ਦੇ ਖਾਉਂ ਮੀਆਂ।

ਤੋਤੇ ਬਾਗ਼ ਉਜਾੜਦੇ ਮੇਵਿਆਂ ਦੇ, ਅਤੇ ਫਾਹ ਲਿਆਂਵਦੇ ਕਾਉਂ ਮੀਆਂ।

ਵਾਰਿਸ ਸ਼ਾਹ ਮੀਆਂ ਵੱਡੇ ਮਾਲ ਲੁੱਟੇ, ਕਿਹੜੇ ਕਿਹੜੇ ਦਾ ਲਵਾਂ ਨਾਉਂ ਮੀਆਂ।

152

ਸਿਆਲਾਂ ਨੇ ਕੈਦੋਂ ਨੂੰ ਤਸੱਲੀ ਦੇਣੀ

ਪੈਂਚਾਂ ਕੈਦੋ ਨੂੰ ਆਖਿਆ ਸਬਰ ਕਰ ਤੂੰ, ਤੈਨੂੰ ਮਾਰਿਆ ਨੇ ਝੱਖ ਮਾਰਿਆ ਨੇ।

ਹਾਏ ਹਾਏ ਫ਼ਕੀਰ ਤੇ ਕਹਿਰ ਹੋਇਆ, ਕੋਈ ਵੱਡਾ ਹੀ ਖ਼ੂਨ ਗੁਜਾਰਿਆ ਨੇ।

ਬਹੁਤ ਦੇ ਦਿਲਾਸੜਾ ਪੂੰਝ ਅੱਖੀਂ, ਕੈਦੋ ਲੰਙੇ ਨੂੰ ਠੱਗ ਕੇ ਠਾਰਿਆ ਨੇ।

ਕੈਦੋ ਆਖਿਆ ਧੀਆਂ ਦੇ ਵਲ ਹੋ ਕੇ, ਵੇਖੋ ਦੀਨ ਈਮਾਨ ਨਿਘਾਰਿਆ ਨੇ।

ਵਾਰਿਸ ਅੰਧ ਰਾਜਾ ਤੇ ਬੇਦਾਦ ਨਗਰੀ, ਝੂਠਾ ਵੇਖ ਜੋ ਭਾਂਬੜਾ ਮਾਰਿਆ ਨੇ।

153

ਚੂਚਕ ਤੇ ਕੈਦੋਂ

ਚੂਚਕ ਆਖਿਆ ਅੱਖੀਂ ਵਿਖਾਲ ਮੈਨੂੰ, ਮੁੰਡੀ ਲਾਹ ਸੁੱਟਾਂ ਮੁੰਡੇ ਮੁੰਡੀਆਂ ਦੀ।

ਇੱਕੇ ਦਿਆਂ ਤਰਾਹ ਮੈਂ ਤੁਰਤ ਮਾਹੀ, ਸਾਡੇ ਦੇਸ ਨਾ ਥਾਂਉ ਹੈ ਗੁੰਡਿਆਂ ਦੀ।

ਸਰਵਾਹੀਆਂ ਛਿੱਕ ਕੇ ਅਲਖ ਲਾਹਾਂ, ਅਸੀਂ ਸਥ ਨਾ ਪਰ੍ਹੇ ਹਾਂ ਟੁੰਡਿਆਂ ਦੀ।

ਕੈਦੋ ਆਖਿਆ ਵੇਖ ਫੜਾਵਨਾ ਹਾਂ, ਭਲਾ ਮਾਉਂ ਕਿਹੜੀ ਇਹਨਾਂ ਲੁੰਡਿਆਂ ਦੀ।

ਅੱਖੀਂ ਵੇਖ ਕੇ ਫੇਰ ਜੇ ਕਰੋ ਟਾਲਾ, ਤਦੋਂ ਜਾਣਸਾਂ ਪਰ੍ਹੇ ਦੋ ਬੁੰਡਿਆਂ ਦੀ।

ਏਸ ਹੀਰ ਦੀ ਪੜਛ ਦੀ ਭੰਗ ਲੈਸਾਂ, ਸੇਲ੍ਹੀ ਵਟਸਾਂ ਚਾਕ ਦੇ ਜੁੰਡਿਆਂ ਦੀ।

ਵਾਰਿਸ ਸ਼ਾਹ ਮੀਆਂ ਏਥੇ ਖੇਡ ਪੌਂਦੀ, ਵੇਖੋ ਬੁੱਢਿਆਂ ਦੀ ਅਤੇ ਮੁੰਡਿਆਂ ਦੀ।

154

ਕੈਦੋਂ ਨੇ ਬੇਲੇ ਵਿੱਚ ਲੁਕ ਕੇ ਬਹਿਣਾ

ਵੱਡੀ ਹੋਈ ਉਸ਼ੇਰ ਤਾਂ ਜਾ ਛਹਿਆ, ਪੋਹ ਮਾਘ ਕੁੱਤਾ ਵਿੱਚ ਕੁੰਨੂਆਂ ਦੇ।

ਹੋਇਆ ਸ਼ਾਹ ਵੇਲਾ ਤਦੋਂ ਵਿੱਚ ਬੇਲੇ, ਫੇਰੇ ਆਣ ਪਏ ਸੱਸੀ ਪੁੰਨੂਆਂ ਦੇ।

ਪੋਣਾ ਬੰਨ੍ਹ ਕੇ ਰਾਂਝੇ ਨੇ ਹੱਥ ਮਲਿਆ, ਢੇਰ ਆ ਲੱਗੇ ਰੱਤੇ ਚੁੰਨੂਆਂ ਦੇ।

ਬੇਲਾ ਲਾਲੋ ਹੀ ਲਾਲ ਪੁਕਾਰਦਾ ਸੀ, ਕੈਦੋ ਪੈ ਰਹਿਆ ਵਾਂਗ ਹੋ ਘੁਨੂੰਆਂ ਦੇ।

155

ਸਈਆਂ ਦੇ ਜਾਣ ਪਿੱਛੋਂ ਹੀਰ ਤੇ ਰਾਂਝੇ ਦਾ ਇਕੱਠੇ ਪੈ ਜਾਣਾ

ਜਦੋਂ ਲਾਲ ਖਜੂਰਿਉਂ ਖੇਡ ਸੱਈਆਂ, ਸਭੇ ਘਰੋ ਘਰੀ ਉਠ ਚੱਲੀਆਂ ਨੀ।

ਰਾਂਝਾ ਹੀਰ ਨਿਆਰੜੇ ਹੋ ਸੁੱਤੇ, ਕੰਧਾਂ ਨਦੀ ਦੀਆਂ ਮਹੀਂ ਨੇ ਮੱਲੀਆਂ ਨੀ।

ਪਏ ਵੇਖ ਕੇ ਦੋਹਾਂ ਇਕੱਠਿਆਂ ਨੂੰ, ਟੰਗਾਂ ਲੰਙੇ ਦੀਆਂ ਤੇਜ਼ ਹੋ ਚੱਲੀਆਂ ਨੀ।

ਪਰ੍ਹੇ ਵਿੱਚ ਕੈਦੋ ਆਣ ਪੱਗ ਮਾਰੀ, ਚਲੋ ਵੇਖ ਲਉ ਗੱਲਾਂ ਅਵੱਲੀਆਂ ਨੀ।

156

ਚੂਚਕ ਘੋੜੇ ਚੜ੍ਹ ਕੇ ਬੇਲੇ ਨੂੰ

ਪਰ੍ਹੇ ਵਿੱਚ ਬੇਗ਼ੈਰਤੀ ਕੁੱਲ ਹੋਈ, ਚੋਭ ਵਿੱਚ ਕਲੇਜੜੇ ਚਸਕਦੀ ਏ।

ਬੇਸ਼ਰਮ ਹੈ ਟੱਪ ਕੇ ਸਿਰੇ ਚੜ੍ਹਦਾ, ਭਲੇ ਆਦਮੀ ਦੀ ਜਾਨ ਧਸਕਦੀ ਏ।

ਚੂਚਕ ਘੋੜੇ ਤੇ ਤੁਰਤ ਅਸਵਾਰ ਹੋਇਆ, ਹੱਥ ਸਾਂਗ ਜਿਉਂ ਬਿਜਲੀ ਲਿਸ਼ਕਦੀ ਏ।

ਸੁੰਬ ਘੋੜੇ ਦੇ ਕਾੜ ਹੀ ਕਾੜ ਵੱਜਣ, ਸੁਣਦਿਆਂ ਹੀਰ ਰਾਂਝੇ ਤੋਂ ਖਿਸਕਦੀ ਏ।

ਉਠ ਰਾਂਝਨਾ ਵੇ ਬਾਬਲ ਆਂਵਦਾ ਈ, ਨਾਲੇ ਗੱਲ ਕਰਦੀ ਨਾਲੇ ਰਿਸ਼ਕਦੀ ਏ।

ਮੈਨੂੰ ਛੱਡ ਸਹੇਲੀਆਂ ਨੱਸ ਗਈਆਂ, ਮਕਰ ਨਾਲ ਹੌਲੀ ਹੌਲੀ ਬੁਸਕਦੀ ਏ।

ਵਾਰਿਸ ਸ਼ਾਹ ਜਿਉਂ ਮੋਰਚੇ ਬੈਠ ਬਿੱਲੀ, ਸਾਹ ਘੁਟ ਜਾਂਦੀ ਨਾਹੀਂ ਕੁਸਕਦੀ ਏ।

157

ਚੂਚਕ ਨੇ ਬੇਲੇ ਵਿੱਚ ਹੀਰ ਨੂੰ ਰਾਂਝੇ ਨਾਲ ਦੇਖਣਾ

ਮਹਿਰ ਵੇਖ ਕੇ ਦੋਹਾਂ ਇਕੱਲਿਆਂ ਨੂੰ, ਗ਼ੁੱਸਾ ਖਾਇਕੇ ਹੋਇਆ ਈ ਰੱਤ ਵੰਨਾ।

ਇਹ ਵੇਖ ਨਿਘਾਰ ਖ਼ੁਦਾਇ ਦਾ ਜੀ, ਬੇਲੇ ਵਿੱਚ ਇਕੱਲੀਆਂ ਫਿਰਨ ਰੰਨਾਂ।

ਅਖੀਂ ਨੀਵੀਆਂ ਰੱਖ ਕੇ ਠੁਮਕ ਚੱਲੀ, ਹੀਰ ਕੱਛ ਵਿੱਚ ਮਾਰ ਕੇ ਥਾਲ ਛੰਨਾ।

ਚੂਚਕ ਆਖਦਾ ਰਖ ਤੂੰ ਜਮ੍ਹਾਂ ਖ਼ਾਤਰ, ਤੇਰੇ ਸੋਟਿਆਂ ਨਾਲ ਮੈ ਲਿੰਙ ਭੰਨਾਂ।

158

ਹੀਰ ਦਾ ਬਾਪ ਨੂੰ ਉੱਤਰ

ਮਹੀਂ ਛਡ ਮਾਹੀ ਉਠ ਜਾਏ ਭੁੱਖਾ, ਉਸ ਦੇ ਖਾਣੇ ਦੀ ਖ਼ਬਰ ਨਾ ਕਿਸੇ ਲੀਤੀ।

ਭੱਤਾ ਫੇਰ ਨਾ ਕਿਸੇ ਲਿਆਵਣਾ ਈ, ਏਦੂੰ ਪਿਛਲੀ ਬਾਬਲਾ ਹੋਈ ਬੀਤੀ।

ਮਸਤ ਹੋ ਬੇਹਾਲ ਤੇ ਮਹਿਰ ਖਲਾ, ਜਿਵੇਂ ਕਿਸੇ ਅਬਦਾਲ ਨੇ ਭੰਗ ਪੀਤੀ।

ਕਿਤੇ ਨੱਢੀ ਦਾ ਚਾਇ ਵਿਵਾਹ ਕੀਚੈ, ਇਹ ਮਹਿਰ ਨੇ ਜਿਉ ਦੇ ਵਿੱਚ ਕੀਤੀ।

159

ਰਾਂਝੇ ਦੇ ਭਰਾਵਾਂ ਤੇ ਭਾਬੀਆਂ ਦਾ ਚੂਚਕ ਤੇ ਹੀਰ ਨਾਲ ਚਿੱਠੀ-ਪੱਤਰ

ਜਦੋਂ ਰਾਂਝਣਾ ਜਾਇ ਕੇ ਚਾਕ ਲੱਗਾ, ਮਹੀਂ ਸਾਂਭੀਆਂ ਚੂਚਕ ਸਿਆਲ ਦੀਆਂ।

ਲੋਕਾਂ ਤਖ਼ਤ ਹਜ਼ਾਰੇ ਵਿੱਚ ਜਾ ਕਿਹਾ, ਕੂੰਮਾਂ ਓਸ ਅੱਗੇ ਵੱਡੇ ਮਾਲ ਦੀਆਂ।

ਭਾਈਆਂ ਰਾਂਝੇ ਦਿਆਂ ਸਿਆਲਾਂ ਨੂੰ ਖ਼ਤ ਲਿਖਿਆ, ਜ਼ਾਤਾਂ ਮਹਿਰਮ ਜ਼ਾਤ ਦੇ ਹਾਲ ਦੀਆਂ।

ਮੌਜੂ ਚੌਧਰੀ ਦਾ ਪੁੱਤ ਚਾਕ ਲਾਇਉ, ਇਹ ਕੁਦਰਤਾਂ ਜੱਲ-ਜਲਾਲ ਦੀਆਂ।

ਸਾਥੋਂ ਰੁਸ ਆਇਆ ਤੁਸੀਂ ਮੋੜ ਘੱਲੋ, ਇਹਨੂੰ ਵਾਹਰਾਂ ਰਾਤ ਦਿੰਹ ਭਾਲਦੀਆਂ।

ਜਿਨਾਂ ਭੋਏਂ ਤੋਂ ਰੁੱਸ ਕੇ ਉਠ ਆਇਆ, ਕਿਆਰੀਂ ਬਣੀ ਪਈਆਂ ਏਸ ਲਾਲ ਦੀਆਂ।

ਸਾਥੋਂ ਵਾਹੀਆਂ ਬੀਜੀਆਂ ਲਏ ਦਾਣੇ, ਅਤੇ ਮਾਨੀਆਂ ਪਿਛਲੇ ਸਾਲ ਦੀਆਂ।

ਸਾਥੋਂ ਘੜੀ ਨਾ ਵਿਸਰੇ ਵੀਰ ਪਿਆਰਾ, ਰੋ ਰੋ ਭਾਬੀਆਂ ਏਸ ਦੀਆਂ ਜਾਲਦੀਆਂ।

ਮਹੀਂ ਚਾਰਦਿਆਂ ਵਢਿਓਸੁ ਨੱਕ ਸਾਡਾ, ਸਾਥੇ ਖੂਹਣੀਆਂ ਏਸ ਦੇ ਮਾਲ ਦੀਆਂ।

ਮੱਝੀਂ ਕਟਕ ਨੂੰ ਦੇ ਕੇ ਖਿਸਕ ਜਾਸੀ, ਸਾਡਾ ਨਹੀਂ ਜ਼ਿੰਮਾਂ ਫਿਰੋ ਭਾਲਦੀਆਂ।

ਇਹ ਸੂਰਤਾਂ ਠਗ ਜੋ ਵੇਖਦੇ ਹੋ, ਵਾਰਿਸ ਸ਼ਾਹ ਫ਼ਕੀਰ ਦੇ ਨਾਲ ਦੀਆਂ।

160

ਰਾਂਝੇ ਦੇ ਭਰਾਵਾਂ ਦਾ ਚੂਚਕ ਨੂੰ ਖ਼ਤ

ਤੁਸੀਂ ਘਲ ਦੇਹੋ ਤਾਂ ਅਹਿਸਾਨ ਹੋਵੇ, ਨਹੀਂ ਚਲ ਮੇਲਾ ਅਸੀਂ ਆਵਨੇ ਹਾਂ।

ਗਲ ਪਲੜਾ ਪਾਏ ਕੇ ਵੀਰ ਸੱਭੇ, ਅਸੀਂ ਰੁੱਠੜਾ ਵੀਰ ਮਨਾਵਨੇ ਹਾਂ।

ਅਸਾਂ ਆਇਆਂ ਨੂੰ ਤੁਸੀਂ ਜੇ ਨਾ ਮੋੜੋ, ਤਦੋਂ ਪਏ ਪਕਾ ਪਕਾਵਨੇ ਹਾਂ।

ਨਾਲ ਭਾਈਆਂ ਪਿੰਡ ਦੇ ਪੈਂਚ ਸਾਰੇ, ਵਾਰਿਸ ਸ਼ਾਹ ਨੂੰ ਨਾਲ ਲਿਆਵਨੇ ਹਾਂ।

161

ਚੂਚਕ ਦਾ ਉੱਤਰ

ਚੂਚਕ ਸਿਆਲ ਨੇ ਲਿਖਿਆ ਰਾਂਝਿਆਂ ਨੂੰ, ਨੱਢੀ ਹੀਰ ਦਾ ਚਾਕ ਉਹ ਮੁੰਡੜਾ ਜੇ।

ਸਾਰਾ ਪਿੰਡ ਡਰਦਾ ਓਸ ਚਾਕ ਕੋਲੋਂ, ਸਿਰ ਮਾਹੀਆਂ ਦੇ ਓਹਦਾ ਕੁੰਡੜਾ ਜੇ।

ਅਸਾਂ ਜਟ ਹੈ ਜਾਣ ਕੇ ਚਾਕ ਲਾਇਆ, ਦੇਈਏ ਤਰਾਹ ਜੇ ਜਾਣੀਏ ਗੁੰਡੜਾ ਜੇ।

ਇਹ ਗੱਭਰੂ ਘਰੋਂ ਕਿਉਂ ਕਢਿਆ ਜੇ, ਲੰਙਾ ਨਹੀਂ ਕੰਮਚੋਰ ਨਾ ਟੁੰਡੜਾ ਜੇ।

ਸਿਰ ਸੋਂਹਦੀਆਂ ਬੋਦੀਆਂ ਨੱਢੜੇ, ਦੇ ਕੰਨੀਂ ਲਾਡਲੇ ਦੇ ਬਣੇ ਬੁੰਦੜਾ ਜੇ।

ਵਾਰਿਸ ਸ਼ਾਹ ਨਾ ਕਿਸੇ ਨੂੰ ਜਾਣਦਾ ਹੈ, ਪਾਸ ਹੀਰ ਦੇ ਰਾਤ ਦਿੰਹੁ ਹੁੰਦੜਾ ਜੇ।

162

ਰਾਂਝੇ ਦੀਆਂ ਭਾਬੀਆਂ ਨੂੰ ਹੀਰ ਦਾ ਉੱਤਰ

ਘਰ ਆਈਆਂ ਦੌਲਤਾਂ ਕੌਣ ਮੋੜੇ, ਕੋਈ ਬੰਨ੍ਹ ਪਿੰਡੋਂ ਕਿਸੇ ਟੋਰਿਆ ਈ।

ਅਸਾਂ ਜਿਉਂਦਿਆਂ ਨਹੀਂ ਜਵਾਬ ਦੇਣਾ, ਸਾਡਾ ਰੱਬ ਨੇ ਜੋੜਨਾ ਜੋੜਿਆ ਈ।

ਖ਼ਤਾਂ ਚਿੱਠੀਆਂ ਅਤੇ ਸੁਨੇਹਿਆਂ ਤੇ, ਕਿਸੇ ਲੁਟਿਆ ਮਾਲ ਨਾ ਮੋੜਿਆ ਈ।

ਜਾਏ ਭਾਈਆਂ ਭਾਬੀਆਂ ਪਾਸ ਜਮ ਜਮ, ਕਿਸੇ ਨਾਹੀਉਂ ਹਟਕਿਆ ਹੋੜਿਆ ਈ।

ਵਾਰਿਸ ਸ਼ਾਹ ਸਿਆਲਾਂ ਦੇ ਬਾਗ਼ ਵਿੱਚੋਂ, ਅਸਾਂ ਫੁੱਲ ਗੁਲਾਬ ਦਾ ਤੋੜਿਆ ਈ।

163

ਹੀਰ ਨੂੰ ਚਿੱਠੀ ਦਾ ਉੱਤਰ

ਭਰਜਾਈਆਂ ਰਾਂਝੇ ਦੀਆਂ ਤੰਗ ਹੋ ਕੇ, ਖ਼ਤ ਹੀਰ ਸਿਆਲ ਨੂੰ ਲਿਖਿਆ ਈ।

ਸਾਥੋਂ ਛੈਲ ਸੋ ਅੱਧ ਵੰਡਾਏ ਸੁੱਤੀ, ਲੋਕ ਯਾਰੀਆਂ ਕਿਧਰੋਂ ਸਿਖਿਆ ਈ।

ਦੇਵਰ ਚੰਨ ਸਾਡਾ ਸਾਥੋਂ ਰੁੱਸ ਆਇਆ, ਬੋਲ ਬੋਲ ਕੇ ਖਰਾ ਤ੍ਰਿਖਿਆ ਈ।

ਸਾਡਾ ਲਾਲ ਮੋੜੋ ਸਾਨੂੰ ਖ਼ੈਰ ਘੱਤੋ, ਜਾਣੋਂ ਕਮਲੀਆਂ ਨੂੰ ਪਾਈ ਭਿਖਿਆ ਈ।

ਕੁੜੀਏ ਸਾਂਭ ਨਾਹੀਂ ਮਾਲ ਰਾਂਝਿਆਂ ਦਾ, ਕਰ ਸਾਰਦਾ ਦੀਦੜਾ ਤ੍ਰਿਖਿਆ ਈ।

ਝੁਟ ਕੀਤਿਆਂ ਲਾਲ ਨਾ ਹਥ ਆਵਣ, ਸੋਈ ਮਿਲੇ ਜੋ ਤੋੜ ਦਾ ਲਿਖਿਆ ਈ।

ਕੋਈ ਢੂੰਡ ਵਡੇਰੜਾ ਕੰਮ ਜੋਗਾ, ਅਜੇ ਇਹ ਨਾ ਯਾਰੀਆਂ ਸਿਖਿਆ ਈ।

ਵਾਰਿਸ ਸ਼ਾਹ ਲੈ ਚਿੱਠੀਆਂ ਦੌੜਿਆ ਈ, ਕੰਮ ਕਾਸਦਾਂ ਦਾ ਮੀਆਂ ਸਿਖਿਆ ਈ।

164

ਹੀਰ ਨੂੰ ਚਿੱਠੀ ਮਿਲੀ

ਜਦੋਂ ਖ਼ਤ ਦਿੱਤਾ ਲਿਆ ਕਾਸਦਾਂ ਨੇ, ਨੱਢੀ ਹੀਰ ਨੇ ਤੁਰਤ ਪੜ੍ਹਾਇਆ ਈ।

ਸਾਰੇ ਮੁਆਮਲੇ ਅਤੇ ਵੰਝਾਪ ਸਾਰੇ, ਗਿਲਾ ਲਿਖਿਆ ਵਾਚ ਸੁਣਾਇਆ ਈ।

ਘੱਲੋ ਮੋੜ ਕੇ ਦੇਵਰ ਅਸਾਡੜੇ ਨੂੰ, ਮੁੰਡਾ ਰੁੱਸ ਹਜ਼ਾਰਿਉਂ ਆਇਆ ਈ।

ਹੀਰ ਸੱਦ ਕੇ ਰਾਂਝਣੇ ਯਾਰ ਤਾਈਂ, ਸਾਰਾ ਮੁਆਮਲਾ ਖੋਲ੍ਹ ਸੁਣਾਇਆ ਈ।

165

ਭਾਬੀਆਂ ਨੂੰ ਰਾਂਝੇ ਨੇ ਆਪ ਉੱਤਰ ਲਿਖਾਉਣਾ

ਭਾਈਆਂ ਭਾਬੀਆਂ ਚਾ ਜਵਾਬ ਦਿੱਤਾ, ਸਾਨੂੰ ਦੇਸ ਥੀਂ ਚਾ ਤ੍ਰਾਹਿਉ ਨੇ।

ਭੋਏਂ ਖੋਹ ਕੇ ਬਾਪ ਦਾ ਲਿਆ ਵਿਰਸਾ, ਮੈਨੂੰ ਆਪਣੇ ਗਲੋਂ ਚਾ ਲਾਹਿਉ ਨੇ।

ਮੈਨੂੰ ਮਾਰ ਕੇ ਬੋਲੀਆਂ ਭਾਬੀਆਂ ਨੇ, ਕੋਈ ਸੱਚ ਨਾ ਕੌਲ ਨਿਭਾਹਿਉ ਨੇ।

ਮੈਨੂੰ ਦੇਹ ਜਵਾਬ ਤੇ ਕੱਢਿਉ ਨੇ, ਹਲ ਜੋੜ ਕਿਆਰੜਾ ਵਾਹਿਉ ਨੇ।

ਰਲ ਰੰਨ ਖ਼ਸਮਾਂ ਮੈਨੂੰ ਠਿਠ ਕੀਤਾ, ਮੇਰਾ ਅਰਸ਼ ਦਾ ਕਿੰਗਰਾ ਢਾਹਿਉ ਨੇ।

ਨਿਤ ਬੋਲੀਆਂ ਮਾਰੀਆਂ ਜਾ ਸਿਆਲੀਂ, ਮੇਰਾ ਕਢਨਾ ਦੇਸ ਥੀਂ ਚਾਹਿਉ ਨੇ।

ਅਸੀਂ ਹੀਰ ਸਿਆਲ ਦੇ ਚਾਕ ਲੱਗੇ, ਜੱਟੀ ਮਹਿਰ ਦੇ ਨਾਲ ਦਿਲ ਫਾਹਿਉ ਨੇ।

ਹੁਣ ਚਿੱਠੀਆਂ ਲਿਖ ਕੇ ਘੱਲਦੀਆਂ ਨੇ, ਰਾਖਾ ਖੇਤੜੀ ਨੂੰ ਜਦੋਂ ਚਾਹਿਉ ਨੇ।

ਵਾਰਿਸ ਸ਼ਾਹ ਸਮਝਾ ਜਟੇਟੀਆਂ ਨੂੰ, ਸਾਡੇ ਨਾਲ ਮੱਥਾ ਕੇਹਾ ਡਾਹਿਉ ਨੇ।

166

ਹੀਰ ਨੇ ਉੱਤਰ ਲਿਖਣਾ

ਹੀਰ ਪੁਛ ਕੇ ਮਾਹੀੜੇ ਆਪਣੇ ਤੋਂ, ਲਿਖਵਾ ਜਵਾਬ ਚਾ ਟੋਰਿਆ ਈ।

ਤੁਸਾਂ ਲਿਖਿਆ ਸੋ ਅਸਾਂ ਵਾਚਿਆ ਏ, ਸਾਨੂੰ ਵਾਚਦਿਆਂ ਈ ਲੱਗਾ ਝੋਰਿਆ ਈ।

ਅਸੀਂ ਧੀਦੋਂ ਨੂੰ ਚਾ ਮਹੀਂਵਾਲ ਕੀਤਾ, ਕਦੀ ਤੋੜਨਾ ਤੇ ਨਹੀਂ ਤੋੜਿਆ ਈ।

ਕਦੀ ਪਾਨ ਨਾ ਵਲ ਥੇ ਫੇਰ ਪਹੁੰਚੇ, ਸ਼ੀਸ਼ਾ ਚੂਰ ਹੋਇਆ ਕਿਸ ਜੋੜਿਆ ਈ।

ਗੰਗਾ ਗਈਆਂ ਨਾ ਹੱਡੀਆਂ ਮੁੜਦੀਆਂ ਨੇ, ਵਕਤ ਗਏ ਨੂੰ ਫੇਰ ਕਿਸ ਮੋੜਿਆ ਈ।

ਹੱਥੋਂ ਛੁਟੜੇ ਵਾਹਰੀਂ ਨਹੀਂ ਮਿਲਦੇ, ਵਾਰਿਸ ਛੱਡਣਾ ਤੇ ਨਾਹੀਂ ਛੋੜਿਆ ਈ।

167

ਭਰਜਾਈਆਂ ਦਾ ਉੱਤਰ

ਜੇ ਤੂੰ ਸੋਹਣੀ ਹੋਇਕੇ ਬਣੇਂ ਸੌਕਣ, ਅਸੀਂ ਇੱਕ ਥੀਂ ਇੱਕ ਚੜ੍ਹੰਦੀਆਂ ਹਾਂ।

ਰਬ ਜਾਣਦਾ ਹੈ ਸਭੇ ਉਮਰ ਸਾਰੀ, ਅਸੀਂ ਏਸ ਮਹਿਬੂਬ ਦੀਆਂ ਬੰਦੀਆਂ ਹਾਂ।

ਅਸੀਂ ਏਸ ਦੇ ਮਗਰ ਦੀਵਾਨੀਆਂ ਹਾਂ, ਭਾਵੇਂ ਚੰਗੀਆਂ ਤੇ ਭਾਵੇਂ ਮੰਦੀਆਂ ਹਾਂ।

ਓਹ ਅਸਾਂ ਦੇ ਨਾਲ ਹੈ ਚੰਨ ਬਣਦਾ, ਅਸੀਂ ਖਿੱਤੀਆਂ ਨਾਲ ਸੋਹੰਦੀਆਂ ਹਾਂ।

ਉਹ ਮਾਰਦਾ ਗਾਲੀਆਂ ਦੇਹ ਸਾਨੂੰ, ਅਸੀਂ ਫੇਰ ਮੁੜ ਚੌਖਣੇ ਹੁੰਦੀਆਂ ਹਾਂ।

ਜਿਸ ਵੇਲੜੇ ਦਾ ਸਾਥੋਂ ਰੁਸ ਆਇਆ, ਅਸੀਂ ਹੰਝਰੋਂ ਰੱਤ ਦੀਆਂ ਰੁੰਨੀਆਂ ਹਾਂ।

ਇਹਦੇ ਥਾਂ ਗ਼ੁਲਾਮ ਲਉ ਹੋਰ ਸਾਥੋਂ, ਮਮਨੂਨ ਅਹਿਸਨ ਦੀਆਂ ਹੁੰਨੀਆਂ ਹਾਂ।

ਰਾਂਝੇ ਲਾਲ ਬਾਝੋਂ ਅਸੀਂ ਖ਼ੁਆਰ ਹੋਈਆਂ, ਕੂੰਜਾਂ ਡਾਰ ਥੀਂ ਅਸੀਂ ਵਿਛੁੰਨੀਆਂ ਹਾਂ।

ਜੋਗੀ ਲੋਕਾਂ ਨੂੰ ਮੁੰਨ ਕੇ ਕਰਨ ਚੇਲੇ, ਅਸੀਂ ਏਸ ਦੇ ਇਸ਼ਕ ਨੇ ਮੁੰਨੀਆਂ ਹਾਂ।

ਵਾਰਿਸ ਸ਼ਾਹ ਰਾਂਝੇ ਅੱਗੇ ਹਥ ਜੋੜੀਂ, ਤੇਰੇ ਪ੍ਰੇਮ ਦੀ ਅੱਗ ਨੇ ਭੁੰਨੀਆਂ ਹਾਂ।

168

ਹੀਰ ਦਾ ਉੱਤਰ

ਚੂਚਕ ਸਿਆਲ ਤੋਂ ਲਿਖ ਕੇ ਨਾਲ ਚੋਰੀ, ਹੀਰ ਸਿਆਲ ਨੇ ਕਹੀ ਬਤੀਤ ਹੈ ਨੀ।

ਸਾਡੀ ਖ਼ੈਰ ਤੁਸਾਡੜੀ ਖ਼ੈਰ ਚਾਹਾਂ, ਜੇਹੀ ਖ਼ਤ ਦੇ ਲਿਖਣ ਦੀ ਰੀਤ ਹੈ ਨੀ।

ਹੋਰ ਰਾਂਝੇ ਦੀ ਗੱਲ ਜੋ ਲਿਖਿਆ ਜੇ, ਏਹਾ ਬਾਤ ਬੁਰੀ ਅਨਾਨੀਤ ਹੈ ਨੀ।

ਰੱਖਾਂ ਚਾਇ ਮੁਸਹਿਫ਼ ਕੁਰਆਨ ਇਸ ਨੂੰ, ਕਸਮ ਖਾਇਕੇ ਵਿੱਚ ਮਸੀਤ ਹੈ ਨੀ।

ਤੁਸੀਂ ਮਗਰ ਕਿਉਂ ਏਸ ਦੇ ਉਠ ਪਈਆਂ, ਇਹਦੀ ਅਸਾਂ ਦੇ ਨਾਲ ਪ੍ਰੀਤ ਹੈ ਨੀ।

ਅਸੀਂ ਤ੍ਰਿੰਞਣਾਂ ਵਿੱਚ ਜਾਂ ਬਹਿਨੀਆਂ ਹਾਂ, ਸਾਨੂੰ ਗਾਵਣਾ ਏਸ ਦਾ ਗੀਤ ਹੈ ਨੀ।

ਦਿੰਹੇਂ ਛੇੜ ਮੱਝੀਂ ਵੜੇ ਝਲ ਬੇਲੇ, ਏਸ ਮੁੰਡੜੇ ਦੀ ਏਹਾ ਰੀਤ ਹੈ ਨੀ।

ਰਾਤੀਂ ਆਨ ਅੱਲਾਹ ਨੂੰ ਯਾਦ ਕਰਦਾ, ਵਾਰਿਸ ਸ਼ਾਹ ਨਾਲ ਏਹਦੀ ਮੀਤ ਹੈ ਨੀ।

169

ਤਥਾ

ਨੀ ਮੈਂ ਘੋਲ ਘੱਤੀ ਇਹਦੇ ਮੁਖੜੇ ਤੋਂ, ਪਾਉ ਦੁਧ ਚਾਵਲ ਇਹਦਾ ਕੂਤ ਹੈ ਨੀ।

ਇੱਲ-ਲਿਲਾਹ ਦੀਆਂ ਜੱਲਿਆਂ ਪਾਂਵਦਾ ਹੈ, ਜ਼ਿਕਰ ਹੱਯ ਤੇ 'ਲਾਯਮੂਤ' ਹੈ ਨੀ।

ਨਹੀਂ ਭਾਬੀਆਂ ਥੀਂ ਕਰਤੂਤ ਕਾਈ, ਸੱਭਾ ਲੜਨ ਨੂੰ ਬਣੀ ਮਜ਼ਬੂਤ ਹੈ ਨੀ।

ਜਦੋਂ ਤੁਸਾਂ ਦੇ ਸੀ ਗਾਲੀਆਂ ਦੇਂਦੀਆਂ ਸਾਉ, ਇਹਤਾਂ ਔਤਣੀ ਦਾ ਕੋਈ ਊਤ ਹੈ ਨੀ।

ਮਾਰਿਆ ਤੁਸਾਂ ਦੇ ਮੇਹਣੇ ਗਾਲ੍ਹੀਆਂ ਦਾ, ਇਹ ਤਾਂ ਸੁਕ ਕੇ ਹੋਇਆ ਤਾਬੂਤ ਹੈ ਨੀ।

ਸੌਂਪ ਪੀਰਾਂ ਨੂੰ ਝੱਲ ਵਿੱਚ ਛੇੜਨ ਮਹੀਆਂ, ਇਹਦੀ ਮੱਦਤੇ ਖਿਜ਼ਰ ਤੇ ਲੂਤ ਹੈ ਨੀ।

ਵਾਰਿਸ ਸ਼ਾਹ ਫਿਰੇ ਉਹਦੇ ਮਗਰ ਲੱਗਾ, ਅੱਜ ਤਕ ਓਹ ਰਿਹਾ ਅਣਛੂਤ ਹੈ ਨੀ।

170

ਰਾਂਝੇ ਦੀਆਂ ਭਰਜਾਈਆਂ ਦਾ ਉੱਤਰ

ਸਾਡਾ ਮਾਲ ਸੀ ਸੋ ਤੇਰਾ ਹੋ ਗਿਆ, ਜ਼ਰਾ ਵੇਖਣਾ ਬਿਰਾ ਖ਼ੁਦਾਈਆਂ ਦਾ।

ਤੂੰ ਹੀ ਚੱਟਿਆ ਸੀ ਤੂੰ ਹੀ ਪਾਲਿਆ ਸੀ, ਨਾ ਇਹ ਭਾਬੀਆਂ ਦਾ ਤੇ ਨਾ ਭਾਈਆਂ ਦਾ।

ਸ਼ਾਹੂਕਾਰ ਹੋ ਬੈਠੀ ਏਂ ਮਾਰ ਥੈਲੀ, ਖੋਹ ਬੈਠੀ ਹੈ ਮਾਲ ਤੂੰ ਸਾਈਆਂ ਦਾ।

ਅੱਗ ਲੈਣ ਆਈ ਘਰ ਸਾਂਭਿਉਈ, ਏਹ ਤੇਰਾ ਹੈ, ਬਾਪ ਨਾ ਮਾਈਆਂ ਦਾ।

ਗੁੰਡਾ ਹੱਥ ਆਇਆ ਤੁਸਾਂ ਗੁੰਡੀਆਂ ਨੂੰ ,ਅੰਨ੍ਹੀਂ ਚੂਹੀ ਤੇ ਥੋਥੀਆਂ ਧਾਈਆਂ ਦਾ।

ਵਾਰਿਸ ਸ਼ਾਹ ਦੀ ਮਾਰ ਈ ਵੱਗੇ ਹੀਰੇ, ਜੇਹਾ ਖੋਹਿਉ ਈ ਵੀਰ ਤੂੰ ਭਾਈਆਂ ਦਾ।

171

ਹੀਰ ਦਾ ਉੱਤਰ

ਤੁਸੀਂ ਏਸ ਦੇ ਖ਼ਿਆਲ ਨਾ ਪਵੋ ਅੜੀਉ ! ਨਹੀਂ ਖੱਟੀ ਕੁੱਝ ਏਸ ਵਪਾਰ ਉਤੋਂ।

ਨੀ ਮੈਂ ਜਿਉਂਦੀ ਏਸ ਬਿਨ ਰਹਾਂ ਕੀਕੂੰ, ਘੋਲ ਘੋਲ ਘੱਤੀ ਰਾਂਝੇ ਯਾਰ ਉੱਤੋਂ।

ਝੱਲਾਂ ਬੇਲਿਆਂ ਵਿੱਚ ਇਹ ਫਿਰੇ ਭੌਂਦਾ, ਸਿਰ ਵੇਚਦਾ ਮੈਂ ਗੁਨਾਹਗਾਰ ਉੱਤੋਂ।

ਮੇਰੇ ਵਾਸਤੇ ਕਾਰ ਕਮਾਂਵਦਾ ਹੈ, ਮੇਰੀ ਜਿੰਦ ਘੋਲੀ ਇਹਦੀ ਕਾਰ ਉੱਤੋਂ।

ਤਦੋਂ ਭਾਬੀਆਂ ਸਾਕ ਨਾ ਬਣਦੀਆਂ ਸਨ, ਜਦੋਂ ਸੱਟਿਆ ਪਕੜ ਪਹਾੜ ਉੱਤੋਂ।

ਘਰੋਂ ਭਾਈਆਂ ਚਾ ਜਵਾਬ ਦਿੱਤਾ, ਏਨ੍ਹਾਂ ਭੋਏਂ ਦੀਆਂ ਪੱਤੀਆਂ ਚਾਰ ਉੱਤੋਂ।

ਨਾਉਮੀਦ ਹੋ ਵਤਨ ਨੂੰ ਛਡ ਟੁਰਿਆ, ਮੋਤੀ ਤੁਰੇ ਜਿਉਂ ਪੱਟ ਦੀ ਤਾਰ ਉੱਤੋਂ।

ਬਿਨਾ ਮਿਹਨਤਾਂ ਮਸਕਲੇ ਲੱਖ ਫੇਰੋ, ਨਹੀਂ ਮੋਰਚਾ ਜਾਏ ਤਲਵਾਰ ਉੱਤੋਂ।

ਇਹ ਮਿਹਣਾ ਲਹੇਗਾ ਕਦੇ ਨਾਹੀਂ, ਏਸ ਸਿਆਲਾਂ ਦੀ ਸੱਭ ਸਲਵਾੜ ਉੱਤੋਂ।

ਨੱਢੀ ਆਖਸਨ ਝਗੜਦੀ ਨਾਲ ਲੋਕਾਂ, ਏਸ ਸੋਹਣੇ ਭਿੰਨੜੇ ਯਾਰ ਉੱਤੋਂ।

ਵਾਰਿਸ ਸ਼ਾਹ ਸਮਝਾ ਤੂੰ ਭਾਬੀਆਂ ਨੂੰ, ਹੁਣ ਮੁੜੇ ਨਾ ਲੱਖ ਹਜ਼ਾਰ ਉੱਤੋਂ।

172

ਚੂਚਕ ਦੀ ਅਪਣੇ ਭਰਾਵਾਂ ਨਾਲ ਸਲਾਹ

ਚੂਚਕ ਸੱਦ ਭਾਈ ਪਰ੍ਹੇ ਲਾ ਬੈਠਾ, ਕਿਤੇ ਹੀਰ ਨੂੰ ਚਾ ਪਰਨਾਈਏ ਜੀ।

ਆਖੋ ਰਾਂਝੇ ਨਾਲ ਵਿਵਾਹ ਦੇਸਾਂ, ਇੱਕੇ ਬੰਨੜੇ ਚਾ ਮੁਕਾਈਏ ਜੀ।

ਹੱਥੀਂ ਆਪਣੀ ਕਿਤੇ ਸਾਮਾਨ ਕੀਚੇ, ਜਾਨ ਬੁਝ ਕੇ ਲੀਕ ਨਾ ਲਾਈਏ ਜੀ।

ਭਾਈਆਂ ਆਖਿਆ ਚੂਚਕਾ ਇਹ ਮਸਲਤ, ਅਸੀਂ ਖੋਲ ਕੇ ਚਾ ਸੁਣਾਈਏ ਜੀ।

ਵਾਰਿਸ ਸ਼ਾਹ ਫ਼ਕੀਰ ਪ੍ਰੇਮ ਸ਼ਾਹੀ, ਹੀਰ ਓਸ ਥੋਂ ਪੁਛ ਮੰਗਾਈਏ ਜੀ।

173

ਭਾਈਆਂ ਦਾ ਚੂਚਕ ਨੂੰ ਉੱਤਰ

ਰਾਂਝਿਆਂ ਨਾਲ ਨਾ ਕਦੀ ਹੈ ਸਾਕ ਕੀਤਾ, ਨਹੀਂ ਦਿੱਤੀਆਂ ਅਸਾਂ ਕੁੜਮਾਈਆਂ ਵੋ।

ਕਿੱਥੋਂ ਰੁਲਦਿਆਂ ਗੋਲਿਆਂ ਆਇਆਂ ਨੂੰ, ਦੇਸੋ ਏਹ ਸਿਆਲਾਂ ਦੀਆਂ ਜਾਈਆਂ ਵੋ।

ਨਾਲ ਖੇੜਿਆਂ ਦੇ ਇਹ ਸਾਕ ਕੀਚੇ, ਦਿੱਤੀ ਮਸਲਤ ਸਭਨਾਂ ਭਾਈਆਂ ਵੋ।

ਭਲਿਆਂ ਸਾਕਾਂ ਦੇ ਨਾਲ ਚਾ ਸਾਕ ਕੀਚੇ, ਧੁਰੋਂ ਇਹ ਜੇ ਹੁੰਦੀਆਂ ਆਈਆਂ ਵੋ।

ਵਾਰਿਸ ਸ਼ਾਹ ਅੰਗਿਆਰੀਆਂ ਭਖਦਿਆਂ ਭੀ, ਕਿਸੇ ਵਿੱਚ ਬਾਰੂਦ ਛੁਪਾਈਆਂ ਵੋ।

174

ਖੇੜਿਆਂ ਨੇ ਕੁੜਮਾਈ ਲਈ ਨਾਈ ਭੇਜਣਾ

ਖੇੜਿਆਂ ਭੇਜਿਆਂ ਅਸਾਂ ਥੇ ਇੱਕ ਨਾਈ, ਕਰਨ ਮਿੰਨਤਾਂ ਚਾ ਅਹਿਸਾਨ ਕੀਚੈ।

ਭਲੇ ਜਟ ਬੂਹੇ ਉੱਤੇ ਆ ਬੈਠੇ, ਇਹ ਛੋਕਰੀ ਉਨ੍ਹਾਂ ਨੂੰ ਦਾਨ ਕੀਚੈ।

ਅਸਾਂ ਭਾਈਆਂ ਇਹ ਸਲਾਹ ਦਿੱਤੀ, ਕਿਹਾ ਅਸਾਂ ਸੋ ਸਭ ਪਰਵਾਨ ਕੀਚੈ।

ਅੰਨ ਧਨ ਦਾ ਕੁੱਝ ਵਸਾਹ ਨਾਹੀਂ, ਅਤੇ ਬਾਹਾਂ ਦਾ ਨਾ ਗੁਮਾਨ ਕੀਚੈ।

ਜਿੱਥੇ ਰਬ ਦੇ ਨਾਉਂ ਦਾ ਜ਼ਿਕਰ ਆਇਆ, ਲਖ ਬੇਟੀਆਂ ਚਾ ਕੁਰਬਾਨ ਕੀਚੈ।

ਵਾਰਿਸ ਸ਼ਾਹ ਮੀਆਂ ਨਾਹੀਂ ਕਰੋ ਆਕੜ, ਫ਼ਰਊਨ ਜਿਹਿਆਂ ਵਲ ਧਿਆਨ ਕੀਚੈ।

175

ਚੂਚਕ ਨੇ ਪੈਂਚਾ ਨੂੰ ਸੱਦਣਾ

ਚੂਚਕ ਫੇਰ ਕੇ ਗੰਢ ਸੱਦਾ ਘੱਲੇ, ਆਵਣ ਚੌਧਰੀ ਸਾਰਿਆਂ ਚੱਕਰਾਂ ਦੇ।

ਹੱਥ ਦੇ ਰੁਪਈਆ ਪੱਲੇ ਪਾ ਸ਼ੱਕਰ, ਸਵਾਲ ਪਾਂਵਦੇ ਛੋਹਰਾਂ ਬੱਕਰਾਂ ਦੇ।

ਲਾਗੀਆਂ ਆਖਿਆ ਸੰਨ ਨੂੰ ਸੰਨ ਮਿਲਿਆ, ਤੇਰਾ ਸਾਕ ਹੋਇਆ ਨਾਲ ਠੱਕਰਾਂ ਦੇ।

ਧਰਿਆ ਢੋਲ ਜਟੇਟੀਆਂ ਦੇਣ ਵੇਲਾਂ, ਛੰਨੇ ਲਿਆਂਵਦੀਆਂ ਦਾਣਿਆਂ ਸ਼ੱਕਰਾਂ ਦੇ।

ਰਾਂਝੇ ਹੀਰ ਸੁਣਿਆ ਦਿਲਗੀਰ ਹੋਏ, ਦੋਵੇਂ ਦੇਣ ਗਾਲੀਂ ਨਾਲ ਅੱਕਰਾਂ ਦੇ।

176

ਖੇੜਿਆਂ ਨੂੰ ਵਧਾਈਆਂ

ਮਿਲੀ ਜਾਇ ਵਧਾਈ ਜਾਂ ਖੇੜਿਆਂ, ਨੂੰ ਲੁੱਡੀ ਮਾਰ ਕੇ ਝੁੰਮਰਾਂ ਘੱਤਦੇ ਨੀ।

ਛਾਲਾਂ ਲਾਣ ਅਪੁੱਠੀਆਂ ਖੁਸ਼ੀ ਹੋਏ, ਲਾਇ ਮਜਲਸਾਂ ਖੇਡਦੇ ਵੱਤਦੇ ਨੀ।

ਭਲੇ ਕੁੜਮ ਮਿਲੇ ਸਾਨੂੰ ਸ਼ਰਮ ਵਾਲੇ, ਰੱਜੇ ਜੱਟ ਵੱਡੇ ਅਹਿਲ ਪੱਤ ਦੇ ਨੀ।

ਵਾਰਿਸ ਸ਼ਾਹ ਦੀ ਸ਼ੀਰਨੀ ਵੰਡਿਆ ਨੇ, ਵੱਡੇ ਦੇਗਚੇ ਦੁੱਧ ਤੇ ਭੱਤ ਦੇ ਨੀ।

177

ਹੀਰ ਦਾ ਮਾਂ ਨਾਲ ਕਲੇਸ਼

ਹੀਰ ਮਾਉਂ ਦੇ ਨਾਲ ਆ ਲੜਨ ਲੱਗੀ, ਤੁਸਾਂ ਸਾਕ ਕੀਤਾ ਨਾਲ ਜ਼ੋਰੀਆਂ ਦੇ।

ਕਦੋ ਮੰਗਿਆ ਮੁਣਸ ਮੈਂ ਆਖ ਤੈਨੂੰ, ਵੈਰ ਕੱਢਿਉਈ ਕਿਨ੍ਹਾਂ ਖੋਰੀਆਂ ਦੇ।

ਹੁਣ ਕਰੇਂ ਵਲਾ ਕਿਉਂ ਅਸਾਂ ਕੋਲੋਂ, ਇਹ ਕੰਮ ਨਾ ਹੁੰਦੇ ਨੀ ਚੋਰੀਆਂ ਦੇ।

ਜਿਹੜੇ ਹੋਣ ਬੇਅਕਲ ਚਾ ਲਾਂਵਦੇ ਨੀ, ਇੱਟ ਮਾੜੀਆਂ ਦੀ ਵਿੱਚ ਮੋਰੀਆਂ ਦੇ।

ਚਾਇ ਚੁਗ਼ਦ ਨੂੰ ਕੂੰਜ ਦਾ ਸਾਕ ਦਿੱਤੋ, ਪਰੀ ਬਧੀਆ ਜੇ ਗਲ ਢੋਰੀਆਂ ਦੇ।

ਵਾਰਿਸ ਸ਼ਾਹ ਮੀਆਂ ਗੰਨਾ ਚੱਖ ਸਾਰਾ, ਮਜ਼ੇ ਵੱਖ ਨੇ ਪੋਰੀਆਂ ਪੋਰੀਆਂ ਦੇ।

178

ਹੀਰ ਨੇ ਰਾਂਝੇ ਨਾਲ ਸਲਾਹ ਕਰਨੀ

ਹੀਰ ਆਖਦੀ ਰਾਂਝਿਆ ਕਹਿਰ ਹੋਇਆ, ਏਥੋਂ ਉਠ ਕੇ ਚਲ ਜੇ ਚੱਲਣਾ ਈ।

ਦੋਨੋਂ ਉਠ ਕੇ ਲੰਮੜੇ ਰਾਹ ਪਈਏ, ਕੋਈ ਅਸਾਂ ਨੇ ਦੇਸ ਨਾ ਮੱਲਣਾ ਈ।

ਜਦੋਂ ਝੁੱਗੜੇ ਵੜੀ ਮੈਂ ਖੇੜਿਆਂ ਦੇ, ਕਿਸੇ ਅਸਾਂ ਨੂੰ ਮੋੜ ਨਾ ਘੱਲਣਾ ਈ।

ਮਾਂ ਬਾਪ ਨੇ ਜਦੋਂ ਵਿਆਹ ਟੋਰੀ, ਕੋਈ ਅਸਾਂ ਦਾ ਵੱਸ ਨਾ ਚੱਲਣਾ ਈ।

ਅਸੀਂ ਇਸ਼ਕੇ ਦੇ ਆਣ ਮੈਦਾਨ ਰੁਧੇ, ਬੁਰਾ ਸੂਰਮੇ ਨੂੰ ਰਣੋਂ ਹੱਲਣਾ ਈ।

ਵਾਰਿਸ ਸ਼ਾਹ ਜੇ ਇਸ਼ਕ ਫ਼ਿਰਾਕ ਛੁੱਟੇ, ਇਹ ਕਟਕ ਫਿਰ ਆਖ ਕਿਸ ਝੱਲਣਾ ਈ।

179

ਰਾਂਝੇ ਦਾ ਹੀਰ ਨੂੰ ਉੱਤਰ

ਹੀਰੇ ਇਸ਼ਕ ਨਾ ਮੂਲ ਸਵਾਦ ਦਿੰਦਾ, ਨਾਲ ਚੋਰੀਆਂ ਅਤੇ ਉਧਾਲਿਆਂ ਦੇ।

ਕਿੜਾਂ ਪੌਂਦੀਆਂ ਮੁਠੇ ਸਾਂ ਦੇਸ ਵਿੱਚੋਂ, ਕਿਸੇ ਸੁਣੇ ਸਨ ਖੂਹਣੀਆਂ ਗਾਲਿਆਂ ਦੇ।

ਠੱਗੀ ਨਾਲ ਤੂੰ ਮਝੀਂ ਚਰਾ ਲਈਆਂ, ਏਹੋ ਰਾਹ ਨੇ ਰੰਨਾਂ ਦੀਆਂ ਚਾਲਿਆਂ ਦੇ।

ਵਾਰਿਸ ਸ਼ਾਹ ਸਰਾਫ ਸਭ ਜਾਣਦੇ ਨੀ, ਐਬ ਖੋਟਿਆਂ ਭੰਨਿਆਂ ਰਾਲਿਆਂ ਦੇ।

180

ਹੀਰ ਦੇ ਵਿਆਹ ਦੀ ਤਿਆਰੀ

ਚੂਚਕ ਸਿਆਲ ਨੇ ਕੌਲ ਵਸਾਰ ਘੱਤੇ, ਜਦੋਂ ਹੀਰ ਨੂੰ ਪਾਇਆ ਮਾਈਆਂ ਨੇ।

ਕੁੜੀਆਂ ਝੰਗ ਸਿਆਲ ਦੀਆਂ ਧੁੰਮਲਾ ਹੋ, ਸਭੇ ਪਾਸ ਰੰਝੇਟੇ ਦੇ ਆਈਆਂ ਨੇ।

ਉਹਦੇ ਵਿਆਹ ਦੇ ਸਭ ਸਾਮਾਨ ਹੋਏ, ਗੰਢੀਂ ਫੇਰੀਆਂ ਦੇਸ ਤੇ ਨਾਈਆਂ ਨੇ।

ਹੁਣ ਤੇਰੀ ਰੰਝੇਟਿਆ ਗੱਲ ਕੀਕੂੰ, ਤੂੰ ਭੀ ਰਾਤ ਦਿੰਹੁ ਮਹੀਂ ਚਰਾਈਆਂ ਨੇ।

ਆ ਵੇ ਮੂਰਖਾ ਪੁੱਛ ਤੂੰ ਨਢੜੀ ਨੂੰ, ਮੇਰੇ ਨਾਲ ਤੂੰ ਕੇਹੀਆਂ ਚਾਈਆਂ ਨੇ।

ਹੀਰੇ ਕਹਿਰ ਕੀਤੋ ਰਲ ਨਾਲ ਭਾਈਆਂ, ਸਭਾ ਗਲੋ ਗਲ ਚਾ ਗਵਾਈਆਂ ਨੇ।

ਜੇ ਤੂੰ ਅੰਤ ਮੈਨੂੰ ਪਿੱਛਾ ਦੇਵਣਾ ਸੀ, ਏਡੀਆਂ ਮਿਹਨਤਾਂ ਕਾਹੇ ਕਰਾਈਆਂ ਨੇ।

ਏਹੀ ਹੱਦ ਹੀਰੇ ਤੇਰੇ ਨਾਲ ਸਾਡੀ, ਮਹਿਲ ਚਾੜ੍ਹ ਕੇ ਪੌੜੀਆਂ ਚਾਈਆਂ ਨੇ।

ਤੈਨੂੰ ਵਿਆਹ ਦੇ ਹਾਰ ਸ਼ਿੰਗਾਰ ਬੱਧੇ, ਅਤੇ ਖੇੜਿਆਂ ਘਰੀਂ ਵਧਾਈਆਂ ਨੇ।

ਖਾ ਕਸਮ ਸੌਗੰਦ ਤੂੰ ਘੋਲ ਪੀਤੀ, ਡੋਬ ਸੁਟਿੱਉ ਪੂਰੀਆਂ ਪਾਈਆਂ ਨੇ।

ਬਾਹੋਂ ਪਕੜ ਕੇ ਟੋਰ ਦੇ ਕਢ ਦੇਸੋਂ, ਓਵੇਂ ਤੋੜ ਨੈਣਾਂ ਜਿਵੇਂ ਲਾਈਆਂ ਨੇ।

ਯਾਰ ਯਾਰ ਥੀਂ ਜੁਦਾ ਕਰ ਦੂਰ ਹੋਵੇ, ਮੇਰੇ ਬਾਬ ਤਕਦੀਰ ਲਿਖਾਈਆਂ ਨੇ।

ਵਾਰਿਸ ਸ਼ਾਹ ਨੂੰ ਠਗਿਉ ਦਗ਼ਾ ਦੇ ਕੇ, ਜੇਹੀਆਂ ਕੀਤੀਆਂ ਸੋ ਅਸਾਂ ਪਾਈਆਂ ਨੇ।

181

ਰਾਂਝੇ ਦਾ ਉੱਤਰ

ਰਾਂਝੇ ਆਖਿਆ ਮੂੰਹੋਂ ਕੀ ਬੋਲਣਾ ਏਂ, ਘੁਟ ਵੱਟ ਕੇ ਦੁਖੜਾ ਪੀਵਣਾ ਏਂ।

ਮੇਰੇ ਸਬਰ ਦੀ ਦਾਦ ਜੇ ਰੱਬ ਦਿੱਤੀ, ਖੇੜੀਂ ਹੀਰ ਸਿਆਲ ਨਾ ਜੀਵਣਾ ਏਂ।

ਸਬਰ ਦਿਲਾਂ ਦੇ ਮਾਰ ਜਹਾਨ ਪੱਟਣ, ਉੱਚੀ ਕਾਸਨੂੰ ਅਸਾਂ ਬਕੀਵਣਾ ਏਂ।

ਤੁਸੀਂ ਕਮਲੀਆਂ ਇਸ਼ਕ ਥੀਂ ਨਹੀਂ ਵਾਕਫ, ਨਿਹੁੰ ਲਾਵਣਾ ਨਿੰਮ ਦਾ ਪੀਵਣਾਂ ਏਂ।

ਵਾਰਿਸ ਸ਼ਾਹ ਜੀ ਚੁਪ ਥੀਂ ਦਾਦ ਪਾਈਏ, ਉੱਚੀ ਬੋਲਿਆਂ ਨਹੀਂ ਵਹੀਵਣਾ ਏਂ।

182

ਸਹੇਲੀਆਂ ਨੇ ਹੀਰ ਕੋਲ ਆਉਣਾ

ਰਲ ਹੀਰ ਤੇ ਆਈਆਂ ਫੇਰ ਸੱਭੇ, ਰਾਂਝੇ ਯਾਰ ਤੇਰੇ ਸਾਨੂੰ ਘੱਲਿਆ ਈ।

ਸੋਟਾ ਵੰਝਲੀ ਕੰਬਲੀ ਸੁਟ ਕੇ ਤੇ, ਛੱਡ ਦੇਸ ਪਰਦੇਸ ਨੂੰ ਚੱਲਿਆ ਈ।

ਜੇ ਤੂੰ ਅੰਤ ਉਹਨੂੰ ਪਿੱਛਾ ਦੇਵਣਾ ਸੀ, ਉਸ ਦਾ ਕਾਲਜਾ ਕਾਸ ਨੂੰ ਸੱਲਿਆ ਈ।

ਅਸਾਂ ਏਤਨੀ ਗੱਲ ਮਾਲੂਮ ਕੀਤੀ, ਤੇਰਾ ਨਿਕਲ ਈਮਾਨ ਹੁਣ ਚੱਲਿਆ ਈ।

ਬੇਸਿਦਕ ਹੋਈਂਏ ਸਿਦਕ ਹਾਰਿਉਈ, ਤੇਰਾ ਸਿਦਕ ਈਮਾਨ ਹੁਣ ਹੱਲਿਆ ਈ।

ਉਹਦਾ ਵੇਖਕੇ ਹਾਲ ਅਹਿਵਾਲ ਸਾਰਾ, ਸਾਡਾ ਰੋਂਦਿਆਂ ਨੀਰ ਨਾ ਠੱਲਿਆ ਈ।

ਹਾਏ ਹਾਏ ਮੁਠੀ ਫਿਰੇਂ ਠੱਗ ਹੈ ਨੀ, ਉਹਨੂੰ ਸੱਖਣਾ ਕਾਸ ਨੂੰ ਘਲਿਆ ਈ।

ਨਿਰਾਸ ਵੀ ਰਾਸ ਲੈ ਇਸ਼ਕ ਕੋਲੋਂ, ਸਕਲਾਤ ਦੇ ਬਈਆਂ ਨੂੰ ਚੱਲਿਆ ਈ।

ਵਾਰਿਸ ਹੱਕ ਦੇ ਥੋਂ ਜਦੋਂ ਹੱਕ ਖੁੱਥਾ, ਅਰਸ਼ ਰੱਬ ਦਾ ਤਦੋਂ ਤਰਥੱਲਿਆ ਈ।

183

ਹੀਰ ਦਾ ਉੱਤਰ

ਹੀਰ ਆਖਿਆ ਓਸ ਨੂੰ ਕੁੜੀ ਕਰਕੇ, ਬੁੱਕਲ ਵਿੱਚ ਲੁਕਾ ਲਿਆਇਆ ਜੇ।

ਮੇਰੀ ਮਾਉਂ ਤੇ ਬਾਪ ਤੋਂ ਕਰੋ ਪਰਦਾ, ਗੱਲ ਕਿਸੇ ਨਾ ਮੂਲ ਸੁਣਾਇਆ ਜੇ।

ਆਹਮੋਂ-ਸਾਮ੍ਹਣਾ ਆਇਕੇ ਕਰੇ ਝੇੜਾ, ਤੁਸੀਂ ਮੁਨਸਫ ਹੋਇ ਮੁਕਾਇਆ ਜੇ।

ਜਿਹੜੇ ਹੋਣ ਸੱਚੇ ਸੋਈ ਛੁਟ ਜਾਸਣ, ਡੰਨ ਝੂਠਿਆਂ ਨੂੰ ਤੁਸੀਂ ਲਾਇਆ ਜੇ।

ਮੈਂ ਆਖ ਥੱਕੀ ਓਸ ਕਮਲੜੇ ਨੂੰ, ਲੈ ਕੇ ਉਠ ਚਲ ਵਕਤ ਘੁਸਾਇਆ ਜੇ।

ਮੇਰਾ ਆਖਣਾ ਓਸ ਨਾ ਕੰਨ ਕੀਤਾ, ਹੁਣ ਕਾਸ ਨੂੰ ਡੁਸਕਣਾ ਲਾਇਆ ਜੇ।

ਵਾਰਿਸ ਸ਼ਾਹ ਮੀਆਂ ਇਹ ਵਕਤ ਘੁੱਥਾ, ਕਿਸੇ ਪੀਰ ਨੂੰ ਹੱਥ ਨਾ ਆਇਆ ਜੇ।

184

ਰਾਂਝੇ ਦਾ ਹੀਰ ਕੋਲ ਆਉਣਾ

ਰਾਤੀਂ ਵਿੱਚ ਰਲਾਇਕੇ ਮਾਹੀੜੇ ਨੂੰ, ਕੁੜੀਆਂ ਹੀਰ ਦੇ ਪਾਸ ਲੈ ਆਈਆਂ ਨੀ।

ਹੀਰ ਆਖਿਆ ਜਾਂਦੇ ਨੂੰ ਬਿਸਮਿੱਲਾ, ਅੱਜ ਦੌਲਤਾਂ ਮੈਂ ਘਰੀਂ ਪਾਈਆਂ ਨੀ।

ਲੋਕਾਂ ਆਖਿਆ ਹੀਰ ਦਾ ਵਿਆਹ ਹੁੰਦਾ, ਅਸੀਂ ਦੇਖਣੇ ਆਈਆਂ ਮਾਈਆਂ ਨੀ।

ਸੂਰਜ ਚੜ੍ਹੇਗਾ ਮਗ਼ਰਬੋ ਜਿਵੇਂ ਕਿਆਮਤ, ਤੌਬਾ ਤਰਕ ਕਰ ਕੁਲ ਬੁਰਾਈਆਂ ਨੀ।

ਜਿਨ੍ਹਾਂ ਮੱਝੀਂ ਦਾ ਚਾਕ ਸਾਂ ਸਣੇ ਨੱਢੀ, ਸੋਈ ਖੇੜਿਆਂ ਦੇ ਹੱਥ ਆਈਆਂ ਨੀ।

ਓਸੇ ਵਕਤ ਜਵਾਬ ਹੈ ਮਾਲਕਾਂ ਨੂੰ, ਹਿਕ ਧਾੜਵੀਆਂ ਦੇ ਅੱਗੇ ਲਾਈਆਂ ਨੀ।

ਇਹ ਸਹੇਲੀਆਂ ਸਾਕ ਤੇ ਸੈਣ ਤੇਰੇ, ਸਭੇ ਮਾਸੀਆਂ ਫੁਫੀਆਂ ਤਾਈਆਂ ਨੀ।

ਤੁਸਾਂ ਵਹੁਟੀਆਂ ਬਣਨ ਦੀ ਨੀਤ ਬੱਧੀ, ਲੀਕਾਂ ਹੱਦ ਤੇ ਪੁੱਜ ਕੇ ਲਾਈਆਂ ਨੀ।

ਅਸਾਂ ਕੇਹੀ ਹੁਣ ਆਸ ਹੈ ਨੱਢੀਏ ਨੀ, ਜਿੱਥੇ ਖੇੜਿਆਂ ਜ਼ਰਾਂ ਵਿਖਆਈਆਂ ਨੀ।

ਵਾਰਿਸ ਸ਼ਾਹ ਅੱਲਾਹ ਨੂੰ ਸੌਂਪ ਹੀਰੇ, ਸਾਨੂੰ ਛੱਡ ਕੇ ਹੋਰ ਧਿਰ ਲਾਈਆਂ ਨੀ।

185

ਖੇੜਿਆਂ ਦਾ ਬ੍ਰਾਹਮਣਾਂ ਤੋਂ ਸਾਹਾ ਕਢਾਉਣਾ

ਖੇੜਿਆਂ ਸਾਹਾ ਸੁਧਾਇਆ ਬਾਹਮਣਾਂ ਤੋਂ, ਭਲੀ ਤਿੱਥ ਮਹੂਰਤ ਤੇ ਵਾਰ ਮੀਆਂ।

ਨਾਵੇਂ ਸਾਵਣੋਂ ਰਾਤ ਸੀ ਵੀਰਵਾਰੀ, ਲਿਖ ਘਲਿਆ ਇਹ ਨਿਰਵਾਰ ਮੀਆਂ।

ਪਹਿਰ ਰਾਤ ਨੂੰ ਆਣ ਨਿਕਾਹ ਲੈਣਾ, ਢਿਲ ਲਾਵਣੀ ਨਹੀਂ ਜ਼ਿਨਹਾਰ ਮੀਆਂ।

ਓਥੇ ਖੇੜਿਆਂ ਪੁਜ ਸਾਮਾਨ ਕੀਤੇ, ਏਥੇ ਸਿਆਲ ਭੀ ਹੋਏ ਤਿਆਰ ਮੀਆਂ।

ਰਾਂਝੇ ਦੁਆ ਕੀਤੀ ਜੰਞ ਆਂਵਦੀ ਨੂੰ, ਪਏ ਗ਼ੈਬ ਦਾ ਕਟਕ ਕਿ ਧਾੜ ਮੀਆਂ।

ਵਾਰਿਸ ਸ਼ਾਹ ਸਰਬਾਲੜਾ ਨਾਲ ਹੋਇਆ, ਹੱਥ ਤੀਰ ਕਾਨੀ ਤਲਵਾਰ ਮੀਆਂ।

186

ਸ਼ੀਰਨੀ ਦੀ ਤਿਆਰੀ

ਲੱਗੇ ਨੁਗਦੀਆਂ ਤਲਣ ਤੇ ਸ਼ਕਰ ਪਾਰੇ, ਢੇਰ ਲਾ ਦਿੱਤੇ ਵੱਡੇ ਘਿਉਰਾਂ ਦੇ।

ਤਲੇ ਖ਼ੂਬ ਜਲੇਬ ਗੁਲ ਬਹਿਸ਼ਤ ਬੂੰਦੀ, ਲੱਡੂ ਟਿੱਕੀਆਂ ਭੰਬਰੀ ਮਿਉਰਾਂ ਦੇ।

ਮੈਦਾ ਖੰਡ ਤੇ ਘਿਉ ਪਾ ਰਹੇ ਜੱਫੀ, ਭਾਬੀ ਲਾਡਲੀ ਨਾਲ ਜਿਉਂ ਦਿਉਰਾਂ ਦੇ।

ਕਲਾਕੰਦ ਮਖਾਣਿਆਂ ਸਵਾਦ ਮਿੱਠੇ, ਪਕਵਾਨ ਗੁੰਨ੍ਹੇ ਨਾਲ ਤਿਉਰਾਂ ਦੇ।

ਟਿੱਕਾ ਵਾਲੀਆਂ ਨੱਥ ਹਮੇਲ ਝਾਂਜਰ, ਬਾਜ਼ੂਬੰਦ ਮਾਲਾ ਨਾਲ ਨਿਉਰਾਂ ਦੇ।

187

ਤਥਾ

ਮੱਠੀ ਹੋਰ ਖਜੂਰ ਪਰਾਕੜੀ ਵੀ, ਭਰੇ ਖੌਂਚੇ ਨਾਲ ਸਮੋਸਿਆਂ ਦੇ।

ਅੰਦਰਸੇ ਕਚੌਰੀਆਂ ਅਤੇ ਲੁੱਚੀ, ਵੜੇ ਖੰਡ ਦੇ ਖਿਰਨੀਆਂ ਖੋਸਿਆਂ ਦੇ।

ਪੇੜੇ ਨਾਲ ਖ਼ਤਾਈਆਂ ਹੋਰ ਗੁਪਚੁੱਪ, ਬੇਦਾਨਿਆਂ ਨਾਲ ਪਲੋਸਿਆਂ ਦੇ।

ਰਾਂਝਾ ਜੋੜ ਕੇ ਪਰ੍ਹੇ ਫ਼ਰਿਆਦ ਕਰਦਾ, ਦੇਖੋ ਖਸਦੇ ਸਾਕ ਬੇਦੋਸਿਆਂ ਦੇ।

ਵਾਰਿਸ ਸ਼ਾਹ ਨਸੀਬ ਹੀ ਪੈਣ ਝੋਲੀ, ਕਰਮ ਢੈਣ ਨਾਹੀਂ ਨਾਲ ਝੋਸਿਆਂ ਦੇ।

188

ਰੋਟੀ ਦਿੱਤੀ

ਮੰਡੇ ਮਾਸ ਚਾਵਲ ਦਾਲ ਦਹੀਂ ਧੱਗੜ, ਇਹ ਮਾਹੀਆਂ ਪਾਹੀਆਂ ਰਾਹੀਆਂ ਨੂੰ।

ਸਭੋ ਚੂਹੜੇ ਚੱਪੜੇ ਰੱਜ ਥੱਕੇ, ਰਾਖੇ ਜਿਹੜੇ ਸਾਂਭਦੇ ਵਾਹੀਆਂ ਨੂੰ।

ਕਾਮੇ ਚਾਕ ਚੋਬਰ ਸੀਰੀ ਧੱਗੜਾਂ ਨੂੰ, ਦਹੀਂ ਰੋਟੀ ਦੇ ਨਾਲ ਭਲਾਹੀਆਂ ਨੂੰ।

ਦਾਲ ਸ਼ੋਰਬਾ ਰਸਾ ਤੇ ਮੱਠਾ ਮੰਡੇ, ਡੂਮਾ ਢੋਲੀਆਂ ਕੰਜਰਾਂ ਨਾਈਆਂ ਨੂੰ।

189

ਫ਼ਰਿਆਦ ਰਾਂਝੇ ਦੀ

ਸਾਕ ਮਾੜਿਆਂ ਦੇ ਖੋਹ ਲੈਣ ਢਾਡੇ, ਅਣਪੁੱਜਦੇ ਉਹ ਨਾ ਬੋਲਦੇ ਨੇ।

ਨਹੀਂ ਚਲਦਾ ਵਸ ਲਾਚਾਰ ਹੋ ਕੇ, ਮੋਏ ਸੱਪ ਵਾਂਙੂ ਵਿੱਸ ਘੋਲਦੇ ਨੇ।

ਕਦੀ ਆਖਦੇ ਮਾਰੀਏ ਆਪ ਮਰੀਏ, ਪਏ ਅੰਦਰੋਂ ਬਾਹਰੋਂ ਡੋਲਦੇ ਨੇ।

ਗੁਣ ਮਾੜਿਆਂ ਦੇ ਸਭੇ ਰਹਿਣ ਵਿੱਚੇ, ਮਾੜੇ ਮਾੜਿਆਂ ਥੇ ਦੁੱਖ ਫੋਲਦੇ ਨੇ।

ਸ਼ਾਨਦਾਰ ਨੂੰ ਕਰੇ ਨਾ ਕੋਈ ਝੂਠਾ, ਮਾੜਾ ਕੰਗਲਾ ਝੂਠਾ ਕਰ ਟੋਰਦੇ ਨੇ।

ਵਾਰਿਸ ਸ਼ਾਹ ਲੁਟਾਇੰਦੇ ਖੜੇ ਮਾੜੇ, ਮਾਰੇ ਖੌਫ ਦੇ ਮੂੰਹੋਂ ਨਾ ਬੋਲਦੇ ਨੇ।

190

ਚੌਲਾਂ ਦੀਆਂ ਕਿਸਮਾਂ

ਮੁਸ਼ਕੀ ਚਾਵਲਾਂ ਦੇ ਭਰੇ ਆਣ ਕੋਠੇ, ਸੋਇਨ ਪੱਤੀਏ ਝੋਨੜੇ ਛੜੀਦੇ ਨੀ।

ਬਾਸਮਤੀ ਮੁਸਾਫ਼ਰੀ ਬੇਗ਼ਮੀ ਸਨ, ਹਰਿਚੰਦ ਤੇ ਜ਼ਰਦੀਏ ਧਰੀਦੇ ਨੀ।

ਸੱਠੀ ਕਰਚਕਾ ਸੇਉਲਾ ਘਰਤ ਕੰਟਲ, ਅਨੋਕੀਕਲਾ ਤੀਹਰਾ ਸਰੀ ਦੇ ਨੀ।

ਬਾਰੀਕ ਸਫ਼ੈਦ ਕਸ਼ਮੀਰ ਕਾਬਲ, ਖ਼ੁਰਸ਼ ਜਿਹੜੇ ਹੂਰ ਤੇ ਪਰੀ ਦੇ ਨੀ।

ਗੁੱਲੀਆਂ ਸੁੱਚੀਆਂ ਨਾਲ ਖੋਹਰੀਆਂ ਦੇ, ਮੋਤੀ ਚੂਰ ਲੰਬੋਹਾਂ ਜੜੀਦੇ ਨੀ।

ਵਾਰਿਸ ਸ਼ਾਹ ਇਹ ਜ਼ੇਵਰਾਂ ਘੜਨ ਖ਼ਾਤਰ, ਪਿੰਡ ਪਿੰਡ ਸੁਨਿਆਰੜੇ ਫੜੀਦੇ ਨੀ।

191

ਗਹਿਣਿਆਂ ਦੀ ਸਜਾਵਟ

ਕੰਙਣ ਨਾਲ ਜ਼ੰਜੀਰੀਆਂ ਪੰਜ ਮਣੀਆਂ, ਹਾਰ ਨਾਲ ਲੌਂਗੇਰ ਪੁਰਾਇਉ ਨੇ।

ਤਰਗਾਂ ਨਾਲ ਕਪੂਰਾਂ ਦੇ ਜੁੱਟ ਸੁੱਚੇ, ਤੋੜੇ ਪਾਉਂਟੇ ਗਜਰੀਆਂ ਛਾਇਉ ਨੇ।

ਪਹੁੰਚੀ ਚੌਂਕੀਆਂ ਨਾਲ ਹਮੇਲ ਮਾਲਾ, ਮੁਹਰ ਬਿਛੂਏ ਨਾਲ ਘੜਾਇਉ ਨੇ।

ਸੋਹਣੀਆਂ ਅੱਲੀਆਂ ਪਾਨ ਪਾਜ਼ੇਬ ਪੱਖੇ, ਘੁੰਗਰਿਆਲੜੇ ਘੁੰਗਰੂ ਲਾਇਉ ਨੇ।

ਜਿਵੇਂ ਨਾਲ ਨੌਗ੍ਰਿਹੀ ਤੇ ਚੌਂਪ ਕਲੀਆਂ, ਕਾਨ ਫੂਲ ਤੇ ਸੀਸ ਬਣਾਇਉ ਨੇ।

ਵਾਰਿਸ ਸ਼ਾਹ ਗਹਿਣਾ ਠੀਕ ਚਾਕ ਆਹਾ, ਸੋਈ ਖੱਟੜੇ ਚਾ ਪਵਾਇਉ ਨੇ।

192

ਤਥਾ

ਅਸਕੰਦਰੀ ਨੇਵਰਾਂ ਬੀਰ-ਬਲੀਆਂ, ਪਿੱਪਲ ਪੱਤਰੇ ਝੁਮਕੇ ਸਾਰਿਆਂ ਨੇ।

ਹਸ ਕੜੇ ਛੜਕੰਙਣਾ ਨਾਲ ਬੂਲਾਂ, ਵੱਧੀ ਡੋਲ ਮਿਆਂਨੜਾ ਧਾਰਿਆਂ ਨੇ।

ਚੱਨਣਹਾਰ ਲੂਹਲਾਂ ਟਿੱਕਾ ਨਾਲ ਬੀੜਾ, ਅਤੇ ਜੁਗਨੀ ਚਾ ਸਵਾਰਿਆ ਨੇ।

ਬਾਂਕਾਂ ਚੂੜੀਆਂ ਮੁਸ਼ਕ-ਬਲਾਈਆਂ ਭੀ, ਨਾਲ ਮਛਲੀਆਂ ਵਾਲੜੋ ਸਾਰਿਆਂ ਨੇ।

ਸੋਹਣੀ ਆਰਸੀ ਨਾਲ ਅੰਗੂਠੀਆਂ ਦੇ, ਇਤਰ-ਦਾਨ ਲਟਕਣ ਹਰਿਆਰਿਆ ਨੇ।

ਦਾਜ ਘੱਤ ਕੇ ਤੌਂਕ ਸੰਦੂਕ ਬੱਧੇ, ਸੁਣੋ ਕੀ ਕੀ ਦਾਜ ਰੰਗਾਇਆ ਨੇ।

ਵਾਰਿਸ ਸ਼ਾਹ ਮੀਆਂ ਅਸਲ ਦਾਜ ਰਾਂਝਾ, ਇਕ ਉਹ ਬਦਰੰਗ ਕਰਾਇਆ ਨੇ।

193

ਕੱਪੜਿਆਂ ਦੀਆਂ ਭਾਂਤਾਂ

ਲਾਲ ਪੰਖੀਆਂ ਅਤੇ ਮਤਾਹ ਲਾਚੇ, ਖੰਨ ਰੇਸ਼ਮੀ ਖੇਸ ਸਲਾਰੀਆਂ ਨੇ।

ਮਾਂਗ ਚੌਂਕ ਪਟਾਂਗਲਾਂ ਚੂੜੀਏ ਸਨ, ਬੂੰਦਾਂ ਅਤੇ ਪੰਜਦਾਣੀਆਂ ਸਾਰੀਆਂ ਨੇ।

ਚੌਂਪ ਛਾਇਲਾਂ ਤੇ ਨਾਲ ਚਾਰ ਸੂਤੀ, ਚੰਦਾਂ ਮੋਰਾਂ ਦੇ ਬਾਨ੍ਹਣੂੰ ਛਾਰੀਆਂ ਨੇ।

ਸਾਲੂ ਪੱਤਰੇ ਚਾਦਰਾਂ ਬਾਫਤੇ ਦੀਆਂ, ਨਾਲ ਭੋਛਣਾਂ ਦੇ ਫੁਲਕਾਰੀਆਂ ਨੇ।

ਵਾਰਿਸ ਸ਼ਾਹ ਚਿਕਨੀ ਸਿਰੋਪਾਉ ਖ਼ਾਸੇ, ਪੋਸ਼ਾਕੀਆਂ ਨਾਲ ਦੀਆਂ ਭਾਰੀਆਂ ਨੇ।

194

ਦਾਜ ਦਾ ਸਾਮਾਨ

ਲਾਲ ਘੱਗਰੇ ਕਾਢਵੇਂ ਨਾਲ ਮਸ਼ਰੂ, ਮੁਸ਼ਕੀ ਪੱਗਾਂ ਦੇ ਨਾਲ ਤਸੀਲੜੇ ਨੀ।

ਦਰਿਆਈ ਦੀਆਂ ਚੋਲੀਆਂ ਨਾਲ ਮਹਿਤੇ, ਕੀਮਖ਼ਾਬ ਤੇ ਚੁੰਨੀਆਂ ਪੀਲੜੇ ਨੇ।

ਬੋਕ ਬੰਦ ਤੇ ਅੰਬਰੀ ਬਾਦਲਾ ਸੀ, ਜ਼ਰੀ ਖ਼ਾਸ ਚੌਤਾਰ ਰਸੀਲੜੇ ਨੀ।

ਚਾਰਖ਼ਾਨੀਏ ਡੋਰੀਏ ਮਲਮਲਾਂ ਸਨ, ਚੌਂਪ ਛਾਇਲਾਂ ਨਿਪਟ ਸੁਖੀਲੜੇ ਨੀ।

ਇਲਾਹ ਤੇ ਜਾਲੀਆਂ ਝਿੰਮੀਆਂ ਸਨ, ਸ਼ੀਰ ਸ਼ੱਕਰ ਗੁਲਬਦਨ ਰਸੀਲੜੇ ਨੀ।

ਵਾਰਿਸ ਸ਼ਾਹ ਦੋ ਓਢਣੀਆਂ ਹੀਰ ਰਾਂਝਾ, ਸੁੱਕੇ ਤੀਲੜੇ ਤੇ ਬੁਰੇ ਹੀਲੜੇ ਨੀ।

195

ਭਾਂਡਿਆਂ ਦੀ ਸਜਾਵਟ

ਸੁਰਮੇਦਾਨੀਆਂ ਥਾਲੀਆਂ ਥਾਲ ਛੰਨੇ, ਲੋਹ ਕੜਛ ਦੇ ਨਾਲ ਕੜਾਹੀਆਂ ਦੇ।

ਕੌਲ ਨਾਲ ਸਨ ਬੁਗੁਣੇ ਸਨ ਤਬਲਬਾਜ਼ਾਂ, ਕਾਬ ਅਤੇ ਪਰਾਤ ਬਰਵਾਹੀਆਂ ਦੇ।

ਚਮਚੇ ਬੇਲੂਏ ਵੱਧਣੇ ਦੇਗਚੇ ਭੀ, ਨਾਲ ਖੌਂਚੇ ਤਾਸ ਬਾਦਸ਼ਾਹੀਆਂ ਦੇ।

ਪਟ ਉਣੇ ਪਟੇਹੜਾਂ ਦਾਜ ਰੱਤੇ, ਜਿਗਰ ਪਾਟ ਗਏ ਵੇਖ ਕੇ ਰਾਹੀਆਂ ਦੇ।

ਘੁਮਿਆਰਾਂ ਨੇ ਮੱਟਾਂ ਦੇ ਢੇਰ ਲਾਏ, ਢੁੱਕੇ ਬਹੁਤ ਬਾਲਣ ਨਾਲ ਕਾਹੀਆਂ ਦੇ।

ਦੇਗਾਂ ਖਿਚਦੇ ਘਤ ਜ਼ੰਜੀਰ ਰੱਸੇ, ਤੋਪਾਂ ਖਿਚਦੇ ਕਟਕ ਬਾਦਸ਼ਾਹੀਆਂ ਦੇ।

ਵਾਰਿਸ ਸ਼ਾਹ ਮੀਆਂ ਚਾਉ ਵਿਆਹ ਦਾ ਸੀ, ਸੁੰਞੇ ਫਿਰਨ ਖੰਧੇ ਮੰਗੂ ਮਾਹੀਆਂ ਦੇ।

196

ਸਿਆਲਾਂ ਦਾ ਮੇਲ

ਡਾਰਾਂ ਖ਼ੂਬਾਂ ਦੀਆਂ ਸਿਆਲਾਂ ਦੇ ਮੇਲ ਆਈਆਂ, ਹੂਰ ਪਰੀ ਦੇ ਹੋਸ਼ ਗਵਾਉਂਦੀਆਂ ਨੇ।

ਲਖ ਜੱਟੀਆਂ ਮੁਸ਼ਕ ਲਪੇਟੀਆਂ ਨੇ, ਅੱਤਣ ਪਦਮਣੀ ਵਾਂਗ ਸੁਹਾਉਂਦੀਆਂ ਨੇ।

ਬਾਰਾਂ ਜ਼ਾਤ ਤੇ ਸੱਤ ਸਨਾਤ ਢੁੱਕੀ, ਰੰਗ ਰੰਗ ਦੀਆਂ ਸੂਰਤਾਂ ਆਉਂਦੀਆਂ ਨੇ।

ਉੱਤੇ ਭੋਛਣ ਸਨ ਪੰਜ ਟੂਲੀਏ ਦੇ, ਅਤੇ ਲੁੰਗੀਆਂ ਤੇੜ ਝਨਾਉੁਂ ਦੀਆਂ ਨੇ।

ਲੱਖ ਸਿੱਠਨੀ ਦੇਣ ਤੇ ਲੈਣ ਗਾਲੀਂ, ਵਾਹ ਵਾਹ ਕੀਹ ਸਿਹਰਾ ਗਾਂਉਦੀਆਂ ਨੇ।

ਪਰੀਜ਼ਾਦ ਜਟੇਟੀਆਂ ਨੈਣ ਖ਼ੂਨੀਂ ਨਾਲ, ਹੇਕ ਮਹੀਨ ਦੇ ਗਾਉਂਦੀਆਂ ਨੇ।

ਨਾਲ ਆਰਸੀ ਮੁਖੜਾ ਵੇਖ ਸੁੰਦਰ, ਖੋਲ੍ਹ ਆਸ਼ਕਾਂ ਨੂੰ ਤਰਸਾਉਂਦੀਆਂ ਨੇ।

ਇਕ ਖੋਲ੍ਹ ਕੇ ਚਾਦਰਾਂ ਕੱਢ ਛਾਤੀ, ਉਪਰਵਾੜਿਉਂ ਝਾਤੀਆਂ ਪਾਉਂਦੀਆਂ ਨੇ।

ਇੱਕ ਵਾਂਗ ਬਸਾਤੀਆਂ ਕੱਢ ਲਾਟੂ, ਵੀਰਾਰਾਧ ਦੀ ਨਾਫ਼ ਵਿਖਾਉਂਦੀਆਂ ਨੇ।

ਇੱਕ ਤਾੜੀਆਂ ਮਾਰਦੀਆਂ ਨੱਚਦੀਆਂ ਨੇ, ਇੱਕ ਹੱਸਦੀਆਂ ਘੋੜੀਆਂ ਗਾਉਂਦੀਆਂ ਨੇ।

ਇੱਕ ਗਾਉਂ ਕੇ ਕੋਇਲਾਂ ਕਾਂਗ ਹੋਈਆਂ, ਇੱਕ ਰਾਹ ਵਿੱਚ ਦੋਹਰੜੇ ਲਾਉਂਦੀਆਂ ਨੇ।

ਇਕ ਆਖਦੀਆਂ ਮੋਰ ਨਾ ਮਾਰ ਮੇਰਾ, ਇਕ ਵਿਚ ਮਮੋਲੜਾ ਗਾਉਂਦੀਆਂ ਨੇ।

ਵਾਰਿਸ ਸ਼ਾਹ ਜਿਉਂ ਸ਼ੇਰ ਗੜ੍ਹ ਪਟਣ ਮੱਕੇ, ਲਖ ਸੰਗਤਾਂ ਜ਼ਿਆਰਤੀਂ ਆਉਂਦੀਆਂ ਨੇ।

197

ਤਥਾ

ਜਿਵੇਂ ਲੋਕ ਨਗਾਹੇ ਤੇ ਰਤਨ ਹਾਜੀ, ਢੋਲ ਮਾਰਦੇ ਤੇ ਰੰਗ ਲਾਂਵਦੇ ਨੇ।

ਭੜਥੂ ਮਾਰ ਕੇ ਫੁਮਣੀਆਂ ਘੱਤਦੇ ਨੇ, ਇੱਕ ਆਂਵਦੇ ਤੇ ਇੱਕ ਜਾਂਵਦੇ ਨੇ।

ਜਿਹੜੇ ਸਿਦਕ ਦੇ ਨਾਲ ਚਲ ਆਂਵਦੇ ਨੇ, ਕਦਮ ਚੁੰਮ ਮੁਰਾਦ ਸਭ ਪਾਂਵਦੇ ਨੇ।

ਵਾਰਿਸ ਸ਼ਾਹ ਦਾ ਚੂਰਮਾ ਕੁਟ ਕੇ ਤੇ, ਦੇ ਫ਼ਾਤਿਹਾ ਵੰਡ ਵੰਡਾਂਵਦੇ ਨੇ।

198

ਖੇੜਿਆਂ ਦੀ ਜੰਞ ਦੀ ਚੜ੍ਹਤ

ਚੜ੍ਹ ਘੋੜਿਆਂ ਖੇੜਿਆਂ ਗੰਢ ਫੇਰੀ, ਚੜ੍ਹੇ ਗਭਰੂ ਡੰਕ ਵਜਾਇ ਕੇ ਜੀ।

ਕਾਠੀਆਂ ਸੁਰਖ਼ ਬਨਾਤ ਦੀਆਂ ਹੱਥ ਨੇਜ਼ੇ, ਦਾਰੂ ਪੀ ਕੇ ਧਰਗ ਵਜਾਇਕੇ ਜੀ।

ਘੋੜੀਂ ਪਾਖਰਾਂ ਸੋਨੇ ਦੀਆਂ ਸਾਖਤਾਂ ਨੇ, ਲੂਹਲਾਂ ਹੋਰ ਹਮੇਲ ਛਣਕਾਇਕੇ ਜੀ।

ਕੇਸਰ ਭਿੰਨੜੇ ਪੱਗਾਂ ਦੇ ਪੇਚ ਬੱਧੇ, ਵਿੱਚ ਕਲਗੀਆਂ ਜਿਗਾ ਲਗਾਇਕੇ ਜੀ।

ਸਿਹਰੇ ਫੁੱਲਾਂ ਦੇ ਤੁੱਰਿਆਂ ਨਾਲ ਲਟਕਣ, ਟਕੇ ਦਿੱਤੇ ਨੀ ਲਖ ਲੁਟਾਇਕੇ ਜੀ।

ਢਾਡੀ ਭੁਗਤੀਏ ਕੰਜਰੀਆਂ ਨਕਲੀਏ ਸਨ, ਅਤੇ ਡੂਮ ਸਰੋਦ ਵਜਾਇਕੇ ਜੀ।

ਕਸ਼ਮੀਰੀ ਤੇ ਦਖਣੀ ਨਾਲ ਵਾਜੇ, ਭੇਰੀ ਤੂਤੀਆਂ ਵੱਜੀਆਂ ਚਾਇਕੇ ਜੀ।

ਵਾਰਿਸ ਸ਼ਾਹ ਦੇ ਮੁਖ ਤੇ ਬੰਨ੍ਹ ਮੁਕਟਾ, ਸੋਇਨ ਸਿਹਰੇ ਬੰਨ੍ਹ ਬੰਨ੍ਹਾਇਕੇ ਜੀ।

199

ਆਤਿਸ਼ਬਾਜ਼ੀ

ਆਤਿਸ਼ ਬਾਜ਼ੀਆਂ ਛੁਟਦੀਆਂ ਫੁਲ ਝੜੀਆਂ, ਫੂਹੀ ਛੁੱਟੇ ਤੇ ਬਾਜ਼ ਹਵਾ ਮੀਆਂ।

ਹਾਥੀ ਮੋਰ ਤੇ ਚਰਖੀਆਂ ਝਾੜ ਛੁੱਟਣ, ਤਾੜ ਤਾੜ ਪਟਾਕਿਆਂ ਪਾ ਮੀਆਂ।

ਸਾਵਨ ਭਾਦੋਂ ਕਮਚੀਆਂ ਨਾਲ ਚਹਿਕੇ, ਟਿੰਡ ਚੂਹਿਆਂ ਦੀ ਕਰੇ ਤਾ ਮੀਆਂ।

ਮਹਿਤਾਬੀਆਂ ਟੋਟਕੇ ਚਾਦਰਾਂ ਸਨ, ਦੇਵਣ ਚੱਕੀਆਂ ਵੱਡੇ ਰਸਾ ਮੀਆਂ।

200

ਖੇੜੇ ਜੰਞ ਲੈ ਕੇ ਢੁੱਕੇ

ਮਿਲੇ ਮੇਲ ਸਿਆਲਣਾਂ ਜੰਜ ਆਂਦੀ, ਲੱਗੀਆਂ ਸੌਣ ਸੁਪੱਤ ਕਰਾਵਣੇ ਨੂੰ।

ਘੱਤ ਸੁਰਮ ਸਲਾਈਆਂ ਦੇਣ ਗਾਲ੍ਹੀਂ, ਅਤੇ ਖਡੁੱਕਣੇ ਨਾਲ ਖਿਡਾਵਣੇ ਨੂੰ।

ਮੌਲੀ ਨਾਲ ਚਾ ਕਛਿਆ ਗਭਰੂ ਨੂੰ ਰੋੜੀ ਲੱਗੀਆਂ ਆਨ ਖੋਵਾਵਣੇ ਨੂੰ।

ਭਰੀ ਘੜੀ-ਘੜੋਲੀ ਤੇ ਕੁੜੀ ਨ੍ਹਾਤੀ, ਆਈਆਂ ਫੇਰ ਨਿਕਾਹ ਪੜ੍ਹਾਵਣੇ ਨੂੰ।

ਮੌਲੀ ਨਾਲ ਚਾ ਕੱਛਿਆ ਗੱਭਰੂ ਨੂੰ, ਰੋੜੀ ਲੱਗੀਆਂ ਆਣ ਖਵਾਵਣੇ ਨੂੰ।

ਵਾਰਿਸ ਸ਼ਾਹ ਵਿਆਹ ਦੇ ਗੀਤ ਮਿੱਠੇ, ਕਾਜ਼ੀ ਆਇਆ ਮੇਲ ਮਿਲਾਵਣੇ ਨੂੰ।

201

ਤਥਾ

ਭੇਟਕ ਮੰਗਦੀਆਂ ਸਾਲੀਆਂ ਚੀਚ ਛੱਲਾ, ਦੁਧ ਦੇ ਅਣਯਧੜੀ ਚਿੜੀ ਦਾ ਵੇ।

ਦੁਧ ਦੇ ਗੋਹੀਰੇ ਦਾ ਚੋ ਜੱਟਾ, ਨਾਲੇ ਦੱਛਣਾ ਖੰਡ ਦੀ ਪੁੜੀ ਦਾ ਵੇ।

ਲੌਂਗਾਂ ਮੰਜੜਾ ਨਦੀ ਵਿੱਚ ਕੋਟ ਕਰਦੇ, ਘਟ ਘੁੱਟ ਛੱਲਾ ਕੁੜੀ ਚਿੜੀ ਦਾ ਵੇ।

ਬਿਨਾਂ ਬਲਦਾਂ ਦੇ ਖੂਹ ਦੇ ਗੇੜ ਸਾਨੂੰ, ਵੇਖਾਂ ਕਿੱਕਰਾਂ ਉਹ ਵੀ ਗਿੜੀ ਦਾ ਵੇ।

ਤੰਬੂ ਤਾਣ ਦੇ ਖਾਂ ਸਾਨੂ ਬਾਝ ਥੰਮਾਂ, ਪਹੁੰਚਾ ਦੇ ਖਾਂ ਸੋਇਨੇ ਦੀ ਚਿੜੀ ਦਾ ਵੇ।

ਇੱਕ ਮੁਨਸ ਕਸੀਰੇ ਦਾ ਖਰੀ ਮੰਗੇ, ਹਾਥੀ ਪਾਇ ਕੁੱਜੇ ਵਿੱਚ ਫੜੀ ਦਾ ਵੇ।

ਸਾਡੇ ਪਿੰਡ ਦੇ ਚਾਕ ਨੂੰ ਦੇ ਅੰਮਾਂ, ਲੇਖਾ ਨਾਲ ਤੇਰੇ ਇਵੇਂ ਵਰੀ ਦਾ ਵੇ।

ਵਾਰਿਸ ਸ਼ਾਹ ਜੀਜਾ ਖਿੜਿਆ ਵਾਂਗ ਫੁੱਲਾਂ, ਜਿਵੇਂ ਫੁਲ ਗੁਲਾਬ ਖਿੜੀ ਦਾ ਵੇ।

202

ਸੈਦਾ

ਅਨੀ ਸੋਹਣੀਏ ਛੈਲ ਮਲੂਕ ਕੁੜੀਏ, ਸਾਥੋਂ ਏਤਨਾ ਝੇੜ ਨਾ ਝਿੜੀ ਦਾ ਨੀ।

ਸਈਆਂ ਤਿੰਨ ਸੌ ਸੱਠ ਬਲਕੀਸ ਰਾਣੀ, ਇਹ ਲੈ ਚੀਚ ਛੱਲਾ ਇਸ ਦੀ ਪਿੜੀ ਦਾ ਨੀ।

ਚੜ੍ਹਿਆ ਸਾਵਣ ਤੇ ਬਾਗ਼ ਬਹਾਰ ਹੋਈ, ਦਭ ਕਾਹ ਸਰਕੜਾ ਖਿੜੀ ਦਾ ਨੀ।

ਟੰਗੀਂ ਪਾ ਢੰਗਾ ਦੋਹਨੀਂ ਪੂਰ ਕੱਢੀ, ਇਹ ਲੈ ਦੁਧ ਅਣਯਧੜੀ ਚਿੜੀ ਦਾ ਨੀ।

ਦੁਧ ਲਿਆ ਗੋਹੀਰੇ ਦਾ ਚੋ ਕੁੜੀਏ, ਇਹ ਲੈ ਪੀ ਜੇ ਬਾਪ ਨਾ ਲੜੀ ਦਾ ਨੀ।

ਸੂਹੀਆਂ ਸਾਵੀਆਂ ਨਾਲ ਬਹਾਰ ਤੇਰੀ, ਮੁਸ਼ਕ ਆਂਵਦਾ ਲੌਂਗਾਂ ਦੀ ਧੜੀ ਦਾ ਨੀ।

ਖੰਡ ਪੁੜੀ ਦੀ ਦੱਛਣਾ ਦਿਆਂ ਤੈਨੂੰ, ਤੁੱਕਾ ਲਾਵੀਏ ਵਿਚਲੀ ਧੜੀ ਦਾ ਨੀ।

ਚਾਲ ਚਲੇਂ ਮੁਰਗਾਈਆਂ ਤੇ ਤਰੇਂ ਤਾਰੀ, ਬੋਲਿਆਂ ਫੁਲ ਗੁਲਾਬ ਦਾ ਝੜੀ ਦਾ ਨੀ।

ਕੋਟ ਨਦੀ ਵਿੱਚ ਲੈ ਸਣੇ ਲੌਂਗ ਮੰਜਾ, ਤੇਰੇ ਸੌਣ ਨੂੰ ਕੌਣ ਲੌ ਵੜੀ ਦਾ ਨੀ।

ਇੱਕ ਗੱਲ ਭੁੱਲੀ ਮੇਰੇ ਯਾਦ ਆਈ, ਰੋਟ ਸੁਖਿਆ ਪੀਰ ਦਾ ਧੜੀ ਦਾ ਨੀ।

ਬਾਝ ਬਲਦਾਂ ਦੇ ਖੂਹ ਭਜਾ ਦਿੱਤਾ, ਅੱਡਾ ਖੜਕਦਾ ਕਾਠ ਦੀ ਕੜੀ ਦਾ ਨੀ।

ਝਬ ਨਹਾ ਲੈ ਬੁੱਕ ਭਰ ਛੈਲ ਕੁੜੀਏ, ਚਾਉ ਖੂਹ ਦਾ ਨਾਲ ਲੈ ਖੜੀ ਦਾ ਨੀ।

ਹੋਰ ਕੌਣ ਹੈ ਨੀ ਜਿਹੜੀ ਮੁਨਸ ਮੰਗੇ, ਅਸਾਂ ਮੁਨਸ ਲੱਧਾ ਜੋੜ ਜੁੜੀ ਦਾ ਨੀ।

ਅਸਾਂ ਭਾਲ ਕੇ ਸਾਰਾ ਜਹਾਨ ਆਂਦਾ, ਜਿਹੜਾ ਸਾੜਿਆਂ ਮੂਲ ਨਾ ਸੜੀਦਾ ਨੀ।

ਇੱਕ ਚਾਕ ਦੀ ਭੈਣ ਤੇ ਤੁਸੀਂ ਸੱਭੇ, ਚਲੋ ਨਾਲ ਮੇਰੇ ਜੋੜ ਜੁੜੀ ਦਾ ਨੀ।

ਵਾਰਿਸ ਸ਼ਾਹ ਘੇਰਾ ਕਾਹਨੂੰ ਘਤਿਉ ਜੇ, ਜੇਹਾ ਚੰਨ ਪਰਵਾਰ ਵਿੱਚ ਵੜੀਦਾ ਨੀ।

203

ਕਾਜ਼ੀ ਨਾਲ ਹੀਰ ਦੇ ਸਵਾਲ ਜਵਾਬ

ਕਾਜ਼ੀ ਸੱਦਿਆ ਪੜ੍ਹਨ ਨਕਾਹ ਨੂੰ ਜੀ, ਨੱਢੀ ਵਿਹਰ ਬੈਠੀ ਨਹੀਂ ਬੋਲਦੀ ਹੈ।

ਮੈਂ ਤਾਂ ਮੰਗ ਰੰਝੇਟੇ ਦੀ ਹੋ ਚੁੱਕੀ, ਮਾਉਂ ਕੁਫ਼ਰ ਤੇ ਗ਼ੈਬ ਕਿਉਂ ਤੋਲਦੀ ਹੈ।

ਨਜ਼ਾਅ ਵਕਤ ਸ਼ੈਤਾਨ ਜਿਉਂ ਦੇ ਪਾਣੀ, ਪਈ ਜਾਨ ਗ਼ਰੀਬ ਦੀ ਡੋਲਦੀ ਹੈ।

ਅਸਾਂ ਮੰਗ ਦਰਗਾਹ ਥੀਂ ਲਿਆ ਰਾਂਝਾ, ਸਿਦਕ ਸੱਚ ਜ਼ਬਾਨ ਥੀਂ ਬੋਲਦੀ ਹੈ।

ਮੱਖਣ ਨਜ਼ਰ ਰੰਝੇਟੇ ਦੇ ਅਸਾਂ ਕੀਤਾ, ਸੁੰਞੀ ਮਾਉਂ ਕਿਉਂ ਛਾਹ ਨੂੰ ਰੋਲਦੀ ਹੈ।

ਵਾਰਿਸ ਸ਼ਾਹ ਮੀਆਂ ਅੰਨ੍ਹੇ ਮੇਉ ਵਾਂਗੂੰ, ਪਈ ਮੂਤ ਵਿੱਚ ਮੱਛੀਆਂ ਟੋਲਦੀ ਹੈ।

204

ਕਾਜ਼ੀ

ਕਾਜ਼ੀ ਮਹਿਕਮੇ ਵਿੱਚ ਇਰਸ਼ਾਦ ਕੀਤਾ, ਮੰਨ ਸ਼ਰ੍ਹਾ ਦਾ ਹੁਕਮ ਜੇ ਜੀਵਣਾ ਈ।

ਬਾਅਦ ਮੌਤ ਦੇ ਨਾਲ ਈਮਾਨ ਹੀਰੇ, ਦਾਖ਼ਲ ਵਿੱਚ ਬਹਿਸ਼ਤ ਦੇ ਥੀਵਣਾ ਈ।

ਨਾਲ ਜ਼ੌਕ ਦੇ ਸ਼ੌਕ ਦਾ ਨੂਰ ਸ਼ਰਬਤ ਵਿੱਚ ਜੰਨਤੁਲ-ਅਦਨ ਦੇ ਪੀਵਣਾ ਈ।

ਚਾਦਰ ਨਾਲ ਹਿਆ ਦੇ ਸਤਰ ਕੀਜੇ, ਕਾਹ ਦਰਜ਼ ਹਰਾਮ ਦੀ ਸੀਵਣਾ ਈ।

205

ਹੀਰ

ਹੀਰ ਆਖਦੀ ਜੀਵਣਾ ਭਲਾ ਸੋਈ, ਜਿਹੜਾ ਹੋਵੇ ਭੀ ਨਾਲ ਈਮਾਨ ਮੀਆਂ।

ਸਭੋ ਜੱਗ ਫ਼ਾਨੀ ਹਿੱਕੋ ਰਬ ਬਾਕੀ, ਹੁਕਮ ਕੀਤਾ ਹੈ ਰਬ ਰਹਿਮਾਨ ਮੀਆਂ।

'ਕੁਲੇ ਸ਼ੈਹਇਨ ਖ਼ਲਕਨਾ ਜ਼ੋਜਈਨੇ', ਹੁਕਮ ਆਇਆ ਹੈ ਵਿੱਚ ਕੁਰਾਨ ਮੀਆਂ।

ਮੇਰੇ ਇਸ਼ਕ ਨੂੰ ਜਾਣਦੇ ਧੌਲ ਬਾਸ਼ਕ, ਲੌਹ ਕਲਮ ਤੇ ਜ਼ਿਮੀਂ ਆਸਮਾਨ ਮੀਆਂ।

206

ਕਾਜ਼ੀ

ਜੋਬਨ ਰੂਪ ਦਾ ਕੁੱਝ ਵਸਾਹ ਨਾਹੀਂ, ਮਾਨ ਮੱਤੀਏ ਮੁਸ਼ਕ ਪਲੱਟੀਏ ਨੀ।

ਨਬੀ ਹੁਕਮ ਨਕਾਹ ਫਰਮਾ ਦਿੱਤਾ, 'ਫ਼ਇਨਕਿਹੂ' ਮਨ ਲੈ ਜੱਟੀਏ ਨੀ।

ਕਦੀ ਦੀਨ ਇਸਲਾਮ ਦੇ ਰਾਹ ਟੁਰੀਏ, ਜੜ੍ਹ ਕੁਫ਼ਰ ਦੀ ਜੀਉ ਤੋਂ ਪੱਟੀਏ ਨੀ।

ਜਿਹੜੇ ਛਡ ਹਲਾਲ ਹਰਾਮ ਤੱਕਣ, ਵਿੱਚ ਹਾਵੀਏ ਦੋਜ਼ਖੇ ਸੱਟੀਏ ਨੀ।

ਖੇੜਾ ਹੱਕ ਹਲਾਲ ਕਬੂਲ ਕਰ ਤੂੰ, ਵਾਰਿਸ ਸ਼ਾਹ ਬਣ ਬੈਠੀਏਂ ਵਹੁਟੀਏ ਨੀ।

207

ਹੀਰ

ਕਲੂਬੁਲ-ਮੋਮਨੀਨ ਅਰਸ਼ ਅੱਲਾਹ ਤਾਲ੍ਹਾ, ਕਾਜ਼ੀ ਅਰਸ਼ ਖੁਦਾਇ ਦਾ ਢਾਹ ਨਾਹੀਂ।

ਜਿੱਥੇ ਰਾਂਝੇ ਦੇ ਇਸ਼ਕ ਮੁਕਾਮ ਕੀਤਾ, ਓਥੇ ਖੇੜਿਆਂ ਦੀ ਕੋਈ ਵਾਹ ਨਾਹੀਂ।

ਏਹੀ ਚੜ੍ਹੀ ਗੋਲੇਰ ਮੈਂ ਇਸ਼ਕ ਵਾਲੀ, ਜਿੱਥੇ ਹੋਰ ਕੋਈ ਚਾੜ੍ਹ ਲਾਹ ਨਾਹੀਂ।

ਜਿਸ ਜੀਵਣੇ ਕਾਨ ਈਮਾਨ ਵੇਚਾਂ, ਏਹਾ ਕੌਣ ਜੋ ਅੰਤ ਫ਼ਨਾਹ ਨਾਹੀਂ।

ਜੇਹਾ ਰੰਘੜਾਂ ਵਿੱਚ ਨਾ ਪੀਰ ਕੋਈ, ਅਤੇ ਲੁੱਧੜਾਂ ਵਿੱਚ ਬਾਦਸ਼ਾਹ ਨਾਹੀਂ।

ਵਾਰਿਸ ਸ਼ਾਹ ਮੀਆਂ ਕਾਜ਼ੀ ਸ਼ਰ੍ਹਾ ਦੇ ਨੂੰ, ਨਾਲ ਅਹਿਲ-ਤਰੀਕਤਾਂ ਰਾਹ ਨਾਹੀਂ।

208

ਕਾਜ਼ੀ

ਦੁੱਰੇ ਸ਼ਰ੍ਹਾ ਦੇ ਮਾਰ ਉਧੇੜ ਦੇਸਾਂ, ਕਰਾਂ ਉਮਰ ਖ਼ਿਤਾਬ ਦਾ ਨਿਆਉਂ ਹੀਰੇ।

ਘਤ ਕੱਖਾਂ ਦੇ ਵਿੱਚ ਮੈਂ ਸਾੜ ਸੁੱਟਾਂ, ਕੋਈ ਵੇਖਸੀ ਪਿੰਡ ਗਿਰਾਉਂ ਹੀਰੇ।

ਖੇੜਾ ਕਰੇਂ ਕਬੂਲ ਤਾਂ ਖ਼ੈਰ ਤੇਰੀ, ਛੱਡ ਚਾਕ ਰੰਝੇਟੇ ਦਾ ਨਾਉਂ ਹੀਰੇ।

ਅੱਖੀਂ ਮੀਟ ਕੇ ਵਕਤ ਲੰਘਾ ਮੋਈਏ, ਇਹ ਜਹਾਨ ਹੈ ਬੱਦਲਾਂ ਛਾਉਂ ਹੀਰੇ।

ਵਾਰਿਸ ਸ਼ਾਹ ਹੁਣ ਆਸਰਾ ਰਬ ਦਾ ਹੈ, ਜਦੋਂ ਵਿੱਟਰੇ ਬਾਪ ਤੇ ਮਾਉਂ ਹੀਰੇ।

209

ਹੀਰ

ਰਲੇ ਦਿਲਾਂ ਨੂੰ ਪਕੜ ਵਿਛੋੜ ਦੇਂਦੇ, ਬੁਰੀ ਬਾਣ ਹੈ ਤਿਨ੍ਹਾਂ ਹਤਿਆਰਿਆਂ ਨੂੰ।

ਨਿਤ ਸ਼ਹਿਰ ਦੇ ਫ਼ਿਕਰ ਗ਼ਲਤਾਨ ਰਹਿੰਦੇ, ਏਹੋ ਸ਼ਾਮਤਾਂ ਰੱਬ ਦਿਆਂ ਮਾਰਿਆਂ ਨੂੰ।

ਖਾਵਣ ਵੱਢੀਆਂ ਨਿਤ ਈਮਾਨ ਵੇਚਣ, ਏਹੋ ਮਾਰ ਹੈ ਕਾਜ਼ੀਆਂ ਸਾਰਿਆਂ ਨੂੰ।

ਰਬ ਦੋਜ਼ਖਾਂ ਨੂੰ ਭਰੇ ਪਾ ਬਾਲਣ, ਕੇਹਾ ਦੋਸ ਹੈ ਅਸਾਂ ਵਿਚਾਰਿਆਂ ਨੂੰ।

ਵਾਰਿਸ ਸ਼ਾਹ ਮੀਆਂ ਬਣੀ ਬਹੁਤ ਔਖੀ, ਨਹੀਂ ਜਾਣਦੇ ਸਾਂ ਏਹਨਾਂ ਕਾਰਿਆਂ ਨੂੰ।

210

ਕਾਜ਼ੀ

ਜਿਹੜੇ ਛੱਡ ਕੇ ਰਾਹ ਹਲਾਲ ਦੇ ਨੂੰ, ਤੱਕਣ ਨਜ਼ਰ ਹਰਾਮ ਦੀ ਮਾਰੀਅਨਗੇ।

ਕਬਰ ਵਿੱਚ ਬਹਾਇਕੇ ਨਾਲ ਗੁਰਜ਼ਾਂ, ਓਥੇ ਪਾਪ ਤੇ ਪੁੰਨ ਨਵਾਰੀਅਨਗੇ।

ਰੋਜ਼ ਹਸ਼ਰ ਦੇ ਦੋਜ਼ਖੀ ਪਕੜ ਕੇ ਤੇ, ਘੱਤ ਅੱਗ ਦੇ ਵਿੱਚ ਨਘਾਰੀਅਨਗੇ।

ਕੂਚ ਵਕਤ ਨਾ ਕਿਸੇ ਹੈ ਸਾਥ ਰਲਣਾ, ਖ਼ਾਲੀ ਦਸਤ ਤੇ ਜੇਬ ਭੀ ਝਾੜੀਅਨਗੇ।

ਵਾਰਿਸ ਸ਼ਾਹ ਇਹ ਉਮਰ ਦੇ ਲਾਲ ਮੁਹਰੇ, ਇੱਕ ਰੋਜ਼ ਨੂੰ ਆਕਬਤ ਹਾਰੀਅਨਗੇ।

211

ਹੀਰ

'ਕਾਲੂ-ਬਲਾ' ਦੇ ਦਿੰਹੁ ਨਿਕਾਹ ਬੱਧਾ, ਰੂਹ ਨਬੀ ਦੀ ਆਪ ਪੜ੍ਹਾਇਆ ਈ।

ਕੁਤਬ ਹੋਇ ਵਕੀਲ ਵਿੱਚ ਆਇ ਬੈਠਾ, ਹੁਕਮ ਰੱਬ ਨੇ ਆਪ ਕਰਾਇਆ ਈ।

ਜਬਰਾਈਲ ਮੇਕਾਈਲ ਗਵਾਹ ਚਾਰੇ, ਅਜ਼ਰਾਈਲ ਅਸਰਾਫ਼ੀਲ ਆਇਆ ਈ।

ਅਗਲਾ ਤੋੜ ਕੇ ਹੋਰ ਨਿਕਾਹ ਪੜ੍ਹਨਾ, ਆਖ ਰੱਬ ਨੇ ਕਦੋਂ ਫ਼ੁਰਮਾਇਆ ਈ।

212

ਤਥਾ

ਜਿਹੜੇ ਇਸ਼ਕ ਦੀ ਅੱਗ ਦੇ ਤਾਉ ਤਪੇ, ਤਿੰਨ੍ਹਾਂ ਦੋਜ਼ਖਾਂ ਨਾਲ ਕੀ ਵਾਸਤਾ ਈ।

ਜਿਨ੍ਹਾਂ ਇੱਕ ਦੇ ਨਾਉਂ ਤੇ ਸਿਦਕ ਬੱਧਾ, ਓਨ੍ਹਾਂ ਫ਼ਿਕਰ ਅੰਦੇਸੜਾ ਕਾਸ ਦਾ ਈ।

ਆਖਿਰ ਸਿਦਕ ਯਕੀਨ ਤੇ ਕੰਮ ਪੌਸੀ, ਮੌਤ ਚਰਗ਼ ਇਹ ਪੁਤਲਾ ਮਾਸ ਦਾ ਈ।

ਦੋਜ਼ਖ਼ ਮੋਰੀਆਂ ਮਿਲਣ ਬੇਸਿਦਕ ਝੂਠੇ, ਜਿਨ੍ਹਾਂ ਬਾਣ ਤੱਕਣ ਆਸ ਪਾਸ ਦਾ ਈ।

213

ਕਾਜ਼ੀ

ਲਿਖਿਆ ਵਿੱਚ ਕੁਰਾਨ ਕਿਤਾਬ ਦੇ ਹੈ, ਗੁਨਾਹਗਾਰ ਖ਼ੁਦਾ ਦਾ ਚੋਰ ਹੈ ਨੀ।

ਹੁਕਮ ਮਾਉਂ ਤੇ ਬਾਪ ਦਾ ਮੰਨ ਲੈਣਾ, ਇਹੋ ਰਾਹ ਤਰੀਕਤ ਦਾ ਜ਼ੋਰ ਹੈ ਨੀ।

ਜਿਨ੍ਹਾਂ ਨਾ ਮੰਨਿਆ ਪੱਛੋਤਾਇ ਰੋਸਣ, ਪੈਰ ਵੇਖ ਕੇ ਝੂਰਦਾ ਮੋਰ ਹੈ ਨੀ।

ਜੋ ਕੁੱਝ ਮਾਉਂ ਤੇ ਬਾਪ ਤੇ ਅਸੀਂ ਕਰੀਏ, ਓਥੇ ਤੁਧ ਦਾ ਕੁੱਝ ਨਾ ਜ਼ੋਰ ਹੈ ਨੀ।

214

ਹੀਰ

ਕਾਜ਼ੀ ਮਾਉਂ ਤੇ ਬਾਪ ਇਕਰਾਰ ਕੀਤਾ, ਹੀਰ ਰਾਂਝੇ ਦੇ ਨਾਲ ਵਿਆਹੁਣੀ ਹੈ।

ਅਸਾਂ ਓਸ ਦੇ ਨਾਲ ਚਾ ਕੌਲ ਕੀਤਾ, ਲਬੇ-ਗੋਰ ਦੇ ਤੀਕ ਨਿਬਾਹੁਣੀ ਹੈ।

ਅੰਤ ਰਾਂਝੇ ਨੂੰ ਹੀਰ ਪਰਨਾ ਦੇਣੀ, ਕੋਈ ਰੋਜ਼ ਦੀ ਇਹ ਪ੍ਰਾਹੁਣੀ ਹੈ।

ਵਾਰਿਸ ਸ਼ਾਹ ਨਾ ਜਾਣਦੀ ਮੈਂ ਕਮਲੀ, ਖ਼ੁਰਸ਼ ਸ਼ੇਰ ਦੀ ਗਧੇ ਨੂੰ ਡਾਹੁਣੀ ਹੈ।

215

ਕਾਜ਼ੀ

ਕੁਰਬ ਵਿੱਚ ਦਰਗਾਹ ਦਾ ਤਿੰਨ੍ਹਾਂ ਨੂੰ ਹੈ, ਜਿਹੜੇ ਹੱਕ ਦੇ ਨਾਲ ਨਿਕਾਹੀਅਨਗੇ।

ਮਾਉਂ ਬਾਪ ਦੇ ਹੁਕਮ ਦੇ ਵਿੱਚ ਚੱਲੇ, ਬਹੁਤ ਜ਼ੌਕ ਦੇ ਨਾਲ ਵਿਵਾਹੀਅਨਗੇ।

ਜਿਹੜੇ ਸ਼ਰ੍ਹਾ ਨੂੰ ਛੱਡ ਬੇਹੁਕਮ ਹੋਏ, ਵਿੱਚ ਹਾਵੀਏ ਜੋਜ਼ਖ਼ੇ ਲਾਹੀਅਨਗੇ।

ਜਿਹੜੇ ਹੱਕ ਦੇ ਨਾਲ ਪਿਆਰ ਵੰਡਣ, ਅੱਠ ਬਹਿਸ਼ਤ ਭੀ ਉਹਨਾਂ ਨੂੰ ਚਾਹੀਅਨਗੇ।

ਜਿਹੜੇ ਨਾਲ ਤਕੱਬਰੀ ਆਕੜਨਗੇ, ਵਾਂਗ ਈਦ ਦੇ ਬੱਕਰੇ ਢਾਹੀਅਨਗੇ।

ਤਨ ਪਾਲ ਕੇ ਜਿਨ੍ਹਾਂ ਖ਼ੁਦ-ਰੂਈ ਕੀਤੀ, ਅੱਗੇ ਅੱਗ ਦੇ ਆਕਬਤ ਡਾਹੀਅਨਗੇ।

ਵਾਰਿਸ ਸ਼ਾਹ ਮੀਆਂ ਜਿਹੜੇ ਬਹੁਤ ਸਿਆਣੇ, ਕਾਉਂ ਵਾਂਗ ਪਲਕ ਵਿੱਚ ਫਾਹੀਅਨਗੇ।

216

ਹੀਰ

ਜਿਹੜੇ ਇੱਕ ਦੇ ਨਾਂਉਂ ਤੇ ਮਹਿਵ ਹੋਏ, ਮਨਜ਼ੂਰ ਖੁਦਾ ਦੇ ਰਾਹ ਦੇ ਨੇ।

ਜਿਨ੍ਹਾਂ ਸਿਦਕ ਯਕੀਨ ਤਹਿਕੀਕ ਕੀਤਾ, ਮਕਬੂਲ ਦਰਗਾਹ ਅੱਲਾਹ ਦੇ ਨੇ।

ਜਿਨ੍ਹਾਂ ਇੱਕ ਦਾ ਰਾਹ ਦਰੁਸਤ ਕੀਤਾ, ਤਿੰਨ੍ਹਾਂ ਫ਼ਿਕਰ ਅੰਦੇਸੜੇ ਕਾਹ ਦੇ ਨੇ।

ਜਿਨ੍ਹਾਂ ਨਾਮ ਮਹਿਬੂਬ ਦਾ ਵਿਰਦ ਕੀਤਾ, ਓ ਸਾਹਿਬ ਮਰਤਬਾ ਜਾਹ ਦੇ ਨੇ।

ਜਿਹੜੇ ਰਿਸ਼ਵਤਾਂ ਖਾਇ ਕੇ ਹੱਕ ਰੋੜ੍ਹਨ, ਓਹ ਚੋਰ ਉਚੱਕੜੇ ਰਾਹ ਦੇ ਨੇ।

ਇਹ ਕੁਰਾਨ ਮਜੀਦ ਦੇ ਮਾਇਨੇ ਨੇ, ਜਿਹੜੇ ਸ਼ਿਅਰ ਮੀਆਂ ਵਾਰਿਸ ਸ਼ਾਹ ਦੇ ਨੇ।

217

ਕਾਜ਼ੀ ਦਾ ਸਿਆਲਾਂ ਨੂੰ ਉੱਤਰ

ਕਾਜ਼ੀ ਆਖਿਆ ਇਹ ਜੇ ਰੋੜ ਪੱਕਾ, ਹੀਰ ਝਗੜਿਆਂ ਨਾਲ ਨਾ ਹਾਰਦੀ ਹੈ।

ਲਿਆਉ ਪੜ੍ਹੋ ਨਕਾਹ ਮੂੰਹ ਬੰਨ੍ਹ ਇਸਦਾ, ਕਿੱਸਾ ਗੋਈ ਫ਼ਸਾਦ ਗੁਜ਼ਾਰਦੀ ਹੈ।

ਛੱਡ ਮਸਜਿਦਾਂ ਦਾਇਰਿਆਂ ਵਿੱਚ ਵੜਦੀ, ਛੱਡ ਬੱਕਰੀਆਂ ਸੂਰੀਆਂ ਚਾਰਦੀ ਹੈ।

ਵਾਰਿਸ ਸ਼ਾਹ ਮਧਾਣੀ ਹੈ ਹੀਰ ਜੱਟੀ, ਇਸ਼ਕ ਦਹੀਂ ਦਾ ਘਿਉ ਨਿਤਾਰਦੀ ਹੈ।

218

ਕਾਜ਼ੀ ਵੱਲੋਂ ਨਿਕਾਹ ਕਰਕੇ ਹੀਰ ਨੂੰ ਖੇੜਿਆਂ ਨਾਲ ਤੋਰ ਦੇਣਾ

ਕਾਜ਼ੀ ਪੜ੍ਹ ਨਿਕਾਹ ਤੇ ਘੱਤ ਡੋਲੀ, ਨਾਲ ਖੇੜਿਆਂ ਦੇ ਦਿੱਤੀ ਟੋਰ ਮੀਆਂ।

ਤੇਵਰ ਬਿਉਰਾਂ ਨਾਲ ਜੜਾਊ ਗਹਿਣੇ, ਦਮ ਦੌਲਤਾਂ ਨਿਅਮਤਾਂ ਹੋਰ ਮੀਆਂ।

ਟਮਕ ਮਹੀਂ ਤੇ ਘੋੜੇ ਉਠ ਦਿੱਤੇ, ਗਹਿਣਾ ਪੱਤਰਾ ਢੱਗੜਾ ਢੋਰ ਮੀਆਂ।

ਹੀਰ ਖੇੜਿਆਂ ਨਾਲ ਨਾ ਟੁਰੇ ਮੂਲੇ, ਪਿਆ ਪਿੰਡ ਦੇ ਵਿੱਚ ਹੈ ਸ਼ੋਰ ਮੀਆਂ।

ਖੇੜੇ ਘਿੰਨ ਕੇ ਹੀਰ ਨੂੰ ਰਵਾਂ ਹੋਏ, ਜਿਉਂ ਮਾਲ ਨੂੰ ਲੈ ਵਗੇ ਚੋਰ ਮੀਆਂ।

219

ਰਾਂਝੇ ਬਿਨਾਂ ਗਾਈਆਂ ਮੱਝਾਂ ਦਾ ਕਾਬੂ ਨਾ ਆਉਣਾ

ਮਹੀਂ ਟੁਰਨ ਨਾ ਬਾਝ ਰੰਝੇਟੜੇ ਦੇ, ਭੂਹੇ ਹੋਇਕੇ ਪਿੰਡ ਭਜਾਇਉ ਨੇ।

ਪੁੱਟ ਝੁੱਗੀਆਂ ਲੋਕਾਂ ਨੂੰ ਢੁੱਡ ਮਾਰਨ, ਭਾਂਡੇ ਭੰਨ ਕੇ ਸ਼ੋਰ ਘਤਾਇਉ ਨੇ।

ਚੌਰ ਚਾਇਕੇ ਬੂਥੀਆਂ ਉਤਾਂਹ ਕਰਕੇ, ਸ਼ੂਕਾਟ ਤੇ ਧੁੰਮਲਾ ਲਾਇਉ ਨੇ।

ਲੋਕਾਂ ਆਖਿਆ ਰਾਂਝੇ ਦੀ ਕਰੋ ਮਿੰਨਤ, ਪੈਰ ਚੁੰਮ ਕੇ ਆਣ ਜਗਾਇਉ ਨੇ।

ਚਸ਼ਮਾ ਪੈਰ ਦੀ ਖ਼ਾਕ ਦਾ ਲਾ ਮੱਥੇ, ਵਾਂਗ ਸੇਵਕਾਂ ਸਖ਼ੀ ਮਨਾਇਉ ਨੇ।

ਭੜਥੂ ਮਾਰਿਉ ਨੇ ਦਵਾਲੇ ਰਾਂਝਣੇ ਦੇ, ਲਾਲ ਬੇਗ ਦਾ ਥੜਾ ਪੁਜਾਇਉ ਨੇ।

ਪਕਵਾਲ ਤੇ ਪਿੰਨੀਆ ਰੱਖ ਅੱਗੇ, ਭੋਲੂ ਰਾਮ ਨੂੰ ਖੁਸ਼ੀ ਕਰਾਇਉ ਨੇ।

ਮਗਰ ਮਹੀਂ ਦੇ ਛੇੜ ਕੇ ਨਾਲ ਸ਼ਫ਼ਕਤ, ਸਿਰ ਟਮਕ ਚਾ ਚਵਾਇਉ ਨੇ।

ਵਾਹੋ ਦਾਹੀ ਚਲੇ ਰਾਤੋ ਰਾਤ ਖੇੜੇ, ਦਿੰਹੁ ਜਾਇਕੇ ਪਿੰਡ ਚੜ੍ਹਾਇਉ ਨੇ।

ਦੇ ਚੂਰੀ ਤੇ ਖਿਚੜੀ ਦੀਆਂ ਸੱਤ ਬੁਰਕਾਂ, ਨਢਾ ਦੇਵਰਾ ਗੋਦ ਬਹਾਇਉ ਨੇ।

ਅੱਗੋਂ ਲੈਣ ਆਈਆਂ ਸਈਆਂ ਵਹੁਟੜੀ ਨੂੰ, 'ਜੇ ਤੂੰ ਆਂਦੜੀ ਵੇ ਵੀਰਿਆ' ਗਾਇਉ ਨੇ।

ਸਿਰੋਂ ਲਾਹ ਟਮਕ ਭੂਰਾ ਖੱਸ ਲੀਤਾ, ਆਦਮ ਬਹਿਸ਼ਤ ਥੀਂ ਕੱਢ ਤ੍ਰਾਹਿਉ ਨੇ।

ਵਾਰਿਸ ਸ਼ਾਹ ਮੀਆਂ ਵੇਖ ਕੁਦਰਤਾਂ ਨੀ, ਭੁਖਾ ਜੰਨਤੋਂ ਰੂਹ ਕਢਾਇਉ ਨੇ।

220

ਹੀਰ ਨੇ ਰਾਂਝੇ ਨੂੰ ਕਿਹਾ

ਲੈ ਵੇ ਰਾਂਝਿਆ ਵਾਹ ਮੈਂ ਲਾ ਥੱਕੀ, ਸਾਡੇ ਵੱਸ ਥੀਂ ਗੱਲ ਬੇਵੱਸ ਹੋਈ।

ਕਾਜ਼ੀ ਮਾਪਿਆਂ ਜ਼ਾਲਮਾਂ ਬੰਨ੍ਹ ਟੋਰੀ, ਸਾਡੀ ਤੈਂਦੜੀ ਦੋਸਤੀ ਭੱਸ ਹੋਈ।

ਘਰ ਖੇੜਿਆਂ ਦੇ ਨਹੀਂ ਵੱਸਣਾ ਮੈਂ ਸਾਡੀ ਉਨ੍ਹਾਂ ਦੇ ਨਾਲ ਖ਼ਰਖ਼ੱਸ ਹੋਈ।

ਜਾਹ ਜੀਵਾਂਗੀ ਮਿਲਾਂਗੀ ਰਬ ਮੇਲੇ, ਹਾਲ ਸਾਲ ਤਾਂ ਦੋਸਤੀ ਬੱਸ ਹੋਈ।

ਲੱਗਾ ਤੀਰ ਜੁਦਾਈ ਦਾ ਮੀਆਂ ਵਾਰਿਸ, ਸਾਡੇ ਵਿਚ ਕਲੇਜੜੇ ਧੱਸ ਹੋਈ।

221

ਰਾਂਝੇ ਦਾ ਉੱਤਰ

ਜੋ ਕੁੱਝ ਵਿੱਚ ਰਜ਼ਾਇ ਦੇ ਲਿਖ ਛੁੱਟਾ, ਮੂੰਹੋਂ ਬੱਸ ਨਾ ਆਖੀਏ ਭੈੜੀਏ ਨੀ।

ਸੁੰਞਾ ਸੱਖਣਾ ਚਾਕ ਨੂੰ ਰੱਖਿਓੁਈ, ਮੱਥੇ ਭੌਰੀਏ ਚੰਦਰੀਏ ਬਹਿੜੀਏ ਨੀ।

ਮੰਤਰ ਕੀਲ ਨਾ ਜਾਣੀਏ ਡੂਮਣੇ ਦਾ, ਐਵੇਂ ਸੁੱਤੜੇ ਨਾਗ ਨਾ ਛੇੜੀਏ ਨੀ।

ਇੱਕ ਯਾਰ ਦੇ ਨਾਂ ਤੇ ਫ਼ਿਦਾ ਹੋਈਏ, ਮਹੁਰਾ ਦੇ ਕੇ ਇੱਕੇ ਨਬੇੜੀਏ ਨੀ।

ਦਗ਼ਾ ਦੇਵਣਾ ਈ ਹੋਵੇ ਜਿਹੜੇ ਨੂੰ, ਪਹਿਲੇ ਰੋਜ਼ ਹੀ ਚਾ ਖਦੇੜੀਏ ਨੀ।

ਜੇ ਨਾ ਉਤਰੀਏ ਯਾਰ ਦੇ ਨਾਲ ਪੂਰੇ, ਏਡੇ ਪਿੱਟਣੇ ਨਾ ਸਹੇੜੀਏ ਨੀ।

ਵਾਰਿਸ ਸ਼ਾਹ ਜੇ ਪਿਆਸ ਨਾ ਹੋਵੇ ਅੰਦਰ, ਸ਼ੀਸ਼ੇ ਸ਼ਰਬਤਾਂ ਦੇ ਨਾਹੀਂ ਛੇੜੀਏ ਨੀ।

222

ਹੀਰ ਦਾ ਉੱਤਰ

ਤੈਨੂੰ ਹਾਲ ਦੀ ਗੱਲ ਮੈਂ ਲਿਖ ਘੱਲਾਂ, ਤੁਰਤ ਹੋਇ ਫ਼ਕੀਰ ਤੈਂ ਆਵਣਾ ਈ।

ਕਿਸੇ ਜੋਗੀ ਥੇ ਜਾਇਕੇ ਬਣੀਂ ਚੇਲਾ, ਸਵਾਹ ਲਾਇਕੇ ਕੰਨ ਪੜਾਵਣਾ ਈ।

ਸੱਭਾ ਜ਼ਾਤ ਸਿਫ਼ਾਤ ਬਰਬਾਦ ਕਰਕੇ, ਅਤੇ ਠੀਕ ਤੈਂ ਸੀਸ ਮੁਨਾਵਣਾ ਈ।

ਤੂੰ ਹੀ ਜੀਂਵਦਾ ਦੀਦਨਾ ਦਏਂ ਸਾਨੂੰ, ਅਸਾਂ ਵੱਤ ਨਾ ਜਿਉਂਦਿਆਂ ਆਵਣਾ ਈ।

223

ਰਾਂਝੇ ਨੇ ਸਿਆਲਾਂ ਨੂੰ ਗਾਲ੍ਹਾਂ ਕੱਢਣੀਆਂ

ਰਾਂਝੇ ਆਖਿਆ ਸਿਆਲ ਗਲ ਗਏ ਸਾਰੇ, ਅਤੇ ਹੀਰ ਵੀ ਛਡ ਈਮਾਨ ਚੱਲੀ।

ਸਿਰ ਹੇਠਾਂ ਕਰ ਲਿਆ ਫੇਰ ਮਹਿਰ ਚੂਚਕ, ਜਦੋਂ ਸੱਥ ਵਿੱਚ ਆਣ ਕੇ ਗੱਲ ਹੱਲੀ।

ਧੀਆਂ ਵੇਚਦੇ ਕੌਲ ਜ਼ਬਾਨ ਹਾਰਨ, ਮਹਿਰਾਬ ਮੱਥੇ ਉੱਤੇ ਧੌਣ ਚੱਲੀ।

ਯਾਰੋ ਸਿਆਲਾਂ ਦੀਆਂ ਦਾੜ੍ਹੀਆਂ ਵੇਖਦੇ ਹੋ, ਜਿਹਾ ਮੁੰਡ ਮੰਗਵਾੜ ਦੀ ਮਸਰ ਪਲੀ।

ਵਾਰਿਸ ਸ਼ਾਹ ਮੀਆਂ ਧੀ ਸੋਹਣੀ ਨੂੰ, ਗਲ ਵਿੱਚ ਚਾ ਪਾਂਵਦੇ ਹੈਣ ਟੱਲੀ।

224

ਤਥਾ

ਯਾਰੋ ਜੱਟ ਦਾ ਕੌਲ ਮਨਜ਼ੂਰ ਨਾਹੀਂ, ਗ਼ੋਜ਼ ਸ਼ੁਤਰ ਹੈ ਕੌਲ ਗੁਸਤਾਈਆਂ ਦਾ।

ਪੱਤਾਂ ਹੋਣ ਇੱਕੀ ਜਿਸ ਜਟ ਤਾਈਂ, ਸੋਈ ਅਸਲ ਭਰਾ ਹੈ ਭਾਈਆਂ ਦਾ।

ਜਦੋਂ ਬਹਿਣ ਅਰੂੜੀ ਤੇ ਅਕਲ ਆਵੇ, ਜਿਵੇਂ ਖੋਤੜਾ ਹੋਵੇ ਗੁਸਾਈਆਂ ਦਾ।

ਸਿਰੋਂ ਲਾਹ ਕੇ ਚਿੱਤੜਾਂ ਹੇਠ ਦਿੰਦੇ, ਮਜ਼ਾ ਆਵਨੈ ਤਦੋਂ ਸਫ਼ਾਈਆਂ ਦਾ।

ਜੱਟੀ ਜਟ ਦੇ ਸਾਂਗ 'ਤੇ ਹੋਣ ਰਾਜ਼ੀ, ਫੜੇ ਮੁਗ਼ਲ ਤੇ ਵੇਸ ਗੀਲਾਈਆਂ ਦਾ।

ਧੀਆਂ ਦੇਣੀਆਂ ਕਰਨ ਮੁਸਾਫ਼ਰਾਂ ਨੂੰ ਵੇਚਣ, ਹੋਰ ਧਰੇ ਮਾਲ ਜਵਾਈਆਂ ਦਾ।

ਵਾਰਿਸ ਸ਼ਾਹ ਨਾ ਮੁਹਤਬਰ ਜਾਣਨਾ ਜੇ, ਕੌਲ ਜੱਟ ਸੁਨਿਆਰ ਕਸਾਈਆਂ ਦਾ।

225

ਤਥਾ

ਪੈਂਚਾਂ ਪਿੰਡ ਦੀਆਂ ਸੱਚ ਥੀਂ ਤਰਕ ਕੀਤਾ, ਕਾਜ਼ੀ ਰਿਸ਼ਵਤਾਂ ਮਾਰ ਕੇ ਕੋਰ ਕੀਤੇ।

ਪਹਿਲਾਂ ਹੋਰਨਾਂ ਨਾਲ ਇਕਰਾਰ ਕਰਕੇ, ਤੁਅਮਾ ਵੇਖ ਦਾਮਾਦ ਫਿਰ ਹੋਰ ਕੀਤੇ।

ਗੱਲ ਕਰੀਏ ਈਮਾਨ ਦੀ ਕੱਢ ਛੱਡਣ, ਪੈਂਚ ਪਿੰਡ ਦੇ ਠਗ ਤੇ ਚੋਰ ਕੀਤੇ।

ਅਸ਼ਰਾਫ਼ ਦੀ ਗੱਲ ਮਨਜ਼ੂਰ ਨਾਹੀਂ, ਚੋਰ ਚੌਧਰੀ ਅਤੇ ਲੰਡੋਰ ਕੀਤੇ।

ਕਾਉਂ ਬਾਗ਼ ਦੇ ਵਿੱਚ ਕਲੋਲ ਕਰਦੇ, ਕੂੜਾ ਫੋਲਣੇ ਦੇ ਉਤੇ ਮੋਰ ਕੀਤੇ।

ਜ਼ੋਰੋ ਜ਼ੋਰ ਵਿਆਹ ਲੈ ਗਏ ਖੇੜੇ, ਅਸਾਂ ਰੋ ਬਹੁਤੇ ਰੜੇ ਸ਼ੋਰ ਕੀਤੇ।

ਵਾਰਿਸ ਸ਼ਾਹ ਜੋ ਅਹਿਲ ਈਮਾਨ ਆਹੇ, ਤਿੰਨ੍ਹਾਂ ਜਾ ਡੇਰੇ ਵਿੱਚ ਗੋਰ ਕੀਤੇ।

226

ਤਥਾ

ਯਾਰੋ ਠੱਗ ਸਿਆਲ ਤਹਿਕੀਕ ਜਾਣੋ, ਧੀਆਂ ਠੱਗਣੀਆਂ ਸਭ ਸਿਖਾਂਵਦੇ ਜੇ।

ਪੁੱਤਰ ਠੱਗ ਸਰਦਾਰਾਂ ਦੇ ਮਿੱਠਿਆਂ ਹੋ, ਉਹਨੂੰ ਮਹੀਂ ਦਾ ਚਾਕ ਬਣਾਂਵਦੇ ਜੇ।

ਕੌਲ ਹਾਰ ਜ਼ਬਾਨ ਦਾ ਸਾਕ ਖੋਹਣ, ਚਾ ਪੈਵੰਦ ਹਨ ਹੋਰ ਧਿਰ ਲਾਂਵਦੇ ਜੇ।

ਦਾੜ੍ਹੀ ਸ਼ੇਖ਼ ਦੀ ਛੁਰਾ ਕਸਾਈਆਂ ਦਾ, ਬੈਠ ਪਰ੍ਹੇ ਵਿੱਚ ਪੈਂਚ ਸਦਾਂਵਦੇ ਜੇ।

ਜੱਟ ਚੋਰ ਤੇ ਯਾਰ ਤਿਰਾਹ ਮਾਰਨ, ਡੰਡੀ ਮੋਂਹਦੇ ਤੇ ਸੰਨ੍ਹਾਂ ਲਾਂਵਦੇ ਜੇ।

ਵਾਰਿਸ ਸ਼ਾਹ ਇਹ ਜੱਟ ਨੇ ਠੱਗ ਸੱਭੇ, ਤਰੀ ਠੱਗ ਨੇ ਜੱਟ ਝਨ੍ਹਾਂ ਦੇ ਜੇ।

227

ਤਥਾ

ਡੋਗਰ ਜੱਟ ਈਮਾਨ ਨੂੰ ਵੇਚ ਖਾਂਦੇ, ਧੀਆਂ ਮਾਰਦੇ ਤੇ ਪਾੜ ਲਾਂਵਦੇ ਜੇ।

ਤਰਕ ਕੌਲ ਹਦੀਸ ਦੇ ਨਿਤ ਕਰਦੇ, ਚੋਰੀ ਯਾਰੀਆਂ ਵਿਆਜ ਕਮਾਂਵਦੇ ਜੇ।

ਜੇਹੇ ਆਪ ਥੀਵਣ ਤੇਹੀਆਂ ਔਰਤਾਂ ਨੇ, ਬੇਟੇ ਬੇਟੀਆਂ ਚੋਰੀਆਂ ਲਾਂਵਦੇ ਜੇ।

ਜਿਹੜਾ ਚੋਰ ਤੇ ਰਾਹਜ਼ਨ ਹੋਵੇ ਕੋਈ, ਉਸ ਦੀ ਵੱਡੀ ਤਾਰੀਫ਼ ਸੁਣਾਂਵਦੇ ਜੇ।

ਜਿਹੜਾ ਪੜ੍ਹੇ ਨਮਾਜ਼ ਹਲਾਲ ਖਾਵੇ, ਉਹਨੂੰ ਮਿਹਣਾ ਮਸ਼ਕਰੀ ਲਾਂਵਦੇ ਜੇ।

ਮੂੰਹੋਂ ਆਖ ਕੁੜਮਾਈਆਂ ਖੋਹ ਲੈਂਦੇ, ਵੇਖੋ ਰੱਬ ਤੇ ਮੌਤ ਭੁਲਾਂਵਦੇ ਜੇ।

ਵਾਰਿਸ ਸ਼ਾਹ ਮੀਆਂ ਦੋ ਦੋ ਖ਼ਸਮ ਦੇਂਦੇ, ਨਾਲ ਬੇਟੀਆਂ ਵੈਰ ਕਮਾਂਵਦੇ ਜੇ।

228

ਹੀਰ ਦੇ ਗਾਨੇ ਦੀ ਰਸਮ

ਜਦੋਂ ਗਾਨੜੇ ਦੇ ਦਿਨ ਆਣ ਪੁੱਗੇ, ਲੱਸੀ ਮੁੰਦਰੀ ਖੇਡਣੇ ਆਈਆਂ ਨੇ।

ਪਈ ਧੁਮ ਕੇਹਾ ਗਾਨੜੇ ਦੀ, ਫਿਰਨ ਖੁਸ਼ੀ ਦੇ ਨਾਲ ਸਵਾਈਆਂ ਨੇ।

ਸੈਦਾ ਲਾਲ ਪੀਹੜੇ ਉਤੇ ਆ ਬੈਠਾ, ਕੁੜੀਆਂ ਵਹੁਟੜੀ ਪਾਸ ਬਹਾਈਆਂ ਨੇ।

ਪਕੜ ਹੀਰ ਦੇ ਹੱਥ ਪਰਾਤ ਪਾਏ, ਬਾਹਾਂ ਮੁਰਦਿਆਂ ਵਾਂਗ ਪਲਮਾਈਆਂ ਨੇ।

ਵਾਰਿਸ ਸ਼ਾਹ ਮੀਆਂ ਨੈਣਾਂ ਹੀਰ ਦਿਆਂ, ਵਾਂਗ ਬੱਦਲਾਂ ਝੰਬਰਾਂ ਲਾਈਆਂ ਨੇ।

229

ਹੀਰ ਦੇ ਜਾਣ ਪਿੱਛੋਂ ਰਾਂਝਾ ਹੈਰਾਨ ਤੇ ਭਾਬੀਆਂ ਦਾ ਖ਼ਤ

ਘਰ ਖੇੜਿਆਂ ਦੇ ਜਦੋਂ ਹੀਰ ਆਈ, ਚੁਕ ਗਏ ਤਗਾਦੜੇ ਅਤੇ ਝੇੜੇ।

ਵਿੱਚ ਸਿਆਲਾਂ ਦੇ ਚੁਪ ਚਾਂਗ ਹੋਈ, ਅਤੇ ਖ਼ੁਸ਼ੀ ਹੋ ਫਿਰਦੇ ਨੇ ਸਭ ਖੇੜੇ।

ਫ਼ੌਜਦਾਰ ਤਗ਼ੱਈਅਰ ਹੋ ਆਣ ਬੈਠਾ, ਕੋਈ ਓਸ ਦੇ ਪਾਸ ਨਾ ਪਾਏ ਫੇਰੇ।

ਵਿੱਚ ਤਖ਼ਤ ਹਜ਼ਾਰੇ ਦੇ ਹੋਣ ਗੱਲਾਂ, ਅਤੇ ਰਾਂਝੇ ਦੀਆਂ ਭਾਬੀਆਂ ਕਰਨ ਝੇੜੇ।

ਚਿੱਠੀ ਲਿਖ ਕੇ ਹੀਰ ਦੀ ਉਜ਼ਰਖ਼ਾਹੀ, ਜਿਵੇਂ ਮੋਏ ਨੂੰ ਪੁਛੀਏ ਹੋ ਨੇੜੇ।

ਹੋਈ ਲਿਖੀ ਰਜ਼ਾ ਦੀ ਰਾਂਝਿਆ ਵੇ, ਸਾਡੇ ਅੱਲੜੇ ਘਾ ਸਨ ਤੂੰ ਉਚੇੜੇ।

ਮੁੜ ਕੇ ਆ ਨਾ ਵਿਗੜਿਆ ਕੰਮ ਤੇਰਾ, ਲਟਕੰਦੜਾ ਘਰੀਂ ਤੂੰ ਪਾ ਫੇਰੇ।

ਜਿਹੜੇ ਫੁੱਲ ਦਾ ਨਿੱਤ ਤੂੰ ਰਹੇਂ ਰਾਖਾ, ਓਸ ਫੁੱਲ ਨੂੰ ਤੋੜ ਲੈ ਗਏ ਖੇੜੇ।

ਜੈਂਦੇ ਵਾਸਤੇ ਫਿਰੇਂ ਤੂੰ ਵਿੱਚ ਝੱਲਾਂ, ਜਿੱਥੇ ਬਾਘ ਬਘੇਲੇ ਤੇ ਸ਼ੀਂਹ ਬੇੜ੍ਹੇ।

ਕੋਈ ਨਹੀਂ ਵਸਾਹ ਕੰਵਾਰੀਆਂ ਦਾ, ਐਵੇਂ ਲੋਕ ਨਿਕੰਮੜੇ ਕਰਨ ਝੇੜੇ।

ਤੂੰ ਤਾਂ ਮਿਹਨਤਾਂ ਸੈਂ ਦਿੰਹੁ ਰਾਤ ਕਰਦਾ, ਵੇਖ ਕੁਦਰਤਾਂ ਰੱਬ ਦੀਆਂ ਕੌਣ ਫੇਰੇ।

ਓਸ ਜੂਹ ਵਿੱਚ ਫੇਰ ਨਾ ਪੀਣ ਪਾਣੀ, ਖੁਸ ਜਾਣ ਜਾਂ ਖੱਪਰਾਂ ਮੂੰਹੋਂ ਹੇੜੇ।

ਕਲਸ ਜ਼ਰੀ ਦਾ ਚਾੜ੍ਹੀਏ ਜਾ ਰੋਜ਼ੇ, ਜਿਸ ਵੇਲੜੇ ਆਣ ਕੇ ਵੜੇਂ ਵਿਹੜੇ।

ਵਾਰਿਸ ਸ਼ਾਹ ਇਹ ਨਜ਼ਰ ਸੀ ਅਸਾਂ ਮੰਨੀ, ਖ਼ੁਆਜਾ ਖ਼ਿਜ਼ਰ ਚਿਰਾਗ਼ ਦੇ ਲਏ ਪੇੜੇ।

230

ਰਾਂਝੇ ਦਾ ਉੱਤਰ

ਭਾਬੀ ਖ਼ਿਜ਼ਾਂ ਦੀ ਰੁੱਤ ਜਾਂ ਆਣ ਪੁੰਨੀ, ਭੌਰ ਆਸਰੇ ਤੇ ਪਏ ਜਾਲਦੇ ਨੀ।

ਸੇਵਣ ਬੁਲਬੁਲਾਂ ਬੂਟਿਆਂ ਸੁੱਕਿਆਂ ਨੂੰ, ਫੇਰ ਫੁੱਲ ਲੱਗਣ ਨਾਲ ਡਾਲਦੇ ਨੀ।

ਅਸਾਂ ਜਦੋਂ ਕਦੋਂ ਉਨ੍ਹਾਂ ਪਾਸ ਜਾਣਾ, ਜਿਹੜੇ ਮਹਿਰਮ ਅਸਾਡੜੇ ਹਾਲ ਦੇ ਨੀ।

ਜਿਨ੍ਹਾਂ ਸੂਲੀਆਂ 'ਤੇ ਲਏ ਜਾਇ ਝੂਟੇ, ਮਨਸੂਰ ਹੋਰੀਂ ਸਾਡੇ ਨਾਲ ਦੇ ਨੀ।

ਵਾਰਿਸ ਸ਼ਾਹ ਜੋ ਗਏ ਸੋ ਨਹੀਂ ਮੁੜਦੇ, ਲੋਕ ਅਸਾਂ ਥੋਂ ਆਵਣਾ ਭਾਲਦੇ ਨੀ।

231

ਤਥਾ

ਮੌਜੂ ਚੌਧਰੀ ਦਾ ਪੁੱਤ ਚਾਕ ਲੱਗਾ, ਇਹ ਪੇਖਣੇ ਜੱਲ-ਜਲਾਲ ਦੇ ਨੀ।

ਏਸ ਇਸ਼ਕ ਪਿੱਛੇ ਮਰਨ ਲੜਣ ਸੂਰੇ, ਸਫ਼ਾਂ ਡੋਬਦੇ ਖੂਹਣੀਆਂ ਗਾਲਦੇ ਨੀ।

ਭਾਬੀ ਇਸ਼ਕ ਥੋਂ ਨੱਸ ਕੇ ਉਹ ਜਾਂਦੇ, ਪੁੱਤਰ ਹੋਣ ਜੋ ਕਿਸੇ ਕੰਗਾਲ ਦੇ ਨੀ।

ਮਾਰੇ ਬੋਲੀਆਂ ਦੇ ਘਰੀਂ ਨਹੀਂ ਵੜਦੇ, ਵਾਰਿਸ ਸ਼ਾਹ ਹੋਰੀਂ ਫਿਰਨ ਭਾਲਦੇ ਨੀ।

232

ਰਾਂਝਾ ਜੱਗ ਦੀ ਰੀਤ ਬਾਰੇ

ਗਏ ਉਮਰ ਤੇ ਵਕਤ ਫਿਰ ਨਹੀਂ ਮੁੜਦੇ, ਗਏ ਕਰਮ ਤੇ ਭਾਗ ਨਾ ਆਂਵਦੇ ਨੀ।

ਗਈ ਗੱਲ ਜ਼ਬਾਨ ਥੀਂ ਤੀਰ ਛੁੱਟਾ, ਗਏ ਰੂਹ ਕਲਬੂਤ ਨਾ ਆਂਵਦੇ ਨੀ।

ਗਈ ਜਾਨ ਜਹਾਨ ਥੀਂ ਛੱਡ ਜੁੱਸਾ, ਗਏ ਹੋਰ ਸਿਆਣੇ ਫ਼ਰਮਾਂਵਦੇ ਨੀ।

ਮੁੜ ਏਤਨੇ ਫੇਰ ਜੇ ਆਂਵਦੇ ਨੀ, ਰਾਂਝੇ ਯਾਰ ਹੋਰੀਂ ਮੁੜ ਆਂਵਦੇ ਨੀ।

ਵਾਰਿਸ ਸ਼ਾਹ ਮੀਆਂ ਸਾਨੂੰ ਕੌਣ ਸੱਦੇ, ਭਾਈ ਭਾਬੀਆਂ ਹੁਨਰ ਚਲਾਂਵਦੇ ਨੀ।

233

ਤਥਾ

ਅੱਗੇ ਵਾਹੀਉਂ ਚਾ ਗਵਾਇਉ ਨੇ, ਹੁਣ ਇਸ਼ਕ ਥੀਂ ਚਾ ਗਵਾਂਵਦੇ ਨੇ।

ਰਾਂਝੇ ਯਾਰ ਹੋਰਾਂ ਏਹਾ ਠਾਠ ਛੱਡੀ, ਕਿਤੇ ਜਾਇਕੇ ਕੰਨ ਪੜਾਂਵਦੇ ਨੇ।

ਇੱਕੇ ਆਪਣੀ ਜਿੰਦ ਗਵਾਂਵਦੇ ਨੇ, ਇੱਕੇ ਹੀਰ ਜੱਟੀ ਬੰਨ੍ਹ ਲਿਆਂਵਦੇ ਨੇ।

ਵੇਖੋ ਜੱਟ ਹੁਣ ਫੰਧ ਚਲਾਂਵਦੇ ਨੇ, ਬਣ ਚੇਲੜੇ ਘੋਨ ਹੋ ਆਂਵਦੇ ਨੇ।

234

ਹੀਰ ਦੇ ਸੌਹਰਿਆਂ ਦੀ ਸਲਾਹ

ਮਸਲਤ ਹੀਰ ਦਿਆਂ ਸੌਹਰਿਆਂ ਇਹ ਕੀਤੀ, ਮੁੜ ਹੀਰ ਨਾ ਪੇਈਅੜੇ ਘੱਲਣੀ ਜੇ।

ਮਤ ਚਾਕ ਮੁੜ ਚੰਬੜੇ ਵਿੱਚ ਸਿਆਲਾਂ, ਇਹ ਗੱਲ ਕੁਸਾਖ ਦੀ ਚੱਲਣੀ ਜੇ।

ਆਖ਼ਰ ਰੰਨ ਦੀ ਜ਼ਾਤ ਬੇਵਫ਼ਾ ਹੁੰਦੀ, ਜਾਇ ਪੇਈਅੜੇ ਘਰੀਂ ਇਹ ਮੱਲਣੀ ਜੇ।

ਵਾਰਿਸ ਸ਼ਾਹ ਦੇ ਨਾਲ ਨਾ ਮਿਲਣ ਦੀਜੇ, ਇਹ ਗੱਲ ਨਾ ਕਿਸੇ ਉਥੱਲਣੀ ਜੇ।

235

ਇੱਕ ਵਹੁਟੀ ਹੱਥ ਹੀਰ ਦਾ ਸੁਨੇਹਾ

ਇੱਕ ਵਹੁਟੜੀ ਸਾਹਵਰੇ ਚੱਲੀ ਸਿਆਲੀਂ, ਆਈ ਹੀਰ ਥੇ ਲੈ ਸਨੇਹਿਆਂ ਨੂੰ।

ਤੇਰੇ ਪੇਈਅੜੇ ਚਲੀ ਹਾਂ ਦੇਹ ਗੱਲਾਂ, ਖੋਲ੍ਹ ਕਿੱਸਿਆਂ ਜੇਹਿਆਂ ਕੇਹਿਆਂ ਨੂੰ।

ਤੇਰੇ ਸਹੁਰਿਆਂ ਤੁਧ ਪਿਆਰ ਕੇਹਾ, ਕਰੋ ਗਰਮ ਸੁਨੇਹਿਆਂ ਬੇਹਿਆਂ ਨੂੰ।

ਤੇਰੀ ਗੱਭਰੂ ਨਾਲ ਹੈ ਬਣੀ ਕੇਹੀ, ਵਹੁਟੀਆਂ ਦਸਦੀਆ ਨੇ ਅਸਾਂ ਜੇਹਿਆਂ ਨੂੰ।

ਹੀਰ ਆਖਿਆ ਓਸ ਦੀ ਗੱਲ ਐਵੇਂ, ਵੈਰ ਰੇਸ਼ਮਾਂ ਨਾਲ ਜਿਉਂ ਲੇਹਿਆਂ ਨੂੰ।

ਵਾਰਿਸ ਕਾਖ਼ ਤੇ ਅਲਿਫ਼ ਤੇ ਲਾਮ ਬੋਲੇ, ਕੀ ਆਖਣਾ ਏਹਿਆਂ ਤੇਹਿਆਂ ਨੂੰ।

236

ਹੀਰ ਦਾ ਸੁਨੇਹਾ

ਹੱਥ ਬੰਨ੍ਹ ਕੇ ਗਲ ਵਿੱਚ ਪਾ ਪੱਲਾ, ਕਹੀਂ ਦੇਸ ਨੂੰ ਦੁਆ ਸਲਾਮ ਮੇਰਾ।

ਘੁਟ ਵੈਰੀਆਂ ਦੇ ਵੱਸ ਪਾਇਉ ਨੇ, ਸਈਆਂ ਚਾਇ ਵਿਸਾਰਿਆ ਨਾਮ ਮੇਰਾ।

ਮਝੋ ਵਾਹ ਵਿੱਚ ਡੋਬਿਆ ਮਾਪਿਆਂ ਨੇ, ਓਹਨਾਂ ਨਾਲ ਨਾਹੀਂ ਕੋਈ ਕਾਮ ਮੇਰਾ।

ਹੱਥ ਜੋੜ ਕੇ ਰਾਂਝੇ ਦੇ ਪੈਰ ਪਕੜੀਂ, ਇੱਕ ਏਤਨਾ ਕਹੀਂ ਪੈਗ਼ਾਮ ਮੇਰਾ।

ਵਾਰਿਸ ਨਾਲ ਬੇਵਾਰਿਸਾਂ ਰਹਿਮ ਕੀਜੇ, ਮਿਹਰਬਾਨ ਹੋ ਕੇ ਆਉ ਸ਼ਾਮ ਮੇਰਾ।

237

ਹੀਰ ਨੂੰ ਰਾਂਝੇ ਦੀ ਤਲਬ

ਤਰੁੱਟੇ ਕਹਿਰ ਕਲੂਰ ਸਿਰ ਤੱਤੜੀ ਦੇ, ਤੇਰੇ ਬਿਰਹਾ ਫ਼ਿਰਾਕ ਦੀ ਕੁਠੀਆਂ ਮੈਂ।

ਸੁੰਞੀ ਤਰਾਟ ਕਲੇਜੜੇ ਵਿੱਚ ਧਾਣੀ ,ਨਹੀਂ ਜਿਉਣਾ ਮਰਨ ਤੇ ਉੱਠੀਆਂ ਮੈਂ।

ਚੋਰ ਪੌਣ ਰਾਤੀਂ ਘਰ ਸੁੱਤਿਆਂ ਦੇ, ਵੇਖੋ ਦਿਹੇਂ ਬਾਜ਼ਾਰ ਵਿੱਚ ਮੁੱਠੀਆਂ ਮੈਂ।

ਜੋਗੀ ਹੋਇਕੇ ਆ ਜੇ ਮਿਲੇ ਮੈਨੂੰ, ਕਿਸੇ ਅੰਬਰੋਂ ਮਿਹਰ ਦੀਉਂ ਤਰੁੱਠੀਆਂ ਮੈਂ।

ਨਹੀਂ ਛਡ ਘਰ ਬਾਰ ਉਜਾੜ ਵੈਸਾਂ, ਨਹੀਂ ਵੱਸਣਾ ਤੇ ਨਾਹੀਂ ਵੁੱਠੀਆਂ ਮੈਂ।

ਵਾਰਿਸ ਸ਼ਾਹ ਪਰੇਮ ਦੀਆਂ ਛਟੀਆਂ ਨੇ, ਮਾਰ ਫੱਟੀਆਂ ਜੁੱਟੀਆਂ ਕੁੱਠੀਆਂ ਮੈਂ।

238

ਵਹੁਟੀ ਦੀ ਪੁੱਛ ਗਿੱਛ

ਵਹੁਟੀ ਆਣ ਕੇ ਸਾਹੁਰੇ ਵੜੀ ਜਿਸ ਦਿਨ, ਪੁੱਛੇ ਚਾਕ ਸਿਆਲਾਂ ਦਾ ਕੇਹੜਾ ਨੀ।

ਮੰਗੂ ਚਾਰਦਾ ਸੀ ਜਿਹੜਾ ਚੂਚਕੇ ਦਾ, ਮੁੰਡਾ ਤਖ਼ਤ ਹਜ਼ਾਰੇ ਦਾ ਜੇਹੜਾ ਨੀ।

ਜਿਹੜਾ ਆਸ਼ਕਾਂ ਵਿੱਚ ਮਸ਼ਹੂਰ ਰਾਂਝਾ, ਸਿਰ ਓਸ ਦੇ ਇਸ਼ਕ ਦਾ ਸਿਹਰਾ ਨੀ।

ਕਿਤੇ ਦਾਇਰੇ ਇੱਕੇ ਮਸੀਤ ਹੁੰਦਾ, ਕੋਈ ਓਸ ਦਾ ਕਿਤੇ ਹੈ ਵਿਹੜਾ ਨੀ।

ਇਸ਼ਕ ਪੱਟ ਤਰੱਟੀਆਂ ਗਾਲੀਆਂ ਨੇ, ਉੱਜੜ ਗਈਆਂ ਦਾ ਵਿਹੜਾ ਕਿਹੜਾ ਨੀ।

239

ਸਿਆਲਾਂ ਦੀਆਂ ਕੁੜੀਆਂ

ਕੁੜੀਆਂ ਆਖਿਆ ਛੈਲ ਹੈ ਮੱਸ ਭਿੰਨਾ, ਛੱਡ ਬੈਠਾ ਹੈ ਜਗ ਦੇ ਸਭ ਝੇੜੇ।

ਸੱਟ ਵੰਝਲੀ ਅਹਿਲ ਫ਼ਕੀਰ ਹੋਇਆ, ਜਿਸ ਰੋਜ਼ ਦੇ ਹੀਰ ਲੈ ਗਏ ਖੇੜੇ।

ਵਿੱਚ ਬੇਲਿਆਂ ਕੂਕਦਾ ਫਿਰੇ ਕਮਲਾ, ਜਿੱਥੇ ਬਾਘ ਬਘੇਲੇ ਤੇ ਸ਼ੀਂਹ ਬੇੜ੍ਹੇ।

ਕੋਈ ਓਸ ਦੇ ਨਾਲ ਨਾ ਗੱਲ ਕਰਦਾ, ਬਾਝ ਮੰਤਰੋਂ ਨਾਗ ਨੂੰ ਕੌਣ ਛੇੜੇ।

ਕੁੜੀਆਂ ਆਖਿਆ ਜਾਉ ਵਿਲਾਉ ਉਸ ਨੂੰ, ਕਿਵੇਂ ਘੇਰ ਕੇ ਮਾਂਦਰੀ ਕਰੋ ਨੇੜੇ।

240

ਕੁੜੀਆਂ ਉਹਨੂੰ ਰਾਂਝੇ ਕੋਲ ਲੈ ਗਈਆਂ

ਕੁੜੀਆਂ ਜਾਇ ਵਿਲਾਇਆ ਰਾਂਝਣੇ ਨੂੰ, ਫਿਰੇ ਦੁਖ ਤੇ ਦਰਦ ਦਾ ਲੱਦਿਆ ਈ।

ਆ ਘਿਨ ਸੁਨੇਹੜਾ ਸੱਜਣਾਂ ਦਾ, ਤੈਨੂੰ ਹੀਰ ਸਿਆਲ ਨੇ ਸੱਦਿਆ ਈ।

ਤੇਰੇ ਵਾਸਤੇ ਮਾਪਿਆਂ ਘਰੋਂ ਕੱਢੀ, ਅਸਾਂ ਸਾਹੁਰਾ ਪੇਈਅੜਾ ਰੱਦਿਆ ਈ।

ਤੁਧ ਬਾਝ ਨਹੀਂ ਜਿਉਣਾ ਹੋਗ ਮੇਰਾ, ਵਿੱਚ ਸਿਆਲਾਂ ਦੇ ਜਿਉ ਕਿਉਂ ਅਡਿਆ ਈ।

ਝੱਬ ਹੋ ਫ਼ਕੀਰ ਤੇ ਪਹੁੰਚ ਮੈਂਥੇ, ਓਥੇ ਝੰਡੜਾ ਕਾਸ ਨੂੰ ਗੱਡਿਆ ਈ।

ਵਾਰਿਸ ਸ਼ਾਹ ਇਸ ਇਸ਼ਕ ਦੀ ਨੌਕਰੀ ਨੇ, ਦੰਮਾਂ ਬਾਝ ਗ਼ੁਲਾਮ ਕਰ ਛੱਡਿਆ ਈ।

241

ਰਾਂਝੇ ਨੇ ਹੀਰ ਨੂੰ ਚਿੱਠੀ ਲਿਖਵਾਈ

ਮੀਏਂ ਰਾਂਝੇ ਨੇ ਮੁੱਲਾਂ ਨੂੰ ਜਾ ਕਿਹਾ, ਚਿੱਠੀ ਲਿਖੋ ਜੀ ਸੱਜਣਾਂ ਪਿਆਰਿਆਂ ਨੂੰ।

ਤੁਸਾਂ ਸਾਹੁਰੇ ਜਾ ਆਰਾਮ ਕੀਤਾ, ਅਸੀਂ ਢੋਏ ਹਾਂ ਸੂਲ ਅੰਗਿਆਰਿਆਂ ਨੂੰ।

ਅੱਗ ਲੱਗ ਕੇ ਜ਼ਿਮੀਂ ਅਸਮਾਨ ਸਾੜੇ, ਚਾ ਲਿੱਖਾਂ ਜੇ ਦੁਖੜਿਆਂ ਸਾਰਿਆਂ ਨੂੰ।

ਮੈਥੋਂ ਠਗ ਕੇ ਮਹੀਂ ਚਰਾਇ ਲਈਉਂ, ਰੰਨਾਂ ਸੱਚ ਨੇ ਤੋੜਦੀਆਂ ਤਾਰਿਆਂ ਨੂੰ।

ਚਾਕ ਹੋਕੇ ਵੱਤ ਫ਼ਕੀਰ ਹੋਸਾਂ, ਕੇਹਾ ਮਾਰਿਉ ਅਸਾਂ ਵਿਚਾਰਿਆਂ ਨੂੰ।

ਗਿਲਾ ਲਿਖੋ ਜੇ ਯਾਰ ਨੇ ਲਿਖਿਆ ਏ, ਸੱਜਣ ਲਿਖਦੇ ਜਿਵੇਂ ਪਿਆਰਿਆਂ ਨੂੰ।

ਵਾਰਿਸ ਸ਼ਾਹ ਨਾ ਰੱਬ ਬਿਨ ਟਾਂਗ ਕਾਈ, ਕਿਵੇਂ ਜਿੱਤੀਏ ਮਾਮਲਿਆਂ ਹਾਰਿਆਂ ਨੂੰ।

242

ਤਥਾ

ਤੈਨੂੰ ਚਾ ਸੀ ਵੱਡਾ ਵਿਆਹ ਵਾਲਾ, ਭਲਾ ਹੋਇਆ ਜੇ ਝੱਬ ਵਹੀਜੀਏਂ ਨੀ।

ਐਥੋਂ ਨਿਕਲ ਗਈਏਂ ਬੁਰੇ ਦਿਹਾਂ ਵਾਂਗੂੰ, ਅੰਤ ਸਾਹੁਰੇ ਜਾ ਪਤੀਜੀਏਂ ਨੀ।

ਰੰਗ ਰੱਤੀਏ ਵਹੁਟੀਏ ਖੇੜਿਆਂ ਦੀਏ, ਕੈਦੋ ਲੰਙੇ ਦੀ ਸਾਕ ਭਤੀਜੀਏਂ ਨੀ।

ਚੁਲੀਂ ਪਾ ਪਾਣੀ ਦੁੱਖਾਂ ਨਾਲ ਪਾਲੀ, ਕਰਮ ਸੈਦੇ ਦੇ ਮਾਪਿਆਂ ਬੀਜੀਏਂ ਨੀ।

ਕਾਸਦ ਜਾਇਕੇ ਹੀਰ ਨੂੰ ਖ਼ਤ ਦਿੱਤਾ, ਇਹ ਲੈ ਚਾਕ ਦਾ ਲਿਖਿਆ ਲੀਜੀਏਂ ਨੀ।

243

ਉੱਤਰ ਹੀਰ

ਤੇਰੇ ਵਾਸਤੇ ਬਹੁਤ ਉਦਾਸ ਹਾਂ ਮੈਂ, ਰੱਬਾ ਮੇਲ ਤੂੰ ਚਿਰੀਂ ਵਿਛੁੰਨਿਆਂ ਨੂੰ।

ਹੱਥੀਂ ਮਾਪਿਆਂ ਦਿੱਤੀ ਸਾਂ ਜ਼ਾਲਮਾਂ ਨੂੰ, ਲੱਗਾ ਲੂਣ ਕਲੇਜਿਆਂ ਭੁੰਨਿਆਂ ਨੂੰ।

ਮੌਤ ਅਤੇ ਸੰਜੋਗ ਨਾ ਟਲੇ ਮੂਲੇ, ਕੌਣ ਮੋੜਦਾ ਸਾਹਿਆਂ ਪੁੰਨਿਆਂ ਨੂੰ।

ਜੋਗੀ ਹੋਇਕੇ ਆ ਤੂੰ ਸੱਜਣਾਂ ਵੋ, ਕੌਣ ਜਾਣਦਾ ਜੋਗੀਆਂ ਮੁੰਨਿਆਂ ਨੂੰ।

ਕਿਸੇ ਤੱਤੜੇ ਵਕਤ ਸੀ ਨਿਹੁੰ ਲੱਗਾ, ਵਾਰਿਸ ਬੀਜਿਆ ਦਾਣਿਆਂ ਭੁੰਨਿਆਂ ਨੂੰ।

244

ਤਥਾ

ਕਾਇਦ ਆਬਖੋਰ ਦੇ ਖਿੱਚੀ ਵਾਂਗ ਕਿਸਮਤ, ਕੋਇਲ ਲੰਕ ਦੇ ਬਾਗ਼ ਦੀ ਗਈ ਦਿੱਲੀ।

ਮੈਨਾ ਲਈ ਬੰਗਾਲਿaੁਂ ਚਾਕ ਕਮਲੇ, ਖੇੜਾ ਪਿਆ ਅਜ਼ਗ਼ੈਬ ਦੀ ਆਣ ਬਿੱਲੀ।

ਚੁਸਤੀ ਆਪਣੀ ਪਕੜ ਨਾ ਹਾਰ ਹਿੰਮਤ, ਹੀਰ ਨਾਹੀਉਂ ਇਸ਼ਕ ਦੇ ਵਿੱਚ ਢਿੱਲੀ।

ਕੋਈ ਜਾਇਕੇ ਪਕੜ ਫ਼ਕੀਰ ਕਾਮਿਲ, ਫ਼ਕਰ ਮਾਰਦੇ ਵਿੱਚ ਰਜ਼ਾ ਕਿੱਲੀ।

ਵਾਰਿਸ ਸ਼ਾਹ ਮਸਤਾਨੜਾ ਹੋ ਲੱਲ੍ਹੀ, ਸੇਲ੍ਹੀ ਗੋਦੜੀ ਬੰਨ੍ਹ ਹੋ ਸ਼ੇਖ਼ ਚਿੱਲੀ।

245

ਹੀਰ ਦੀ ਚਿੱਠੀ

ਦਿੱਤੀ ਹੀਰ ਲਿਖਾਇਕੇ ਇਹ ਚਿੱਠੀ, ਰਾਂਝੇ ਯਾਰ ਦੇ ਹੱਥ ਲੈ ਜਾ ਦੇਣੀ।

ਕਿਤੇ ਬੈਠ ਨਿਵੇਕਲਾ ਸੱਦ ਮੁੱਲਾਂ, ਸਾਰੀ ਖੋਲ੍ਹ ਕੇ ਬਾਤ ਸੁਣਾ ਦੇਣੀ।

ਹੱਥ ਬੰਨ੍ਹ ਕੇ ਮੇਰਿਆਂ ਸੱਜਣਾਂ ਨੂੰ, ਰੋ ਰੋ ਸਲਾਮ ਦੁਆ ਦੇਣੀ।

ਮਰ ਚੁੱਕੀਆਂ ਜਾਨ ਹੈ ਨੱਕ ਉਤੇ, ਹਿੱਕ ਵਾਰ ਜੇ ਦੀਦਨਾ ਆ ਦੇਣੀ।

ਖੇੜੇ ਹੱਥ ਨਾ ਲਾਂਵਦੇ ਮੰਜੜੀ ਨੂੰ, ਹੱਥ ਲਾਇਕੇ ਗੋਰ ਵਿੱਚ ਪਾ ਦੇਣੀ।

ਕਖ ਹੋ ਰਹੀਆਂ ਗ਼ਮਾਂ ਨਾਲ ਰਾਂਝਾ, ਏਹ ਚਿਣਗ ਲੈ ਜਾਇਕੇ ਲਾ ਦੇਣੀ।

ਮੇਰਾ ਯਾਰ ਹੈਂ ਤਾਂ ਮੈਥੇ ਪਹੁੰਚ ਮੀਆਂ, ਕੰਨ ਰਾਂਝੇ ਦੇ ਏਤਨੀ ਪਾ ਦੇਣੀ।

ਮੇਰੀ ਲਈਂ ਨਿਸ਼ਾਨੜੀ ਬਾਂਕ ਛੱਲਾ, ਰਾਂਝੇ ਯਾਰ ਦੇ ਹੱਥ ਲਿਜਾ ਦੇਣੀ।

ਵਾਰਿਸ ਸ਼ਾਹ ਮੀਆਂ ਓਸ ਕਮਲੜੇ ਨੂੰ, ਢੰਗ ਜ਼ੁਲਫ਼ ਜ਼ੰਜੀਰ ਦੀ ਪਾ ਦੇਣੀ।

246

ਤਥਾ

ਅੱਗੇ ਚੂੰਡੀਆਂ ਨਾਲ ਹੰਢਾਇਆ ਈ, ਜ਼ੁਲਫ਼ ਕੁੰਡਲਾਂਦਾਰ ਹੁਣ ਵੇਖ ਮੀਆਂ।

ਘਤ ਕੁੰਡਲੀ ਨਾਗ ਸਿਆਹ ਪਲਮੇ, ਵੇਖੇ ਉਹ ਭਲਾ ਜਿਸ ਲੇਖ ਮੀਆਂ।

ਮਲੇ ਵਟਣਾ ਲੋੜ੍ਹ ਦੰਦਾਸੜੇ ਦਾ, ਨੈਣ ਖ਼ੂਨੀਆਂ ਦੇ ਭਰਨ ਭੇਖ ਮੀਆਂ।

ਆ ਹੁਸਨ ਦੀ ਦੀਦ ਕਰ ਵੇਖ ਜ਼ੁਲਫ਼ਾਂ, ਖ਼ੂਨੀ ਨੈਣਾਂ ਦੇ ਭੇਖ ਨੂੰ ਦੇਖ ਮੀਆਂ।

ਵਾਰਿਸ ਸ਼ਾਹ ਫ਼ਕੀਰ ਹੋ ਪਹੁੰਚ ਮੈਂਥੇ, ਫ਼ਕਰ ਮਾਰਦੇ ਰੇਖ ਵਿੱਚ ਮੇਖ ਮੀਆਂ।

247

ਹੀਰ ਦੀ ਚਿੱਠੀ ਕਾਸਦ ਰਾਂਝੇ ਕੋਲ ਲਿਆਇਆ

ਕਾਸਦ ਆਣ ਰੰਝੇਟੇ ਨੂੰ ਖਤ ਦਿੱਤਾ, ਨਢੀ ਮੋਈ ਹੈ ਨੱਕ ਤੇ ਜਾਨ ਆਈ।

ਕੋਈ ਪਾ ਭੁਲਾਵੜਾ ਠਗਿਓਈ, ਸਿਰ ਘੱਤਿਉ ਚਾ ਮਸਾਨ ਮੀਆਂ।

ਤੇਰੇ ਵਾਸਤੇ ਰਾਤ ਨੂੰ ਗਿਣੇ ਤਾਰੇ, ਕਿਸ਼ਤੀ ਨੂਹ ਦੀ ਵਿੱਚ ਤੂਫਾਨ ਮੀਆਂ।

ਇੱਕ ਘੜੀ ਆਰਾਮ ਨਾ ਆਉਂਦਾ ਈ, ਕੇਹਾ ਠੋਕਿਉ ਪ੍ਰੇਮ ਦਾ ਬਾਣ ਮੀਆਂ।

ਤੇਰਾ ਨਾਂਉਂ ਲੈ ਕੇ ਨੱਢੀ ਜਿਉਂਦੀ ਹੈ, ਭਾਵੇਂ ਜਾਣ ਤੇ ਭਾਵੇਂ ਨਾ ਜਾਣ ਮੀਆਂ।

ਮੂੰਹੋਂ ਰਾਂਝੇ ਦਾ ਨਾਮ ਜਾਂ ਕੱਢ ਬਹਿੰਦੀ, ਓਥੇ ਨਿਤ ਪੌਂਦੇ ਘਮਸਾਣ ਮੀਆਂ।

ਰਾਤੀਂ ਘੜੀ ਨਾ ਸੇਜ ਤੇ ਮੂਲ ਸੌਂਦੀ, ਰਹੇ ਲੋਗ ਬਹੁਤੇਰੜਾ ਰਾਣ ਮੀਆਂ।

ਜੋਗੀ ਹੋਇਕੇ ਨਗਰ ਵਿੱਚ ਪਾ ਫੇਰਾ, ਮੌਜਾਂ ਨਾਲ ਤੂੰ ਨੱਢੜੀ ਮਾਣ ਮੀਆਂ।

ਵਾਰਿਸ ਸ਼ਾਹ ਮੀਆਂ ਸਭੋ ਕੰਮ ਹੁੰਦੇ, ਜਦੋਂ ਰੱਬ ਹੁੰਦਾ ਮਿਹਰਬਾਨ ਮੀਆਂ।

248

ਰਾਂਝੇ ਦੀ ਉੱਤਰ ਲਈ ਫ਼ਰਮਾਇਸ਼

ਚਿੱਠੀ ਨਾਉਂ ਤੇਰੇ ਲਿਖੀ ਨੱਢੜੀ ਨੇ, ਵਿੱਚੇ ਲਿਖੇ ਸੂ ਦਰਦ ਫ਼ਿਰਾਕ ਸਾਰੇ।

ਰਾਂਝਾ ਤੁਰਤ ਪੜ੍ਹਾਇਕੇ ਫਰਸ਼ ਹੋਇਆ, ਦਿਲੋਂ ਆਹ ਦੇ ਠੰਡੜੇ ਸਾਹ ਮਾਰੇ।

ਮੀਆਂ ਲਿਖ ਤੂੰ ਦਰਦ ਫ਼ਿਰਾਕ ਮੇਰਾ, ਜਿਹੜਾ ਅੰਬਰੋਂ ਸੁਟਦਾ ਤੋੜ ਤਾਰੇ।

ਘਾ ਲਿਖ ਜੋ ਦਿਲੇ ਦੇ ਦੁਖੜੇ ਦੇ, ਲਿਖਣ ਪਿਆਰਿਆਂ ਨੂੰ ਜਿਵੇਂ ਯਾਰ ਪਿਆਰੇ।

249

ਰਾਂਝੇ ਦਾ ਉੱਤਰ ਲਿਖਣਾ

ਲਿਖਿਆ ਇਹ ਜਵਾਬ ਰੰਝੇਟੜੇ ਨੇ, ਜਦੋਂ ਜੀਊ ਵਿੱਚ ਓਸ ਦੇ ਸ਼ੋਰ ਪਏ।

ਓਸੇ ਰੋਜ਼ ਦੇ ਅਸੀਂ ਫ਼ਕੀਰ ਹੋਏ, ਜਿਸ ਰੋਜ਼ ਦੇ ਹੁਸਨ ਦੇ ਚੋਰ ਹੋਏ।

ਪਹਿਲੇ ਦੁਆ ਸਲਾਮ ਪਿਆਰਿਆਂ ਨੂੰ, ਮਝੋ ਵਾਹ ਫ਼ਿਰਾਕ ਦੇ ਬੋੜ ਹੋਏ।

ਅਸਾਂ ਜਾਨ ਤੇ ਮਾਲ ਦਰਪੇਸ਼ ਕੀਤਾ, ਅੱਟੀ ਲੱਗੜੀ ਪ੍ਰੀਤ ਨੂੰ ਤੋੜ ਗਏ।

ਸਾਡੀ ਜ਼ਾਤ ਸਿਫ਼ਾਤ ਬਰਬਾਦ ਕਰਕੇ, ਲੜ ਖੇੜਿਆਂ ਦੇ ਨਾਲ ਜੋੜ ਗਏ।

ਆਪ ਹੱਸ ਕੇ ਸਾਹੁਰੇ ਮੱਲਿਓਨੇ, ਸਾਡੇ ਨੈਣਾਂ ਦਾ ਨੀਰ ਨਖੋੜ ਗਏ।

ਆਪ ਹੋ ਮਹਿਬੂਬ ਜਾ ਸਤਰ ਬੈਠੇ, ਸਾਡੇ ਰੂਪ ਦਾ ਰਸਾ ਨਚੋੜ ਗਏ।

ਵਾਰਿਸ ਸ਼ਾਹ ਮੀਆਂ ਮਿਲੀਆਂ ਵਾਹਰਾਂ ਥੋਂ, ਧੜਵੈਲ ਵੇਖੋ ਜ਼ੋਰੋ ਜ਼ੋਰ ਗਏ।

250

ਉੱਤਰ ਰਾਂਝੇ ਵੱਲੋਂ

ਸਾਡੀ ਖ਼ੈਰ ਹੈ ਚਾਹੁੰਦੇ ਖ਼ੈਰ ਤੈਂਡੀ, ਫਿਰ ਲਿਖੋ ਹਕੀਕਤਾਂ ਸਾਰੀਆਂ ਜੀ।

ਪਾਕ ਰੱਬ ਤੇ ਪੀਰ ਦੀ ਮਿਹਰ ਬਾਝੋਂ, ਕੱਟੇ ਕੌਣ ਮੁਸੀਬਤਾਂ ਭਾਰੀਆਂ ਜੀ।

ਮੌਜੂ ਚੌਧਰੀ ਦੇ ਪੁਤ ਚਾਕ ਹੋ ਕੇ, ਚੂਚਕ ਸਿਆਲ ਦੀਆਂ ਖੋਲੀਆਂ ਚਾਰੀਆਂ ਜੀ।

ਦਗ਼ਾ ਦੇ ਕੇ ਆਪ ਚੜ੍ਹ ਜਾਣ ਡੋਲੀ, ਚੰਚਲ-ਹਾਰੀਆਂ ਇਹ ਕਵਾਰੀਆਂ ਜੀ।

ਸੱਪ ਰੱਸੀਆਂ ਦੇ ਕਰਨ ਮਾਰ ਮੰਤਰ, ਤਾਰੇ ਦੇਂਦੀਆਂ ਨੇ ਹੇਠ ਖਾਰੀਆਂ ਜੀ।

ਪੇਕੇ ਜੱਟਾਂ ਨੂੰ ਮਾਰ ਫ਼ਕੀਰ ਕਰਕੇ, ਲੈਦ ਸਾਹੁਰੇ ਜਾਇ ਘੁਮਕਾਰੀਆਂ ਜੀ।

ਆਪ ਨਾਲ ਸੁਹਾਗ ਦੇ ਜਾ ਰੁੱਪਣ, ਪਿੱਛੇ ਲਾ ਜਾਵਣ ਪੁਚਕਾਰੀਆਂ ਜੀ।

ਸਰਦਾਰਾਂ ਦੇ ਪੁੱਤਰ ਫ਼ਕੀਰ ਕਰਕੇ, ਆਪ ਮੱਲਦੀਆਂ ਜਾਂ ਸਰਦਾਰੀਆਂ ਜੀ।

ਵਾਰਿਸ ਸ਼ਾਹ ਨਾ ਹਾਰਦੀਆਂ ਅਸਾਂ ਕੋਲੋਂ, ਰਾਜੇ ਭੋਜ ਥੀਂ ਇਹ ਨਾ ਹਾਰੀਆਂ ਜੀ।

251

ਰਾਂਝਾ ਆਪਣੇ ਦਿਲ ਨਾਲ

ਰਾਂਝੇ ਆਖਿਆ ਲੁੱਟੀਂ ਦੀ ਹੀਰ ਦੌਲਤ, ਜਰਮ ਗਾਲੀਏ ਤਾਂ ਉਹਨੂੰ ਜਾ ਲਈਏ।

ਉਹ ਰੱਬ ਦੇ ਨੂਰ ਦਾ ਖ਼ਵਾਨ ਯਗ਼ਮਾ ਸ਼ੁਹਦੇ ਹੋਇਕੇ ਰੰਗ ਵਟਾ ਲਈਏ।

ਇੱਕ ਹੋਵਣਾ ਰਹਿਆ ਫ਼ਕੀਰ ਮੈਥੋਂ, ਰਹਿਆ ਏਤਨਾ ਵਸ ਸੋ ਲਾ ਲਈਏ।

ਮੱਖਣ ਪਾਲਿਆ ਚੀਕਣਾ ਨਰਮ ਪਿੰਡਾ, ਜ਼ਰਾ ਖ਼ਾਕ ਦੇ ਵਿੱਚ ਰਮਾ ਲਈਏ।

ਕਿਸੇ ਜੋਗੀ ਥੀਂ ਸਿੱਖੀਏ ਸਿਹਰ ਕੋਈ, ਚੇਲੇ ਹੋਇਕੇ ਕੰਨ ਪੜਵਾ ਲਈਏ।

ਅੱਗੇ ਲੋਕਾਂ ਦੇ ਝੁਗੜੇ ਬਾਲ ਸੇਕੇ, ਜ਼ਰਾ ਆਪਣੇ ਨੂੰ ਚਿਣਗ ਲਾ ਲਈਏ।

ਅੱਗੇ ਝੰਗ ਸਿਆਲਾਂ ਦਾ ਸੈਰ ਕੀਤਾ, ਜ਼ਰਾ ਖੇੜਿਆਂ ਨੂੰ ਝੋਕ ਲਾ ਲਈਏ।

ਓਥੇ ਖ਼ੁਦੀ ਗੁਮਾਨ ਮਨਜ਼ੂਰ ਨਾਹੀਂ, ਸਿਰ ਵੇਚੀਏ ਤਾਂ ਭੇਤ ਪਾ ਲਈਏ।

ਵਾਰਿਸ ਸ਼ਾਹ ਮਹਿਬੂਬ ਨੂੰ ਤਦੋਂ ਪਾਈਏ, ਜਦੋਂ ਆਪਣਾ ਆਪ ਗਵਾ ਲਈਏ।

252

ਰਾਂਝੇ ਦਾ ਜੋਗੀ ਬਣਨ ਦਾ ਇਰਾਦਾ

ਬੁਝੀ ਇਸ਼ਕ ਦੀ ਅੱਗ ਨੂੰ ਵਾਉ ਲੱਗੀ, ਸਮਾਂ ਆਇਆ ਹੈ ਸ਼ੌਕ ਜਗਾਵਣੇ ਦਾ।

ਬਾਲਨਾਥ ਦੇ ਟਿੱਲੇ ਦਾ ਰਾਹ ਫੜਿਆ, ਮਤਾ ਜਾਗਿਆ ਕੰਨ ਪੜਾਵਣੇ ਦਾ।

ਪਟੇ ਪਾਲ ਮਲਾਈਆਂ ਨਾਲ ਰੱਖੇ, ਵਕਤ ਆਇਆ ਹੈ ਰਗੜ ਮੁਨਾਵਣੇ ਦਾ।

ਜਰਮ ਕਰਮ ਤਿਆਗ ਕੇ ਠਾਣ ਬੈਠਾ, ਕਿਸੇ ਜੋਗੀ ਦੇ ਹੱਥ ਵਿਕਾਵਣੇ ਦਾ।

ਬੁੰਦੇ ਸੋਇਨੇ ਦੇ ਲਾਹ ਕੇ ਚਾਇ ਚੜ੍ਹਿਆ, ਕੰਨ ਪਾੜ ਕੇ ਮੁੰਦਰਾਂ ਪਾਵਣੇ ਦਾ।

ਕਿਸੇ ਐਸੇ ਗੁਰਦੇਵ ਦੀ ਟਹਿਲ ਕਰੀਏ, ਸਿਹਰ ਦੱਸ ਦੇ ਰੰਨ ਖਿਸਕਾਵਣੇ ਦਾ।

ਵਾਰਿਸ ਸ਼ਾਹ ਮੀਆਂ ਇਨ੍ਹਾ ਆਸ਼ਕਾਂ ਨੂੰ, ਫ਼ਿਕਰ ਜ਼ਰਾ ਨਾ ਜਿੰਦ ਗਵਾਵਣੇ ਦਾ।

253

ਰਾਂਝੇ ਦਾ ਹੋਕਾ

ਹੋਕਾ ਫਿਰੇ ਦਿੰਦਾ ਪਿੰਡਾਂ ਵਿੱਚ, ਸਾਰੇ ਆਉ ਕਿਸੇ ਫ਼ਕੀਰ ਜੇ ਹੋਵਣਾ ਜੇ।

ਮੰਗ ਖਾਵਣਾ ਕੰਮ ਨਾ ਕਾਜ ਕਰਨਾ, ਨਾ ਕੋ ਚਾਰਨਾ ਤੇ ਨਾ ਹੀ ਚੋਵਣਾ ਜੇ।

ਜ਼ਰਾ ਕੰਨ ਪੜਾਇਕੇ ਸਵਾਹ ਮਲਣੀ, ਗੁਰੂ ਸਾਰੇ ਹੀ ਜੱਗ ਦਾ ਹੋਵਣਾ ਜੇ।

ਨਾ ਦਿਹਾੜ ਨਾ ਕਸਬ ਰੁਜ਼ਗਾਰ ਕਰਨਾ, ਨਾਢੂ ਸ਼ਾਹ ਫਿਰ ਮੁਫ਼ਤ ਦਾ ਹੋਵਣਾ ਜੇ।

ਨਹੀਂ ਦੇਣੀ ਵਧਾਈ ਫਿਰ ਜੰਮਦੇ ਦੀ, ਕਿਸੇ ਮੋਏ ਨੂੰ ਮੂਲ ਨਾ ਰੋਵਣਾ ਜੇ।

ਮੰਗ ਖਾਵਣਾ ਅਤੇ ਮਸੀਤ ਸੌਣਾ, ਨਾ ਕੁੱਝ ਬੋਵਣਾ ਤੇ ਨਾ ਕੁੱਝ ਲੋਵਣਾ ਜੇ।

ਨਾਲੇ ਮੰਗਣਾ ਤੇ ਨਾਲੇ ਘੂਰਨਾ ਈ, ਦੇਣਦਾਰ ਨਾ ਕਿਸੇ ਦਾ ਹੋਵਣਾ ਜੇ।

ਖ਼ਸ਼ੀ ਆਪਣੀ ਉੱਠਣਾ ਮੀਆਂ ਵਾਰਿਸ, ਅਤੇ ਆਪਣੀ ਨੀਂਦ ਹੀ ਸੋਵਣਾ ਜੇ।

254

ਟਿੱਲੇ ਜਾਕੇ ਜੋਗੀ ਨਾਲ ਰਾਂਝੇ ਦੀ ਗੱਲ ਬਾਤ

ਟਿੱਲੇ ਜਾਇਕੇ ਜੋਗੀ ਦੇ ਹੱਥ ਜੋੜੇ, ਸਾਨੂੰ ਆਪਣਾ ਕਰੋ ਫ਼ਕੀਰ ਸਾਈਂ।

ਤੇਰੇ ਦਰਸ ਦੀਦਾਰ ਦੇ ਦੇਖਣੇ ਨੂੰ, ਆਇਆਂ ਦੇਸ ਪਰਦੇਸ ਮੈਂ ਚੀਰ ਸਾਈਂ।

ਸਿਦਕ ਧਾਰ ਕੇ ਨਾਲ ਯਕੀਨ ਆਇਆ, ਅਸੀਂ ਚੇਲੜੇ ਤੇ ਤੁਸੀਂ ਪੀਰ ਸਾਈਂ।

ਬਾਦਸ਼ਾਹ ਸੱਚਾ ਰੱਬ ਆਲਮਾਂ ਦਾ, ਫ਼ਕਰ ਓਸ ਦੇ ਹੈਣ ਵਜ਼ੀਰ ਸਾਈਂ।

ਬਿਨਾਂ ਮੁਰਸ਼ਦਾਂ ਰਾਹ ਨਾ ਹੱਥ ਆਵੇ, ਦੁਧ ਬਾਝ ਨਾ ਹੋਵੇ ਹੈ ਖੀਰ ਸਾਈਂ।

ਯਾਦ ਹੱਕ ਦੀ ਸਬਰ ਤਸਲੀਮ ਨਿਹਚਾ, ਤੁਸਾਂ ਜਗ ਦੇ ਨਾਲ ਕੀ ਸੀਰ ਸਾਈਂ।

ਫ਼ਕਰ ਕੁਲ ਜਹਾਨ ਦਾ ਆਸਰਾ ਹੈ, ਤਾਬਿਹ ਫ਼ਕਰ ਦੀ ਪੀਰ ਤੇ ਮੀਰ ਸਾਈਂ।

ਮੇਰਾ ਮਾਉਂ ਨਾ ਬਾਪ ਨਾ ਸਾਕ ਕੋਈ, ਚਾਚਾ ਤਾਇਆ ਨਾ ਭੈਣ ਨਾ ਵੀਰ ਸਾਈਂ।

ਦੁਨੀਆਂ ਵਿੱਚ ਹਾਂ ਬਹੁਤ ਉਦਾਸ ਹੋਇਆ, ਪੈਰੋਂ ਸਾਡਿਉਂ ਲਾਹ ਜ਼ੰਜੀਰ ਸਾਈਂ।

ਤੈਨੂੰ ਛੱਡ ਕੇ ਜਾਂ ਮੈਂ ਹੋਰ ਕਿਸ ਥੇ, ਨਜ਼ਰ ਆਂਵਦਾ ਜ਼ਾਹਰਾ ਪੀਰ ਸਾਈਂ।

255

ਨਾਥ

ਨਾਥ ਦੇਖ ਕੇ ਬਹੁਤ ਮਲੂਕ ਚੰਚਲ, ਅਹਿਲ ਤਬ੍ਹਾ ਤੇ ਸੁਹਣਾ ਛੈਲ ਮੁੰਡਾ।

ਕੋਈ ਹੁਸਨ ਦੀ ਖਾਣ ਹੁਸ਼ਨਾਕ ਸੁੰਦਰ, ਅਤੇ ਲਾਡਲਾ ਮਾਉਂ ਤੇ ਬਾਪ ਸੰਦਾ।

ਕਿਸੇ ਦੁਖ ਤੋਂ ਰੁਸ ਕੇ ਉਠ ਆਇਆ, ਇੱਕੇ ਕਿਸੇ ਦੇ ਨਾਲ ਪੈ ਗਿਆ ਧੰਦਾ।

ਨਾਥ ਆਖਦਾ ਦੱਸ ਖਾਂ ਸੱਚ ਮੈਂਥੇ, ਤੂੰ ਹੈਂ ਕਿਹੜੇ ਦੁਖ ਫ਼ਕੀਰ ਹੁੰਦਾ।

256

ਤਥਾ

ਇਹ ਜਗ ਮਕਾਮ ਫ਼ਨਾਹ ਦਾ ਹੈ, ਸੱਭਾ ਰੇਤ ਦੀ ਕੰਧ ਇਹ ਜੀਵਣਾ ਹੈ।

ਛਾਉਂ ਬੱਦਲਾਂ ਦੀ ਉਮਰ ਬੰਦਿਆਂ ਦੀ, ਅਜ਼ਰਾਈਲ ਨੇ ਪਾੜਣਾ ਸੀਵਣਾ ਹੈ।

ਅੱਜ ਕਲ ਜਹਾਨ ਦਾ ਸਹਿਜ ਮੇਲਾ, ਕਿਸੇ ਨਿੱਤ ਨਾ ਹੁਕਮ ਤੇ ਥੀਵਣਾ ਹੈ।

ਵਾਰਿਸ ਸ਼ਾਹ ਮੀਆਂ ਅੰਤ ਖ਼ਾਕ ਹੋਣਾ, ਲਖ ਆਬੇ-ਹਿਆਤ ਜੇ ਪੀਵਣਾ ਹੈ।

257

ਤਥਾ

ਹੱਥ ਕੰਙਨਾ ਪਹੁੰਚੀਆਂ ਫਬ ਰਹੀਆਂ, ਕੰਨੀ ਛਣਕਦੇ ਸੁਹਣੇ ਬੁੰਦੜੇ ਨੇ।

ਮੰਝ ਪਟ ਦੀਆਂ ਲੁੰਗੀਆਂ ਖੇਸ ਉੱਤੇ, ਸਿਰ ਭਿੰਨੇ ਫੁਲੇਲ ਦੇ ਜੁੰਡੜੇ ਨੇ।

ਸਿਰ ਕੁੱਚਕੇ ਬਾਰੀਆਂਦਾਰ ਛੱਲੇ, ਕੱਜਲ ਭਿੰਨੜੇ ਨੈਣ ਨਚੰਦੜੇ ਨੇ।

ਖਾਣ ਪੀਣ ਪਹਿਰਨ ਸਿਰੋਂ ਮਾਪਿਆਂ ਦੇ, ਤੁਸਾਂ ਜਹੇ ਫ਼ਕੀਰ ਕਿਉਂ ਹੁੰਦੜੇ ਨੇ।

258

ਤਥਾ

ਖ਼ਾਬ ਰਾਤ ਦਾ ਜੱਗ ਦੀਆਂ ਸਭ ਗੱਲਾਂ, ਧਨ ਮਾਲ ਨੂੰ ਮੂਲ ਨਾ ਝੂਰੀਏ ਜੀ।

ਪੰਜ ਭੂਤ ਵਿਕਾਰ ਤੇ ਉਦਰ ਪਾਪੀ, ਨਾਲ ਸਬਰ ਸੰਤੋਖ ਦੇ ਪੂਰੀਏ ਜੀ।

ਉਸ਼ਨ ਸੀਤ ਦੁਖ ਸੁਖ ਸਮਾਨ ਜਾਪੇ, ਜਿਹੇ ਸ਼ਾਲ ਮਸ਼ਰੂ ਤਹੇ ਭੂਰੀਏ ਜੀ।

ਭੂ ਆਤਮਾ ਵਸ ਰਸ ਕਸ ਤਿਆਗੇ, ਐਵੇਂ ਗੁਰੂ ਨੂੰ ਕਾਹਿ ਵਡੂਰੀਏ ਜੀ।

259

ਤਥਾ

ਭੋਗ ਭੋਗਣਾ ਦੁਧ ਤੇ ਦਹੀਂ ਪੀਵੇਂ, ਪਿੰਡਾ ਪਾਲ ਕੇ ਰਾਤ ਦਿਹੁੰ ਧੋਵਨਾ ਹੈਂ।

ਖਰੀ ਕਠਨ ਹੈ ਫ਼ਕਰ ਦੀ ਵਾਟ ਝਾਗਣ, ਮੂੰਹੋਂ ਆਖ ਕੇ ਕਾਹ ਵਿਗੋਵਨਾ ਹੈਂ।

ਵਾਹੇਂ ਵੰਝਲੀ ਤਰੀਮਤਾਂ ਨਿਤ ਘੂਰੇਂ, ਗਾਈਂ ਮਹੀਂ ਵਿਲਾਇਕੇ ਚੋਵਨਾ ਹਂੈ।

ਸੱਚ ਆਖ ਜੱਟਾ ਕਹੀ ਬਣੀ ਤੈਨੂੰ, ਸਵਾਦ ਛੱਡ ਕੇ ਖੇਹ ਕਿਉਂ ਹੋਵਨਾ ਹੈਂ।

260

ਰਾਂਝਾ

ਜੋਗੀ ਛੱਡ ਜਹਾਨ ਫ਼ਕੀਰ ਹੋਏ, ਏਸ ਜੱਗ ਵਿੱਚ ਬਹੁਤ ਖ਼ਵਾਰੀਆਂ ਨੇ।

ਲੈਣ ਦੇਣ ਤੇ ਦਗ਼ਾ ਅਨਿਆਂ ਕਰਨਾ, ਲੁਟ ਘਸੁਟ ਤੇ ਚੋਰੀਆਂ ਯਾਰੀਆਂ ਨੇ।

ਉਹ ਪੁਰਖ ਨਿਰਬਾਣ ਪਦ ਜਾ ਪਹੁੰਚੇ, ਜਿਨ੍ਹਾਂ ਪੰਜੇ ਹੀ ਇੰਦਰੀਆਂ ਮਾਰੀਆਂ ਨੇ।

ਜੋਗ ਦੇਹੋ ਤੇ ਕਰੋ ਨਿਹਾਲ ਮੈਨੂੰ, ਕੇਹੀਆਂ ਜੀਊ ਤੇ ਘੁੰਡੀਆਂ ਚਾੜ੍ਹੀਆਂ ਨੇ।

ਏਸ ਜਟ ਗ਼ਰੀਬ ਨੂੰ ਤਾਰ ਓਵੇਂ, ਜਿਵੇਂ ਅਗਲੀਆਂ ਸੰਗਤਾਂ ਤਾਰੀਆਂ ਨੇ।

ਵਾਰਿਸ ਸ਼ਾਹ ਮੀਆਂ ਰਬ ਸ਼ਰਮ ਰੱਖੇ, ਜੱਗ ਵਿੱਚ ਮਸੀਬਤਾਂ ਭਾਰੀਆਂ ਨੇ।

261

ਨਾਥ

ਮਹਾਂ ਦੇਵ ਥੋਂ ਜੋਗ ਦਾ ਪੰਥ ਬਣਿਆਂ, ਖਰੀ ਕਠਨ ਹੈ ਜੋਗ ਮੁਹਿੰਮ ਮੀਆਂ।

ਕੌੜਾ ਬਕਬਕਾ ਸਵਾਦ ਹੈ ਜੋਗ ਸੰਦਾ, ਜਿਹੀ ਘੋਲ ਕੇ ਪੀਵਣੀ ਨਿੰਮ ਮੀਆਂ।

'ਜਹਾਂ ਸੁਨ ਸਮਾਧ ਕੀ ਮੰਡਲੀ ਹੈ,' ਅਤੇ ਝੂਟਣਾ ਹੈ ਰਿੰਮ ਝਿੰਮ ਮੀਆਂ।

ਤਹਾਂ ਭਸਮ ਲਗਾਇਕੇ ਭਸਮ ਹੋਣਾ, ਪੇਸ਼ ਜਾਏ ਨਾਹੀਂ ਗਰਬ ਡਿੰਮ੍ਹ ਮੀਆਂ।

262

ਰਾਂਝਾ

ਤੁਸੀਂ ਜੋਗ ਦਾ ਪੰਥ ਬਤਾਉ ਸਾਨੂੰ, ਸ਼ੌਕ ਜਾਗਿਆ ਹਰਫ਼ ਨਗੀਨਿਆਂ ਦੇ।

ਏਸ ਜੋਗ ਦੇ ਪੰਥ ਵਿੱਚ ਆ ਵੜਿਆਂ, ਛੁਪਨ ਐਬ ਸਵਾਬ ਕਮੀਨਿਆਂ ਦੇ।

ਹਿਰਸ ਅੱਗ ਤੇ ਸਬਰ ਦਾ ਪਵੇ ਪਾਣੀ, ਜੋਗ ਠੰਡ ਘੱਤੇ ਵਿੱਚ ਸੀਨਿਆਂ ਦੇ।

ਹਿਕ ਫ਼ਕਰ ਹੀ ਰਬ ਦੇ ਰਹਿਣ ਸਾਬਤ, ਹੋਰ ਥਿੜਕਦੇ ਅਹਿਲ ਖਜ਼ੀਨਿਆਂ ਦੇ।

ਤੇਰੇ ਦਵਾਰ ਤੇ ਆਣ ਮੁਹਤਾਜ ਹੋਏ, ਅਸੀਂ ਨੌਕਰ ਹਾਂ ਬਾਝ ਮਹੀਨਿਆਂ ਦੇ।

ਤੇਰਾ ਹੋਇ ਫ਼ਕੀਰ ਮੈਂ ਨਗਰ ਮੰਗਾਂ, ਛੱਡਾਂ ਵਾਇਦੇ ਏਨ੍ਹਾਂ ਰੋਜ਼ੀਨਿਆਂ ਦੇ।

263

ਨਾਥ

ਏਸ ਜੋਗ ਦੇ ਵਾਇਦੇ ਬਹੁਤ ਔਖੇ, ਨਾਦ ਅਨਹਤ ਤੇ ਸੁੰਨ ਵਜਾਵਣਾ ਵੋ।

ਜੋਗੀ ਜੰਗਮ ਗੋਦੜੀ ਜਟਾ ਧਾਰੀ, ਮੁੰਡੀ ਨਿਰਮਲਾ ਭੇਖ ਵਟਾਵਣਾ ਵੋ।

ਤਾੜੀ ਲਾਇਕੇ ਨਾਥ ਦਾ ਧਿਆਨ ਧਰਨਾ, ਦਸਵੇਂ ਦਵਾਰ ਹੈ ਸਾਸ ਚੜ੍ਹਾਵਣਾ ਵੋ।

ਜੰਮੇ ਆਏ ਦਾ ਹਰਖ਼ ਤੇ ਸੋਗ ਛੱਡੇ, ਨਹੀਂ ਮੋਇਆਂ ਗਿਆਂ ਪਛੋਤਾਵਣਾ ਵੋ।

ਨਾਉਂ ਫ਼ਕਰ ਦਾ ਬਹੁਤ ਆਸਾਨ ਲੈਣਾ, ਖਰਾ ਕਠਨ ਹੈ ਜੋਗ ਕਮਾਵਣਾ ਵੋ।

ਧੋ ਧਾਇਕੇ ਜਟਾਂ ਨੂੰ ਧੂਪ ਦੇਣਾ, ਸਦਾ ਅੰਗ ਬਿਭੂਤ ਰਮਾਵਣਾ ਵੋ।

ਉਦਿਆਨ ਵਾਸੀ ਜਤੀ ਸਤੀ ਜੋਗੀ, ਝਾਤ ਇਸਤਰੀ ਤੇ ਨਾਹੀਂ ਪਾਵਣਾ ਵੋ।

ਲਖ ਖ਼ੂਬਸੂਰਤ ਪਰੀ ਹੂਰ ਹੋਵੇ, ਜ਼ਰਾ ਜੀਊ ਨਾਹੀਂ ਭਰਮਾਵਣਾ ਵੋ।

ਕੰਦ ਮੂਲ ਤੇ ਪੋਸਤ ਅਫੀਮ ਬਿਜਿਆ, ਨਸ਼ਾ ਖਾਇਕੇ ਮਸਤ ਹੋ ਜਾਵਣਾ ਵੋ।

ਜਗ ਾਂਬ ਖਿਆਲ ਹੈ ਸੁਪਨ ਮਾਤਰ, ਹੋ ਕਮਲਿਆਂ ਹੋਸ਼ ਭੁਲਾਵਣਾ ਵੋ।

ਘੱਤ ਮੁੰਦਰਾਂ ਜੰਗਲਾਂ ਵਿੱਚ ਰਹਿਣਾ, ਬੀਨ ਕਿੰਗ ਤੇ ਸੰਖ ਵਜਾਵਣਾ ਵੋ।

ਜਗਨ ਨਾਥ ਗੋਦਾਵਰੀ ਗੰਗ ਜਮਨਾ, ਸਦਾ ਤੀਰਥਾਂ ਤੇ ਜਾ ਨ੍ਹਾਵਣਾ ਵੋ।

ਮੇਲੇ ਸਿੱਧਾਂ ਦੇ ਖੇਲਣਾਂ ਦੇਸ ਪੱਛਮ, ਨਵਾਂ ਨਾਥਾਂ ਦਾ ਦਰਸ਼ਨ ਪਾਵਣਾ ਵੋ।

ਕਾਮ ਕਰੋਧ ਤੇ ਲੋਭ ਹੰਕਾਰ ਮਾਰਨ, ਜੋਗੀ ਖ਼ਾਕ ਦਰ ਖ਼ਾਕ ਹੋ ਜਾਵਣਾ ਵੋ।

ਰੰਨਾਂ ਘੂਰਦਾ ਗਾਂਵਦਾ ਫਿਰੇਂ ਵਹਿਸ਼ੀ, ਤੈਨੂੰ ਔਖ਼ੜਾ ਜੋਗ ਕਮਾਵਣਾ ਵੋ।

ਵਾਰਿਸ ਜੋਗ ਹੈ ਕੰਮ ਨਿਰਾਸਿਆਂ ਦਾ ,ਤੁਸਾਂ ਜੱਟਾਂ ਕੀ ਜੋਗ ਥੋਂ ਪਾਵਣਾ ਵੋ।

264

ਰਾਂਝਾ

ਤੁਸਾਂ ਬਖ਼ਸ਼ਣਾ ਜੋਗ ਤਾਂ ਕਰੋ ਕਿਰਪਾ, ਦਾਨ ਕਰਦਿਆਂ ਢਿਲ ਨਾਲ ਲੋੜੀਏ ਜੀ।

ਜਿਹੜਾ ਆਸ ਕਰਕੇ ਡਿੱਗੇ ਆਣ ਦਵਾਰੇ, ਜੀਊ ਓਸ ਦਾ ਚਾ ਨਾ ਤੋੜੀਏ ਜੀ।

ਸਿਦਕ ਬੰਨ੍ਹ ਕੇ ਜਿਹੜਾ ਚਰਨ ਲੱਗੇ, ਪਾਰ ਲਾਈਏ ਵਿੱਚ ਨਾ ਬੋੜੀਏ ਜੀ।

ਵਾਰਿਸ ਸ਼ਾਹ ਮੀਆਂ ਜੈਂਦਾ ਕੋਈ ਨਾਹੀਂ, ਮਿਹਰ ਓਸ ਥੋਂ ਨਾ ਵਿਛੋੜੀਏ ਜੀ।

265

ਨਾਥ

ਘੋੜਾ ਸਬਰ ਦਾ ਜ਼ਿਕਰ ਦੀ ਵਾਗ ਦੇ ਕੇ, ਨਫ਼ਸ ਮਾਰਨਾ ਕੰਮ ਭੁਜੰਗਿਆਂ ਦਾ।

ਛੱਡ ਜ਼ਰਾਂ ਤੇ ਹੁਕਮ ਫ਼ਕੀਰ ਹੋਵਣ, ਇਹ ਕੰਮ ਹੈ ਮਾਹਣੂੰਆਂ ਚੰਗਿਆਂ ਦਾ।

ਇਸ਼ਕ ਕਰਨ ਤੇ ਤੇਗ਼ ਦੀ ਧਾਰ ਕੱਪਣ, ਨਹੀਂ ਕੰਮ ਇਹ ਭੁਖਿਆਂ ਨੰਗਿਆਂ ਦਾ।

ਜਿਹੜੇ ਮਰਨ ਸੋ ਫ਼ਕਰ ਥੀਂ ਹੋ ਵਾਕਿਫ਼, ਨਹੀਂ ਕੰਮ ਇਹ ਮਰਨ ਥੀਂ ਸੰਗਿਆਂ ਦਾ।

ਏਥੇ ਥਾਂ ਨਾਹੀਂ ਅੜਬੰਗਿਆਂ ਦਾ, ਫ਼ਕਰ ਕੰਮ ਹੈ ਸਿਰਾਂ ਥੋਂ ਲੰਘਿਆਂ ਦਾ।

ਸ਼ੌਕ ਮਿਹਰ ਤੇ ਸਿਦਕ ਯਕੀਨ ਬਾਝੋਂ, ਕੇਹਾ ਫ਼ਾਇਦਾ ਟੁਕੜਿਆਂ ਮੰਗਿਆਂ ਦਾ।

ਵਾਰਿਸ ਸ਼ਾਹ ਜੋ ਇਸ਼ਕ ਦੇ ਰੰਗ ਰੱਤੇ, ਕੁੰਦੀ ਆਪ ਹੈ ਰੰਗ ਦਿਆਂ ਰੰਗਿਆਂ ਦਾ।

266

ਤਥਾ

ਜੋਗ ਕਰੇ ਸੋ ਮਰਨ ਥੀਂ ਹੋਇ ਅਸਥਿਰ, ਜੋਗ ਸਿੱਖੀਏ ਸਿਖਣਾ ਆਇਆ ਈ।

ਨਿਹਚਾ ਧਾਰ ਕੇ ਗੁਰੂ ਦੀ ਸੇਵ ਕਰੀਏ, ਇਹ ਹੀ ਜੋਗੀਆਂ ਦਾ ਫ਼ਰਮਾਇਆ ਈ।

ਨਾਲ ਸਿਦਕ ਯਕੀਨ ਦੇ ਬੰਨ੍ਹ ਤਕਵਾ, ਧੰਨੇ ਪੱਥਰੋਂ ਰੱਬ ਨੂੰ ਪਾਇਆ ਈ।

ਸੰਸੇ ਜੀਊ ਮਲੀਨ ਦੇ ਨਸ਼ਟ ਕੀਤੇ, ਤੁਰਤ ਗੁਰੂ ਨੇ ਰੱਬ ਵਿਖਾਇਆ ਈ।

ਬੱਚਾ ਸੁੰਨ ਜੋ ਵਿੱਚ ਕਲਬੂਤ ਖ਼ਾਕੀ, ਸੱਚੇ ਰੱਬ ਨੇ ਥਾਉਂ ਬਣਾਇਆ ਈ।

ਵਾਰਿਸ ਸ਼ਾਹ ਮੀਆਂ 'ਹਮਾਂ ਓਸਤ' ਜਾਪੇ, ਸਰਬ-ਮਈ ਭਗਵਾਨ ਨੂੰ ਪਾਇਆ ਈ।

267

ਤਥਾ

ਮਾਲਾ ਮਣਕਿਆਂ ਵਿੱਚ ਜਿਉਂ ਇੱਕ ਧਾਗਾ, ਤਿਵੇਂ ਸਰਬ ਕੇ ਬੀਚ ਸਮਾਇ ਰਹਿਆ।

ਸੱਭਾ ਜੀਵਾਂ ਦੇ ਵਿੱਚ ਹੈ ਜਾਨ ਵਾਂਗੂ, ਨਸ਼ਾ ਭੰਗ ਅਫੀਮ ਵਿੱਚ ਆਇ ਰਹਿਆ।

ਜਿਵੇਂ ਪੱਤਰੀਂ ਮਹਿੰਦੀਉਂ ਰੰਗ ਰਚਿਆ, ਤਿਵੇਂ ਜਾਨ ਜਹਾਨ ਵਿੱਚ ਆਇ ਰਹਿਆ।

ਜਿਵੇਂ ਰਕਤ ਸਰੀਰ ਵਿੱਚ ਸਾਸ ਅੰਦਰ, ਤਿਵੇਂ ਜੋਤ ਮੇਂ ਜੋਤ ਸਮਾਇ ਰਹਿਆ।

ਰਾਂਝਾ ਬੰਨ੍ਹ ਕੇ ਖਰਚ ਹੈ ਮਗਰ ਲੱਗਾ, ਜੋਗੀ ਆਪਣਾ ਜ਼ੋਰ ਸਭ ਲਾਇ ਰਹਿਆ।

ਤੇਰੇ ਦਵਾਰ ਜੋਗਾ ਹੋ ਰਹਿਆ ਹਾਂ ਮੈਂ, ਜੱਟ ਜੋਗੀ ਨੂੰ ਗਿਆਨ ਸਮਝਾਇ ਰਹਿਆ।

ਵਾਰਿਸ ਸ਼ਾਹ ਮੀਆਂ ਜਿਹਨੂੰ ਇਸ਼ਕ ਲੱਗਾ, ਦੀਨ ਦੁਨੀ ਦੇ ਕੰਮ ਥੀਂ ਜਾਇ ਰਹਿਆ।

268

ਰਾਂਝੇ ਤੇ ਨਾਥ ਦਾ ਮਿਹਰਬਾਨ ਹੋਣਾ ਅਤੇ ਚੇਲਿਆਂ ਦੇ ਤਾਅਨੇ

ਜੋਗੀ ਹੋ ਲਾਚਾਰ ਜਾਂ ਮਿਹਰ ਕੀਤੀ, ਤਦੋਂ ਚੇਲਿਆਂ ਬੋਲੀਆਂ ਮਾਰੀਆਂ ਨੀ।

ਜੀਭਾਂ ਸਾਣ ਚੜ੍ਹਾਇਕੇ ਗਿਰਦ ਹੋਏ, ਜਿਵੇਂ ਤਿੱਖੀਆਂ ਤੇਜ਼ ਕਟਾਰੀਆਂ ਨੀ।

ਦੇਖ ਸੁਹਣਾ ਰੂਪ ਜਟੇਟੜੇ ਦਾ, ਜੋਗ ਦੇਣ ਦੀਆਂ ਕਰਨ ਤਿਆਰੀਆਂ ਨੀ।

ਠਰਕ ਮੁੰਡਿਆਂ ਦੇ ਲੱਗੇ ਜੋਗੀਆਂ ਨੂੰ, ਮੱਤਾਂ ਜਿਨ੍ਹਾਂ ਦੀਆਂ ਰੱਬ ਨੇ ਮਾਰੀਆਂ ਨੀ।

ਜੋਗ ਦੇਣ ਨਾ ਮੂਲ ਨਿਮਾਣਿਆਂ ਨੂੰ, ਜਿਨ੍ਹਾਂ ਕੀਤੀਆਂ ਮਿਹਨਤਾਂ ਭਾਰੀਆਂ ਨੀ।

ਵਾਰਿਸ ਸ਼ਾਹ ਖੁਸ਼ਾਮਦ ਏ ਸੁਹਣਿਆਂ ਦੀ, ਗੱਲਾਂ ਹੱਕ ਦੀਆਂ ਨਾ ਨਿਰਵਾਰੀਆਂ ਨੀ।

269

ਨਾਥ ਦਾ ਚੇਲਿਆਂ ਨੂੰ ਉੱਤਰ

ਗ਼ੀਬਤ ਕਰਨ ਬੇਗਾਨੜੀ ਤਾਇਤ ਔਗੁਣ, ਸੱਤੇ ਆਦਮੀ ਇਹ ਗੁਨ੍ਹਾਗਾਰ ਹੁੰਦੇ।

ਚੋਰ ਕਿਰਤਘਣ ਚੁਗ਼ਲ ਤੇ ਝੂਠ-ਬੋਲੇ, ਲੂਤੀ ਲਾਵਣਾ ਸੱਤਵਾਂ ਯਾਰ ਹੁੰਦੇ।

ਅਸਾਂ ਜੋਗ ਨੂੰ ਗਲ ਨਹੀਂ ਬੰਨ੍ਹ ਬਹਿਣਾ, ਤੁਸੀਂ ਕਾਸ ਨੂੰ ਏਡ ਬੇਜ਼ਾਰ ਹੁੰਦੇ।

ਵਾਰਿਸ ਜਿਨ੍ਹਾਂ ਉਮੀਦ ਨਾ ਤਾਂਗ ਕਾਈ, ਬੇੜੇ ਤਿਨ੍ਹਾਂ ਦੇ ਆਕਬਤ ਪਾਰ ਹੁੰਦੇ।

270

ਚੇਲਿਆਂ ਨੇ ਗ਼ੁੱਸਾ ਕਰਨਾ

ਰਲ ਚੇਲਿਆਂ ਕਾਵਸ਼ਾਂ ਕੀਤੀਆਂ ਨੇ, ਬਾਲ ਨਾਥ ਨੂੰ ਪਕੜ ਪਥੱਲਿਉ ਨੇ।

ਛੱਡ ਦਵਾਰ ਉਖਾੜ ਭੰਡਾਰ ਚੱਲੇ, ਜਾ ਰੰਦ ਤੇ ਵਾਟ ਸਭ ਮਲਿਉ ਨੇ।

ਸੇਲ੍ਹੀਆਂ ਟੋਪੀਆਂ ਮੁੰਦਰਾਂ ਸੁਟ ਬੈਠੇ, ਮੋੜ ਗੋਦੜੀ ਨਾਥ ਥੇ ਘਲਿਉ ਨੇ।

ਵਾਰਿਸ ਰਬ ਬਖ਼ੀਲ ਨਾ ਹੋਏ ਮੇਰਾ, ਚਾਰੇ ਰਾਹ ਨਸੀਬ ਦੇ ਮਲਿਉ ਨੇ।

271

ਰਾਂਝਾ

ਸੁੰਞਾ ਲੋਕ ਬਖ਼ੀਲ ਹੈ ਬਾਬ ਮੈਂਡੇ, ਮੇਰਾ ਰੱਬ ਬਖ਼ੀਲ ਨਾ ਲੋੜੀਏ ਜੀ।

ਕੀਜੇ ਗ਼ੌਰ ਤੇ ਕੰਮ ਬਣਾ ਦਿੱਜੇ, ਮਿਲੇ ਦਿਲਾਂ ਨੂੰ ਨਾ ਵਿਛੋੜੀਏ ਜੀ।

ਇਹ ਹੁਕਮ ਤੇ ਹੁਸਨ ਨਾ ਨਿੱਤ ਰਹਿੰਦੇ, ਨਾਲ ਆਜਜ਼ਾਂ ਕਰੋ ਨਾ ਜ਼ੋਰੀਏ ਜੀ।

ਕੋਈ ਕੰਮ ਗ਼ਰੀਬ ਦਾ ਕਰੇ ਜ਼ਾਇਆ, ਸਗੋਂ ਓਸ ਨੂੰ ਹਟਕੀਏ ਹੋੜੀਏ ਜੀ।

ਬੇੜਾ ਲੱਦਿਆ ਹੋਵੇ ਮੁਸਾਫ਼ਰਾਂ ਦਾ, ਪਾਰ ਲਾਈਏ ਵਿੱਚ ਨਾ ਬੋੜੀਏ ਜੀ।

ਜ਼ਿਮੀਂ ਨਾਲ ਨਾ ਮਾਰੀਏ ਫੇਰ ਆਪੇ, ਹੱਥੀਂ ਜਿਨ੍ਹਾਂ ਨੂੰ ਚਾੜ੍ਹੀਏ ਘੋੜੀਏ ਜੀ।

ਭਲਾ ਕਰਦਿਆਂ ਢਿਲ ਨਾ ਮੂਲ ਕਰੀਏ, ਕਿੱਸਾ ਤੂਲ ਦਰਾਜ਼ ਨਾ ਟੋਰੀਏ ਜੀ।

ਵਾਰਿਸ ਸ਼ਾਹ ਯਤੀਮ ਦੀ ਗ਼ੌਰ ਕਰੀਏ, ਹੱਥ ਆਜਜ਼ਾਂ ਦੇ ਨਾਲ ਜੋੜੀਏ ਜੀ।

272

ਨਾਥ

ਧੁਰੋਂ ਹੁੰਦੜੇ ਕਾਵਸ਼ਾਂ ਵੈਰ ਆਏ, ਬੁਰੀਆਂ ਚੁਗ਼ਲੀਆਂ ਧ੍ਰੋਹ ਬਖ਼ੀਲੀਆਂ ਵੋ।

ਮੈਨੂੰ ਤਰਸ ਆਇਆ ਦੇਖ ਜ਼ੁਹਦ ਤੇਰਾ, ਗੱਲਾਂ ਮਿੱਠੀਆਂ ਬਹੁਤ ਰਸੀਲੀਆਂ ਵੋ।

ਪਾਣੀ ਦੁਧ ਵਿੱਚੋਂ ਕਢ ਲੈਣ ਚਾਤਰ, ਜਦੋਂ ਛਿੱਲ ਕੇ ਪਾਉਂਦੇ ਤੀਲੀਆਂ ਵੋ।

ਗੁਰੂ ਦਬਕਿਆ ਮੁੰਦਰਾਂ ਝੱਬ ਲਿਆਉ, ਛੱਡ ਦੇਹੋ ਗੱਲਾਂ ਅਣਖੀਲੀਆਂ ਵੋ।

ਨਹੀਂ ਡਰਨ ਹੁਣ ਮਰਨ ਥੀਂ ਭੌਰ ਆਸ਼ਕ, ਜਿਨ੍ਹਾਂ ਸੂਲੀਆਂ ਸਿਰਾਂ ਤੇ ਸੀਲੀਆਂ ਵੋ।

ਵਾਰਿਸ ਸ਼ਾਹ ਫਿਰ ਨਾਥ ਨੇ ਹੁਕਮ ਕੀਤਾ, ਕਢ ਅੱਖੀਆਂ ਨੀਲੀਆਂ ਪੀਲੀਆਂ ਵੋ।

273

ਚੇਲਿਆਂ ਨੇ ਨਾਥ ਦਾ ਹੁਕਮ ਮੰਨ ਲੈਣਾ

ਚੇਲਿਆਂ ਗੁਰੂ ਦਾ ਹੁਕਮ ਪਰਵਾਨ ਕੀਤਾ, ਜਾਇ ਸੁਰਗ ਦੀਆਂ ਮਿੱਟੀਆਂ ਮੇਲੀਆਂ ਨੇ।

ਸੱਭਾ ਤਿੰਨ ਸੌ ਸੱਠ ਜਾਂ ਭਵੇਂ ਤੀਰਥ, ਵਾਚ ਗੁਰਾਂ ਦੇ ਮੰਤਰਾਂ ਕੀਲੀਆਂ ਨੇ।

ਨਵੇਂ ਨਾਥ ਬਵੰਜੜਾ ਬੀਰ ਆਏ, ਚੌਂਸਠ ਜੋਗਨਾਂ ਨਾਲ ਰਸੀਲੀਆਂ ਨੇ।

ਛੇ ਜਤੀ ਤੇ ਦਸੇ ਅਵਤਾਰ ਆਏ, ਵਿੱਚ ਆਬੇ ਹਿਆਤ ਦੇ ਝੀਲੀਆਂ ਨੇ।

274

ਚੇਲਿਆਂ ਨੇ ਰਾਂਝੇ ਲਈ ਤਿਆਰ ਕੀਤੀਆਂ ਮੁੰਦਰਾਂ ਲਿਆਂਦੀਆਂ

ਦਿਨ ਚਾਰ ਬਣਾਇ ਸੁਕਾਇ ਮੁੰਦਰਾਂ, ਬਾਲ ਨਾਥ ਦੀ ਨਜ਼ਰ ਗੁਜ਼ਾਰਿਆ ਨੇ।

ਗ਼ੁੱਸੇ ਨਾਲ ਵਿਗਾੜ ਕੇ ਗੱਲ ਸਾਰੀ, ਡਰਦੇ ਗੁਰੂ ਥੀਂ ਚਾ ਸਵਾਰਿਆ ਨੇ।

ਜ਼ੋਰਾਵਰਾਂ ਦੀ ਗੱਲ ਹੈ ਬਹੁਤ ਮੁਸ਼ਕਲ, ਜਾਣ ਬੁਝ ਕੇ ਬਦੀ ਵਿਸਾਰਿਆ ਨੇ।

ਗੁਰੂ ਕਿਹਾ ਸੋ ਏਨ੍ਹਾਂ ਪਰਵਾਨ ਕੀਤਾ, ਨਰਦਾਂ ਪੁੱਠੀਆਂ ਤੇ ਬਾਜ਼ੀ ਹਾਰਿਆ ਨੇ।

ਘੁਟ ਵਟ ਕੇ ਕਰੋਧ ਨੂੰ ਛਮਾ ਕੀਤਾ, ਕਾਈ ਮੋੜ ਕੇ ਗੱਲ ਨਾ ਸਾਰਿਆ ਨੇ।

ਲਿਆਇ ਉਸਤਰਾ ਗੁਰੂ ਦੇ ਹੱਥ ਦਿੱਤਾ, ਜੋਗੀ ਕਰਨ ਦੀ ਨੀਤ ਚਾ ਧਾਰਿਆ ਨੇ।

ਵਾਰਿਸ ਸ਼ਾਹ ਹੁਣ ਹੁਕਮ ਦੀ ਪਈ ਫੇਟੀ, ਲਖ ਵੈਰੀਆਂ ਧਕ ਕੇ ਮਾਰਿਆ ਨੇ।

275

ਬਾਲ ਨਾਥ ਨੇ ਰਾਂਝੇ ਨੂੰ ਜੋਗ ਦੇਣਾ

ਬਾਲ ਨਾਥ ਨੇ ਸਾਮ੍ਹਣੇ ਸੱਦ ਧੀਦੋ, ਜੋਗ ਦੇਣ ਨੂੰ ਪਾਸ ਬਹਾਲਿਆ ਸੂ।

ਰੋਡ ਭੋਡ ਹੋਇਆ ਸਵਾਹ ਮਲੀ ਮੂੰਹ ਤੇ, ਸੱਭੋ ਕੋੜਮੇ ਦਾ ਨਾਉਂ ਗਾਲਿਆ ਸੂ।

ਕੰਨ ਪਾੜਕੇ ਝਾੜ ਕੇ ਲੋਭ ਬੋਦੇ, ਇੱਕ ਪਲਕ ਵਿੱਚ ਮੁੰਨ ਵਿਖਾਲਿਆ ਸੂ।

ਜਿਵੇਂ ਪੁੱਤਰਾਂ ਤੇ ਕਰੇ ਮਿਹਰ ਜਣਨੀ, ਜਾਪੇ ਦੁਧ ਪਵਾ ਕੇ ਪਾਲਿਆ ਸੂ।

ਛਾਰ ਅੰਗ ਰਮਾਇ ਸਿਰ ਮੁੰਨ ਅੱਖੀਂ, ਪਾ ਮੁੰਦਰਾਂ ਚਾ ਨਵਾਲਿਆ ਸੂ।

ਖ਼ਬਰਾਂ ਕੁਲ ਜਹਾਨ ਵਿੱਚ ਖਿੰਡ ਗਈਆਂ, ਰਾਂਝਾ ਜੋਗੀੜਾ ਸਾਰ ਵਿਖਾਲਿਆ ਸੂ।

ਵਾਰਿਸ ਸ਼ਾਹ ਮੀਆਂ ਸੁਨਿਆਰ ਵਾਂਗੂੰ, ਜਟ ਫੇਰ ਮੁੜ ਭੰਨ ਕੇ ਗਾਲਿਆ ਸੂ।

276

ਰਾਂਝੇ ਨੂੰ ਜੋਗੀ ਨੇ ਨਸੀਹਤ ਦੇਣੀ

ਦਿੱਤੀ ਦੀਖਿਆ ਰਬ ਦੀ ਯਾ ਦੱਸੀ, ਗੂਰ ਜੋਗ ਦੇ ਭੇਤ ਨੂੰ ਪਾਈਏ ਜੀ।

ਨਹਾ ਧੋਇ ਪ੍ਰਭਾਤ ਵਿਭੂਤ ਮਲੀਏ, ਚਾਇ ਕਿਸਵਤ ਅੰਗ ਵਟਾਈਏ ਜੀ।

ਸਿੰਗੀ ਫਾਹੁੜੀ ਖੱਪਰੀ ਹੱਥ ਲੈ ਕੇ, ਪਹਿਲੇ ਰੱਬ ਦਾ ਨਾਉਂ ਧਿਆਈਏ ਜੀ।

ਨਗਰ ਅਲਖ ਜਗਾਇਕੇ ਜਾ ਵੜੀਏ, ਪਾਪ ਜਾਣ ਜੇ ਨਾਦ ਵਜਾਈਏ ਜੀ।

ਸੁਖੀ ਦਵਾਰ ਵਸੇ ਜੋਗੀ ਭੀਖ ਮਾਂਗੇ, ਦਈਏ ਦੁਆ ਅਸੀਸ ਸੁਣਾਈਏ ਜੀ।

ਇਸੀ ਭਾਂਤ ਸੋਂ ਨਗਰ ਦੀ ਭੀਖ ਲੈ ਕੇ, ਮਸਤ ਲਟਕਦੇ ਦਵਾਰ ਕੋ ਆਈਏ ਜੀ।

ਵੱਡੀ ਮਾਉਂ ਹੈ ਜਾਣ ਕੇ ਕਰੋ ਨਿਸਚਾ, ਛੋਟੀ ਭੈਣ ਮਿਸਾਲ ਕਰਾਈਏ ਜੀ।

ਵਾਰਿਸ ਸ਼ਾਹ ਯਕੀਨ ਦੀ ਕੁਲ੍ਹਾ ਪਹਿਦੀ, ਸਭੋ ਸੱਤ ਹੈ ਸੱਤ ਠਹਿਰਾਈਏ ਜੀ।

277

ਰਾਂਝਾ ਨਾਥ ਅੱਗੇ ਵਿਟਰ ਗਿਆ

ਰਾਂਝਾ ਆਖਦਾ ਮਗਰ ਨਾ ਪਵੋ ਮੇਰੇ, ਕਦੀ ਕਹਿਰ ਦੇ ਵਾਕ ਹਟਾਈਏ ਜੀ।

ਗੁਰੂ ਮਤ ਤੇਰੀ ਸਾਨੂੰ ਨਹੀਂ ਪੁੰਹਦੀ, ਗਲ ਘੁੱਟ ਕੇ ਚਾਇ ਲੰਘਾਈਏ ਜੀ।

ਪਹਿਲੇ ਚੇਲਿਆਂ ਨੂੰ ਚਾ ਹੀਜ਼ ਕਰੀਏ, ਪਿੱਛੋਂ ਜੋਗ ਦੀ ਰੀਤ ਬਤਾਈਏ ਜੀ।

ਇੱਕ ਵਾਰ ਜੋ ਦੱਸਣਾ ਦੱਸ ਛੱਡੋ, ਘੜੀ ਘੜੀ ਨਾ ਗੁਰੂ ਅਕਾਈਏ ਜੀ।

ਕਰਤੂਤ ਜੇ ਏਹਾ ਸੀ ਸਭ ਤੇਰੀ, ਮੁੰਡੇ ਠਗ ਕੇ ਲੀਕ ਨਾਲ ਲਾਈਏ ਜੀ।

ਵਾਰਿਸ ਸ਼ਾਹ ਸ਼ਾਗਿਰਦ ਤੇ ਚੇਲੜੇ ਨੂੰ, ਕੋਈ ਭਲੀ ਹੀ ਮਤ ਸਿਖਾਈਏ ਜੀ।

278

ਨਾਥ

ਕਹੇ ਨਾਥ ਰੰਝੇਟਿਆ ਸਮਝ ਭਾਈ, ਸਿਰ ਚਾਇਉਈ ਜੋਗ ਭਰੋਟੜੀ ਨੂੰ।

ਅਲਖ ਨਾਦ ਵਜਾਇਕੇ ਕਰੋ ਨਿਸਚਾ, ਮੇਲ ਲਿਆਵਣਾ ਟੁਕੜੇ ਰੋਟੜੀ ਨੂੰ।

ਅਸੀਂ ਮੁਖ ਆਲੂਦ ਨਾ ਜੂਠ ਕਰੀਏ, ਚਾਰ ਲਿਆਵੀਏ ਆਪਣੀ ਖੋਤੜੀ ਨੂੰ।

ਵਡੀ ਮਾਉਂ ਬਰਾਬਰ ਜਾਣਨੀ ਹੈ, ਅਤੇ ਭੈਣ ਬਰਾਬਰਾਂ ਛੋਟੜੀ ਨੂੰ।

ਜਤੀ ਸਤੀ ਨਿਮਾਣਿਆਂ ਹੋ ਰਹੀਏ, ਸਾਬਤ ਰੱਖੀਏ ਏਸ ਲੰਗੋਟੜੀ ਨੂੰ।

ਵਾਰਿਸ ਸ਼ਾਹ ਮੀਆਂ ਲੈ ਕੇ ਛੁਰੀ ਕਾਈ, ਵੱਢ ਦੂਰ ਕਰੀਂ ਏਸ ਬੋਟੜੀ ਨੂੰ।

279

ਰਾਂਝਾ

ਸਾਬਤ ਹੋਏ ਲੰਗੋਟੜੀ ਸੁਣੀਂ ਨਾਥਾ, ਕਾਹੇ ਝੁੱਗੜਾ ਚਾਇ ਉਜਾੜਦਾ ਮੈਂ।

ਜੀਭ ਇਸ਼ਕ ਥੋਂ ਰਹੇ ਜੇ ਚੁਪ ਮੇਰੀ, ਕਾਹੇ ਐਡੜੇ ਪਾੜਣੇ ਪਾੜਦਾ ਮੈਂ।

ਜੀਊ ਮਾਰ ਕੇ ਰਹਿਣ ਜੇ ਹੋਏ ਮੇਰਾ, ਐਡੇ ਮੁਆਮਲੇ ਕਾਸਨੂੰ ਧਾਰਦਾ ਮੈਂ।

ਏਸ ਜੀਊ ਨੂੰ ਨਢੜੀ ਮੋਹ ਲੀਤਾ, ਨਿੱਤ ਫ਼ਕਰ ਦਾ ਨਾਉਂ ਚਿਤਾਰਦਾ ਮੈਂ।

ਜੇ ਤਾਂ ਮਸਤ ਉਜਾੜ ਵਿੱਚ ਜਾ ਬਹਿੰਦਾ, ਮਹੀਂ ਸਿਆਲਾਂ ਦੀਆਂ ਕਾਸਨੂੰ ਚਾਰਦਾ ਮੈਂ।

ਸਿਰ ਰੋੜ ਕਰਾਇ ਕਿਉਂ ਕੰਨ ਪਾਟਣ, ਜੇ ਤਾਂ ਕਿਬਰ ਹੰਕਾਰ ਨੂੰ ਮਾਰਦਾ ਮੈਂ।

ਜੇ ਮੈਂ ਜਾਣਦਾ ਹੱਸਣੋਂ ਮਨ੍ਹਾਂ ਕਰਨਾ, ਤੇਰੇ ਟਿੱਲੇ 'ਤੇ ਧਾਰ ਨਾ ਮਾਰਦਾ ਮੈਂ।

ਜੇ ਮੈਂ ਜਾਣਦਾ ਕੰਨ ਤੂੰ ਪਾੜ ਮਾਰੋ, ਇਹ ਮੁੰਦਰਾਂ ਮੂਲ ਨਾ ਸਾੜਦਾ ਮੈਂ।

ਇਕੇ ਕੰਨ ਸਵਾਰ ਦੇ ਫੇਰ ਮੇਰੇ, ਇੱਕੇ ਘਤੂੰ ਢਲੈਤ ਸਰਕਾਰ ਦਾ ਮੈਂ।

ਹੋਰ ਵਾਇਦਾ ਫ਼ਿਕਰ ਨਾ ਕੋਈ ਮੈਂਥੇ, ਵਾਰਿਸ ਰਖਦਾ ਹਾਂ ਗ਼ਮ ਯਾਰ ਦਾ ਮੈਂ।

280

ਨਾਥ

ਖਾਇ ਰਿਜ਼ਕ ਹਲਾਲ ਤੇ ਸੱਚ ਬੋਲੀਂ, ਛੱਡ ਦੇ ਤੂੰ ਯਾਰੀਆਂ ਚੋਰੀਆਂ ਵੋ।

ਉਹ ਛੱਡ ਤਕਸੀਰ ਮੁਆਫ਼ ਤੇਰੀ, ਜਿਹੜੀਆਂ ਪਿਛਲੀਆਂ ਸਫ਼ਾਂ ਨਖੋਰੀਆਂ ਵੋ।

ਉਹ ਛੱਡ ਚਾਲੇ ਗੁਆਰਪੁਣੇ ਵਾਲੇ, ਚੁੰਨੀ ਪਾੜ ਕੇ ਘਤਿਉ ਮੋਰੀਆਂ ਵੋ।

ਪਿੱਛਾ ਛੱਡ ਜੱਟਾ ਲਿਆ ਸਾਂਭ ਖਸਮਾ, ਜਿਹੜੀਆਂ ਪਾੜੀਉਂ ਖੰਡ ਦੀਆਂ ਬੋਰੀਆਂ ਵੋ।

ਜੋਇ ਰਾਹਕਾਂ ਜੋਤਰੇ ਲਾ ਦਿੱਤੇ, ਜਿਹੜੀਆਂ ਅਰਲੀਆਂ ਭੰਨੀਆਂ ਧੋਰੀਆਂ ਵੋ।

ਧੋ ਧਾਇ ਕੇ ਮਾਲਕਾਂ ਵਰਤ ਲਈਆਂ, ਜਿਹੜੀਆਂ ਚਾਟੀਆਂ ਕੀਤਿਉਂ ਖੋਰੀਆਂ ਵੋ।

ਰਲੇ ਵਿੱਚ ਤੈਂ ਰੇੜ੍ਹਿਆ ਕੰਮ ਚੋਰੀਂ, ਕੋਈ ਖਰਚੀਆਂ ਨਾਹੀਉਂ ਬੋਰੀਆਂ ਵੋ।

ਛੱਡ ਸਭ ਬੁਰਿਆਈਆਂ ਖ਼ਾਕ ਹੋ ਜਾ, ਨਾ ਕਰ ਨਾਲ ਜਗਤ ਦੇ ਜ਼ੋਰੀਆਂ ਵੋ।

ਤੇਰੀ ਆਜਜ਼ੀ ਅਜਜ਼ ਮਨਜ਼ੂਰ ਕੀਤੇ, ਤਾਂ ਮੈਂ ਮੁੰਦਰਾਂ ਕੰਨ ਵਿੱਚ ਸੋਰੀਆਂ ਵੋ।

ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਂਵੇਂ ਕੱਟੀਏ ਪੋਰੀਆਂ ਪੋਰੀਆਂ ਵੋ।

281

ਰਾਂਝਾ

ਨਾਥਾ ਜਿਊਂਦਿਆਂ ਮਰਨ ਹੈ ਖਰਾ ਔਖਾ, ਸਾਥੋਂ ਇਹ ਨਾ ਵਾਇਦੇ ਹੋਵਣੇ ਨੀ।

ਅਸੀਂ ਜਟ ਹਾਂ ਨਾੜੀਆਂ ਕਰਨ ਵਾਲੇ, ਅਸਾਂ ਕਚਕੜੇ ਨਹੀਂ ਪਰੋਵਣੇ ਨੀ।

ਐਵੇਂ ਕੰਨ ਪੜਾਇਕੇ ਖ਼ੁਆਰ ਹੋਏ, ਸਾਥੋਂ ਨਹੀਂ ਹੁੰਦੇ ਏਡੇ ਰੋਵਣੇ ਨੀ।

ਸਾਥੋਂ ਖੱਪਰੀ ਨਾਦ ਨਾ ਜਾਣ ਸਾਂਭੇ, ਅਸਾਂ ਢੱਗੇ ਹੀ ਅੰਤ ਨੂੰ ਜੋਵਣੇ ਨੀ।

ਰੰਨਾਂ ਨਾਲ ਜੋ ਵਰਜਦੇ ਚੇਲਿਆਂ ਨੂੰ, ਉਹ ਗੁਰੂ ਨਾ ਬੰਨ੍ਹ ਕੇ ਚੋਵਣੇ ਨੀ।

ਹੱਸ ਖੇਡਣਾ ਤੁਸਾਂ ਚਾ ਮਨ੍ਹਾ ਕੀਤਾ, ਅਸਾਂ ਧੂੰਏਂ ਦੇ ਗੋਹੇ ਕਹੇ ਢੋਵਣੇ ਨੀ।

ਵਾਰਿਸ ਸ਼ਾਹ ਕੀ ਜਾਣੀਏ ਅੰਤ ਆਖ਼ਰ, ਖੱਟੇ ਚੋਵਣੇ ਕਿ ਮਿੱਠੇ ਚੋਵਣੇ ਨੀ।

282

ਨਾਥ

ਛੱਡ ਯਾਰੀਆਂ ਚੋਰੀਆਂ ਦਗ਼ਾ ਜੱਟਾ ਬਹੁਤ ਔਖੀਆ ਇਹ ਫ਼ਕੀਰੀਆਂ ਨੀ।

ਜੋਗ ਜਾਲਣਾ ਸਾਰ ਦਾ ਨਿਗਲਣਾ ਹੈ, ਇਸ ਜੋਗ ਵਿੱਚ ਬਹੁਤ ਜ਼ਹੀਰੀਆਂ ਨੀ।

ਜੋਗੀ ਨਾਲ ਨਸੀਹਤਾਂ ਹੋ ਜਾਂਦੇ, ਜਿਵੇਂ ਉਠ ਦੇ ਨੱਕ ਨਕੀਰੀਆਂ ਨੀ।

ਤੂੰਬਾ ਸਿਮਰਨਾ ਖੱਪਰੀ ਨਾਦ ਸਿੰਙੀ, ਚਿਮਟਾ ਭੰਗ ਨਲੀਏਰ ਜ਼ੰਜੀਰੀਆਂ ਨੀ।

ਛਡ ਤਰੀਮਤਾਂ ਦੀ ਝਾਕ ਹੋਇ ਜੋਗੀ, ਫ਼ਕਰ ਨਾਲ ਜਹਾਨ ਕੀ ਸੀਰੀਆਂ ਨੀ।

ਵਾਰਿਸ ਸ਼ਾਹ ਇਹ ਜਟ ਫ਼ਕੀਰ ਹੋਇਆ, ਨਹੀਂ ਹੁੰਦੀਆਂ ਗਧੇ ਥੋਂ ਪੀਰੀਆਂ ਨੀ।

283

ਰਾਂਝਾ

ਸਾਨੂੰ ਜੋਗ ਦੀ ਰੀਝ ਤਦੋਕਣੀ ਸੀ, ਜਦੋਂ ਹੀਰ ਸਿਆਲ ਮਹਿਬੂਬ ਕੀਤੇ।

ਛਡ ਦੇਸ ਸ਼ਰੀਕ ਕਬੀਲੜੇ ਨੂੰ, ਅਸਾਂ ਸ਼ਰਮ ਦਾ ਤਰਕ ਹਜੂਬ ਕੀਤੇ।

ਰਲ ਹੀਰ ਦੇ ਨਾਲ ਸੀ ਉਮਰ ਜਾਲੀ, ਅਸਾਂ ਮਜ਼ੇ ਜਵਾਨੀ ਦੇ ਖ਼ੂਬ ਕੀਤੇ।

ਹੀਰ ਛੱਤਿਆਂ ਨਾਲ ਮੈਂ ਮੱਸ ਭਿੰਨਾ, ਅਸਾਂ ਦੋਹਾਂ ਨੇ ਨਸ਼ੇ ਮਰਗ਼ੂਬ ਕੀਤੇ।

ਹੋਇਆ ਰਿਜ਼ਕ ਉਦਾਸ ਤੇ ਗਲ ਹਿੱਲੀ, ਮਾਪਿਆਂ ਵਿਆਹ ਦੇ ਚਾ ਅਸਲੂਬ ਕੀਤੇ।

ਦਿਹਾਂ ਕੰਡ ਦਿੱਤੀ ਭਵੀਂ ਬੁਰੀ ਸਾਇਤ, ਨਾਲ ਖੇੜਿਆਂ ਦੇ ਮਨਸੂਬ ਕੀਤੇ।

ਪਿਆ ਵਕਤ ਤਾਂ ਜੋਗ ਵਿੱਚ ਆਣ ਫਾਥੇ, ਇਹ ਵਾਇਦੇ ਆਣ ਮਤਲੂਬ ਕੀਤੇ।

ਇਹ ਇਸ਼ਕ ਨਾ ਟਲੇ ਪੈਗੰਬਰਾਂ ਥੋਂ, ਥੋਥੇ ਇਸ਼ਕ ਥੀਂ ਹੱਡ ਅਯੂਬ ਕੀਤੇ।

ਇਸ਼ਕ ਨਾਲ ਫਰਜ਼ੰਦ ਅਜ਼ੀਜ਼ ਯੂਸਫ਼, ਨਾਅਰੇ ਦਰਦ ਦੇ ਬਹੁਤ ਯਾਕੂਬ ਕੀਤੇ।

ਏਸ ਜ਼ੁਲਫ ਜ਼ੰਜੀਰ ਮਹਿਬੂਬ ਦੀ ਨੇ, ਵਾਰਿਸ ਸ਼ਾਹ ਜਿਹੇ ਮਜਜ਼ੂਬ ਕੀਤੇ।

284

ਬਾਲ ਨਾਥ ਨੇ ਦਰਗਾਹ ਅੰਦਰ ਅਰਜ਼ ਕੀਤੀ

ਨਾਥ ਮੀਟ ਅੱਖਾਂ ਦਰਗਾਹ ਅੰਦਰ, ਨਾਲੇ ਅਰਜ਼ ਕਰਦਾ ਨਾਲੇ ਸੰਗਦਾ ਜੀ।

ਦਰਗਾਹ ਲਾਉਬਾਲੀ ਹੈ ਹੱਕ ਵਾਲੀ, ਓਥੇ ਆਦਮੀ ਬੋਲਦਾ ਹੰਗਦਾ ਜੀ।

ਜ਼ਿਮੀਂ ਅਤੇ ਅਸਮਾਨ ਦਾ ਵਾਰਿਸੀ ਤੂੰ, ਤੇਰਾ ਵੱਡਾ ਪਸਾਰ ਹੈ ਰੰਗ ਦਾ ਜੀ।

ਰਾਂਝਾ ਜੱਟ ਫ਼ਕੀਰ ਹੋ ਆਣ ਬੈਠਾ, ਲਾਹ ਆਸਰਾ ਨਾਮ ਤੇ ਨੰਗ ਦਾ ਜੀ।

ਸਭ ਛੱਡੀਆਂ ਬੁਰਿਆਈਆਂ ਬੰਨ੍ਹ ਤਕਵਾ, ਨਾਹ ਆਸਰਾ ਸਾਕ ਤੇ ਅੰਗ ਦਾ ਜੀ।

ਮਾਰ ਹੀਰ ਦੇ ਨੈਣਾਂ ਨੇ ਖ਼ੁਆਰ ਕੀਤਾ, ਲੱਗਾ ਜਿਗਰ ਵਿੱਚ ਤੀਰ ਖਦੰਗ ਦਾ ਜੀ।

ਏਸ ਇਸ਼ਕ ਨੇ ਮਾਰ ਹੈਰਾਨ ਕੀਤਾ, ਸੜ ਗਿਆ ਜਿਉਂ ਅੰਗ ਪਤੰਗ ਦਾ ਜੀ।

ਕੰਨ ਪਾੜ ਮੁਨਾਇਕੇ ਸੀਸ ਦਾੜ੍ਹੀ, ਪੀਏ ਬਹਿ ਪਿਆਲੜਾ ਭੰਗ ਦਾ ਜੀ।

ਜੋਗੀ ਹੋ ਕੇ ਦੇਸ ਤਿਆਗ ਆਇਆ, ਰਿਜ਼ਕ ਰੋਹੀ ਜਿਉਂ ਕੂੰਜ ਕੁਲੰਗ ਦਾ ਜੀ।

ਤੁਸੀਂ ਰੱਬ ਗ਼ਰੀਬ ਨਿਵਾਜ਼ ਸਾਹਿਬ, ਸਵਾਲ ਸੁਣਨਾ ਏਸ ਮਲੰਗ ਦਾ ਜੀ।

ਕੀਕੂੰ ਹੁਕਮ ਹੈ ਖੋਲ ਕੇ ਕਹੋ ਅਸਲੀ, ਰਾਂਝਾ ਹੋ ਜੋਗੀ ਹੀਰ ਮੰਗਦਾ ਜੀ।

ਪੰਜਾਂ ਪੀਰਾਂ ਦਰਗਾਹ ਵਿੱਚ ਅਰਜ਼ ਕੀਤੀ, ਦਿਉ ਫ਼ਕਰ ਨੂੰ ਚਰਮ ਪਲੰਗ ਦਾ ਜੀ।

ਹੋਇਆ ਹੁਕਮ ਦਰਗਾਹ ਥੀਂ ਹੀਰ ਬਖਸ਼ੀ, ਬੇੜਾ ਲਾ ਦਿੱਤਾ ਅਸਾਂ ਢੰਗ ਦਾ ਜੀ।

ਵਾਰਿਸ ਸ਼ਾਹ ਹੁਣ ਜਿਨ੍ਹਾਂ ਨੂੰ ਰਬ ਬਖਸ਼ੇ, ਤਿਨ੍ਹਾਂ ਨਾਲ ਕੀ ਮਹਿਕਮਾ ਜੰਗ ਦਾ ਜੀ।

285

ਨਾਥ

ਨਾਥ ਖੋਲ ਅੱਖੀਂ ਕਿਹਾ ਰਾਂਝਣੇ ਨੂੰ, ਬੱਚਾ ਜਾਹ ਤੇਰਾ ਕੰਮ ਹੋਇਆ ਈ।

ਫਲ ਆਣ ਲੱਗਾ ਓਸ ਬੂਟੜੇ ਨੂੰ, ਜਿਹੜਾ ਵਿੱਚ ਦਰਗਾਹ ਦੇ ਬੋਇਆ ਈ।

ਹੀਰ ਬਖਸ਼ ਦਿੱਤੀ ਸੱਚੇ ਰਬ ਤੈਨੂੰ, ਮੋਤੀ ਲਾਲ ਦੇ ਨਾਲ ਪਰੋਇਆ ਈ।

ਚੜ੍ਹ ਦੌੜ ਕੇ ਜਿੱਤ ਲੈ ਖੇੜਿਆਂ ਨੂੰ, ਬੱਚਾ ਸਉਣ ਤੈਨੂੰ ਭਲਾ ਹੋਇਆ ਈ।

ਕਮਰ ਕੱਸ ਉਦਾਸੀਆਂ ਬੰਨ੍ਹ ਲਈਆਂ, ਜੋਗੀ ਤੁਰਤ ਤਿਆਰ ਵੀ ਹੋਇਆ ਈ।

ਖੁਸ਼ੀ ਦੇ ਕੇ ਕਰੋ ਵਿਦਾ ਮੈਨੂੰ, ਹੱਥ ਬੰਨ੍ਹ ਕੇ ਆਣ ਖਲੋਇਆ ਈ।

ਵਾਰਿਸ ਸ਼ਾਹ ਜਾਂ ਨਾਥ ਨੇ ਵਿਦਾ ਕੀਤਾ, ਟਿਲਿਉਂ ਉੱਤਰਦਾ ਪੱਤਰਾ ਹੋਇਆ ਈ।

286

ਰਾਂਝਾ ਟਿੱਲੇ ਤੋ ਤੁਰ ਪਿਆ

ਜੋਗੀ ਨਾਥ ਥੋਂ ਖ਼ੁਸ਼ੀ ਲੈ ਵਿਦਾ ਹੋਇਆ, ਛੁਟਾ ਬਾਜ਼ ਜਿਉਂ ਤੇਜ਼ ਤਰਾਰਿਆਂ ਨੂੰ।

ਪਲਕ ਝਲਕ ਵਿੱਚ ਕੰਮ ਹੋ ਗਿਆ ਉਸਦਾ, ਲੱਗੀ ਅੱਗ ਜੋਗੀਲਿਆਂ ਸਾਰਿਆਂ ਨੂੰ।

ਮੁੜ ਕੇ ਧੀਦੋ ਨੇ ਇੱਕ ਜਵਾਬ ਦਿੱਤਾ, ਓਹਨਾਂ ਚੇਲਿਆਂ ਹੈਂਸਿਆਰਿਆਂ ਨੂੰ।

ਭਲੇ ਕਰਮ ਜੇ ਹੋਣ ਤਾਂ ਜੋਗ ਪਾਈਏ, ਜੋਗ ਮਿਲੇ ਨਾ ਕਰਮਾਂ ਦੇ ਮਾਰਿਆਂ ਨੂੰ।

ਅਸੀਂ ਜੱਟ ਅਣਜਾਣ ਸਾਂ ਫਸ ਗਏ, ਕਰਮ ਕੀਤਾ ਸੂ ਅਸਾਂ ਵਿਚਾਰਿਆਂ ਨੂੰ।

ਵਾਰਿਸ ਸ਼ਾਹ ਜਾਂ ਅੱਲਾਹ ਕਰਮ ਕਰਦਾ, ਹੁਕਮ ਹੁੰਦਾ ਹੈ ਨੇਕ ਸਿਤਾਰਿਆਂ ਨੂੰ।

287

ਤਥਾ

ਜਦੋਂ ਕਰਮ ਅੱਲਾਹ ਦਾ ਕਰੇ ਮੱਦਦ, ਬੇੜਾ ਪਾਰ ਹੋ ਜਾਏ ਨਿਮਾਣਿਆਂ ਦਾ।

ਲਹਿਣਾ ਕਰਜ਼ ਨਾਹੀਂ ਬੂਹੇ ਜਾਇ ਬਹੀਏ, ਕੇਹਾ ਤਾਣ ਹੈ ਅਸਾਂ ਨਿਤਾਣਿਆਂ ਦਾ।

ਮੇਰੇ ਕਰਮ ਸਵੱਲੜੇ ਆਣ ਪਹੁੰਚੇ, ਖੇਤ ਜੰਮਿਆਂ ਭੁੰਨਿਆਂ ਦਾਣਿਆਂ ਦਾ।

ਵਾਰਿਸ ਸ਼ਾਹ ਮੀਆਂ ਵੱਡਾ ਵੈਦ ਆਇਆ, ਸਰਦਾਰ ਹੈ ਸਭ ਸਿਆਣਿਆਂ ਦਾ।

288

ਲੋਕਾਂ ਦੀਆਂ ਗੱਲਾਂ

ਜਿਹੜੇ ਪਿੰਡ 'ਚ ਆਵੇ ਤੇ ਲੋਕ ਪੁੱਛਣ, ਇਹ ਜੋਗੀੜਾ ਬਾਲੜਾ ਛੋਟੜਾ ਨੀ।

ਕੰਨੀਂ ਮੁੰਦਰਾਂ ਏਸ ਨੂੰ ਨਾ ਫੱਬਣ, ਇਹਦੇ ਤੇੜ ਨਾ ਬਣੇ ਲੰਗੋਟੜਾ ਨੀ।

ਸੱਤ ਜਰਮ ਕੇ ਹਮੀਂ ਹੈਂ ਨਾਥ ਪੂਰੇ, ਕਦੀ ਵਾਹਿਆ ਨਾਹੀਂ ਜੋਤਰਾ ਨੀ।

ਦੁਖ ਭੰਜਨ ਨਾਥ ਹੈ ਨਾਮ ਮੇਰਾ, ਮੈਂ ਧਨਵੰਤਰੀ ਵੈਦ ਦਾ ਪੋਤਰਾ ਨੀ।

ਜੇ ਕੋ ਅਸਾਂ ਦੇ ਨਾਲ ਦਮ ਮਾਰਦਾ ਹੈ, ਏਸ ਜਗ ਤੋਂ ਜਾਏਗਾ ਔਤਰਾ ਨੀ।

ਹੀਰਾ ਨਾਥ ਹੈ ਵੱਡਾ ਗੁਰੂ ਦੇਵ ਲੀਤਾ, ਚਲੇ ਓਸ ਕਾ ਪੂਜਨੇ ਚੌਤਰਾ ਨੀ।

ਵਾਰਿਸ ਸ਼ਾਹ ਜੋ ਕੋਈ ਲਏ ਖੁਸ਼ੀ ਸਾਡੀ, ਦੁੱਧ ਪੁਤਰਾਂ ਦੇ ਨਾਲ ਸੌਂਤਰਾ ਨੀ।

289

ਰਾਂਝੇ ਨੇ ਚਾਲੇ ਪਾ ਦਿੱਤੇ

ਧਾਇ ਟਿਲਿਉਂ ਰੰਦ ਲੈ ਖੇੜਿਆਂ ਦਾ, ਚੱਲਿਆ ਮੀਂਹ ਜਿਉਂ ਆਂਵਦਾ ਵੁਠ ਉੱਤੇ।

ਕਾਅਬਾ ਰੱਖ ਮੱਥੇ ਰਬ ਯਾਦ ਕਰਕੇ, ਚੜ੍ਹਿਆ ਖੇੜਿਆਂ ਦੀ ਸੱਜੀ ਗੁੱਠ ਉੱਤੇ।

ਨਸ਼ੇ ਨਾਲ ਝੁਲਾਰਦਾ ਮਸਤ ਜੋਗੀ, ਜਿਵੇਂ ਸੁੰਦਰੀ ਝੂਲਦੀ ਉੱਠ ਉੱਤੇ।

ਚਿੱਪੀ ਖਪਰੀ ਫਾਹੁੜੀ ਡੰਡਾ ਕੂੰਡਾ, ਭੰਗ ਪੋਸਤ ਬੱਧੇ ਚਾ ਪਿਠ ਉੱਤੇ।

ਏਵੇਂ ਸਰਕਦਾ ਆਂਵਦਾ ਖੇੜਿਆਂ ਨੂੰ, ਜਿਵੇਂ ਫ਼ੌਜ ਸਰਕਾਰ ਦੀ ਲੁੱਟ ਉੱਤੇ।

ਬੈਰਾਗ ਸਨਿਆਸ ਜਿਉਂ ਲੜਣ ਚੱਲੇ, ਰੱਖ ਹੱਥ ਤਲਵਾਰ ਦੀ ਮੁੱਠ ਉੱਤੇ।

ਵਾਰਿਸ ਸ਼ਾਹ ਸੁਲਤਾਨ ਜਿਉਂ ਦੌੜ ਕੀਤੀ, ਚੜ੍ਹ ਆਇਆ ਈ ਮਥਰਾ ਦੀ ਲੁੱਟ ਉੱਤੇ।

290

ਜੋਗੀ ਬਣ ਕੇ ਰਾਂਝਾ ਰੰਗ ਪੁਰ ਆਇਆ

ਰਾਂਝਾ ਭੇਸ ਵਟਾਇਕੇ ਜੋਗੀਆਂ ਦਾ ਉਠ ਹੀਰ ਦੇ ਸ਼ਹਿਰ ਨੂੰ ਧਾਂਵਦਾ ਏ।

ਭੁਖਾ ਸ਼ੇਰ ਜਿਉੁਂ ਦੌੜਦਾ ਮਾਰ ਉਤੇ, ਚੋਰ ਵਿਠ ਉਤੇ ਜਿਵੇਂ ਆਂਵਦਾ ਏ।

ਚਾ ਨਾਲ ਜੋਗੀ ਓਥੋਂ ਸਰਕ ਟੁਰਿਆ, ਜਿਵੇਂ ਮੀਂਹ ਅੰਧੇਰ ਦਾ ਆਂਵਦਾ ਏ।

ਦੇਸ ਖੇੜਿਆਂ ਦੇ ਰਾਂਝਾ ਆ ਵੜਿਆ, ਵਾਰਿਸ ਸ਼ਾਹ ਇਆਲ ਬੁਲਾਂਵਦਾ ਏ।

291

ਆਜੜੀ ਅਤੇ ਰਾਂਝੇ ਦੇ ਸਵਾਲ ਜਵਾਬ

ਜਦੋਂ ਰੰਗਪੁਰ ਦੀ ਜੂਹ ਜਾ ਵੜਿਆ, ਭੇਡਾਂ ਚਾਰੇ ਇਆਲੀ ਵਿੱਚ ਬਾਰ ਦੇ ਜੀ।

ਨੇੜੇ ਆਇਕੇ ਜੋਗੀ ਨੂੰ ਵੇਖਦਾ ਹੈ, ਜਿਵੇਂ ਨੈਣ ਵੇਖਣ ਨੈਣ ਯਾਰ ਦੇ ਜੀ।

ਝੱਸ ਚੋਰ ਤੇ ਚੁਗ਼ਲ ਦੀ ਜੀਭ ਵਾਂਗੂੰ, ਗੁੱਝੇ ਰਹਿਣ ਨਾ ਦੀਦੜੇ ਯਾਰ ਦੇ ਜੀ।

ਚੋਰ ਯਾਰ ਤੇ ਠਗ ਨਾ ਰਹਿਣ ਗੁੱਝੇ, ਕਿੱਥੇ ਛਪਦੇ ਆਦਮੀ ਕਾਰ ਦੇ ਜੀ।

ਤੁਸੀਂ ਕਿਹੜੇ ਦੇਸ ਦੇ ਫ਼ਕਰ ਸਾਈਂ, ਸੁਖ਼ਨ ਦੱਸਖਾਂ ਖੋਲ੍ਹ ਨਿਰਵਾਰਦੇ ਜੀ।

ਹਮੀਂ ਲੰਕ ਬਾਸ਼ੀ ਚੇਲੇ ਅਗਸਤ ਮੁਨਿ ਦੇ, ਹਮੀਂ ਪੰਛੀ ਸਮੁੰਦਰੋਂ ਪਾਰ ਦੇ ਜੀ।

ਬਾਰਾਂ ਬਰਸ ਬੈਠੇ ਬਾਰਾਂ ਬਰਸ ਫਿਰਦੇ, ਮਿਲਣ ਵਾਲਿਆਂ ਦੀ ਕੁਲ ਤਾਰਦੇ ਜੀ।

ਵਾਰਿਸ ਸ਼ਾਹ ਮੀਆਂ ਚਾਰੇ ਚਕ ਭੌਂਦੇ, ਹਮੀਂ ਕੁਦਰਤਾਂ ਕੂੰ ਦੀਦ ਮਾਰਦੇ ਜੀ।

292

ਆਜੜੀ

ਤੂੰ ਤਾਂ ਚਾਕ ਸਿਆਲਾਂ ਦਾ ਨਾਉਂ ਧੀਦੋ, ਛੱਡ ਖਚਰ ਪੌ ਕੁਲ ਹੰਜਾਰ ਦੇ ਜੀ।

ਮਝੀਂ ਚੂਚਕੇ ਦੀਆ ਜਦੋਂ ਚਾਰਦਾ ਸੈਂ, ਨੱਢੀ ਮਾਣਦਾ ਸੈਂ ਵਿੱਚ ਬਾਰ ਜੀ।

ਤੇਰਾ ਮੇਹਣਾ ਹੀਰ ਸਿਆਲ ਤਾਈਂ, ਆਮ ਖ਼ਬਰ ਸੀ ਵਿਚ ਸੰਸਾਰ ਦੇ ਜੀ।

ਨੱਸ ਜਾ ਏਥੋਂ ਮਾਰ ਸੁੱਟਣੀਗੇ, ਖੇੜੇ ਅੱਤ ਚੜ੍ਹੇ ਭਰੇ ਭਾਰਦੇ ਜੀ।

ਦੇਸ ਖੇੜਿਆਂ ਦੇ ਜ਼ਰਾ ਖਬਰ ਹੋਵੇ, ਜਾਣ ਤਖਤ ਹਜ਼ਾਰੇ ਨੂੰ ਮਾਰ ਦੇ ਜੀ।

ਭੱਜ ਜਾ ਮਤਾਂ ਖੇੜੇ ਲਾਧ ਕਰਨੀ, ਪਿਆਦੇ ਬੰਨ੍ਹ ਲੈ ਜਾਣ ਸਰਕਾਰ ਦੇ ਜੀ।

ਮਾਰ ਚੂਰ ਕਰ ਸੁੱਟਣੇ ਹੱਡ ਗੋਡੇ, ਮਲਕ ਗੋਰ ਅਜ਼ਾਬ ਕਹਾਰ ਦੇ ਜੀ।

ਵਾਰਿਸ ਸ਼ਾਹ ਜਿਉਂ ਗੋਰ ਵਿੱਚ ਹੱਡ ਕੜਕਣ, ਗੁਰਜ਼ਾਂ ਨਾਲ ਆਸੀ ਗੁਨ੍ਹਾਗਾਰ ਦੇ ਜੀ।

293

ਆਜੜੀ ਨਾਲ ਰਾਂਝੇ ਦੀ ਗੱਲ ਬਾਤ

ਇੱਜੜ ਚਾਰਨਾ ਕੰਮ ਪੈਗ਼ਬਰਾਂ ਦਾ, ਕੇਹਾ ਅਮਲ ਸ਼ੈਤਾਨ ਦਾ ਤੋਲਿਉ ਈ।

ਭੇਡਾਂ ਚਾਰ ਕੇ ਤੁਹਮਤਾਂ ਜੋੜਣਾਂ ਏਂ, ਕੇਹਾ ਗ਼ਜ਼ਬ ਫ਼ਕੀਰ ਤੇ ਬੋਲਿਉ ਈ।

ਅਸੀਂ ਫ਼ਕਰ ਅੱਲਾਹ ਦੇ ਨਾਗ ਕਾਲੇ, ਅਸਾਂ ਨਾਲ ਕੀ ਕੋਇਲਾ ਘੋਲਿਉ ਈ।

ਵਾਹੀ ਛੱਡ ਕੇ ਖੋਲੀਆਂ ਚਾਰੀਆਂ ਨੀ, ਹੋਇਉਂ ਜੋਗੀੜਾ ਜੀਊ ਜਾਂ ਡੋਲਿਉ ਈ।

ਸੱਚ ਮੰਨ ਕੇ ਪਿਛਾਂਹ ਮੁੜ ਜਾਹ ਜੱਟਾ, ਕੇਹਾ ਕੂੜ ਦਾ ਘੋਲਣਾ ਘੋਲਿਉ ਈ।

ਵਾਰਿਸ ਸ਼ਾਹ ਇਹ ਉਮਰ ਨਿੱਤ ਕਰੇਂ ਜ਼ਾਇਆ, ਸ਼ੱਕਰ ਵਿੱਚ ਪਿਆਜ਼ ਕਿਉਂ ਘੋਲਿਉ ਈ।

294

ਆਜੜੀ

ਅਵੇ ਸੁਣੀ ਚਾਕਾ ਸਵਾਹ ਲਾ ਮੂੰਹ ਤੇ, ਜੋਗੀ ਹੋਇਕੇ ਨਜ਼ਰ ਭੁਆ ਬੈਠੋਂ।

ਹੀਰ ਸਿਆਲ ਦਾ ਯਾਰ ਮਸ਼ਹੂਰ ਰਾਂਝਾ, ਮੌਜਾਂ ਮਾਣ ਕੇ ਕੰਨ ਪੜਵਾ ਬੈਠੋਂ।

ਖੇੜੇ ਵਿਆਹ ਲਿਆਏ ਮੂੰਹ ਮਾਰ ਤੇਰੇ, ਸਾਰੀ ਉਮਰ ਦੀ ਲੀਕ ਲਵਾ ਬੈਠੋਂ।

ਤੇਰੇ ਬੈਠਿਆਂ ਵਿਆਹ ਲੈ ਗਏ ਖੇੜੇ, ਦਾੜ੍ਹੀ ਪਰ੍ਹੇ ਦੇ ਵਿੱਚ ਮੁਨਾ ਬੈਠੋਂ।

ਮੰਗ ਛੱਡੀਏ ਨਾ ਜੇ ਜਾਨ ਹੋਵੇ, ਵੰਨੀ ਦਿੱਤੀਆਂ ਛਡ ਹਿਆ ਬੈਠੋਂ।

ਜਦੋਂ ਡਿਠੋਈ ਦਾਉ ਨਾ ਲੱਗੇ ਕੋਈ, ਬੂਹੇ ਨਾਥ ਦੇ ਅੰਤ ਨੂੰ ਜਾ ਬੈਠੋਂ।

ਇੱਕ ਅਮਲ ਨਾ ਕੀਤੋਈ ਗ਼ਾਫ਼ਲਾ ਵੋ, ਐਵੇਂ ਕੀਮੀਆਂ ਉਮਰ ਗੁਆ ਬੈਠੋਂ।

ਸਿਰ ਵੱਢ ਕਰ ਸਨ ਤੇਰੇ ਚਾ ਬੇਰੇ, ਜਿਸ ਵੇਲੜੇ ਖੇੜੀਂ ਤੂੰ ਜਾ ਬੈਠੋਂ।

ਵਾਰਿਸ ਸ਼ਾਹ ਤਰਿਆਕ ਦੀ ਥਾਂ ਨਾਹੀਂ, ਹੱਥੀਂ ਆਪਣੇ ਜ਼ਹਿਰ ਤੂੰ ਖਾ ਬੈਠੋਂ।

295

ਰਾਂਝਾ

ਸਤ ਜਰਮ ਕੇ ਹਮੀਂ ਫ਼ਕੀਰ ਜੋਗੀ, ਨਹੀਂ ਨਾਲ ਜਹਾਨ ਦੇ ਸੀਰ ਮੀਆਂ।

ਅਸਾਂ ਸੇਲ੍ਹੀਆਂ ਖਪਰਾਂ ਨਾਲ ਵਰਤਣ, ਭੀਖ ਖਾਇਕੇ ਹੋਣਾਂ ਵਹੀਰ ਮੀਆਂ।

ਭਲਾ ਜਾਣ ਜੱਟਾ ਕਹੇਂ ਚਾਕ ਸਾਨੂੰ, ਅਸੀਂ ਫ਼ਕਰ ਹਾਂ ਜ਼ਾਹਰਾ ਪੀਰ ਮੀਆਂ।

ਨਾਉਂ ਮਿਹਰੀਆਂ ਦੇ ਲਿਆਂ ਡਰਨ ਆਵੇ, ਰਾਂਝਾ ਕੌਣ ਤੇ ਕਿਹੜੀ ਹੀਰ ਮੀਆਂ।

ਜਤੀ ਸਤੀ ਹਠੀ ਤਪੀ ਨਾਥ ਪੂਰੇ, ਸਤ ਜਨਮ ਕੇ ਗਹਿਰ ਗੰਭੀਰ ਮੀਆਂ।

ਜਟ ਚਾਕ ਬਣਾਉਣ ਨਾਹੀਂ ਜੋਗੀਆਂ ਨੂੰ, ਏਹੀ ਜੀਊ ਆਵੇ ਸਟੂੰ ਚੀਰ ਮੀਆਂ।

ਥਰਾ ਥਰ ਕੰਬੇ ਗ਼ੁੱਸੇ ਨਾਲ ਜੋਗੀ, ਅੱਖੀਂ ਰੋਹ ਪਲਟਿਆ ਨੀਰ ਮੀਆਂ।

ਹੱਥ ਜੋੜ ਇਆਲ ਨੇ ਪੈਰ ਪਕੜੇ, ਜੋਗੀ ਬਖਸ਼ ਲੈ ਇਹ ਤਕਸੀਰ ਮੀਆਂ।

ਤੁਸੀਂ ਪਾਰ ਸਮੁੰਦਰੋਂ ਰਹਿਣ ਵਾਲੇ, ਭੁਲ ਗਿਆ ਚੇਲਾ ਬਖਸ਼ ਪੀਰ ਮੀਆਂ।

ਵਾਰਿਸ ਸ਼ਾਹ ਦਾ ਅਰਜ਼ ਜਨਾਬ ਅੰਦਰ, ਸੁਣ ਹੋਇ ਨਾਹੀਂ ਦਿਲਗੀਰ ਮੀਆਂ।

296

ਆਜੜੀ

ਭੱਤੇ ਬੇਲਿਆਂ ਵਿੱਚ ਲੈ ਜਾਏ ਜੱਟੀ, ਪੀਂਘਾਂ ਪੀਂਘਦੀ ਨਾਲ ਪਿਆਰੀਆਂ ਦੇ।

ਇਹ ਪ੍ਰੇਮ ਪਿਆਲੜਾ ਝੋਕਿਉਈ, ਨੈਣ ਮਸਤ ਸਨ ਵਿੱਚ ਖ਼ੁਮਾਰੀਆਂ ਦੇ।

ਵਾਹੇਂ ਵੰਝਲੀ ਤੇ ਫਿਰੇ ਮਗਰ ਲੱਗੀ, ਹਾਂਝ ਘਿਨ ਕੇ ਨਾਲ ਕੁਆਰੀਆਂ ਦੇ।

ਜਦੋਂ ਵਿਆਹ ਹੋਇਆ ਤਦੋਂ ਵਿਹਰ ਬੈਠੀ, ਡੋਲੀ ਚਾੜ੍ਹਿਆ ਨੇ ਨਾਲ ਖ਼ੁਆਰੀਆਂ ਦੇ।

ਧਾਰਾਂ ਖਾਂਗੜਾਂ ਦੀਆਂ ਝੋਕਾਂ ਹਾਣੀਆਂ ਦੀਆਂ, ਮਜ਼ੇ ਖੂਬਾਂ ਦੇ ਘੋਲ ਕੁਆਰੀਆਂ ਦੇ।

ਮਸਾਂ ਨੀਂਗਰਾਂ ਦੀਆਂ ਲਾਡ ਨੱਢੀਆਂ ਦੇ, ਇਸ਼ਕ ਕੁਆਰੀਆਂ ਦੇ ਮਜ਼ੇ ਯਾਰੀਆਂ ਦੇ।

ਜੱਟੀ ਵਿਆਹ ਦਿੱਤੀ ਰਹਿਉਂ ਨੀਧਰਾ ਤੂੰ, ਸੁੰਞੇ ਸਖਣੇ ਤੌਕ ਪਟਾਰੀਆਂ ਦੇ।

ਖੇਡਣ ਵਾਲੀਆਂ ਸਾਹੁਰੇ ਬੰਨ੍ਹ ਖੜੀਆਂ, ਰੁਲਣ ਛਮਕਾਂ ਹੇਠ ਬੁਖ਼ਾਰੀਆਂ ਦੇ।

ਬੁੱਢਾ ਹੋਇਕੇ ਚੋਰ ਮਸੀਤ ਵੜਦਾ, ਰਲ ਫਿਰਦਾ ਹੈ ਨਾਲ ਮਦਾਰੀਆਂ ਦੇ।

ਗੁੰਡੀ ਰੰਨ ਬੁੱਢੀ ਹੋ ਬਣੇ ਹਾਜਣ, ਫੇਰੇ ਮੋਰਛਰ ਗਿਰਦ ਪਿਆਰੀਆਂ ਦੇ।

ਪਰ੍ਹਾਂ ਜਾ ਜੱਟਾ ਮਾਰ ਸੁੱਟਣੀਗੇ, ਨਹੀਂ ਛੁਪਦੇ ਯਾਰ ਕਵਾਰੀਆਂ ਦੇ।

ਕਾਰੀਗਰੀ ਮੌਕੂਫ਼ ਕਰ ਮੀਆਂ ਵਾਰਿਸ, ਤੈਥੇ ਵਲ ਹੈਂ ਪਾਵਣ ਛਾਰੀਆਂ ਦੇ।

297

ਰਾਂਝੇ ਮੰਨਿਆਂ ਕਿ ਆਜੜੀ ਠੀਕ ਏ

ਤੁਸੀਂ ਅਕਲ ਦੇ ਕੋਟ ਇਆਲ ਹੁੰਦੇ, ਲੁਕਮਾਨ ਹਕੀਮ ਦਸਤੂਰ ਹੈ ਜੀ।

ਬਾਜ਼ ਭੌਰ ਬਗਲਾ ਲੋਹਾ ਲੌਂਗ ਕਾਲੂ, ਸ਼ਾਹੀਂ ਸ਼ੀਹਣੀ ਨਾਲ ਕਸਤੂਰ ਹੈ ਜੀ।

ਲੋਹਾ ਪਸ਼ਮ ਪਿਸਤਾ ਡੱਬਾ ਮੌਤ ਸੂਰਤ, ਕਾਲੂ ਅਜ਼ਰਾਈਲ ਮਨਜ਼ੂਰ ਹੈ ਜੀ।

ਪੰਜੇ ਬਾਜ਼ ਜੇਹੇ ਲਕ ਵਾਂਗ ਚੀਤੇ, ਪਹੁੰਚਾ ਵੱਗਿਆ ਮਿਰਗ ਸਭ ਦੂਰ ਹੈ ਜੀ।

ਚੱਕ ਸ਼ੀਂਹ ਵਾਂਗੂੰ ਗੱਜ ਮੀਂਹ ਵਾਂਗੂੰ, ਜਿਸ ਨੂੰ ਦੰਦ ਮਾਰਨ ਹੱਡ ਚੂਰ ਹੈ ਜੀ।

ਕਿਸੇ ਪਾਸ ਨਾ ਖੋਲਣਾ ਭੇਤ ਭਾਈ, ਜੋ ਕੁੱਝ ਆਖਿਉ ਸਭ ਮਨਜ਼ੂਰ ਹੈ ਜੀ।

ਆ ਪਿਆ ਪਰਦੇਸ ਵਿੱਚ ਕੰਮ ਮੇਰਾ, ਲਈਏ ਹੀਰ ਇੱਕੇ ਸਿਰ ਦੂਰ ਹੈ ਜੀ।

ਵਾਰਿਸ ਸ਼ਾਹ ਹੁਣ ਬਣੀ ਹੈ ਬਹੁਤ ਔਖੀ, ਅੱਗੇ ਸੁੱਝਦਾ ਕਹਿਰ ਕਲੂਰ ਹੈ ਜੀ।

298

ਰਾਂਝਾ

ਭੇਤ ਦੱਸਣਾ ਮਰਦ ਦਾ ਕੰਮ ਨਾਹੀਂ, ਮਰਦ ਸੋਈ ਜੋ ਵੇਖ ਦੰਮ ਘੁਟ ਜਾਏ।

ਗੱਲ ਜੀਊ ਦੇ ਵਿੱਚ ਹੀ ਰਹੇ ਖੁਫ਼ੀਆ, ਕਾਉਂ ਵਾਂਗ ਪੈਖ਼ਾਲ ਨਾ ਸੁੱਟ ਜਾਏ।

ਭੇਤ ਕਿਸੇ ਦਾ ਦੱਸਣਾ ਭਲਾ ਨਾਹੀਂ, ਭਾਂਵੇਂ ਪੁੱਛ ਕੇ ਲੋਕ ਨਿਖੁੱਟ ਜਾਏ।

ਵਾਰਿਸ ਸ਼ਾਹ ਨਾ ਭੇਤ-ਸੰਦੂਕ ਖੋਲ੍ਹਣ, ਭਾਵੇਂ ਜਾਨ ਦਾ ਜੰਦਰਾ ਟੁੱਟ ਜਾਏ।

299

ਆਜੜੀ

ਮਾਰ ਆਸ਼ਕਾਂ ਦੀ ਲੱਜ ਲਾਹੀਆਈ, ਯਾਰੀ ਲਾਇਕੇ ਘਿੰਨ ਲੈ ਜਾਵਣੀ ਸੀ।

ਅੰਤ ਖੇੜਿਆਂ ਹੀਰ ਲੈ ਜਾਵਣੀ ਸੀ, ਯਾਰੀ ਓਸ ਦੇ ਨਾਲ ਕਿਉਂ ਲਾਵਣੀ ਸੀ।

ਏਡੀ ਧੁੰਮ ਕਿਉਂ ਮੂਰਖਾ ਪਾਵਣੀ ਸੀ, ਨਹੀਂ ਯਾਰੀ ਹੀ ਮੂਲ ਨਾ ਲਾਵਣੀ ਸੀ।

ਉਸ ਦੇ ਨਾਲ ਨਾ ਕੌਲ ਕਰਾਰ ਕਰਦੋਂ, ਨਹੀਂ ਯਾਰੀ ਹੀ ਸਮਝਕੇ ਲਾਵਣੀ ਸੀ।

ਕਟਕ ਤਖ਼ਤ ਹਜ਼ਾਰੇ ਦਾ ਲਿਆ ਕੇ ਤੇ, ਹਾਜ਼ਰ ਕਦ ਸਭ ਜੰਞ ਬਣਾਵਣੀ ਸੀ।

ਤੇਰੀ ਫ਼ਤਿਹ ਸੀ ਮੂਰਖਾ ਦੋਹੀਂ ਦਾਹੀਂ, ਏਹ ਵਾਰ ਨਾ ਮੂਲ ਗਵਾਵਣੀ ਸੀ।

ਇਕੇ ਹੀਰ ਨੂੰ ਮਾਰ ਕੇ ਡੋਬ ਦੇਂਦੇ, ਇਕੇ ਹੀਰ ਹੀ ਮਾਰ ਮੁਕਾਵਣੀ ਸੀ।

ਇਕੇ ਹੀਰ ਵੀ ਕੱਢ ਲੈ ਜਾਵਣੀ ਸੀ, ਇਕੇ ਖੂਹ ਦੇ ਵਿਚ ਪਾਵਣੀ ਸੀ।

ਨਾਲ ਸੇਹਰਿਆਂ ਹੀਰ ਵਿਆਹਵਣੀ ਸੀ, ਹੀਰ ਅੱਗੇ ਸ਼ਹੀਦੀ ਪਾਵਣੀ ਸੀ।

ਬਣੇਂ ਗ਼ਾਜ਼ੀ ਜੇ ਮਰੇਂ ਸ਼ਹੀਦ ਹੋਵੇਂ, ਏਹ ਖ਼ਲਕ ਤੇਰੇ ਹੱਥ ਆਵਣੀ ਸੀ।

ਤੇਰੇ ਮੂੰਹ ਤੇ ਜੱਟ ਹੰਢਾਂਵਦਾ ਏ, ਜ਼ਹਿਰ ਖਾਇ ਕੇ ਹੀ ਮਰ ਜਾਵਣੀ ਸੀ।

ਇੱਕੇ ਯਾਰੀ ਤੈਂ ਮੂਲ ਨਾ ਲਾਵਣੀ ਸੀ, ਚਿੜੀ ਬਾਜ਼ ਦੇ ਮੂੰਹੋਂ ਛਡਾਵਣੀ ਸੀ।

ਲੈ ਗਏ ਵਿਆਹ ਕੇ ਜੀਊਂਦਾ ਮਰ ਜਾਏਂ, ਏਹ ਲੀਕ ਤੂੰ ਕਾਹੇ ਲਾਵਣੀ ਸੀ।

ਮਰ ਜਾਵਣਾਂ ਸੀ ਦਰ ਯਾਰ ਦੇ ਤੇ, ਇਹ ਸੂਰਤ ਕਿਉਂ ਗਧੇ ਚੜ੍ਹਾਵਣੀ ਸੀ।

ਵਾਰਿਸ ਸ਼ਾਹ ਜੇ ਮੰਗ ਲੈ ਗਏ ਖੇੜੇ, ਦਾੜ੍ਹੀ ਪਰੇ ਦੇ ਵਿੱਚ ਮੁਨਾਵਣੀ ਸੀ।

300

ਰਾਂਝਾ

ਅੱਖੀਂ ਵੇਖ ਕੇ ਮਰਦ ਹਨ ਚੁੱਪ ਕਰਦੇ, ਭਾਂਵੇਂ ਚੋਰ ਈ ਝੁੱਗੜਾ ਲੁਟ ਜਾਏ।

ਦੇਣਾ ਨਹੀਂ ਜੇ ਭੇਤ ਵਿੱਚ ਖੇੜਿਆਂ ਦੇ, ਗੱਲ ਖ਼ੁਆਰ ਹੋਵੇ ਕਿ ਖਿੰਡ ਫੁਟ ਜਾਏ।

ਤੋਦਾ ਖੇੜਿਆਂ ਦੇ ਬੂਹੇ ਅੱਡਿਆ ਏ, ਮਤਾਂ ਚਾਂਗ ਨਿਸ਼ਾਨੜਾ ਚੁਟ ਜਾਏ।

ਹਾਥੀ ਚੋਰ ਗੁਲੇਰ ਥੀਂ ਛੁਟ ਜਾਂਦੇ, ਏਹਾ ਕੌਣ ਜੋ ਇਸ਼ਕ ਥੀਂ ਛੁਟ ਜਾਏ।

301

ਆਜੜੀ

ਅਸਾਂ ਰਾਂਝਿਆ ਹੱਸ ਕੇ ਗੱਲ ਕੀਤੀ, ਜਾ ਲਾ ਲੈ ਦਾਉ ਜੇ ਲੱਗਦਾ ਈ।

ਲਾਟ ਰਹੇ ਨਾ ਜੀਊ ਦੇ ਵਿੱਚ ਲੁਕੀ, ਇਹ ਇਸ਼ਕ ਅਲੰਬੜਾ ਅੱਗ ਦਾ ਈ।

ਜਾ ਵੇਖ ਮਾਅਸ਼ੂਕ ਦੇ ਨੈਣ ਖ਼ੂਨੀ, ਤੈਨੂੰ ਨਿਤ ਉਲਾਂਹਬੜਾ ਜਗ ਦਾ ਈ।

ਸਮਾਂ ਯਾਰ ਦਾ ਤੇ ਘੱਸਾ ਬਾਜ਼ ਵਾਲਾ, ਝੁਟ ਚੋਰ ਦਾ ਤੇ ਦਾਉ ਠਗ ਦਾ ਈ।

ਲੈ ਕੇ ਨੱਢੜੀ ਨੂੰ ਛਿਣਕ ਜਾ ਚਾਕਾ, ਸੈਦਾ ਸਾਕ ਨਾ ਸਾਡੜਾ ਲਗਦਾ ਈ।

ਵਾਰਿਸ ਕੰਨ ਪਾਟੇ ਮਹੀਂ ਚਾਰ ਮੁੜਿਉਂ, ਅਜੇ ਮੁੱਕਾ ਨਾ ਮਿਹਣਾ ਜੱਗ ਦਾ ਈ।

302

ਤਥਾ

ਸੁਣ ਮੂਰਖਾ ਫੇਰ ਜੇ ਦਾਉ ਲੱਗੇ, ਨਾਲ ਸਹਿਤੀ ਦੇ ਝਗੜਾ ਪਾਵਣਾ ਈ।

ਸਹਿਤੀ ਵੱਡੀ ਝਗੜੈਲ ਮਰੀਕਣੀ ਹੈ, ਓਹਦੇ ਨਾਲ ਮੱਥਾ ਜਾ ਲਾਵਣਾ ਈ।

ਹੋਸੀ ਝਗੜਿਉਂ ਮੁਸ਼ਕਲ ਆਸਾਨ ਤੇਰੀ, ਨਾਲੇ ਘੂਰਨਾ ਤੇ ਨਾਲੇ ਖਾਵਣਾ ਈ।

ਚੌਦਾਂ ਤਬਕ ਦੇ ਮਕਰ ਉਹ ਜਾਣਦੀ ਏ, ਜ਼ਰਾ ਓਸ ਦੇ ਮਕਰ ਨੂੰ ਪਾਵਣਾ ਈ।

ਕਦਮ ਪਕੜਸੀ ਜੋਗੀਆ ਆਇ ਤੇਰੇ, ਜ਼ਰਾ ਸਹਿਤੀ ਦਾ ਜੀਊ ਠਹਿਰਾਵਣਾ ਈ।

ਵਾਰਿਸ ਸ਼ਾਹ ਹੈ ਵੱਡੀ ਉਸ਼ਟੰਡ ਸਹਿਤੀ, ਕੋਈ ਕਸ਼ਫ਼ ਦਾ ਜ਼ੋਰ ਵਿਖਾਵਣਾ ਈ।

303

ਰਾਂਝਾ

ਮਰਦ ਬਾਝ ਮਹਿਰੀ ਪਾਣੀ ਬਾਝ ਧਰਤੀ, ਆਸ਼ਕ ਡਿਠੜੇ ਬਾਝ ਨਾ ਰੱਜਦੇ ਨੇ।

ਲਖ ਸਿਰੀਂ ਅਵੱਲ ਸਵੱਲ ਆਵਣ, ਯਾਰ ਯਾਰਾਂ ਥੋਂ ਮੂਲ ਨਾ ਭੱਜਦੇ ਨੇ।

ਭੀੜਾਂ ਬਣਦੀਆਂ ਅੰਗ ਵਟਾਇ ਦੇਂਦੇ, ਪਰਦੇ ਆਸ਼ਕਾਂ ਦੇ ਮਰਦ ਕੱਜਦੇ ਨੇ।

ਦਾ ਚੋਰ ਤੇ ਯਾਰ ਦਾ ਇੱਕ ਸਾਇਤ, ਨਹੀਂ ਵੱਸਦੇ ਮੀਂਹ ਜੋ ਗੱਜਦੇ ਨੇ।

304

ਰਾਂਝਾ ਰੰਗਪੁਰ ਖੇੜੀਂ ਪੁੱਜਾ

ਰਾਂਝੇ ਅੱਗੇ ਇਆਲ ਨੇ ਕਸਮ ਖਾਧੀ, ਨਗਰ ਖੇੜਿਆਂ ਦੇ ਜਾਇ ਧੱਸਿਆ ਈ।

ਯਾਰੋ ਕੌਣ ਗਿਰਾਉਂ ਸਰਦਾਰ ਕਿਹੜਾ, ਕੌਣ ਲੋਕ ਕਦੋਕਣਾ ਵੱਸਿਆ ਈ।

ਅੱਗੇ ਪਿੰਡ ਦੇ ਖੂਹ ਤੇ ਭਰਨ ਪਾਣੀ, ਕੁੜੀਆਂ ਘੱਤਿਆ ਹੱਸ ਖ਼ਰਖੱਸਿਆ ਈ।

ਯਾਰ ਹੀਰ ਦਾ ਭਾਵੇਂ ਤੇ ਇਹ ਜੋਗੀ, ਕਿਸੇ ਲਭਿਆ ਤੇ ਨਾਹੀਂ ਦੱਸਿਆ ਈ।

ਪਾਣੀ ਪੀ ਠੰਡਾ ਛਾਂਵੇਂ ਘੋਟ ਬੂਟੀ, ਸੁਣ ਪਿੰਡ ਦਾ ਨਾਉਂ ਖਿੜ ਹੱਸਿਆ ਈ।

ਇਹਦਾ ਨਾਉਂ ਹੈ ਰੰਗਪੁਰ ਖੇੜਿਆਂ ਦਾ, ਕਿਸੇ ਭਾਗ ਭਰੀ ਚਾ ਦੱਸਿਆ ਈ।

ਅਰੀ ਕੌਣ ਸਰਦਾਰ ਹੈ ਭਾਤ ਖਾਣੀ, ਸਖ਼ੀ ਸ਼ੂਮ ਕੇਹਾ ਲਿਆ ਜੱਸਿਆ ਈ।

ਅੱਜੂ ਨਾਮ ਸਰਦਾਰ ਤੇ ਪੁਤ ਸੈਦਾ, ਜਿਸ ਨੇ ਹੱਕ ਰੰਝੇਟੇ ਦਾ ਖੱਸਿਆ ਈ।

ਬਾਗ਼ ਬਾਗ਼ ਰੰਝੇਟੜਾ ਹੋ ਗਿਆ, ਜਦੋਂ ਨਾਉਂ ਜਟੇਟੀਆਂ ਦੱਸਿਆ ਈ।

ਸਿੰਙੀ ਖੱਪਰੀ ਬੰਨ੍ਹ ਤਿਆਰ ਹੋਇਆ, ਲੱਕ ਚਾ ਫ਼ਕੀਰ ਨੇ ਕੱਸਿਆ ਈ।

ਕਦੀ ਲਏ ਹੂਲਾਂ ਕਦੀ ਝੂਲਦਾ ਏ, ਕਦੀ ਰੋ ਪਿਆ ਕਦੀ ਹੱਸਿਆ ਈ।

ਵਾਰਿਸ ਸ਼ਾਹ ਕਿਰਸਾਨ ਜਿਉਂ ਹਣ ਰਾਜ਼ੀ, ਮੀਂਹ ਔੜ ਦੇ ਦਿਹਾਂ ਤੇ ਵੱਸਿਆ ਈ।

305

ਰਾਂਝੇ ਦੁਆਲੇ ਗੱਭਰੂ

ਆ ਜੋਗੀਆ ਕੇਹਾ ਇਹ ਦੇਸ ਡਿੱਠੋ, ਪੁੱਛਣ ਗੱਭਰੂ ਬੈਠ ਵਿੱਚ ਦਾਰੀਆਂ ਦੇ।

ਓਥੇ ਝੱਲ ਮਸਤਾਨੀਆਂ ਕਰੇ ਗੱਲਾਂ, ਸੁਖ਼ਨ ਸੁਣੋ ਕੰਨ ਪਾਟਿਆਂ ਪਿਆਰਿਆਂ ਦੇ।

ਕਰਾਂ ਕੌਣ ਸਲਾਹ ਮੈਂ ਖੇੜਿਆਂ ਦੀ, ਡਾਰ ਫਿਰਨ ਚੌਤਰਫ਼ ਕਵਾਰੀਆਂ ਦੇ।

ਮਾਰ ਆਸ਼ਕਾਂ ਨੂੰ ਕਰਨ ਚਾ ਬੇਰੇ, ਨੈਣ ਤਿਖੜੇ ਨੋਕ ਕਟਾਰੀਆਂ ਦੇ।

ਦੇਣ ਆਸ਼ਕਾਂ ਨੂੰ ਤੋੜੇ ਨਾਲ ਨੈਣਾਂ, ਨੈਣ ਰਹਿਣ ਨਾਹੀਂ ਹਰਿਆਰੀਆਂ ਦੇ।

ਏਸ ਜੋਬਨੇ ਦੀਆਂ ਵਣਜਾਰੀਆਂ ਨੂੰ, ਮਿਲੇ ਆਣ ਸੌਦਾਗਰ ਯਾਰੀਆਂ ਦੇ।

ਸੁਰਮਾ ਫੁਲ ਦੰਦਾਸੜਾ ਸੁਰਖ਼ ਮਹਿੰਦੀ, ਲੁਟ ਲਏ ਨੇ ਹੱਟ ਪਸਾਰੀਆਂ ਦੇ।

ਨੈਣਾਂ ਨਾਲ ਕਲੇਜੜਾ ਛਿਕ ਕੱਢਣ, ਦਿਸਣ ਭੋਲੜੇ ਮੁਖ ਵਿਚਾਰੀਆਂ ਦੇ।

ਜੋਗੀ ਵੇਖ ਕੇ ਆਣ ਚੌਗਿਰਦ ਹੋਈਆਂ, ਛੁੱਟੇ ਪਰ੍ਹੇ ਵਿੱਚ ਨਾਗ਼ ਪਟਾਰੀਆਂ ਦੇ।

ਓਥੇ ਖੋਲ੍ਹ ਕੇ ਅੱਖੀਆਂ ਹੱਸ ਪੌਂਦਾ, ਡਿਠੇ ਖ਼ਾਬ ਵਿੱਚ ਮੇਲ ਕਵਾਰੀਆਂ ਦੇ।

ਆਣ ਗਿਰਦ ਹੋਈਆਂ ਬੈਠਾ ਵਿੱਚ ਝੂਲੇ, ਬਾਦਸ਼ਾਹ ਜਿਉਂ ਵਿੱਚ ਅੰਮਾਰੀਆਂ ਦੇ।

ਵਾਰਿਸ ਸ਼ਾਹ ਨਾ ਰਹਿਣ ਨਿਚੱਲੜੇ ਬਹਿ, ਜਿਨ੍ਹਾਂ ਨਰਾਂ ਨੂੰ ਸ਼ੌਕ ਨੇ ਨਾਰੀਆਂ ਦੇ।

306

ਰਾਂਝਾ

ਮਾਹੀ ਮੁੰਡਿਉ ਘਰੀਂ ਨਾ ਜਾ ਕਹਿਣਾ, ਜੋਗੀ ਮਸਤ ਕਮਲਾ ਇੱਕ ਆਇ ਵੜਿਆ।

ਕੰਨੀਂ ਮੁੰਦਰਾਂ ਸੇਲ੍ਹੀਆਂ ਨੈਣ ਸੁੰਦਰ, ਦਾੜ੍ਹੀ ਪਟੇ ਸਿਰ ਭਵਾਂ ਮੁਨਾਇ ਵੜਿਆ।

ਜਹਾਂ ਨਾਉਂ ਮੇਰਾ ਕੋਈ ਜਾ ਲੈਂਦਾ, ਮਹਾ ਦੇਵ ਲੈ ਦੌਲਤਾਂ ਆਇ ਵੜਿਆ।

ਕਿਸੇ ਨਾਲ ਕੁਦਰਤ ਫੁੱਲ ਜੰਗਲੇ ਥੀਂ, ਕਿਵੇਂ ਭੁਲ ਭੁਲਾਵੜੇ ਆਇ ਵੜਿਆ।

ਵਾਰਿਸ ਕੰਮ ਸੋਈ ਜਿਹੜੇ ਰੱਬ ਕਰਸੀ, ਮੈਂ ਤਾਂ ਓਸ ਦਾ ਭੇਜਿਆ ਆਇ ਵੜਿਆ।

307

ਕੁੜੀਆਂ ਦੀਆਂ ਘਰ ਜਾ ਕੇ ਗੱਲਾਂ

ਕੁੜੀਆਂ ਵੇਖ ਕੇ ਜੋਗੀ ਦੀ ਤਬਾਅ ਸਾਰੀ, ਘਰੀਂ ਹੱਸਦੀਆਂ ਹੱਸਦੀਆਂ ਆਈਆਂ ਨੇ।

ਮਾਏ ਇੱਕ ਜੋਗੀ ਸਾਡੇ ਨਗਰ ਆਇਆ, ਕੰਨੀਂ ਮੁੰਦਰਾਂ ਓਸ ਨੇ ਪਾਈਆਂ ਨੇ।

ਨਹੀਂ ਬੋਲਦਾ ਬੁਰਾ ਜ਼ਬਾਨ ਵਿੱਚੋਂ, ਭਾਵੇਂ ਭਿੱਛਿਆ ਨਾਹੀਉਂ ਪਾਈਆਂ ਨੇ।

ਹੱਥ ਖੱਪਰੀ ਫਾਹੁੜੀ ਮੋਢਿਆਂ ਤੇ, ਗਲ ਸੇਲ੍ਹੀਆਂ ਅਜਬ ਬਣਾਈਆਂ ਨੇ।

ਅਰੜਾਂਵਦਾ ਵਾਗ ਜਲਾਲੀਆਂ ਦੇ, ਜਟਾਂ ਵਾਂਗ ਮਦਾਰੀਆਂ ਛਾਈਆਂ ਨੇ।

ਨਾ ਉਹ ਮੁੰਡੀਆ ਗੋਦੜੀ ਨਾਥ ਜੰਗਮ, ਨਾ ਉਦਾਸੀਆਂ ਵਿੱਚ ਠਹਿਰਾਈਆਂ ਨੇ।

ਪ੍ਰੇਮ-ਮੱਤੀਆਂ ਅੱਖੀਆਂ ਰੰਗ ਭਰੀਆਂ, ਸਦਾ ਗੂੜ੍ਹੀਆਂ ਲਾਲ ਸਵਾਈਆਂ ਨੇ।

ਖ਼ੂਨੀ ਬਾਂਕੀਆਂ ਨਸ਼ੇ ਦੇ ਨਾਲ ਭਰੀਆਂ, ਨੈਣਾਂ ਖੀਵੀਆਂ ਸਾਣ ਚੜ੍ਹਾਈਆਂ ਨੇ।

ਕਦੀ ਸੰਗਲੀ ਸੁੱਟ ਕੇ ਸ਼ਗਨ ਵਾਚੇ, ਕਦੀ ਔਂਸੀਆਂ ਸਵਾਹ ਤੇ ਪਾਈਆਂ ਨੇ।

ਕਦੀ ਕਿੰਗ ਵਜਾਇਕੇ ਖੜ੍ਹਾ ਰੋਵੇ, ਕਦੀ ਸੰਖ ਤੇ ਨਾਦ ਘੂਕਾਈਆਂ ਨੇ।

ਅੱਠੇ ਪਹਿਰ ਅੱਲਾਹ ਨੂੰ ਯਾਦ ਕਰਦਾ, ਖ਼ੈਰ ਓਸ ਨੂੰ ਪਾਉਂਦੀਆਂ ਮਾਈਆਂ ਨੇ।

ਨਸ਼ੇ ਬਾਝ ਭਵਾਂ ਉਹਦੀਆਂ ਮੱਤੀਆਂ ਨੇ, ਮਿਰਗਾਣੀਆਂ ਗਲੇ ਬਣਾਈਆਂ ਨੇ।

ਜਟਾਂ ਸੁੰਹਦੀਆਂ ਛੈਲ ਓਸ ਜੋਗੀੜੇ ਨੂੰ, ਜਿਵੇਂ ਚੰਦ ਦਵਾਲੇ ਘਟਾਂ ਆਈਆਂ ਨੇ।

ਨਾ ਕੋਇ ਮਾਰਦਾ ਨਾ ਕਿਸੇ ਨਾਲ ਲੜਿਆ, ਨੈਣਾਂ ਓਸ ਦਿਆਂ ਝੰਬਰਾਂ ਲਾਈਆਂ ਨੇ।

ਕੋਈ ਗੁਰੂ ਪੂਰਾ ਓਸ ਨੂੰ ਆਣ ਮਿਲਿਆ, ਕੰਨ ਛੇਦ ਕੇ ਮੁੰਦਰਾਂ ਪਾਈਆਂ ਨੇ।

ਵਾਰਿਸ ਸ਼ਾਹ ਚੇਲਾ ਬਾਲਨਾਥ ਦਾ ਏ, ਝੋਕਾਂ ਪ੍ਰੇਮ ਦੀਆਂ ਕਿਸੇ ਤੇ ਲਾਈਆਂ ਨੇ।

308

ਹੀਰ ਦੀ ਨਨਾਣ ਸਹਿਤੀ ਨੇ ਹੀਰ ਨੂੰ ਜੋਗੀ ਬਾਰੇ ਦੱਸਣਾ

ਘਰ ਆਇ ਨਿਨਾਣ ਨੇ ਗੱਲ ਕੀਤੀ, ਹੀਰੇ ਇੱਕ ਜੋਗੀ ਨਵਾਂ ਆਇਆ ਨੀ।

ਕੰਨੀਂ ਓਸ ਦੇ ਦਰਸ਼ਨੀਂ ਮੁੰਦਰਾਂ ਨੇ, ਗਲ ਹੈਂਕਲਾ ਅਜਬ ਸੁਹਾਹਿਆ ਨੀ।

ਫਿਰੇ ਢੂੰਡਦਾ ਵਿੱਚ ਹਵੇਲੀਆਂ ਦੇ, ਕੋਈ ਓਸ ਨੇ ਲਾਲ ਗਵਾਇਆ ਨੀ।

ਨਾਲੇ ਗਾਂਵਦਾ ਤੇ ਨਾਲੇ ਰੋਂਵਦਾ ਏ, ਵੱਡਾ ਓਸ ਨੇ ਰੰਗ ਵਟਾਇਆ ਨੀ।

ਹੀਰੇ ਕਿਸੇ ਰਜਵੰਸ ਦਾ ਉਹ ਪੁੱਤਰ, ਰੂਪ ਤੁਧ ਥੀਂ ਦੂਣ ਸਵਾਇਆ ਨੀ।

ਵਿੱਚ ਤ੍ਰਿੰਞਣਾਂ ਗਾਂਵਦਾ ਫਿਰੇ ਭੌਂਦਾ, ਅੰਤ ਓਸਦਾ ਕਿਸੇ ਨਾ ਪਾਇਆ ਨੀ।

ਫਿਰੇ ਵੇਖਦਾ ਵਹੁਟੀਆਂ ਛੈਲ ਕੁੜੀਆਂ, ਮਨ ਕਿਸੇ ਤੇ ਨਹੀਂ ਭਰਮਾਇਆ ਨੀ।

ਕਾਈ ਆਖਦੀ ਪ੍ਰੇਮ ਦੀ ਚਾਟ ਲੱਗੀ, ਤਾਂ ਹੀ ਓਸ ਨੇ ਸੀਸ ਮੁਨਾਇਆ ਨੀ।

ਕਾਈ ਆਖਦੀ ਕਿਸੇ ਦੇ ਇਸ਼ਕ ਪਿੱਛੇ, ਬੁੰਦੇ ਲਾਹ ਕੇ ਕੰਨ ਪੜਾਇਆ ਨੀ।

ਕਹਿਨ ਤਖਤ ਹਜ਼ਾਰੇ ਦਾ ਇਹ ਰਾਂਝਾ, ਬਾਲ ਨਾਥ ਤੋਂ ਜੋਗ ਲਿਆਇਆ ਨੀ।

ਵਾਰਿਸ ਇਹ ਫ਼ਕਰ ਤਾਂ ਨਹੀਂ ਖ਼ਾਲੀ, ਕਿਸੇ ਕਾਰਨੇ ਤੇ ਉਤੇ ਆਇਆ ਨੀ।

309

ਹੀਰ

ਮੁਠੀ ਮੁਠੀ ਇਹ ਗੱਲ ਨਾ ਕਰੋ ਭੈਣਾਂ, ਮੈਂ ਸੁਣਦਿਆਂ ਈ ਮਰ ਗਈ ਜੇ ਨੀ।

ਤੁਸਾਂ ਇਹ ਜਦੋਕਨੀ ਗੱਲ ਟੋਰੀ, ਖਲੀ ਤਲੀ ਹੀ ਮੈਂ ਲਹਿ ਗਈ ਜੇ ਨੀ।

ਗਏ ਟੁਟ ਸਤਰਾਣ ਤੇ ਅਕਲ ਡੁੱਬੀ, ਮੇਰੇ ਧੁਖ ਕਲੇਜੜੇ ਪਈ ਜੇ ਨੀ।

ਕੀਕੂੰ ਕੰਨ ਪੜਾਇਕੇ ਜੀਂਵਦਾ ਏ, ਗੱਲਾਂ ਸੁਣਦਿਆਂ ਹੀ ਜਿੰਦ ਗਈ ਜੇ ਨੀ।

ਰੋਵਾਂ ਜਦੋਂ ਸੁਣਿਆਂ ਓਸਦੇ ਦੁਖੜੇ ਨੂੰ, ਮੁੱਠੀ ਮੀਟ ਕੇ ਮੈਂ ਬਹਿ ਗਈ ਜੇ ਨੀ।

ਮੱਸੁ-ਭਿੰਨੇ ਦਾ ਨਾਉਂ ਜਾਂ ਲੈਂਦੀਆਂ ਹੋ, ਜਿੰਦ ਸੁਣਦਿਆਂ ਹੀ ਲੁੜ੍ਹ ਗਈ ਜੇ ਨੀ।

ਕਿਵੇਂ ਵੇਖੀਏ ਓਸ ਮਸਤਾਨੜੇ ਨੂੰ, ਜਿਸ ਦੀ ਤ੍ਰਿੰਞਣਾਂ ਵਿੱਚ ਧੁੰਮ ਪਈ ਜੇ ਨੀ।

ਵੇਖਾਂ ਕਿਹੜੇ ਦੇਸ ਦਾ ਉਹ ਜੋਗੀ, ਓਸ ਥੋਂ ਕੈਣ ਪਿਆਰੀ ਰੁੱਸ ਗਈ ਜੇ ਨੀ।

ਇੱਕ ਪੋਸਤ ਧਤੂਰਾ ਭੰਗ ਪੀ ਕੇ, ਮੌਤ ਓਸ ਨੇ ਮੁੱਲ ਕਿਉਂ ਲਈ ਜੇ ਨੀ।

ਜਿਸ ਦਾ ਮਾਉਂ ਨਾ ਬਾਪ ਨਾ ਭੈਣ ਭਾਈ, ਕੌਣ ਕਰੇਗਾ ਓਸ ਦੀ ਰਈ ਜੇ ਨੀ।

ਭਾਵੇਂ ਭੁਖੜਾ ਰਾਹ ਵਿੱਚ ਰਹੇ ਢੱਠਾ, ਕਿਸੇ ਖ਼ਬਰ ਨਾ ਓਸ ਦੀ ਲਈ ਜੇ ਨੀ।

ਹਾਏ ਹਾਏ ਮੁੱਠੀ ਉਹਦੀ ਗੱਲ ਸੁਣ ਕੇ, ਮੈਂ ਤਾਂ ਨਿੱਘੜਾ ਬੋੜ ਹੋ ਗਈ ਜੇ ਨੀ।

ਨਹੀਂ ਰਬ ਦੇ ਗ਼ਜ਼ਬ ਤੋਂ ਲੋਕ ਡਰਦੇ, ਮੱਥੇ ਲੇਖ ਦੀ ਰੇਖ ਵਹਿ ਗਈ ਜੇ ਨੀ।

ਜਿਸ ਦਾ ਚੰਨ ਪੁੱਤਰ ਸਵਾਹ ਲਾ ਬੈਠਾ, ਦਿੱਤਾ ਰਬ ਦਾ ਮਾਉਂ ਸਹਿ ਗਈ ਜੇ ਨੀ।

ਜਿਸ ਦੇ ਸੋਹਣੇ ਯਾਰ ਦੇ ਕੰਨ ਪਾਟੇ, ਉਹ ਤਾਂ ਨੱਢੜੀ ਚੌੜ ਹੋ ਗਈ ਜੇ ਨੀ।

ਵਾਰਿਸ ਸ਼ਾਹ ਫਿਰੇ ਦੁੱਖਾਂ ਨਾਲ ਭਰਿਆ, ਖ਼ਲਕ ਮਗਰ ਕਿਉਂ ਓਸ ਦੇ ਪਈ ਜੇ ਨੀ।

310

ਤਥਾ

ਰੱਬ ਝੂਠ ਨਾ ਕਰੇ ਜੇ ਹੋਏ ਰਾਂਝਾ, ਤਾਂ ਮੈਂ ਚੌੜ ਹੋਈ ਮੈਨੂੰ ਪੱਟਿਆ ਸੂ।

ਅੱਗੇ ਅੱਗ ਫ਼ਿਰਾਕ ਦੀ ਸਾੜ ਸੁੱਟੀ, ਸੜੀ ਬਲੀ ਨੂੰ ਮੋੜ ਕੇ ਫੱਟਿਆ ਸੂ।

ਨਾਲੇ ਰੰਨ ਗਈ ਨਾਲੇ ਕੰਨ ਪਾਟੇ, ਆਖ ਇਸ਼ਕ ਥੀਂ ਨਫ਼ਾ ਕੀ ਖਟਿਆ ਸੂ।

ਮੇਰੇ ਵਾਸਤੇ ਦੁਖੜੇ ਫਿਰੇ ਜਰਦਾ, ਲੋਹਾ ਤਾਇ ਜੀਭੇ ਨਾਲ ਚੱਟਿਆ ਸੂ।

ਬੁੱਕਲ ਵਿੱਚ ਚੋਰੀ ਚੋਰੀ ਹੀਰ ਰੋਵੇ, ਘੜਾ ਨੀਰ ਦਾ ਚਾ ਪਲੱਟਿਆ ਸੂ।

ਹੋਇਆ ਚਾਕ ਮਲੀ ਪਿੰਡੇ ਖਾਕ ਰਾਂਝੇ, ਲਾਹ ਨੰਗ ਨਾਮੂਸ ਨੂੰ ਸੱਟਿਆ ਸੂ।

ਵਾਰਿਸ ਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ, ਜਫਾ ਜਾਲ ਕੀ ਖੱਟਿਆ ਵੱਟਿਆ ਸੂ।

311

ਹੀਰ ਕੁੜੀਆਂ ਨੂੰ

ਗੱਲੀਂ ਲਾਇਕੇ ਕਿਵੇਂ ਲਿਆਉ ਉਸਨੂੰ, ਰਲ ਪੁਛੀਏ ਕਿਹੜੇ ਥਾਂਉਂਦਾ ਈ।

ਖੇਹ ਲਾਇਕੇ ਦੇਸ ਵਿੱਚ ਫਿਰੇ ਭੌਂਦਾ, ਅਤੇ ਨਾਉਂ ਦਾ ਕੌਣ ਕਹਾਂਉਂਦਾ ਈ।

ਵੇਖਾਂ ਕਿਹੜੇ ਦੇਸ ਦਾ ਚੌਧਰੀ ਹੈ, ਅਤੇ ਜ਼ਾਤ ਦਾ ਕੌਣ ਸਦਾਉਂਦਾ ਈ।

ਵੇਖਾਂ ਰੋਹੀਓਂ, ਮਾਝਿਉਂ ਪੱਟੀਉਂ ਹੈ, ਰਾਵੀ ਬਿਆਸ ਦਾ ਇੱਕੇ ਝਨਾਉਂ ਦਾ ਈ।

ਫਿਰੇ ਤ੍ਰਿੰਞਣਾ ਵਿੱਚ ਖ਼ੁਆਰ ਹੁੰਦਾ, ਵਿੱਚ ਵਿਹੜਿਆਂ ਫੇਰੀਆਂ ਪਾਉਂਦਾ ਈ।

ਵਾਰਿਸ ਸ਼ਾਹ ਮੁੜ ਟੋਹ ਇਹ ਕਾਸ ਦਾ ਨੀ, ਕੋਈ ਏਸ ਦਾ ਭੇਤ ਨਾ ਪਾਉਂਦਾ ਈ।

312

ਕੁੜੀਆਂ ਜੋਗੀ ਕੋਲ

ਲੈਣ ਜੋਗੀ ਨੂੰ ਆਈਆਂ ਧੁੰਬਲਾ ਹੋ, ਚਲੋ ਗੱਲ ਬਣਾਇ ਸਵਾਰੀਏ ਨੀ।

ਸੱਭੇ ਬੋਲੀਆਂ 'ਵੇ ਨਮਸਕਾਰ ਜੋਗੀ', ਕਿਉਂ ਨੀ ਸਾਈਂ ਸਵਾਰੀਏ ਪਿਆਰੀਏ ਨੀ।

ਵੱਡੀ ਮਿਹਰ ਹੋਈ ਏਸ ਦੇਸ ਉਤੇ, ਵਿਹੜੇ ਹੀਰ ਦੇ ਨੂੰ ਚਲ ਤਾਰੀਏ ਨੀ।

ਨਗਰ ਮੰਗ ਅਤੀਤ ਨੇ ਅਜੇ ਖਾਣਾ, ਬਾਤਾਂ ਸ਼ੌਕ ਦੀਆਂ ਚਾਇ ਵਿਸਾਰੀਏ ਨੀ।

ਮੇਲੇ ਕੁੰਭ ਦੇ ਹਮੀਂ ਅਤੀਤ ਚੱਲੇ, ਨਗਰ ਜਾਇਕੇ ਭੀਖ ਚਿਤਾਰੀਏ ਨੀ।

ਵਾਰਿਸ ਸ਼ਾਹ ਤੁਮਹੀਂ ਘਰੋਂ ਖਾਇ ਆਈਆਂ, ਨਾਲ ਚਾਵੜਾਂ ਲਉ ਗੁਟਕਾਰੀਏ ਨੀ।

313

ਕੁੜੀਆਂ

'ਰਸਮ ਜਗ ਦੀ ਕਰੋ ਅਤੀਤ ਸਾਈਂ', ਸਾਡੀਆਂ ਸੂਰਤਾਂ ਵਲ ਧਿਆਨ ਕੀਚੈ।

ਅਜੂ ਖੇੜੇ ਦੇ ਵਿਹੜੇ ਨੂੰ ਕਰੋ ਫੇਰਾ, ਜ਼ਰਾ ਹੀਰ ਦੀ ਤਰਫ਼ ਧਿਆਨ ਕੀਚੈ।

ਵਿਹੜਾ ਮਹਿਰ ਦਾ ਚਲੋ ਵਿਖਾ ਲਿਆਈਏ, ਸਹਿਤੀ ਮੋਹਣੀ ਤੇ ਨਜ਼ਰ ਆਣ ਕੀਚੈ।

ਵਾਰਿਸ ਵੇਖੀਏ ਘਰਾਂ ਸਰਦਾਰ ਦੀਆਂ ਨੂੰ, ਅਜੀ ਸਾਹਿਬੋ ! ਨਾ ਗੁਮਾਨ ਕੀਚੈ।

314

ਰਾਂਝਾ

ਹਮੀਂ ਬੱਡੇ ਫ਼ਕੀਰ ਸਤ ਪੀੜ੍ਹੀਏ ਹਾਂ, ਰਸਮ ਜਗ ਦੀ ਹਮੀਂ ਨਾ ਜਾਨਤੇ ਹਾਂ।

ਕੰਦ ਮੂਲ ਉਜਾੜ ਵਿੱਚ ਖਾਇਕੇ ਤੇ, ਬਣ ਬਾਸ ਲੈ ਕੇ ਮੌਜਾਂ ਮਾਨਤੇ ਹਾਂ।

ਬਘਿਆੜ ਸ਼ੇਰ ਅਰ ਮਿਰਗ ਚੀਤੇ, ਹਮੀਂ ਤਿਨ੍ਹਾਂ ਦੀਆਂ ਸੂਰਤਾਂ ਝਾਨਤੇ ਹਾਂ।

ਤੁਮਹੀਂ ਸੁੰਦਰਾਂ ਬੈਠੀਆਂ ਖ਼ੂਬਸੂਰਤ, ਹਮੀਂ ਬੂਟੀਆਂ ਝਾਣੀਆਂ ਛਾਨਤੇ ਹਾਂ।

ਨਗਰ ਬੀਚ ਨਾ ਆਤਮਾ ਪਰਚਦਾ ਏ, ਉਦਿਆਨ ਪਖੀ ਤੰਬੂ ਤਾਨਤੇ ਹਾਂ।

ਗੁਰੂ ਤੀਰਥ ਜੋਗ ਬੈਰਾਗ ਹੋਵੇ, ਰੂਪ ਤਿਨ੍ਹਾਂ ਦੇ ਹਮੀਂ ਪਛਾਨਤੇ ਹਾਂ।

315

ਕੁੱਝ ਹੋਰ ਕੁੜੀਆਂ

ਪਿੱਛੋਂ ਹੋਰ ਆਈਆਂ ਮੁਟਿਆਰ ਕੁੜੀਆਂ, ਵੇਖ ਰਾਂਝਣੇ ਨੂੰ ਮੂਰਛਤ ਹੋਈਆਂ।

ਅੱਖੀਂ ਟੱਡੀਆਂ ਰਹਿਉਂ ਨੇ ਮੁਖ ਮੀਟੇ, ਟੰਗਾਂ ਬਾਹਾਂ ਵੱਗਾ ਬੇਸੱਤ ਹੋਈਆਂ।

ਅਨੀ ਆਉ ਖਾਂ ਪੁਛੀਏ ਨੱਢੜੇ ਨੂੰ, ਦੇਹੀਆਂ ਵੇਖ ਜੋਗੀ ਉਦਮਤ ਹੋਈਆਂ।

ਧੁੱਪੇ ਆਣ ਖਲੋਤੀਆਂ ਵੇਂਹਦੀਆਂ ਨੇ, ਮੁੜ੍ਹਕੇ ਡੁੱਬੀਆਂ ਤੇ ਰੱਤੋ-ਰੱਤ ਹੋਈਆਂ।

316

ਕੁੜੀਆਂ ਆਪੋ ਵਿੱਚ

ਸਈਉ ਵੇਖੋ ਤੇ ਮਸਤ ਅਲੱਸਤ ਜੋਗੀ, ਜੈਂਦਾ ਰਬ ਦੇ ਨਾਲ ਧਿਆਨ ਹੈ ਨੀ।

ਇਨ੍ਹਾਂ ਭੌਰਾਂ ਨੂੰ ਆਸਰਾ ਰਬ ਦਾ ਹੈ, ਘਰ ਬਾਰ ਨਾ ਤਾਣ ਨਾ ਮਾਣ ਹੈ ਨੀ।

ਸੋਇਨੇ ਵੰਨੜੀ ਦੇਹੀ ਨੂੰ ਖੇਹ ਕਰਕੇ, ਚਲਣਾ ਖ਼ਾਕ ਵਿੱਚ ਫ਼ਕਰ ਦੀ ਬਾਣ ਹੈ ਨੀ।

ਸੋਹਣਾ ਫੁਲ ਗੁਲਾਬ ਮਾਸ਼ੂਕ ਨੱਢਾ, ਰਾਜ ਪੁੱਤਰ ਤੇ ਸੁਘੜ ਸੁਜਾਨ ਹੈ ਨੀ।

ਜਿਨ੍ਹਾਂ ਭੰਗ ਪੀਤੀ ਸਵਾਹ ਲਾਇ ਬੈਠੇ, ਓਨ੍ਹਾਂ ਮਾਹਣੂਆਂ ਦੀ ਕੇਹੀ ਕਾਣ ਹੈ ਨੀ।

ਜਿਵੇਂ ਅਸੀਂ ਮੁਟਿਆਰ ਹਾਂ ਰੰਗ ਭਰੀਆਂ, ਤਿਵੇਂ ਇਹ ਭੀ ਅਸਾਡੜਾ ਹਾਣ ਹੈ ਨੀ।

ਆਓ, ਪੁੱਛੀਏ ਕਿਹੜੇ ਦੇਸ ਦਾ ਹੈ, ਅਤੇ ਏਸ ਦਾ ਕੌਣ ਮਕਾਨ ਹੈ ਨੀ।

317

ਕੁੜੀਆਂ ਰਾਂਝੇ ਨੂੰ

ਸੁਣੀ ਜੋਗੀਆ ਗੱਭਰੂਆ ਛੈਲ ਬਾਂਕੇ, ਨੈਣਾਂ ਖੀਵਿਆ ਮਸਤ ਦੀਵਾਨਿਆ ਵੇ।

ਕੰਨੀਂ ਮੁੰਦਰਾਂ ਖੱਪਰੀ ਨਾਦ ਸਿੰਙੀ, ਗਲ ਸੇਲ੍ਹੀਆਂ ਤੇ ਹਥ ਗਾਨਿਆ ਵੇ।

ਵਿੱਚੋਂ ਨੈਣ ਹੱਸਣ ਹੋਠ ਭੇਤ ਦੱਸਣ, ਅੱਖੀਂ ਮੀਟਦਾ ਨਾਲ ਬਹਾਨਿਆ ਵੇ।

ਕਿਸ ਮੁਨਿਉਂ ਕੰਨ ਕਿਸ ਪਾੜਿਉ ਨੀ, ਤੇਰਾ ਵਤਨ ਹੈ ਕੌਣ ਦੀਵਾਨਿਆ ਵੇ।

ਕੌਣ ਜ਼ਾਤ ਹੈ ਕਾਸ ਤੋਂ ਜੋਗ ਲੀਤੋ, ਸੱਚੋ ਸੱਚ ਹੀ ਦੱਸ ਮਸਤਾਨਿਆ ਵੇ।

ਏਸ ਉਮਰ ਕੀ ਵਾਇਦੇ ਪਏ ਤੈਨੂੰ, ਕਿਉਂ ਭੌਨਾ ਏਂ ਦੇਸ ਬੇਗਾਨਿਆ ਵੇ।

ਕਿਸੇ ਰੰਨ ਭਾਬੀ ਬੋਲੀ ਮਾਰਿਆ ਈ, ਹਿੱਕ ਸਾੜਿਆ ਸੂ ਨਾਲ ਤਾਨ੍ਹਿਆਂ ਵੇ।

ਵਿੱਚ ਤ੍ਰਿੰਞਣਾ ਪਵੇ ਵਿਚਾਰ ਤੇਰੀ, ਹੋਵੇ ਜ਼ਿਕਰ ਤੇਰਾ ਚੱਕੀ-ਹਾਨਿਆਂ ਵੇ।

ਬੀਬਾ ਦੱਸ ਸ਼ਤਾਬ ਹੋ ਜੀਊ ਜਾਂਦਾ, ਅਸੀਂ ਧੁਪ ਦੇ ਨਾਲ ਮਰ ਜਾਨੀਆਂ ਵੇ।

ਕਰਨ ਮਿੰਨਤਾਂ ਮੁੱਠੀਆਂ ਭਰਨ ਲੱਗੀਆਂ, ਅਸੀਂ ਪੁਛ ਕੇ ਹੀ ਟੁਰ ਜਾਨੀਆਂ ਵੇ।

ਵਾਰਿਸ ਸ਼ਾਹ ਗੁਮਾਨ ਨਾ ਪਵੀਂ ਮੀਆਂ, ਅਵੇ ਹੀਰ ਦਿਆ ਮਾਲ ਖ਼ਜ਼ਾਨਿਆ ਵੇ।

318

ਰਾਂਝਾ

ਰਾਂਝਾ ਆਖਦਾ ਖਿਆਲ ਨਾ ਪਵੋ ਮੇਰੇ, ਸੱਪ ਸ਼ੀਂਹ ਫ਼ਕੀਰ ਦਾ ਦੇਸ ਕੇਹਾ।

ਕੂੰਜਾਂ ਵਾਂਗ ਮਮੋਲੀਆਂ ਦੇਸ ਛੱਡੇ, ਅਸਾਂ ਜ਼ਾਤ ਸਿਫ਼ਾਤ ਤੇ ਭੇਸ ਕੇਹਾ।

ਵਤਨ ਦਮਾਂ ਦੇ ਨਾਲ ਤੇ ਜ਼ਾਤ ਜੋਗੀ, ਸਾਨੂੰ ਸਾਕ ਕਬੀਲੜਾ ਖ਼ੇਸ਼ ਕੇਹਾ।

ਜੇਹੜਾ ਵਤਨ ਤੇ ਜ਼ਾਤ ਵਲ ਧਿਆਨ ਰੱਖੇ, ਦੁਨੀਆਂਦਾਰ ਹੈ ਉਹ ਦਰਵੇਸ਼ ਕੇਹਾ।

ਦੁਨੀਆਂ ਨਾਲ ਪੈਵੰਦ ਹੈ ਅਸਾਂ ਕੇਹਾ, ਪੱਥਰ ਜੋੜਨਾ ਨਾਲ ਸਰੇਸ਼ ਕੇਹਾ।

ਸੱਭਾ ਖ਼ਾਕ ਦਰ ਖ਼ਾਕ ਫ਼ਨਾ ਹੋਣਾ, ਵਾਰਿਸ ਸ਼ਾਹ ਫਿਰ ਤਿਨ੍ਹਾਂ ਨੂੰ ਐਸ਼ ਕੇਹਾ।

319

ਤਥਾ

ਸਾਨੂੰ ਨਾ ਅਕਾਉ ਰੀ ਭਾਤ ਖਾਣੀ, ਖੰਡਾ ਕਰੋਧ ਕਾ ਹਮੀਂ ਨਾ ਸੂਤਨੇ ਹਾਂ।

ਜੇ ਕਰ ਆਪਣੀ ਆਈ ਤੇ ਆ ਜਾਈਏ, ਖੁੱਲ੍ਹੀ ਝੰਡ ਸਿਰ ਤੇ ਅਸੀਂ ਭੂਤਨੇ ਹਾਂ।

ਘਰ ਮਹਿਰਾਂ ਦੇ ਕਾਸਨੂੰ ਅਸਾਂ ਜਾਣਾ, ਸਿਰ ਮਹਿਰੀਆਂ ਦੇ ਅਸੀਂ ਮੂਤਨੇ ਹਾਂ।

ਵਾਰਿਸ ਸ਼ਾਹ ਮੀਆਂ ਹੇਠ ਬਾਲ ਭਾਂਬੜ, ਉਲਟੇ ਹੋਇਕੇ ਰਾਤ ਨੂੰ ਝੂਟਨੇ ਹਾਂ।

320

ਕੁੜੀਆਂ ਤੇ ਰਾਂਝਾ

ਅਸਾਂ ਅਰਜ਼ ਕੀਤਾ ਤੈਨੂੰ ਗੁਰੂ ਕਰਕੇ, ਬਾਲ ਨਾਥ ਦੀਆਂ ਤੁਸੀਂ ਨਿਸ਼ਾਨੀਆਂ ਹੋ।

ਤਨ ਛੇਦਿਆ ਹੈ ਕਿਵੇਂ ਜ਼ਾਲਮਾਂ ਨੇ, ਕਸ਼ਮੀਰ ਦੀਆਂ ਤੁਸੀਂ ਖ਼ੁਰਮਾਨੀਆਂ ਹੋ।

ਸਾਡੀ ਆਜਜ਼ੀ ਤੁਸੀਂ ਨਾ ਮੰਨਦੇ ਹੋ, ਗ਼ੁੱਸੇ ਨਾਲ ਪਸਾਰ ਦੇ ਆਨੀਆਂ ਹੋ।

ਅਸਾਂ ਆਖਿਆ ਮਹਿਰ ਦੇ ਚਲੋ ਵਿਹੜੇ, ਤੁਸੀਂ ਨਹੀਂ ਕਰਦੇ ਮਿਹਰਬਾਨੀਆਂ ਹੋ।

ਸਭੇ ਸੋਂਹਦੀਆਂ ਤ੍ਰਿੰਞਣੀਂ ਸ਼ਾਹ ਪਰੀਆਂ, ਜਿਵੇਂ ਤਕਰਸ਼ਾਂ ਦੀਆਂ ਤੁਸੀਂ ਕਾਨੀਆਂ ਹੋ।

ਚਲ ਕਰੋ ਅੰਗੁਸ਼ਤ ਫ਼ਰਿਸ਼ਤਿਆਂ ਨੂੰ, ਤੁਸੀਂ ਅਸਲ ਸ਼ੈਤਾਨ ਦੀਆਂ ਨਾਨੀਆਂ ਹੋ।

ਤੁਸਾਂ ਸ਼ੇਖ ਸਾਅਦੀ ਨਾਲ ਮਕਰ ਕੀਤਾ, ਤੁਸੀਂ ਵੱਡੇ ਸ਼ਰਰ ਦੀਆਂ ਬਾਨੀਆਂ ਹੋ।

ਅਸੀਂ ਕਿਸੇ ਪਰਦੇਸ ਦੇ ਫ਼ਕਰ ਆਏ, ਤੁਸੀਂ ਨਾਲ ਸ਼ਰੀਕਾਂ ਦੇ ਸਾਨੀਆਂ ਹੋ।

ਜਾਉ ਵਾਸਤੇ ਰਬ ਦੇ ਖ਼ਿਆਲ ਛੱਡੋ, ਸਾਡੇ ਹਾਲ ਥੀਂ ਤੁਸੀਂ ਬੇਗਾਨੀਆਂ ਹੋ।

ਵਾਰਿਸ ਸ਼ਾਹ ਫ਼ਕੀਰ ਦੀਵਾਨੜੇ ਨੇ, ਤੁਸੀਂ ਦਾਨੀਆਂ ਅਤੇ ਪਰਧਾਨੀਆਂ ਹੋ।

321

ਰਾਂਝਾ

ਹਮੀਂ ਭਿਛਿਆ ਵਾਸਤੇ ਤਿਆਰ ਬੈਠੇ, ਤੁਮਹੀਂ ਆਣ ਕੇ ਰਿੱਕਤਾਂ ਛੇੜਦੀਆਂ ਹੋ।

ਅਸਾਂ ਲਾਹ ਪੰਜਾਲੀਆਂ ਜੋਗ ਛੱਡੀ, ਤੁਸੀਂ ਫੇਰ ਮੁੜ ਖੂਹ ਨੂੰ ਗੇੜਦੀਆਂ ਹੋ।

ਅਸੀਂ ਛੱਡ ਝੇੜੇ ਜੋਗ ਲਾਇ ਬੈਠੇ, ਤੁਸੀਂ ਫੇਰ ਆਲੂਦ ਲਬੇੜਦੀਆਂ ਹੋ।

ਪਿੱਛੋਂ ਕਹੋਗੀ ਭੂਤਨੇ ਆਣ ਲੱਗੇ, ਅੰਨ੍ਹੇ ਖੂਹ ਵਿੱਚ ਸੰਗ ਕਿਉਂ ਰੇੜ੍ਹਦੀਆਂ ਹੋ।

ਹਮੀਂ ਭਿਖਿਆ ਮਾਂਗਨੇ ਚਲੇ ਹਾਂ ਰੀ, ਤੁਮ੍ਹੀਂ ਆਣ ਕੇ ਕਾਹਿ ਖਹੇੜਦੀਆਂ ਹੋ।

322

ਰਾਂਝਾ ਗਦਾ ਕਰਨ ਤੁਰ ਪਿਆ

ਰਾਂਝਾ ਖੱਪਰੀ ਪਕੜ ਕੇ ਗਜ਼ੇ ਚੜ੍ਹਿਆ, ਸਿੰਙੀ ਦਵਾਰ-ਬ-ਦਵਾਰ ਵਜਾਉਂਦਾ ਏ।

ਕੋਈ ਦੇ ਸੀਧਾ ਕੋਈ ਪਾਏ ਟੁੱਕੜ, ਕੋਈ ਥਾਲੀਆਂ ਪਰੋਸ ਲਿਆਉਂਦਾ ਏ।

ਕੋਈ ਆਖਦੀ ਜੋਗੀੜਾ ਨਵਾਂ ਬਣਿਆ, ਰੰਗ ਰੰਗ ਦੀ ਕਿੰਗ ਵਜਾਉਂਦਾ ਏ।

ਕੋਈ ਦੇ ਗਾਲੀ ਧਾੜੇ ਮਾਰ ਫਿਰਦਾ, ਕੋਈ ਬੋਲਦੀ ਜੋ ਮਨ ਭਾਉਂਦਾ ਏ।

ਕੋਈ ਜੋੜ ਕੇ ਹੱਥ ਤੇ ਕਰੇ ਮਿੰਨਤ, ਸਾਨੂੰ ਆਸਰਾ ਫ਼ਕਰ ਦੇ ਨਾਉਂ ਦਾ ਏ।

ਕੋਈ ਆਖਦੀ ਮਸਤਿਆ ਚਾਕ ਫਿਰਦਾ, ਨਾਲ ਮਸਤੀਆਂ ਘੂਰਦਾ ਗਾਉਂਦਾ ਏ।

ਕੋਈ ਆਖਦੀ ਮਸਤ ਦੀਵਾਨੜਾ ਹੈ, ਬੁਰਾ ਲੇਖ ਜਨੈਂਦੜੀ ਮਾਉਂ ਦਾ ਏ।

ਕੋਈ ਆਖਦੀ ਠਗ ਉਧਾਲ ਫਿਰਦਾ, ਸੂਹਾ ਚੋਰਾਂ ਦੇ ਕਿਸੇ ਰਾਉਂ ਦਾ ਏ।

ਲੜੇ ਭਿੜੇ ਤੇ ਗਾਲੀਆਂ ਦਏ ਲੋਕਾਂ, ਠਠੇ ਮਾਰਦਾ ਲੋੜ੍ਹ ਕਮਾਂਉਦਾ ਏ।

ਆਟਾ ਕਣਕ ਦਾ ਲਏ ਤੇ ਘਿਉ ਭੱਤਾ, ਦਾਣਾ ਟੁਕੜਾ ਗੋਦ ਨਾ ਪਾਉਂਦਾ ਏ।

ਵਾਰਿਸ ਸ਼ਾਹ ਰੰਝੇਟੜਾ ਚੰਦ ਚੜ੍ਹਿਆ, ਘਰੋ ਘਰੀ ਮੁਬਾਰਕਾਂ ਲਿਆਉਂਦਾ ਏ।

323

ਰਾਂਝਾ

ਆ ਵੜੇ ਹਾਂ ਉਜੜੇ ਪਿੰਡ ਅੰਦਰ, ਕਾਈ ਕੁੜੀ ਨਾ ਤ੍ਰਿੰਞਣੀਂ ਗਾਂਵਦੀ ਹੈ।

ਨਾਹੀਂ ਕਿਕਲੀ ਪਾਂਵਦੀ ਨਾ ਸੰਮੀ, ਪੰਬੀ ਪਾ ਨਾ ਧਰਤ ਹਲਾਂਵਦੀ ਹੈ।

ਨਾਹੀਂ ਚੂਹੜੀ ਦਾ ਗੀਤ ਗਾਂਉਂਦੀਆਂ ਨੇ, ਗਿੱਧਾ ਰਾਹ ਵਿੱਚ ਕਾਈ ਨਾ ਪਾਂਵਦੀ ਹੈ।

ਵਾਰਿਸ ਸ਼ਾਹ ਛੱਡ ਚੱਲੀਏ ਇਹ ਨਗਰੀ, ਐਸੀ ਤਬ੍ਹਾ ਫ਼ਕੀਰ ਦੀ ਆਂਵਦੀ ਹੈ।

324

ਕੁੜੀਆਂ

ਚਲ ਜੋਗੀਆ ਅਸੀਂ ਵਿਖਾ ਲਿਆਈਏ, ਜਿੱਥੇ ਤ੍ਰਿੰਞਣੀਂ ਛੋਹਰੀਆਂ ਗਾਉਂਦੀਆਂ ਨੇ।

ਲੈ ਕੇ ਜੋਗੀ ਨੂੰ ਆਣ ਵਿਖਾਲਿਉ ਨੇ, ਜਿੱਥੇ ਵਹੁਟੀਆਂ ਛੋਪ ਰਲ ਪਾਉਂਦੀਆਂ ਨੇ।

ਇੱਕ ਨੱਚਦੀਆਂ ਮਸਤ ਮਲੰਗ ਬਣ ਕੇ, ਇੱਕ ਸਾਂਗ ਚੂੜ੍ਹੀ ਦਾ ਲਾਉਂਦੀਆਂ ਨੇ।

ਇੱਕ ਬਾਇੜਾਂ ਨਾਲ ਘਸਾ ਬਾਇੜ, ਇੱਕ ਮਾਲ੍ਹ ਤੇ ਮਾਲ੍ਹ ਫਿਰਾਉਂਦੀਆਂ ਨੇ।

ਵਾਰਿਸ ਸ਼ਾਹ ਜੋਗੀ ਆਣ ਧੁੱਸ ਦਿੱਤੀ,ਕੁੜੀਆਂ ਸੱਦ ਕੇ ਕੋਲ ਬਹਾਉਂਦੀਆਂ ਨੇ।

325

ਤ੍ਰਿੰਞਣ ਵਿੱਚ ਜ਼ਾਤਾਂ ਦਾ ਵੇਰਵਾ

ਜਿੱਥੇ ਤ੍ਰਿੰਞਣਾਂ ਦੀ ਘੁਮਕਾਰ ਪੌਂਦੀ, ਅੱਤਣ ਬੈਠੀਆਂ ਲਖ ਮਹਿਰੇਟੀਆਂ ਨੇ।

ਖਤਰੇਟੀਆਂ ਅਤੇ ਬਹਿਮਨੇਟੀਆਂ ਨੇ, ਤੁਰਕੇਟੀਆਂ ਅਤੇ ਜਟੇਟੀਆਂ ਨੇ।

ਲੁਹਾਰੀਆਂ ਲੌਂਗ ਸੁਪਾਰੀਆਂ ਨੇ, ਸੁੰਦਰ ਖੋਜੀਆਂ ਅਤੇ ਰੰਘੜੇਟੀਆਂ ਨੇ।

ਸੁੰਦਰ ਕੁਆਰੀਆਂ ਰੂਪ ਸੰਗਾਰੀਆਂ ਨੇ, ਅਤੇ ਵਿਆਹੀਆਂ ਮੁਸ਼ਕ ਲਪੇਟੀਆਂ ਨੇ।

ਅਰੋੜੀਆਂ ਮੁਸ਼ਕ ਵਿੱਚ ਬੋੜੀਆਂ ਨੇ, ਫੁਲਹਾਰੀਆਂ ਛੈਲ ਸੁਨਰੇਟੀਆਂ ਨੇ।

ਮਨਿਹਾਰੀਆਂ ਤੇ ਪੱਖੀਵਾਰੀਆਂ, ਨੇ ਸੁੰਦਰ ਤੇਲਣਾਂ ਨਾਲ ਮੋਚੇਟੀਆਂ ਨੇ।

ਪਠਾਣੀਆਂ ਚਾਦਰਾਂ ਤਾਣੀਆਂ ਨੇ, ਪਸ਼ਤੋ ਮਾਰਦੀਆਂ ਨਾਲ ਮੁਗ਼ਲੇਟੀਆਂ ਨੇ।

ਪਿੰਜਾਰੀਆਂ ਨਾਲ ਚਮਿਆਰੀਆਂ ਨੇ, ਰਾਜਪੂਤਨੀਆਂ ਨਾਲ ਭਟੇਟੀਆਂ ਨੇ।

ਦਰਜ਼ਾਨੀਆਂ ਸੁਘੜ ਸਿਆਣੀਆਂ ਨੇ, ਬਰਵਾਲੀਆਂ ਨਾਲ ਮਛੇਟੀਆਂ ਨੇ।

ਸਈਅੱਦ ਜ਼ਾਦੀਆਂ ਤੇ ਸ਼ੈਖ਼ ਜ਼ਾਦੀਆਂ, ਨੇ ਤਰਖਾਣੀਆਂ ਨਾਲ ਘੁਮਰੇਟੀਆਂ ਨੇ।

ਰਾਉਲਿਆਣੀਆਂ ਬੇਟੀਆਂ ਬਾਣੀਆਂ ਦੀਆਂ, ਛੰਨਾਂ ਵਾਲੀਆਂ ਨਾਲ ਵਣੇਟੀਆਂ ਨੇ।

ਚੰਗੜਿਆਣੀਆਂ ਨਾਇਣਾਂ ਮੀਰਜ਼ਾਦਾਂ, ਜਿਨ੍ਹਾਂ ਲੱਸੀਆਂ ਨਾਲ ਲਪੇਟੀਆਂ ਨੇ।

ਗੰਧੀਲਣਾਂ ਛੈਲ ਛਬੀਲੀਆਂ ਨੇ, ਤੇ ਕਲਾਲਣਾਂ ਭਾਬੜੀਆਂ ਬੇਟੀਆਂ ਨੇ।

ਬਾਜ਼ੀਗਰਨੀਆਂ ਨਟਨੀਆਂ ਕੁੰਗੜਾਨੀਆਂ, ਵੀਰਾ ਰਾਧਣਾਂ ਰਾਮ ਜਣੇਟੀਆਂ ਨੇ।

ਪੂਰਬਿਆਣੀਆਂ ਛੀਂਬਣਾਂ ਰੰਗਰੇਜ਼ਾਂ, ਬੈਰਾਗਣਾਂ ਨਾਲ ਠਠਰੇਟੀਆਂ ਨੀ।

ਸੰਡਾਸਣਾਂ ਅਤੇ ਖ਼ਰਾਸਣਾਂ ਨੀ ,ਢਾਲਗਰਨੀਆਂ ਨਾਲ ਵਣਸੇਟੀਆਂ ਨੀ।

ਕੁੰਗਰਾਣੀਆਂ ਡੂਮਣੀਆਂ ਦਾਈਂ ਕੁੱਟਾਂ, ਆਤਿਸ਼ਬਾਜ਼ਣਾਂ ਨਾਲ ਪਹਿਲਵੇਟੀਆਂ ਨੇ।

ਖਟੀਕਣਾਂ ਤੇ ਨੇਚਾ ਬੰਦਨਾਂ ਨੇ, ਚੂੜੀਗਰਨੀਆਂ ਤੇ ਕੰਮਗਰੇਟੀਆਂ ਨੇ।

ਭਰਾਇਣਾਂ ਵਾਹਨਾਂ ਸਰਸਸਿਆਣੀਆਂ, ਸਾਉਂਸਿਆਣੀਆਂ ਕਿਤਨ ਕੋਝੇਟੀਆਂ ਨੇ।

ਬਹਿਰੂਪਣਾਂ ਰਾਂਝਣਾਂ ਜ਼ੀਲਵੱਟਾਂ, ਬਰਵਾਲੀਆਂ ਭੱਟ ਬਹਿਮਨੇਟੀਆਂ ਨੇ।

ਲੁਬਾਣੀਆਂ ਢੀਡਣਾਂ ਪੀਰਨੀਆਂ ਨੇ, ਸਾਊਆਣੀਆਂ ਦੁਧ ਦੁਧੇਟੀਆਂ ਨੇ।

ਝਬੇਲਣਾ ਮਿਉਣੀਆਂ ਫਫੇਕੁਟਣੀਆਂ, ਜੁਲਹੇਟੀਆਂ ਨਾਲ ਕਸੇਟੀਆਂ ਨੇ।

ਕਾਗ਼ਜ਼-ਕੁੱਟ ਡਬਗਰਨੀਆਂ ਉਰਦ-ਬੇਗਾਂ, ਹਾਥੀਵਾਨੀਆਂ ਨਾਲ ਬਲੋਚੇਟੀਆਂ ਨੇ।

ਬਾਂਕੀਆਂ ਗੁਜਰੀਆਂ ਡੋਗਰੀਆਂ ਛੈਲ ਬਣੀਆਂ, ਰਾਜਵੰਸਣਾਂ ਰਾਜੇ ਦੀਆਂ ਬੇਟੀਆਂ ਨੇ।

ਪਕੜ ਅੰਚਲਾ ਜੋਗੀ ਨੂੰ ਲਾ ਗੱਲੀਂ, ਵਿਹੜੇ ਵਾੜ ਕੇ ਘੇਰ ਲੈ ਬੈਠੀਆਂ ਨੇ।

ਵਾਰਿਸ ਸ਼ਾਹ ਜੀਜਾ ਬੈਠਾ ਹੋ ਜੋਗੀ, ਦਵਾਲੇ ਬੈਠੀਆਂ ਸਾਲੀਆਂ ਜੇਠੀਆਂ ਨੇ।

326

ਤਥਾ

ਕਾਈ ਆ ਰੰਝੇਟੇ ਦੇ ਨੈਣ ਵੇਖੇ, ਕਾਈ ਮੁਖੜਾ ਵੇਖ ਸਲਾਹੁੰਦੀ ਹੈ।

ਅੜੀਉ ਵੇਖੋ ਤਾਂ ਸ਼ਾਨ ਇਸ ਜੋਗੀੜੇ ਦੀ, ਰਾਹ ਜਾਂਦੜੇ ਮਿਰਗ ਫਹਾਉਂਦੀ ਹੈ।

ਝੂਠੀ ਦੋਸਤੀ ਉਮਰ ਦੇ ਨਾਲ ਜੁੱਸੇ, ਦਿਨ ਚਾਰ ਨਾ ਤੋੜ ਨਿਬਾਹੁੰਦੀ ਹੈ।

ਕੋਈ ਓਢਨੀ ਲਾਹ ਕੇ ਮੁਖ ਪੂੰਝੇ, ਧੋ ਧਾ ਬਿਭੂਤ ਚਾ ਲਾਹੁੰਦੀ ਹੈ।

ਕਾਈ ਮੁਖ ਰੰਝੇਟੇ ਦੇ ਨਾਲ ਜੋੜੇ, ਤੇਰੀ ਤਬ੍ਹਾ ਕੀ ਜੋਗੀਆ ਚਾਹੁੰਦੀ ਹੈ।

ਸਹਿਤੀ ਲਾਡ ਦੇ ਨਾਲ ਚਵਾ ਕਰਕੇ, ਚਾਇ ਸੇਲ੍ਹੀਆਂ ਜੋਗੀ ਦੀਆਂ ਲਾਹੁੰਦੀ ਹੈ।

ਰਾਂਝੇ ਪੁੱਛਿਆ ਕੌਣ ਹੈ ਇਹ ਨੱਢੀ, ਧੀ ਅਜੂ ਦੀ ਕਾਈ ਚਾ ਆਂਹਦੀ ਹੈ।

ਅੱਜੂ ਬੱਜੂ ਛੱਜੂ ਫੱਜੂ ਅਤੇ ਕੱਜੂ, ਹੁੰਦਾ ਕੌਣ ਹੈ ਤਾਂ ਅੱਗੋਂ ਆਂਹਦੀ ਹੈ।

ਵਾਰਿਸ ਸ਼ਾਹ ਨਿਨਾਣ ਹੈ ਹੀਰ ਸੰਦੀ, ਧੀਉ ਖੇੜਿਆਂ ਦੇ ਬਾਦਸ਼ਾਹ ਦੀ ਹੈ।

327

ਰਾਂਝੇ ਤੇ ਸਹਿਤੀ ਦੇ ਸਵਾਲ ਜਵਾਬ

ਅੱਜੂ ਧੀ ਰੱਖੀ ਧਾੜੇ ਮਾਰ ਲੱਪੜ, ਮੁਸ਼ਟੰਡੜੀ ਤ੍ਰਿੰਞਣੀਂ ਘੁੰਮਦੀ ਹੈ।

ਕਰੇ ਆਣ ਬੇਅਦਬੀਆਂ ਨਾਲ ਫ਼ੱਕਰਾਂ, ਸਗੋਂ ਸੇਲ੍ਹੀਆਂ ਨੂੰ ਨਾਹੀਂ ਚੁਮਦੀ ਹੈ।

ਲਾਹ ਸੇਲ੍ਹੀਆਂ ਮਾਰਦੀ ਜੋਗੀਆਂ ਨੂੰ, ਅਤੇ ਮਿਲਦੀਆਂ ਮਹੀਂ ਨੂੰ ਟੁੰਬਦੀ ਹੈ।

ਫਿਰੇ ਨਚਦੀ ਸ਼ੋਖ਼ ਬੇਹਾਣ ਘੋੜੀ, ਨਾ ਇਹ ਬਹੇ ਨਾ ਕਤਦੀ ਤੁੰਬਦੀ ਹੈ।

ਸਿਰਦਾਰ ਹੈ ਲੋਹਕਾਂ ਲਾਹਕਾਂ ਦੀ, ਪੀਹਣ ਡੋਲ੍ਹਦੀ ਤੇ ਤੌਣ ਲੁੰਬਦੀ ਹੈ।

ਵਾਰਿਸ ਸ਼ਾਹ ਦਿਲ ਆਂਵਦਾ ਚੀਰ ਸੁੱਟਾਂ, ਬੁਨਿਆਦ ਪਰ ਜ਼ੁਲਮ ਦੀ ਖੁੰਬ ਦੀ ਹੈ।

328

ਸਹਿਤੀ

ਲੱਗੇਂ ਹੱਥ ਤਾਂ ਪਕੜ ਪਛਾੜ ਸੁੱਟਾਂ, ਤੇਰੇ ਨਾਲ ਕਰਸਾਂ ਸੋ ਤੂੰ ਜਾਣਸੇਂ ਵੇ।

ਹਿੱਕੋ ਹਿੱਕ ਕਰਸਾਂ ਭੰਨ ਲਿੰਗ ਗੋਡੇ, ਤਦੋਂ ਰਬ ਨੂੰ ਇੱਕ ਪਛਾਣਸੇਂ ਵੇ।

ਵਿਹੜੇ ਵੜਿਉਂ ਤਾਂ ਖੋਹ ਚਟਕੋਰਿਆਂ ਨੂੰ, ਤਦੋਂ ਸ਼ੁਕਰ ਬਜਾ ਲਿਆਵਸੇਂ ਵੇ।

ਗੱਦੋਂ ਵਾਂਗ ਜਾਂ ਜੂੜ ਕੇ ਘੜਾਂ ਤੈਨੂੰ, ਤਦੋਂ ਛੱਟ ਤਦਬੀਰ ਦੀ ਆਣਸੇਂ ਵੇ।

ਸਹਿਤੀ ਉਠ ਕੇ ਘਰਾਂ ਨੂੰ ਖਿਸਕ ਚੱਲੀ, ਮੰਗਣ ਆਵਸੈਂ ਤਾਂ ਮੈਨੂੰ ਜਾਣਸੇਂ ਵੇ।

ਵਾਰਿਸ ਸ਼ਾਹ ਵਾਂਗੂੰ ਤੇਰੀ ਕਰਾਂ ਖ਼ਿਦਮਤ, ਮੌਜ ਸੇਜਿਅ ਦੀ ਤਦੋਂ ਮਾਣਸੇਂ ਵੇ।

329

ਰਾਂਝਾ

ਸੱਪ ਸ਼ੀਹਣੀ ਵਾਂਗ ਕੁਲਹਿਣੀਏਂ ਨੀ, ਮਾਸ ਖਾਣੀਏਂ ਤੇ ਰੱਤ ਪੀਣੀਏਂ ਨੀ।

ਕਾਹੇ ਫ਼ੱਕਰ ਦੇ ਨਾਲ ਰੇਹਾੜ ਪਈਏਂ, ਭਲਾ ਬਖਸ਼ ਸਾਨੂੰ ਮਾਪੇ ਜੀਣੀਏਂ ਨੀ।

ਦੁਖੀ ਜੀਉ ਦੁਖਾ ਨਾ ਭਾਗ ਭਰੀਏ, ਸੋਇਨ-ਚਿੜੀ ਤੇ ਕੂੰਜ ਲਖੀਣੀਏਂ ਨੀ।

ਸਾਥੋਂ ਨਿਸ਼ਾ ਨਾ ਹੋਸੀਆ ਮੂਲ ਤੇਰੀ, ਸਕੇ ਖ਼ਸਮ ਥੀਂ ਨਾ ਪਤੀਣੀਏਂ ਨੀ।

ਚਰਖਾ ਚਾਇ ਨਿਹੱਥੜੇ ਮਰਦ ਮਾਰੇ, ਕਿਸੇ ਯਾਰ ਨੇ ਪਕੜ ਪਲੀਹਣੀਏਂ ਨੀ।

ਵਾਰਿਸ ਸ਼ਾਹ ਫ਼ਕੀਰ ਦੇ ਵੈਰ ਪਈਏ, ਜਰਮ-ਤੱਤੀਏ ਕਰਮ ਦੀ ਹੀਣੀਏਂ ਨੀ।

330

ਰਾਂਝਾ ਇੱਕ ਜੱਟ ਦੇ ਵਿਹੜੇ ਵਿੱਚ

ਵਿਹੜੇ ਜੱਟਾਂ ਦੇ ਮੰਗਦਾ ਜਾ ਵੜਿਆ, ਅੱਗੇ ਜੱਟ ਬੈਠਾ ਗਾਉਂ ਮੇਲਦਾ ਹੈ।

ਸਿੰਙੀ ਫੂਕ ਕੇ ਨਾਦ ਘੂਕਾਇਆ ਸੂ, ਜੋਗੀ ਗੱਜ ਗਜੇ ਵਿੱਚ ਜਾਇ ਠੇਲ੍ਹਦਾ ਹੈ।

ਵਿਹੜੇ ਵਿੱਚ ਔਧੂਤ ਜਾ ਗੱਜਿਆ ਈ, ਮਸਤ ਸਾਨ੍ਹ ਵਾਂਗੂੰ ਜਾਇ ਮੇਲ੍ਹਦਾ ਹੈ।

ਹੂ, ਹੂ ਕਰਕੇ ਸੰਘ ਟੱਡਿਆ ਸੂ, ਫ਼ੀਲਵਾਨ ਜਿਉਂ ਹਸਤ ਨੂੰ ਪੇਲਦਾ ਹੈ।

331

ਜੱਟ ਨੇ ਕਿਹਾ

ਨਿਆਣਾ ਤੋੜ ਕੇ ਢਾਂਡੜੀ ਉਠ ਨੱਠੀ, ਭੰਨ ਦੋਹਣੀ ਦੁੱਧ ਸਭ ਡੋਹਲਿਆ ਈ।

ਘੱਤ ਖ਼ੈਰ ਏਸ ਕਟਕ ਦੇ ਮੋਹਰੀ ਨੂੰ, ਜੱਟ ਉਠਕੇ ਰੋਹ ਹੋ ਬੋਲਿਆ ਈ।

ਝਿਰਕ ਭੁੱਖੜੇ ਦੇਸ ਦਾ ਇਹ ਜੋਗੀ, ਏਥੇ ਦੁੰਦ ਕੀ ਆਣ ਕੇ ਘੋਲਿਆ ਈ।

ਸੂਰਤ ਜੋਗੀਆਂ ਦੀ ਅੱਖ ਗੁੰਡਿਆਂ ਦੀ, ਦਾਬ ਕਟਕ ਦੇ ਤੇ ਜੀਊ ਡੋਲਿਆ ਈ।

ਜੋਗੀ ਅੱਖੀਆਂ ਕਢ ਕੇ ਘਤ ਤਿਊੜੀ, ਲੈ ਕੇ ਖੱਪਰਾ ਹੱਥ ਵਿੱਚ ਤੋਲਿਆ ਈ।

ਵਾਰਿਸ ਸ਼ਾਹ ਹੁਣ ਜੰਗ ਤਹਿਕੀਕ ਹੋਇਆ, ਜੰਬੂ ਸ਼ਾਕਣੀ ਦੇ ਅੱਗੇ ਬੋਲਿਆ ਈ।

332

ਜੱਟੀ ਨੇ ਰਾਂਝੇ ਨੂੰ ਬੁਰਾ ਭਲਾ ਕਿਹਾ

ਜੱਟੀ ਬੋਲ ਕੇ ਦੁੱਧ ਦੀ ਕਸਰ ਕੱਢੀ, ਸੱਭੇ ਅੜਤਨੇ ਪੜਤਨੇ ਪਾੜ ਸੁੱਟੇ।

ਪੁਣੇ ਦਾਦ ਪੜਦਾਦੜੇ ਜੋਗੀੜੇ ਦੇ, ਸੱਭੇ ਟੰਗਨੇ ਤੇ ਸਾਕ ਚਾੜ੍ਹ ਸੁੱਟੇ।

ਮਾਰ ਬੋਲੀਆਂ ਗਾਲੀਆਂ ਦੇ ਜੱਟੀ, ਸਭ ਫ਼ੱਕਰ ਦੇ ਪਿੱਤੜੇ ਸਾੜ ਸੁੱਟੇ।

ਜੋਗੀ ਰੋਹ ਦੇ ਨਾਲ ਖੜਲੱਤ ਘੱਤੀ, ਧੌਲ ਮਾਰ ਕੇ ਦੰਦ ਸਭ ਝਾੜ ਸੁੱਟੇ।

ਜੱਟੀ ਜ਼ਿਮੀਂ 'ਤੇ ਪਟੜੇ ਵਾਂਗ ਢੱਠੀ, ਜੈਸੇ ਵਾਹਰੂ ਫੱਟ ਕੇ ਧਾੜ ਸੁੱਟੇ।

ਵਾਰਿਸ ਸ਼ਾਹ ਮੀਆਂ ਜਿਵੇਂ ਮਾਰ ਤੇਸੇ ਫ਼ਰਹਾਦ ਨੇ ਚੀਰ ਪਹਾੜ ਸੁੱਟੇ।

333

ਜੱਟ ਦੀ ਫ਼ਰਿਆਦ

ਜੱਟ ਵੇਖ ਕੇ ਜੱਟੀ ਨੂੰ ਕਾਂਗ ਘੱਤੀ, ਵੇਖੋ ਪਰੀ ਨੂੰ ਰਿਛ ਪਥੱਲਿਆ ਜੇ।

ਮੇਰੀ ਸੈਆਂ ਦੀ ਮਹਿਰ ਨੂੰ ਮਾਰ ਜਿੰਦੋਂ, ਤਿਲਕ ਮਹਿਰ ਦੀ ਜੂਹ ਨੂੰ ਚੱਲਿਆ ਜੇ।

'ਲੋਕਾ ਬਾਹੁੜੀ' ਤੇ ਫ਼ਰਿਆਦ ਕੂਕੇ, ਮੇਰਾ ਝੁੱਗੜਾ ਚੌੜ ਕਰ ਚੱਲਿਆ ਜੇ।

ਪਿੰਡ ਵਿੱਚ ਇਹ ਆਣ ਬਲਾਇ ਵੱਜੀ, ਜੇਹਾ ਜਿੰਨਪਛਵਾੜ ਵਿੱਚ ਮੱਲਿਆ ਜੇ।

ਪਕੜ ਲਾਠੀਆਂ ਗੱਭਰੂ ਆਣ ਢੁੱਕੇ, ਵਾਂਗ ਕਾਢਵੇਂ ਕਣਕ ਦੇ ਹੱਲਿਆ ਜੇ।

ਵਾਰਿਸ ਸ਼ਾਹ ਜਿਉਂ ਧੂੰਇਆਂ ਸਰਕਿਆਂ 'ਤੇ, ਬੱਦਲ ਪਾਟ ਕੇ ਘਟਾਂ ਹੋ ਚੱਲਿਆ ਜੇ।

334

ਜੱਟੀ ਦੀ ਮਦਦ ਤੇ ਲੋਕ ਆਏ

ਆਇ, ਆਇ ਮੁਹਾਣਿਆਂ ਜਦੋਂ ਕੀਤੀ, ਚੌਹੀਂ ਵਲੀਂ ਜਾਂ ਪਲਮ ਕੇ ਆਇ ਗਏ।

ਸੱਚੋ ਸੱਚ ਜਾਂ ਫਾਟ ਤੇ ਝਵੇਂ ਵੈਰੀ, ਜੋਗੀ ਹੋਰੀਂ ਭੀ ਜੀ ਚੁਰਾਇ ਗਏ।

ਵੇਖੋ ਫ਼ੱਕਰ ਅੱਲਾਹ ਦੇ ਮਾਰ ਜੱਟੀ, ਓਸ ਜਟ ਨੂੰ ਵਾਇਦਾ ਪਾਇ ਗਏ।

ਜਦੋਂ ਮਾਰ ਚੌਤਰਫ਼ ਤਿਆਰ ਹੋਈ, ਓਥੋਂ ਆਪਣਾ ਆਪ ਖਿਸਕਾਇ ਗਏ।

ਇੱਕ ਫਾਟ ਕੱਢੀ ਸਭੇ ਸਮਝ ਗਈਆਂ, ਰੰਨਾਂ ਪਿੰਡ ਦੀਆਂ ਨੂੰ ਰਾਹ ਪਾਇ ਗਏ।

ਜਦੋਂ ਖ਼ਸਮ ਮਿਲੇ ਪਿੱਛੋਂ ਵਾਹਰਾਂ ਦੇ, ਤਦੋਂ ਧਾੜਵੀ ਖੁਰੇ ਉਠਾਇ ਗਏ।

ਹੱਥ ਲਾਇਕੇ ਬਰਕਤੀ ਜਵਾਨ ਪੂਰੇ, ਕਰਾਮਾਤ ਜ਼ਾਹਰਾ ਦਿਖਲਾਇ ਗਏ।

ਵਾਰਿਸ ਸ਼ਾਹ ਮੀਆਂ ਪਟੇ ਬਾਜ਼ ਛੁੱਟੇ, ਜਾਨ ਰੱਖ ਕੇ ਚੋਟ ਚਲਾਇ ਗਏ।

335

ਜੋਗੀ ਦੀ ਤਿਆਰੀ

ਜੋਗੀ ਮੰਗ ਕੇ ਪਿੰਡ ਤਿਆਰ ਹੋਇਆ, ਆਟਾ ਮੇਲ ਕੇ ਖੱਪਰਾ ਪੂਰਿਆ ਈ।

ਕਿਸੇ ਹੱਸ ਕੇ ਰੁਗ ਚਾ ਪਾਇਆ ਈ, ਕਿਸੇ ਜੋਗੀ ਨੂੰ ਚਾ ਵਡੂਰਿਆ ਈ।

ਕਾਈ ਦੱਬ ਕੇ ਜੋਗੀ ਨੂੰ ਡਾਂਟ ਲੈਂਦੀ, ਕਿਤੇ ਓਨ੍ਹਾਂ ਨੂੰ ਜੋਗੀ ਨੇ ਘੂਰਿਆ ਈ।

ਫਲੇ ਖੇੜਿਆਂ ਦੇ ਝਾਤ ਪਾਇਆ ਸੂ, ਜਿਵੇਂ ਸੋਲ੍ਹਵੀਂ ਦਾ ਚੰਦ ਪੂਰਿਆ ਈ।

336

ਰਾਂਝਾ ਖੇੜਿਆਂ ਦੇ ਘਰੀਂ ਆਇਆ

ਕਹੀਆਂ ਵਲਗਣਾਂ ਵਿਹੜੇ ਤੇ ਅਰਲਖੋੜਾਂ, ਕਹੀਆਂ ਬੱਖਲਾਂ ਤੇ ਖੁਰਲਾਣੀਆਂ ਨੀ।

ਕਹੀਆਂ ਕੋਰੀਆਂ ਚਾਟੀਆਂ ਨੇਹੀਂਆਂ ਤੇ, ਕਹੀਆਂ ਕਿੱਲੀਆਂ ਨਾਲ ਮਧਾਣੀਆਂ ਨੀ।

ਓਥੇ ਇੱਕ ਛਛੋਹਰੀ ਜੇਹੀ ਬੈਠੀ, ਕਿਤੇ ਨਿਕਲੀਆਂ ਘਰੋਂ ਸਵਾਣੀਆਂ ਨੀ।

ਛੱਤ ਨਾਲ ਟੰਗੇ ਹੋਏ ਨਜ਼ਰ ਆਵਣ, ਖੋਪੇ ਨਾੜੀਆਂ ਅਤੇ ਪਰਾਣੀਆਂ ਨੀ।

ਕੋਈ ਪਲੰਘ ਉਤੇ ਨਾਗਰਵੇਲ ਪਈਆਂ, ਜਿਹੀਆਂ ਰੰਗ ਮਹਿਲ ਵਿੱਚ ਰਾਣੀਆਂ ਨੀ।

ਵਾਰਿਸ ਕੁਆਰੀਆਂ ਕਸ਼ਟਨੇ ਕਰਨ ਪਈਆਂ, ਮੋਏ ਮਾਪੜੇ ਤੇ ਮਿਹਨਤਾਣੀਆਂ ਨੀ।

ਸਹਿਤੀ ਆਖਿਆ ਭਾਬੀਏ ਵੇਖਨੀ ਹੈਂ, ਫਿਰਦਾ ਲੁੱਚਾ ਮੁੰਡਾ ਘਰ ਸਵਾਣੀਆਂ ਨੀ।

ਕਿਤੇ ਸੱਜਰੇ ਕੰਨ ਪੜਾ ਲੀਤੇ, ਧੁਰੋਂ ਲਾਹਨਤਾਂ ਇਹ ਪੁਰਾਣੀਆਂ ਨੀ।

337

ਰਾਂਝਾ ਹੀਰ ਦੇ ਘਰ ਆਇਆ

ਜੋਗੀ ਹੀਰ ਦੇ ਸਾਹੁਰੇ ਜਾ ਵੜਿਆ, ਭੁਖਾ ਬਾਜ਼ ਜਿਉਂ ਫਿਰੇ ਲਲੋਰਦਾ ਜੀ।

ਆਇਆ ਖ਼ੁਸ਼ੀ ਦੇ ਨਾਲ ਦੋ ਚੰਦ ਹੋ ਕੇ, ਸੂਬਾਦਾਰ ਜਿਉਂ ਨਵਾਂ ਲਾਹੌਰ ਦਾ ਜੀ।

ਧੁੱਸ ਦੇ ਵਿਹੜੇ ਜਾ ਵੜਿਆ, ਹੱਥ ਕੀਤਾ ਸੂ ਸੰਨ੍ਹ ਦੇ ਚੋਰ ਦਾ ਜੀ।

ਜਾ ਅਲਖ ਵਜਾਇਕੇ ਨਾਦ ਫੂਕੇ, ਸਵਾਲ ਪਾਉਂਦਾ ਲੁਤਪੁਤਾ ਲੋੜ ਦਾ ਜੀ।

ਅਨੀ ਖੇੜਿਆਂ ਦੀ ਪਿਆਰੀਏ ਵਹੁਟੀਏ ਨੀ, 'ਹੀਰੇ ਸੁਖ ਹੈ' ਚਾਇ ਟਕੋਰਦਾ ਜੀ।

ਵਾਰਿਸ ਸ਼ਾਹ ਹੁਣ ਅੱਗ ਨੂੰ ਪਈ ਫਵੀ, ਸ਼ਗਨ ਹੋਇਆ ਜੰਗ ਤੇ ਸ਼ੋਰ ਦਾ ਜੀ।

338

ਸਹਿਤੀ

ਸੱਚ ਆਖ ਤੂੰ ਰਾਵਲਾ ਕਹੇ ਸਹਿਤੀ, ਤੇਰਾ ਜੀਊ ਕਾਈ ਗੱਲ ਲੋੜਦਾ ਜੀ।

ਵਿਹੜੇ ਵੜਦਿਆਂ ਰਿੱਕਤਾਂ ਛੇੜੀਆਂ ਨੀ, ਕੰਡਾ ਵਿੱਚ ਕਲੇਜੜੇ ਪੋੜਦਾ ਜੀ।

ਬਾਦਸ਼ਾਹ ਦੇ ਬਾਗ਼ ਵਿੱਚ ਨਾਲ ਚਾਵੜ, ਫਿਰੇਂ ਫੁਲ ਗੁਲਾਬ ਦਾ ਤੋੜਦਾ ਜੀ।

ਵਾਰਿਸ ਸ਼ਾਹ ਨੂੰ ਸ਼ੁਤਰ ਮੁਹਾਰ ਬਾਝੋਂ, ਡਾਂਗ ਨਾਲ ਕੋਈ ਮੂੰਹ ਮੋੜਦਾ ਜੀ।

339

ਰਾਂਝਾ

ਆ ਕੁਆਰੀਏ ਐਡ ਅਪਰਾਧਨੇ ਨੀ, ਧੱਕਾ ਦੇ ਨਾ ਹਿੱਕ ਦੇ ਜ਼ੋਰ ਦਾ ਨੀ।

ਬੁੰਦੇ ਕੰਧਲੀ ਨਥਲੀ ਹੱਸ ਕੜੀਆਂ, ਬੈਸੇਂ ਰੂਪ ਬਣਾਇਕੇ ਮੋਰ ਦਾ ਨੀ।

ਅਨੀ ਨੱਢੀਏ ਰਿਕਤਾਂ ਛੇੜ ਨਾਹੀਂ, ਇਹ ਕੰਮ ਨਾਹੀਂ ਧੁੰਮ ਸ਼ੋਰ ਦਾ ਨੀ।

ਵਾਰਿਸ ਸ਼ਾਹ ਫ਼ਕੀਰ ਗ਼ਰੀਬ ਉਤੇ, ਵੈਰ ਕੱਢਿਉਈ ਕਿਸੇ ਖੋਰ ਦਾ ਨੀ।

340

ਸਹਿਤੀ

ਕਲ੍ਹ ਜਾਇਕੇ ਨਾਲ ਚਵਾਇ ਚਾਵੜ, ਸਾਨੂੰ ਭੰਨ ਭੰਡਾਰ ਕਢਾਇਉ ਵੇ।

ਅੱਜ ਆਣ ਵੜਿਉਂ ਜਿੰਨ ਵਾਂਗ ਵਿਹੜੇ, ਵੈਰ ਕਲ੍ਹ ਦਾ ਆਣ ਜਗਾਇਉ ਵੇ।

ਗਦੋਂ ਆਣ ਵੜਿਉਂ ਵਿੱਚ ਛੋਹਰਾਂ ਦੇ, ਕਿਨ੍ਹਾਂ ਸ਼ਾਮਤਾਂ ਆਣ ਫਹਾਇਉ ਵੇ।

ਵਾਰਿਸ ਸ਼ਾਹ ਰਜ਼ਾਇ ਦੇ ਕੰਮ ਵੇਖੋ, ਅੱਜ ਰੱਬ ਨੇ ਠੀਕ ਕੁਟਾਇਉ ਵੇ।

341

ਰਾਂਝਾ

ਕੱਚੀ ਕੁਆਰੀਏ ਲੋੜ੍ਹ ਦੀਏ ਮਾਰੀਏ ਨੀ, ਟੂਣੇ ਹਾਰੀਏ ਆਖ ਕੀ ਆਹਨੀ ਹੈਂ।

ਭਲਿਆਂ ਨਾਲ ਬੁਰਿਆਂ ਕਾਹੇ ਹੋਵਣੀ ਹੈਂ, ਕਾਈ ਬੁਰੇ ਹੀ ਫਾਹੁਣੇ ਫਾਹੁਨੀ ਹੈਂ।

ਅਸਾਂ ਭੁਖਿਆਂ ਆਣ ਸਵਾਲ ਕੀਤਾ, ਕਹੀਆਂ ਗ਼ੈਬ ਦੀਆਂ ਰਿੱਕਤਾਂ ਡਾਹੁਨੀ ਹੈਂ।

ਵਿੱਚੋਂ ਪੱਕੀਏ ਛੈਲ ਉਚੱਕੀਏ ਨੀ, ਰਾਹ ਜਾਂਦੜੇ ਮਿਰਗ ਕਿਉਂ ਫਾਹੁਨੀ ਹੈਂ।

ਗੱਲ ਹੋ ਚੁੱਕੀ ਫੇਰ ਛੇੜਨੀ ਹੈਂ, ਹਰੀ ਸਾਖ ਨੂੰ ਮੋੜ ਕਿਉਂ ਵਾਹੁਨੀ ਹੈਂ।

ਘਰ ਜਾਣ ਸਰਦਾਰ ਦਾ ਭੀਖ ਮਾਂਗੀ, ਸਾਡਾ ਅਰਸ਼ ਦਾ ਕਿੰਗਰਾ ਢਾਹੁਨੀ ਹੈਂ।

ਕੇਹਾ ਨਾਲ ਪਰਦੇਸੀਆਂ ਵੈਰ ਚਾਇਉ, ਚੈਂਚਰ ਹਾਰੀਏ ਆਖ ਕੀ ਆਹਨੀ ਹੈਂ।

ਰਾਹ ਜਾਂਦੜੇ ਫ਼ਕਰ ਖਹੇੜਣੀਂ ਹੈਂ, ਆ ਨਹਿਰੀਏ ਸਿੰਗ ਕਿਉਂ ਡਾਹੁਨੀ ਹੈਂ।

ਘਰ ਪੇਈਅੜੇ ਧਰੋਹੀਆਂ ਫੇਰੀਆਂ ਨੀ, ਢਗੀ ਵਿਹਰੀਏ ਸਾਨ੍ਹਾਂ ਨੂੰ ਵਾਹੁਨੀ ਹੈਂ।

ਆ ਵਾਸਤਾ ਈ ਨੈਣਾਂ ਗੁੰਡਿਆਂ ਦਾ, ਇਹ ਕਲ੍ਹਾ ਕਿਵੇਂ ਪਿੱਛੋਂ ਲਾਹੁਣੀ ਹੈਂ।

ਸ਼ਿਕਾਰ ਦਰਿਆ ਵਿੱਚ ਖੇਡ ਮੋਈਏ, ਕੇਹੀਆਂ ਮੂਤ ਵਿੱਚ ਮੱਛੀਆਂ ਫਾਹੁਨੀ ਹੈਂ।

ਵਾਰਿਸ ਸ਼ਾਹ ਫ਼ਕੀਰ ਨੂੰ ਛੇੜਨੀ ਹੈਂ, ਅੱਖੀਂ ਨਾਲ ਕਿਉਂ ਖੱਖਰਾਂ ਲਾਹੁਨੀ ਹੈਂ।

342

ਸਹਿਤੀ

ਅਨੀ ਸੁਣੋ ਭੈਣਾਂ ਕੋਈ ਛਿਟ ਜੋਗੀ, ਵੱਡੀ ਜੂਠ ਭੈੜਾ ਕਿਸੇ ਥਾਉਂ ਦਾ ਹੈ।

ਝਗੜੈਲ ਮਰਖਨਾਂ ਘੰਢ ਮੱਚੜ ਰੱਪੜ ਖੰਡ ਇਹ ਕਿਸੇ ਗਿਰਾਉਂ ਦਾ ਹੈ।

ਪਰਦੇਸੀਆਂ ਦੀ ਨਹੀਂ ਡੌਲ ਇਸ ਦੀ, ਇਹ ਵਾਕਿਫ਼ ਹੀਰ ਦੇ ਨਾਉਂ ਦਾ ਹੈ।

ਗੱਲ ਆਖ ਕੇ ਹੱਥਾਂ ਤੇ ਪਵੇ ਮੁੱਕਰ, ਆਪੇ ਲਾਂਵਦਾ ਆਪ ਬੁਝਾਉਂਦਾ ਹੈ।

ਹੁਣੇ ਭੰਨ ਕੇ ਖੱਪਰੀ ਤੋੜ ਸੇਲ੍ਹੀ, ਨਾਲੇ ਜਟਾਂ ਦੀ ਜੂਟ ਖੁਹਾਉਂਦਾ ਹੈ।

ਜੇ ਮੈਂ ਉਠ ਕੇ ਪਾਣ ਪੱਤ ਲਾਹ ਸੁੱਟਾਂ, ਪੈਂਚ ਇਹ ਨਾ ਕਿਸੇ ਗਿਰਾਉਂ ਦਾ ਹੈ।

ਕੋਈ ਡੂਮ ਮੋਚੀ ਇੱਕੇ ਢੇਡ ਕੰਜਰ, ਇੱਕੇ ਚੂਹੜਾ ਕਿਸੇ ਸਰਾਉਂ ਦਾ ਹੈ।

ਵਾਰਿਸ ਸ਼ਾਹ ਮੀਆਂ ਵਾਹ ਲਾ ਰਹੀਆਂ, ਇਹ ਝਗੜਿਉਂ ਬਾਜ਼ ਨਾ ਆਉਂਦਾ ਹੈ।

343

ਰਾਂਝਾ

ਪਕੜ ਢਾਲ ਤਲਵਾਰ ਕਿਉਂ ਗਿਰਦ ਹੋਈ, ਮੱਥਾ ਮੁੰਨੀਏ ਕੜਮੀਏ ਭਾਗੀਏ ਨੀ।

ਚੈਂਚਰ ਹਾਰੀਏ ਡਾਰੀਏ ਜੰਗ ਬਾਜ਼ੇ, ਛੱਪਰ ਨੱਕੀਏ ਬੁਰੇ ਤੇ ਲਾਗੀਏ ਨੀ।

ਫਸਾਦ ਦੀ ਫ਼ੌਜ ਦੀਏ ਪੇਸ਼ਵਾਏ, ਸ਼ੈਤਾਨ ਦੀ ਲੱਕ ਤੜਾਗੀਏ ਨੀ।

ਅਸੀਂ ਜੱਟੀਆਂ ਨਾਲ ਜੇ ਕਰੇ ਝੇੜੇ, ਦੁਖ ਜ਼ੁਹਦ ਤੇ ਫ਼ਕਰ ਕਿਉਂ ਝਾਗੀਏ ਨੀ।

ਮੱਥਾ ਡਾਹ ਨਾਹੀਂ ਆਓ ਛੱਡ ਪਿੱਛਾ, ਭੰਨੇ ਜਾਂਦੇ ਮਗਰ ਨਾਹੀਂ ਲਾਗੀਏ ਨੀ।

ਵਾਰਿਸ ਸ਼ਾਹ ਫ਼ਕੀਰ ਦੇ ਕਦਮ ਫੜੀਏ, ਛੱਡ ਕਿਬਰ ਹੰਕਾਰ ਤਿਆਗੀਏ ਨੀ।

344

ਸਹਿਤੀ

ਚੱਕੀ-ਹਾਨਿਆਂ ਵਿੱਚ ਵਿਚਾਰ ਪੌਂਦੀ, ਇਹਦੀ ਧੁੰਮ ਤਨੂਰ ਤੇ ਭੱਠ ਹੈ ਨੀ।

ਕਮਜ਼ਾਤ ਕੁਪੱਤੜਾ ਢੀਠ ਬੈਂਡਾ, ਡਿੱਬੀਪੁਰੇ ਦੇ ਨਾਲ ਦੀ ਚੱਠ ਹੈ ਨੀ।

ਭੇੜੂਕਾਰ ਘੁਠਾ ਠੱਗ ਮਾਝੜੇ ਦਾ, ਜੈਂਦਾ ਰੰਨ ਯਰੋਲੀ ਦਾ ਹੱਠ ਹੈ ਨੀ।

ਮੰਗ ਖਾਣੇ ਹਰਾਮ ਮੁਸ਼ਟੰਡਿਆਂ ਨੂੰ, ਵੱਡਾ ਸਾਰ ਹਸ਼ਧਾਤ ਦੀ ਲੱਠ ਹੈ ਨੀ।

ਮੁਸ਼ਟੰਡੜੇ ਤੁਰਤ ਪਛਾਣ ਲਈਦੇ, ਕੰਮ ਡਾਹ ਦਿਉ ਇਹ ਵੀ ਜੱਟ ਹੈ ਨੀ।

ਇਹ ਜੱਟ ਹੈ ਪਰ ਝੁੱਘਾ ਪਟ ਹੈ ਨੀ, ਇਹ ਚੌਧਰੀ ਚੌੜ ਚੁਪੱਟ ਹੈ ਨੀ।

ਗੱਦੋਂ ਲੱਦਿਆ ਸਣੇ ਇਹ ਛੱਟ ਹੈ ਨੀ, ਭਾਵੇਂ ਵੇਲਣੇ ਦੀ ਇਹ ਲਠ ਹੈ ਨੀ।

ਵਾਰਿਸ ਸ਼ਾਹ ਹੈ ਇਹ ਤੇ ਰਸ ਮਿੱਠਾ, ਏਹ ਤਾਂ ਕਾਠੇ ਕਮਾਦ ਦੀ ਗੱਠ ਹੈ ਨੀ।

345

ਗੁਆਂਢਣਾਂ ਦਾ ਉੱਤਰ

ਵਿਹੜੇ ਵਾਲੀਆਂ ਦਾਨੀਆਂ ਆਣ ਖੜ੍ਹੀਆਂ, ਕਿਉਂ ਬੋਲਦੀ ਏਸ ਦੀਵਾਨੜੇ ਨੀ।

ਕੁੜੀਏ ਕਾਸ ਨੂੰ ਲੁਝਦੀ ਨਾਲ ਜੋਗੀ, ਇਹ ਜੰਗਲੀ ਖਰੇ ਨਿਮਾਨੜੇ ਨੀ।

ਮੰਗ ਖਾਇਕੇ ਸਦਾ ਇਹ ਦੇਸ ਤਿਆਗਣ, ਤੰਬੂ ਆਸ ਦੇ ਇਹ ਨਾ ਤਾਣਦੇ ਨੀ।

ਜਾਪ ਜਾਣਦੇ ਰੱਬ ਦੀ ਯਾਦ ਵਾਲਾ, ਐਡੇ ਝਗੜੇ ਇਹ ਨਾ ਜਾਣਦੇ ਨੀ।

ਸਦਾ ਰਹਿਣ ਉਦਾਸ ਨਿਰਾਸ ਨੰਗੇ, ਬਿਰਛ ਫੂਕ ਕੇ ਸਿਆਲ ਲੰਘਾਂਵਦੇ ਨੀ।

ਵਾਰਿਸ ਸ਼ਾਹ ਪਰ ਅਸਾਂ ਮਾਲੂਮ ਕੀਤਾ, ਜੱਟੀ ਜੋਗੀ ਦੋਵੇਂ ਇਕਸੇ ਹਾਣ ਦੇ ਨੀ।

346

ਸਹਿਤੀ

ਨੈਣਾਂ ਹੀਰ ਦਿਆਂ ਵੇਖ ਕੇ ਆਹ ਭਰਦਾ, ਵਾਂਗ ਆਸ਼ਕਾਂ ਅੱਖੀਆਂ ਮੀਟਦਾ ਈ।

ਜਿਵੇਂ ਖ਼ਸਮ ਕੁਪੱਤੜਾ ਰੰਨ ਭੰਡੇ, ਕੀਤੀ ਗੱਲ ਨੂੰ ਪਿਆ ਘਸੀਟਦਾ ਈ।

ਰੰਨਾਂ ਗੁੰਡੀਆਂ ਵਾਂਗ ਫ਼ਰਫ਼ੇਜ ਕਰਦਾ, ਤੋੜਣ ਹਾਰੜਾ ਲੱਗੜੀ ਪ੍ਰੀਤ ਦਾ ਈ।

ਘਤ ਘਗਰੀ ਬਹੇ ਇਹ ਵੱਡਾ ਠੇਠਰ, ਇਹ ਉਸਤਾਦੜਾ ਕਿਸੇ ਮਸੀਤ ਦਾ ਈ।

ਚੂੰਢੀ ਵੱਖੀਆਂ ਦੇ ਵਿੱਚ ਵੱਢ ਲੈਂਦਾ, ਪਿੱਛੋਂ ਆਪਣੀ ਵਾਰ ਮੁੜ ਚੀਕਦਾ ਈ।

ਇੱਕੇ ਖ਼ੈਰ-ਹੱਥਾ ਨਹੀਂ ਇਹ ਰਾਵਲ, ਇੱਕੇ ਚੇਲੜਾ ਕਿਸੇ ਪਲੀਤ ਦਾ ਈ।

ਨਾ ਇਹ ਜਿੰਨ ਨਾ ਭੂਤ ਨਾ ਰਿਛ ਬਾਂਦਰ, ਨਾ ਇਹ ਚੇਲੜਾ ਕਿਸੇ ਅਤੀਤ ਦਾ ਈ।

ਵਾਰਿਸ ਸ਼ਾਹ ਪ੍ਰੇਮ ਦੀ ਜ਼ੀਲ ਨਿਆਰੀ, ਨਿਆਰਾ ਅੰਤਰਾ ਇਸ਼ਕ ਦੇ ਗੀਤ ਦਾ ਈ।

347

ਰਾਂਝਾ

ਇਹ ਮਿਸਲ ਮਸ਼ਹੂਰ ਹੈ ਜਗ ਸਾਰੇ ਕਰਮ ਰਬ ਦੇ ਜੇਡ ਨਾ ਮਿਹਰ ਹੈ ਨੀ।

ਹੁਨਰ ਝੂਠ ਕਮਾਨ ਲਹੌਰ ਜੇਹੀ, ਅਤੇ ਕਾਂਵਰੂ ਜੇਡ ਨਾ ਸਿਹਰ ਹੈ ਨੀ।

ਚੁਗਲੀ ਨਹੀਂ ਦੀਪਾਲਪੁਰ ਕੋਟ ਜੇਹੀ, ਉਹ ਨਮਰੂਦ ਦੀ ਥਾਉਂ ਬੇ ਮਿਹਰ ਹੈ ਨੀ।

ਨਕਸ਼ ਚੀਨ ਤੇ ਮੁਸ਼ਕ ਨਾ ਖੁਤਨ ਜੇਹਾ, ਯੂਸਫ਼ ਜੇਡ ਨਾ ਕਿਸੇ ਦਾ ਚਿਹਰ ਹੈ ਨੀ।

ਮੈਂ ਤਾਂ ਤੋੜ ਹਸ਼ਧਾਤ ਦੇ ਕੋਟ ਸੁੱਟਾਂ, ਰੈਨੂੰ ਦੱਸ ਖਾਂ ਕਾਸ ਦੀ ਵਿਹਰ ਹੈ ਨੀ।

ਬਾਤ ਬਾਤ ਤੇਰੀ ਵਿੱਚ ਹੈਣ ਕਾਮਣ, ਵਾਰਿਸ ਸ਼ਾਹ ਦਾ ਸ਼ਿਅਰ ਕੀ ਸਿਹਰ ਹੈ ਨੀ।

348

ਤਥਾ

ਕੋਈ ਅਸਾਂ ਜਿਹਾ ਵਲੀ ਸਿਧ ਨਾਹੀਂ, ਜਗ ਆਂਵਦਾ ਨਜ਼ਰ ਜ਼ਹੂਰ ਜੇਹਾ।

ਦਸਤਾਰ ਬਜਵਾੜਿਉਂ ਖ਼ੂਬ ਆਵੇ, ਅਤੇ ਬਾਫ਼ਤਾ ਨਹੀਂ ਕਸੂਰ ਜੇਹਾ।

ਕਸ਼ਮੀਰ ਜੇਹਾ ਕੋਈ ਮੁਲਕ ਨਾਹੀਂ, ਨਹੀਂ ਚਾਨਣਾ ਚੰਦ ਦੇ ਨੂਰ ਜੇਹਾ।

ਅੱਗੇ ਨਜ਼ਰ ਦੇ ਮਜ਼ਾ ਮਾਸ਼ੂਕ ਦਾ ਹੈ, ਅਤੇ ਢੋਲ ਨਾ ਸੋਂਹਦਾ ਦੂਰ ਜੇਹਾ।

ਨਹੀਂ ਰੰਨ ਕੁਲੱਛਣੀ ਤੁਧ ਜੇਹੀ, ਨਹੀਂ ਜ਼ਲਜ਼ਲਾ ਹਸ਼ਰ ਦੇ ਸੂਰ ਜੇਹਾ।

ਸਹਿਤੀ ਜੇਡ ਨਾ ਹੋਰ ਝਗੜੈਲ ਕੋਈ, ਅਤੇ ਸੁਹਣਾ ਹੋਰ ਨਾ ਤੂਰ ਜੇਹਾ।

ਖੇੜਿਆਂ ਜੇਡ ਨਾ ਨੇਕ ਨਸੀਬ ਕੋਈ, ਕੋਈ ਥਾਉਂ ਨਾ ਬੈਤੁਲ ਮਾਮੂਰ ਜੇਹਾ।

ਸਹਿਜ ਵਸਦੀਆਂ ਜੇਡ ਨਾਲ ਭਲਾ ਕੋਈ, ਬੁਰਾ ਨਹੀਂ ਹੈ ਕੰਮ ਫਤੂਰ ਜੇਹਾ।

ਹਿੰਗ ਜੇਡ ਨਾ ਹੋਰ ਬਦਬੂ ਕੋਈ, ਬਾਸਦਾਰ ਨਾ ਹੋਰ ਕਚੂਰ ਜੇਹਾ।

ਵਾਰਿਸ ਸ਼ਾਹ ਜੇਹਾ ਗੁਨਾਹਗਾਰ ਨਾਹੀਂ, ਕੋਈ ਤਾਓ ਨਾ ਤਪਤ ਤੰਦੂਰ ਜੇਹਾ।

349

ਸਹਿਤੀ

ਜੋਗ ਦੱਸ ਖਾਂ ਕਿੱਧਰੋਂ ਹੋਇਆ ਪੈਦਾ, ਕਿੱਥੋਂ ਹੋਇਆ ਸੰਦਾਸ ਬੈਰਾਗ ਹੈ ਵੇ।

ਕੇਤੀ ਰਾਹ ਹੈਂ ਜੋਗ ਦੇ ਦੱਸ ਖਾਂ ਵੇ, ਕਿੱਥੋਂ ਨਿਕਲਿਆ ਜੋਗ ਦਾ ਰਾਗ ਹੈ ਵੇ।

ਇਹ ਖੱਪਰੀ ਸੇਲ੍ਹੀਆਂ ਨਾਦ ਕਿੱਥੋਂ, ਕਿਸ ਬੱਧਿਆ ਜਟਾਂ ਦੀ ਪਾਗ ਹੈ ਵੇ।

ਵਾਰਿਸ ਸ਼ਾਹ ਭਿਬੂਤ ਕਿਸ ਕੱਢਿਆ ਈ, ਕਿੱਥੋਂ ਨਿਕਲੀ ਪੂਜਣੀ ਆਗ ਹੈ ਵੇ।

350

ਰਾਂਝਾ

ਮਹਾਂਦੇਵ ਥੋਂ ਜੋਗ ਦਾ ਪੰਥ ਬਣਿਆਂ, ਦੇਵਦਤ ਹੈ ਗੁਰੂ ਸੰਦਾਸੀਆਂ ਦਾ।

ਰਾਮਾਨੰਦ ਥੋਂ ਸਭ ਵੈਰਾਗ ਹੋਇਆ, ਪਰਮ ਜੋਤ ਹੈ ਗੁਰੂ ਉਦਾਸੀਆਂ ਦਾ।

ਬ੍ਰਹਮਾ ਬਰਾਹਮਣਾ ਦਾ ਰਾਮ ਹਿੰਦੂਆਂ ਦਾ, ਬਿਸ਼ਨ ਅਤੇ ਮਹੇਸ਼ ਸਭ ਰਾਸੀਆਂ ਦਾ।

ਸੁਥਰਾ ਸੁਥਰਿਆਂ ਦਾ ਨਾਨਕ ਉਦਾਸੀਆਂ ਦਾ, ਸ਼ਾਹ ਮੱਖਣ ਹੈ ਮੁੰਡੇ ਉਪਾਸੀਆਂ ਦਾ।

ਜਿਵੇਂ ਸਈਅੱਦ ਜਲਾਲ ਜਲਾਲੀਆਂ ਦਾ, ਤੇ ਅਵੈਸ ਕਰਨੀ ਖੱਗਾਂ ਕਾਸੀਆਂ ਦਾ।

ਜਿਵੇਂ ਸ਼ਾਹ ਮਦਾਰ ਮਦਾਰੀਆਂ ਦਾ, ਤੇ ਅੰਸਾਰ ਅੰਸਾਰੀਆਂ ਤਾਸੀਆਂ ਦਾ।

ਹੈ ਵਸ਼ਿਸ਼ਟ ਨਿਰਬਾਣ ਵੈਰਾਗੀਆਂ ਦਾ, ਸ੍ਰੀ ਕ੍ਰਿਸ਼ਨ ਭਗਵਾਨ ਉਪਾਸੀਆਂ ਦਾ।

ਹਾਜੀ ਨੌਸ਼ਾਹ ਜਿਵੇਂ ਨੌਸ਼ਾਹੀਆਂ ਦਾ, ਅਤੇ ਭਗਤ ਕਬੀਰ ਜੌਲਾਸੀਆਂ ਦਾ।

ਦਸਤਗੀਰ ਦਾ ਕਾਦਰੀ ਸਿਲਸਲਾ ਹੈ, ਤੇ ਫ਼ਰੀਦ ਹੈ ਚਿਸ਼ਤ ਅੱਬਾਸੀਆਂ ਦਾ।

ਜਿਵੇਂ ਸ਼ੈਖ਼ ਤਾਹਿਰ ਪੀਰ ਹੈ ਮੋਚੀਆਂ ਦਾ, ਸ਼ਮਸ ਪੀਰ ਸੁਨਿਆਰਿਆਂ ਚਾਸੀਆਂ ਦਾ।

ਨਾਮ ਦੇਵ ਹੈ ਗੁਰੂ ਛੀਂਬਿਆਂ ਦਾ, ਲੁਕਮਾਨ ਲੁਹਾਰ ਤਰਖਾਸੀਆਂ ਦਾ।

ਖ਼ੁਆਜਾ ਖਿਜ਼ਰ ਹੈ ਮੇਆਂ ਮੁਹਾਣਿਆਂ ਦਾ, ਨਕਸ਼ਬੰਦ ਮੁਗ਼ਲਾਂ ਚੁਗ਼ਤਾਸੀਆਂ ਦਾ।

ਸਰਵਰ ਸਖੀ ਭਰਾਈਆਂ ਸੇਵਕਾਂ ਦਾ, ਲਾਲ ਬੇਗ਼ ਹੈ ਚੂਹੜਿਆਂ ਖਾਸੀਆਂ ਦਾ।

ਨਲ ਰਾਜਾ ਹੈ ਗੁਰੂ ਜਵਾਰੀਆਂ ਦਾ, ਸ਼ਾਹ ਸ਼ੱਮਸ ਨਿਆਰੀਆਂ ਹਾਸੀਆਂ ਦਾ।

ਹਜ਼ਰਤ ਸ਼ੀਸ਼ ਹੈ ਪੀਰ ਜੁਲਾਹਿਆਂ ਦਾ, ਸ਼ੈਤਾਨ ਹੈ ਪੀਰ ਮਰਾਸੀਆਂ ਦਾ।

ਜਿਵੇਂ ਹਾਜੀ ਗਿਲਗੋ ਨੂੰ ਘੁਮਿਆਰ ਮੰਨਣ, ਹਜ਼ਰਤ ਅਲੀ ਹੈ ਸ਼ੀਆਂ ਖਾਸੀਆਂ ਦਾ।

ਸੁਲੇਮਾਨ ਪਾਰਸ ਪੀਰ ਨਾਈਆਂ ਦਾ, ਅਲੀ ਰੰਗਰੇਜ਼ ਅਦਰੀਸ ਦਰਜ਼ਾਸੀਆਂ ਦਾ।

ਇਸ਼ਕ ਪੀਰ ਹੈ ਆਸ਼ਕਾਂ ਸਾਰਿਆਂ ਦਾ, ਭੁਖ ਪੀਰ ਹੈ ਮਸਤਿਆਂ ਪਾਸੀਆਂ ਦਾ।

ਹੱਸੂ ਤੇਲੀ ਜਿਉਂ ਪੀਰ ਹੈ ਤੇਲੀਆਂ ਦਾ, ਸੁਲੇਮਾਨ ਹੈ ਜਿੰਨ ਭੂਤਾਸੀਆਂ ਦਾ।

ਸੋਟਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਤੇ ਦਾਊਦ ਹੈ ਜ਼ਰ੍ਹਾ-ਨਵਾਸੀਆਂ ਦਾ।

ਵਾਰਿਸ ਸ਼ਾਹ ਜਿਉਂ ਰਾਮ ਹੈ ਹਿੰਦੂਆਂ ਦਾ, ਅਤੇ ਰਹਿਮਾਨ ਹੈ ਮੋਮਨਾਂ ਖ਼ਾਸੀਆਂ ਦਾ।

351

ਸਹਿਤੀ

ਮਾਯਾ ਉਠਾਈ ਫਿਰਨ ਏਸ ਜੱਗ ਉਤੇ, ਜਿਨ੍ਹਾਂ ਭੌਣ ਤੇ ਕੁਲ ਬਿਹਾਰ ਹੈ ਵੇ।

ਏਨ੍ਹਾਂ ਫਿਰਨ ਜ਼ਰੂਰ ਹੈ ਦਿਹੁੰ ਰਾਤੀਂ, ਧੁਰੋਂ ਫਿਰਨ ਏਨ੍ਹਾਂਦੜੀ ਕਾਰ ਹੈ ਵੇ।

ਸੂਰਜ ਚੰਦ ਘੋੜਾ ਅਤੇ ਰੂਹ ਚਕਲ, ਨਜ਼ਰ ਸ਼ੇਰ ਪਾਣੀ ਵਣਜਾਰ ਹੈ ਵੇ।

ਤਾਣਾ ਤਣਨ ਵਾਲੀ ਇੱਲ ਗਧਾ ਕੁੱਤਾ, ਤੀਰ ਛੱਜ ਤੇ ਛੋਕਰਾ ਯਾਰ ਹੈ ਵੇ।

ਟੋਪਾ ਛਾਣਨੀ ਤੱਕੜੀ ਤੇਜ਼ ਮਰੱਕਬ, ਕਿਲਾ ਤਰੱਕਲਾ ਫਿਰਨ ਵਫ਼ਾਰ ਹੈ ਵੇ।

ਬਿੱਲੀ ਰੰਨ ਫ਼ਕੀਰ ਤੇ ਅੱਗ ਬਾਂਦੀ, ਏਨ੍ਹਾਂ ਫਿਰਨ ਘਰੋ ਘਰੀ ਕਾਰ ਹੈ ਵੇ।

ਵਾਰਿਸ ਸ਼ਾਹ ਵੈਲੀ ਭੇਖੇ ਲਖ ਫਿਰਦੇ, ਸਬਰ ਫ਼ਕਰ ਦਾ ਕੌਲ ਕਰਾਰ ਹੈ ਵੇ।

352

ਤਥਾ

ਫਿਰਨ ਬੁਰਾ ਹੈ ਜਗ ਤੇ ਏਨ੍ਹਾਂ ਤਾਈਂ, ਜੇ ਇਹ ਫਿਰਨ ਤਾਂ ਕੰਮ ਦੇ ਮੂਲ ਨਾਹੀਂ।

ਫਿਰੇ ਕੌਲ ਜ਼ਬਾਨ ਜਵਾਨ ਰਣ ਥੀਂ, ਸਤਰਦਾਰ ਘਰ ਛੋੜ ਮਾਕੂਲ ਨਾਹੀਂ।

ਰਜ਼ਾ ਅੱਲਾਹ ਦੀ ਹੁਕਮ ਕਤੱਈ ਜਾਣੋ, ਕੁਤਬ ਕੋਹ ਕਾਅਬਾ ਹੈ ਮਾਮੂਲ ਨਾਹੀਂ।

ਰੰਨ ਆਏ ਵਿਗਾੜ ਤੇ ਚਿਹ ਚੜ੍ਹੀ, ਫ਼ੱਕਰ ਆਏ ਜਾਂ ਕਹਿਰ ਕਲੂਲ ਨਾਹੀਂ।

ਜ਼ਿੰਮੀਂਦਾਰ ਕਨਕੂਤੀਆਂ ਖ਼ੁਸ਼ੀ ਨਾਹੀਂ, ਅਤੇ ਅਹਿਮਕ ਕਦੇ ਮਲੂਲ ਨਾਹੀਂ।

ਵਾਰਿਸ ਸ਼ਾਹ ਦੀ ਬੰਦਗੀ ਲਿਲ੍ਹ ਨਾਹੀਂ, ਵੇਖਾਂ ਮੰਨ ਲਏ ਕਿ ਕਬੂਲ ਨਾਹੀਂ।

353

ਤਥਾ

ਅਦਲ ਬਿਨਾਂ ਸਰਦਾਰ ਹੈ ਰੁਖ ਅੱਫਲ, ਰੰਨ ਗਧੀ ਹੈ ਜੋ ਵਫ਼ਾਦਾਰ ਨਾਹੀਂ।

ਨਿਆਜ਼ ਬਿਨਾਂ ਹੈ ਕੰਚਨੀ ਬਾਂਝ ਭਾਵੇਂ, ਮਰਦ ਗਧਾ ਜੋ ਅਕਲ ਦਾ ਯਾਰ ਨਾਹੀਂ।

ਬਿਨਾ ਆਦਮੀਅਤ ਨਾਹੀਂ ਇਨਸ ਜਾਪੇ, ਬਿਨਾ ਆਬ ਕੱਤਾਲ ਤਲਵਾਰ ਨਾਹੀਂ।

ਸਬਜ ਜ਼ਿਕਰ ਇਬਾਦਤਾਂ ਬਾਝ ਜੋਗੀ, ਦਮਾਂ ਬਾਝ ਜੀਵਨ ਦਰਕਾਰ ਨਾਹੀਂ।

ਹਿੰਮਤ ਬਾਝ ਜਵਾਨ ਬਿਨ ਹੁਸਨ ਦਿਲਬਰ, ਲੂਣ ਬਾਝ ਤੁਆਮ ਸਵਾਰ ਨਾਹੀਂ।

ਸ਼ਰਮ ਬਾਝ ਮੁੱਛਾਂ ਬਿਨਾਂ ਅਮਲ ਦਾੜ੍ਹੀ, ਤਲਬ ਬਾਝ ਫ਼ੌਜਾਂ ਭਰ ਭਾਰ ਨਾਹੀਂ।

ਅਕਲ ਬਾਝ ਵਜ਼ੀਰ ਸਲਵਾਤ ਮੋਮਨ, ਬਿਨ ਦੀਵਾਨ ਹਿਸਾਬ ਸ਼ੁਮਾਰ ਨਾਹੀਂ।

ਵਾਰਿਸ, ਰੰਨ, ਫ਼ਕੀਰ, ਤਲਵਾਰ, ਘੋੜਾ, ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ।

354

ਰਾਂਝਾ

ਮਰਦ ਕਰਮ ਦੇ ਨਕਦ ਹਨ ਸਹਿਤੀਏ ਨੀ, ਰੰਨਾਂ ਦੁਸ਼ਮਣਾਂ ਨੇਕ ਕਮਾਈਆਂ ਦੀਆਂ।

ਤੁਸੀਂ ਏਸ ਜਹਾਨ ਵਿੱਚ ਹੋ ਰਹੀਆਂ, ਪੰਜ ਸੇਰੀਆਂ ਘਟ ਧੜਵਾਈਆਂ ਦੀਆਂ।

ਮਰਦ ਹੈਣ ਜਹਾਜ਼ ਨੇ ਕੋਕੀਆਂ ਦੇ, ਰੰਨਾਂ ਬੇੜੀਆਂ ਹੈਣ ਬੁਰਾਈਆਂ ਦੀਆਂ।

ਮਾਉਂ ਬਾਪ ਦਾ ਨਾਉਂ ਨਾਮੂਸ ਡੋਬਣ, ਪੱਤਾ ਲਾਹ ਸੁੱਟਣ ਭਲਿਆਂ ਭਾਈਆਂ ਦੀਆਂ।

ਹੱਡ ਮਾਸ ਹਲਾਲ ਹਰਾਮ ਕੱਪਣ, ਏਹ ਕੁਹਾੜੀਆਂ ਹੈਣ ਕਸਾਈਆਂ ਦੀਆਂ।

ਲਬਾਂ ਲਾਹੁੰਦੀਆਂ ਸਾਫ਼ ਕਰ ਦੇਣ ਦਾੜ੍ਹੀ, ਜਿਵੇਂ ਕੈਂਚੀਆਂ ਅਹਿਮਕਾਂ ਨਾਈਆਂ ਦੀਆਂ।

ਸਿਰ ਜਾਏ, ਨਾ ਯਾਰ ਦਾ ਸਿਰ ਦੀਚੇ, ਸ਼ਰਮਾਂ ਰੱਖੀਏ ਅੱਖੀਆਂ ਲਾਈਆਂ ਦੀਆਂ।

ਨੀ ਤੂੰ ਕੇਹੜੀ ਗੱਲ ਤੇ ਐਡ ਸ਼ੂਕੇਂ, ਗੱਲਾਂ ਦੱਸ ਖਾਂ ਪੂਰੀਆਂ ਪਾਈਆਂ ਦੀਆਂ।

ਆਢਾ ਨਾਲ ਫ਼ਕੀਰਾਂ ਦੇ ਲਾਉਂਦੀਆਂ ਨੇ, ਖ਼ੂਬੀਆਂ ਵੇਖ ਨਨਾਣ ਭਰਜਾਈਆਂ ਦੀਆਂ।

ਵਾਰਿਸ ਸ਼ਾਹ ਤੇਰੇ ਮੂੰਹ ਨਾਲ ਮਾਰਾਂ, ਪੰਡਾਂ ਬੰਨ੍ਹ ਕੇ ਸਭ ਭਲਿਆਈਆਂ ਦੀਆਂ।

355

ਸਹਿਤੀ

ਰੀਸ ਜੋਗੀਆਂ ਦੀ ਤੈਥੋਂ ਨਹੀਂ ਹੁੰਦੀ, ਹੌਂਸਾਂ ਕੇਹੀਆਂ ਜਟਾਂ ਰਖਾਈਆਂ ਦੀਆਂ।

ਬੇਸ਼ਰਮ ਦੀ ਮੁਛ ਜਿਉਂ ਪੂਛ ਪਿੱਦੀ, ਜਿਹੀਆਂ ਮੁੰਜਰਾਂ ਬੇਟ ਦੇ ਧਾਈਆਂ ਦੀਆਂ।

ਤਾਨਸੈਨ ਜੇਹਾ ਰਾਗ ਨਹੀਂ ਬਣਦਾ, ਲਖ ਸਫ਼ਾਂ ਜੇ ਹੋਣ ਅਤਾਈਆਂ ਦੀਆਂ।

ਅਖੀਂ ਡਿੱਠੀਆਂ ਨਹੀਂ ਤੂੰ ਚੋਬਰਾ ਵੇ, ਪਿਰਮ ਕੁੱਠੀਆਂ ਬਿਰਹੋਂ ਸਤਾਈਆਂ ਦੀਆਂ।

ਸਿਰ ਮੁੰਨ ਦਾੜ੍ਹੀ ਖੇਹ ਲਾਈਆ ਈ, ਕਦਰਾਂ ਡਿੱਠੀਉਂ ਏਡੀਆਂ ਚਾਈਆਂ ਦੀਆਂ।

ਤੇਰੀ ਚਰਾਚਰ ਬਿਰਕਦੀ ਜੀਭ ਏਵੇਂ, ਜਿਉਂ ਮੁਰਕਦੀਆਂ ਜੁੱਤੀਆਂ ਸਾਈਆਂ ਦੀਆਂ।

ਲੰਡਿਆਂ ਨਾਲ ਘੁਲਣਾ ਮੰਦੇ ਬੋਲ ਬੋਲਣ, ਨਹੀਂ ਚਾਲੀਆਂ ਏਹ ਭਲਿਆਈਆਂ ਦੀਆਂ।

ਨਹੀਂ ਕਾਅਬਿਉਂ ਚੂਹੜਾ ਹੋਇ ਵਾਕਿਫ, ਖ਼ਬਰਾਂ ਜਾਣਦੇ ਚੂਹੜੇ ਗੁਹਾਈਆਂ ਦੀਆਂ।

ਨਹੀਂ ਫ਼ਕਰ ਦੇ ਭੇਤ ਦਾ ਜ਼ਰਾ ਵਾਕਿਫ, ਖ਼ਬਰਾਂ ਤੁਧ ਨੂੰ ਮਹੀਂ ਚਰਾਈਆਂ ਦੀਆਂ।

ਚੁਤੜ ਸਵਾਹ ਭਰੇ ਵੇਖ ਮਗਰ ਲੱਗੋਂ, ਜਿਵੇਂ ਕੁੱਤੀਆਂ ਹੋਣ ਗੁਸਾਈਆਂ ਦੀਆਂ।

ਜਿਹੜੀਆਂ ਸੂਣ ਉਜਾੜ ਵਿੱਚ ਵਾਂਗ ਖੱਚਰ, ਕਦਰਾਂ ਉਹ ਕੀ ਜਾਣਦੀਆਂ ਦਾਈਆਂ ਦੀਆਂ।

ਗੱਦੋਂ ਵਾਂਗ ਜਾਂ ਰਜਿਉਂ ਕਰੇਂ ਮਸਤੀ, ਕੱਛਾਂ ਸੁੰਘਨੈਂ ਰੰਨਾਂ ਪਰਾਈਆਂ ਦੀਆਂ।

ਬਾਪੂ ਨਹੀਂ ਪੂਰਾ ਤੈਨੂੰ ਕੋਈ ਮਿਲਿਆ, ਅਜੇ ਟੋਹੀਉਂ ਬੁੱਕਲਾਂ ਮਾਈਆਂ ਦੀਆਂ।

ਪੂਛਾਂ ਗਾਈ ਨੂੰ ਮਹੀਂ ਦੀਆਂ ਜੋੜਨਾ ਏਂ, ਖੁਰੀਆਂ ਮਹੀਂ ਨੂੰ ਲਾਉਨੈਂ ਗਾਈਆਂ ਦੀਆਂ।

ਹਾਸਾ ਵੇਖ ਕੇ ਆਉਂਦਾ ਸਿਫ਼ਲਵਾਈ, ਗੱਲਾਂ ਤਬ੍ਹਾ ਦੀਆਂ ਵੇਖ ਸਫ਼ਾਈਆਂ ਦੀਆਂ।

ਮੀਆਂ ਕੌਣ ਛੁਡਾਵਸੀ ਆਣ ਤੈਨੂੰ, ਧਮਕਾਂ ਪੌਣਗੀਆਂ ਜਦੋਂ ਕੁਟਾਈਆਂ ਦੀਆਂ।

ਗੱਲਾਂ ਇਸ਼ਕ ਦੇ ਵਾਲੀਆਂ ਨੇਈਂ ਰੁਲੀਆਂ, ਕੱਚੇ ਘੜੇ ਤੇ ਵਹਿਣ ਲੁੜ੍ਹਾਈਆਂ ਦੀਆਂ।

ਪਰੀਆਂ ਨਾਲ ਕੀ ਦੇਵਾਂ ਨੂੰ ਆਖ ਲੱਗੇ, ਜਿਨ੍ਹਾਂ ਵੱਖੀਆਂ ਭੰਨੀਆਂ ਭਾਈਆਂ ਦੀਆਂ।

ਇਹ ਇਸ਼ਕ ਕੀ ਜਾਣਦੈ ਚਾਕ ਚੋਬਰ, ਖ਼ਬਰਾਂ ਜਾਣਦੈ ਰੋਟੀਆਂ ਢਾਈਆਂ ਦੀਆਂ।

ਵਾਰਿਸ ਸ਼ਾਹ ਨਾ ਬੇਟੀਆਂ ਜਿਨ੍ਹਾਂ ਜਣੀਆਂ, ਕਦਰਾਂ ਜਾਣਦੇ ਨਹੀਂ ਜਵਾਈਆਂ ਦੀਆਂ।

356

ਰਾਂਝਾ

ਅਸੀਂ ਸਹਿਤੀਏ ਮੂਲ ਨਾਲ ਡਰਾਂ ਤੈਥੋਂ, ਤਿੱਖੇ ਦੀਦੜੇ ਤੈਂਦੜੇ ਸਾਰ ਦੇ ਨੀ।

ਹਾਥੀ ਨਹੀਂ ਤਸਵੀਰ ਦਾ ਕਿਲਾ ਢਾਹੇ ਸ਼ੇਰ ਮੱਖੀਆਂ ਨੂੰ ਨਾਹੀਂ ਮਾਰਦੇ ਨੀ।

ਕਹੇ ਕਾਂਵਾਂ ਦੇ ਢੋਰ ਨਾ ਕਦੇ ਮੋਏ, ਸ਼ੇਰ ਫੂਈਆਂ ਤੋਂ ਨਾਹੀਂ ਹਾਰਦੇ ਨੀ।

ਫਟ ਹੈਂ ਲੜਾਈ ਦੇ ਅਸਲ ਢਾਈ, ਹੋਰ ਐਵੇਂ ਪਸਾਰ ਪਸਾਰਦੇ ਨੀ।

ਇੱਕੇ ਮਾਰਨਾ ਇੱਕੇ ਤਾਂ ਆਪ ਮਰਨਾ, ਇੱਕੇ ਨੱਸ ਜਾਣਾ ਅੱਗੇ ਸਾਰ ਦੇ ਨੀ।

ਹਿੰਮਤ ਸੁਸਤ ਬਰੂਤ ਸਰੀਨ ਭਾਰੇ, ਇਹ ਗਭਰੂ ਕਿਸੇ ਨਾ ਕਾਰ ਦੇ ਨੀ।

ਬੰਨ੍ਹ ਟੋਰੀਏ ਜੰਗ ਨੂੰ ਢਿੱਗ ਕਰਕੇ, ਸਗੋਂ ਅਗਲਿਆਂ ਨੂੰ ਪਿੱਛੋਂ ਮਾਰਦੇ ਨੀ।

ਸੜਣ ਕੱਪੜੇ ਹੋਣ ਤਹਿਕੀਕ ਕਾਲੇ, ਜਿਹੜੇ ਗੋਸ਼ਟੀ ਹੋਣ ਲੋਹਾਰ ਦੇ ਨੀ।

ਝੂਠੇ ਮਿਹਣਿਆਂ ਨਾਲ ਨਾ ਜੋਗ ਜਾਂਦਾ, ਸੰਗ ਗਲੇ ਨਾ ਨਾਲ ਫੁਹਾਰ ਦੇ ਨੀ।

ਖੈਰ ਦਿੱਤਿਆਂ ਮਾਲ ਨਾ ਹੋਏ ਥੋੜ੍ਹਾ, ਬੋਹਲ ਥੁੜੇ ਨਾ ਚੁਣੇ ਗੁਟਾਰ ਦੇ ਨੀ।

ਜਦੋਂ ਚੂਹੜੇ ਨੂੰ ਜਿੰਨ ਕਰੇ ਦਖਲਾ, ਝਾੜਾ ਕਰੀਦਾ ਨਾਲ ਪੈਜ਼ਾਰ ਦੇ ਨੀ।

ਤੈਂ ਤਾਂ ਫ਼ਿਕਰ ਕੀਤਾ ਸਾਨੂੰ ਮਾਰਨੇ ਦਾ, ਤੈਨੂੰ ਵੇਖ ਲੈ ਯਾਰ ਹੁਣ ਮਾਰਦੇ ਨੀ।

ਜੇਹਾ ਕਰੇ ਕੋਈ ਤੇਹਾ ਪਾਂਵਦਾ ਹੈ, ਸੱਚੇ ਵਾਇਦੇ ਪਰਵਰਦਗਾਰ ਦੇ ਨੀ।

ਵਾਰਿਸ ਸ਼ਾਹ ਮੀਆਂ ਰੰਨ ਭੌਂਕਣੀ ਨੂੰ, ਫ਼ਕਰ ਪਾਇ ਜੜੀਆਂ ਚਾਇ ਮਾਰਦੇ ਨੀ।

357

ਸਹਿਤੀ

ਤੇਰੀਆਂ ਸੇਲ੍ਹੀਆਂ ਥੋਂ ਅਸੀਂ ਨਹੀਂ ਡਰਦੇ, ਕੋਈ ਡਰੇ ਨਾ ਭੀਲ ਦੇ ਸਾਂਗ ਕੋਲੋਂ।

ਐਵੇਂ ਮਾਰੀਦਾ ਜਾਵਸੇਂ ਏਸ ਪਿੰਡੋਂ, ਜਿਵੇਂ ਖਿਸਕਦਾ ਕੁਫ਼ਰ ਹੈ ਬਾਂਗ ਕੋਲੋਂ।

ਸਿਰੀ ਕੱਜ ਕੇ ਟੁਰੇਂਗਾ ਜਹਿਲ ਜੱਟਾ, ਜਿਵੇਂ ਧਾੜਵੀ ਸਰਕਦਾ ਕਾਂਗ ਕੋਲੋਂ।

ਮੇਰੇ ਡਿੱਠਿਆਂ ਕੰਬਸੀ ਜਾਨ ਤੇਰੀ, ਜਿਵੇਂ ਚੋਰ ਦੀ ਜਾਨ ਝਲਾਂਗ ਕੋਲੋਂ।

ਤੇਰੀ ਟੂਟਣੀ ਫਿਰੇ ਹੈ ਸੱਪ ਵਾਂਗੂੰ, ਆਇ ਰੰਨਾਂ ਦੇ ਡਰੀਂ ਉਪਾਂਗ ਕੋਲੋਂ।

ਐਵੇਂ ਖ਼ੌਫ਼ ਪੌਸੀ ਤੈਨੂੰ ਮਾਰਨੇ ਦਾ, ਜਿਵੇਂ ਢੱਕ ਦਾ ਪੈਰ ਉਲਾਂਘ ਕੋਲੋਂ।

ਵਾਰਿਸ ਸ਼ਾਹ ਇਹ ਜੋਗੀੜਾ ਮੋਇਆ ਪਿਆਸਾ, ਪਾਣੀ ਦੇਣਗੀਆਂ ਜਦੋਂ ਪੁੜਸਾਂਗ ਕੋਲੋਂ।

358

ਰਾਂਝਾ

ਕੇਹੀਆਂ ਆਣ ਪੰਚਾਇਤਾਂ ਜੋੜੀਆਂ ਨੀ, ਅਸੀਂ ਰੰਨ ਨੂੰ ਰੇਵੜੀ ਜਾਣਨੇ ਹਾਂ।

ਫੜੀਏ ਚਿੱਥ ਕੇ ਲਈਏ ਲੰਘਾ ਪਲ ਵਿੱਚ, ਤੰਬੂ ਵੈਰ ਦੇ ਨਿਤ ਨਾ ਤਾਣਨੇ ਹਾਂ।

ਲੋਕ ਜਾਗਦੇ ਮਹਿਰੀਆਂ ਨਾਲ ਪਰਚਣ, ਅਸੀਂ ਖ਼ੁਆਬ ਅੰਦਰ ਮੌਜਾਂ ਮਾਣਨੇ ਹਾਂ।

ਲੋਕ ਛਾਣਦੇ ਭੰਗ ਤੇ ਸ਼ਰਬਤਾਂ ਨੂੰ, ਅਸੀਂ ਆਦਮੀ ਨਜ਼ਰ ਵਿੱਚ ਛਾਣਨੇ ਹਾਂ।

ਫੂਈ ਮਗਰ ਲੱਗੀ ਇਸ ਦੀ ਮੌਤ ਆਹੀ, ਵਾਰਿਸ ਸ਼ਾਹ ਹੁਣ ਮਾਰ ਕੇ ਰਾਣਨੇ ਹਾਂ।

359

ਰਾਂਝਾ-ਇਹ ਨਾ ਭਲੇ

ਜੇਠ ਮੀਂਹ ਤੇ ਸਿਆਲ ਨੂੰ ਵਾਉ ਮੰਦੀ, ਕਟਕ ਮਾਘ ਵਿੱਚ ਮਨ੍ਹਾ ਹਨ੍ਹੇਰੀਆਂ ਨੀ।

ਰੋਵਣ ਵਿਆਹ ਵਿੱਚ ਗਾਵਣਾ ਵਿੱਚ ਸਿਆਪੇ, ਸਤਰ ਮਜਲਸਾਂ ਕਰਨ ਮੰਦੇਰੀਆਂ ਨੀ।

ਚੁਗਲੀ ਖਾਵੰਦਾਂ ਦੀ ਬਦੀ ਨਾਲ ਮੀਏਂ, ਖਾਇ ਲੂਣ ਹਰਾਮ ਬਦ-ਖ਼ੈਰੀਆਂ ਨੀ।

ਹੁਕਮ ਹੱਥ ਕਮਜ਼ਾਤ ਦੇ ਸੌਂਪ ਦੇਣਾ, ਨਾਲ ਦੋਸਤਾਂ ਕਰਨੀਆਂ ਵੈਰੀਆਂ ਨੀ।

ਚੋਰੀ ਨਾਲ ਰਫ਼ੀਕ ਦੇ ਦਗ਼ਾ ਪੀਰਾਂ, ਪਰ ਨਾਰ ਪਰ ਮਾਲ ਉਸੀਰੀਆਂ ਨੀ।

ਗ਼ੀਬਤ ਤਰਕ ਸਲਵਾਤ ਤੇ ਝੂਠ ਮਸਤੀ, ਦੂਰ ਕਰਨ ਫਰਿਸ਼ਤਿਆਂ ਤੀਰੀਆਂ ਨੀ।

ਲੜਣ ਨਾਲ ਫ਼ਕੀਰ ਸਰਦਾਰ ਯਾਰੀ, ਕੱਢ ਘੱਤਣਾ ਮਾਲ ਵਸੇਰੀਆਂ ਨੀ।

ਮੁੜਣ ਕੌਲ ਜ਼ਬਾਨ ਦਾ ਫਿਰਨ ਪੀਰਾਂ, ਬੁਰਿਆਂ ਦਿਨਾਂ ਦਿਆਂ ਇਹ ਭੀ ਫੇਰੀਆਂ ਨੀ।

ਮੇਰੇ ਨਾਲ ਜੋ ਖੇੜਿਆਂ ਵਿੱਚ ਹੋਈ, ਖ਼ਚਰਵਾਦੀਆਂ ਇਹ ਸਭ ਤੇਰੀਆਂ ਨੀ।

ਭਲੇ ਨਾਲ ਭਲਿਆਂਈਆਂ ਬਦੀ ਬੁਰਿਆਂ, ਯਾਦ ਰੱਖ ਨਸੀਹਤਾਂ ਮੇਰੀਆਂ ਨੀ।

ਬਿਨਾਂ ਹੁਕਮ ਦੇ ਮਰਨ ਨਾ ਉਹ ਬੰਦੇ, ਸਾਬਤ ਜਿੰਨ੍ਹਾਂ ਦੇ ਰਿਜ਼ਕ ਦੀਆਂ ਢੇਰੀਆਂ ਨੀ।

ਬਦਰੰਗ ਨੂੰ ਰੰਗ ਕੇ ਰੰਗ ਲਾਇਉ, ਵਾਹ ਵਾਹ ਇਹ ਕੁਦਰਤਾਂ ਤੇਰੀਆਂ ਨੀ।

ਏਹਾ ਘੱਤ ਕੇ ਜਾਦੂੜਾ ਕਰੂੰ ਕਮਲੀ, ਪਈ ਗਿਰਦ ਮੇਰੇ ਘੱਤੀਂ ਫੇਰੀਆਂ ਨੀ।

ਵਾਰਿਸ ਸ਼ਾਹ ਅਸਾਂ ਨਾਲ ਜਾਦੂਆਂ ਦੇ, ਕਈ ਰਾਣੀਆਂ ਕੀਤੀਆਂ ਚੇਰੀਆਂ ਨੀ।

360

ਸਹਿਤੀ

ਅਸਾਂ ਜਾਦੂੜੇ ਘੋਲ ਕੇ ਸਭ ਪੀਤੇ, ਕਰਾਂ ਬਾਵਰੇ ਜਾਦੂਆਂ ਵਾਲਿਆਂ ਨੂੰ।

ਰਾਜੇ ਭੋਜ ਜਿਹੇ ਕੀਤੇ ਚਾ ਘੋੜੇ, ਨਹੀਂ ਜਾਣਦਾ ਸਾਡਿਆਂ ਚਾਲਿਆਂ ਨੂੰ।

ਸਕੇ ਭਾਈਆਂ ਨੂੰ ਕਰਨ ਨਫ਼ਰ ਰਾਜੇ, ਅਤੇ ਰਾਜ ਬਹਾਂਵਦੇ ਸਾਲਿਆਂ ਨੂੰ।

ਸਿਰਕੱਪ ਰਸਾਲੂ ਨੂੰ ਵਖ਼ਤ ਪਾਇਆ, ਘਤ ਮਕਰ ਦੇ ਰੌਲਿਆਂ ਰਾਲਿਆਂ ਨੂੰ।

ਰਾਵਣ ਲੰਕ ਲੁਟਾਇਕੇ ਗਰਦ ਹੋਇਆ, ਸੀਤਾ ਵਾਸਤੇ ਭੇਖ ਵਿਖਾਲਿਆਂ ਨੂੰ।

ਯੂਸਫ਼ ਬੰਦ ਵਿੱਚ ਪਾ ਜ਼ਹੀਰ ਕੀਤਾ, ਸੱਸੀ ਵਖ਼ਤ ਪਾਇਆ ਊਠਾਂ ਵਾਲਿਆਂ ਨੂੰ।

ਰਾਂਝਾ ਚਾਰ ਕੇ ਮਹੀਂ ਫ਼ਕੀਰ ਹੋਇਆ, ਹੀਰ ਮਿਲੀ ਜੇ ਖੇੜਿਆਂ ਸਾਲਿਆਂ ਨੂੰ।

ਰੋਡਾ ਵੱਢ ਕੇ ਡੱਕਰੇ ਨਦੀ ਪਾਇਆ, ਤੇ ਜਲਾਲੀ ਦੇ ਵੇਖ ਲੈ ਚਾਲਿਆਂ ਨੂੰ।

ਫੋਗੂ ਉਮਰ ਬਾਦਸ਼ਾਹ ਖ਼ੁਆਰ ਹੋਇਆ, ਮਿਲੀ ਮਾਰਵਣ ਢੋਲ ਦੇ ਰਾਲਿਆਂ ਨੂੰ।

ਵਲੀ ਬਲਮ ਬਾਊਰ ਈਮਾਨ ਦਿੱਤਾ, ਵੇਖ ਡੋਬਿਆ ਬੰਦਗੀ ਵਾਲਿਆਂ ਨੂੰ।

ਮਹੀਂਵਾਲ ਤੋਂ ਸੋਹਣੀ ਰਹੀ ਏਵੇਂ, ਹੋਰ ਪੁਛ ਲੈ ਇਸ਼ਕ ਦੇ ਭਾਲਿਆਂ ਨੂੰ।

ਅਠਾਰਾਂ ਖੂਹਣੀ ਕਟਕ ਲੜ ਮੋਏ ਪਾਂਡੋ, ਡੋਬ ਡਾਬ ਕੇ ਖੱਟਿਆ ਘਾਲਿਆਂ ਨੂੰ।

ਰੰਨਾ ਮਾਰ ਲੜਾਏ ਇਮਾਮ-ਜ਼ਾਦੇ, ਮਾਰ ਘੱਤਿਆ ਪੀਰੀਆਂ ਵਾਲਿਆਂ ਨੂੰ।

ਵਾਰਿਸ ਸ਼ਾਹ ਤੂੰ ਜੋਗੀਆ ਕੌਣ ਹੁੰਨੈਂ, ਓੜਕ ਭਰੇਂਗਾ ਸਾਡਿਆਂ ਹਾਲਿਆਂ ਨੂੰ।

361

ਰਾਂਝਾ

ਆ ਨੱਢੀਏ ਗ਼ੈਬ ਕਿਉਂ ਵਿੱਢਿਆ ਈ, ਸਾਡੇ ਨਾਲ ਕੀ ਰਿੱਕਤਾਂ ਚਾਈਆਂ ਨੀ।

ਕਰੇਂ ਨਰਾਂ ਦੇ ਨਾਲ ਬਰਾਬਰੀ ਕਿਉਂ, ਆਖ ਤੁਸਾਂ ਵਿੱਚ ਕੀ ਭਲਿਆਈਆਂ ਨੀ।

ਬੇਕਸਾਂ ਦਾ ਕੋਈ ਨਾ ਰੱਬ ਬਾਝੋਂ, ਤੁਸੀਂ ਦੋਵੇਂ ਨਿਨਾਣ ਭਰਜਾਈਆਂ ਨੀ।

ਜਿਹੜਾ ਰੱਬ ਦੇ ਨਾਂਉਂ ਤੇ ਭਲਾ ਕਰਸੀ, ਅੱਗੇ ਮਿਲਣਗੀਆਂ ਉਸ ਭਲਿਆਈਆਂ ਨੀ।

ਅੱਗੇ ਤਿਨ੍ਹਾਂ ਦਾ ਹਾਲ ਜ਼ਬੂਨ ਹੋਸੀ, ਵਾਰਿਸ ਸ਼ਾਹ ਜੋ ਕਰਨ ਬੁਰਿਆਈਆਂ ਨੀ।

362

ਤਥਾ

ਮਰਦ ਸਾਦ ਹਨ ਚਿਹਰੇ ਨੇਕੀਆਂ ਦੇ, ਸੂਰਤ ਰੰਨ ਦੀ ਮੀਮ ਮੌਕੂਫ਼ ਹੈ ਨੀ।

ਮਰਦ ਆਲਮ ਫਾਜ਼ਲ ਅੱਜਲ ਕਾਬਲ, ਕਿਸੇ ਰੰਨ ਨੂੰ ਕੌਣ ਵਕੂਫ਼ ਹੈ ਨੀ।

ਸਬਰ ਫ਼ਰ੍ਹਾ ਹੈ ਮੰਨਿਆ ਨੇਕ ਮਰਦਾਂ, ਏਥੇ ਸਬਰ ਦੀ ਵਾਗ ਮਾਤੂਫ਼ ਹੈ ਨੀ।

ਦਫਤਰ ਮਕਰ ਫ਼ਰੇਬ ਤੇ ਖ਼ਚਰਵਾਈਆਂ, ਏਹਨਾਂ ਪਿਸਤਿਆਂ ਵਿੱਚ ਮਲਫ਼ੂਫ਼ ਹੈ ਨੀ।

ਰੰਨ ਰੇਸ਼ਮੀ ਕੱਪੜਾ ਮਨ੍ਹਾ ਮੁਸਲੇ, ਮਰਦ ਜੌਜ਼ਕੀਦਾਰ ਮਸ਼ਰੂਫ਼ ਹੈ ਨੀ।

ਵਾਰਿਸ ਸ਼ਾਹ ਵਲਾਇਤੀ ਮਰਦ ਮੇਵੇ, ਅਤੇ ਰੰਨ ਮਸਵਾਕ ਦਾ ਸੂਫ਼ ਹੈ ਨੀ।

363

ਸਹਿਤੀ-ਇਹ ਜਹਾਨ ਤੇ ਭਲੇ

ਦੋਸਤ ਸੋਈ ਜੋ ਬਿਪਤ ਵਿੱਚ ਭੀੜ ਕੱਟੇ, ਯਾਰ ਸੋਈ ਜੋ ਜਾਨ ਕੁਰਬਾਨ ਹੋਵੇ।

ਸ਼ਾਹ ਸੋਈ ਜੋ ਕਾਲ ਵਿੱਚ ਭੀੜ ਕੱਟੇ, ਕੁਲ ਪਾਤ ਦਾ ਜੋ ਨਿਗਾਹਬਾਨ ਹੋਵੇ।

ਗਾਉਂ ਸੋਈ ਜੋ ਸਿਆਲ ਵਿਚ ਦੁੱਧ ਦੇਵੇ, ਬਾਦਸ਼ਾਹ ਜੋ ਨਿੱਤ ਸ਼ੱਬਾਨ ਹੋਵੇ।

ਨਾਰ ਸੋਈ ਜੋ ਮਾਲ ਬਿਨ ਬੈਠ ਜਾਲੇ, ਪਿਆਦਾ ਸੋਈ ਜੋ ਭੂਤ ਮਸਾਣ ਹੋਵੇ।

ਇਮਸਾਕ ਹੈ ਅਸਲ ਅਫ਼ੀਮ ਬਾਝੋਂ, ਗ਼ੁੱਸੇ ਬਿਨਾ ਫ਼ਕੀਰ ਦੀ ਜਾਨ ਹੋਵੇ।

ਰੋਗ ਸੋਈ ਜੋ ਨਾਲ ਇਲਾਜ ਹੋਵੇ, ਤੀਰ ਸੋਈ ਜੋ ਨਾਲ ਕਮਾਨ ਹੋਵੇ।

ਕੰਜਰ ਸੋਈ ਜੋ ਗ਼ੈਰਤਾਂ ਬਾਝ ਹੋਵਣ, ਜਿਵੇਂ ਭਾਂਬੜਾ ਬਿਨਾਂ ਇਸ਼ਨਾਨ ਹੋਵੇ।

ਕਸਬਾ ਸੋਈ ਜੋ ਵੈਰ ਬਿਨ ਪਿਆ ਵੱਸੇ, ਜੱਲਾਦ ਜੋ ਮਿਹਰ ਬਿਨ ਖ਼ਾਨ ਹੋਵੇ।

ਕਵਾਰੀ ਸੋਈ ਜੋ ਕਰੇ ਹਿਆ ਬਹੁਤੀ, ਨੀਵੀਂ ਨਜ਼ਰ ਤੇ ਬਾਝ ਜ਼ਬਾਨ ਹੋਵੇ।

ਬਿਨਾ ਚੋਰ ਤੇ ਜੰਗ ਦੇ ਦੇਸ ਵਸੇ, ਪਟ ਸੂਈ ਬਿਨ ਅੰਨ ਦੀ ਪਾਣ ਹੋਵੇ।

ਸਈਅਦ ਸੋਈ ਜੋ ਸੂਮ ਨਾ ਹੋਵੇ ਕਾਇਰ, ਜ਼ਾਨੀ ਸਿਆਹ ਤੇ ਨਾ ਕਹਿਰਵਾਨ ਹੋਵੇ।

ਚਾਕਰ ਔਰਤਾਂ ਸਦਾ ਬੇਉਜ਼ਰ ਹੋਵਣ, ਅਤੇ ਆਦਮੀ ਬੇਨੁਕਸਾਨ ਹੋਵੇ।

ਪਰ੍ਹਾਂ ਜਾ ਵੇ ਭੇਸੀਆ ਚੋਬਰਾ ਵੇ, ਮਤਾਂ ਮੰਗਣੋਂ ਕੋਈ ਵਧਾਣ ਹੋਵੇ।

ਵਾਰਿਸ ਸ਼ਾਹ ਫ਼ਕੀਰ ਬਿਨ ਹਿਰਸ ਗ਼ਫ਼ਲਤ, ਯਾਦ ਰੱਬ ਦੀ ਵਿੱਚ ਮਸਤਾਨ ਹੋਵੇ।

364

ਰਾਂਝਾ

ਕਾਰ ਸਾਜ਼ ਹੈ ਰੱਬ ਤੇ ਫੇਰ ਦੌਲਤ, ਸੱਭੋ ਮਿਹਨਤਾਂ ਪੇਟ ਦੇ ਕਾਰਨੇ ਨੀ।

ਪੇਟ ਵਾਸਤੇ ਫਿਰਨ ਅਮੀਰ ਦਰ ਦਰ, ਸੱਯਦ-ਜ਼ਾਦਿਆਂ ਨੇ ਗਧੇ ਚਾਰਨੇ ਨੀ।

ਪੇਟ ਵਾਸਤੇ ਪਰੀ ਤੇ ਹੂਰ-ਜ਼ਾਦਾਂ, ਜਾਣ ਜਿੰਨ ਤੇ ਭੂਤ ਦੇ ਵਾਰਨੇ ਨੀ।

ਪੇਟ ਵਾਸਤੇ ਰਾਤ ਨੂੰ ਛੋਡ ਘਰ ਦਰ, ਹੋਇ ਪਾਹਰੂ ਹੋਕਰੇ ਮਾਰਨੇ ਨੀ।

ਪੇਟ ਵਾਸਤੇ ਸਭ ਖ਼ਰਾਬੀਆਂ ਨੇ, ਪੇਟ ਵਾਸਤੇ ਖ਼ੂਨ ਗੁਜ਼ਾਰਨੇ ਨੀ।

ਪੇਟ ਵਾਸਤੇ ਫ਼ੱਕਰ ਤਸਲੀਮ ਤੋੜਣ, ਸਭੇ ਸਮਝ ਲੈ ਰੰਨੇ ਗਵਾਰਨੇ ਨੀ।

ਏਸ ਜ਼ਿਮੀਂ ਨੂੰ ਵਾਹੁੰਦਾ ਮੁਲਕ ਮੁੱਕਾ, ਅਤੇ ਹੋ ਚੁੱਕੇ ਵੱਡੇ ਕਾਰਨੇ ਨੀ।

ਗਾਹਵਣ ਹੋਰ ਤੇ ਰਾਹਕ ਨੇ ਹੋਰ ਇਸ ਦੇ, ਖ਼ਾਵੰਦ ਹੋਰ ਦਮ ਹੋਰਨਾਂ ਮਾਰਨੇ ਨੀ।

ਮਿਹਰਬਾਨ ਜੇ ਹੋਵੇ ਫ਼ਕੀਰ ਇੱਕ ਪਲ, ਤੁਸਾਂ ਜਿਹੇ ਕਰੋੜ ਲੱਖ ਤਾਰਨੇ ਨੇ।

ਨੇਕ ਮਰਦ ਤੇ ਨੇਕ ਹੀ ਹੋਵੇ ਔਰਤ, ਉਹਨਾਂ ਦੋਹਾਂ ਨੇ ਕੰਮ ਸਵਾਰਨੇ ਨੀ।

ਵਾਰਿਸ ਸ਼ਾਹ ਜੇ ਰੰਨ ਨੇ ਮਿਹਰ ਕੀਤੀ, ਭਾਂਡੇ ਬੋਲ ਕੇ ਹੀ ਮੂਹਰੇ ਮਾਰਨੇ ਨੀ।

365

ਸਹਿਤੀ

ਰੱਬ ਜੇਡ ਨਾ ਕੋਈ ਹੈ ਜੱਗ ਦਾਤਾ, ਜ਼ਿਮੀਂ ਜੇਡ ਨਾ ਕਿਸੇ ਦੀ ਸਾਬਰੀ ਵੇ।

ਮਝੀਂ ਜੇਡ ਨਾ ਕਿਸੇ ਦੇ ਹੋਣ ਜੇਰੇ, ਰਾਜ ਹਿੰਦ ਪੰਜਾਬ ਦਾ ਬਾਬਰੀ ਵੇ।

ਚੰਦ ਜੇਡ ਚਾਲਾਕ ਨਾ ਸਰਦ ਕੋਈ, ਹੁਕਮ ਜੇਡ ਨਾ ਕਿਸੇ ਅਕਾਬਰੀ ਵੇ।

ਬੁਰਾ ਕਸਬ ਨਾ ਨੌਕਰੀ ਜੇਡ ਕੋਈ, ਯਾਦ ਹੱਕ ਦੀ ਜੇਡ ਅਕਾਬਰੀ ਵੇ।

ਮੌਤ ਜੇਡ ਨਾ ਸਖ਼ਤ ਹੈ ਕੋਈ ਚਿੱਠੀ, ਓਥੇ ਕਿਸੇ ਦੀ ਨਹੀਉਂ ਨਾਬਰੀ ਵੇ।

ਮਾਲਜ਼ਾਦੀਆਂ ਜੇਡ ਨਾ ਕਸਬ ਭੈੜਾ, ਕਮਜ਼ਾਤ ਨੂੰ ਹੁਕਮ ਹੈ ਖ਼ਾਬਰੀ ਵੇ।

ਰੰਨ ਵੇਖਣੀ ਐਬ ਫ਼ਕੀਰ ਤਾਈਂ, ਭੂਤ ਵਾਂਗ ਹੈ ਸਿਰਾਂ ਤੇ ਟਾਬਰੀ ਵੇ।

ਵਾਰਿਸ ਸ਼ਾਹ ਸ਼ੈਤਾਨ ਦੇ ਅਮਲ ਤੇਰੇ, ਦਾੜ੍ਹੀ ਸ਼ੇਖ਼ ਦੀ ਹੋ ਗਈ ਝਾਬਰੀ ਵੇ।

366

ਰਾਂਝਾ

ਰੰਨ ਵੇਖਣੀ ਐਬ ਹੈ ਅੰਨ੍ਹਿਆਂ ਨੂੰ, ਰੱਬ ਅੱਖੀਆਂ ਦਿੱਤੀਆਂ ਵੇਖਣੇ ਨੂੰ।

ਸਭ ਖ਼ਲਕ ਦਾ ਵੇਖ ਕੇ ਲਉ ਮੁਜਰਾ, ਕਰੋ ਦੀਦ ਇਸ ਜਗ ਦੇ ਪੇਖਣੇ ਨੂੰ।

ਰਾਉ ਰਾਜਿਆਂ ਸਿਰਾਂ ਦੇ ਦਾਉ ਲਾਏ, ਜ਼ਰਾ ਜਾਇ ਕੇ ਅੱਖੀਆਂ ਸੇਕਣੇ ਨੂੰ।

ਸੱਭਾ ਦੀਦ ਮੁਆਫ਼ ਹੈ ਆਸ਼ਕਾਂ ਨੂੰ, ਰੱਬ ਨੈਣ ਦਿੱਤੇ ਜਗ ਵੇਖਣੇ ਨੂੰ।

ਮਹਾਂ ਦੇਵ ਜਹਿਆਂ ਪਾਰਬਤੀ ਅੱਗੇ, ਕਾਮ ਲਿਆਉਂਦਾ ਸੀ ਮਥਾ ਟੇਖਣੇ ਨੂੰ।

ਇਜ਼ਰਾਈਲ ਹੱਥ ਕਲਮ ਲੈ ਵੇਖਦਾ ਈ, ਤੇਰਾ ਨਾਮ ਇਸ ਜਗ ਤੋਂ ਛੇਕਣੇ ਨੂੰ।

ਵਾਰਿਸ ਸ਼ਾਹ ਮੀਆਂ ਰੋਜ਼ ਹਸ਼ਰ ਦੇ ਨੂੰ, ਅੰਤ ਸੱਦੀਏਂਗਾ ਲੇਖਾ ਲੇਖਣੇ ਨੂੰ।

367

ਸਹਿਤੀ

ਜੇਹੀ ਨੀਤ ਹਈ ਤੇਹੀ ਮੁਰਾਦ ਮਿਲੀਆ, ਘਰੋ ਘਰੀ ਛਾਈ ਸਿਰ ਪਾਵਨਾ ਹਂੈ।

ਫਿਰੇਂ ਮੰਗਦਾ ਭੌਂਕਦਾ ਖ਼ੁਆਰ ਹੁੰਦਾ, ਲਖ ਦਗ਼ੇ ਪਖੰਡ ਕਮਾਵਣਾ ਹੈਂ।

ਸਾਨੂੰ ਰੱਬ ਨੇ ਦੁੱਧ ਤੇ ਦਹੀਂ ਦਿੱਤਾ, ਹੱਥਾ ਖਾਵਣਾ ਅਤੇ ਹੰਢਾਵਣਾ ਹੈਂ।

ਸੋਇਨਾ ਰੁੱਪੜਾ ਪਹਿਨ ਕੇ ਅਸੀਂ ਬਹੀਏ, ਵਾਰਿਸ ਸ਼ਾਹ ਕਿਉਂ ਜੀਊ ਭਰਮਾਵਣਾ ਹੈਂ।

368

ਰਾਂਝਾ

ਸੋਇਨਾ ਰੁਪੜਾ ਸ਼ਾਨ ਸਵਾਣੀਆਂ ਦਾ, ਤੂੰ ਤਾਂ ਨਹੀਂ ਅਸੀਲ ਨੀ ਗੋਲੀਏ ਨੀ।

ਗਧਾ ਉੜਦਕਾਂ ਨਾਲ ਨਾ ਹੋਇ ਘੋੜਾ, ਬਾਂਝ ਪਰੀ ਨਾ ਹੋਏ ਯਰੋਲੀਏ ਨੀ।

ਰੰਗ ਗੋਰੜੇ ਨਾਲ ਤੂੰ ਜਗ ਮੁੱਠਾ, ਵਿੱਚੋਂ ਗੁਣਾਂ ਦੇ ਕਾਰਨੇ ਪੋਲੀਏ ਨੀ।

ਵਿਹੜੇ ਵਿੱਚ ਤੂੰ ਕੰਜਰੀ ਵਾਂਗ ਨੱਚੇਂ, ਚੋਰਾਂ ਯਾਰਾਂ ਦੇ ਵਿੱਚ ਵਿਚੋਲੀਏ ਨੀ।

ਅਸਾਂ ਪੀਰ ਕਿਹਾ ਤੂੰ ਹੀਰ ਆਖੇਂ, ਭੁਲ ਗਈ ਹੈਂ ਸੁਣਨ ਵਿੱਚ ਭੋਲੀਏ ਨੀ।

ਅੰਤ ਇਹ ਜਹਾਨ ਹੈ ਛੱਡ ਜਾਣਾ, ਐਡੇ ਕੁਫ਼ਰ ਅਪਰਾਧ ਕਿਉਂ ਤੋਲੀਏ ਨੀ।

ਫ਼ਕਰ ਅਸਲ ਅੱਲਾਹ ਦੀ ਹੈਣ ਮੂਰਤ, ਅੱਗੇ ਰੱਬ ਦੇ ਝੂਠ ਨਾ ਬੋਲੀਏ ਨੀ।

ਹੁਸਨ ਮੱਤੀਏ ਬੂਬਕੇ ਸੋਇਨ ਚਿੜੀਏ, ਨੈਣਾਂ ਵਾਲੀਏ ਸ਼ੋਖ਼ ਮਮੋਲੀਏ ਨੀ।

ਤੈਂਡਾ ਭਲਾ ਥੀਵੇ ਸਾਡਾ ਛੱਡ ਪਿੱਛਾ, ਅੱਬਾ ਜਿਊਣੀਏ ਆਲੀਏ ਭੋਲੀਏ ਨੀ।

ਵਾਰਿਸ ਸ਼ਾਹ ਕੀਤੀ ਗੱਲ ਹੋਇ ਚੁੱਕੀ, ਮੂਤ ਵਿੱਚ ਨਾ ਮੱਛੀਆਂ ਟੋਲੀਏ ਨੀ।

369

ਸਹਿਤੀ

ਛੇੜ ਖ਼ੁੰਦਰਾਂ ਭੇੜ ਮਚਾਵਣਾ ਏਂ, ਸੇਕਾਂ ਲਿੰਗ ਤੇਰੇ ਨਾਲ ਸੋਟਿਆਂ ਦੇ।

ਅਸੀਂ ਜੱਟੀਆਂ ਮੁਸ਼ਕ ਲਪੇਟੀਆਂ ਹਾਂ, ਨੱਕ ਪਾੜ ਸੁੱਟੇ ਜਿਨ੍ਹਾਂ ਝੋਟਿਆਂ ਦੇ।

ਜਦੋਂ ਮੋਲ੍ਹੀਆਂ ਪਕੜ ਕੇ ਗਿਰਦ ਹੋਈਏ ਪਿਸਤੇ ਕਢੀਏ ਚੀਨਿਆਂ ਕੋਟਿਆਂ ਦੇ।

ਜੁੱਤ ਘੇਰਨੀ ਕੁਤਕੇ ਅਤੇ ਸੋਟੇ, ਇਹ ਇਲਾਜ ਨੇ ਚਿਤੜਾਂ ਮੋਟਿਆਂ ਦੇ।

ਲਪੜ ਸ਼ਾਹ ਦਾ ਬਾਲਕਾ ਸ਼ਾਹ ਝੱਖੜ, ਤੈਂਥੇ ਵੱਲ ਹਨ ਵੱਡੇ ਲਪੋਟਿਆਂ ਦੇ।

ਵਾਰਿਸ ਸ਼ਾਹ ਰੋਡਾ ਸਿਰ ਕੰਨ ਪਾਟੇ, ਇਹ ਹਾਲ ਚੋਰਾਂ ਯਾਰਾਂ ਖੋਟਿਆਂ ਦੇ।

370

ਰਾਂਝਾ

ਫ਼ਕਰ ਸ਼ੇਰ ਦਾ ਆਖਦੇ ਹੈਣ ਬੁਰਕਾ, ਭੇਤ ਫ਼ੱਕਰ ਦਾ ਮੂਲ ਨਾ ਖੋਲ੍ਹੀਏ ਨੀ।

ਦੁੱਧ ਸਾਫ਼ ਹੈ ਵੇਖਣਾ ਆਸ਼ਕਾਂ ਦਾ, ਸ਼ੱਕਰ ਵਿੱਚ ਪਿਆਜ਼ ਨਾ ਘੋਲੀਏ ਨੀ।

ਸਰੇ ਖ਼ੈਰ ਸੋ ਹੱਸ ਕੇ ਆਣ ਦੀਚੇ, ਲਈਏ ਦੁਆ ਤੇ ਮਿੱਠੜਾ ਬੋਲੀਏ ਨੀ।

ਲਈਏ ਅੱਘ ਚੜ੍ਹਾਇਕੇ ਵੱਧ ਪੈਸਾ, ਪਰ ਤੋਲ ਥੀਂ ਘੱਟ ਨਾ ਤੋਲੀਏ ਨੀ।

ਬੁਰਾ ਬੋਲ ਨਾ ਰੱਬ ਦੇ ਪੂਰਿਆਂ ਨੂੰ, ਨੀ ਬੇਸ਼ਰਮ ਕੁਪੱਤੀਏ ਲੋਲ੍ਹੀਏ ਨੀ।

ਮਸਤੀ ਨਾਲ ਫ਼ਕੀਰਾਂ ਨੂੰ ਦਏਂ ਗਾਲੀਂ, ਵਾਰਿਸ ਸ਼ਾਹ ਦੋ ਠੋਕ ਨਾ ਬੋਲੀਏ ਨੀ।

371

ਸਹਿਤੀ

ਅਸੀਂ ਭੂਤ ਦੀ ਅਕਲ ਗਵਾ ਦੇਈਏ, ਸਾਨੂੰ ਲਾ ਬਿਭੂਤ ਡਰਾਉਨਾ ਹੈਂ।

ਤ੍ਰਿੰਞਣ ਵੇਖ ਕੇ ਵਹੁਟੀਆਂ ਛੈਲ ਕੁੜੀਆਂ, ਓਥੇ ਕਿੰਗ ਦੀ ਤਾਰ ਵਜਾਉਨਾ ਹੈਂ।

ਮੇਰੀ ਭਾਬੀ ਦੇ ਨਾਲ ਤੂੰ ਰਮਜ਼ ਮਾਰੇਂ, ਭਲਾ ਆਪ ਤੂੰ ਕੌਣ ਸਦਾਉਨਾ ਹੈਂ।

ਉਹ ਪਈ ਹੈਰਾਨ ਹੈ ਨਾਲ ਜ਼ਹਿਮਤ, ਘੜੀ ਘੜੀ ਕਿਉਂ ਪਿਆ ਅਕਾਉਨਾ ਹੈਂ।

ਨਾ ਤੂੰ ਵੈਦ ਨਾ ਮਾਂਦਰੀ ਨਾ ਮੁੱਲਾਂ, ਝਾੜੇ ਗ਼ੈਬ ਦੇ ਕਾਸ ਨੂੰ ਪਾਉਨਾ ਹੈਂ।

ਚੋਰ ਚੂਹੜੇ ਵਾਂਗ ਹੈ ਟੇਢ ਤੇਰੀ, ਪਿਆਜਾਪਦਾ ਸਿਰੀ ਭਨਾਉਨਾ ਹੈਂ।

ਕਦੀ ਭੂਤਨਾ ਹੋਇਕੇ ਝੁੰਡ ਖੋਲੇਂ, ਕਦੀ ਜੋਗ ਧਾਰੀ ਬਣ ਆਉਨਾ ਹੈਂ।

ਇੱਟ ਸਿੱਟ ਫਗਵਾੜ ਤੇ ਕੁਆਰ ਗੰਦਲ, ਇਹ ਬੂਟੀਆਂ ਖੋਲ੍ਹ ਵਿਖਾਉਨਾ ਹੈਂ।

ਦਾਰੂ ਨਾ ਖ਼ਿਤਾਬ ਨਾ ਹੱਥ ਸ਼ੀਸ਼ੀ, ਆਖ ਕਾਸ ਦਾ ਵੈਦ ਸਦਾਉਨਾ ਹੈਂ।

ਜਾ ਘਰੋਂ ਅਸਾਡਿਉਂ ਨਿਕਲ ਭੁੱਖੇ, ਹੁਣੇ ਜਟਾਂ ਦੀ ਜੂਟ ਖੋਹਾਉਨਾ ਹੈਂ।

ਖੋਹ ਬਾਬਰੀਆਂ ਖਪਰੀ ਭੰਨ ਤੋੜੂੰ, ਹੁਣ ਹੋਰ ਕੀ ਮੂੰਹੋਂ ਅਖਾਉਨਾ ਹੈਂ।

ਰੰਨਾ ਬਲਮ ਬਾਉਰ ਦਾ ਦੀਨ ਖੋਹਿਆ, ਵਾਰਿਸ ਸ਼ਾਹ ਤੂੰ ਕੌਣ ਸਦਾਉਨਾ ਹੈਂ।

372

ਰਾਂਝਾ

ਅਸਾਂ ਮਿਹਨਤਾਂ ਡਾਢੀਆਂ ਕੀਤੀਆਂ ਨੇ, ਅਨੀ ਗੁੰਡੀਏ ਠੇਠਰੇ ਜੱਟੀਏ ਨੀ।

ਕਰਾਮਾਤ ਫ਼ਕੀਰ ਦੀ ਵੇਖ ਨਾਹੀਂ, ਖ਼ੈਰ ਰਬ ਤੋਂ ਮੰਗ ਕੁਪੱਤੀਏ ਨੀ।

ਕੰਨ ਪਾਟਿਆਂ ਨਾਲ ਨਾ ਜ਼ਿਦ ਕੀਚੈ, ਅੰਨ੍ਹੇ ਖੂਹ ਵਿੱਚ ਝਾਤ ਨਾ ਘੱਤੀਏ ਨੀ।

ਮਸਤੀ ਨਾਲ ਤਕੱਬਰੀ ਰਾਤ ਦਿਨੇ, ਕਦੀ ਹੋਸ਼ ਦੀ ਅੱਖ ਪਰੱਤੀਏ ਨੀ।

ਕੋਈ ਦੁਖ ਤੇ ਦਰਦ ਨਾ ਰਹੇ ਭੋਰਾ, ਝਾੜਾ ਮਿਹਰ ਦਾ ਜਿਨ੍ਹਾਂ ਨੂੰ ਘੱਤੀਏ ਨੀ।

ਪੜ੍ਹ ਫੂਕੀਏ ਇੱਕ ਅਜ਼ਮਤ ਸੈਫ਼ੀ, ਜੜ ਜਿੰਨ ਤੇ ਭੂਤ ਦੀ ਪੱਟੀਏ ਨੀ।

ਤੇਰੀ ਭਾਬੀ ਦੇ ਦੁਖੜੇ ਦੂਰ ਹੋਵਣ, ਅਸੀਂ ਮਿਹਰ ਜੇ ਚਾਇ ਪਲੱਟੀਏ ਨੀ।

ਮੂੰਹੋਂ ਮਿਠੜਾ ਬੋਲ ਤੇ ਮੋਮ ਹੋ ਜਾ, ਤਿੱਖੀ ਹੋ ਨਾ ਕਮਲੀਏ ਜੱਟੀਏ ਨੀ।

ਜਾਂਦੇ ਸਭ ਆਜ਼ਾਰ ਯਕੀਨ ਕਰਕੇ, ਵਾਰਿਸ ਸ਼ਾਹ ਦੇ ਪੈਰ ਜੇ ਚੱਟੀਏ ਨੀ।

373

ਸਹਿਤੀ

ਫ਼ਰਫ਼ੇਜੀਆ ਬੀਰ ਬੈਤਾਲਿਆ ਵੇ, ਔਖੇ ਇਸ਼ਕ ਦੇ ਝਾੜਣੇ ਪਾਵਣੇ ਵੇ।

ਨੈਣਾਂ ਵੇਖ ਕੇ ਮਾਰਨੀ ਫੂਕ ਸਾਹਵੇਂ, ਸੁੱਤੇ ਪਰੇਮ ਦੇ ਨਾਗ ਜਗਾਵਣੇ ਵੇ।

ਕਦੋਂ 'ਯੂਸਫ਼ੀ ਤਿਬ ਮੀਜ਼ਾਨ' ਪੜ੍ਹਿਉਂ, 'ਦਸਤੂਰ ਇਲਾਜ' ਸਿਖਾਵਣੇ ਵੇ।

'ਕੁਰਤਾਸ ਸਕੰਦਰੀ' 'ਤਿੱਬ ਅਕਬਰ', ਜ਼ਖੀਰਿਉਂ ਬਾਬ ਸੁਣਾਵਣੇ ਵੇ।

'ਕਾਨੂੰਨ ਮੌਜਜ਼' 'ਤੁਹਫ਼ਾ ਮੋਮਨੀਨ' ਵੀ, 'ਕਿਫ਼ਾਇਆ ਮਨਸੂਰੀ' ਥੀਂ ਪਾਵਣੇ ਵੇ।

'ਪਰਾਨ ਸੰਗਲੀ' ਵੇਦ ਮਨੌਤ ਸਿਮ੍ਰਿਤਿ, 'ਨਿਰਘੰਟ' ਦੇ ਧਿਆਇ ਫੁਲਾਵਣੇ ਵੇ।

'ਕਰਾਬਾਦੀਨ' 'ਸ਼ਿਫ਼ਾਈ' ਤੇ 'ਕਾਦਰੀ' ਵੀ, 'ਮੁਤਫ਼ਰਿਕ ਤਿੱਬਾ' ਪੜ੍ਹ ਜਾਵਣੇ ਵੇ।

'ਰਤਨ ਜੋਤ' 'ਬਲਮੀਕ ਤੇ ਸਾਂਕ' 'ਸੌਛਨ' 'ਸੁਖਦੇਉ ਗੰਗਾ' ਤੈਂਥੇ ਆਵਣੇ ਵੇ।

ਫ਼ੈਲਸੂਫ਼ ਜਹਾਨ ਦੀਆਂ ਅਸੀਂ ਰੰਨਾਂ, ਸਾਡੇ ਮਕਰ ਦੇ ਭੇਤ ਕਿਸ ਪਾਵਣੇ ਵੇ।

ਅਫ਼ਲਾਤੂਨ ਸ਼ਾਗਿਰਦ ਗ਼ਲਾਮ ਅਰੱਸਤੂ, ਲੁਕਮਾਨ ਥੀਂ ਪੈਰ ਧੁਆਵਣੇ ਵੇ।

ਗੱਲਾਂ ਚਾਇ ਚਵਾਇ ਦੀਆਂ ਬਹੁਤ ਕਰਨੈਂ, ਇਹ ਰੋਗ ਨਾ ਤੁਧ ਥੀਂ ਜਾਵਣੇ ਵੇ।

ਏਨ੍ਹਾ ਮਕਰਿਆਂ ਥੋਂ ਕੌਣ ਹੋਵੇ ਚੰਗਾ, ਠੱਗ ਫਿਰਦੇ ਨੇ ਰੰਨਾਂ ਵਿਲਾਵਣੇ ਵੇ।

ਜਿਹੜੇ ਮਕਰ ਦੇ ਪੈਰ ਖਿਲਾਰ ਬੈਠੇ, ਬਿਨਾਂ ਫਾਟ ਖਾਧੇ ਨਹੀਂ ਜਾਵਣੇ ਵੇ।

ਮੂੰਹ ਨਾਲ ਕਹਿਆਂ ਜਿਹੜੇ ਜਾਣ ਨਾਹੀਂ, ਹੱਡ ਗੋਡੜੇ ਤਿਨ੍ਹਾਂ ਭੰਨਾਵਣੇ ਵੇ।

ਵਾਰਿਸ ਸ਼ਾਹ ਇਹ ਮਾਰ ਹੈ ਵਸਤ ਐਸੀ, ਜਿੰਨ ਭੂਤ ਤੇ ਦੇਵ ਨਿਵਾਵਣੇ ਵੇ।

374

ਰਾਂਝਾ

ਏਹਾ ਰਸਮ ਕਦੀਮ ਹੈ ਜੋਗੀਆਂ ਦੀ, ਉਹਨੂੰ ਮਾਰਦੇ ਹੈਂ ਜਿਹੜੀ ਟਰਕਦੀ ਹੈ।

ਖ਼ੈਰ ਮੰਗਨੇ ਗਏ ਫ਼ਕੀਰ ਤਾਈਂ, ਅੱਗੋ ਕੁੱਤਿਆ ਵਾਂਗਰਾਂ ਘੁਰਕਦੀ ਹੈ।

ਇਹ ਖਸਮ ਦੇ ਖਾਣ ਨੂੰ ਕਿਵੇਂ ਦੇਸੀ, ਜਿਹੜੀ ਖ਼ੈਰ ਦੇ ਦੇਣ ਤੋਂ ਝੁਰਕਦੀ ਹੈ।

ਐਡੀ ਪੀਰਨੀ ਇੱਕੇ ਪਹਿਲਵਾਨਣੀ ਹੈ, ਇੱਕੇ ਕੰਜਰੀ ਇਹ ਕਿਸੇ ਤੁਰਕ ਦੀ ਹੈ।

ਪਹਿਲੇ ਫੂਕ ਕੇ ਅੱਗ ਮਹਿਤਾਬੀਆਂ ਨੂੰ, ਪਿੱਛੋਂ ਸਰਦ ਪਾਣੀ ਵੇਖੋ ਬੁਰਕਦੀ ਹੈ।

ਰੰਨ ਘੰਡ ਨੂੰ ਜਦੋਂ ਪੈਜ਼ਾਰ ਵੱਜਣ, ਓਥੋਂ ਚੁਪ ਚੁਪਾਤੜੀ ਛੁਰਕਦੀ ਹੈ।

ਇੱਕ ਝੁਟ ਦੇ ਨਾਲ ਮੈਂ ਪੱਟ ਲੈਣੀ, ਜਿਹੜੀ ਜ਼ੁਲਫ਼ ਗੱਲ੍ਹਾਂ ਉਤੇ ਲੁੜਕਦੀ ਹੈ।

ਸਿਆਣੇ ਜਾਣਦੇ ਹਨ ਧਣੀ ਜਾਏ ਝੋਟੀ, ਜਿਹੜੀ ਸਾਨ੍ਹਾਂ ਦੇ ਮੂਤਰੇ ਖੁਰਕਦੀ ਹੈ।

ਫ਼ਕਰ ਜਾਣ ਮੰਗਨ ਖ਼ੈਰ ਭੁਖ ਮਰਦੇ, ਅੱਗੋਂ ਸਗਾਂ ਵਾਂਗੂੰ ਸਗੋਂ ਦੁਰਕਦੀ ਹੈ।

ਲੰਡੀ ਪਾਹੜੀ ਨੂੰ ਖੇਤ ਹੱਥ ਆਇਆ, ਪਈ ਉਪਰੋਂ ਉਪਰੋਂ ਮੁਰਕਦੀ ਹੈ।

ਵਾਰਿਸੇ ਮੌਰ ਫੁਰਦੇ ਅਤੇ ਲਣ ਚੁੱਤੜ, ਸਵਾ ਮਣੀ ਮੁਤਹਿਰ ਵੀ ਫੁਰਕਦੀ ਹੈ।

375

ਸਹਿਤੀ

ਜਿਹੜੀਆਂ ਲੈਣ ਉਡਾਰੀਆਂ ਨਾਲ ਬਾਜ਼ਾਂ, ਉਹ ਬੁਲਬੁਲਾਂ ਠੀਕ ਮਰੀਂਦੀਆਂ ਨੀ।

ਉਹਨਾਂ ਹਰਨੀਆਂ ਦੀ ਉਮਰ ਹੋ ਚੁੱਕੀ, ਪਾਣੀ ਸ਼ੇਰ ਦੀ ਜੂਹ ਜੋ ਪੀਂਦੀਆਂ ਨੀ।

ਉਹ ਵਾਹਨਾਂ ਜਾਣ ਕਬਾਬ ਹੋਈਆਂ, ਜਿੜੀਆਂ ਹੱਈੜੀਆਂ ਨਾਲ ਖਹੀਂਦੀਆਂ ਨੀ।

ਇੱਕ ਦਿਨ ਉਹ ਫੇਰਸਨ ਆਣ ਘੋੜੇ, ਕਿੜਾਂ ਜਿਨ੍ਹਾਂ ਦੀਆਂ ਨਿੱਤ ਸੁਣੀਦੀਆਂ ਨੀ।

ਥੋੜ੍ਹੀਆਂ ਕਰਨ ਸੁਹਾਗ ਦੀਆਂ ਉਹ ਆਸਾਂ, ਜਿਹੜੀਆਂ ਧਾੜਵੀਆਂ ਨਾਲ ਮੰਗੀਦੀਆਂ ਨੀ।

ਜੋਕਾਂ ਇੱਕ ਦਿਨ ਪਕੜ ਨਚੂਹਣਗੀਆਂ, ਅਣਪੁਣੇ ਲਹੂ ਨਿਤ ਪੀਂਦੀਆਂ ਨੀ।

ਦਿਲ ਮਾਲ ਦੀਚੇ ਲੱਖ ਕੰਜਰੀ ਨੂੰ, ਕਦੀ ਦਿਲੋਂ ਮਹਿਬੂਬ ਨਾ ਥੀਂਦੀਆਂ ਨੀ।

ਇੱਕ ਦਿਹੁੰ ਪਕੜੀਆਂ ਜਾਣਗੀਆਂ ਹਾਕਮਾ ਥੇ, ਪਰ ਸੇਜ ਜੋ ਨਿਤ ਚੜ੍ਹੀਂਦੀਆਂ ਨੀ।

ਇੱਕ ਦਿਨ ਗੜੇ ਵਸਾਇ ਸਨ ਉਹ ਘਟਾਂ, ਹਾਠਾਂ ਜੋੜ ਕੇ ਨਿਤ ਘਰੀਂਦੀਆਂ ਨੀ।

ਤੇਰੇ ਲੌਣ ਮੋਢੇ ਸਾਡੇ ਲੌਣ ਨਾੜੇ, ਮੁਸ਼ਕਾਂ ਕਿਸੇ ਦੀਆਂ ਅੱਜ ਬਝੀਂਦੀਆਂ ਨੀ।

376

ਰਾਂਝਾ

ਸੁਣ ਸਹਿਤੀਏ ਅਸੀਂ ਹਾਂ ਨਾਗ ਕਾਲੇ, ਪੜ੍ਹ ਸੈਫ਼ੀਆਂ ਜ਼ੁਹਦ ਕਮਾਵਨੇ ਹਾਂ।

ਮਕਰ ਫ਼ਨ ਨੂੰ ਭੰਨ ਕੇ ਸਾਫ਼ ਕਰਦੇ, ਜਿਨ ਭੂਤ ਨੂੰ ਸਾੜ ਵਿਖਾਵਨੇ ਹਾਂ।

ਨਕਸ਼ ਲਿਖ ਕੇ ਫੂਕ ਯਾਸੀਨ ਦੇਈਏ, ਸਾਏ ਸੂਲ ਦੀ ਜ਼ਾਤ ਗਵਾਵਨੇ ਹਾਂ।

ਦੁਖ ਦਰਦ ਬਲਾਇ ਤੇ ਜਾਏ ਤੰਗੀ, ਕਦਮ ਜਿਨ੍ਹਾਂ ਦੇ ਵਿਹੜਿਆਂ ਪਾਵਨੇ ਹਾਂ।

ਸਣੇ ਤਸਮੀਆਂ ਪੜ੍ਹਾਂ ਇਖ਼ਲਾਸ ਸੂਰਾ, ਜੜ੍ਹਾਂ ਵੈਰ ਦੀਆਂ ਪੁੱਟ ਵਗਾਹਵਨੇ ਹਾਂ।

ਦਿਲੋਂ ਹੁੱਬ ਦੇ ਚਾਇ ਤਾਵੀਜ਼ ਲਿਖੀਏ, ਅਸੀਂ ਰੁਠੜੇ ਯਾਰ ਮਿਲਾਵਨੇ ਹਾਂ।

ਜਿਹੜਾ ਮਾਰਨਾ ਹੋਵੇ ਤਾਂ ਕੀਲ ਕਰਕੇ, ਐਤਵਾਰ ਮਸਾਣ ਜਗਾਵਨੇ ਹਾਂ।

ਜਿਹੜੀ ਗੱਭਰੂ ਤੋਂ ਰੰਨ ਰਹੇ ਵਿਟਰ, ਲੌਂਗ ਮੰਦਰੇ ਚਾ ਖਵਾਵਨੇ ਹਾਂ।

ਜਿਹੜੇ ਯਾਰ ਨੂੰ ਯਾਰਨੀ ਮਿਲੇ ਨਾਹੀਂ, ਫੁਲ ਮੰਦਰ ਕੇ ਚਾਇ ਸੁੰਘਾਵਨੇ ਹਾਂ।

ਉਹਨਾਂ ਵਹੁਟੀਆਂ ਦੇ ਦੁਖ ਦੂਰ ਦਰਦ ਜਾਂਦੇ, ਪੜ੍ਹ ਹਿੱਕ ਤੇ ਹੱਥ ਫਿਰਾਵਨੇ ਹਾਂ।

ਕੀਲ ਡਇਣਾਂ ਕੱਚੀਆਂ ਪੱਕੀਆਂ ਨੂੰ, ਦੰਦ ਭੰਨ ਕੇ ਲਿਟਾਂ ਮੁਨਾਵਨੇ ਹਾਂ।

ਜਾਂ ਸਿਹਰ ਜਾਦੂ ਚੜ੍ਹੇ ਭੂਤ ਕੁੱਦੇ, ਗੰਡਾ ਕੀਲ ਦਵਾਲੇ ਦਾ ਪਾਵਨੇ ਹਾਂ।

ਕਿਸੇ ਨਾਲ ਜੇ ਵੈਰ ਵਰੋਧ ਹੋਵੇ, ਉਹਨੂੰ ਭੂਤ ਮਸਾਣ ਚਿਮੜਾਵਨੇ ਹਾਂ।

ਬੁਰਾ ਬੋਲਦੀ ਜਿਹੜੀ ਜੋਗੀਆਂ ਨੂੰ, ਸਿਰ ਮੁੰਨ ਕੇ ਗਧੇ ਚੜ੍ਹਾਵਨੇ ਹਾਂ।

ਜੈਂਦੇ ਨਾਲ ਮੁਦੱਪੜਾ ਠੀਕ ਹੋਵੇ, ਉਹਨੂੰ ਬੀਰ ਬੈਤਾਲ ਪਹੁੰਚਾਵਨੇ ਹਾਂ।

ਅਸੀਂ ਖੇੜਿਆਂ ਦੇ ਘਰੋਂ ਇੱਕ ਬੂਟਾ, ਹੁਕਮ ਰੱਬ ਦੇ ਨਾਲ ਪੁਟਾਵਨੇ ਹਾਂ।

ਵਾਰਿਸ ਸ਼ਾਹ ਜੇ ਹੋਰ ਨਾ ਦਾਉ ਲੱਗੇ, ਸਿਰ ਪ੍ਰੇਮ ਦੀਆਂ ਜੜੀਆਂ ਪਾਵਨੇ ਹਾਂ।

377

ਸਹਿਤੀ

ਮਹਿਬੂਬ ਅੱਲਾਹ ਦੇ ਲਾਡਲੇ ਹੋ, ਏਸ ਵਹੁਟੜੀ ਨੂੰ ਕੋਈ ਸੂਲ ਹੈ ਜੀ।

ਕੋਈ ਗੁਝੜਾ ਰੋਗ ਹੈ ਏਸ ਧਾਣਾ, ਪਈ ਨਿੱਤ ਇਹ ਰਹੇ ਰੰਜੂਲ ਹੈ ਜੀ।

ਹੱਥੋਂ ਲੁੜ੍ਹੀ ਵੰਿਹਦੀ ਲਾਹੂ ਲੱਥੜੀ ਵੀ, ਦੇਹੀ ਹੋ ਜਾਂਦੀ ਮਖ਼ਤੂਲ ਹੈ ਜੀ।

ਮੂੰਹੋਂ ਮਿਠੜੀ ਲਾਡ ਦੇ ਨਾਲ ਬੋਲੇ, ਹਰ ਕਿਸੇ ਦੇ ਨਾਲ ਮਾਕੂਲ ਹੈ ਜੀ।

ਮੂਧਾ ਪਿਆ ਹੈ ਝੁਗੜਾ ਨਿਤ ਸਾਡਾ, ਇਹ ਵਹੁਟੜੀ ਘਰੇ ਦਾ ਮੂਲ ਹੈ ਜੀ।

ਮੇਰੇ ਵੀਰ ਦੇ ਨਾਲ ਹੈ ਵੈਰ ਇਸ ਦਾ, ਜੇਹਾ ਕਾਫ਼ਰਾਂ ਨਾਲ ਰਸੂਲ ਹੈ ਜੀ।

ਅੱਗੇ ਏਸ ਦੇ ਸਾਹੁਰੇ ਹੱਥ ਬੱਧੇ, ਜੋ ਕੁੱਝ ਆਖਦੀ ਸਭ ਕਬੂਲ ਹੈ ਜੀ।

ਵਾਰਿਸ ਪਲੰਘ ਤੇ ਕਦੇ ਨਾ ਉਠ ਬੈਠੇ, ਸਾਡੇ ਢਿੱਡ ਵਿੱਚ ਫਿਰੇ ਡੰਡੂਲ ਹੈ ਜੀ।

378

ਰਾਂਝਾ

ਨਬਜ਼ ਵੇਖ ਕੇ ਏਸ ਦੀ ਕਰਾਂ ਕਾਰੀ, ਦੇਇ ਵੇਦਨਾ ਸਭ ਬਤਾਇ ਮੈਨੂੰ।

ਨਾੜ ਵੇਖ ਕੇ ਕਰਾਂ ਇਲਾਜ ਇਸਦਾ, ਜੇ ਇਹ ਉਠ ਕੇ ਸੱਤ ਵਿਖਾਏ ਮੈਨੂੰ।

ਰੋਗ ਕਾਸ ਤੋਂ ਚੱਲਿਆ ਕਰੇ ਜ਼ਾਹਿਰ, ਮਜ਼ਾ ਮੂੰਹ ਦਾ ਦੇਇ ਬਤਾਏ ਮੈਨੂੰ।

ਵਾਰਿਸ ਸ਼ਾਹ ਮੀਆਂ ਛੱਤੀ ਰੋਗ ਕੱਟਾਂ, ਬਿਲਕ ਮੌਤ ਥੀਂ ਲਵਾਂ ਬਚਾਇ ਇਹਨੂੰ।

379

ਤਥਾ

ਖੰਘ ਖੁਰਕ ਤੇ ਸਾਹ ਤੇ ਅੱਖ ਆਈ, ਸੂਲ ਦੰਦ ਦੀ ਪੀੜ ਗਵਾਵਨੇ ਹਾਂ।

ਕੌਲੰਜ ਤਪਦਿਕ ਤੇ ਮੁਹਰਕਾ ਤੱਪ ਹੋਵੇ, ਉਹਨੂੰ ਕਾੜ੍ਹਿਆਂ ਨਾਲ ਗਵਾਵਨੇ ਹਾਂ।

ਸਰਸਾਮ ਸੌਦਾਇ ਜ਼ੁਕਾਮ ਨਜ਼ਲਾ, ਇਹ ਸ਼ਰਬਤਾਂ ਨਾਲ ਪਟਾਵਨੇ ਹਾਂ।

ਸੰਨ ਨਫ਼ਖ਼ ਇਸਤਸਕਾ ਹੋਵੇ, ਲਹਿਮ ਤਬਲ ਤੇ ਵਾਉ ਵੰਜਾਵਨੇ ਹਾਂ।

ਲੂਤ ਫੋੜਿਆਂ ਅਤੇ ਗੰਭੀਰ ਚੰਬਲ, ਤੇਲ ਲਾਇਕੇ ਜੜ੍ਹਾਂ ਪਟਾਵਨੇ ਹਾਂ।

ਹੋਵੇ ਪੁੜਪੁੜੀ ਪੀੜ ਕਿ ਅੱਧ ਸੀਸੀ, ਖੱਟਾ ਦਹੀਂ ਉੱਤੇ ਉਹਦੇ ਪਾਵਨੇ ਹਾਂ।

ਅਧਰੰਗ ਮੁਖ-ਭੈਂਗੀਆ ਹੋਵੇ ਜਿਸ ਨੂੰ, ਸ਼ੀਸ਼ਾ ਹਲਬ ਦਾ ਕਢ ਵਿਖਾਵਨੇ ਹਾਂ।

ਮਿਰਗੀ ਹੋਵਸ ਤਾਂ ਲਾਹ ਕੇ ਪੈਰ ਛਿੱਤਰ, ਉਹ ਨੱਕ ਤੇ ਚਾਇ ਸੁੰਘਾਵਨੇ ਹਾਂ।

ਝੋਲਾ ਮਾਰ ਜਾਏ ਟੰਗ ਸੁੰਨ ਹੋਵੇ, ਤਦੋਂ ਪੈਨ ਦਾ ਤੇਲ ਮਲਾਵਨੇ ਹਾਂ।

ਰੰਨ ਮਰਦ ਨੂੰ ਕਾਮ ਜੇ ਕਰੇ ਗ਼ਲਬਾ, ਧਨੀਆਂ ਭਿਉਂ ਕੇ ਚਾ ਪਿਲਾਵਨੇ ਹਾਂ।

ਨਾਮਰਦ ਨੂੰ ਚੀਚ ਵਹੁਟੀਆਂ ਦਾ, ਤੇਲ ਕੱਢ ਕੇ ਨਿੱਤ ਮਲਾਵਨੇ ਹਾਂ।

ਜੇ ਕਿਸੇ ਨੂੰ ਬਾਦ ਫ਼ਰੰਗ ਹੋਵੇ, ਰਸਕਪੂਰ ਤੇ ਲੌਂਗ ਦਿਵਾਵਨੇ ਹਾਂ।

ਪਰਮੇਉ ਸੁਜ਼ਾਕ ਤੇ ਛਾਹ ਮੂਤੀ, ਉਹਨੂੰ ਇੰਦਰੀ ਝਾੜ ਦਿਵਾਵਨੇ ਹਾਂ।

ਅਤੀਸਾਰ ਨਬਾਹੀਆਂ ਸੂਲ ਜਿਹੜੇ, ਈਸਬਗੋਲ ਹੀ ਘੋਲ ਪਿਵਾਵਨੇ ਹਾਂ।

ਵਾਰਿਸ ਸ਼ਾਹ ਜਿਹੜੀ ਉਠ ਬਹੇ ਨਾਹੀ,ਂ ਉਹਨੂੰ ਹੱਥ ਈ ਮੂਲ ਨਾ ਲਾਵਨੇ ਹਾਂ।

380

ਸਹਿਤੀ

ਲਖ ਵੈਦਗੀ ਵੈਦ ਲਗਾ ਥੱਕੇ, ਧੁਰੋਂ ਟੁਟੜੀ ਕਿਸੇ ਨਾ ਜੋੜਨੀ ਵੇ।

ਜਿੱਥੇ ਕਲਮ ਤਕਦੀਰ ਦੀ ਵਗ ਚੁੱਕੀ, ਕਿਸੇ ਵੈਦਗੀ ਨਾਲ ਨਾ ਮੋੜਨੀ ਵੇ।

ਜਿਸ ਕੰਮ ਵਿੱਚ ਵਹੁਟੜੀ ਹੋਵੇ ਚੰਗੀ, ਸੋਈ ਖ਼ੈਰ ਹੈ ਅਸਾਂ ਨਾ ਲੋੜਨੀ ਵੇ।

ਵਾਰਿਸ ਸ਼ਾਹ ਆਜ਼ਾਰ ਹੋਰ ਸਭ ਮੁੜਦੇ, ਇਹ ਕਤੱਈ ਨਾ ਕਿਸੇ ਨੇ ਮੋੜਨੀ ਵੇ।

381

ਰਾਂਝਾ

ਤੈਨੂੰ ਆਖਦਾ ਹਾਂ ਹੌਲੀ ਗੱਲ ਕਰੀਏ, ਗੱਲ ਫ਼ਕਰ ਦੀ ਨੂੰ ਨਾਹੀਂ ਹੱਸੀਏ ਨੀ।

ਜੋ ਕੁੱਝ ਕਹਿਣ ਫ਼ਕੀਰ ਸੋ ਰੱਬ ਆਖੇ, ਆਖੇ ਫ਼ਕਰ ਦੇ ਥੋਂ ਨਾਹੀਂ ਨੱਸੀਏ ਨੀ।

ਹੋਵੇ ਖ਼ੈਰ ਤੇ ਦੇਹੀ ਦਾ ਰੋਗ ਜਾਏ, ਨਿਤ ਪਹਿਨੀਏ ਖਾਈਏ ਵੱਸੀਏ ਨੀ।

ਭਲਾ ਬੁਰਾ ਜੋ ਵੇਖੀਏ ਮਸ਼ਟ ਕਰੀਏ, ਭੇਤ ਫ਼ਕਰ ਦਾ ਮੂਲ ਨਾ ਦੱਸੀਏ ਨੀ।

ਹੱਥ ਬੰਨ੍ਹ ਫ਼ਕੀਰ ਤੇ ਸਿਦਕ ਕੀਜੇ, ਨਹੀਂ ਸੇਲ੍ਹੀਆਂ ਟੋਪੀਆਂ ਖੱਸੀਏ ਨੀ।

ਦੁਖ ਦਰਦ ਤੇਰੇ ਸਭ ਜਾਣ ਕੁੜੀਏ, ਭੇਤ ਜੀਊ ਦਾ ਖੋਲ੍ਹ ਕੇ ਦੱਸੀਏ ਨੀ।

ਮੁਖ ਖੋਲ੍ਹ ਵਿਖਾਇ ਜੋ ਹੋਵੇ ਚੰਗੀ, ਅਨੀ ਭੋਲ-ਇਆਣੀਏ ਸੱਸੀਏ ਨੀ।

ਰੱਬ ਆਣ ਸਬੱਬ ਜਾਂ ਮੇਲਦਾ ਈ, ਖ਼ੈਰ ਹੋਇ ਜਾਂਦੀ ਨਾਲ ਲੱਸੀਏ ਨੀ।

ਸੁਲ੍ਹਾ ਕੀਤਿਆਂ ਫ਼ਤਿਹ ਜੇ ਹੱਥ ਆਵੇ, ਕਮਰ ਜੰਗ ਤੇ ਮੂਲ ਨਾ ਕੱਸੀਏ ਨੀ।

ਤੇਰੇ ਦਰਦ ਦਾ ਸਭ ਇਲਾਜ ਮੈਂਥੇ, ਵਾਰਿਸ ਸ਼ਾਹ ਨੂੰ ਵੇਦਨਾ ਦੱਸੀਏ ਨੀ।

382

ਸਹਿਤੀ

ਸਹਿਤੀ ਗੱਜ ਕੇ ਆਖਦੀ ਛੱਡ ਜੱਟਾ, ਖੋਹ ਸਭ ਨਵਾਲੀਆਂ ਸੱਟੀਆਂ ਨੀ।

ਹੋਰ ਸਭ ਜ਼ਾਤਾਂ ਠੱਗ ਖਾਂਦੀਆਂ ਨੀ, ਪਰ ਏਸ ਵਿਹੜੇ ਵਿੱਚ ਜੱਟੀਆਂ ਨੀ।

ਅਸਾਂ ਏਤਨੀ ਗੱਲ ਮਾਲੂਮ ਕੀਤੀ, ਇਹ ਜੱਟੀਆਂ ਮੁਲਕ ਦੀਆਂ ਫੱਟੀਆਂ ਨੀ।

ਡੂਮਾਂ ਰਾਵਲਾਂ ਕਾਉਂ ਤੇ ਜੱਟੀਆਂ ਦੀਆਂ, ਜੀਭਾਂ ਧੁਰੋਂ ਸ਼ੈਤਾਨ ਦੀਆਂ ਚੱਟੀਆਂ ਨੀ।

ਪਰ ਅਸਾਂ ਭੀ ਜਿਨ੍ਹਾਂ ਨੂੰ ਹਥ ਲਾਇਆ, ਉਹ ਬੂਟੀਆਂ ਜੜਾਂ ਥੀਂ ਪੱਟੀਆਂ ਨੀ।

ਪੋਲੇ ਢਿਡ ਤੇ ਅਕਲ ਦੀ ਮਾਰ ਵਾਰਿਸ, ਛਾਹਾਂ ਪੀਣ ਤਰਬੇਹੀਆਂ ਖੱਟੀਆਂ ਨੀ।

383

ਰਾਂਝਾ

ਹੌਲੀ ਸਹਿਜ ਸੁਭਾਉ ਦੀ ਗੱਲ ਕੀਚੈ, ਨਾਹੀਂ ਕੜਕੀਏ ਬੋਲੀਏ ਗੱਜੀਏ ਨੀ।

ਲਖ ਝੁਟ ਤਰਲੇ ਫਿਰੇ ਕੋਈ ਕਰਦਾ, ਦਿੱਤੇ ਰੱਬ ਦੇ ਬਾਝ ਨਾ ਰੱਜੀਏ ਨੀ।

ਧਿਆਨ ਰੱਬ ਤੇ ਰੱਖ ਨਾ ਹੋ ਤੱਤੀ, ਲਖ ਔਗੁਣਾਂ ਹੋਣ ਤਾਂ ਕੱਜੀਏ ਨੀ।

ਅਸੀਂ ਨਜ਼ਰ ਕਰੀਏ ਤੁਰਤ ਹੋਣ ਚੰਗੇ, ਜਿਨ੍ਹਾਂ ਰੋਗੀਆਂ ਤੇ ਜਾ ਵੱਜੀਏ ਨੀ।

ਚੌਦਾਂ ਤਬਕ ਨੌ ਖੰਡ ਦੀ ਖ਼ਬਰ ਸਾਨੂੰ, ਮੂੰਹ ਫ਼ਕਰ ਥੋਂ ਕਾਸ ਨੂੰ ਕੱਜੀਏ ਨੀ।

ਜੈਂਦੇ ਹੁਕਮ ਵਿੱਚ ਜਾਨ ਤੇ ਮਾਲ ਆਲਮ, ਓਸ ਰੱਬ ਥੋਂ ਕਾਸ ਨੂੰ ਭੱਜੀਏ ਨੀ।

ਸਾਰੀ ਉਮਰ ਈ ਪਲੰਘ ਤੇ ਪਈ ਰਹਿਸੇਂ, ਏਸ ਅਕਲ ਦੇ ਨਾਲ ਕੁਚੱਜੀਏ ਨੀ।

ਸ਼ਰਮ ਜੇਠ ਤੇ ਸੌਹਰਿਉਂ ਕਰਨ ਆਈ, ਮੂੰਹ ਫ਼ਕਰ ਥੋਂ ਕਾਸਨੂੰ ਲੱਜੀਏ ਨੀ।

ਵਾਰਿਸ ਸ਼ਾਹ ਤਾਂ ਇਸ਼ਕ ਦੀ ਨਬਜ਼ ਦਿਸੇ, ਜਦੋਂ ਆਪਣੀ ਜਾਨ ਨੂੰ ਤੱਜੀਏ ਨੀ।

384

ਸਹਿਤੀ

ਕੇਹੀ ਵੈਦਗੀ ਆਣ ਮਚਾਈਆ ਹੀ, ਕਿਸ ਵੈਦ ਨੇ ਦੱਸ ਪੜ੍ਹਾਇਆ ਹੈਂ।

ਵਾਂਗ ਚੌਧਰੀ ਆਣ ਕੇ ਪੈਂਚ ਬਨਿਉਂ, ਕਿਸ ਚਿੱਠੀਆਂ ਘਲ ਸਦਾਇਆ ਹੈਂ।

ਸੇਲ੍ਹੀ ਟੋਪੀਆਂ ਪਹਿਨ ਲੰਗੂਰ ਵਾਂਗੂੰ, ਤੂੰ ਤੇ ਸ਼ਾਹ ਭੋਲੂ ਬਣ ਆਇਆ ਹੈ।

ਵੱਡੇ ਦਗ਼ੇ ਤੇ ਫੰਧ ਫ਼ਰੇਬ ਪੜ੍ਹਿਉਂ, ਐਵੇਂ ਕੰਨ ਪੜਾ ਗਵਾਇਆ ਹੈਂ।

ਨਾ ਤੂੰ ਜਟ ਰਹਿਉਂ ਨਾ ਤੂੰ ਫ਼ਕੀਰ ਹੋਇਉਂ, ਐਵੇਂ ਮੁੰਨ ਕੇ ਘੋਨ ਕਰਾਇਆ ਹੈਂ।

ਨਾ ਜੰਮਿਉਂ ਨਾ ਕਿਸੇ ਮਤ ਦਿੱਤੀ, ਮੁੜ ਪੁੱਟ ਕੇ ਕਿਸੇ ਨਾ ਲਾਇਆ ਹੈਂ।

ਬੁਰੇ ਦਿਹਾਂ ਦੀਆਂ ਫੇਰੀਆਂ ਏਹ ਹੈ ਨੀ, ਅੱਜ ਰਬ ਨੇ ਠੀਕ ਕੁਟਾਇਆ ਹੈਂ।

ਵਾਰਿਸ ਸ਼ਾਹ ਕਰ ਬੰਦਗੀ ਰੱਬ ਦੀ ਤੂੰ, ਜਿਸ ਵਾਸਤੇ ਰੱਬ ਬਣਾਇਆ ਹੈਂ।

385

ਰਾਂਝਾ

ਤੇਰੀ ਤਬ੍ਹਾ ਚਾਲਾਕ ਛਲ ਛਿੱਦਰੇ ਨੀ, ਚੋਰ ਵਾਂਗ ਕੀ ਸੇਲ੍ਹੀਆਂ ਸਿੱਲੀਆਂ ਨੀ।

ਪੈਰੀਂ ਬੱਲੀਆਂ ਹੋਣ ਫਿਰੰਦਿਆਂ ਦੇ, ਤੇਰੀ ਜੀਭ ਹਰਿਆਰੀਏ ਬੱਲੀਆਂ ਨੀ।

ਕੇਹਾ ਰੋਗ ਹੈ ਦੱਸ ਇਸ ਵਹੁਟੜੀ ਨੂੰ, ਇੱਕੇ ਮਾਰਦੀ ਫਿਰੇਂ ਟਰਪੱਲੀਆਂ ਨੀ।

ਕਿਸੇ ਏਸ ਨੂੰ ਚਾ ਮਸਾਨ ਘੱਤੇ, ਪੜ੍ਹ ਠੋਕੀਆਂ ਸਾਰ ਦੀਆਂ ਕਿੱਲੀਆਂ ਨੀ।

ਸਹੰਸ ਵੇਦ ਤੇ ਧੂਪ ਹੋਰ ਫੁਲ ਹਰਮਲ, ਹਰੇ ਸ਼ਰੀਂਹ ਦੀਆਂ ਛਮਕਾਂ ਗਿੱਲੀਆਂ ਨੀ।

ਝਬ ਕਰਾਂ ਮੈਂ ਜਤਨ ਝੜ ਜਾਨ ਕਾਮਣ, ਅਨੀ ਕਮਲੀਉ ਹੋਇਉ ਨਾ ਢਿੱਲੀਆਂ ਨੀ।

ਹਥ ਫੇਰ ਕੇ ਧੂਪ ਦੇਇ ਕਰਾਂ ਝਾੜਾ, ਫਿਰੇਂ ਮਾਰਦੀ ਨੈਣ ਤੇ ਖਿੱਲੀਆਂ ਨੀ।

ਰੱਬ ਵੈਦ ਪੱਕਾ ਘਰ ਘੱਲਿਆ ਜੇ, ਫਿਰੋ ਢੂੰਡਦੀਆਂ ਪੂਰਬਾਂ ਦਿੱਲੀਆਂ ਨੀ।

ਵਾਰਿਸ ਸ਼ਾਹ ਪ੍ਰੇਮ ਦੀ ਜੜੀ ਘੱਤੀ, ਨੈਣਾਂ ਹੀਰ ਦੀਆਂ ਕੱਚੀਆਂ ਪਿੱਲੀਆਂ ਨੀ।

386

ਸਹਿਤੀ

ਮੇਰੇ ਨਾਲ ਕੀ ਪਿਆ ਹੈਂ ਵੈਰ ਚਾਕਾ, ਮੱਥਾ ਸੌਕਣਾਂ ਵਾਂਗ ਕੀ ਡਾਹਿਆ ਈ।

ਐਵੇਂ ਘੂਰ ਕੇ ਮੁਲਕ ਨੂੰ ਫਿਰੇਂ ਖਾਂਦਾ, ਕਦੀ ਜੋਤਰਾ ਮੂਲ ਨਾ ਵਾਹਿਆ ਈ।

ਕਿਸੇ ਜੋਗੀੜੇ ਠਗ ਫ਼ਕੀਰ ਕੀਤੋਂ, ਅਨਜਾਣ ਕਕੋਹੜਾ ਫਾਹਿਆ ਈ।

ਮਾਂਉਂ ਬਾਪ ਗੁਰ ਪੀਰ ਘਰ ਬਾਰ ਤਜਿਊ, ਕਿਸੇ ਨਾਲ ਨਾ ਕੌਲ ਨਿਬਾਹਿਆ ਈ।

ਬੁੱਢੀ ਮਾਂ ਨੂੰ ਰੋਂਦੜੀ ਛੱਡ ਆਇਉਂ, ਉਸ ਦਾ ਅਰਸ਼ ਦਾ ਕਿੰਗਰਾ ਢਾਹਿਆ ਈ।

ਪੇਟ ਰੱਖ ਕੇ ਆਪਣਾ ਪਾਲਿਉ ਈ, ਕਿਤੇ ਰੰਨ ਨੂੰ ਚਾਇ ਤਰਾਹਿਆ ਈ।

ਡੱਬੀਪੁਰੇ ਦਿਆ ਝੱਲ ਵਲੱਲਿਆ ਵੇ, ਅਸਾਂ ਨਾਲ ਕੀ ਖਚਰ ਪੌ ਚਾਹਿਆ ਈ।

ਸਵਾਹ ਲਾਈਆ ਪਾਣ ਨਾ ਲਥੀਆਈ, ਐਵੇਂ ਕਪੜਾ ਚੀਥੜਾ ਲਾਹਿਆ ਈ।

ਵਾਰਿਸ ਆਖਨੀ ਹਾਂ ਟਲ ਜਾਹ ਸਾਥੋਂ, ਗਾਂਡੂ ਸਾਥ ਲੱਧੋ ਹੁੰਡ ਵਧਾਇਆ ਈ।

387

ਰਾਂਝਾ

ਮਾਨ ਮੱਤੀਏ ਰੂਪ ਗੁਮਾਨ ਭਰੀਏ, ਭੈੜ ਕਾਰੀਏ ਗਰਬ ਗਹੇਲੀਏ ਨੀ।

ਐਡੇ ਫ਼ਨ ਫ਼ਰੇਬ ਕਿਉਂ ਖੇਡਨੀ ਹੈਂ, ਕਿਸੇ ਵੱਡੇ ਉਸਤਾਦ ਦੀਏ ਚੇਲੀਏ ਨੀ।

ਏਸ ਹੁਸਨ ਦਾ ਨਾ ਗੁਮਾਨ ਕੀਚੈ, ਮਾਨ ਮੱਤੀਏ ਰੂਪ ਰੁਹੇਲੀਏ ਨੀ।

ਤੇਰੀ ਭਾਬੀ ਦੀ ਨਹੀਂ ਪਰਵਾਹ ਸਾਨੂੰ, ਵੱਡੀ ਹੀਰ ਦੀ ਅੰਗ ਸਹੇਲੀਏ ਨੀ।

ਮਿਲੇ ਸਿਰਾਂ ਨੂੰ ਨਾ ਵਿਛੋੜ ਦੀਚੈ, ਹੱਥੋਂ ਵਿਛੜਿਆਂ ਸਿਰਾਂ ਨੂੰ ਮੇਲੀਏ ਨੀ।

ਕੇਹਾ ਵੈਰ ਫ਼ਕੀਰ ਦੇ ਨਾਲ ਚਾਇਉ, ਪਿੱਛਾ ਛੱਡ ਅਨੋਖੀਏ ਲੇਲੀਏ ਨੀ।

ਇਹ ਜੱਟੀ ਸੀ ਕੂੰਜ ਤੇ ਜਟ ਉੱਲੂ, ਪਰ ਬੱਧਿਆ ਜੇ ਗੁਲ ਖੇਲੀਏ ਨੀ।

ਵਾਰਿਸ ਜਿਨਸ ਦੇ ਨਾਲ ਹਮਜਿਨਸ ਬਣਦੀ ਭੌਰ ਤਾਜ਼ਣਾਂ ਗਧੇ ਨਾਲ ਮੇਲੀਏ ਨੀ।

388

ਹੀਰ ਨੂੰ ਜੋਗੀ ਦੀ ਸੱਚਾਈ ਦਾ ਪਤਾ ਲੱਗਣਾ

ਹੀਰ ਕੰਨ ਧਰਿਆ ਇਹ ਕੌਣ ਆਇਆ, ਕੋਈ ਇਹ ਤਾਂ ਹੈ ਦਰਦ ਖ਼ਾਹ ਮੇਰਾ।

ਮੈਨੂੰ ਭੌਰ ਤਾਜ਼ਣ ਜਿਹੜਾ ਆਖਦਾ ਹੈ, ਅਤੇ ਗਧਾ ਬਣਾਇਆ ਸੂ ਚਾ ਖੇੜਾ।

ਮਤਾਂ ਚਾਕ ਮੇਰਾ ਕਿਵੇਂ ਆਣ ਭਾਸੇ, ਏਸੇ ਨਾਲ ਮੈਂ ਉਠ ਕੇ ਕਰਾਂ ਝੇੜਾ।

ਵਾਰਿਸ ਸ਼ਾਹ ਮਤ ਕੰਨ ਪੜਾਇ ਰਾਂਝਾ, ਘਤ ਮੁੰਦਰਾਂ ਮੰਨਿਆਂ ਹੁਕਮ ਮੇਰਾ।

389

ਹੀਰ

ਬੋਲੀ ਹੀਰ ਵੇ ਅੜਿਆ ਜਾਹ ਸਾਥੋਂ, ਕੋਈ ਖ਼ੁਸ਼ੀ ਨਾ ਹੋਵੇ ਤੇ ਹੱਸੀਏ ਕਿਉਂ।

ਪਰਦੇਸੀਆਂ ਜੋਗੀਆਂ ਕਮਲਿਆਂ ਨੂੰ, ਵਿੱਚੋਂ ਜੀਊ ਦਾ ਭੇਤ ਚਾਇ ਦੱਸੀਏ ਕਿਉਂ।

ਜੇ ਤੂੰ ਅੰਤ ਰੰਨਾ ਵਲ ਵੇਖਣਾ ਸੀ, ਵਾਹੀ ਜੋਤਰੇ ਛੱਡ ਕੇ ਨੱਸੀਏ ਕਿਉਂ।

ਜੇ ਤਾਂ ਆਪ ਇਲਾਜ ਨਾ ਜਾਣੀਏ ਵੇ, ਜਿੰਨ ਭੂਤ ਤੇ ਜਾਦੂੜੇ ਦੱਸੀਏ ਕਿਉਂ।

ਫ਼ਕੀਰ ਭਾਰੜੇ ਗੋਰੜੇ ਹੋਇ ਰਹੀਏ, ਕੁੜੀ ਚਿੜੀ ਦੇ ਨਾਲ ਖਰਖੱਸੀਏ ਕਿਉਂ।

ਜਿਹੜਾ ਕੰਨ ਲਪੇਟ ਕੇ ਨੱਸ ਜਾਏ, ਮਗਰ ਲੱਗ ਕੇ ਓਸ ਨੂੰ ਧੱਸੀਏ ਕਿਉਂ।

ਵਾਰਿਸ ਸ਼ਾਹ ਉਜਾੜ ਦੇ ਵਸਦਿਆਂ ਨੂੰ, ਆਪ ਖ਼ੈਰ ਦੇ ਨਾਲ ਫੇਰ ਵੱਸੀਏ ਕਿਉਂ।

390

ਰਾਂਝਾ

ਘਰੋਂ ਸੱਖਣਾ ਫ਼ਕਰ ਨਾ ਡੂਮ ਜਾਇ, ਅਨੀ ਖੇੜਿਆਂ ਦੀਏ ਗ਼ਮਖ਼ੋਰੀਏ ਨੀ।

ਕੋਈ ਵੱਡੀ ਤਕਸੀਰ ਹੈ ਅਸਾਂ ਕੀਤੀ, ਸਦਕਾ ਹੁਸਨ ਦਾ ਬਖਸ਼ ਲੈ ਗੋਰੀਏ ਨੀ।

ਘਰੋਂ ਸਰੇ ਸੋ ਫ਼ਕਰ ਨੂੰ ਖੈਰ ਦੀਜੇ, ਨਹੀਂ ਤੁਰਤ ਜਵਾਬ ਦੇ ਟੋਰੀਏ ਨੀ।

ਵਾਰਿਸ ਸ਼ਾਹ ਕੁੱਝ ਰੱਬ ਦੇ ਨਾਮ ਦੀਚੈ, ਨਹੀਂ ਆਜਜ਼ਾਂ ਦੀ ਕਾਈ ਜ਼ੋਰੀਏ ਨੀ।

391

ਹੀਰ

ਹੀਰ ਆਖਦੀ ਜੋਗੀਆ ਝੂਠ ਆਖੇਂ, ਕੌਣ ਰੁੱਠੜੇ ਯਾਰ ਮਿਲਾਂਵਦਾ ਈ।

ਏਹਾ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ, ਜਿਹੜਾ ਗਿਆਂ ਨੂੰ ਮੋੜ ਲਿਆਂਵਦਾ ਈ।

ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ, ਜਿਹੜਾ ਜੀਊ ਦਾ ਰੋਗ ਗਵਾਂਵਦਾ ਈ।

ਭਲਾ ਦੱਸ ਖਾਂ ਚਿਰੀਂ ਵਿਛੁੰਨਿਆਂ ਨੂੰ, ਕਦੋਂ ਰੱਬ ਸੱਚਾ ਘਰੀਂ ਲਿਆਂਵਦਾ ਈ।

ਭਲਾ ਮੋਏ ਤੇ ਵਿਛੜੇ ਕੌਣ ਮੇਲੇ, ਐਵੇਂ ਜੀਊੜਾ ਲੋਕ ਵਲਾਂਵਦਾ ਈ।

ਇੱਕ ਬਾਜ਼ ਥੋਂ ਕਾਉਂ ਨੇ ਕੂੰਜ ਖੋਹੀ, ਵੇਖਾਂ ਚੁੱਪ ਹੈ ਕਿ ਕੁਰਲਾਂਵਦਾ ਈ।

ਇਕ ਜੱਟ ਦੇ ਖੇਤ ਨੂੰ ਅੱਗ ਲੱਗੀ, ਵੇਖਾਂ ਆਣ ਕੇ ਕਦੋਂ ਬੁਝਾਂਵਦਾ ਈ।

ਦਿਆਂ ਚੂਰੀਆਂ ਘਿਉ ਦੇ ਬਾਲ ਦੀਵੇ, ਵਾਰਿਸ ਸ਼ਾਹ ਜੇ ਸੁਣਾਂ ਮੈਂ ਆਂਵਦਾ ਈ।

392

ਰਾਂਝਾ

ਜਦੋਂ ਤੀਕ ਜ਼ਿਮੀਂ ਅਸਮਾਨ ਕਾਇਮ, ਤਦੋਂ ਤੀਕ ਇਹ ਵਾਹ ਸਭ ਵਹਿਣਗੇ ਨੀ।

ਸੱਭਾ ਕਿਬਰ ਹੰਕਾਰ ਗੁਮਾਨ ਲੱਦੇ, ਆਪੋ ਵਿੱਚ ਇਹ ਅੰਤ ਨੂੰ ਢਹਿਣਗੇ ਨੀ।

ਇਸਰਾਫ਼ੀਲ ਜਾਂ ਸੂਰ ਕਰਨਾਇ ਫੂਕੇ, ਤਦ ਜ਼ਿਮੀਂ ਅਸਮਾਨ ਸਭ ਢਹਿਣਗੇ ਨੀ।

ਕੁਰਸੀ ਅਰਸ਼ੀ ਤੇ ਲੌਹ ਕਲਮ ਜੰਨਤ, ਰੂਹ ਦੋਜ਼ਖਾਂ ਸਤ ਇਹ ਰਹਿਣਗੇ ਨੀ।

ਕੁੱਰਾ ਸੁਟ ਕੇ ਪ੍ਰਸ਼ਨ ਮੈਂ ਲਾਂਵਦਾ ਹਾਂ, ਦੱਸਾਂ ਉਹਨਾਂ ਜੋ ਉਠ ਕੇ ਬਹਿਣਗੇ ਨੀ।

ਨਾਲੇ ਪੱਤਰੀ ਫੋਲ ਕੇ ਫਾਲ ਘੱਤਾਂ, ਵਾਰਿਸ ਸ਼ਾਹ ਹੋਰੀਂ ਸੱਚ ਕਹਿਣਗੇ ਨੀ।

393

ਤਥਾ

ਤੁਸੀਂ ਛੱਤਿਆਂ ਨਾਲ ਉਹ ਮੱਸ ਭਿੰਨਾ, ਤਦੋਂ ਦੋਹਾਂ ਜਾ ਜੀਊ ਰਲ ਗਿਆ ਸੀ ਨੀ।

ਓਸ ਵੰਝਲੀ ਨਾਲ ਤੂੰ ਨਾਲ ਲਟਕਾਂ, ਜੀਊ ਦੋਹਾਂ ਦਾ ਦੋਹਾਂ ਨੇ ਲਿਆ ਸੀ ਨੀ।

ਉਹ ਇਸ਼ਕ ਦੇ ਹੱਟ ਵਿਕਾਇ ਰਹਿਆ, ਮਹੀਂ ਕਿਸੇ ਦੀਆਂ ਚਾਰਦਾ ਪਿਆ ਸੀ ਨੀ।

ਨਾਲ ਸ਼ੌਕ ਮਹੀਂ ਉਹ ਚਾਰਦਾ ਸੀ, ਤੇਰਾ ਵਿਆਹ ਹੋਇਆ ਲੁੜ੍ਹ ਗਿਆ ਸੀ ਨੀ।

ਤੁਸੀਂ ਚੜ੍ਹੇ ਡੋਲੀ ਤਾਂ ਉਹ ਹਕ ਮਹੀਂ, ਟਮਕ ਚਾਇਕੇ ਨਾਲ ਲੈ ਗਿਆ ਸੀ ਨੀ।

ਹੁਣ ਕੰਨ ਪੜਾ ਫ਼ਕੀਰ ਹੋਇਆ, ਨਾਲ ਜੋਗੀਆਂ ਦੇ ਰਲ ਗਿਆ ਸੀ ਨੀ।

ਅੱਜ ਪਿੰਡ ਤੁਸਾਡੜੇ ਆ ਵੜਿਆ, ਅਜੇ ਲੰਘ ਕੇ ਅਗ੍ਹਾਂ ਨਾ ਗਿਆ ਸੀ ਨੀ।

ਹੁਣ ਸੰਗਲੀ ਸੁਟ ਕੇ ਸ਼ਗਨ ਬੋਲਾਂ, ਅੱਗੇ ਸਾਂਵਰੀ ਥੇ ਸ਼ਗਨ ਲਿਆ ਸੀ ਨੀ।

ਵਾਰਿਸ ਸ਼ਾਹ ਮੈਂ ਪੱਤਰੀ ਭਾਲ ਡਿੱਠੀ, ਕੁੱਰਾ ਇਹ ਨਜ਼ੂਮ ਦਾ ਪਿਆ ਸੀ ਨੀ।

394

ਤਥਾ

ਛੋਟੀ ਉਮਰ ਦੀਆਂ ਯਾਰੀਆਂ ਬਹੁਤ ਮੁਸ਼ਕਲ, ਪੁੱਤਰ ਮਹਿਰਾਂ ਦੇ ਖੋਲੀਆਂ ਚਾਰਦੇ ਨੇ।

ਕੰਨ ਪਾੜ ਫ਼ਕੀਰ ਹੋ ਜਾਣ ਰਾਜੇ, ਦਰਦ ਮੰਦ ਫਿਰਨ ਵਿੱਚ ਬਾਰ ਦੇ ਨੇ।

ਰੰਨਾਂ ਵਾਸਤੇ ਕੰਨ ਪੜਾਇ ਰਾਜੇ, ਸੱਭਾ ਜ਼ਾਤ ਸਿਫ਼ਾਤ ਨਿਘਾਰਦੇ ਨੇ।

ਭਲੇ ਦਿੰਹੁ ਤੇ ਨੇਕ ਨਸੀਬ ਹੋਵਣ, ਸੱਜਨ ਆ ਬਹਿਸਣ ਕੋਲ ਯਾਰ ਦੇ ਨੇ।

ਵਾਰਿਸ ਸ਼ਾਹ ਜਾਂ ਜ਼ੌਕ ਦੀ ਲੱਗੇ ਗੱਦੀ, ਜੌਹਰ ਨਿਕਲੇ ਅਸਲ ਤਲਵਾਰ ਦੇ ਨੇ।

395

ਤਥਾ

ਜਿਸ ਜੱਟ ਦੇ ਖੇਤ ਨੂੰ ਅੱਗ ਲੱਗੀ, ਉਹ ਰਾਹਕਾਂ ਵੱਢ ਕੇ ਗਾਹ ਲਇਆ।

ਲਾਵੇਹਾਰ ਰਾਖੇ ਸਭ ਵਿਦਾ ਹੋਏ, ਨਾਉਮੀਦ ਹੋ ਕੇ ਜੱਟ ਰਾਹ ਪਇਆ।

ਜਿਹੜੇ ਬਾਜ਼ ਥੋਂ ਕਾਂਉ ਨੇ ਕੂੰਜ ਖੋਹੀ, ਸਬਰ ਸ਼ੁਕਰ ਕਰ ਬਾਜ਼ ਫ਼ਨਾ ਥਇਆ।

ਦੁਨੀਆਂ ਛੱਡ ਉਦਾਸੀਆਂ ਬੰਨ੍ਹ ਲਈਆਂ, ਸੱਯਦ ਵਾਰਿਸੋਂ ਹੁਣ ਵਾਰਿਸ ਸ਼ਾਹ ਭਇਆ।

396

ਹੀਰ ਸਮਝ ਗਈ

ਹੀਰ ਉਠ ਬੈਠੀ ਪਤੇ ਠੀਕ ਲੱਗੇ, ਅਤੇ ਠੀਕ ਨਿਸ਼ਾਨੀਆਂ ਸਾਰੀਆਂ ਨੀ।

ਇਹ ਤਾਂ ਜੋਗੀੜਾ ਪੰਡਤ ਠੀਕ ਮਿਲਿਆ, ਬਾਤਾਂ ਆਖਦਾ ਖ਼ੂਬ ਕਰਾਰੀਆਂ ਨੀ।

ਪਤੇ ਵੰਝਲੀ ਦੇ ਏਸ ਠੀਕ ਦਿੱਤੇ, ਅਤੇ ਮਹੀਂ ਭੀ ਸਾਡੀਆਂ ਚਾਰੀਆਂ ਨੀ।

ਵਾਰਿਸ ਸ਼ਾਹ ਇਹ ਇਲਮ ਦਾ ਧਨੀ ਡਾਢਾ, ਖੋਲ੍ਹ ਕਹੇ ਨਿਸ਼ਾਨੀਆਂ ਸਾਰੀਆਂ ਨੀ।

397

ਹੀਰ

ਭਲਾ ਦੱਸ ਖਾਂ ਜੋਗੀਆ ਚੋਰ ਸਾਡਾ, ਹੁਣ ਕਿਹੜੀ ਤਰਫ਼ ਨੂੰ ਉੱਠ ਗਿਆ।

ਵੇਖਾਂ ਆਪ ਹੁਣ ਕਿਹੜੀ ਤਰਫ਼ ਫਿਰਦਾ, ਅਤੇ ਮੁਝ ਗ਼ਰੀਬ ਨੂੰ ਕੁੱਠ ਗਿਆ।

ਰੁਠੇ ਆਦਮੀ ਘਰਾਂ ਵਿੱਚ ਆਣ ਮਿਲਦੇ, ਗੱਲ ਸਮਝ ਜਾਂ ਬੱਧੜੀ ਮੁੱਠ ਗਿਆ।

ਘਰੇ ਵਿੱਚ ਪੌਂਦਾ ਗੁਣਾਂ ਸੱਜਣਾਂ ਦਾ, ਯਾਰ ਹੋਰ ਨਾਹੀਂ ਕਿਤੇ ਗੁੱਠ ਗਿਆ।

ਘਰ ਯਾਰ ਤੇ ਢੂੰਡਦੀ ਫਿਰੇਂ ਬਾਹਰ, ਕਿਤੇ ਮਹਿਲ ਨਾਲ ਮਾੜੀਆਂ ਉੱਠ ਗਿਆ।

ਸਾਨੂੰ ਸਬਰ ਕਰਾਰ ਤੇ ਚੈਨ ਨਾਹੀਂ, ਵਾਰਿਸ ਸ਼ਾਹ ਜਦੋਕਣਾ ਰੁੱਠ ਗਿਆ।

398

ਰਾਂਝਾ

ਏਸ ਘੁੰਡ ਵਿੱਚ ਬਹੁਤ ਖ਼ਵਾਰੀਆਂ ਨੇ, ਅੱਗ ਲਾਇਕੇ ਘੁੰਡ ਨੂੰ ਸਾੜੀਏ ਨੀ।

ਘੁੰਡ ਹੁਸਨ ਦੀ ਆਬ ਛੁਪਾਇ ਲੈਂਦਾ, ਲੰਮੇ ਘੁੰਡ ਵਾਲੀ ਰੜੇ ਮਾਰੀਏ ਨੀ।

ਘੁੰਡ ਆਸ਼ਕਾਂ ਦੇ ਬੇੜੇ ਡੋਬ ਦੇਂਦਾ, ਮੈਨਾ ਤਾੜ ਨਾ ਪਿੰਜਰੇ ਮਾਰੀਏ ਨੀ।

ਤਦੋਂ ਇਹ ਜਹਾਨ ਸਭ ਨਜ਼ਰ ਆਵੇ, ਜਦੋਂ ਘੁੰਡ ਨੂੰ ਜ਼ਰਾ ਉਤਾਰੀਏ ਨੀ।

ਘੁੰਡ ਅੰਨ੍ਹਿਆਂ ਕਰੇ ਸੁਜਾਖਿਆਂ ਨੂੰ, ਘੁੰਡ ਲਾਹ ਤੂੰ ਮੂੰਹ ਤੋਂ ਲਾੜੀਏ ਨੀ।

ਵਾਰਿਸ ਸ਼ਾਹ ਨਾ ਦੱਬੀਏ ਮੋਤੀਆਂ ਨੂੰ, ਫੁੱਲ ਅੱਗ ਦੇ ਵਿੱਚ ਨਾ ਸਾੜੀਏ ਨੀ।

399

ਹੀਰ ਰਾਂਝੇ ਦੀ ਆਪੋ ਵਿੱਚ ਗੱਲ

ਅੱਖੀਂ ਸਾਮ੍ਹਣੇ ਚੋਰ ਜੇ ਆਇ ਫਾਸਣ, ਕਿਉਂ ਦੁੱਖ ਵਿੱਚ ਆਪ ਨੂੰ ਗਾਲੀਏ ਵੇ।

ਮੀਆਂ ਜੋਗੀਆ ਝੂਠੀਆਂ ਇਹ ਗੱਲਾਂ, ਘਰ ਹੋਣ ਤਾਂ ਕਾਸ ਨੂੰ ਭਾਲੀਏ ਵੇ।

ਅੱਗ ਬੁਝੀ ਨੂੰ ਧੀਰੀਆਂ ਲੱਖ ਦਿੱਚਣ, ਬਿਨਾ ਫੂਕ ਮਾਰੇ ਨਾ ਬਾਲੀਏ ਵੇ।

ਹੀਰ ਵੇਖ ਕੇ ਤੁਰਤ ਪਛਾਣ ਲੀਤਾ, ਹੱਸ ਆਖਦੀ ਬਾਤ ਸੰਭਾਲੀਏ ਵੇ।

ਸਹਿਤੀ ਪਾਸ ਨਾ ਦੇਵਣਾ ਭੇਤ ਮੂਲੇ, ਸ਼ੇਰ ਪਾਸ ਨਾ ਬੱਕਰੀ ਪਾਲੀਏ ਵੇ।

ਵੇਖ ਮਾਲ ਚੁਰਾਇਕੇ ਪਿਆ ਮੁੱਕਰ, ਰਾਹ ਜਾਂਦੜਾ ਕੋਈ ਨਾ ਭਾਲੀਏ ਵੇ।

ਵਾਰਿਸ ਸ਼ਾਹ ਮਲਖੱਈਆਂ ਨੂੰ ਮਾਲ ਲੱਧਾ, ਚਲੋ ਕੁੱਜੀਆਂ ਬਦਰ ਪਵਾਲੀਏ ਵੇ।

400

ਰਾਂਝਾ

ਕਹੀ ਦੱਸਣੀ ਅਕਲ ਸਿਆਣਿਆਂ ਨੂੰ, ਕਦੀ ਨਫ਼ਰ ਕਦੀਮ ਸੰਭਾਲੀਏ ਨੀ।

ਦੌਲਤਮੰਦ ਨੂੰ ਜਾਣਦਾ ਸਭ ਕੋਈ, ਨੇਹੁੰ ਨਾਲ ਗ਼ਰੀਬ ਦੇ ਪਾਲੀਏ ਨੀ।

ਗੋਦੀ ਬਾਲ ਢੰਡੋਰੜਾ ਜਗ ਸਾਰੇ, ਜੀਊ ਸਮਝ ਲੈ ਖੇੜਿਆਂ ਵਾਲੀਏ ਨੀ।

ਸਾੜ ਘੁੰਡ ਨੂੰ ਖੋਲ ਕੇ ਵੇਖ ਨੈਣਾਂ ਨੀ ਅਨੋਖਿਆਂ ਸਾਲੂ ਵਾਲੀਏ ਨੀ।

ਵਾਰਿਸ ਸ਼ਾਹ ਏਹ ਇਸ਼ਕ ਦਾ ਗਾਉ ਤਕੀਆ, ਅਨੀ ਹੁਸਨ ਦੀ ਗਰਮ ਨਿਹਾਲੀਏ ਨੀ।

401

ਸਹਿਤੀ

ਸਹਿਤੀ ਸਮਝਿਆ ਇਹ ਰਲ ਗਏ ਦੋਵੇਂ, ਲਈਆਂ ਘੁਟ ਫ਼ਕੀਰ ਬਲਾਈਆਂ ਨੀ।

ਇਹ ਵੇਖ ਫ਼ਕੀਰ ਨਿਹਾਲ ਹੋਈ, ਜੜੀਆਂ ਏਸ ਨੇ ਘੋਲ ਪਿਵਾਈਆਂ ਨੀ।

ਸਹਿਤੀ ਆਖਦੀ ਮਗ਼ਜ਼ ਖਪਾ ਨਾਹੀਂ, ਅਨੀ ਭਾਬੀਏ ਘੋਲ ਘੁਮਾਈਆਂ ਨੀ।

ਏਸ ਜੋਗੀੜੇ ਨਾਲ ਤੂੰ ਖੌਝ ਨਾਹੀਂ, ਨੀ ਮੈਂ ਤੇਰੀਆਂ ਲਵਾਂ ਬਲਾਈਆਂ ਨੀ।

ਮਤਾਂ ਘੱਤ ਜਗ-ਧੂੜ ਤੇ ਕਰੂ ਕਮਲੀ, ਗੱਲਾਂ ਏਸ ਦੇ ਨਾਲ ਕੀ ਲਾਈਆਂ ਨੀ।

ਇਹ ਖ਼ੈਰ ਨਾ ਭਿਛਿਆ ਲਏ ਦਾਣੇ, ਕਿੱਥੋਂ ਕੱਢੀਏ ਦੁਧ ਮਲਾਈਆਂ ਨੀ।

ਡਰਨ ਆਂਵਦਾ ਭੂਤਨੇ ਵਾਂਗ ਇਸ ਥੋਂ, ਕਿਸੇ ਥਾਂਉਂ ਦੀਆਂ ਇਹ ਬਲਾਈਆਂ ਨੀ।

ਖ਼ੈਰ ਘਿਨ ਕੇ ਜਾ ਫ਼ਰਫ਼ੇਜੀਆ ਵੇ, ਅੱਤਾਂ ਰਾਵਲਾ ਕੇਹੀਆਂ ਚਾਈਆਂ ਨੀ।

ਫਿਰੇਂ ਬਹੁਤ ਪਖੰਡ ਖਿਲਾਰਦਾ ਤੂੰ, ਏਥੇ ਕਈ ਵਲੱਲੀਆਂ ਪਾਈਆਂ ਨੀ।

ਵਾਰਿਸ ਸ਼ਾਹ ਗ਼ਰੀਬ ਦੀ ਅਕਲ ਘੁੱਥੀ, ਇਹ ਪੱਟੀਆਂ ਇਸ਼ਕ ਪੜ੍ਹਾਈਆਂ ਨੀ।

402

ਰਾਂਝਾ

ਮੈਂ ਇਕੱਲੜਾ ਗੱਲ ਨਾ ਜਾਣਨਾ ਹਾਂ, ਤੁਸੀਂ ਦੋਵੇਂ ਨਿਨਾਣ ਭਰਜਾਈਆਂ ਨੀ।

ਮਾਲਜ਼ਾਦੀਆਂ ਵਾਂਗ ਬਣਾ ਤੇਰੀ, ਪਾਈ ਬੈਠੀ ਹੈਂ ਸੁਰਮ-ਸਲਾਈਆਂ ਨੀ।

ਪੈਰ ਪਕੜ ਫ਼ਕੀਰ ਦੇ ਦੇ ਭਿਛਿਆ, ਅੜੀਆਂ ਕੇਹੀਆਂ ਕਵਾਰੀਏ ਲਾਈਆਂ ਨੀ।

ਧਿਆਨ ਰੱਬ ਤੇ ਰੱਖ ਨਾ ਹੋ ਤੱਤੀ, ਗ਼ੁੱਸੇ ਹੋਣ ਨਾ ਭਲਿਆਂ ਦੀਆਂ ਜਾਈਆਂ ਨੀ।

ਤੈਨੂੰ ਸ਼ੌਕ ਹੈ ਤਿਨ੍ਹਾਂ ਦਾ ਭਾਗਭਰੀਏ, ਜਿਨ੍ਹਾਂ ਡਾਚੀਆਂ ਬਾਰ ਚਰਾਈਆਂ ਨੀ।

ਜਿਸ ਰੱਬ ਦੇ ਅਸੀਂ ਫ਼ਕੀਰ ਹੋਏ, ਵੇਖ ਕੁਦਰਤਾਂ ਓਸ ਵਿਖਾਈਆਂ ਨੀ।

ਸਾਡੇ ਪੀਰ ਨੂੰ ਜਾਣਦੀ ਗਿਆ ਮੋਇਆ, ਤਾਂਹੀ ਗਾਲ੍ਹੀਆਂ ਦੇਣੀਆਂ ਲਾਈਆਂ ਨੀ।

ਵਾਰਿਸ ਸ਼ਾਹ ਉਹ ਸਦਾ ਹੀ ਜਿਉਂਦੇ ਨੇ, ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੀ।

403

ਸਹਿਤੀ

ਪਤੇ ਡਾਚੀਆਂ ਦੇ ਪੂਰੇ ਲਾਵਨਾ ਹੈਂ, ਦੇਂਦਾ ਮਿਹਣੇ ਸ਼ਾਮਤਾਂ ਚੌਰੀਆਂ ਵੇ।

ਮੱਥਾ ਡਾਹਿਉ ਨਾਲ ਕਵਾਰੀਆਂ ਦੇ, ਤੇਰੀਆਂ ਲੌਂਦੀਆਂ ਜੋਗੀਆ ਮੌਰੀਆਂ ਵੇ।

ਤੇਰੀ ਜੀਭ ਮਵੇਸੀਆ ਹੱਥ ਇੱਲਤ, ਤੇਰੇ ਚੁਤੜੀਂ ਲੜਦੀਆਂ ਭੌਰੀਆਂ ਵੇ।

ਖ਼ੈਰ ਮਿਲੇ ਸੋ ਲਏਂ ਨਾ ਨਾਲ ਮਸਤੀ, ਮੰਗੇਂ ਦੁੱਧ ਤੇ ਪਾਨ ਗਲੌਰੀਆਂ ਵੇ।

ਰੁਗ ਦੇਣ ਆਟਾ ਇੱਕੇ ਟੁਕ ਚੱਪਾ, ਭਰ ਦੇਣ ਨਾ ਜੱਟੀਆਂ ਕੌਰੀਆਂ ਵੇ।

ਏਸ ਅੰਨ ਨੂੰ ਢੂੰਡਦੇ ਉਹ ਫਿਰਦੇ, ਚੜ੍ਹਨ ਹਾਥੀਆਂ ਤੇ ਹੋਵਣ ਚੋਰੀਆਂ ਵੇ।

ਸੋਟਾ ਵੱਡਾ ਇਲਾਜ ਕੁਪੱਤਿਆਂ ਦਾ, ਤੇਰੀਆਂ ਭੈੜੀਆਂ ਦਿਸਦੀਆਂ ਤੌਰੀਆਂ ਵੇ।

ਵੱਡੇ ਕਮਲਿਆਂ ਦੀ ਅਸਾਂ ਭੰਗ ਝਾੜੀ, ਏਥੇ ਕਈ ਫ਼ਕੀਰੀਆਂ ਸੌਰੀਆਂ ਵੇ।

ਵਾਰਿਸ ਮਾਰ ਸਵਾਰਦੇ ਭੂਤ ਰਾਕਸ਼, ਜਿਹੜੀਆਂ ਮਹਿਰੀਆਂ ਹੋਣ ਅਪੌੜੀਆਂ ਵੇ।

404

ਰਾਂਝਾ

ਬੁਰਾ ਖਹਿਣ ਫ਼ਕੀਰਾਂ ਦੇ ਨਾਲ ਪਈਆਂ, ਅਠਖੇਲ ਬੁਰਿਆਰ ਉਚੱਕੀਆਂ ਨੀ।

ਰਾਤਬ ਖਾਇਕੇ ਹੰਜਰਨ ਵਿੱਚ ਤੱਲੇ, ਮਾਰਨ ਲੱਤ ਇਰਾਕੀਆਂ ਬੱਕੀਆਂ ਨੀ।

ਇੱਕ ਭੌਂਕਦੀ ਦੂਸਰੀ ਦਏ ਟਿਚਕਰ, ਇਹ ਨਨਾਣ ਭਾਬੀ ਦੋਵੇਂ ਸਕੀਆਂ ਨੀ।

ਏਥੇ ਬਹੁਤ ਫ਼ਕੀਰ ਜ਼ਹੀਰ ਕਰਦੇ, ਖ਼ਰ ਦੇਂਦੀਆਂ ਦੇਂਦੀਆਂ ਅੱਕੀਆਂ ਨੀ।

ਜਿਨ੍ਹੀਂ ਡੱਬੀਆਂ ਪਾਇਕੇ ਸਿਰੀਂ ਚਾਈਆਂ, ਰੰਨਾਂ ਤਿਨ੍ਹਾਂ ਦੀਆਂ ਨਹੀਉਂ ਸਕੀਆਂ ਨੀ।

ਨਾਲੇ ਢਿੱਡ ਖੁਰਕਣ ਨਾਲੇ ਦੁਧ ਰਿੜਕਣ, ਅਤੇ ਚਾਟੀਆਂ ਕੁੱਤਿਆਂ ਲੱਕੀਆਂ ਨੀ।

ਝਾਟਾ ਖੁਰਕਦੀਆਂ ਗੁਨ੍ਹਦੀਆਂ ਨੱਕ ਸਿਣਕਣ, ਮਾਰਨ ਵਾਇਕੇ ਚਾੜ੍ਹ ਕੇ ਨੱਕੀਆਂ ਨੀ।

ਲੜੋ ਨਹੀਂ ਜੇ ਚੰਗੀਆਂ ਹੋਵਣਾ ਜੇ, ਵਾਰਿਸ ਸ਼ਾਹ ਤੋਂ ਲਉ ਦੋ ਫੱਕੀਆਂ ਨੀ।

405

ਸਹਿਤੀ

ਅਨੀ ਵੇਖੋ ਨੀ ਵਾਸਤਾ ਰੱਬ ਦਾ ਜੇ, ਵਾਹ ਪੈ ਗਿਆ ਨਾਲ ਕੁਪੱਤਿਆਂ ਦੇ।

ਮਗਰ ਹਲਾਂ ਦੇ ਚੋਬਰਾਂ ਲਾਇ ਦੀਚਣ, ਇੱਕੇ ਛੇੜ ਦੀਚਣ ਮਗਰ ਕੱਟਿਆਂ ਦੇ।

ਇੱਕੇ ਵਾਢੀਆਂ ਲਾਵੀਆਂ ਕਰਨ ਚੋਬਰ, ਇੱਕੇ ਡਾਹ ਦੀਚਣ ਹੇਠ ਝੱਟਿਆਂ ਦੇ।

ਇਹ ਪੁਰਾਣੀਆਂ ਲਾਨ੍ਹਤਾਂ ਹੈਣ ਜੋਗੀ, ਗੱਦੋਂ ਵਾਂਗ ਲੇਟਣ ਵਿੱਚ ਘੱਟਿਆਂ ਦੇ।

ਹੀਰ ਆਖਦੀ ਬਹੁਤ ਹੈ ਸ਼ੌਕ ਤੈਨੂੰ, ਭੇੜ ਪਾਇ ਬਹੇਂ ਨਾਲ ਡੱਟਿਆਂ ਦੇ।

ਵਾਰਿਸ ਸ਼ਾਹ ਮੀਆਂ ਖਹਿੜੇ ਨਾ ਪਵੀਏ, ਕੰਨ ਪਾਟਿਆਂ ਰਬ ਦਿਆਂ ਪੱਟਿਆਂ ਦੇ।

406

ਹੀਰ ਨੂੰ ਸਹਿਤੀ

ਭਾਬੀ ਜੋਗੀਆਂ ਦੇ ਵੱਡੇ ਕਾਰਨੇ ਨੀ, ਗੱਲਾਂ ਨਹੀਂ ਸੁਣੀਆਂ ਕੰਨ-ਪਾਟਿਆਂ ਦੀਆਂ।

ਰੋਕ ਬੰਨ੍ਹ ਪੱਲੇ ਦੁਧ ਦਹੀਂ ਪੀਵਣ, ਵੱਡੀਆਂ ਚਾਟੀਆਂ ਜੋੜਦੇ ਆਟਿਆਂ ਦੀਆਂ।

ਗਿੱਠ ਗਿੱਠ ਵਧਾਇਕੇ ਵਾਲ ਨਾਖ਼ੁਨ, ਰਿਛ ਪਲਮਦੇ ਲਾਂਗੜਾਂ ਪਾਟਿਆਂ ਦੀਆਂ।

ਵਾਰਿਸ ਸ਼ਾਹ ਇਹ ਮਸਤ ਕੇ ਪਾਟ ਲੱਥੇ, ਰਗਾਂ ਕਿਰਲੀਆਂ ਵਾਂਗ ਨੇ ਗਾਟਿਆਂ ਦੀਆਂ।

407

ਰਾਂਝਾ

ਇਹ ਮਿਸਲ ਮਸ਼ਹੂਰ ਜਹਾਨ ਸਾਰੇ, ਜੱਟੀ ਚਾਰੇ ਹੀ ਥੋਕ ਸਵਾਰਦੀ ਹੈ।

ਉਨ ਤੁੰਬਦੀ ਮਨ੍ਹੇ 'ਤੇ ਬਾਲ ਲੇੜ੍ਹੇ, ਚਿੜੀਆਂ ਹਾਕਰੇ ਲੇਲੜੇ ਚਾਰਦੀ ਹੈ।

ਬੰਨ੍ਹ ਝੇੜੇ ਫ਼ਕੀਰ ਦੇ ਨਾਲ ਲੜਦੀ, ਘਰ ਸਾਂਭਦੀ ਲੋਕਾਂ ਨੂੰ ਮਾਰਦੀ ਹੈ।

ਵਾਰਿਸ ਸ਼ਾਹ ਦੋ ਲੜਣ ਮਾਸ਼ੂਕ ਏਥੇ, ਮੇਰੀ ਸੰਗਲੀ ਸ਼ਗਨ ਵਿਚਾਰਦੀ ਹੈ।

408

ਸਹਿਤੀ

ਮੇਰੇ ਹੱਥ ਲੌਂਦੇ ਤੇਰੀ ਲਵੇਂ ਟੋਟਣ, ਕੋਈ ਮਾਰਸੀਗਾ ਨਾਲ ਮੁਹਲਿਆਂ ਦੇ।

ਅਸੀਂ ਘੜਾਂਗੇ ਵਾਂਗ ਕਲਬੂਤ ਮੋਚੀ, ਕਰੇਂ ਚਾਵੜਾਂ ਨਾਲ ਤੂੰ ਰੁਹਲਿਆਂ ਦੇ।

ਸੁੱਟੂੰ ਮਾਰ ਚਪੇੜ ਤੇ ਦੰਦ ਭੰਨੂੰ, ਸਵਾਦ ਆਵਸੀ ਚੁਹਲਿਆਂ ਮੁਹਲਿਆਂ ਦੇ।

ਵਾਰਿਸ ਹੱਡ ਤੇਰੇ ਘਾਟ ਵਾਂਗ ਛੜੀਅਨ, ਨਾਲ ਕੁਤਕਿਆਂ ਪੌਲਿਆਂ ਮੁਹਲਿਆਂ ਦੇ।

409

ਰਾਂਝਾ

ਤੇਰੇ ਮੌਰ ਲੌਂਦੇ ਫਾਟ ਖਾਣ ਉੱਤੇ, ਮੇਰੀ ਫਰਕਦੀ ਅੱਜ ਮੁਤਹਿਰ ਹੈ ਨੀ।

ਮੇਰਾ ਕੁਤਕਾ ਲਵੇਂ ਤੇ ਤੇਰੇ ਚੁਤੜ, ਅੱਜ ਦੋਹਾਂ ਦੀ ਵੱਡੀ ਕੁਦਹਿੜ ਹੈ ਨੀ।

ਚਿੱਭੜ ਵਾਂਗ ਤੇਰੇ ਬੀਉ ਕੱਢ ਸੁੱਟਾਂ, ਮੈਨੂੰ ਆਇਆ ਜੋਸ਼ ਦਾ ਕਹਿਰ ਹੈ ਨੀ।

ਏਸ ਭੇਡ ਦੇ ਖ਼ੂਨ ਤੋਂ ਕਿਸੇ ਚਿੜ੍ਹ ਕੇ, ਨਹੀਂ ਮਾਰ ਲੈਣਾ ਕੋਈ ਸ਼ਹਿਰ ਹੈ ਨੀ।

ਉਜਾੜੇ-ਖ਼ੋਰ ਗੱਦੋਂ ਵਾਂਗ ਕੁੱਟੀਏਂਗੀ, ਕੇਹੀ ਮਸਤ ਤੈਨੂੰ ਵੱਡੀ ਵਿਹਰ ਹੈ ਨੀ।

ਵਾਰਿਸ ਸ਼ਾਹ ਇਹ ਡੁਗਡੁਗੀ ਰੰਨ ਕੁੱਟਾਂ, ਕਿਸ ਛਡਾਵਣੀ ਵਿਹਰ ਤੇ ਕਹਿਰ ਹੈ ਨੀ।

410

ਤਥਾ

ਅਸੀਂ ਸਬਰ ਕਰਕੇ ਚੁਪ ਹੋ ਬੈਠੇ, ਬਹੁਤ ਔਖੀਆਂ ਇਹ ਫ਼ਕੀਰੀਆਂ ਨੇ।

ਨਜ਼ਰ ਥੱਲੇ ਕਿਉਂ ਲਿਆਵਣੀ ਕੰਨ ਪਾਟੇ, ਜਿਸਦੇ ਹੱਸ ਦੇ ਨਾਲ ਜ਼ੰਜੀਰੀਆਂ ਨੇ।

ਜਿਹੜੇ ਦਰਸ਼ਨੀ ਹੁੰਡਵੀ ਵਾਚ ਬੈਠੇ, ਸੱਭੇ ਚਿਠੀਆਂ ਉਹਨਾਂ ਨੇ ਚੀਰੀਆਂ ਨੇ।

ਤੁਸੀਂ ਕਰੋ ਹਿਆ ਕਵਾਰੀਉ ਨੀ, ਅਜੇ ਦੁੱਧ ਦੀਆਂ ਦੰਦੀਆਂ ਖੀਰੀਆਂ ਨੇ।

ਵਾਂਗ ਬੁਢਿਆਂ ਕਰੇ ਪੱਕਚੰਡ ਗੱਲਾਂ, ਮੱਥੇ ਚੁੰਡੀਆਂ ਕਵਾਰ ਦੀਆਂ ਚੀਰੀਆਂ ਨੇ।

ਕੇਹੀ ਚੰਦਰੀ ਲੱਗੀ ਹੈਂ ਆਣ ਮੱਥੇ, ਅਖੀਂ ਭੁਖ ਦੀਆਂ ਭੌਣ ਭੰਬੀਰੀਆਂ ਨੇ।

ਮੈਂ ਤਾਂ ਮਾਰ ਤਲੇਟੀਆਂ ਪੁਟ ਸੁੱਟਾਂ, ਮੇਰੀ ਉਂਗਲੀ ਉਂਗਲੀ ਪੀਰੀਆਂ ਨੇ।

ਵਾਰਿਸ ਸ਼ਾਹ ਫ਼ੌਜਦਾਰ ਦੇ ਮਾਰਨੇ ਨੂੰ, ਸੈਨਾਂ ਮਾਰੀਆਂ ਵੇਖ ਕਸ਼ਮੀਰੀਆਂ ਨੇ।

411

ਹੀਰ ਰਾਂਝੇ ਵੱਲ ਹੋਈ

ਸੈਨੀ ਮਾਰ ਕੇ ਹੀਰ ਨੇ ਜੋਗੀੜੇ ਨੂੰ, ਕਹਿਆ ਚੁਪ ਕਰ ਏਸ ਭਕਾਉਨੀ ਹਾਂ।

ਤੇਰੇ ਨਾਲ ਜੇ ਏਸ ਨੇ ਵੈਰ ਚਾਇਆ, ਮੱਥਾ ਏਸ ਦੇ ਨਾਲ ਮੈਂ ਲਾਉਨੀ ਹਾਂ।

ਕਰਾਂ ਗਲੋਂ ਗਲਾਇਣ ਨਾਲ ਇਸ ਦੇ, ਗਲ ਏਸਦੇ ਰੇਸ਼ਟਾ ਪਾਉਨੀ ਹਾਂ।

ਵਾਰਿਸ ਸ਼ਾਹ ਮੀਆਂ ਰਾਂਝੇ ਯਾਰ ਅੱਗੇ, ਇਹਨੂੰ ਕੰਜਰੀ ਵਾਂਗ ਨਚਾਉਨੀ ਹਾਂ।

412

ਹੀਰ ਸਹਿਤੀ ਨੂੰ

ਹੀਰ ਆਖਦੀ ਏਸ ਫ਼ਕੀਰ ਨੂੰ ਨੀ, ਕੇਹਾ ਘਤਿਉ ਗ਼ੈਬ ਦਾ ਵਾਇਦਾ ਈ।

ਏਨ੍ਹਾਂ ਆਜਜ਼ਾਂ ਭੌਰ ਨਿਮਾਣਿਆਂ ਨੂੰ, ਪਈ ਮਾਰਨੀ ਹੈਂ ਕੇਹਾ ਫ਼ਾਇਦਾ ਈ।

ਅੱਲਾਹ ਵਾਲਿਆਂ ਨਾਲ ਕੀ ਵੈਰ ਪਈਏਂ, ਭਲਾ ਕਵਾਰੀਏ ਏਹ ਕੀ ਕਾਇਦਾ ਈ।

ਪੈਰ ਚੁੰਮ ਫ਼ਕੀਰ ਦੀ ਟਹਿਲ ਕੀਚੈ, ਏਸ ਕੰਮ ਵਿੱਚ ਖ਼ੈਰ ਦਾ ਜ਼ਾਇਦਾ ਈ।

ਪਿੱਛੋਂ ਫੜੇਂਗੀ ਕੁਤਕਾ ਜੋਗੀੜੇ ਦਾ, ਕੌਣ ਜਾਣਦਾ ਕਿਹੜੀ ਜਾਇ ਦਾ ਈ।

ਵਾਰਿਸ ਸ਼ਾਹ ਫ਼ਕੀਰ ਜੇ ਹੋਣ ਗ਼ੁੱਸੇ, ਖ਼ੌਫ਼ ਸ਼ਹਿਰ ਨੂੰ ਕਹਿਤ ਵਬਾਇ ਦਾ ਈ।

413

ਸਹਿਤੀ ਤੇ ਹੀਰ

ਭਾਬੀ ਇੱਕ ਧਿਰੋਂ ਲੜੇ ਫ਼ਕੀਰ ਸਾਨੂੰ, ਤੂੰ ਭੀ ਜਿੰਦ ਕਢੇਂ ਨਾਲ ਘੂਰੀਆਂ ਦੇ।

ਜੇ ਤਾਂ ਹਿੰਗ ਦੇ ਨਿਰਖ ਦੀ ਖ਼ਬਰ ਨਾਹੀਂ, ਕਾਹਿ ਪੁੱਛੀਏ ਭਾ ਕਸਤੂਰੀਆਂ ਦੇ।

ਏਨ੍ਹਾਂ ਜੋਗੀਆਂ ਦੇ ਨਾਹੀਂ ਵੱਸ ਕਾਈ, ਕੀਤੇ ਰਿਜ਼ਕ ਨੇ ਵਾਇਦੇ ਦੂਰੀਆਂ ਦੇ।

ਜੇ ਤਾਂ ਪੱਟ ਪੜਾਵਣਾ ਨਾ ਹੋਵੇ, ਕਾਹਿ ਖਹਿਣ ਕੀਚੈ ਨਾਲ ਭੂਰੀਆਂ ਦੇ।

ਜਾਣ ਸਹਿਤੀਏ ਫ਼ੱਕਰ ਨੀ ਨਾਗ ਕਾਲੇ, ਮਿਲੇ ਹੱਕ ਕਮਾਈਆਂ ਪੂਰੀਆਂ ਦੇ।

ਕੋਈ ਦੇ ਬਦ ਦੁਆ ਤੇ ਗਾਲ ਸੁੱਟੇ, ਪਿੱਛੋਂ ਫ਼ਾਇਦੇ ਕੀ ਏਨ੍ਹਾਂ ਝੂਰੀਆਂ ਦੇ।

ਲਛੂ ਲਛੂ ਕਰਦੀ ਫਿਰੇਂ ਨਾਲ ਫੱਕਰਾਂ, ਲੁੱਚ ਚਾਲੜੇ ਇਹਨਾਂ ਲੰਗੂਰੀਆਂ ਦੇ।

ਵਾਰਿਸ ਸ਼ਾਹ ਫ਼ਕੀਰ ਦੀ ਰੰਨ ਵੈਰਨ, ਜਿਵੇਂ ਵੈਰੀ ਨੇ ਮਿਰਗ ਅੰਗੂਰੀਆਂ ਦੇ।

414

ਸਹਿਤੀ

ਭਾਬੀ ਕਰੇਂ ਰਿਆਇਤਾਂ ਜੋਗੀਆਂ ਦੀਆਂ, ਹੱਥੀਂ ਸੁੱਚੀਆਂ ਪਾਇ ਹਥੌੜੀਆਂ ਨੀ।

ਜਿਹੜੀ ਦੀਦ ਵਿਖਾਇਕੇ ਕਰੇ ਆਕੜ, ਮੈਂ ਤਾਂ ਪਟ ਸੁੱਟਾਂ ਏਹਦੀਆਂ ਚੌੜੀਆਂ ਨੀ।

ਗੁਰੂ ਏਸ ਦੇ ਨੂੰ ਨਹੀਂ ਪਹੁੰਚ ਓਥੇ, ਜਿੱਥੇ ਅਕਲਾਂ ਅਸਾਡੀਆਂ ਦੌੜੀਆ ਨੀ।

ਮਾਰ ਮੁਹਲੀਆਂ ਸੱਟਾਂ ਸੂ ਭੰਨ ਟੰਗਾਂ, ਫਿਰੇ ਢੂੰਡਦਾ ਕਾਠ ਕਠੌਰੀਆਂ ਨੀ।

ਜਿੰਨ ਭੂਤ ਤੇ ਦੇਉ ਦੀ ਅਕਲ ਜਾਵੇ, ਜਦੋਂ ਮਾਰ ਕੇ ਉੱਠੀਆਂ ਛੌੜੀਆਂ ਨੀ।

ਵਾਰਿਸ ਸ਼ਾਹ ਫ਼ਕੀਰ ਦੇ ਨਾਲ ਲੜਨਾ, ਕੱਪਣ ਜ਼ਹਿਰ ਦੀਆਂ ਗੰਦਲਾਂ ਕੌੜੀਆਂ ਨੀ।

415

ਹੀਰ

ਹਾਏ ਹਾਏ ਫ਼ਕੀਰ ਨੂੰ ਬੁਰਾ ਬੋਲੇਂ, ਬੁਰੇ ਸਹਿਤੀਏ ਤੇਰੇ ਅਪੌੜ ਹੋਏ।

ਜਿਨ੍ਹਾਂ ਨਾਲ ਨਮਾਣਿਆਂ ਵੈਰ ਚਾਇਆ, ਸਣੇ ਜਾਨ ਤੇ ਮਾਲ ਦੇ ਚੌੜ ਹੋਏ।

ਕੰਨ ਪਾਟਿਆਂ ਨਾਲ ਜਿਸ ਚਿਹ ਬੱਧੀ, ਪਸ-ਪੇਸ਼ ਥੀਂ ਅੰਤ ਨੂੰ ਰੌੜ ਹੋਏ।

ਰਹੇ ਔਤ ਨਖੱਤਰੀ ਰੰਡ ਸੁੰਞੀ, ਜਿਹੜੀ ਨਾਲ ਮਲੰਗਾਂ ਦੇ ਕੌੜ ਹੋਏ।

ਇਨ੍ਹਾਂ ਤਿਹਾਂ ਨੂੰ ਛੇੜੀਏ ਨਹੀਂ ਮੋਈਏ, ਜਿਹੜੇ ਆਸ਼ਕ ਫ਼ਕੀਰ ਤੇ ਭੌਰ ਹੋਏ।

ਵਾਰਿਸ ਸ਼ਾਹ ਲੜਾਈ ਦਾ ਮੂਲ ਬੋਲਣ, ਵੇਖ ਦੋਹਾਂ ਦੇ ਲੜਨ ਦੇ ਤੌਰ ਹੋਏ।

416

ਸਹਿਤੀ

ਭਾਬੀ ਏਸ ਜੇ ਗਧੇ ਦੀ ਅੜੀ ਬੱਧੀ, ਅਸੀਂ ਰੰਨਾਂ ਭੀ ਚਹਿ ਚਹਾਰੀਆਂ ਹਾਂ।

ਇਹ ਮਾਰਿਆ ਏਸ ਜਹਾਨ ਤਾਜ਼ਾ, ਅਸੀਂ ਰੋਜ਼ੇ-ਮੀਸਾਕ ਦੀਆਂ ਮਾਰੀਆਂ ਹਾਂ।

ਇਹ ਜ਼ਿਦ ਦੀ ਛੁਰੀ ਜੇ ਹੋ ਬੈਠਾ, ਅਸੀਂ ਚਿਹ ਦੀਆਂ ਤੇਜ਼ ਕਟਾਰੀਆਂ ਹਾਂ।

ਜੇ ਇਹ ਗੁੰਡਿਆਂ ਵਿੱਚ ਹੈ ਪੈਰ ਧਰਦਾ, ਅਸੀਂ ਖਚਰੀਆਂ ਬਾਂਕੀਆਂ ਡਾਰੀਆਂ ਹਾਂ।

ਮਰਦ ਰੰਗ ਮਹੱਲ ਹਨ ਇਸ਼ਰਤਾਂ ਦੇ, ਅਸੀਂ ਜ਼ੌਕ ਤੇ ਮਜ਼ੇ ਦੀਆਂ ਮਾੜੀਆਂ ਹਾਂ।

ਇਹ ਆਪ ਨੂੰ ਮਰਦ ਸਦਾਂਵਦਾ ਹੈ, ਅਸੀਂ ਨਰਾਂ ਦੇ ਨਾਲ ਦੀਆਂ ਨਾਰੀਆਂ ਹਾਂ।

ਏਸ ਚਾਕ ਦੀ ਕੌਣ ਮਜਾਲ ਹੈ ਨੀ, ਰਾਜੇ ਭੋਜ ਥੀਂ ਅਸੀਂ ਨਾ ਹਾਰੀਆਂ ਹਾਂ।

ਵਾਰਿਸ ਸ਼ਾਹ ਵਿੱਚ ਹੱਕ ਸਫ਼ੈਦ-ਪੋਸ਼ਾਂ, ਅਸੀਂ ਹੋਲੀ ਦੀਆਂ ਰੰਗ ਪਿਚਕਾਰੀਆਂ ਹਾਂ।

417

ਹੀਰ

ਜਿਨ੍ਹਾਂ ਨਾਲ ਫ਼ਕੀਰ ਦੇ ਅੜੀ ਬੱਧੀ, ਹੱਥ ਧੋ ਜਹਾਨ ਥੀਂ ਚੱਲੀਆਂ ਨੀ।

ਆ ਟਲੀਂ ਕਵਾਰੀਏ ਡਾਰੀਏ ਨੀ, ਕੋਹੀਆਂ ਚਾਈਓਂ ਭਵਾਂ ਅਵੱਲੀਆਂ ਨੀ।

ਹੈਣ ਵੱਸਦੇ ਮੀਂਹ ਭੀ ਹੋ ਨੀਂਵੇਂ, ਧੁੰਮਾਂ ਕਹਿਰ ਦੀਆਂ ਦੇਸ ਤੇ ਘੱਲੀਆਂ ਨੀ।

ਕਾਰੇ ਹੱਥੀਆਂ ਕਵਾਰੀਆਂ ਵਿਹੁ-ਭਰੀਆਂ, ਭਲਾ ਕੀਕਰੂੰ ਰਹਿਣ ਨਚੱਲੀਆਂ ਨੀ।

ਮੁਣਸ ਮੰਗਦੀਆਂ ਜੋਗੀਆਂ ਨਾਲ ਲੜ ਕੇ, ਰਾਤੀਂ ਔਖੀਆਂ ਹੋਣ ਇਕੱਲੀਆਂ ਨੀ।

ਪੱਛੀ ਚਰਖੜਾ ਰੁਲੇ ਹੈ ਸੜਨ ਜੋਗਾ, ਕਦੀ ਚਾਰ ਨਾ ਲਾਹੀਉਂ ਛੱਲੀਆਂ ਨੀ।

ਜਿੱਥੇ ਗਭਰੂ ਹੋਣ ਜਾ ਖਹੇਂ ਆਪੇ, ਪਰ੍ਹੇ ਮਾਰ ਕੇ ਬਹੇਂ ਪਥੱਲੀਆਂ ਨੀ।

ਟਲ ਜਾ ਫ਼ਕੀਰ ਥੋਂ ਗੁੰਡੀਏ ਨੀ, ਵਾਰਿਸ ਕਵਾਰੀਏ ਰਾਹੀਂ ਕਿਉਂ ਮੱਲੀਆਂ ਨੀ।

418

ਸਹਿਤੀ

ਭਲਾ ਦੱਸ ਭਾਬੀ ਕੇਹਾ ਵੈਰ ਚਾਇਉ, ਭਈਆਂ ਪਿੱਟਿਆਂ ਨੂੰ ਪਈ ਲੂਹਨੀ ਹੈਂ।

ਅਣਹੁੰਦੀਆਂ ਗੱਲਾਂ ਦੇ ਨਾਉਂ ਲੈ ਕੇ, ਘਾ ਅੱਲੜੇ ਪਈ ਖਨੂੰਹਨੀ ਹੈਂ।

ਆਪ ਛਾਨਣੀ ਛੇੜਦੀ ਦੀ ਦੋਹਨੀ ਨੂੰ, ਐਵੇਂ ਕੰਡਿਆਂ ਤੋਂ ਪਈ ਧੂਹਨੀ ਹੈਂ।

ਸੋਹਨੀ ਹੋਈ ਹੈਂ ਨਹੀਂ ਤੂੰ ਗ਼ੈਬ ਚਾਇਆ, ਖੂਨ ਖ਼ਲਕ ਦਾ ਪਈ ਨਚੂਹਨੀ ਹੈਂ।

ਆਪ ਚਾਕ ਹੰਢਾਇਕੇ ਛੱਡ ਆਈਏਂ, ਹੋਰ ਖ਼ਲਕ ਨੂੰ ਪਈ ਵਡੂਹਨੀ ਹੈਂ।

ਆਖ ਭਾਈ ਨੂੰ ਹੁਣੇ ਕੁਟਾਇ ਘੱਤੂੰ, ਜੇਹੇ ਅਸਾਂ ਨੂੰ ਮੇਹਣੇ ਲੂਹਨੀ ਹੈਂ।

ਆਪ ਕਮਲੀ ਲੋਕਾਂ ਦੇ ਸਾਂਗ ਲਾਏਂ, ਖੱਚਰਵਾਈਆਂ ਦੀ ਵੱਡੀ ਖੂਹਨੀ ਹੈਂ।

ਵਾਰਿਸ ਸ਼ਾਹ ਕੇਹੀ ਬਘਿਆੜੀ ਏਂ ਨੀ, ਮੁੰਡੇ ਮੋਹਣੀ ਤੇ ਵੱਡੀ ਸੂਹਣੀ ਹੈਂ।

419

ਹੀਰ

ਖ਼ੁਆਰ ਖੱਜਲਾਂ ਰੁਲਦੀਆਂ ਫਿਰਦੀਆ ਸਨ, ਅੱਖੀਂ ਵੇਖਦਿਆਂ ਹੋਰ ਦੀਆਂ ਹੋਰ ਹੋਈਆਂ।

ਅਤੇ ਦੁਧ ਦੀਆਂ ਧੋਤੀਆਂ ਨੇਕ ਨੀਤਾਂ, ਆਖੇ ਚੋਰਾਂ ਦੇ ਤੇ ਅਸੀਂ ਚੋਰ ਹੋਈਆਂ।

ਚੋਰ ਚੌਧਰੀ ਗੁੰਡੀ ਪਰਧਾਨ ਕੀਤੀ, ਇਹ ਉਲਟ ਅਵੱਲੀਆਂ ਜ਼ੋਰ ਹੋਈਆਂ।

ਬਦਜ਼ੇਬ ਤੇ ਕੋਝੀਆਂ ਭੇਡ ਮੂੰਹੀਆਂ, ਆਕੇ ਹੁਸਨੇ ਦੇ ਬਾਗ਼ ਦੀਆਂ ਮੋਰ ਹੋਈਆਂ।

ਇਹ ਚੁਗ਼ਲ ਬਲੋਚਾਂ ਦੇ ਨੇਹੁੰ ਮੁੱਠੀ, ਅੰਨ੍ਹੀਂ ਡੌਰ ਘੂਠੀ ਮਨਖੋਰ ਹੋਈਆਂ।

ਇਹਦੀ ਬਣਤ ਵੇਖੋ ਨਾਲ ਨਖ਼ਰਿਆਂ ਦੇ, ਮਾਲਜ਼ਾਦੀਆਂ ਵਿੱਚ ਲਹੌਰ ਹੋਈਆਂ।

ਭਰਜਾਈਆਂ ਨੂੰ ਬੋਲੀ ਮਾਰਦੀਆਂ ਨੇ, ਫਿਰਨ ਮੰਡੀਆਂ ਵਿੱਚ ਲਲੋਰ ਹੋਈਆਂ।

ਵਾਰਿਸ ਸ਼ਾਹ ਝਨ੍ਹਾਉਂ ਤੇ ਧੁਮ ਇਹਦੀ, ਜਿਵੇਂ ਸੱਸੀ ਦੀਆਂ ਸ਼ਹਿਰ ਭੰਬੋਰ ਹੋਈਆਂ।

420

ਸਹਿਤੀ

ਲੜੇ ਜੱਟ ਤੇ ਕੁੱਟੀਏ ਡੂਮ ਨਾਹੀਂ, ਸਿਰ ਜੋਗੀੜੇ ਦੇ ਗੱਲ ਆਈਆ ਈ।

ਆ ਕੱਢੀਏ ਵੱਢੀਏ ਇਹ ਫਸਤਾ, ਜਗਧੂੜ ਕਾਈ ਏਸ ਪਾਈਆ ਈ।

ਏਸ ਮਾਰ ਮੰਤਰ ਵੈਰ ਪਾਇ ਦਿੱਤਾ, ਚਾਣਚੱਕ ਦੀ ਪਈ ਲੜਾਈਆ ਈ।

ਹੀਰ ਨਹੀਂ ਖ਼ਾਂਦੀ ਮਾਰ ਅਸਾਂ ਕੋਲੋਂ, ਵਾਰਿਸ ਗੱਲ ਫ਼ਕੀਰ ਤੇ ਆਈਆ ਈ।

421

ਸਹਿਤੀ ਨੌਕਰਾਣੀ ਨੂੰ

ਸਹਿਤੀ ਆਖਿਆ ਉਠ ਰਬੇਲ ਬਾਂਦੀ, ਖ਼ੈਰ ਪਾ ਫ਼ਕੀਰ ਨੂੰ ਕੱਢੀਏ ਨੀ।

ਆਟਾ ਘੱਤ ਕੇ ਰੁਗ ਕਿ ਬੁਕ ਚੀਣਾਂ, ਵਿੱਚੋਂ ਅਲਖ ਫ਼ਸਾਦ ਦੀ ਵੱਢੀਏ ਨੀ।

ਦੇ ਭਿਛਿਆ ਵਿਹੜਿਉਂ ਕਢ ਆਈਏ, ਹੋੜਾ ਵਿੱਚ ਬਰੂੰਹ ਦੇ ਗੱਡੀਏ ਨੀ।

ਅੰਮਾਂ ਆਵੇ ਤਾਂ ਭਾਬੀ ਤੋਂ ਵੱਖ ਹੋਈਏ, ਸਾਥ ਉੱਠ ਬਲੇਦੇ ਦਾ ਛੱਡੀਏ ਨੀ।

ਆਵੇ ਖੋਹ ਨਵਾਲੀਆਂ ਹੀਰ ਸੁੱਟੀਏ, ਓਹਦੇ ਯਾਰ ਨੂੰ ਕੁਟ ਕੇ ਛੱਡੀਏ ਨੀ।

ਵਾਂਗ ਕਿਲਾ ਦੀਪਾਲਪੁਰ ਹੋ ਆਕੀ, ਝੰਡਾ ਵਿੱਚ ਮਵਾਸ ਦੇ ਗੱਡੀਏ ਨੀ।

ਵਾਰਿਸ ਸ਼ਾਹ ਦੇ ਨਾਲ ਦੋ ਹੱਥ ਕਰੀਏ, ਅਵੇ ਉੱਠ ਤੂੰ ਸਾਰ ਦੀਏ ਹੱਡੀਏ ਨੀ।

422

ਨੌਕਰਾਣੀ ਦਾ ਖ਼ੈਰ ਪਾਉਣਾ ਤੇ ਜੋਗੀ ਦਾ ਹੋਰ ਭੜਕਣਾ

ਬਾਂਦੀ ਹੋ ਗ਼ੁੱਸੇ ਨੱਕ ਚਾੜ੍ਹ ਉਠੀ, ਬੁਕ ਚੀਣੇ ਦਾ ਚਾਇ ਉਲੇਰਿਆ ਸੂ।

ਧਰੋਹੀ ਰੱਬ ਦੀ ਖ਼ੈਰ ਲੈ ਜਾ ਸਾਥੋਂ, ਹਾਲ ਹਾਲ ਕਰ ਪੱਲੂੜਾ ਫੇਰਿਆ ਸੂ।

ਬਾਂਦੀ ਲਾਡ ਦੇ ਨਾਲ ਚਵਾਇ ਕਰਕੇ, ਧੱਕਾ ਦੇ ਨਾਥ ਨੂੰ ਗੇਰਿਆ ਸੂ।

ਲੈ ਕੇ ਖ਼ੈਰ ਤੇ ਖੱਪਰਾ ਜਾ ਸਾਥੋਂ, ਓਸ ਸੁੱਤੜੇ ਨਾਗ ਨੂੰ ਛੇੜਿਆ ਸੂ।

ਛਿੱਬੀ ਗੱਲ੍ਹ ਵਿੱਚ ਦੇ ਪਸ਼ਮ ਪੁੱਟੀ, ਹੱਥ ਜੋਗੀ ਦੇ ਮੂੰਹ ਤੇ ਫੇਰਿਆ ਸੂ।

ਵਾਰਿਸ ਸ਼ਾਹ ਫਰੰਗ ਦੇ ਬਾਗ਼ ਵੜ ਕੇ, ਵੇਖ ਕਲਾ ਦੇ ਖੂਹ ਨੂੰ ਗੇੜਿਆ ਸੂ।

423

ਰਾਂਝਾ

ਰਾਂਝਾ ਵੇਖ ਕੇ ਬਹੁਤ ਹੈਰਾਨ ਹੋਇਆ, ਪਈਆਂ ਦੁੱਧ ਵਿੱਚ ਅੰਬ ਦੀਆਂ ਫਾੜੀਆਂ ਨੀ।

ਗ਼ੁੱਸੇ ਨਾਲ ਜਿਉਂ ਹਸ਼ਰ ਨੂੰ ਜ਼ਿਮੀਂ ਤਪੇ, ਜੀਊ ਵਿੱਚ ਕਲੀਲੀਆਂ ਚਾੜ੍ਹੀਆਂ ਨੀ।

ਚੀਣਾ ਚੋਗ ਚਮੂਣਿਆ ਆਣ ਪਾਇਉ, ਮੁੰਨ ਚੱਲੀ ਹੈਂ ਗੋਲੀਏ ਦਾੜ੍ਹੀਆਂ ਨੀ।

ਜਿਸ ਤੇ ਨਬੀ ਦਾ ਰਵਾ ਦਰੂਦ ਨਾਹੀਂ, ਅੱਖੀਂ ਭਰਨ ਨਾ ਮੂਲ ਉਘਾੜੀਆਂ ਨੀ।

ਜਿਸ ਦਾ ਪੱਕੇ ਪਰਾਉਂਠਾ ਨਾ ਮੰਡਾ, ਪੰਡ ਨਾ ਬੱਝੇ ਵਿੱਚ ਸਾੜ੍ਹੀਆਂ ਨੀ।

ਡੁੱਬ ਮੋਏ ਨੇ ਕਾਸਬੀ ਵਿੱਚ ਚੀਣੇ, ਵਾਰਿਸ ਸ਼ਾਹ ਨੇ ਬੋਲੀਆਂ ਮਾਰੀਆਂ ਨੀ।

ਨੈਣੂੰ ਯੂਸ਼ਬਾ ਬੋਲ ਅਬੋਲ ਕਹਿ ਕੇ, ਡੁੱਬੇ ਆਪਣੇ ਆਪਣੀ ਵਾਰੀਆਂ ਨੀ।

ਅਵੋ ਭਿੱਛਿਆ ਘੱਤਿਉ ਆਣ ਚੀਣਾ, ਨਾਲ ਫ਼ਕਰ ਦੇ ਘੋਲੀਉਂ ਯਾਰੀਆਂ ਨੀ।

ਔਹ ਲੋਹੜਾ ਵੱਡਾ ਕਹਿਰ ਕੀਤੋ, ਕੰਮ ਡੋਬ ਸੁੱਟਿਆ ਰੰਨਾਂ ਡਾਰੀਆਂ ਨੀ।

ਵਾਰਿਸ ਖੱਪਰੀ ਚਾ ਪਲੀਤ ਕੀਤੀ, ਪਈਆਂ ਧੋਣੀਆਂ ਸੇਹਲੀਆਂ ਸਾਰੀਆਂ ਨੀ।

424

ਸਹਿਤੀ

ਚੀਣਾਂ ਝਾਲ ਝੱਲੇ ਜਟਾ ਧਾਰੀਆਂ ਦੀ, ਮਾਈ ਬਾਪ ਹੈ ਨੰਗਿਆਂ ਭੁੱਖਿਆਂ ਦਾ।

ਅੰਨ ਚੀਣੇ ਦਾ ਖਾਵੀਏ ਨਾਲ ਲੱਸੀ, ਸਵਾਦ ਦੁੱਧ ਦਾ ਟੁਕੜਿਆਂ ਰੁੱਖਿਆਂ ਦਾ।

ਬਣਨ ਪਿੰਨੀਆਂ ਏਸ ਦੇ ਚਾਉਲਾਂ ਦੀਆਂ, ਖਾਵੇ ਦੇਣ ਮਜ਼ਾ ਚੋਖਾ ਚੁੱਖਿਆਂ ਦਾ।

ਵਾਰਿਸ ਸ਼ਾਹ ਮੀਆਂ ਨਵਾਂ ਨਜ਼ਰ ਆਇਆ, ਇਹ ਚਾਲੜਾ ਲੁੱਚਿਆਂ ਭੁੱਖਿਆਂ ਦਾ।

425

ਰਾਂਝਾ

ਚੀਣਾ ਖ਼ੈਰ ਦੇਣਾ ਬੁਰਾ ਜੋਗੀਆਂ ਨੂੰ, ਮੱਛੀ ਭਾਬੜੇ ਨੂੰ ਮਾਸ ਬਾਹਮਣਾਂ ਨੀ।

ਕੈਫ਼ ਭਗਤ ਕਾਜ਼ੀ ਤੇਲ ਖੰਘ ਵਾਲੇ, ਵੱਢ ਸੁੱਟਣਾ ਲੁੰਗ ਪਲਾਹਮਣਾਂ ਨੀ।

ਜ਼ਹਿਰ ਜੀਂਵਦੇ ਨੂੰ ਅੰਨ ਸੰਨ੍ਹ ਵਾਲੇ, ਪਾਣੀ ਹਲਕਿਆਂ ਨੂੰ, ਧਰਨ ਸਾਹਮਣਾ ਨੀ।

ਵਾਰਿਸ ਸ਼ਾਹ ਜਿਉਂ ਸੰਖੀਆ ਚੂਹਿਆਂ ਨੂੰ, ਸੰਖ ਮੁੱਲਾਂ ਨੂੰ ਬਾਂਗ ਜਿਉਂ ਬਾਹਮਣਾਂ ਨੀ।

426

ਸਹਿਤੀ

ਕਿਉਂ ਵਿਗੜ ਕੇ ਤਿਗੜ ਕੇ ਪਾਟ ਲੱਥੋਂ, ਅੰਨ ਆਬੇ-ਹਿਆਤ ਹੈ ਭੁੱਖਿਆਂ ਨੂੰ।

ਬੁੱਢਾ ਹੋਵਸੇਂ ਲਿੰਗ ਜਾ ਰਹਿਣ ਟੁਰਨੋਂ, ਫਿਰੇਂ ਢੂੰਡਦਾ ਟੁੱਕਰਾਂ ਰੁੱਖਿਆਂ ਨੂੰ।

ਕਿਤੇ ਰੰਨ ਘਰ ਬਾਰ ਨਾ ਅੱਡਿਆ ਈ, ਅਜੇ ਫਿਰੇਂ ਚਲਾਉਂਦਾ ਤੁੱਕਿਆਂ ਨੂੰ।

ਵਾਰਿਸ ਸ਼ਾਹ ਅੱਜ ਵੇਖ ਜੋ ਚੜ੍ਹੀ ਮਸਤੀ, ਓਹਨਾਂ ਲੁੱਚਿਆਂ ਭੁੱਖਿਆਂ ਸੁੱਕਿਆਂ ਨੂੰ।

427

ਜੋਗੀ ਲੜਣ ਲਈ ਤਿਆਰ

ਜੋਗੀ ਗ਼ਜ਼ਬ ਦੇ ਸਿਰ ਤੇ ਸੱਟ ਖੱਪਰ, ਪਕੜ ਉਠਿਆ ਮਾਰ ਕੇ ਛੌੜਿਆ ਈ।

ਲੈ ਕੇ ਫਾਹੁੜੀ ਘੁਲਣ ਨੂੰ ਤਿਆਰ ਹੋਇਆ, ਮਾਰ ਵਿਹੜੇ ਦੇ ਵਿੱਚ ਅਪੌੜਿਆ ਈ।

ਸਾੜ ਬਾਲ ਕੇ ਜੀਊ ਨੂੰ ਖ਼ਾਕ ਕੀਤਾ, ਨਾਲ ਕਾਵੜਾਂ ਦੇ ਜਟ ਕੌੜ੍ਹਿਆ ਈ।

ਜੇਹਾ ਜ਼ਕਰੀਆ ਖ਼ਾਨ ਮੁਹਿੰਮ ਕਰਕੇ, ਲੈ ਕੇ ਤੋਪ ਪਹਾੜ ਨੂੰ ਦੌੜਿਆ ਈ।

ਜੇਹਾ ਮਹਿਰ ਦੀ ਸਥ ਦਾ ਬਾਨ-ਭੁੱਚਰ, ਵਾਰਿਸ ਸ਼ਾਹ ਫ਼ਕੀਰ ਤੇ ਦੌੜਿਆ ਈ।

428

ਰਾਂਝਾ ਨੌਕਰਾਣੀ ਨੂੰ

ਹੱਥ ਚਾਇ ਮੁਤਹਿਰੜੀ ਕੜਕਿਆ ਈ, ਤੈਨੂੰ ਆਉਂਦਾ ਜਗ ਸਭ ਸੁੰਞ ਰੰਨੇ।

ਚਾਵਲ ਨਿਹਮਤਾਂ ਕਣਕ ਤੂੰ ਆਪ ਖਾਏਂ, ਖ਼ੈਰ ਦੇਣ ਤੇ ਕੀਤਾ ਹੈ ਖੁੰਝ ਰੰਨੇ।

ਖੜ ਦਹੇ ਚੀਣਾ ਘਰ ਖ਼ਾਵੰਦਾਂ ਦੇ, ਨਹੀਂ ਮਾਰ ਕੇ ਕਰੂੰਗਾ ਮੁੰਜ ਰੰਨੇ।

ਫਿਟ ਚੜ੍ਹਦਿਆਂ ਚੂੜੀਆਂ ਕਢ ਸੁਟਾਂ, ਲਾ ਬਹੀਏਂ ਜੇ ਵੈਰ ਦੀ ਝੁੰਜ ਰੰਨੇ।

ਸਿਰ ਫਾਹੁੜੀ ਮਾਰ ਕੇ ਦੰਦ ਝਾੜੂੰ, ਟੰਗਾਂ ਭੰਨ ਕੇ ਕਰੂੰਗਾ ਲੁੰਜ ਰੰਨੇ।

ਤੇਰੀ ਵਰੀ-ਸੂਈ ਹੁਣੇ ਫੋਲ ਸੁੱਟਾਂ, ਜਹੀ ਰਹੇਂਗੀ ਉਂਜ ਦੀ ਉਂਜ ਰੰਨੇ।

ਵਾਰਿਸ ਸ਼ਾਹ ਸਿਰ ਚਾੜ੍ਹ ਵਿਗਾੜੀਏਂ ਤੂੰ, ਹਾਥੀ ਵਾਂਗ ਮੈਦਾਨ ਵਿੱਚ ਗੁੰਜ ਰੰਨੇ।

429

ਸਹਿਤੀ ਨੌਕਰਾਣੀ ਨੂੰ

ਬਾਂਦੀ ਹੋਇਕੇ ਚੁਪ ਖਲੋ ਰਹੀ, ਸਹਿਤੀ ਆਖਦੀ ਖ਼ੈਰ ਨਾ ਪਾਇਉ ਕਿਉਂ।

ਇਹ ਤਾਂ ਜੋਗੀੜਾ ਲੀਕ ਕੰਮਜ਼ਾਤ ਕੰਜਰ, ਏਸ ਨਾਲ ਤੂੰ ਭੇੜ ਮਚਾਇਉ ਕਿਉਂ।

ਆਪ ਜਾਇ ਕੇ ਦੇ ਜੇ ਹੈ ਲੈਂਦਾ, ਘਰ ਮੌਤ ਦੇ ਘਤ ਫਹਾਇਉ ਕਿਉਂ।

ਮੇਰੀ ਪਾਣ ਪੱਤ ਏਸ ਨੇ ਲਾਹ ਸੁੱਟੀ, ਜਾਣ ਬੁੱਝ ਬੇਸ਼ਰਮ ਕਰਾਇਉ ਕਿਉਂ।

ਮੈਂ ਤਾਂ ਏਸ ਦੇ ਹੱਥ ਵਿੱਚ ਆਣ ਫਾਥੀ, ਮੂੰਹ ਸ਼ੇਰ ਦੇ ਮਾਸ ਫਹਾਇਉ ਕਿਉਂ।

ਵਾਰਿਸ ਸ਼ਾਹ ਮੀਆਂ ਏਸ ਮੋਰਨੀ ਨੇ, ਦਵਾਲੇ ਲਾਹੀਕੇ ਬਾਜ਼ ਛੁਡਾਇਉ ਕਿਉਂ।

430

ਰਾਂਝਾ

ਝਾਟਾ ਖੋਹ ਕੇ ਮੀਢੀਆਂ ਪੁੱਟ ਘੱਤੂੰ, ਗੁੱਤੋਂ ਪਕੜ ਕੇ ਦਿਉਂ ਵਿਲਾਵੜਾ ਨੀ।

ਜੇ ਤਾਂ ਪਿੰਡ ਦਾ ਖ਼ੌਫ਼ ਵਿਖਾਵਨੀ ਹੈਂ, ਲਿਖਾਂ ਪਸ਼ਮ ਤੇ ਇਹ ਗਿਰਾਂਵੜਾ ਨੀ।

ਤੇਰਾ ਅਸਾਂ ਦੇ ਨਾਲ ਮੁਦਪੱੜਾ ਹੈ, ਨਹੀਂ ਹੋਵਣਾ ਸਹਿਜ ਮਿਲਾਵੜਾ ਨੀ।

ਲਤ ਮਾਰ ਕੇ ਛੜੂੰਗਾ ਚਾਇ ਗੁੰਬੜ, ਕਢ ਆਈ ਹੈਂ ਢਿਡ ਜਿਉਂ ਤਾਵੜਾ ਨੀ।

ਸਣੇ ਕਵਾਰੀ ਦੇ ਮਾਰ ਕੇ ਮਿੱਝ ਕਢੂੰ, ਚੁਤੜ ਘੜੂੰਗਾ ਨਾਲ ਫਹਾਵੜਾ ਨੀ।

ਹੱਥ ਲਗੇ ਤਾਂ ਸੁਟੂੰਗਾ ਚੀਰ ਰੰਨੇ, ਕਢ ਲਊਂਗਾ ਸਾਰੀਆਂ ਕਾਵੜਾਂ ਨੀ।

ਤੁਸੀਂ ਤਰੈ ਘੁਲਾਟਣਾਂ ਜਾਣਦਾ ਹਾਂ, ਕੱਢਾ ਦੋਹਾਂ ਦਾ ਪੋਸਤਿਆਵੜਾ ਨੀ।

ਵਾਰਿਸ ਸ਼ਾਹ ਦੇ ਮੋਢਿਆਂ ਚੜ੍ਹੀ ਹੈਂ ਤੂੰ, ਨਿਕਲ ਜਾਣਗੀਆਂ ਜਵਾਨੀਆਂ ਦੀਆਂ ਚਾਵੜਾਂ ਨੀ।

431

ਤਥਾ

ਹੀਰੇ ਕਰਾਂ ਮੈਂ ਬਹੁਤ ਹਿਆ ਤੇਰਾ, ਨਹੀਂ ਮਾਰਾਂ ਸੂ ਪਕੜ ਪਥੱਲ ਕੇ ਨੀ।

ਸੱਭਾ ਪਾਣ ਪੱਤ ਏਸ ਦੀ ਲਾਹ ਸੁੱਟਾਂ, ਲੱਖ ਵਾਹਰਾਂ ਦਏ ਜੇ ਘੱਲ ਕੇ ਨੀ।

ਜੇਹਾ ਮਾਰ ਚਿਤੌੜ ਗੜ੍ਹ ਸ਼ਾਹ ਅਕਬਰ, ਢਾਹ ਮੋਰਚੇ ਲਏ ਮਚੱਲਕੇ ਨੀ।

ਜਿਉਂ ਜਿਉਂ ਸ਼ਰਮ ਦਾ ਮਾਰਿਆ ਚੁਪ ਕਰਨਾਂ, ਨਾਲ ਮਸਤੀਆਂ ਆਂਵਦੀ ਚੱਲ ਕੇ ਨੀ।

ਤੇਰੀ ਪਕੜ ਸੰਘੀ ਜਿੰਦ ਕੱਢ ਸੁੱਟਾਂ, ਮੇਰੇ ਖੁੱਸ ਨਾ ਜਾਣਗੇ ਤੱਲਕੇ ਨੀ।

ਭਲਾ ਆਖ ਕੀ ਖੱਟਣਾ ਵੱਟਣਾ ਹਈ, ਵਾਰਿਸ ਸ਼ਾਹ ਦੇ ਨਾਲ ਪਿੜ ਮੱਲ ਕੇ ਨੀ।

432

ਹੀਰ

ਬੋਲੀ ਹੀਰ ਮੀਆਂ ਪਾ ਖ਼ਾਕ ਤੇਰੀ, ਪਿੱਛਾ ਟੁੱਟੀਆਂ ਅਸੀਂ ਪਰਦੇਸਣਾਂ ਹਾਂ।

ਪਿਆਰੇ ਵਿਛੜੇ ਚੌਂਪ ਨਾ ਰਹੀ ਕਾਈ, ਲੋਕਾਂ ਵਾਂਗ ਨਾ ਮਿੱਠੀਆਂ ਮੇਸਣਾਂ ਹਾਂ।

ਅਸੀਂ ਜੋਗੀਆ ਪੈਰ ਦੀ ਖ਼ਾਕ ਤੇਰੀ, ਨਾਹੀਂ ਖੋਟੀਆਂ ਅਤੇ ਮਲਖੇਸਣਾਂ ਹਾਂ।

ਨਾਲ ਫ਼ਕਰ ਦੇ ਕਰਾਂ ਬਰਾਬਰੀ ਕਿਉਂ, ਅਸੀਂ ਜੱਟੀਆਂ ਹਾਂ ਕਿ ਕੁਰੇਸ਼ਣਾਂ ਹਾਂ।

433

ਹੀਰ ਨੂੰ ਸਹਿਤੀ

ਨਵੀਂ ਨੂਚੀਏ ਕੱਚੀਏ ਯਾਰਨੀਏ ਨੀ, ਕਾਰੇ-ਹੱਥੀਏ ਚਾਕ ਦੀਏ ਪਿਆਰੀਏ ਨੀ।

ਪਹਿਲੇ ਕੰਮ ਸਵਾਰ ਹੋ ਬਹੇਂ ਨਿਆਰੀ, ਬੇਲੀ ਘੇਰ ਲੈ ਜਾਣੀਏ ਡਾਰੀਏ ਨੀ।

ਆਪ ਭਲੀ ਹੋ ਬਹੇਂ ਤੇ ਅਸੀਂ ਬੁਰੀਆਂ, ਕਰੇਂ ਖਚਰ-ਪੌ ਰੂਪ ਸ਼ਿੰਗਾਰੀਏ ਨੀ।

ਅਖੀਂ ਮਾਰ ਕੇ ਯਾਰ ਨੂੰ ਛੇੜ ਪਾਉ ਨੀ ਮਹਾਂ ਸਤੀਏ ਚਹਿ ਚਹਾਰੀਏ ਨੀ।

ਆਉ ਜੋਗੀ ਨੂੰ ਲਈਂ ਛੁਡਾ ਸਾਥੋਂ, ਤੁਸਾਂ ਦੋਹਾਂ ਦੀ ਪੈਜ ਸਵਾਰੀਏ ਨੀ।

ਵਾਰਿਸ ਸ਼ਾਹ ਹੱਥ ਫੜੇ ਦੀ ਲਾਜ ਹੁੰਦੀ, ਕਰੀਏ ਸਾਥ ਤਾਂ ਪਾਰ ਉਤਾਰੀਏ ਨੀ।

434

ਸਹਿਤੀ ਨੇ ਖ਼ੈਰ ਪਾਉਣਾ

ਸਹਿਤੀ ਹੋ ਗ਼ੁੱਸੇ ਚਾ ਖ਼ੈਰ ਪਾਇਆ, ਜੋਗੀ ਵੇਖਦੇ ਤੁਰਤ ਹੀ ਰੱਜ ਪਿਆ।

ਮੂੰਹੋਂ ਆਖਦੀ ਰੋਹ ਦੇ ਨਾਲ ਜੱਟੀ, ਕਟਕ ਖੇੜਿਆਂ ਦੇ ਭਾਵੇਂ ਅੱਜ ਪਿਆ।

ਇਹ ਲੈ ਮਕਰਿਆ ਠਕਰਿਆ ਰਾਵਲਾ ਵੇ, ਕਾਹੇ ਵਾਚਨਾ ਏਂ ਐਡ ਧਰੱਜ ਪਿਆ।

ਠੂਠੇ ਵਿੱਚ ਸਹਿਤੀ ਚੀਣਾ ਘਤ ਦਿੱਤਾ, ਫੱਟ ਜੋਗੀ ਦੇ ਕਾਲਜੇ ਵੱਜ ਪਿਆ।

ਵਾਰਿਸ ਸ਼ਾਹ ਸ਼ਰਾਬ ਖ਼ਰਾਬ ਹੋਇਆ, ਸ਼ੀਸ਼ਾ ਸੰਗ ਤੇ ਵੱਜ ਕੇ ਭੱਜ ਪਿਆ।

435

ਰਾਂਝਾ

ਖ਼ੈਰ ਫ਼ਕਰ ਨੂੰ ਅਕਲ ਦੇ ਨਾਲ ਦੀਚੈ, ਹੱਥ ਸੰਭਲ ਕੇ ਬੁੱਕ ਉਲਾਰੀਏ ਨੀ।

ਕੀਚੈ ਐਡ ਹੰਕਾਰ ਨਾ ਜੋਬਨੇ ਦਾ, ਘੋਲ ਘੱਤੀਏ ਮਸਤ ਹੰਕਾਰੀਏ ਨੀ।

ਹੋਈਉਂ ਮਸਤ ਗਰੂਰ ਤਕੱਬਰੀ ਦਾ, ਲੋੜ੍ਹ ਘਤਿਉਂ ਰੰਨੇ ਡਾਰੀਏ ਨੀ।

ਕੀਚੈ ਹੁਸਨ ਦਾ ਮਾਣ ਨਾ ਭਾਗ ਭਰੀਏ, ਛਲ ਜਾਇਸੀ ਰੂਪ ਵਿਚਾਰੀਏ ਨੀ।

ਠੂਠਾ ਭੰਨ ਫ਼ਕੀਰ ਨੂੰ ਪੱਟਿਉ ਈ, ਸ਼ਾਲਾ ਯਾਰ ਮਰੀ ਅਨੀ ਡਾਰੀਏ ਨੀ।

ਮਾਪੇ ਮਰਨ ਹੰਕਾਰ ਭੱਜ ਪਵੇ ਤੇਰਾ, ਵਾਰਿਸ ਪੱਤਣੇ ਦੀਏ ਵਣਜਾਰੀਏ ਨੀ।

436

ਸਹਿਤੀ

ਘੋਲ ਘਤਿਉਂ ਯਾਰ ਦੇ ਨਾਉਂ ਉਤੋਂ, ਮੂੰਹੋਂ ਸੰਭਲੀਂ ਜੋਗੀਆਂ ਆਰਿਆ ਵੇ।

ਤੇਰੇ ਨਾਲ ਮੈਂ ਆਖ ਕੀ ਬੁਰਾ ਕੀਤਾ, ਹੱਥ ਲਾ ਨਾਹੀਂ ਤੈਨੂੰ ਮਾਰਿਆ ਵੇ।

ਮਾਉਂ ਸੁਣਦਿਆਂ ਪੁਣੇਂ ਤੂੰ ਯਾਰ ਮੇਰਾ, ਵੱਡਾ ਕਹਿਰ ਕੀਤੋ ਲੋੜ੍ਹੇ ਮਾਰਿਆ ਵੇ।

ਰੁਗ ਆਟੇ ਦਾ ਹੋਰ ਲੈ ਜਾ ਸਾਥੋਂ, ਕਿਵੇਂ ਵੱਢ ਫ਼ਸਾਦ ਹਰਿਆਰਿਆ ਵੇ।

ਤੈਥੇ ਆਦਮੀਗਰੀ ਦੀ ਗੱਲ ਨਾਹੀਂ, ਰੱਬ ਚਾਇ ਬਥੁੰਨ ਉਸਾਰਿਆ ਵੇ।

ਵਾਰਿਸ ਕਿਸੇ ਅਸਾਡੇ ਨੂੰ ਖ਼ਬਰ ਹੋਵੇ, ਐਵੇਂ ਮੁਫ਼ਤ ਵਿੱਚ ਜਾਏਂਗਾ ਮਾਰਿਆ ਵੇ।

437

ਰਾਂਝਾ

ਜੇ ਤੈਂ ਪੋਲ ਕਢਾਵਣਾ ਨਾ ਆਹਾ, ਠੂਠਾ ਫ਼ਕਰ ਦਾ ਚਾ ਭਨਾਈਏ ਕਿਉਂ।

ਜੇ ਤੈਂ ਕਵਾਰਿਆਂ ਯਾਰ ਹੰਢਾਵਣੇ ਸਨ, ਤਾਂ ਫਿਰ ਮਾਂਉਂ ਦੇ ਕੋਲੋਂ ਛੁਪਾਈਏ ਕਿਉਂ।

ਖ਼ੈਰ ਮੰਗੀਏ ਤਾਂ ਭੰਨ ਦਏਂ ਕਾਸਾ ਅਸੀਂ ਆਖਦੇ ਮੂੰਹੋਂ ਸ਼ਰਮਾਈਏ ਕਿਉਂ।

ਭਰਜਾਈ ਨੂੰ ਮਿਹਣਾ ਚਾਕ ਦਾ ਸੀ, ਯਾਰੀ ਨਾਲ ਬਲੋਚ ਦੇ ਲਾਈਏ ਕਿਉਂ।

ਬੋਤੀ ਹੋ ਬਲੋਚ ਦੇ ਹੱਥ ਆਈਏਂ, ਜੜ੍ਹ ਕਵਾਰ ਦੀ ਚਾ ਭਨਾਈਏ ਕਿਉਂ।

ਵਾਰਿਸ ਸ਼ਾਹ ਜਾਂ ਆਕਬਤ ਖ਼ਾਕ ਹੋਣਾ, ਏਥੇ ਆਪਣੀ ਸ਼ਾਨ ਵਧਾਈਏ ਕਿਉਂ।

438

ਸਹਿਤੀ

ਜੋ ਕੋ ਜੰਮਿਆ ਮਰੇਗਾ ਸਭ ਕੋਈ, ਘੜ੍ਹਿਆ ਭੱਜਸੀ ਵਾਹ ਸਭ ਵਹਿਣਗੇ ਵੇ।

ਮੀਰ ਪੀਰ ਵਲੀ ਗ਼ੌਸ ਕੁਤਬ ਜਾਸਣ, ਇਹ ਸਭ ਪਸਾਰੜੇ ਢਹਿਣਗੇ ਵੇ।

ਜਦੋਂ ਰਬ ਆਮਾਲ ਦੀ ਖ਼ਬਰ ਪੁੱਛੇ, ਹਥ ਪੈਰ ਗਵਾਹੀਆਂ ਕਹਿਣਗੇ ਵੇ।

ਭੰਨੇਂ ਠੂਠੇ ਤੋਂ ਐਡ ਵਧਾ ਕੀਤੋ, ਬੁਰਾ ਤੁਧ ਨੂੰ ਲੋਕ ਸਭ ਕਹਿਣਗੇ ਵੇ।

ਜੀਭ ਬੁਰਾ ਬੋਲੇਸਿਆ ਰਾਵਲਾ ਵੇ, ਹੱਡ ਪੈਰ ਸਜ਼ਾਈਆਂ ਲੈਣਗੇ ਵੇ।

ਕੁਲ ਚੀਜ਼ ਫ਼ਨਾਹ ਹੋ ਖ਼ਾਕ ਰਲਸੀ, ਸਾਬਤ ਵਲੀ ਅੱਲਾਹ ਦੇ ਰਹਿਣਗੇ ਵੇ।

ਠੂਠਾ ਨਾਲ ਤਕਦੀਰ ਦੇ ਭੱਜ ਪਿਆ, ਵਾਰਿਸ ਸ਼ਾਹ ਹੋਰੀਂ ਸੱਚ ਕਹਿਣਗੇ ਵੇ।

439

ਰਾਂਝਾ

ਸ਼ਾਲਾ ਕਹਿਰ ਪੌਸੀ ਛੁੱਟੇ ਬਾਜ਼ ਪੈਣੀ, ਠੂਠਾ ਭੰਨ ਕੇ ਲਾਡ ਭੰਗਾਰਨੀ ਹੈਂ।

ਲੱਕ ਬੰਨ੍ਹ ਕੇ ਰੰਨੇ ਘੁਲ੍ਹੱਕੜੇ ਨੀ, ਮਾੜਾ ਵੇਖ ਫ਼ਕੀਰ ਨੂੰ ਮਾਰਨੀ ਹੈਂ।

ਨਾਲੇ ਮਾਰਨੀ ਹੈਂ ਜੀਊ ਸਾੜਨੀ ਹੈਂ, ਨਾਲੇ ਹਾਲ ਹੀ ਹਾਲ ਪੁਕਾਰਨੀ ਹੈਂ।

ਮਰੇ ਹੁਕਮ ਦੇ ਨਾਲ ਤਾਂ ਸਭ ਕੋਈ, ਬਿਨਾ ਹੁਕਮ ਦੇ ਖ਼ੂਨ ਗੁਜ਼ਾਰਨੀ ਹੈਂ।

ਬੁਰੇ ਨਾਲ ਜੇ ਬੋਲੀਏ ਬੁਰਾ ਹੋਈਏ, ਅਸੀਂ ਬੋਦਲੇ ਹਾਂ ਤਾਂ ਤੂੰ ਮਾਰਨੀ ਹੈਂ।

ਠੂਠਾ ਫੇਰ ਦਰੁਸਤ ਕਰ ਦੇਹ ਮੇਰਾ, ਹੋਰ ਆਖ ਕੀ ਸੱਚ ਨਿਤਾਰਨੀ ਹੈਂ।

ਲੋਕ ਆਖਦੇ ਹਨ ਇਹ ਕੁੜੀ ਕਵਾਰੀ, ਸਾਡੇ ਬਾਬ ਦੀ ਧਾੜਵੀ ਧਾਰਨੀ ਹੈਂ।

ਐਡੇ ਫ਼ਨ ਫ਼ਰੇਬ ਹਨ ਯਾਦ ਤੈਨੂੰ, ਮੁਰਦਾਰਾਂ ਦੀ ਸਿਰ ਸਰਦਾਰਨੀ ਹੈਂ।

ਘਰ ਵਾਲੀਏ ਵਹੁਟੀਏ ਬੋਲ ਤੂੰ ਵੀ, ਕਹੀ ਜੀਊ ਵਿੱਚ ਸੋਚ ਵਿਚਾਰਨੀ ਹੈਂ।

ਸਵਾ ਮਣੀ ਮੁਤਹਿਰ ਪਈ ਫਰਕਦੀ ਹੈ, ਕਿਸੇ ਯਾਰਨੀ ਦੇ ਸਿਰ ਮਾਰਨੀ ਹੈਂ।

ਇੱਕ ਚੋਰ ਤੇ ਦੂਸਰੀ ਚਤਰ ਬਣੀਉਂ, ਵਾਰਿਸ ਸ਼ਾਹ ਹੁਣ ਢਾਇ ਕੇ ਮਾਰਨੀ ਹੈਂ।

440

ਹੀਰ

ਹੀਰ ਆਖਦੀ ਇਹ ਚਵਾਇ ਕੇਹਾ, ਠੂਠਾ ਭੰਨ ਫ਼ਕੀਰਾਂ ਨੂੰ ਮਾਰਨਾ ਕੀ।

ਜਿਨ੍ਹਾਂ ਹਿਕ ਅੱਲਾਹ ਦਾ ਆਸਰਾ ਹੈ, ਓਨ੍ਹਾਂ ਪੰਖੀਆਂ ਨਾਲ ਖਹਾੜਨਾ ਕੀ।

ਜਿਹੜੇ ਕੰਨ ਪੜਾਇ ਫ਼ਕੀਰ ਹੋਏ, ਭਲਾ ਉਨ੍ਹਾਂ ਦਾ ਪੜਤਨਾ ਪਾੜਣਾ ਕੀ।

ਥੋੜ੍ਹੀ ਗੱਲ ਦਾ ਵਢਾ ਵਧਾ ਕਰਕੇ, ਸੌਰੇ ਕੰਮ ਨੂੰ ਚਾ ਵਿਗਾੜਨਾ ਕੀ।

ਜਿਹੜੇ ਘਰਾਂ ਦੀਆਂ ਚਾਵੜਾਂ ਨਾਲ ਮਾਰੇਂ, ਘਰ ਚੱਕ ਕੇ ਏਸ ਲੈ ਜਾਵਣਾ ਕੀ।

ਮੇਰੇ ਬੂਹਿਉਂ ਫ਼ਕਰ ਕਿਉਂ ਮਾਰਿਉ ਈ, ਵਸਦੇ ਘਰਾਂ ਤੋਂ ਫ਼ਕਰ ਮੋੜਾਵਣਾ ਕੀ।

ਘਰ ਮੇਰਾ ਤੇ ਮੈਂ ਨਾਲ ਖੁਣਸ ਚਾਇਉ, ਏਥੋਂ ਕਵਾਰੀਏ ਤੁਧ ਲੈ ਜਾਵਣਾ ਕੀ।

ਬੋਲ੍ਹ ਰਾਹਕਾਂ ਦੇ ਹੌਸ ਚੂਹੜੇ ਦੀ, ਮਰਸ਼ੂ ਮਰਸ਼ੂ ਦਿਨ ਰਾਤ ਕਰਾਵਣਾ ਕੀ।

ਵਾਰਿਸ ਸ਼ਾਹ ਇਹ ਹਿਰਸ ਬੇਫ਼ਾਇਦਾ ਈ, ਓੜਕ ਏਸ ਜਹਾਨ ਤੋਂ ਚਾਵਣਾ ਕੀ।

441

ਸਹਿਤੀ ਹੀਰ ਨੂੰ

ਭਲਾ ਆਖ ਕੀ ਆਂਹਦੀ ਏਂ ਨੇਕ ਪਾਕੇ, ਜਿਸ ਦੇ ਪੱਲੂ ਤੇ ਪੜ੍ਹਨ ਨਮਾਜ਼ ਆਈ।

ਘਰ ਵਾਰ ਤੇਰਾ ਅਸੀਂ ਕੋਈ ਹੋਈਆਂ, ਜਾਪੇ ਲੱਦ ਕੇ ਘਰੋਂ ਜਹਾਜ਼ ਆਈ।

ਮੁੰਡੇ ਮੋਹਣੀਏਂ ਤੇ ਝੋਟੇ ਦੋਹਣੀਏਂ ਨੀ, ਅਜੇ ਤੀਕ ਨਾ ਇਸ਼ਕ ਥੀਂ ਬਾਜ਼ ਆਈ।

ਵਾਰਿਸ ਸ਼ਾਹ ਜਵਾਨੀ ਦੀ ਉਮਰ ਗੁਜ਼ਰੀ, ਅਜੇ ਤੀਕ ਨਾ ਯਾਦ ਹਜਾਜ਼ ਆਈ।

442

ਹੀਰ

ਇਹ ਮਸਤ ਫ਼ਕੀਰ ਨਾ ਛੇੜ ਲੀਕੇ, ਕੋਈ ਵੱਡਾ ਫਸਾਦ ਗਲ ਪਾਸੀਆ ਨੀ।

ਮਾਰੇ ਜਾਣ ਖੇੜੇ ਉਜੜ ਜਾਣ ਮਾਪੇ, ਤੁਧ ਲੰਡੀ ਦਾ ਕੁੱਝ ਨਾ ਜਾਸੀਆ ਨੀ।

ਪੈਰ ਪਕੜ ਫ਼ਕੀਰ ਦੇ ਕਰਸ ਰਾਜ਼ੀ, ਨਹੀਂ ਏਸ ਦੀ ਆਹ ਪੈ ਜਾਸੀਆ ਨੀ।

ਵਾਰਿਸ ਸ਼ਾਹ ਜਿਸ ਕਿਸੇ ਦਾ ਬੁਰਾ ਕੀਤਾ, ਜਾ ਗੋਰ ਅੰਦਰ ਪਛੋਤਾਸੀਆ ਨੀ।

443

ਸਹਿਤੀ

ਤੇਰੇ ਜੇਹੀਆਂ ਲੱਖ ਪੜ੍ਹਾਈਆਂ ਮੈਂ, ਤੇ ਉਡਾਈਆਂ ਨਾਲ ਅੰਗੂਠਿਆਂ ਦੇ।

ਤੈਨੂੰ ਸਿੱਧ ਕਾਮਲ ਵਲੀ ਗੌਂਸ ਦਿੱਸੇ, ਮੈਨੂੰ ਠੱਗ ਦਿੱਸੇ ਭੇਸ ਝੂਠਿਆਂ ਦੇ।

ਸਾਡੇ ਖੌਂਸੜੇ ਨੂੰ ਯਾਦ ਨਹੀਂ ਚੋਬਰ, ਭਾਵੇਂ ਆਣ ਲਾਵੇ ਢੇਰ ਠੂਠਿਆਂ ਦੇ।

ਇਹ ਮਸਤ ਮਲੰਗ ਮੈਂ ਮਸਤ ਏਦੂੰ, ਇਸ ਥੇ ਮਕਰ ਹਨ ਟੁਕੜਿਆਂ ਜੂਠਿਆਂ ਦੇ।

ਵਾਰਿਸ ਸ਼ਾਹ ਮੀਆਂ ਨਾਲ ਚਵਾੜੀਆਂ ਦੇ, ਲਿੰਙ ਸੇਕੀਏ ਚੋਬਰਾਂ ਘੂਠਿਆਂ ਦੇ।

444

ਹੀਰ

ਏਸ ਫ਼ੱਕਰ ਦੇ ਨਾਲ ਕੀ ਵੈਰ ਪਈਏਂ, ਉਧਲ ਜਾਇਸੈਂ ਤੈਂ ਨਹੀਂ ਵੱਸਣਾ ਈ।

ਠੂਠਾ ਭੰਨ ਫ਼ਕੀਰ ਨੂੰ ਮਾਰਨੀ ਹੈਂ, ਅੱਗੇ ਰੱਬ ਦੇ ਆਖ ਕੀ ਦੱਸਣਾ ਈ।

ਤੇਰੇ ਕਵਾਰ ਨੂੰ ਖ਼ਵਾਰ ਸੰਸਾਰ ਕਰਸੀ, ਏਸ ਜੋਗੀ ਦਾ ਕੁਝ ਨਾ ਘੱਸਣਾ ਈ।

ਨਾਲ ਚੂਹੜੇ ਖੱਤਰੀ ਘੁਲਣ ਲੱਗੇ, ਵਾਰਿਸ ਸ਼ਾਹ ਫਿਰ ਮੁਲਕ ਨੇ ਹੱਸਣਾ ਈ।

445

ਸਹਿਤੀ

ਇੱਕੇ ਮਰਾਂਗੀ ਮੈਂ ਇੱਕੇ ਏਸ ਮਾਰਾਂ, ਇੱਕੇ ਭਾਬੀਏ ਤੁਧ ਮਰਾਇਸਾਂ ਨੀ।

ਰੋਵਾਂ ਮਾਰ ਭੁੱਬਾਂ ਭਾਈ ਆਂਵਦੇ ਤੇ,ਤੈਨੂੰ ਖ਼ਾਹ-ਮਖ਼ਾਹ ਕੁਟਾਇਸਾਂ ਨੀ।

ਚਾਕ ਲੀਕ ਲਾਈ ਤੈਨੂੰ ਮਿਲੇ ਭਾਬੀ, ਗੱਲਾਂ ਪਿਛਲੀਆਂ ਕੱਢ ਸੁਣਇਸਾਂ ਨੀ।

ਇੱਕੇ ਮਾਰੀਏਂ ਤੂੰ ਇੱਕੇ ਇਹ ਜੋਗੀ, ਇਹੋ ਘਗਰੀ ਚਾਇ ਵਿਛਾਇਸਾਂ ਨੀ।

ਸੀਤਾ ਦਹਿਸਿਰੇ ਨਾਲ ਜੋ ਗਾਹ ਕੀਤਾ, ਕੋਈ ਵੱਡਾ ਕਮੰਦ ਪਵਾਇਸਾਂ ਨੀ।

ਰੰਨ ਤਾਹੀਂ ਜਾਂ ਘਰੋਂ ਕਢਾਇ ਤੈਨੂੰ, ਮੈਂ ਮੁਰਾਦ ਬਲੋਚ ਹੰਢਾਇਸਾਂ ਨੀ।

ਸਿਰ ਏਸ ਦਾ ਵਢ ਕੇ ਅਤੇ ਤੇਰਾ, ਏਸ ਠੂਠੇ ਦੇ ਨਾਲ ਰਲਾਇਸਾਂ ਨੀ।

ਰਖ ਹੀਰੇ ਤੂੰ ਏਤਨੀ ਜਮ੍ਹਾਂ ਖ਼ਾਤਰ, ਤੇਰੀ ਰਾਤ ਨੂੰ ਭੰਗ ਲੁਹਾਇਸਾਂ ਨੀ।

ਮੈਂ ਕੁਟਾਇਸਾਂ ਅਤੇ ਮਰਾਇਸਾਂ ਨੀ, ਗੁੱਤੋਂ ਧਰੂਹ ਕੇ ਘਰੋਂ ਕਢਾਇਸਾਂ ਨੀ।

ਵਾਰਿਸ ਸ਼ਾਹ ਕੋਲੋਂ ਭੰਨਾਇ ਟੰਗਾਇਸਾਂ ਨੀ, ਤੇਰੇ ਲਿੰਙ ਸਭ ਚੂਰ ਕਰਾਇਸਾਂ ਨੀ।

446

ਹੀਰ

ਖ਼ੂਨ ਭੇਡ ਦੇ ਜੇ ਪਿੰਡ ਮਾਰ ਲਈਏ, ਉਜੜ ਜਾਏ ਜਹਾਨ ਤੇ ਜੱਗ ਸਾਰਾ।

ਹੱਥੋਂ ਜੂਆਂ ਦੇ ਜੁੱਲ ਜੇ ਸੁੱਟ ਵੇਚਣ, ਕੀਕੂੰ ਕੱਟੀਏ ਪੋਹ ਤੇ ਮਾਘ ਸਾਰਾ।

ਤੇਰੇ ਭਾਈ ਦੀ ਭੈਣ ਨੂੰ ਖੜੇ ਜੋਗੀ, ਹੱਥ ਲਾਏ ਮੈਨੂੰ ਕਈ ਹੋਸ ਕਾਰਾ।

ਮੇਰੀ ਭੰਗ ਝਾੜੇ ਉਹਦੀ ਟੰਗ ਭੰਨਾਂ, ਸਿਆਲ ਸਾੜ ਸੁੱਟਣ ਉਹਦਾ ਦੇਸ ਸਾਰਾ।

ਮੈਨੂੰ ਛੱਡ ਕੇ ਤੁਧ ਨੂੰ ਕਰੇ ਸੈਦਾ, ਆਖ ਕਵਾਰੀਏ ਪਾਇਉ ਤੂੰ ਕੇਹਾ ਆੜਾ।

ਵਾਰਿਸ ਖੋਹ ਕੇ ਚੂੰਡੀਆਂ ਤੇਰੀਆਂ ਨੂੰ, ਕਰਾਂ ਖ਼ੂਬ ਪੈਜ਼ਾਰ ਦੇ ਨਾਲ ਝਾੜਾ।

447

ਸਹਿਤੀ

ਕੱਜਲ ਪੂਛਲਿਆਲੜਾ ਘਤ ਨੈਣੀਂ, ਜ਼ੁਲਫਾਂ ਕੁੰਡਲਾਂ ਦਾਰ ਬਣਾਵਨੀ ਹੈਂ।

ਨੀਵੀਆਂ ਪੱਟੀਆਂ ਹਿਕ ਪਲਮਾ ਜ਼ੁਲਫਾਂ, ਛੱਲੇ ਘਤ ਕੇ ਰੰਗ ਵਟਾਵਨੀ ਹੈਂ।

ਅਤੇ ਆਸ਼ਕਾਂ ਨੂੰ ਦਿਖਲਾਵਨੀ ਹੈਂ, ਨੱਥ ਵਿਹੜੇ ਦੇ ਵਿੱਚ ਛਣਕਾਵਨੀ ਹੈਂ।

ਬਾਂਕੀ ਭਖ ਰਹੀ ਚੋਲੀ ਬਾਫ਼ਤੇ ਦੀ, ਉਤੇ ਕਹਿਰ ਦੀਆਂ ਅੱਲੀਆਂ ਲਾਵਨੀ ਹੈਂ।

ਠੋਡੀ ਗੱਲ੍ਹ ਤੇ ਪਾਇਕੇ ਖ਼ਾਲ ਖ਼ੂਨੀ, ਰਾਹ ਜਾਂਦੜੇ ਮਿਰਗ ਫਹਾਵਨੀ ਹੈਂ।

ਕਿਨ੍ਹਾਂ ਨਖਰਿਆਂ ਨਾਲ ਭਰਮਾਵਨੀ ਹੈਂ, ਅਖੀਂ ਪਾ ਸੁਰਮਾ ਮਟਕਾਵਨੀ ਹੈਂ।

ਮਲ ਵੱਟਣਾਂ ਲੋੜ੍ਹ ਦੰਦਾਸੜੇ ਦਾ, ਜ਼ਰੀ ਬਾਦਲਾ ਪਟ ਹੰਢਾਵਨੀ ਹੈਂ।

ਤੇੜ ਚੂੜੀਆਂ ਪਾ ਕੇ ਕਹਿਰ ਵਾਲਾ, ਕੁੰਜਾਂ ਘਤ ਕੇ ਲਾਵਣਾ ਲਾਵਨੀ ਹੈਂ।

ਨਵਾਂ ਵੇਸ ਤੇ ਵੇਸ ਬਣਾਵਨੀ ਹੈਂ, ਲਏਂ ਫੇਰੀਆਂ ਤੇ ਘੁਮਕਾਵਨੀ ਹੈਂ।

ਨਾਲ ਹੁਸਨ ਗੁਮਾਨ ਦੇ ਪਲੰਘ ਬਹਿ ਕੇ, ਹੂਰ ਪਰੀ ਦੀ ਭੈਣ ਸਦਾਵਨੀ ਹੈਂ।

ਪੈਰ ਨਾਲ ਚਵਾਇ ਦੇ ਚਾਵਨੀ ਹੈਂ, ਲਾਡ ਨਾਲ ਗਹਿਣੇ ਛਨਕਾਵਨੀ ਹੈਂ।

ਸਰਦਾਰ ਹੈਂ ਖ਼ੂਬਾਂ ਦੇ ਤ੍ਰਿੰਞਣਾਂ ਦੀ, ਖ਼ਾਤਰ ਤਲੇ ਨਾ ਕਿਸੇ ਲਿਆਵਨੀ ਹੈਂ।

ਵੇਖ ਹੋਰਨਾਂ ਨੱਕ ਚੜ੍ਹਾਵਨੀ ਹੈਂ, ਬੈਠੀ ਪਲੰਘ ਤੇ ਤੂਤੀਏ ਲਾਵਨੀ ਹੈਂ।

ਮਹਿੰਦੀ ਲਾਇ ਹੱਥੀਂ ਪਹਿਨ ਜ਼ਰੀ ਜ਼ੇਵਰ, ਸੋਇਨ ਮਿਰਗ ਦੀ ਸ਼ਾਨ ਗਵਾਵਨੀ ਹੈਂ।

ਪਰ ਅਸੀਂ ਭੀ ਨਹੀਂ ਹਾਂ ਘਟ ਤੈਥੋਂ, ਜੇ ਤੂੰ ਆਪ ਨੂੰ ਛੈਲ ਸਦਾਵਨੀ ਹੈਂ।

ਸਾਡੇ ਚੰਨ ਸਰੀਰ ਮਥੈਲੀਆਂ ਦੇ, ਸਾਨੂੰ ਚੂਹੜੀ ਹੀ ਨਜ਼ਰ ਆਵਨੀ ਹੈਂ।

ਨਾਢੂ ਸ਼ਾਹ ਦੀ ਰੰਨ ਹੋ ਪਲੰਘ ਬਹਿ ਕੇ, ਸਾਡੇ ਜੀਊ ਨੂੰ ਜ਼ਰਾ ਨਾ ਭਾਵਨੀ ਹੈਂ।

ਤੇਰਾ ਕੰਮ ਨਾ ਕੋਈ ਵਗਾੜਿਆ ਮੈਂ, ਐਵੇਂ ਜੋਗੀ ਦੀ ਟੰਗ ਭਨਾਵਨੀ ਹੈਂ।

ਸਣੇ ਜੋਗੀ ਦੇ ਮਾਰ ਕੇ ਮਿਝ ਕੱਢੂੰ, ਜੈਂਦੀ ਚਾਵੜਾਂ ਪਈ ਦਖਾਵਨੀ ਹੈਂ।

ਤੇਰਾ ਯਾਰ ਜਾਨੀ ਅਸਾਂ ਨਾ ਭਾਵੇ, ਹੁਣੇ ਹੋਰ ਕੀ ਮੂੰਹੋਂ ਅਖਾਵਨੀ ਹੈਂ।

ਸੱਭਾ ਅੜਤਨੇ ਪੜਤਨੇ ਪਾੜ ਸੁੱਟੂੰ, ਐਵੇਂ ਸ਼ੇਖੀਆਂ ਪਈ ਜਗਾਵਨੀ ਹੈਂ।

ਵੇਖ ਜੋਗੀ ਨੂੰ ਮਾਰ ਖਦੇੜ ਕੱਢਾਂ, ਵੇਖਾਂ ਓਸਨੂੰ ਆਇ ਛੁਡਾਵਨੀ ਹੈਂ।

ਤੇਰੇ ਨਾਲ ਜੋ ਕਰਾਂਗੀ ਮੁਲਕ ਵੇਖੇ, ਜੇਹੇ ਮਿਹਣੇ ਲੂਤੀਆਂ ਲਾਵਨੀ ਹੈਂ।

ਤੁੱਧ ਚਾਹੀਦਾ ਕੀ ਏਸ ਗੱਲ ਵਿੱਚੋਂ, ਵਾਰਿਸ ਸ਼ਾਹ ਤੇ ਚੁਗ਼ਲੀਆਂ ਲਾਵਨੀ ਹੈਂ।

448

ਹੀਰ

ਭਲਾ ਕਵਾਰੀਏ ਸਾਂਗ ਕਿਉਂ ਲਾਵਨੀ ਹੈਂ, ਚਿੱਬੇ ਹੋਠ ਕਿਉਂ ਪਈ ਬਣਾਵਨੀ ਹੈਂ।

ਭਲਾ ਜੀਊ ਕਿਉਂ ਭਰਮਾਵਨੀ ਹੈਂ, ਅਤੇ ਜੀਭ ਕਿਉਂ ਪਈ ਲਪਕਾਵਨੀ ਹੈਂ।

ਲੱਗੀ ਵੱਸ ਤੇ ਖੂਹ ਵਿਚ ਪਾਵਨੀ ਹੈਂ, ਸੜੇ ਕਾਂਦ ਕਿਉਂ ਲੂਤੀਆਂ ਲਾਵਨੀ ਹੈਂ।

ਐਡੀ ਲਟਕਣੀ ਨਾਲ ਕਿਉਂ ਕਰੇਂ ਗੱਲਾਂ, ਸੈਦੇ ਨਾਲ ਨਿਕਾਹ ਪੜ੍ਹਾਵਨੀ ਹੈਂ।

ਵਾਰਿਸ ਨਾਲ ਉਠ ਜਾ ਤੂੰ ਉੱਧਲੇ ਨੀ, ਕੇਹੀਆਂ ਪਈ ਬੁਝਾਰਤਾਂ ਪਾਵਨੀ ਹੈਂ।

449

ਸਹਿਤੀ ਤੇ ਰਾਂਝੇ ਦੀ ਲੜਾਈ

ਸਹਿਤੀ ਨਾਲ ਲੌਂਡੀ ਹੱਥੀਂ ਪਕੜ ਮੋਲ੍ਹੇ, ਜੈਂਦੇ ਨਾਲ ਛੜੇਂਦੀਆਂ ਚਾਵਲੇ ਨੂੰ।

ਗਿਰਦ ਆ ਭਵੀਆਂ ਵਾਂਗ ਜੋਗਣਾਂ ਦੇ, ਤਾਉ ਘੱਤਿਉ ਨੇ ਓਸ ਰਾਵਲੇ ਨੂੰ।

ਖਪਰ ਸੇਲ੍ਹੀਆਂ ਤੋੜ ਕੇ ਗਿਰਦ ਹੋਈਆਂ, ਢਾਹ ਲਿਉ ਨੇ ਸੋਹਣੇ ਸਾਂਵਲੇ ਨੂੰ।

ਅੰਦਰ ਹੀਰ ਨੂੰ ਵਾੜ ਕੇ ਮਾਰ ਕੁੰਡਾ, ਬਾਹਰ ਕੁਟਿਉ ਨੇ ਲਟ-ਬਾਵਲੇ ਨੂੰ।

ਘੜੀ ਘੜੀ ਵਲਾਇ ਕੇ ਵਾਰ ਕੀਤਾ, ਓਹਨਾਂ ਕੁੱਟਿਆ ਸੀ ਏਸ ਲਾਡਲੇ ਨੂੰ।

ਵਾਰਿਸ ਸ਼ਾਹ ਮੀਆਂ ਨਾਲ ਮੋਲ੍ਹਿਆਂ ਦੇ, ਠੰਡਾ ਕੀਤੋ ਨੇ ਓਸ ਉਤਾਵਲੇ ਨੂੰ।

450

ਤਥਾ

ਦੋਹਾਂ ਵਟ ਲੰਗੋਟੜੇ ਲਏ ਮੋਲ੍ਹੇ, ਕਾਰੇ ਵੇਖ ਲੈ ਮੁੰਡੀਆਂ ਮੁੰਨੀਆਂ ਦੇ।

ਨਿਕਲ ਝੁੱਟ ਕੀਤਾ ਸਹਿਤੀ ਰਾਵਲੇ ਤੇ, ਪਾਸੇ ਭਨ੍ਹਿਉਂ ਨੇ ਨਾਲ ਕੂਹਣੀਆਂ ਦੇ।

ਜਟ ਮਾਰ ਮਧਾਣੀਆਂ ਫੇਹ ਸੁੱਟਿਆ, ਸਿਰ ਭੰਨਿਆਂ ਨਾਲ ਦਧੂਣੀਆਂ ਦੇ।

ਢੋ ਕਟਕ ਹੁਸੈਨ ਖ਼ਾਨ ਨਾਲ ਲੜਿਆ, ਜਿਵੇਂ ਅਬੂ ਸਮੁੰਦ ਵਿੱਚ ਚੂਹਣੀਆਂ ਦੇ।

451

ਰਾਂਝੇ ਨੇ ਸਹਿਤੀ ਹੋਰਾਂ ਨੂੰ ਕੁੱਟਣਾ

ਰਾਂਝਾ ਖਾਇਕੇ ਮਾਰ ਫਿਰ ਗਰਮ ਹੋਇਆ, ਮਾਰੂ ਮਾਰਿਆ ਭੂਤ ਫ਼ਤੂਰ ਦੇ ਨੇ।

ਵੇਖ ਪਰੀ ਦੇ ਨਾਲ ਖ਼ਮ ਮਾਰਿਆ ਈ, ਏਸ ਫ਼ਰੇਸ਼ਤੇ ਬੈਤ ਮਾਅਮੂਰ ਦੇ ਨੇ।

ਕਮਰ ਬੰਨ੍ਹ ਕੇ ਪੀਰ ਨੂੰ ਯਾਦ ਕੀਤਾ ਲਾਈ ਥਾਪਨਾ ਮਲਕ ਹਜ਼ੂਰ ਦੇ ਨੇ।

ਡੇਰਾ ਬਖਸ਼ੀ ਦਾ ਮਾਰ ਕੇ ਲੁੱਟ ਲੀਤਾ, ਪਾਈ ਫ਼ਤਹਿ ਪਠਾਣ ਕਸੂਰ ਦੇ ਨੇ।

ਜਦੋਂ ਨਾਲ ਟਕੋਰ ਦੇ ਗਰਮ ਹੋਇਆ, ਦਿੱਤਾ ਦੁਖੜਾ ਘਾਉ ਨਾਸੂਰ ਦੇ ਨੇ।

ਵਾਰਿਸ ਸ਼ਾਹ ਜਾਂ ਅੰਦਰੋਂ ਗਰਮ ਹੋਇਆ, ਲਾਟਾਂ ਕੱਢੀਆਂ ਤਾਉ ਤਨੂਰ ਦੇ ਨੇ।

452

ਰਾਂਝੇ ਨੇ ਸੱਟਾਂ ਮਾਰਨੀਆਂ

ਦੋਵੇਂ ਮਾਰ ਸਵਾਰੀਆਂ ਰਾਵਲੇ ਨੇ, ਪੰਜ ਸੱਤ ਫਾਹੁੜੀਆਂ ਲਾਈਆਂ ਸੂ।

ਗੱਲਾਂ ਪੁੱਟ ਕੇ ਚੋਲੀਆਂ ਕਰੇ ਲੀਰਾਂ, ਹਿੱਕਾਂ ਭੰਨ ਕੇ ਲਾਲ ਕਰਾਈਆਂ ਸੂ।

ਨਾਲੇ ਤੋੜ ਝੰਝੋੜ ਕੇ ਪਕੜ ਗੁੱਤੋਂ, ਦੋਵੇਂ ਵਿਹੜੇ ਦੇ ਵਿੱਚ ਭਵਾਈਆਂ ਸੂ।

ਖੋਹ ਚੂੰਡੀਆਂ ਗੱਲ੍ਹਾਂ ਤੇ ਮਾਰ ਹੁੱਜਾਂ, ਦੋ ਦੋ ਧੌਣ ਦੇ ਮੁੱਢ ਟਿਕਾਈਆਂ ਸੂ।

ਜੇਹਾ ਰਿਛ ਕਲੰਦਰਾਂ ਘੋਲ ਪੌਂਦਾ, ਸੋਟੇ ਚੁਤੜੀਂ ਲਾ ਨਚਾਈਆਂ ਸੂ।

ਗਿੱਟੇ ਲੱਕ ਠਕੋਰ ਕੇ ਪਕੜ ਤੱਗੋਂ, ਦੋਵੇਂ ਬਾਂਦਰੀ ਵਾਂਗ ਟਪਾਈਆਂ ਸੂ।

ਜੋਗੀ ਵਾਸਤੇ ਰਬ ਦੇ ਲੜੇ ਨਾਹੀਂ, ਹੀਰ ਅੰਦਰੋਂ ਆਖ ਛੁਡਾਈਆਂ ਸੂ।

453

ਹੋਰ ਕੁੜੀਆਂ ਦਾ ਸਹਿਤੀ ਕੋਲ ਆਉਣਾ

ਓਹਨਾਂ ਛੁਟਦੀਆਂ ਹਾਲ ਪੁਕਾਰ ਕੀਤੀ, ਪੰਜ ਸੱਤ ਮੁਸ਼ਟੰਡੀਆਂ ਆ ਗਈਆਂ।

ਵਾਂਗ ਕਾਬਲੀ ਕੁੱਤਿਆਂ ਗਿਰਦ ਹੋਈਆਂ, ਦੋ ਦੋ ਅਲੀ-ਉਲ-ਹਿਸਾਬ ਟਿਕਾ ਗਈਆਂ।

ਉਹਨੂੰ ਇੱਕ ਨੇ ਧੱਕ ਕੇ ਰੱਖ ਅੱਗੇ, ਘਰੋਂ ਕੱਢ ਕੇ ਤਾਕ ਚੜ੍ਹਾ ਗਈਆਂ।

ਬਾਜ਼ ਤੋੜ ਕੇ ਤੁਆਮਿਉਂ ਲਾਹਿਉ ਨੇ, ਮਾਸ਼ੂਕ ਦੀ ਦੀਦ ਹਟਾ ਗਈਆਂ।

ਧੱਕਾ ਦੇ ਕੇ ਸੱਟ ਪਲੱਟ ਉਸ ਨੂੰ, ਹੋੜਾ ਵੱਡਾ ਮਜ਼ਬੂਤ ਫਹਾ ਗਈਆਂ।

ਸੂਬੇਦਾਰ ਤਗ਼ਈਅਰ ਕਰ ਕੱਢਿਉ ਨੇ, ਵੱਡਾ ਜੋਗੀ ਨੂੰ ਵਾਇਦਾ ਪਾ ਗਈਆਂ।

ਅੱਗੇ ਵੈਰ ਸੀ ਨਵਾਂ ਫਿਰ ਹੋਰ ਹੋਇਆ, ਵੇਖ ਭੜਕਦੀ ਤੇ ਭੜਕਾ ਗਈਆਂ।

ਘਰੋਂ ਕੱਢ ਅਰੂੜੀ ਤੇ ਸੱਟਿਉ ਨੇ, ਬਹਿਸ਼ਤੋਂ ਕੱਢ ਕੇ ਦੋਜ਼ਖ਼ੇ ਪਾ ਗਈਆਂ।

ਜੋਗੀ ਮਸਤ ਹੈਰਾਨ ਹੋ ਦੰਗ ਰਹਿਆ, ਕੋਈ ਜਾਦੂੜਾ ਘੋਲ ਪਿਵਾ ਗਈਆਂ।

ਅੱਗੇ ਠੂਠੇ ਨੂੰ ਝੂਰਦਾ ਖ਼ਫ਼ਾ ਹੁੰਦਾ, ਉਤੋਂ ਨਵਾਂ ਪਸਾਰ ਬਣਾ ਗਈਆਂ।

ਵਾਰਿਸ ਸ਼ਾਹ ਮੀਆਂ ਨਵਾਂ ਸਿਹਰ ਹੋਇਆ, ਪਰੀਆਂ ਜਿੰਨ ਫ਼ਰਿਸ਼ਤੇ ਨੂੰ ਲਾ ਗਈਆਂ।

454

ਕਵੀ

ਘਰੋਂ ਕੱਢਿਆ ਅਕਲ ਸ਼ਊਰ ਗਇਆ, ਆਦਮ ਜੰਨਤੋ ਕੱਢ ਹੈਰਾਨ ਕੀਤਾ।

ਸਿਜਦੇ ਵਾਸਤੇ ਅਰਸ਼ ਤੋਂ ਦੇ ਧੱਕੇ, ਜਿਵੇਂ ਰਬ ਨੇ ਰੱਦ ਸ਼ੈਤਾਨ ਕੀਤਾ।

ਸ਼ੱਦਾਦ ਬਹਿਸ਼ਤ ਥੀਂ ਰਹਿਆ ਬਾਹਰ, ਨਮਰੂਦ ਮੱਛਰ ਪਰੇਸ਼ਾਨ ਕੀਤਾ।

ਵਾਰਿਸ ਸ਼ਾਹ ਹੈਰਾਨ ਹੋ ਰਹਿਆ ਜੋਗੀ, ਜਿਵੇਂ ਨੂਹ ਹੈਰਾਨ ਤੂਫ਼ਾਨ ਕੀਤਾ।

455

ਰਾਂਝਾ ਆਪਣੇ ਆਪ ਨਾਲ

ਹੀਰ ਚੁਪ ਬੈਠੀ ਅਸੀਂ ਕੁਟ ਕੱਢੇ, ਸਾਡਾ ਵਾਹ ਪਿਆ ਨਾਲ ਡੋਰਿਆਂ ਦੇ।

ਉਹ ਵੇਲੜਾ ਹੱਥ ਨਾ ਆਂਵਦਾ ਹੈ, ਲੋਕ ਦੇ ਰਹੇ ਲਖ ਢੰਡੋਰਿਆਂ ਦੇ।

ਇੱਕ ਰੰਨ ਗਈ ਦੂਆ ਆਉਣ ਗਿਆ, ਲੋਕ ਸਾੜਦੇ ਨਾਲ ਨਿਹੋਰਿਆਂ ਦੇ।

ਨੂੰਹਾਂ ਰਾਜਿਆਂ ਤੇ ਰੰਨਾਂ ਡਾਢਿਆਂ ਦੀਆਂ, ਕੀਕੂੰ ਹੱਥ ਆਵਣ ਨਾਲ ਜ਼ੋਰਿਆਂ ਦੇ।

ਅਸਾਂ ਮੰਗਿਆ ਉਨ੍ਹਾਂ ਨਾਂ ਖ਼ੈਰ ਕੀਤਾ, ਮੈਨੂੰ ਮਾਰਿਆ ਨਾਲ ਫਹੌੜਿਆਂ ਦੇ।

ਵਾਰਿਸ ਜ਼ੋਰ ਜ਼ਰ ਜ਼ਾਰੀਆਂ ਯਾਰੀਆਂ ਦੇ, ਸਾਏ ਜ਼ਰਾਂ ਤੇ ਨਾ ਕਮਜ਼ੋਰਿਆ ਦੇ।

456

ਰਾਂਝਾ ਦੁਖੀ ਹੋ ਕੇ

ਧੂੰਆਂ ਹੂੰਝਦਾ ਰੋਇਕੇ ਢਾਹ ਮਾਰੇ, ਰੱਬਾ ਮੇਲ ਕੇ ਯਾਰ ਵਿਛੋੜਿਉ ਕਿਉਂ।

ਮੇਰਾ ਰੜੇ ਜਹਾਜ਼ ਸੀ ਆਣ ਲੱਗਾ, ਬੰਨੇ ਲਾਇਕੇ ਫੇਰ ਮੁੜ ਬੋੜਿਉ ਕਿਉਂ।

ਕੋਈ ਅਸਾਂ ਥੀਂ ਵੱਡਾ ਗੁਨਾਹ ਹੋਇਆ, ਸਾਥ ਫ਼ਜ਼ਲ ਦਾ ਲੱਦ ਕੇ ਮੋੜਿਉ ਕਿਉਂ।

ਵਾਰਿਸ ਸ਼ਾਹ ਇਬਾਦਤਾਂ ਛਡ ਕੇ ਤੇ, ਦਿਲ ਨਾਲ ਸ਼ੈਤਾਨ ਦੇ ਜੋੜਿਉ ਕਿਉਂ।

457

ਤਥਾ

ਮੈਨੂੰ ਰਬ ਬਾਝੋਂ ਨਹੀਂ ਤਾਂਘ ਕਾਈ, ਸਭ ਡੰਡੀਆਂ ਗ਼ਮਾਂ ਨੇ ਮੱਲੀਆਂ ਨੇ।

ਸਾਰੇ ਦੇਸ਼ ਤੇ ਮੁਲਕ ਦੀ ਸਾਂਝ ਚੁੱਕੀ, ਸਾਡੀਆਂ ਕਿਸਮਤਾਂ ਜੰਗਲੀਂ ਚੱਲੀਆਂ ਨੇ।

ਜਿੱਥੇ ਸ਼ੀਂਹ ਬੁੱਕਣ ਸ਼ੂਕਣ ਨਾਗ ਕਾਲੇ, ਬਘਿਆੜ ਘੱਤਣ ਨਿਤ ਜੱਲੀਆਂ ਨੇ।

ਚਿੱਲਾ ਕਟ ਕੇ ਪੜ੍ਹਾਂ ਕਲਾਮ ਡਾਹਢੀ, ਤੇਗਾਂ ਵੱਜੀਆਂ ਆਣ ਅਵੱਲੀਆਂ ਨੇ।

ਕੀਤੀਆਂ ਮਿਹਨਤਾਂ ਵਾਰਿਸਾ ਦੁਖ ਝਾਗੇ, ਰਾਤਾਂ ਜਾਂਦੀਆਂ ਨਹੀਂ ਨਿਚੱਲੀਆਂ ਨੇ।

458

ਰਾਂਝੇ ਨੂੰ ਪੀਰ ਯਾਦ ਆਏ

ਰੋਂਦਾ ਕਾਸਨੂੰ ਬੀਰ ਬੈਤਾਲੀਆ ਵੇ, ਪੰਜਾਂ ਪੀਰਾਂ ਦਾ ਤੁਧ ਮਿਲਾਪ ਮੀਆਂ।

ਲਾ ਜ਼ੋਰ ਲਲਕਾਰ ਤੂੰ ਪੀਰ ਪੰਜੇ, ਤੇਰਾ ਦੂਰ ਹੋਵੇ ਦੁਖ ਤਾਪ ਮੀਆਂ।

ਜਿਨ੍ਹਾਂ ਪੀਰਾਂ ਦਾ ਜ਼ੋਰ ਹੈ ਤੁਧ ਨੂੰ ਵੇ, ਕਰ ਰਾਤ ਦਿੰਹ ਓਹਨਾਂ ਦਾ ਜਾਪ ਮੀਆਂ।

ਜ਼ੋਰ ਆਪਣਾ ਫ਼ਕਰ ਨੂੰ ਯਾਦ ਆਇਆ, ਬਾਲਨਾਥ ਮੇਰਾ ਗੁਰੂ ਬਾਪ ਮੀਆਂ।

ਵਾਰਿਸ ਸ਼ਾਹ ਭੁਖਾ ਬੂਹੇ ਰੋਏ ਬੈਠਾ, ਦੇਇ ਉਨ੍ਹਾਂ ਨੂੰ ਵੱਡਾ ਸਰਾਪ ਮੀਆਂ।

459

ਰਾਂਝਾ ਆਪਣੇ ਆਪ ਨੂੰ ਕਹਿੰਦਾ ਹੈ

ਕਰਾਮਾਤ ਜਗਾਇ ਕੇ ਸਿਹਰ ਫੂਕਾਂ, ਜੜ੍ਹ ਖੇੜਿਆਂ ਦੀ ਮੁਢੋਂ ਪੱਟ ਸੁੱਟਾਂ।

ਫ਼ੌਜਦਾਰ ਨਾਹੀਂ ਪਕੜ ਕਵਾਰੜੀ ਨੂੰ, ਹੱਥ ਪੈਰ ਤੇ ਨੱਕ ਕੰਨ ਕੱਟ ਸੁੱਟਾਂ।

ਨਾਲ ਫ਼ੌਜ ਨਾਹੀਂ ਦਿਆਂ ਫੂਕ ਅੱਗਾਂ, ਕਰ ਮੁਲਕ ਨੂੰ ਚੌੜ ਚੁਪੱਟ ਸੁੱਟਾਂ।

'ਅਲਮਾਤਰਾ ਕੈਫ਼ਾ ਬੁਦੂ ਕੱਹਾਰ' ਪੜ੍ਹ ਕੇ, ਨਈਂ ਵਹਿੰਦੀਆਂ ਪਲਕ ਵਿੱਚ ਅੱਟ ਸੁਟਾਂ।

ਸਹਿਤੀ ਹੱਥ ਆਵੇ ਪਕੜ ਚੂੜੀਆਂ ਥੋਂ, ਵਾਂਗ ਟਾਟ ਦੀ ਤਪੜੀ ਛੱਟ ਸੁਟਾਂ।

ਪੰਜ ਪੀਰ ਜੇ ਬਹੁੜਨ ਆਣ ਮੈਨੂੰ, ਦੁਖ ਦਰਦ ਕਜੀਅੜੇ ਕੱਟ ਸੱਟਾਂ।

ਹੁਕਮ ਰਬ ਦੇ ਨਾਲ ਮੈਂ ਕਾਲ ਜੀਭਾ, ਮਗਰ ਲੱਗ ਕੇ ਦੂਤ ਨੂੰ ਚੱਟ ਸੁੱਟਾਂ।

ਜਟ ਵਟ ਤੇ ਪਟ ਤੇ ਫਟ ਬੱਧੇ, ਵਰ ਦੇਣ ਸਿਆਣਿਆਂ ਸੱਤ ਸੁਟਾਂ।

ਪਾਰ ਹੋਵੇ ਸਮੁੰਦਰੋਂ ਹੀਰ ਬੈਠੀ, ਬੁੱਕਾਂ ਨਾਲ ਸਮੁੰਦਰ ਨੂੰ ਝੱਟ ਸੁੱਟਾਂ।

ਵਾਰਿਸ ਸ਼ਾਹ ਮਾਸ਼ੂਕ ਜੇ ਮਿਲੇ ਖ਼ਿਲਵਤ, ਸਭ ਜੀਊ ਦੇ ਦੁਖ ਉਲੱਟ ਸੁੱਟਾਂ।

460

ਰਾਂਝਾ ਕਾਲੇ ਬਾਗ਼ ਵਿਚ

ਦਿਲ ਫ਼ਿਕਰ ਨੇ ਘੇਰਿਆ ਬੰਦ ਹੋਇਆ, ਰਾਂਝਾ ਜੀਊ ਗ਼ੋਤੇ ਲਖ ਖਾਇ ਬੈਠਾ।

ਸੱਥੋਂ ਹੂੰਝ ਧੂੰਆਂ ਸਿਰ ਚਾ ਟੁਰਿਆ, ਕਾਲੇ ਬਾਗ਼ ਵਿਚ ਢੇਰ ਮਚਾਇ ਬੈਠਾ।

ਅਖੀਂ ਮੀਟ ਕੇ ਰਬ ਧਿਆਨ ਧਰ ਕੇ, ਚਾਰੋਂ ਤਰਫ਼ ਹੈ ਧੂੰਨੜਾ ਲਾਇ ਬੈਠਾ।

ਵਟ ਮਾਰ ਕੇ ਚਾਰੋਂ ਹੀ ਤਰਫ਼ ਉੱਚੀ, ਉੱਥੇ ਵਲਗਣਾਂ ਖ਼ੂਬ ਬਣਾਇ ਬੈਠਾ।

ਅਸਾਂ ਕੱਚ ਕੀਤਾ ਰੱਬ ਸਚ ਕਰਸੀ, ਇਹ ਆਖ ਕੇ ਵੈਲ ਜਗਾਇ ਬੈਠਾ।

ਭੜਕੀ ਅੱਗ ਜਾਂ ਤਾਉਣੀ ਤਾਉ ਕੀਤਾ, ਇਸ਼ਕ ਮੁਸ਼ਕ ਵਿਸਾਰ ਕੇ ਜਾਇ ਬੈਠਾ।

ਵਿੱਚ ਸੰਘਣੀ ਛਾਉਂ ਦੇ ਘਤ ਭੂਰਾ, ਵਾਂਗ ਅਹਿਦੀਆਂ ਢਾਸਣਾ ਲਾਇ ਬੈਠਾ।

ਵਾਰਿਸ ਸ਼ਾਹ ਉਸ ਵਕਤ ਨੂੰ ਝੂਰਦਾ ਈ, ਜਿਸ ਵੇਲੜੇ ਅੱਖੀਆਂ ਲਾਇ ਬੈਠਾ।

461

ਤਥਾ

ਮੀਟ ਅੱਖੀਆਂ ਰੱਖੀਆਂ ਬੰਦਗੀ ਤੇ, ਘੱਤੇ ਜੱਲੀਆਂ ਚਿੱਲੇ ਵਿੱਚ ਹੋਇ ਰਹਿਆ।

ਕਰੇ ਆਜਜ਼ੀ ਵਿੱਚ ਮੁਰਾਕਬੇ ਦੇ, ਦਿਨੇ ਰਾਤ ਖ਼ੁਦਾਇ ਥੇ ਰੋਇ ਰਹਿਆ।

ਵਿੱਚ ਯਾਦ ਖ਼ੁਦਾਇ ਦੀ ਮਹਿਵ ਰਹਿੰਦਾ, ਕਦੀ ਬੈਠ ਰਹਿਆ ਕਦੀ ਸੋਇ ਰਹਿਆ।

ਵਾਰਿਸ ਸ਼ਾਹ ਨਾ ਫ਼ਿਕਰ ਕਰ ਮੁਸ਼ਕਲਾਂ ਦਾ, ਜੋ ਕੁਛ ਹੋਵਣਾ ਸੀ ਸੋਈ ਹੋਇ ਰਹਿਆ।

462

ਤਥਾ

ਨਿਉਲੀ ਕਰਮ ਕਰਦਾ ਕਦੀ ਅਰਧ ਤਪ ਵਿੱਚ, ਕਦੀ ਹੋਮ ਸਰੀਰ ਜੋ ਲਾਇ ਰਹਿਆ।

ਕਦੀ ਨਖੀ ਤਪ ਸ਼ਾਮ ਤਪ ਪੌਣ ਭਖੀ, ਸਦਾ-ਬਰਤ ਨੇਮੀ ਚਿੱਤ ਲਾਇ ਰਹਿਆ।

ਕਦੀ ਉਰਧ ਤਪ ਸਾਸ ਤਪ ਗਰਾਸ ਤਪ ਨੂੰ, ਕਦੀ ਜੋਗ ਜਤੀ ਚਿਤ ਲਾਇ ਰਹਿਆ।

ਕਦੀ ਮਸਤ ਮਕਜ਼ੂਬ ਲਟ ਹੋ ਸੁਥਰਾ, ਅਲਫ ਸਿਆਹ ਮੱਥੇ ਉੱਤੇ ਲਾਇ ਰਹਿਆ।

ਆਵਾਜ਼ ਆਇਆ ਬੱਚਾ ਰਾਂਝਣਾ ਵੋ, ਤੇਰਾ ਸੁਬ੍ਹਾ ਮੁਕਾਬਲਾ ਆਇ ਰਹਿਆ।

463

ਕੁੜੀਆਂ ਕਾਲੇ ਬਾਗ਼ ਵਿੱਚ ਗਈਆਂ

ਰੋਜ਼ ਜੁੰਮੇ ਦੇ ਤ੍ਰਿੰਞਣਾਂ ਧੂੜ ਘੱਤੀ, ਤੁਰ ਨਿਕਲੇ ਕਟਕ ਅਰਬੇਲੀਆਂ ਦੇ।

ਜਿਵੇਂ ਕੂੰਜਾਂ ਦੀ ਡਾਰ ਆ ਲਹੇ ਬਾਗੀਂ, ਫਿਰਨ ਘੋੜੇ ਤੇ ਰੱਬ ਮਹੇਲੀਆਂ ਦੇ।

ਵਾਂਗ ਸ਼ਾਹ ਪਰੀਆਂ ਛਣਾਂ ਛਣ ਛਣਕਣ, ਵੱਡੇ ਤ੍ਰਿੰਞਣ ਨਾਲ ਸਹੇਲੀਆਂ ਦੇ।

ਧਮਕਾਰ ਪੈ ਗਈ ਤੇ ਧਰਤ ਕੰਬੀ, ਛੁੱਟੇ ਪਾਸਨੇ ਗਰਬ ਗਹੇਲੀਆਂ ਦੇ।

ਵੇਖ ਜੋਗੀ ਦਾ ਥਾਂਉਂ ਵਿੱਚ ਆ ਵੜੀਆਂ, ਮਹਿਕਾਰ ਪੈ ਗਏ ਚੰਬੇਲੀਆਂ ਦੇ।

ਵਾਰਿਸ ਸ਼ਾਹ ਉਸ਼ਨਾਕ ਜਿਉਂ ਢੂੰਡ ਲੈਂਦੇ, ਇਤਰ ਵਾਸਤੇ ਹੱਟ ਫੁਲੇਲੀਆਂ ਦੇ।

464

ਕੁੜੀਆਂ ਨੇ ਰਾਂਝੇ ਦਾ ਡੇਰਾ ਬਰਬਾਦ ਕਰਨਾ

ਧੂੰਆਂ ਫੋਲ ਕੇ ਰੋਲ ਕੇ ਸੱਟ ਖੱਪਰ, ਤੋੜ ਸੇਲ੍ਹੀਆਂ ਭੰਗ ਖਿਲਾਰੀਆਂ ਨੇ।

ਡੰਡਾ ਕੂੰਡਾ ਭੰਗ ਅਫੀਮ ਕੋਹੀ, ਫੋਲ ਫਾਲ ਕੇ ਪੱਟੀਆਂ ਡਾਰੀਆਂ ਨੇ।

ਧੂੰਆਂ ਸਵਾਹ ਖਿਲਾਰ ਕੇ ਭੰਨ ਹੁੱਕਾ, ਗਾਹ ਘੱਤ ਕੇ ਲੁੱਡੀਆਂ ਮਾਰੀਆਂ ਨੇ।

ਸਾਫ਼ਾ ਸੰਗਲੀ ਚਿਮਟਾ ਭੰਗ ਕੱਕੜ, ਨਾਦ ਸਿਮਰਨਾ ਧੂਪ ਖਿਲਾਰੀਆਂ ਨੇ।

ਜੇਹਾ ਹੂੰਝ ਬੁਹਾਰ ਤੇ ਫੋਲ ਕੂੜਾ, ਬਾਹਰ ਸੁੱਟਿਆ ਕੱਢ ਪਸਾਰੀਆਂ ਨੇ।

ਕਰਨ ਹਲੂ ਹਲੂ ਤੇ ਮਾਰ ਹੇਕਾਂ, ਦੇਣ ਧੀਰੀਆਂ ਤੇ ਖਿੱਲੀ ਮਾਰੀਆਂ ਨੇ।

ਵਾਰਿਸ ਸ਼ਾਹ ਜਿਉਂ ਦਲਾਂ ਪੰਜਾਬ ਲੁੱਟੀ, ਤਿਵੇਂ ਜੋਗੀ ਨੂੰ ਲੁੱਟ ਉਜਾੜੀਆਂ ਨੇ।

465

ਤਥਾ

ਕਿਲੇਦਾਰ ਨੂੰ ਮੋਰਚੇ ਤੰਗ ਢੁੱਕੇ, ਸ਼ਬਖੂਨ ਤੇ ਤਿਆਰ ਹੋ ਸੱਜਿਆ ਈ।

ਥੜਾ ਪਵੇ ਜਿਉਂ ਧਾੜ ਨੂੰ ਸ਼ੀਂਹ ਛੁੱਟੇ, ਉਠ ਬੋਤੀਆਂ ਦੇ ਮਨ੍ਹੇ ਗੱਜਿਆ ਈ।

ਸਭਾ ਨੱਸ ਗਈਆਂ ਇੱਕਾ ਰਹੀ ਪਿੱਛੇ, ਆਇ ਸੋਇਨ ਚਿੜੀ ਉਤੇ ਵੱਜਿਆ ਈ।

ਹਾਇ ਹਾਇ ਮਾ-ਮੁੰਡੀਏ ਜਾਹ ਨਾਹੀਂ, ਪਰੀ ਵੇਖ ਅਵਧੂਤ ਨਾ ਲੱਜਿਆ ਈ।

ਨੰਗੀ ਹੋ ਨੱਠੀ ਸੱਟ ਸਤਰ ਜ਼ੇਵਰ, ਸੱਭਾ ਜਾਨ ਭਿਆਣੀਆਂ ਤੱਜਿਆ ਈ।

ਮਲਕੁਲਮੌਤ ਅਜ਼ਾਬ ਦੇ ਕਰੇ ਨੰਗੀ, ਪਰਦਾ ਕਿਸੇ ਦਾ ਕਦੀ ਨਾ ਕੱਜਿਆ ਈ।

ਉਤੋਂ ਨਾਦ ਵਜਾਇਕੇ ਕਰੇ ਨਾਹਰਾ, ਅਖੀਂ ਲਾਲ ਕਰਕੇ ਮੂੰਹ ਟੱਡਿਆ ਈ।

ਵਾਰਿਸ ਸ਼ਾਹ ਹਿਸਾਬ ਨੂੰ ਪਰੀ ਪਕੜੀ, ਸੂਰ ਹਸ਼ਰ ਦਾ ਵੇਖ ਲਏ ਵੱਜਿਆ ਈ।

466

ਕੁੜੀ ਦਾ ਰਾਂਝੇ ਨੂੰ ਕਹਿਣਾ

ਕੁੜੀ ਆਖਿਆ ਮਾਰ ਨਾ ਫਾਹੁੜੀ ਵੇ, ਮਰ ਜਾਊਂਗੀ ਮਸਤ ਦੀਵਾਨਿਆਂ ਵੇ।

ਲੱਗੇ ਫਾਹੁੜੀ ਬਾਹੁੜੀ ਮਰਾਂ ਜਾਨੋਂ, ਰੱਖ ਲਈ ਤੂੰ ਮੀਆਂ ਮਸਤਾਨਿਆਂ ਵੇ।

ਇਜ਼ਰਾਈਲ ਜਮ ਆਣ ਕੇ ਬਹੇ ਬੂਹੇ, ਨਹੀਂ ਛੁਟੀਂਦਾ ਨਾਲ ਬਹਾਨਿਆਂ ਵੇ।

ਤੇਰੀ ਡੀਲ ਹੈ ਦੇਉ ਦੀ ਅਸੀਂ ਪਰੀਆਂ, ਇੱਕਸ ਲਤ ਲੱਗੇ ਮਰ ਜਾਨੀਆਂ ਵੇ।

ਗੱਲ ਦੱਸਣੀ ਹੈ ਸੋ ਤੂੰ ਦੱਸ ਮੈਨੂੰ, ਤੇਰਾ ਲੈ ਸੁਨੇਹੜਾ ਜਾਨੀਆਂ ਵੇ।

ਮੇਰੀ ਤਾਈ ਹੈ ਜਿਹੜੀ ਤੁੱਧ ਬੇਲਣ, ਅਸੀਂ ਹਾਲ ਥੀਂ ਨਹੀਂ ਬੇਗਾਨੀਆਂ ਵੇ।

ਤੇਰੇ ਵਾਸਤੇ ਓਸਦੀ ਕਰਾਂ ਮਿੰਨਤ, ਜਾਇ ਹੀਰ ਅੱਗੇ ਟਟਿਆਨੀਆਂ ਵੇ।

ਵਾਰਿਸ ਆਖ ਕੀਕੂੰ ਆਖਾਂ ਜਾਇ ਉਸ ਨੂੰ, ਅਵੇ ਇਸ਼ਕ ਦੇ ਕੰਮ ਦਿਆ ਬਾਨੀਆਂ ਵੇ।

467

ਰਾਂਝੇ ਦਾ ਕੁੜੀ ਹੱਥ ਹੀਰ ਨੂੰ ਸੁਨੇਹਾ

ਜਾਇ ਹੀਰ ਨੂੰ ਆਖਣਾ ਭਲਾ ਕੀਤੋ, ਸਾਨੂੰ ਹਾਲ ਥੀਂ ਚਾ ਬੇਹਾਲ ਕੀਤੋ।

ਝੰਡਾ ਸਿਆਹ ਸਫ਼ੈਦ ਸੀ ਇਸ਼ਕ ਵਾਲਾ, ਉਹ ਘੱਤ ਮਜੀਠ ਗ਼ਮ ਲਾਲ ਕੀਤੋ।

ਦਾਨਾ ਬੇਗ ਦੇ ਮਗਰ ਜਿਉਂ ਪਏ ਗ਼ਿਲਜ਼ੀ ਡੇਰਾ, ਲੁੱਟ ਕੇ ਚਾਇ ਕੰਗਾਲ ਕੀਤੋ।

ਤਿਲਾ ਕੁੰਦ ਨੂੰ ਅੱਗ ਦਾ ਤਾਉ ਦੇ ਕੇ, ਚਾਇ ਅੰਦਰੋਂ ਬਾਹਰੋਂ ਲਾਲ ਕੀਤੋ।

ਅਹਿਮਦ ਸ਼ਾਹ ਵਾਂਗੂੰ ਮੇਰੇ ਵੈਰ ਪੈ ਕੇ, ਪੱਟ ਪੱਟ ਕੇ ਚੱਕ ਦਾ ਤਾਲ ਕੀਤੋ।

ਚਿਹਰੀਂ ਸ਼ਾਦ ਬਹਾਲੀਆਂ ਖੇੜਿਆਂ ਨੂੰ, ਬਰਤਰਫ਼ੀਆਂ ਤੇ ਮਹੀਂਵਾਲ ਕੀਤੋ।

ਫ਼ਤਿਹਾਬਾਦ ਚਾਇ ਦਿਤੀਆ ਖੇੜਿਆਂ ਨੂੰ, ਭਾਰਾ ਰਾਂਝਣੇ ਦੇ ਵੈਰੋਵਾਲ ਕੀਤੋ।

ਛੱਡ ਨੱਠੀ ਏ ਸਿਆਲ ਤੇ ਮਹੀਂ ਮਾਹੀ, ਵਿੱਚ ਖੇੜਿਆਂ ਦੇ ਆਇ ਜਾਲ ਕੀਤੋ।

ਜਾਂ ਮੈਂ ਗਿਆ ਵਿਹੜੇ ਸਹਿਤੀ ਨਾਲ ਰਲ ਕੇ, ਫੜੇ ਚੋਰ ਵਾਂਗੂੰ ਮੇਰਾ ਹਾਲ ਕੀਤੋ।

ਨਾਦਰ ਸ਼ਾਹ ਥੋਂ ਹਿੰਦ ਪੰਜਾਬ ਥਰਕੇ, ਮੇਰੇ ਬਾਬ ਦਾ ਤੁਧ ਭੁੰਚਾਲ ਕੀਤੋ।

ਭਲੇ ਚੌਧਰੀ ਦਾ ਪੁਤ ਚਾਕ ਹੋਇਆ, ਚਾਇ ਜਗ ਉੱਤੇ ਮਹੀਂਵਾਲ ਕੀਤੋ।

ਤੇਰੇ ਬਾਬ ਦਰਗਾਹ ਥੀਂ ਮਿਲੇ ਬਦਲਾ, ਜੇਹਾ ਜ਼ਾਲਮੇ ਤੈਂ ਮੇਰੇ ਨਾਲ ਕੀਤੋ।

ਦਿੱਤੇ ਆਪਣਾ ਸ਼ੌਕ ਤੇ ਸੋਜ਼ ਮਸਤੀ, ਵਾਰਿਸ ਸ਼ਾਹ ਫ਼ਕੀਰ ਨਿਹਾਲ ਕੀਤੋ।

468

ਕੁੜੀ ਹੀਰ ਕੋਲ ਆਈ

ਕੁੜੀ ਆਪਣਾ ਆਪ ਛੁੜਾ ਨੱਠੀ, ਤੀਰ ਗ਼ਜ਼ਬ ਦਾ ਜੀਊ ਵਿੱਚ ਕੱਸਿਆ ਈ।

ਸਹਿਜੇ ਆ ਕੇ ਹੀਰ ਦੇ ਕੋਲ ਬਹਿ ਕੇ, ਹਾਲ ਓਸ ਨੂੰ ਖੋਲ੍ਹ ਕੇ ਦੱਸਿਆ ਈ।

ਛਡ ਨੰਗ ਨਾਮੂਸ ਫ਼ਕੀਰ ਹੋਇਆ, ਰਹੇ ਰੋਂਦੜਾ ਕਦੀ ਨਾ ਹੱਸਿਆ ਈ।

ਏਸ ਹੁਸਨ ਕਮਾਨ ਨੂੰ ਹੱਥ ਫੜਕੇ, ਆ ਕਹਿਰ ਦਾ ਤੀਰ ਕਿਉਂ ਕੱਸਿਆ ਈ।

ਘਰੋਂ ਮਾਰ ਕੇ ਮੁਹਲਿਆਂ ਕਢਿਆ ਈ, ਜਾ ਕੇ ਕਾਲੜੇ ਬਾਗ਼ ਵਿੱਚ ਵੱਸਿਆ ਈ।

ਵਾਰਿਸ ਸ਼ਾਹ ਦਿੰਹ ਰਾਤ ਦੇ ਮੀਂਹ ਵਾਂਗੂੰ, ਨੀਰ ਓਸ ਦੇ ਨੈਣਾਂ ਥੀਂ ਵੱਸਿਆ ਈ।

469

ਹੀਰ

ਕੁੜੀਏ ਵੇਖ ਰੰਝੇਟੜੇ ਕੱਚ ਕੀਤਾ, ਖੋਲ੍ਹ ਜੀਊ ਦਾ ਭੇਤ ਪਸਾਰਿਉ ਨੇ।

ਮਨਸੂਰ ਨੇ ਇਸ਼ਕ ਦਾ ਭੇਤ ਦਿੱਤਾ, ਉਸ ਨੂੰ ਤੁਰਤ ਸੂਲੀ ਉੱਤੇ ਚਾੜ੍ਹਿਉ ਨੇ।

ਰਸਮ ਇਸ਼ਕ ਦੇ ਮੁਲਕ ਦੀ ਚੁਪ ਰਹਿਣਾ, ਮੂੰਹੋਂ ਬੋਲਿਆ ਸੂ ਉਹਨੂੰ ਮਾਰਿਉ ਨੇ।

ਤੋਤਾ ਬੋਲ ਕੇ ਪਿੰਜਰੇ ਕੈਦ ਹੋਇਆ, ਐਵੇਂ ਬੋਲਣੋਂ ਅਗਨ ਸੰਘਾਰਿਉ ਨੇ।

ਯੂਸਫ਼ ਬੋਲ ਕੇ ਬਾਪ ਤੇ ਖ਼ਾਬ ਦੱਸੀ, ਉਸ ਨੂੰ ਖੂਹ ਦੇ ਵਿੱਚ ਉਤਾਰਿਉ ਨੇ।

ਵਾਰਿਸ ਸ਼ਾਹ ਕਾਰੂੰ ਨੂੰ ਸਣੇ ਦੌਲਤ, ਹੇਠ ਜ਼ਿਮੀਂ ਦੇ ਚਾਇ ਨਿਘਾਰਿਉ ਨੇ।

470

ਤਥਾ

ਚਾਕ ਹੋਇ ਕੇ ਖੋਲੀਆਂ ਚਾਰਦਾ ਸੀ, ਜਦੋਂ ਉਸ ਦਾ ਜੀਊ ਤੂੰ ਖੱਸਿਆ ਸੀ।

ਉਹਦੀ ਨਜ਼ਰ ਦੇ ਸਾਮ੍ਹਣੇ ਖੇਡਦੀ ਸੈਂ, ਮੁਲਕ ਓਸ ਦੇ ਬਾਬ ਦਾ ਵੱਸਿਆ ਸੀ।

ਆ ਸਾਹੁਰੇ ਵਹੁਟੜੀ ਹੋਇ ਬੈਠੀ, ਤਦੋਂ ਜਾਇਕੇ ਜੋਗ ਵਿੱਚ ਧੱਸਿਆ ਸੀ।

ਆਇਆ ਹੋ ਫ਼ਕੀਰ ਤਾਂ ਲੜੇ ਸਹਿਤੀ, ਗੜਾ ਕਹਿਰ ਦਾ ਓਸ ਤੇ ਵੱਸਿਆ ਸੀ।

ਮਾਰ ਮੁਹਲਿਆਂ ਨਾਲ ਹੈਰਾਨ ਕੀਤੋ, ਤਦੋਂ ਕਾਲੜੇ ਬਾਗ਼ ਨੂੰ ਨੱਸਿਆ ਸੀ।

ਪਿੱਛਾ ਦੇ ਨਾ ਮਾੜਿਆਂ ਜਾਣ ਕੇ ਨੀ, ਭੇਤ ਇਸ਼ਕ ਦਾ ਆਸ਼ਕਾਂ ਦੱਸਿਆ ਸੀ।

ਡੋਲੀ ਚੜ੍ਹੀ ਤਾਂ ਯਾਰ ਤੋਂ ਛੁੱਟ ਪਈਏਂ, ਤਦੋਂ ਮੁਲਕ ਸਾਰਾ ਤੈਨੂੰ ਹੱਸਿਆ ਸੀ।

ਜਦੋਂ ਮਹੀਂ ਨੂੰ ਕੂਚ ਦਾ ਹੁਕਮ ਕੀਤਾ, ਤੰਗ ਤੋਬਰਾ ਨਫ਼ਰ ਨੇ ਕੱਸਿਆ ਸੀ।

ਜਦੋਂ ਰੂਹ ਇਕਰਾਰ ਇਖ਼ਰਾਜ ਕੀਤਾ, ਤਦੋਂ ਜਾਇ ਕਲਬੂਤ ਵਿੱਚ ਧੱਸਿਆ ਸੀ।

ਜਿਹੜੇ ਨਿਵੇਂ ਸੋ ਉਹ ਹਜ਼ੂਰ ਹੋਏ, ਵਾਰਿਸ ਸ਼ਾਹ ਨੂੰ ਪੀਰ ਨੇ ਦੱਸਿਆ ਸੀ।

471

ਤਥਾ

ਰਾਂਝਾ ਵਾਂਗ ਈਮਾਨ ਸ਼ਰਾਬੀਆਂ ਦੇ, ਜੁਦਾ ਹੋਇ ਕੇ ਪਿੰਡ ਥੀਂ ਹਾਰ ਰਹਿਆ।

ਨੈਣਾਂ ਤੇਰਿਆਂ ਜੱਟ ਨੂੰ ਕਤਲ ਕੀਤਾ, ਚਾਕ ਹੋਇਕੇ ਖੋਲ੍ਹੀਆਂ ਚਾਰ ਰਹਿਆ।

ਤੂੰ ਤਾਂ ਖੇੜਿਆਂ ਦੀ ਬਣੀ ਚੌਧਰਾਣੀ, ਰਾਂਝਾ ਹੋਇ ਕੇ ਟੱਕਰਾਂ ਮਾਰ ਰਹਿਆ।

ਅੰਤ ਕੰਨ ਪੜਾ ਫ਼ਕੀਰ ਹੋਇਆ, ਘਤ ਮੁੰਦਰਾਂ ਵਿੱਚ ਉਜਾੜ ਰਹਿਆ।

ਓਸ ਵਤਨ ਨਾ ਮਿਲੇ ਤੂੰ ਸਤਰਖ਼ਾਨੇ, ਥੱਕ ਹੁੱਟ ਕੇ ਅੰਤ ਨੂੰ ਹਾਰ ਰਹਿਆ।

ਤੈਨੂੰ ਚਾਕ ਦੀ ਆਖਦਾ ਜਗ ਸਾਰਾ, ਇਵੇਂ ਓਸ ਨੂੰ ਮਿਹਣੇ ਮਾਰ ਰਹਿਆ।

ਸ਼ਕਰ ਗੰਜ ਮਸਊਦ ਮੌਦੂਦ ਵਾਂਗੂੰ, ਉਹ ਨਫ਼ਸ ਤੇ ਹਿਰਸ ਨੂੰ ਮਾਰ ਰਹਿਆ।

ਸੁਧਾ ਨਾਲ ਤਵੱਕਲੀ ਠੇਲ੍ਹ ਬੇੜਾ, ਵਾਰਿਸ ਵਿੱਚ ਡੁੱਬਾ ਇੱਕੇ ਪਾਰ ਰਹਿਆ।

472

ਹੀਰ

ਆਕੀ ਹੋ ਬੈਠੇ ਅਸੀਂ ਜੋਗੀੜੇ ਥੋਂ, ਜਾ ਲਾ ਲੈ ਜ਼ੋਰ ਜੋ ਲਾਵਣਾ ਈ।

ਅਸੀਂ ਹੁਸਨ ਤੇ ਹੋ ਮਗ਼ਰੂਰ ਬੈਠੇ, ਚਾਰ ਚਸ਼ਮ ਦਾ ਕਟਕ ਲੜਾਵਣਾ ਈ।

ਲਖ ਜ਼ੋਰ ਤੂੰ ਲਾ ਜੋ ਲਾਵਣਾ ਈ, ਅਸਾਂ ਬੱਧਿਆਂ ਬਾਝ ਨਾ ਆਵਣਾ ਈ।

ਸੁਰਮਾ ਅੱਖੀਆਂ ਦੇ ਵਿੱਚ ਪਾਵਣਾ ਈ, ਅਸਾਂ ਵੱਡਾ ਕਮੰਦ ਪਵਾਵਣਾ ਈ।

ਰੁਖ਼ ਦੇ ਕੇ ਯਾਰ ਭਤਾਰ ਤਾਈਂ, ਸੈਦਾ ਰਾਂਝੇ ਦੇ ਨਾਲ ਲੜਾਵਣਾ ਈ।

ਠੰਢਾ ਹੋਏ ਬੈਠਾ ਸੈਦਾ ਵਾਂਗ ਦਹਿਸਰ, ਸੋਹਣੀ ਲੰਕ ਨੂੰ ਓਸ ਲੁਟਾਵਣਾ ਈ।

ਰਾਂਝੇ ਕੰਨ ਪੜਾਇਕੇ ਜੋਗ ਲੀਤਾ, ਅਸਾਂ ਇਸ਼ਕ ਦਾ ਜੋਗ ਲੈ ਲਾਵਣਾ ਈ।

ਵਾਰਿਸ ਸ਼ਾਹ ਉਹ ਬਾਗ਼ ਵਿੱਚ ਜਾ ਬੈਠਾ, ਹਾਸਲ ਬਾਗ਼ ਦਾ ਅਸਾਂ ਲਿਆਵਣਾ ਈ।

473

ਕੁੜੀ

ਆਕੀ ਹੋਇਕੇ ਖੇੜਿਆਂ ਵਿੱਚ ਵੜੀ ਏਂ, ਇਸ਼ਕ ਹੁਸਨ ਦੀ ਵਾਰਿਸੇ ਜੱਟੀਏ ਨੀ।

ਪਿੱਛਾ ਅੰਤ ਨੂੰ ਦੇਵਣਾ ਹੋਵੇ ਜਿਸ ਨੂੰ, ਝੁੱਗਾ ਓਸ ਦਾ ਕਾਸ ਨੂੰ ਪੱਟੀਏ ਨੀ।

ਜਿਹੜਾ ਵੇਖ ਕੇ ਮੁੱਖ ਨਿਹਾਲ ਹੋਵੇ, ਕੀਚੈ ਕਤਲ ਨਾ ਹਾਲ ਪਲੱਟੀਏ ਨੀ।

ਇਹ ਆਸ਼ਕੀ ਵੇਲ ਅੰਗੂਰ ਦੀ ਏ, ਮੁੱਢੋਂ ਏਸ ਨੂੰ ਪੁੱਟ ਨਾ ਸੱਟੀਏ ਨੀ।

ਇਹ ਜੋਬਨਾ ਨਿੱਤ ਨਾ ਹੋਵਣਾ ਈ, ਛਾਉਂ ਬੱਦਲਾਂ ਜਦੀ ਜਾਣ ਜੱਟੀਏ ਨੀ।

ਲੈ ਕੇ ਸੱਠ ਸਹੇਲੀਆਂ ਵਿੱਚ ਬੇਲੇ, ਨਿਤ ਢਾਂਵਦੀ ਸੈਂ ਉਹ ਨੂੰ ਢੱਟੀਏ ਨੀ।

ਪਿੱਛਾ ਨਾਹਿ ਦੀਚੇ ਸੱਚੇ ਆਸ਼ਕਾਂ ਨੂੰ, ਜੋ ਕੁੱਝ ਜਾਨ ਤੇ ਬਣੇ ਸੋ ਕੱਟੀਏ ਨੀ।

ਦਾਅਵਾ ਬੰਨ੍ਹੀਏ ਤਾਂ ਖੜਿਆਂ ਹੋ ਲੜੀਏ, ਤੀਰ ਮਾਰ ਕੇ ਆਪ ਨਾ ਛੱਪੀਏ ਨੀ।

ਅੱਠੇ ਪਹਿਰ ਵਿਸਾਰੀਏ ਨਹੀਂ ਸਾਹਿਬ, ਕਦੀ ਹੋਸ਼ ਦੀ ਅੱਖ ਪਰੱਤੀਏ ਨੀ।

ਜਿਨ੍ਹਾਂ ਕੰਤ ਭੁਲਾਇਆ ਛੁਟੜਾਂ ਨੇ, ਲਖ ਮੌਲੀਆਂ ਮਹਿੰਦੀਆਂ ਘੱਤੀਏ ਨੀ।

ਉਠ ਝਬਦੇ ਜਾਇਕੇ ਹੋ ਹਾਜ਼ਿਰ, ਏਹੇ ਕੰਮ ਨੂੰ ਢਿੱਲ ਨਾ ਘੱਤੀਏ ਨੀ।

ਮਿੱਠੀ ਚਾਟ ਹਲਾਇਕੇ ਤੋਤੜੇ ਨੂੰ, ਪਿੱਛੋਂ ਕੰਕਰੀ ਰੋੜ ਨਾ ਘੱਤੀਏ ਨੀ।

474

ਹੀਰ ਸਹਿਤੀ ਨੂੰ

ਜਿਵੇਂ ਮੁਰਸ਼ਦਾਂ ਪਾਸ ਜਾ ਢਹਿਣ ਤਾਲਬ, ਤਿਵੇਂ ਸਹਿਤੀ ਦੇ ਪਾਸ ਨੂੰ ਹੀਰ ਹੇਰੇ।

ਕਰੀਂ ਸਭ ਤਕਸੀਰ ਮੁਆਫ ਸਾਡੀ, ਪੈਰੀਂ ਪਵਾਂ ਮਨਾਏਂ ਜੇ ਨਾਲ ਮੇਰੇ।

ਬਖ਼ਸ਼ੇ ਨਿਤ ਗੁਨਾਹ ਖੁਦਾਇ ਸੱਚਾ, ਬੰਦਾ ਬਹੁਤ ਗੁਨਾਹ ਦੇ ਭਰੇ ਬੇੜੇ।

ਵਾਰਿਸ ਸ਼ਾਹ ਮਨਾਵੜਾ ਅਸਾਂ ਆਂਦਾ, ਸਾਡੀ ਸੁਲਾਹ ਕਰਾਂਵਦਾ ਨਾਲ ਤੇਰੇ।

475

ਸਹਿਤੀ

ਅਸਾਂ ਕਿਸੇ ਦੇ ਨਾਲ ਕੁੱਝ ਨਹੀਂ ਮਤਲਬ, ਸਿਰੋਪਾ ਲਏ ਖ਼ੁਸ਼ੀ ਹਾਂ ਹੋਇ ਰਹੇ।

ਲੋਕਾਂ ਮਿਹਣੇ ਮਾਰ ਬੇਪਤੀ ਕੀਤੀ, ਮਾਰੇ ਸ਼ਰਮ ਦੇ ਅੰਦਰੇ ਰੋਇ ਰਹੇ।

ਗ਼ੁੱਸੇ ਨਾਲ ਇਹ ਵਾਲ ਪੈਕਾਨ ਵਾਂਗੂੰ, ਸਾਡੇ ਜੀਊ ਤੇ ਵਾਲ ਗਡੋਇ ਰਹੇ।

ਨੀਲ ਮੱਟੀਆਂ ਵਿੱਚ ਡੁਬੋਇ ਰਹੇ, ਲੱਖ ਲੱਖ ਮੈਲੇ ਨਿਤ ਧੋਇ ਰਹੇ।

ਵਾਰਿਸ ਸ਼ਾਹ ਨਾ ਸੰਗ ਨੂੰ ਰੰਗ ਆਵੇ, ਲਖ ਸੂਹੇ ਦੇ ਵਿੱਚ ਸਮੋਇ ਰਹੇ।

476

ਹੀਰ

ਹੀਰ ਆਣ ਜਨਾਬ ਵਿੱਚ ਅਰਜ਼ ਕੀਤਾ, ਨਿਆਜ਼ਮੰਦ ਹਾਂ ਬਖ਼ਸ਼ ਮੈਂ ਗ਼ੋਲੀਆਂ ਨੀ।

ਸਾਨੂੰ ਬਖਸ਼ ਗੁਨਾਹ ਤਕਸੀਰ ਸਾਰੀ, ਜੋ ਕੁਝ ਲੜਦਿਆਂ ਤੁੱਧ ਨੂੰ ਬੋਲੀਆਂ ਨੀ।

ਅੱਛੀ ਪੀੜ-ਵੰਡਾਵੜੀ ਭੈਣ ਮੇਰੀ, ਤੈਥੋਂ ਵਾਰ ਘੱਤੀ ਘੋਲ ਘੋਲੀਆਂ ਨੀ।

ਮੇਰਾ ਕੰਮ ਕਰ ਮੁੱਲ ਲੈ ਬਾਝ ਦੰਮਾਂ, ਦੂਣਾ ਬੋਲ ਲੈ ਜੋ ਕੁੱਝ ਬੋਲੀਆਂ ਨੀ।

ਘਰ ਬਾਰ ਤੇ ਮਾਲ ਜ਼ਰ ਹੁਕਮ ਤੇਰਾ, ਸਭੇ ਤੇਰੀਆਂ ਢਾਂਡੀਆਂ ਖੋਲ੍ਹੀਆਂ ਨੀ।

ਮੇਰਾ ਯਾਰ ਆਇਆ ਚਲ ਵੇਖ ਆਈਏ, ਪਈ ਮਾਰਦੀ ਸੈਂ ਨਿਤ ਬੋਲੀਆਂ ਨੀ।

ਜਿਸ ਜ਼ਾਤ ਸਿਫ਼ਾਤ ਚੌਧਰਾਈ ਛੱਡੀ, ਮੇਰੇ ਵਾਸਤੇ ਚਾਰੀਆ ਖੋਲੀਆਂ ਨੀ।

ਜਿਹੜਾ ਮੁਢ ਕਦੀਮ ਦਾ ਯਾਰ ਮੇਰਾ, ਜਿਸ ਚੂੰਡੀਆਂ ਕਵਾਰ ਦੀਆਂ ਖੋਲ੍ਹੀਆਂ ਨੀ।

ਵਾਰਿਸ ਸ਼ਾਹ ਗੁਮਰ ਦੇ ਨਾਲ ਬੈਠਾ, ਨਾਹੀਂ ਬੋਲਦਾ ਮਾਰਦਾ ਬੋਲੀਆਂ ਨੀ।

477

ਸਹਿਤੀ

ਪਿਆ ਲਾਹਨਤੋਂ ਤੌਕ ਸ਼ੈਤਾਨ ਦੇ ਗਲ, ਉਹਨੂੰ ਰਬ ਨਾ ਅਰਸ਼ ਤੇ ਚਾੜ੍ਹਨਾ ਏਂ।

ਝੂਠ ਬੋਲਿਆਂ ਜਿਨ੍ਹਾਂ ਵਿਆਜ ਖਾਧੇ, ਤਿਨ੍ਹਾਂ ਵਿੱਚ ਬਹਿਸ਼ਤ ਨਾ ਵਾੜਨਾ ਏਂ।

ਅਸੀਂ ਜੀਊ ਦੀ ਮੇਲ ਚੁਕਾਇ ਬੈਠੇ, ਵਤ ਕਰਾਂ ਨਾ ਸੀਵਣਾ ਪਾੜਨਾ ਏਂ।

ਸਾਨੂੰ ਮਾਰ ਲੈ ਭਈਅੜਾ-ਪਿੱਟੜੀ ਨੂੰ, ਚਾੜ੍ਹ ਸੀਖ ਉੱਤੇ ਜੇ ਤੂੰ ਚਾੜ੍ਹਨਾ ਏਂ।

ਅੱਗੇ ਜੋਗੀ ਥੋਂ ਮਾਰ ਕਰਾਈਆ ਈ, ਹੁਣ ਹੋਰ ਕੀ ਪੜਤਣਾ ਪਾੜਨਾ ਏਂ।

ਤੌਬਾ ਤੁਨ ਨਸੂਹਨ ਜੇ ਮੈਂ ਮੂੰਹੋਂ ਬੋਲਾਂ, ਨਕ ਵੱਢ ਕੇ ਗਧੇ ਤੇ ਚਾੜ੍ਹਨਾ ਏਂ।

ਘਰ ਬਾਰ ਥੀਂ ਚਾਇ ਜਵਾਬ ਦਿੱਤਾ, ਹੋਰ ਆਖ ਕੀ ਸੱਚ ਨਿਤਾਰਨਾ ਏਂ।

ਮੇਰੇ ਨਾਲ ਨਾ ਵਾਰਿਸਾ ਬੋਲ ਐਵੇਂ, ਮਤਾਂ ਹੋ ਜਾਈ ਕੋਈ ਕਾਰਨਾ ਏਂ।

478

ਹੀਰ

ਆ ਸਹਿਤੀਏ ਵਾਸਤਾ ਰੱਬ ਦਾ ਈ, ਨਾਲ ਭਾਬੀਆਂ ਦੇ ਮਿੱਠਾ ਬੋਲੀਏ ਨੀ।

ਹੋਈਏ ਪੀੜਵੰਡਾਵੜੇ ਸ਼ੁਹਦਿਆਂ ਦੇ, ਜ਼ਹਿਰ ਬਿਸੀਅਰਾਂ ਵਾਂਗ ਨਾ ਘੋਲੀਏ ਨੀ।

ਕੰਮ ਬੰਦ ਹੋਵੇ ਪਰਦੇਸੀਆਂ ਦਾ, ਨਾਲ ਮਿਹਰ ਦੇ ਓਸ ਨੂੰ ਖੋਲ੍ਹੀਏ ਨੀ।

ਤੇਰੇ ਜੇਹੀ ਨਿਨਾਣ ਹੋ ਮੇਲ ਕਰਨੀ, ਜੀਊ ਜਾਨ ਭੀ ਓਸ ਤੋਂ ਘੋਲੀਏ ਨੀ।

ਜੋਗੀ ਚਲ ਮਨਾਈਏ ਬਾਗ਼ ਵਿੱਚੋਂ, ਹੱਥ ਬੰਨ੍ਹ ਕੇ ਮਿੱਠੜਾ ਬੋਲੀਏ ਨੀ।

ਜੋ ਕੁੱਝ ਕਹੇ ਸੋ ਸਿਰੇ ਤੇ ਮੰਨ ਲਈਏ, ਗ਼ਮੀ ਸ਼ਾਦੀਉਂ ਮੂਲ ਨਾ ਡੋਲੀਏ ਨੀ।

ਚਲ ਨਾਲ ਮੇਰੇ ਜੀਵੇਂ ਭਾਗ ਭਰੀਏ, ਮੇਲੇ ਕਰਨੀਏ ਵਿੱਚ-ਵਿਚੋਲੀਏ ਨੀ।

ਕਿਵੇਂ ਮੇਰਾ ਤੇ ਰਾਂਝੇ ਦਾ ਮੇਲ ਹੋਵੇ, ਖੰਡ ਦੁੱਧ ਦੇ ਵਿੱਚ ਚਾ ਘੋਲੀਏ ਨੀ।

479

ਸਹਿਤੀ ਨੇ ਹੀਰ ਦੀ ਗੱਲ ਮੰਨਣੀ

ਜਿਵੇਂ ਸੁਬ੍ਹਾ ਦੀ ਕਜ਼ਾ ਨਮਾਜ਼ ਹੁੰਦੀ, ਰਾਜ਼ੀ ਹੋ ਇਬਲੀਸ ਭੀ ਨੱਚਦਾ ਏ।

ਤਿਵੇਂ ਸਹਿਤੀ ਦੇ ਜੀਊ ਵਿੱਚ ਖ਼ੁਸ਼ੀ ਹੋਈ, ਜੀਊ ਰੰਨ ਦਾ ਛੱਲੜਾ ਕੱਚ ਦਾ ਏ।

ਜਾ ਬਖ਼ਸ਼ਿਆ ਸਭ ਗੁਨਾਹ ਤੇਰਾ, ਤੈਨੂੰ ਇਸ਼ਕ ਕਦੀਮ ਤੋਂ ਸੱਚ ਦਾ ਏ।

ਵਾਰਿਸ ਸ਼ਾਹ ਚਲ ਯਾਰ ਮਨਾ ਆਈਏ, ਏਥੇ ਨਵਾਂ ਅਖਾਰੜਾ ਮੱਚਦਾ ਏ।

480

ਸਹਿਤੀ ਨੇ ਜੋਗੀ ਲਈ ਭੇਟਾ ਲਿਜਾਣੀ

ਸਹਿਤੀ ਖੰਡ ਮਲਾਈ ਦਾ ਥਾਲ ਭਰਿਆ, ਚਾਇ ਕਪੜੇ ਵਿੱਚ ਲੁਕਾਇਆ ਈ।

ਜੇਹਾ ਵਿੱਚ ਨਮਾਜ਼ ਵਿਸ਼ਵਾਸ ਗ਼ੈਬੋਂ, ਅਜ਼ਾਜ਼ੀਲ ਬਣਾ ਲੈ ਆਇਆ ਈ।

ਉੱਤੇ ਪੰਜ ਰੁਪਏ ਸੂ ਰੋਕ ਰੱਖੇ, ਜਾਇ ਫ਼ਕਰ ਥੇ ਫੇਰੜਾ ਪਾਇਆ ਈ।

ਜਦੋਂ ਆਂਵਦੀ ਜੋਗੀ ਨੇ ਉਹ ਡਿੱਠੀ, ਪਿਛਾਂ ਆਪਣਾ ਮੁਖ ਭਵਾਇਆ ਈ।

ਅਸਾਂ ਰੂਹਾਂ ਬਹਿਸ਼ਤੀਆਂ ਬੈਠੀਆਂ ਨੂੰ, ਤਾਉ ਦੋਜ਼ਖ਼ੇ ਦਾ ਕੇਹਾ ਆਇਆ ਈ।

ਤਲਬ ਮੀਂਹ ਦੀ ਵਗਿਆ ਆਣ ਝੱਖੜ, ਯਾਰੋ ਆਖ਼ਰੀ ਦੌਰ ਹੁਣ ਆਇਆ ਈ।

ਸਹਿਤੀ ਬੰਨ੍ਹ ਕੇ ਹੱਥ ਸਲਾਮ ਕੀਤਾ, ਅੱਗੋਂ ਮੂਲ ਜਵਾਬ ਨਾ ਆਇਆ ਈ।

ਆਮਿਲ ਚੋਰ ਤੇ ਚੌਧਰੀ ਜਟ ਹਾਕਮ, ਵਾਰਿਸ ਸ਼ਾਹ ਨੂੰ ਰੱਬ ਵਿਖਾਇਆ ਈ।

481

ਰਾਂਝਾ

ਜਦੋਂ ਖ਼ਲਕ ਪੈਦਾ ਕੀਤੀ ਰੱਬ ਸੱਚੇ, ਬੰਦਿਆਂ ਵਾਸਤੇ ਕੀਤੇ ਨੇ ਇਹ ਪਸਾਰੇ।

ਰੰਨਾਂ ਛੋਕਰੇ ਜਿੰਨ ਸ਼ੈਤਾਨ ਰਾਵਲ, ਕੁੱਤਾ ਕੁੱਕੜੀ ਬਕਰੀ ਉੱਠ ਸਾਰੇ।

ਏਹਾ ਮੂਲ ਫ਼ਸਾਦ ਦਾ ਹੋਏ ਪੈਦਾ, ਜਿਨ੍ਹਾਂ ਸਭ ਜਗਤ ਦੇ ਮੌਲ ਮਾਰੇ।

ਆਦਮ ਕਢ ਬਹਿਸ਼ਤ ਥੀਂ ਖ਼ਵਾਰ ਕੀਤਾ, ਇਹ ਡਾਇਣਾਂ ਧੁਰੋਂ ਹੀ ਕਰਨ ਕਾਰੇ।

ਇਹ ਕਰਨ ਫ਼ਕੀਰ ਚਾ ਰਾਜਿਆਂ ਨੂੰ, ਇਹਨਾਂ ਰਾਉ ਰਜ਼ਾਦੜੇ ਸਿੱਧ ਮਾਰੇ।

ਵਾਰਿਸ ਸ਼ਾਹ ਜੋ ਹੁਨਰ ਸਭ ਵਿੱਚ ਮਰਦਾਂ, ਅਤੇ ਮਹਿਰੀਆਂ ਵਿੱਚ ਨੇ ਐਬ ਭਾਰੇ।

482

ਸਹਿਤੀ

ਸਹਿਤੀ ਆਖਿਆ ਪੇਟ ਨੇ ਖ਼ੁਆਰ ਕੀਤਾ, ਕਣਕ ਖਾ ਬਹਿਸ਼ਤ ਥੀਂ ਕੱਢਿਆ ਈ।

ਆਈ ਮੈਲ ਤਾਂ ਜੰਨਤੋਂ ਮਿਲੇ ਧੱਕੇ, ਰੱਸਾ ਆਸ ਉਮੀਦ ਦਾ ਵੱਢਿਆ ਈ।

ਆਖ ਰਹੇ ਫ਼ਰੇਸ਼ਤੇ ਕਣਕ ਦਾਣਾ, ਨਹੀਂ ਖਾਵਣਾ ਹੁਕਮ ਕਰ ਛੱਡਿਆ ਈ।

ਸਗੋਂ ਆਦਮੇ ਹੱਵਾ ਨੂੰ ਖ਼ਵਾਰ ਕੀਤਾ, ਸਾਥ ਓਸ ਦਾ ਏਸ ਨਾ ਛੱਡਿਆ ਈ।

ਫੇੜਨ ਮਰਦ ਤੇ ਸੌਂਪਦੇ ਤਰੀਮਤਾਂ ਨੂੰ, ਮੂੰਹ ਝੂਠ ਦਾ ਕਾਸ ਨੂੰ ਟੱਡਿਆ ਈ।

ਮਰਦ ਚੋਰ ਤੇ ਠੱਗ ਜਵਾਰੀਏ ਨੇ, ਸਾਥ ਬਦੀ ਦਾ ਨਰਾਂ ਨੇ ਲੱਦਿਆ ਈ।

ਫਰਕਾਨ ਵਿੱਚ 'ਫ਼ਨਕਰੂ' ਰੱਬ ਕਿਹਾ, ਜਦੋਂ ਵਹੀ ਰਸੂਲ ਨੇ ਸੱਦਿਆ ਈ।

ਵਾਰਿਸ ਸ਼ਾਹ ਇਹ ਤਰੀਮਤਾਂ ਖਾਣ ਰਹਿਮਤ, ਪੈਦਾ ਜਿਨ੍ਹਾਂ ਜਹਾਨ ਕਰ ਛੱਡਿਆ ਈ।

483

ਰਾਂਝਾ

ਰੰਨਾਂ ਦਹਿਸਿਰੇ ਨਾਲ ਕੀ ਗਾਹ ਕੀਤਾ, ਰਾਜੇ ਭੋਜ ਨੂੰ ਦੇ ਲਗਾਮੀਆਂ ਨੀ।

ਸਿਰਕੱਪ ਤੇ ਨਾਲ ਸਲਵਾਹਨੇ ਦੇ, ਵੇਖ ਰੰਨਾਂ ਨੇ ਕੀਤੀਆਂ ਖ਼ਾਮੀਆਂ ਨੀ।

ਮਰਦ ਹੈਣ ਸੋ ਰੱਖਦੇ ਹੇਠ ਸੋਟੇ, ਸਿਰ ਚਾੜ੍ਹੀਆਂ ਨੇ ਇਹਨਾਂ ਕਾਮੀਆਂ ਨੀ।

ਜਿਨ੍ਹਾਂ ਨਹੀਂ ਦਾੜ੍ਹੀ ਕੰਨ ਨਕ ਪਾਟੇ, ਕੌਣ ਤਿਨ੍ਹਾਂ ਦੀਆਂ ਭਰੇਗਾ ਹਾਮੀਆਂ ਨੀ।

484

ਸਹਿਤੀ

ਜਿਸ ਮਰਦ ਨੂੰ ਸ਼ਰਮ ਨਾ ਹੋਵੇ ਗ਼ੈਰਤ, ਓਸ ਮਰਦ ਥੀਂ ਚੰਗੀਆਂ ਤੀਵੀਆਂ ਨੇ।

ਘਰ ਵਸਦੇ ਔਰਤਾਂ ਨਾਲ ਸੋਹਣੇ, ਸ਼ਰਮਵੰਦ ਤੇ ਸਤਰ ਦੀਆਂ ਬੀਵੀਆਂ ਨੇ।

ਇੱਕ ਹਾਲ ਵਿੱਚ ਮਸਤ ਘਰ ਬਾਰ ਅੰਦਰ, ਇੱਕ ਹਾਰ ਸ਼ਿੰਗਾਰ ਵਿੱਚ ਖੀਵੀਆਂ ਨੇ।

ਵਾਰਿਸ ਸ਼ਾਹ ਹਿਆਉ ਦੇ ਨਾਲ ਅੰਦਰ, ਅੱਖੀਂ ਹੇਠ ਜ਼ਿਮੀਂ ਦੇ ਸੀਵੀਆਂ ਨੇ।

485

ਰਾਂਝਾ

ਵਫ਼ਾਦਾਰ ਨਾ ਰੰਨ ਜਹਾਨ ਉੱਤੇ, ਪੈਂਦੀ ਸ਼ੇਰ ਦੇ ਨੱਕ ਵਿੱਚ ਨੱਥ ਨਾਹੀਂ।

ਗਧਾ ਨਹੀਂ ਕੁਲੱਦ ਮਨਖੱਟ ਖੋਜਾ, ਅਤੇ ਖੁਸਰਿਆਂ ਦੀ ਕਾਈ ਕੱਥ ਨਾਹੀਂ।

ਨਾਮਰਦ ਦੇ ਵਾਰ ਨਾ ਕਿਸੇ ਗਾਂਵੀਂ, ਅਤੇ ਗਾਂਡੂਆਂ ਦੀ ਕਾਈ ਸੱਥ ਨਾਹੀਂ।

ਜੋਗੀ ਨਾਲ ਨਾ ਰੰਨ ਦਾ ਟੁਰੇ ਟੂਣਾਂ, ਜ਼ੋਰ ਨਈਂ ਦਾ ਚੜ੍ਹੇ ਅਗੱਥ ਨਾਹੀਂ।

ਯਾਰੀ ਸੁੰਹਦੀ ਨਹੀਂ ਸੁਹਾਗਣਾਂ ਨੂੰ, ਰੰਡੀ ਰੰਨ ਨੂੰ ਸੁੰਹਦੀ ਨੱਥ ਨਾਹੀਂ।

ਵਾਰਿਸ ਸ਼ਾਹ ਉਹ ਆਪ ਹੈ ਕਰਨਹਾਰਾ, ਇਨ੍ਹਾਂ ਬੰਦਿਆਂ ਦੇ ਕਾਈ ਹੱਥ ਨਾਹੀਂ।

486

ਸਹਿਤੀ

ਮੀਆਂ ਤ੍ਰੀਮਤਾਂ ਨਾਲ ਵਿਆਹ ਸੋਹਣ, ਅਤੇ ਮਰਨ ਤੇ ਸੋਹੰਦੇ ਵੈਣ ਮੀਆਂ।

ਘਰ ਬਾਰ ਦੀ ਜ਼ੇਬ ਤੇ ਹੈਣ ਜ਼ੀਨਤ, ਨਾਲ ਤ੍ਰੀਮਤਾਂ ਸਾਕ ਤੇ ਸੈਣ ਮੀਆਂ।

ਇਹ ਤ੍ਰੀਮਤਾਂ ਸੇਜ ਦੀਆਂ ਵਾਰਿਸੀ ਨੇ, ਅਤੇ ਦਿਲਾਂ ਦੀਆਂ ਦੇਣ ਤੇ ਲੈਣ ਮੀਆਂ।

ਵਾਰਿਸ ਸ਼ਾਹ ਇਹ ਜੋਰੂਆਂ ਜੋੜਦੀਆਂ ਨੇ, ਅਤੇ ਮਹਿਰੀਆਂ ਮਹਿਰ ਦੀਆਂ ਹੈਣ ਮੀਆਂ।

487

ਰਾਂਝਾ

ਸੱਚ ਆਖ ਰੰਨੇ ਕੇਹੀ ਧੁੰਮ ਚਾਈਆ, ਤੁਸਾਂ ਭੋਜ ਵਜ਼ੀਰ ਨੂੰ ਕੁੱਟਿਆ ਜੇ।

ਦਹਿਸਿਰ ਮਾਰਿਆ ਭੇਤ ਘਰੋਗੜੇ ਨੇ, ਸਣੇ ਲੰਕ ਦੇ ਓਸ ਨੂੰ ਪੁੱਟਿਆ ਜੇ।

ਕੈਰੋ ਪਾਂਡੋਆਂ ਦੇ ਕਟਕ ਕਈ ਖੂਹਣੀ, ਮਾਰੇ ਤੁਸਾਂ ਦੇ ਸਭ ਨਿਖੁੱਟਿਆ ਜੇ।

ਕਤਲ ਇਮਾਮ ਹੋਏ ਕਰਬਲਾ ਅੰਦਰ, ਮਾਰ ਦੀਨ ਦਿਆਂ ਵਾਰਿਸਾਂ ਸੁੱਟਿਆ ਜੇ।

ਜੋ ਕੋ ਸ਼ਰਮ ਹਿਆਂ ਦਾ ਆਦਮੀ ਸੀ, ਜਾਨ ਮਾਲ ਥੋਂ ਓਸ ਨੂੰ ਪੁੱਟਿਆ ਜੇ।

ਵਾਰਿਸ ਸ਼ਾਹ ਫ਼ਕੀਰ ਤਾਂ ਨੱਸ ਆਇਆ, ਪਿੱਛਾ ਏਸ ਦਾ ਆਣ ਕਿਉ ਖੁੱਟਿਆ ਜੇ।

488

ਸਹਿਤੀ

ਤੈਨੂੰ ਵੱਡਾ ਹੰਕਾਰ ਹੈ ਜੋਬਨੇ ਦਾ, ਖ਼ਾਤਰ ਥੱਲੇ ਨਾ ਕਿਸੇ ਨੂੰ ਲਿਆਵਨਾ ਹੈਂ।

ਜਿਨ੍ਹਾਂ ਜਾਇਉਂ ਤਿਨ੍ਹਾਂ ਦੇ ਨਾਉਂ ਰੱਖੇ, ਵੱਡਾ ਆਪ ਨੂੰ ਗ਼ੌਸ ਸਦਾਵਨਾ ਹੈਂ।

ਹੋਵਣ ਤ੍ਰੀਮਤਾਂ ਨਹੀਂ ਤਾਂ ਜਗ ਮੁੱਕੇ, ਵੱਤ ਕਿਸੇ ਨਾ ਜਗ ਤੇ ਆਵਨਾ ਹੈਂ।

ਅਸਾਂ ਚਿੱਠੀਆਂ ਘਲ ਸਦਾਇਆ ਸੈਂ, ਸਾਥੋਂ ਆਪਣਾ ਆਪ ਛੁਪਾਵਨਾ ਹੈਂ।

ਕਰਾਮਾਤ ਤੇਰੀ ਅਸਾਂ ਢੂੰਡ ਡਿੱਠੀ, ਐਵੇਂ ਸ਼ੇਖੀਆਂ ਪਿਆ ਜਗਾਵਨਾ ਹੈਂ।

ਚਾਕ ਸੱਦ ਕੇ ਬਾਗ਼ ਥੀਂ ਕਢ ਛੱਡੂੰ, ਹੁਣੇ ਹੋਰ ਕੀ ਮੂੰਹੋਂ ਅਖਾਵਨਾ ਹੈਂ।

ਅੰਨ ਖ਼ਾਨਾਂ ਹੈਂ ਰੱਜ ਕੇ ਗਧੇ ਵਾਂਗੂੰ, ਕਦੀ ਸ਼ੁਕਰ ਬਜਾ ਨਾ ਲਿਆਵਨਾ ਹੈਂ।

ਛੱਡ ਬੰਦਗੀ ਚੋਰਾਂ ਦੇ ਚਲਨ ਫੜਿਉ, ਵਾਰਿਸ ਸ਼ਾਹ ਫ਼ਕੀਰ ਸਦਾਵਨਾ ਹੈਂ।

489

ਰਾਂਝਾ

ਬਾਗ਼ ਛੱਡ ਗਏ ਗੋਪੀ ਚੰਦ ਜੇਹੇ, ਸ਼ੱਦਾਦ ਫ਼ਰਊਨ ਕਹਾਇ ਗਿਆ।

ਨੌਸ਼ੇਰਵਾਂ ਛੱਡ ਬਗ਼ਦਾਦ ਟੁਰਿਆ, ਉਹ ਅਪਦੀ ਵਾਰ ਲੰਘਾਇ ਗਿਆ।

ਆਦਮ ਛਡ ਬਹਿਸ਼ਤ ਦੇ ਬਾਗ ਢੱਠਾ, ਭੁਲੇ ਵਿਸਰੇ ਕਣਕ ਨੂੰ ਖਾਇ ਗਿਆ।

ਫ਼ਰਊਨ ਖ਼ੁਦਾ ਕਹਾਇਕੇ ਤੇ, ਮੂਸਾ ਨਾਲ ਉਸ਼ਟੰਡ ਉਠਾਇ ਗਿਆ।

ਨਮਰੂਦ ਸ਼ੱਦਾਦ ਜਹਾਨ ਉੱਤੇ, ਦੋਜ਼ਖ ਅਤੇ ਬਹਿਸ਼ਤ ਬਣਾਇ ਗਿਆ।

ਕਾਰੂੰ ਜ਼ਰਾਂ ਇਕੱਠੀਆਂ ਮੇਲ ਕੇ ਤੇ, ਬੰਨ੍ਹ ਸਿਰੇ ਤੇ ਪੰਡ ਉਠਾਇ ਗਿਆ।

ਨਾਲ ਦੌਲਤਾਂ ਹੁਕਮ ਤੇ ਸ਼ਾਨ ਸ਼ੌਕਤ, ਮਹਿਖਾਸਰੋਂ ਇੰਦ ਲੁਟਾਇ ਗਿਆ।

ਸੁਲੇਮਾਨ ਸਿਕੰਦਰੋਂ ਲਾਇ ਸੱਭੇ, ਸੱਤਾਂ ਨਵਾਂ ਤੇ ਹੁਕਮ ਚਲਾਇ ਗਿਆ।

ਉਹ ਭੀ ਏਸ ਜਹਾਨ ਤੇ ਰਹਿਉ ਨਾਹੀਂ, ਜਿਹੜਾ ਆਪ ਖ਼ੁਦਾ ਕਹਾਇ ਗਿਆ।

ਮੋਇਆ ਬਖ਼ਤੁਲ ਨੁਸਰ ਜਿਹੜਾ ਚਾੜ੍ਹ ਡੋਲਾ, ਸੱਚੇ ਰਬ ਨੂੰ ਤੀਰ ਚਲਾਇ ਗਿਆ।

ਤੇਰੇ ਜੇਹੀਆਂ ਕੇਤੀਆਂ ਹੋਈਆਂ ਨੇ, ਤੈਨੂੰ ਚਾ ਕੀ ਬਾਗ਼ ਦਾ ਆਇ ਗਿਆ।

ਵਾਰਿਸ ਸ਼ਾਹ ਉਹ ਆਪ ਹੈ ਕਰਨ ਕਾਰਨ, ਸਿਰ ਬੰਦਿਆਂ ਦੇ ਗਿਲਾ ਲਾਇ ਗਿਆ।

490

ਸਹਿਤੀ

ਪੰਡ ਝਗੜਿਆਂ ਦੀ ਕੇਹੀ ਖੋਲ੍ਹ ਬੈਠੋਂ, ਵੱਡਾ ਮਹਿਜ਼ਰੀ ਘੰਡ ਲਟ ਬਾਵਲਾ ਵੇ।

ਅਸਾਂ ਇੱਕ ਰਸਾਇਣ ਹੈ ਢੂਡ ਆਂਦੀ, ਭਲਾ ਦੱਸ ਖਾਂ ਕੀ ਹੈ ਰਾਵਲਾ ਵੇ।

ਉੱਤੇ ਰੱਖਿਆ ਕੀ ਏ ਨਜ਼ਰ ਤੇਰੀ, ਗਿਣੇਂ ਆਪ ਨੂੰ ਬਹੁਤ ਚਤਰਾਵਲਾ ਵੇ।

ਦੱਸੇ ਬਿਨਾਂ ਨਾ ਜਾਪਦੀ ਜ਼ਾਤ ਭੈੜੀ, ਛੜੇ ਬਾਝ ਨਾ ਥੀਂਵਦਾ ਚਾਵਲਾ ਵੇ।

ਕੀ ਰੋਕ ਹੈ ਕਾਸਦੀ ਇਹ ਬਾਸਨ, ਸਾਨੂੰ ਦੱਸ ਖਾਂ ਸੋਹਣਿਆਂ ਸਾਂਵਲਾ ਵੇ।

ਸਹਿਜ ਨਾਲ ਸਭ ਕੰਮ ਨਿਬਾਹ ਹੁੰਦੇ, ਵਾਰਿਸ ਸ਼ਾਹ ਨਾ ਹੋ ਉਤਾਵਲਾ ਵੇ।

491

ਰਾਂਝਾ

ਕਰਾਮਾਤ ਹੈ ਕਹਿਰ ਦਾ ਨਾਂਉ ਰੰਨੇ, ਕੇਹਾ ਘੱਤਿਉ ਆਣ ਵਸੂਰਿਆ ਈ।

ਕਰੇਂ ਚਾਵੜਾਂ ਚਿੱਘੜਾਂ ਨਾਲ ਮਸਤੀ, ਅਜੇ ਤੀਕ ਅਣਜਾਣਾਂ ਨੂੰ ਘੂਰਿਆ ਈ।

ਫ਼ਕਰ ਆਖਸਨ ਸੋਈ ਕੁੱਝ ਰੱਬ ਕਰਸੀ, ਐਵਂੇ ਜੋਗੀ ਨੂੰ ਚਾ ਵਡੂਰਿਆ ਈ।

ਉੱਤੇ ਪੰਜ ਪੈਸੇ ਨਾਲ ਰੋਕ ਧਰਿਉ, ਖੰਡ ਚਾਵਲਾਂ ਦਾ ਥਾਲ ਪੂਰਿਆ ਈ।

492

ਸਹਿਤੀ

ਮਗਰ ਤਿੱਤਰਾਂ ਦੇ ਅੰਨ੍ਹਾ ਬਾਜ਼ ਛੁੱਟੇ, ਜਾਇ ਚਿੰਮੜੇ ਦਾਂਦ ਪਤਾਲੂਆਂ ਨੂੰ।

ਅੰਨਾਂ ਭੇਜਿਆ ਅੰਬ ਅਨਾਰ ਵੇਖਣ, ਜਾਇ ਚਿੰਮੜੇ ਤੂਤ ਸੰਭਾਲੂਆਂ ਨੂੰ।

ਘਲਿਆ ਫੁੱਲ ਗੁਲਾਬ ਦਾ ਤੋੜ ਲਿਆਵੀਂ, ਜਾਇ ਲੱਗਾ ਹੈ ਲੈਣ ਕਚਾਲੂਆਂ ਨੂੰ।

ਅੰਨ੍ਹਾਂ ਮੋਹਰੀ ਲਾਈਏ ਕਾਫ਼ਲੇ ਦਾ, ਲੁਟਵਾਇਸੀ ਸਾਥ ਦਿਆਂ ਚਾਲੂਆਂ ਨੂੰ।

ਖੱਚਰਪਵਾਂ ਦੇ ਚਾਲੜੇ ਕਰਨ ਲੱਗੋਂ, ਅਸਾਂ ਫਾਟਿਆ ਕੁੱਟਿਆ ਚਾਲੂਆਂ ਨੂੰ।

ਵਾਰਿਸ ਸ਼ਾਹ ਤੰਦੂਰ ਵਿੱਚ ਦੱਬ ਬੈਠਾ, ਕਮਲਾ ਘੱਲਿਆ ਰੰਗਣੇ ਸਾਲੂਆਂ ਨੂੰ।

493

ਰਾਂਝੇ ਨੇ ਸਹਿਤੀ ਨੂੰ ਕਰਾਮਾਤ ਵਿਖਾਉਣੀ

ਜਾ ਖੋਲ੍ਹ ਕੇ ਵੇਖ ਜੋ ਸਿਦਕ ਆਵੀ, ਕੇਹਾ ਸ਼ੱਕ ਦਿਲ ਆਪਣੇ ਪਾਇਉ ਈ।

ਕਿਹਿਆ ਅਸਾਂ ਸੋ ਰੱਬ ਤਹਿਕੀਕ ਕਰਸੀ, ਕੇਹਾ ਆਣ ਕੇ ਮਗ਼ਜ਼ ਖਪਾਇਉ ਈ।

ਜਾਹ ਵੇਖ ਜੋ ਵਸਵਸਾ ਦੂਰ ਹੋਵੀ, ਕੇਹਾ ਡੌਰੂੜਾ ਆਣ ਵਜਾਇਉ ਈ।

ਸ਼ੱਕ ਮਿਟੀ ਜੋ ਥਾਲ ਨੂੰ ਖੋਲ੍ਹ ਵੇਖੇਂ, ਏਥੇ ਮਕਰ ਕੀ ਆਣ ਫੈਲਾਇਉ ਈ।

494

ਸਹਿਤੀ ਨੇ ਕਰਾਮਾਤ ਵੇਖੀ

ਸਹਿਤੀ ਖੋਲ੍ਹ ਕੇ ਥਾਲ ਜਾਂ ਧਿਆਨ ਕੀਤਾ, ਖੰਡ ਚਾਵਲਾਂ ਦਾ ਥਾਲ ਹੋ ਗਿਆ।

ਛੁਟਾ ਤੀਰ ਫ਼ਕੀਰ ਦੇ ਮੁਅਜਜ਼ੇ ਦਾ, ਵਿੱਚੋਂ ਕੁਫ਼ਰ ਦਾ ਜੀਊ ਪਰੋ ਗਿਆ।

ਜਿਹੜਾ ਚਲਿਆ ਨਿਕਲ ਯਕੀਨ ਆਹਾ, ਕਰਾਮਾਤ ਨੂੰ ਵੇਖ ਖਲੋ ਗਿਆ।

ਗਰਮ ਗ਼ਜ਼ਬ ਦੀ ਆਤਸ਼ੋ ਆਬ ਆਹਾ, ਬਰਫ਼ ਕਸ਼ਫ਼ ਦੀ ਨਾਲ ਸਮੋ ਗਿਆ।

ਐਵੇਂ ਡਾਹਡਿਆਂ ਮਾੜਿਆਂ ਕੇਹਾ ਲੇਖਾ, ਓਸ ਖੋਹ ਲਿਆ ਉਹ ਰੋ ਗਿਆ।

ਮਰਨ ਵਕਤ ਹੋਇਆ ਸੱਭੋ ਖ਼ਤਮ ਲੇਖਾ, ਜੋ ਕੋ ਜੰਮਿਆਂ ਝੋਵਣੇ ਝੋ ਗਿਆ।

ਵਾਰਿਸ ਸ਼ਾਹ ਜੋ ਕੀਮੀਆ ਨਾਲ ਛੁੱਥਾ, ਸੋਇਨਾ ਤਾਂਬਿਉਂ ਤੁਰਤ ਹੀ ਹੋ ਗਿਆ।

495

ਸਹਿਤੀ ਨੂੰ ਰਾਂਝੇ ਤੇ ਯਕੀਨ

ਹੱਥ ਬੰਨ੍ਹ ਕੇ ਬੇਨਤੀ ਕਰੇ ਸਹਿਤੀ, ਦਿਲ ਜਾਨ ਥੀਂ ਚੇਲੜੀ ਤੇਰੀਆਂ ਮੈਂ।

ਕਰਾਂ ਬਾਂਦੀਆਂ ਵਾਂਗ ਬਜਾ ਖ਼ਿਦਮਤ, ਨਿਤ ਪਾਂਵਦੀ ਰਹਾਂਗੀ ਫੇਰੀਆਂ ਮੈਂ।

ਪੀਰ ਸੱਚ ਦਾ ਅਸਾਂ ਤਹਿਕੀਕ ਕੀਤਾ, ਦਿਲ ਜਾਨ ਥੀਂ ਤੁਧ ਤੇ ਹੇਰੀਆਂ ਮੈਂ।

ਕਰਾਮਾਤ ਤੇਰੀ ਉੱਤੇ ਸਿਦਕ ਕੀਤਾ, ਤੇਰੇ ਕਸ਼ਫ਼ ਦੇ ਹੁਕਮ ਨੇ ਘੇਰੀਆਂ ਮੈਂ।

ਸਾਡੀ ਜਾਨ ਤੇ ਮਾਲ ਹੈ ਹੀਰ ਤੇਰੀ, ਨਾਲੇ ਸਣੇ ਸਹੇਲੀਆਂ ਤੇਰੀਆਂ ਮੈਂ।

ਅਸਾਂ ਕਿਸੇ ਦੀ ਗੱਲ ਨਾ ਕਦੇ ਮੰਨੀ, ਤੇਰੇ ਇਸਮ ਦੇ ਹੁੱਬ ਦੀ ਟੇਰੀਆਂ ਮੈਂ।

ਇੱਕ ਫ਼ੱਕਰ ਅੱਲਾਹ ਦਾ ਰੱਖ ਤਕਵਾ, ਹੋਰ ਢਾਹ ਬੈਠੀ ਸੱਭੇ ਢੇਰੀਆਂ ਮੈਂ।

ਪੂਰੀ ਨਾਲ ਹਿਸਾਬ ਨਾ ਹੋ ਸਕਾਂ, ਵਾਰਿਸ ਸ਼ਾਹ ਕੀ ਕਰਾਂਗੀ ਸ਼ੇਰੀਆਂ ਮੈਂ।

496

ਰਾਂਝਾ

ਘਰ ਆਪਣੇ ਵਿੱਚ ਚਵਾਇ ਕਰਕੇ, ਆਖ ਨਾਗਣੀ ਵਾਂਗ ਕਿਉਂ ਸ਼ੂਕੀਏਂ ਨੀ।

ਨਾਲ ਜੋਗੀਆਂ ਮੋਰਚਾ ਲਾਇਉਈ, ਰੱਜੇ ਜਟ ਵਾਂਗੂੰ ਵੱਡੀ ਫੂਕੀਏਂ ਨੀ।

ਜਦੋਂ ਬੰਨ੍ਹ ਝੇੜੇ ਥੱਕ ਹੁਟ ਰਹੀਏ, ਜਾਇ ਪਿੰਡ ਦੀਆਂ ਰੰਨਾਂ ਤੇ ਕੂਕੀਏਂ ਨੀ।

ਕਢ ਗਾਲੀਆਂ ਸਣੇ ਰਬੇਲ ਬਾਂਦੀ ਘਿਨ ਮੋਲ੍ਹੀਆਂ ਅਸਾਂ ਤੇ ਘੂਕੀਏਂ ਨੀ।

ਭਲੋ ਭਲੀ ਜਾਂ ਡਿਠੋ ਈ ਆਸ਼ਕਾਂ ਦੀ, ਵਾਂਗ ਕੁੱਤੀਆਂ ਅੰਤ ਨੂੰ ਚੂਕੀਏਂ ਨੀ।

ਵਾਰਿਸ ਸ਼ਾਹ ਥੀਂ ਪੁਛ ਲੈ ਬੰਦਗੀ ਨੂੰ, ਰੂਹ ਸਾਜ਼ ਕਲਬੂਤ ਵਿੱਚ ਫੂਕੀਏਂ ਨੀ।

497

ਸਹਿਤੀ

ਸਾਨੂੰ ਬਖਸ਼ ਅੱਲਾਹ ਦੇ ਨਾਂਉ ਮੀਆਂ, ਸਾਥੋਂ ਭੁੱਲਿਆਂ ਇਹ ਗੁਨਾਹ ਹੋਇਆ।

ਕੱਚਾ ਸ਼ੀਰ ਪੀਤਾ ਬੰਦਾ ਸਦਾ ਭੁੱਲਾ, ਧੁਰੋਂ ਆਦਮੋਂ ਭੁਲਣਾ ਰਾਹ ਹੋਇਆ।

ਆਦਮ ਭੁਲ ਕੇ ਕਣਕ ਨੂੰ ਖਾ ਬੈਠਾ, ਕਢ ਜੰਨਤੋਂ ਹੁਕਮ ਫ਼ਨਾਹ ਹੋਇਆ।

ਸ਼ੈਤਾਨ ਉਸਤਾਦ ਫ਼ਰਿਸ਼ਤਿਆਂ ਦਾ, ਭੁੱਲਾ ਸਿਜਦਿਉਂ ਕੁਫ਼ਰ ਦੇ ਰਾਹ ਹੋਇਆ।

ਮੁਢੋਂ ਰੂਹ ਭੁੱਲਾ ਕੌਲ ਵਿਚ ਵੜਿਆ, ਜੁੱਸਾ ਛੱਡ ਕੇ ਅੰਤ ਫ਼ਨਾਹ ਹੋਇਆ।

ਕਾਰੂੰ ਭੁਲ ਜ਼ਕਾਤ ਕੀਂ ਸ਼ੂਮ ਹੋਇਆ, ਵਾਰਦ ਓਸ ਤੇ ਕਹਿਰ ਅੱਲਾਹ ਹੋਇਆ।

ਭੁਲ ਜ਼ਕਰੀਏ ਲਈ ਫ਼ਨਾਹ ਹੇਜ਼ਮ, ਆਰੇ ਨਾਲ ਉਹ ਚੀਰ ਦੋ ਫਾਹ ਹੋਇਆ।

ਅਮਲਾਂ ਬਾਝ ਦਰਗਾਹ ਵਿੱਚ ਪੈਣ ਪੌਲੇ, ਲੋਕਾਂ ਵਿੱਚ ਮੀਆਂ ਵਾਰਿਸ ਸ਼ਾਹ ਹੋਇਆ।

498

ਰਾਂਝਾ

ਘਰ ਪੇਈੜੇ ਵੱਡੀ ਹਵਾ ਤੈਨੂੰ, ਦਿਤਿਉਂ ਛਿੱਬੀਆਂ ਨਾਲ ਅੰਗੂਠਿਆਂ ਦੇ।

ਅੰਤ ਸੱਚ ਦਾ ਸੱਚ ਆ ਨਿਤਰੇਗਾ ,ਕੋਈ ਦੇਸ ਨਾ ਵੱਸਦੇ ਝੂਠਿਆਂ ਦੇ।

ਫ਼ਕਰ ਮਾਰਿਉ ਅਸਾਂ ਨੇ ਸਬਰ ਕੀਤਾ, ਨਹੀਂ ਜਾਣਦੀ ਦਾਉ ਤੂੰ ਘੂਠਿਆਂ ਦੇ।

ਜੱਟੀ ਹੋ ਫ਼ਕੀਰ ਦੇ ਨਾਲ ਲੜੇਂ, ਛੰਨਾ ਭੇੜਿਉ ਈ ਨਾਲ ਠੂਠਿਆਂ ਦੇ।

ਸਾਨੂੰ ਬੋਲੀਆਂ ਮਾਰ ਕੇ ਨਿੰਦਦੀ ਸੈਂ, ਮੂੰਹ ਡਿਠੋ ਈ ਟੁੱਕਰਾਂ ਜੂਠਿਆਂ ਦੇ।

ਵਾਰਿਸ ਸ਼ਾਹ ਫ਼ਕੀਰ ਨੂੰ ਛੇੜਦੀ ਸੈਂ, ਡਿੱਠੋ ਮੁਅਜਜ਼ੇ ਇਸ਼ਕ ਦੇ ਲੂਠਿਆਂ ਦੇ।

499

ਤਥਾ

ਕਰੇ ਜਿਨ੍ਹਾਂ ਦੀਆਂ ਰਬ ਹਮਾਇਤਾਂ ਨੀ, ਹੱਕ ਤਿਨ੍ਹਾਂ ਦਾ ਖ਼ੂਬ ਮਾਮੂਲ ਕੀਤਾ।

ਜਦੋਂ ਮੁਸ਼ਰਿਕਾਂ ਆਣ ਸਵਾਲ ਕੀਤਾ, ਤਦੋਂ ਚੰਨ ਦੋ-ਖੰਨ ਰਸੂਲ ਕੀਤਾ।

ਕਢ ਪੱਥਰੋਂ ਊਠਣੀ ਰਬ ਸੱਚੇ, ਕਰਾਮਾਤ ਪੈਗ਼ੰਬਰੀ ਮੂਲ ਕੀਤਾ।

ਵਾਰਿਸ ਸ਼ਾਹ ਨੇ ਕਸ਼ਫ਼ ਦਿਖਾਇ ਦਿੱਤਾ, ਤਦੋਂ ਜੱਟੀ ਨੇ ਫ਼ਕਰ ਕਬੂਲ ਕੀਤਾ।

500

ਤਥਾ

ਫਿਰੇਂ ਜ਼ੋਮ ਦੀ ਭਰੀ ਤੇ ਸਾਣ ਚੜ੍ਹੀ, ਆ ਟਲੀਂ ਨੀ ਮੁੰਡੀਏ ਵਾਸਤਾ ਈ।

ਮਰਦ ਮਾਰ ਮੁਰੱਕਣੇ ਜੰਗ-ਬਾਜ਼ੇ, ਮਾਨ ਮੱਤੀਏ ਗੁੰਡੀਏ ਵਾਸਤਾ ਈ।

ਬਖ਼ਸ਼ੀ ਸਭ ਗੁਨਾਹ ਤਕਸੀਰ ਤੇਰੀ, ਲਿਆ ਹੀਰ ਨੀ ਨੱਢੀਏ ਵਾਸਤਾ ਈ।

ਵਾਰਿਸ ਸ਼ਾਹ ਸਮਝਾਇ ਜਟੇਟੜੀ ਨੂੰ, ਲਾਹ ਦਿਲੇ ਦੀ ਘੁੰਢੀਏ ਵਾਸਤਾ ਈ।

501

ਸਹਿਤੀ

ਜੀਕੂੰ ਤੁਸੀਂ ਫ਼ਰਮਾਉ ਸੋ ਜਾ ਆਖਾਂ, ਤੇਰੇ ਹੁਕਮ ਦੀ ਤਾਬਿਆ ਹੋਈਆਂ ਮੈਂ।

ਤੈਨੂੰ ਪੀਰ ਜੀ ਭੁਲ ਕੇ ਬੁਰਾ ਬੋਲੀ, ਭੁੱਲੀ ਵਿਸਰੀ ਆਣ ਵਗੋਈਆਂ ਮੈਂ।

ਤੇਰੀ ਪਾਕ ਜ਼ਬਾਨ ਦਾ ਹੁਕਮ ਲੈ ਕੇ, ਕਾਸਦ ਹੋਇਕੇ ਜਾ ਖਲੋਈਆਂ ਮੈਂ।

ਵਾਰਿਸ ਸ਼ਾਹ ਦੇ ਮੁਅਜਜ਼ੇ ਸਾਫ਼ ਕੀਤੀ, ਨਹੀਂ ਮੁਢ ਦੀ ਵੱਡੀ ਬਦਖੋਈਆਂ ਮੈਂ।

502

ਰਾਂਝਾ

ਲਿਆ ਹੀਰ ਸਿਆਲ ਜੋ ਦੀਦ ਕਰੀਏ, ਆ ਜਾਹ ਵੋ ਦਿਲਬਰਾ ਵਾਸਤਾ ਈ।

ਜਾ ਕੇ ਆਖ ਰਾਂਝਾ ਤੈਨੂੰ ਅਰਜ਼ ਕਰਦਾ, ਘੁੰਢ ਲਾਹ ਵੋ ਦਿਲਬਰਾ ਵਾਸਤਾ ਈ।

ਸਾਨੂੰ ਮਿਹਰ ਦੇ ਨਾਲ ਦਿਖਾ ਸੂਰਤ, ਮਿਸਲ ਮਾਹ ਵੋ ਦਿਲਬਰਾ ਵਾਸਤਾ ਈ।

ਜ਼ੁਲਫ ਨਾਗ ਵਾਂਗੂੰ ਚੱਕਰ ਘਤ ਬੈਠੀ, ਗਲੋਂ ਲਾਹ ਵੋ ਦਿਲਬਰਾ ਵਾਸਤਾ ਈ।

ਦਿੰਹ ਰਾਤ ਨਾ ਜੋਗੀ ਨੂੰ ਟਿਕਣ ਦੇਂਦੀ, ਤੇਰੀ ਚਾਹ ਵੋ ਦਿਲਬਰਾ ਵਾਸਤਾ ਈ।

ਲੋੜ੍ਹੇ ਲੁਟਿਆਂ ਨੈਣਾਂ ਦੀ ਝਾਕ ਦੇ ਕੇ, ਲੁੜ੍ਹ ਜਾਹ ਵੋ ਦਿਲਬਰਾ ਵਾਸਤਾ ਈ।

ਗਲ ਪਲੂੜਾ ਇਸ਼ਕ ਦਿਆਂ ਕੁਠਿਆਂ ਦੇ, ਮੂੰਹ ਘਾਹ ਵੋ ਦਿਲਬਰਾ ਵਾਸਤਾ ਈ।

ਸਦਕਾ ਸੈਦੇ ਦੇ ਨਵੇਂ ਪਿਆਰ ਵਾਲਾ, ਮਿਲ ਜਾਹ ਵੋ ਦਿਲਬਰਾ ਵਾਸਤਾ ਈ।

ਵਾਰਿਸ ਸ਼ਾਹ ਨਿਆਜ਼ ਦਾ ਫਰਜ਼ ਭਾਰਾ, ਸਿਰੋਂ ਲਾਹ ਵੋ ਦਿਲਬਰਾ ਵਾਸਤਾ ਈ।

503

ਸਹਿਤੀ

ਲੈ ਕੇ ਸੋਹਣੀ ਮੋਹਣੀ ਇੰਦਰਾਣੀ, ਮਿਰਗ-ਨੈਣੀ ਨੂੰ ਜਾਇਕੇ ਘੱਲਨੀ ਹਾਂ।

ਤੇਰੀਆਂ ਅਜ਼ਮਤਾਂ ਵੇਖ ਕੇ ਪੀਰ ਮੀਆਂ, ਬਾਂਦੀ ਹੋਇਕੇ ਘਰਾਂ ਨੂੰ ਚੱਲਨੀ ਹਾਂ।

ਪੀਰੀ ਪੀਰ ਦੀ ਵੇਖ ਮੁਰੀਦ ਹੋਈ, ਤੇਰੇ ਪੈਰ ਹੀ ਆਣ ਕੇ ਮੱਲਨੀ ਹਾਂ।

ਮੈਨੂੰ ਬਖ਼ਸ਼ ਮੁਰਾਦ ਬਲੋਚ ਸਾਈਆਂ, ਤੇਰੀਆਂ ਜੁੱਤੀਆਂ ਸਿਰੇ ਤੇ ਝੱਲਨੀ ਹਾਂ।

ਵਾਰਿਸ ਸ਼ਾਹ ਕਰ ਤਰਕ ਬੁਰਿਆਈਆਂ, ਦੀ ਦਰਬਾਰ ਅੱਲਾਹ ਦਾ ਮੱਲਨੀ ਹਾਂ।

504

ਸਹਿਤੀ ਦਾ ਹੀਰ ਨੂੰ

ਸਹਿਤੀ ਜਾਇਕੇ ਹੀਰ ਨੂੰ ਕੋਲ ਬਹਿ ਕੇ, ਭੇਤ ਯਾਰ ਦਾ ਸੱਭ ਸਮਝਾਇਆ ਈ।

ਜਿਹਨੂੰ ਮਾਰ ਕੇ ਘਰੋਂ ਫ਼ਕੀਰ ਕੀਤੋ, ਉਹ ਜੋਗੀੜਾ ਹੋਇਕੇ ਆਇਆ ਈ।

ਉਹਨੂੰ ਠਗ ਕੇ ਮਹੀਂ ਚਰਾਇ ਲਈਉਂ, ਏਥੇ ਆਇਕੇ ਰੰਗ ਵਟਾਇਆ ਈ।

ਤੇਰੇ ਨੈਣਾਂ ਨੇ ਚਾਇ ਮਲੰਗ ਕੀਤਾ, ਮਨੋ ਓਸ ਨੂੰ ਚਾਇ ਭੁਲਾਇਆ ਈ।

ਉਹ ਤੇ ਕੰਨ ਪੜਾਇਕੇ ਵਣ ਲੱਥਾ, ਆਪ ਵਹੁਟੜੀ ਆਣ ਸਦਾਇਆ ਈ।

ਆਪ ਹੋ ਜ਼ੁਲੈਖ਼ਾ ਦੇ ਵਾਂਗ ਸੱਚੀ, ਉਹਨੂੰ ਯੂਸਫ਼ ਚਾਇ ਬਣਾਇਆ ਈ।

ਕੀਤੇ ਕੌਲ ਇਕਰਾਰ ਵਸਾਰ ਸਾਰੇ, ਆਣ ਸੈਦੇ ਨੂੰ ਕੰਤ ਬਣਾਇਆ ਈ।

ਹੋਇਆ ਚਾਕ ਪਿੰਡੇ ਮਲੀ ਫ਼ਾਕ ਰਾਂਝੇ, ਕੰਨ ਪਾੜ ਕੇ ਹਾਲ ਵਣਜਾਇਆ ਈ।

ਦੇਣੇਦਾਰ ਮਵਾਸ ਹੋ ਵਿਹਰ ਬੈਠੀ, ਲਹਿਣੇਦਾਰ ਹੀ ਅੱਕ ਕੇ ਆਇਆ ਈ।

ਗਾਲੀਂ ਦੇ ਕੇ ਵਿਹੜਿਉਂ ਕਢ ਉਸ ਨੂੰ, ਕਲ੍ਹ ਮੋਲ੍ਹਿਆਂ ਨਾਲ ਕੁਟਾਇਆ ਈ।

ਹੋ ਜਾਏਂ ਨਿਹਾਲ ਜੇ ਕਰੇਂ ਜ਼ਿਆਰਤ, ਤੈਨੂੰ ਬਾਗ਼ ਵਿੱਚ ਓਸ ਬੁਲਾਇਆ ਈ।

ਜ਼ਿਆਰਤ ਮਰਦ ਕੁੱਫ਼ਾਰਤ ਹੋਣ ਇਸ਼ਯਾਂ, ਨੂਰ ਫ਼ੱਕਰ ਦਾ ਵੇਖਨਾ ਆਇਆ ਈ।

ਬਹੁਤ ਜ਼ੁਹਦ ਕੀਤਾ ਮਿਲੇ ਪੀਰ ਪੰਜੇ, ਮੈਨੂੰ ਕਸ਼ਫ਼ ਵੀ ਜ਼ੋਰ ਵਿਖਾਇਆ ਈ।

ਝੱਬ ਨਜ਼ਰ ਲੈ ਕੇ ਮਿਲ ਹੋ ਰਈਅਤ, ਫ਼ੌਜਦਾਰ ਬਹਾਲ ਹੋ ਆਇਆ ਈ।

ਉਹਦੀ ਨਜ਼੍ਹਾ ਤੂੰ ਆਬੇਹਿਆਤ ਉਸ ਦਾ, ਕੇਹਾ ਭਾਬੀਏ ਝਗੜਾ ਲਇਆ ਈ।

ਚਾਕ ਲਾਇਕੇ ਕੰਨ ਪੜਾਇਉ ਨੀ, ਨੈਣਾਂ ਵਾਲੀਏ ਗ਼ੈਬ ਕਿਉਂ ਚਾਇਆ ਈ।

ਬਚੇ ਉਹ ਫ਼ਕੀਰਾਂ ਥੋਂ ਹੀਰ ਕੁੜੀਏ, ਹੱਥ ਬੰਨ੍ਹ ਕੇ ਜਿਨ੍ਹਾਂ ਬਖ਼ਸ਼ਾਇਆ ਈ।

ਇੱਕੇ ਮਾਰ ਜਾਸੀ ਇੱਕੇ ਤਾਰ ਜਾਸੀ, ਇਹ ਮੀਂਹ ਅਨਿਆਉਂ ਦਾ ਆਇਆ ਈ।

ਅਮਲ ਫ਼ੌਤ ਤੇ ਵੱਡੀ ਦਸਤਾਰ ਫੁੱਲੀ, ਕੇਹਾ ਭੀਲ ਦਾ ਸਾਂਗ ਬਣਾਇਆ ਈ।

ਵਾਰਿਸ ਕੌਲ ਭੁਲਾਇਕੇ ਕੇ ਖੇਡ ਰੁੱਧੋਂ, ਕੇਹਾ ਨਵਾਂ ਮਖ਼ੌਲ ਜਗਾਇਆ ਈ।

505

ਹੀਰ

ਹੀਰ ਆਖਿਆ ਜਾਇਕੇ ਖੋਲ੍ਹ ਬੁੱਕਲ, ਉਹਦੇ ਵੇਸ ਨੂੰ ਫੂਕ ਵਿਖਾਵਨੀ ਹਾਂ।

ਨੈਣਾਂ ਚਾੜ੍ਹ ਕੇ ਸਾਣ ਤੇ ਕਰਾਂ ਪੁਰਜ਼ੇ, ਕਤਲ ਆਸ਼ਕਾਂ ਦੇ ਉੱਤੇ ਧਾਵਨੀ ਹਾਂ।

ਅੱਗੇ ਚਾਕ ਸੀ ਫ਼ਾਕ ਕਰ ਸਾੜ ਸੁੱਟਾਂ, ਉਹਦੇ ਇਸ਼ਕ ਨੂੰ ਸਿਕਲ ਚੜ੍ਹਾਵਨੀ ਹਾਂ।

ਉਹਦੇ ਪੈਰਾਂ ਦੀ ਖ਼ਾਕ ਹੈ ਜਾਨ ਮੇਰੀ, ਸਾਰੀ ਸੱਚ ਦੀ ਨਿਸ਼ਾ ਦੇ ਆਵਨੀ ਹਾਂ।

ਮੋਇਆ ਪਿਆ ਹੈ ਨਾਲ ਫ਼ਿਰਾਕ ਰਾਂਝਾ, ਈਸਾ ਵਾਂਗ ਮੁੜ ਫੇਰ ਜੀਵਾਵਨੀ ਹਾਂ।

ਵਾਰਿਸ ਸ਼ਾਹ ਪਤੰਗ ਨੂੰ ਸ਼ਮ੍ਹਾਂ ਵਾਂਗੂੰ, ਅੰਗ ਲਾਇਕੇ ਸਾੜ ਵਿਖਾਵਨੀ ਹਾਂ।

506

ਹੀਰ ਸਜ ਕੇ ਕਾਲੇ ਬਾਗ਼ ਨੂੰ ਗਈ

ਹੀਰ ਨ੍ਹਾਇਕੇ ਪੱਟ ਦਾ ਪਹਿਨ ਤੇਵਰ, ਵਾਲੀਂ ਇਤਰ ਫਲੇਲ ਮਲਾਂਵਦੀ ਹੈ।

ਵਲ ਪਾਇਕੇ ਮੀਢੀਆਂ ਖ਼ੂਨੀਆਂ ਨੂੰ, ਗੋਰੇ ਮੁਖ ਤੇ ਜ਼ੁਲਫ਼ ਪਲਮਾਂਵਦੀ ਹੈ।

ਕੱਜਲ ਭਿੰਨੜੇ ਨੈਣ ਅਪਰਾਧ ਲੱਥੇ, ਦੋਵੇਂ ਹੁਸਨ ਦੇ ਕਟਕ ਲੈ ਧਾਂਵਦੀ ਹੈ।

ਮਲ ਵਟਣਾ ਹੋਠਾਂ ਤੇ ਲਾ ਸੁਰਖ਼ੀ, ਨਵਾਂ ਲੋੜ੍ਹ ਤੇ ਲੋੜ੍ਹ ਚੜਾਂਵਦੀ ਹੈ।

ਸਿਰੀਸਾਫ਼ ਸੰਦਾ ਭੋਛਨ ਸੁੰਹਦਾ ਸੀ, ਕੰਨੀਂ ਬੁੱਕ ਬੁੱਕ ਵਾਲੀਆਂ ਪਾਂਵਦੀ ਹੈ।

ਕੀਮਖ਼ਾਬ ਦੀ ਚੋਲੜੀ ਹਿੱਕ ਪੈਧੀ, ਮਾਂਗ ਚੌਂਕ ਲੈ ਤੋੜ ਵਲਾਂਵਦੀ ਹੈ।

ਘੱਤ ਝਾਂਜਰਾਂ ਲੋੜ੍ਹ ਦੇ ਸਿਰੇ ਚੜ੍ਹ ਕੇ, ਹੀਰ ਸਿਆਲ ਲਟਕਦੀ ਆਂਵਦੀ ਹੈ।

ਟਿੱਕਾਬੰਦਲੀ ਬਣੀ ਹੈ ਨਾਲ ਲੂਹਲਾਂ, ਵਾਂਗ ਮੋਰ ਦੇ ਪਾਇਲਾਂ ਪਾਂਵਦੀ ਹੈ।

ਹਾਥੀ ਮਸਤ ਛੁੱਟਾ ਛਣਾ ਛਣ ਛਣਕੇ, ਕਤਲ ਆਮ ਖ਼ਲਕਤ ਹੁੰਦੀ ਆਂਵਦੀ ਹੈ।

ਕਦੀ ਕਢ ਕੇ ਘੁੰਢ ਲੋੜ੍ਹਾ ਦੇਂਦੀ, ਕਦੀ ਖੋਲ੍ਹ ਕੇ ਮਾਰ ਮੁਕਾਂਵਦੀ ਹੈ।

ਘੁੰਡ ਲਾਹ ਕੇ ਲਟਕ ਵਿਖਾ ਸਾਰੀ, ਜੱਟੀ ਰੁੱਠੜਾ ਯਾਰ ਮਨਾਂਵਦੀ ਹੈ।

ਵਾਰਿਸ ਮਾਲ ਦੇ ਨੂੰ ਸੱਭਾ ਖੋਲ੍ਹ ਦੌਲਤ, ਵੱਖੋ ਵੱਖ ਕਰ ਚਾਇ ਵਿਖਾਂਵਦੀ ਹੈ।

ਵਾਰਿਸ ਸ਼ਾਹ ਸ਼ਾਹ ਪਰੀ ਦੀ ਨਜ਼ਰ ਚੜ੍ਹਿਆ, ਖ਼ਲਕਤ ਸੈਫ਼ੀਆਂ ਫੂਕਣੇ ਆਂਵਦੀ ਹੈ।

507

ਰਾਂਝੇ ਨੇ ਹੀਰ ਨੂੰ ਵੇਖਣਾ

ਰਾਂਝਾ ਵੇਖ ਕੇ ਆਖਦਾ ਪਰੀ ਕੋਈ, ਇੱਕੇ ਭਾਵੇਂ ਤਾਂ ਹੀਰ ਸਿਆਲ ਹੋਵੇ।

ਕੋਈ ਹੂਰ ਕਿ ਮੋਹਣੀ ਇੰਦਰਾਣੀ, ਹੀਰ ਹੋਵੇ ਤਾਂ ਸਈਆਂ ਦੇ ਨਾਲ ਹੋਵੇ।

ਨੇੜੇ ਆ ਕੇ ਕਾਲਜੇ ਧਾਹ ਗਿਉਸ, ਜਿਵੇਂ ਮਸਤ ਕੋਈ ਨਸ਼ੇ ਨਾਲ ਹੋਵੇ।

ਰਾਂਝਾ ਆਖਦਾ ਅਬਰ ਬਹਾਰ ਆਇਆ, ਬੇਲਾ ਜੰਗਲਾ ਲਾਲੋ ਹੀ ਲਾਲ ਹੋਵੇ।

ਹਾਠ ਜੋੜ ਕੇ ਬੱਦਲਾਂ ਹਾਂਝ ਬੱਧੀ, ਵੇਖਾਂ ਕੇਹੜਾ ਦੇਸ ਨਿਹਾਲ ਹੋਵੇ।

ਚਮਕੀ ਲੈਲਾਤੁਲਕਦਰ ਸਿਆਹ ਸ਼ਬ ਥੀਂ, ਜਿਸ ਤੇ ਪਵੇਗੀ ਨਜ਼ਰ ਨਿਹਾਲ ਹੋਵੇ।

ਡੌਲ ਢਾਲ ਤੇ ਚਾਲ ਦੀ ਲਟਕ ਸੁੰਦਰ, ਜੇਹਾ ਪੇਖਣੇ ਦਾ ਕੋਈ ਖ਼ਿਆਲ ਹੋਵੇ।

ਯਾਰ ਸੋਈ ਮਹਿਬੂਬ ਥੋਂ ਫ਼ਿਦਾ ਹੋਵੇ, ਜੀਊ ਸੋਈ ਜੋ ਮੁਰਸ਼ਦਾਂ ਨਾਲ ਹੋਵੇ।

ਵਾਰਿਸ ਸ਼ਾਹ ਆਇ ਚੰਬੜੀ ਰਾਂਝਣੇ ਨੂੰ, ਜੇਹਾ ਗਧੇ ਦੇ ਗਲੇ ਵਿੱਚ ਲਾਲ ਹੋਵੇ।

508

ਇੱਕ ਦੂਜੇ ਨਾਲ ਮੁਲਾਕਾਤ

ਘੁੰਡ ਲਾਹ ਕੇ ਹੀਰ ਦੀਦਾਰ ਦਿੱਤਾ, ਰਹਿਆ ਹੋਸ਼ ਨਾ, ਅਕਲ ਥੀਂ ਤਾਕ ਕੀਤਾ।

ਲੰਕ ਬਾਗ਼ ਦੀ ਪਰੀ ਨੇ ਝਾਕ ਦੇ ਕੇ, ਸੀਨਾ ਪਾੜ ਕੇ ਚਾਕ ਦਾ ਚਾਕ ਕੀਤਾ।

ਬੰਨ੍ਹ ਮਾਪਿਆਂ ਜ਼ਾਲਮਾਂ ਟੋਰ ਦਿੱਤੀ, ਤੇਰੇ ਇਸ਼ਕ ਨੇ ਮਾਰ ਕੇ ਖ਼ਾਕ ਕੀਤਾ।

ਮਾਂ ਬਾਪ ਤੇ ਅੰਗ ਭੁਲਾ ਬੈਠੀ, ਅਸਾਂ ਚਾਕ ਨੂੰ ਆਪਣਾ ਸਾਕ ਕੀਤਾ।

ਤੇਰੇ ਬਾਝ ਨਾ ਕਿਸੇ ਨੂੰ ਅੰਗ ਲਾਇਆ, ਸੀਨਾ ਸਾੜ ਕੇ ਬਿਰਹੋਂ ਨੇ ਖ਼ਾਕ ਕੀਤਾ।

ਵੇਖ ਨਵੀਂ ਨਰੋਈ ਅਮਾਨ ਤੇਰੀ, ਸ਼ਾਹਦ ਹਾਲ ਦਾ ਮੈਂ ਰਬ ਪਾਕ ਕੀਤਾ।

ਅੱਲਾਹ ਜਾਣਦਾ ਹੈ ਏਨ੍ਹਾਂ ਆਸ਼ਕਾਂ ਨੇ, ਮਜ਼ੇ ਜ਼ੌਕ ਨੂੰ ਚਾਇ ਤਲਾਕ ਕੀਤਾ।

ਵਾਰਿਸ ਸ਼ਾਹ ਲੈ ਚਲਣਾ ਤੁਸਾਂ ਸਾਨੂੰ, ਕਿਸ ਵਾਸਤੇ ਜੀਊ ਗ਼ਮਨਾਕ ਕੀਤਾ।

509

ਰਾਂਝਾ

ਚੌਧਰਾਈਆਂ ਛੱਡ ਕੇ ਚਾਕ ਬਣੇ, ਮਹੀਂ ਚਾਰ ਕੇ ਅੰਤ ਨੂੰ ਚੋਰ ਹੋਏ।

ਕੌਲ ਕਵਾਰੀਆਂ ਦੇ ਲੋੜ੍ਹੇ ਮਾਰੀਆਂ ਦੇ, ਅਲੋਹਾਰੀਆਂ ਦੇ ਹੋਰੋ ਹੋਰ ਹੋਏ।

ਮਾਂ ਬਾਪ ਇਕਰਾਰ ਕਰ ਕੌਲ ਹਾਰੇ, ਕੰਮ ਖੇੜਿਆਂ ਦੇ ਜ਼ੋਰੋ ਜ਼ੋਰ ਹੋਏ।

ਰਾਹ ਸੱਚ ਦੇ ਤੇ ਕਦਮ ਧਰਨ ਨਾਹੀਂ, ਜਿਨ੍ਹਾਂ ਖੋਟਿਆਂ ਦੇ ਮਨ ਖੋਰ ਹੋਏ।

ਤੇਰੇ ਵਾਸਤੇ ਮਿਲੀ ਹਾਂ ਕਢ ਦੇਸੋਂ, ਅਸੀਂ ਆਪਣੇ ਦੇਸ ਦੇ ਚੋਰ ਹੋਏ।

ਵਾਰਿਸ ਸ਼ਾਹ ਨਾ ਅਕਲ ਨਾ ਹੋਸ਼ ਰਹਿਆ, ਮਾਰੇ ਹੀਰ ਦੇ ਸਿਹਰ ਦੇ ਮੋਰ ਹੋਏ।

510

ਹੀਰ

ਮਿਹਤਰ ਨੂਹ ਦਿਆਂ ਬੇਟਿਆਂ ਜ਼ਿੱਦ ਕੀਤੀ, ਡੁਬ ਮੋਏ ਨੇ ਛੱਡ ਮੁਹਾਣਿਆਂ ਨੂੰ।

ਯਾਕੂਬ ਦਿਆਂ ਪੁੱਤਰਾਂ ਜ਼ੁਲਮ ਕੀਤਾ, ਸੁਣਿਆ ਹੋਸੀਆ ਯੂਸੁਫ਼ੋਂ ਵਾਣਿਆਂ ਨੂੰ।

ਹਾਬੀਲ ਕਾਬੀਲ ਦੀ ਜੰਗ ਹੋਈ, ਛੱਡ ਗਏ ਨੇ ਕੁਤਬ ਟਿਕਾਣਿਆਂ ਨੂੰ।

ਜੇ ਮੈਂ ਜਾਣਦੀ ਮਾਪਿਆਂ ਬੰਨ੍ਹ ਦੇਣੀ, ਛਡ ਚਲਦੀ ਝੰਗ ਸਮਾਣਿਆਂ ਨੂੰ।

ਖ਼ਾਹਿਸ਼ ਹੱਕ ਦੀ ਕਲਮ ਤਕਦੀਰ ਵੱਗੀ, ਮੋੜੇ ਕੌਣ ਅੱਲਾਹ ਦਿਆਂ ਭਾਣਿਆਂ ਨੂੰ।

ਕਿਸੇ ਤੱਤੜੇ ਵਖ਼ਤ ਸੀ ਨੇਹੁੰ ਲੱਗਾ, ਤੁਸਾਂ ਬੀਜਿਆ ਭੁੰਨਿਆਂ ਦਾਣਿਆਂ ਨੂੰ।

ਸਾਢੇ ਤਿੰਨ ਹੱਥ ਜ਼ਿਮੀਂ ਹੈ ਮਿਲਖ ਤੇਰੀ, ਵਲੇਂ ਕਾਸ ਨੂੰ ਏਡ ਵਲਾਣਿਆਂ ਨੂੰ।

ਗੁੰਗਾ ਨਹੀਂ ਕੁਰਾਨ ਦਾ ਹੋਇ ਹਾਫਿਜ਼, ਅੰਨ੍ਹਾ ਵੇਖਦਾ ਨਹੀਂ ਟਿਟ੍ਹਾਣਿਆਂ ਨੂੰ।

ਵਾਰਿਸ ਸ਼ਾਹ ਅੱਲਾਹ ਬਿਨ ਕੌਣ ਪੁੱਛੇ, ਪਿੱਛਾ ਟੁੱਟਿਆਂ ਅਤੇ ਨਮਾਣਿਆਂ ਨੂੰ।

511

ਰਾਂਝਾ

ਤੇਰੇ ਮਾਪਿਆਂ ਸਾਕ ਕੁਥਾਂ ਕੀਤਾ, ਅਸੀਂ ਰੁਲਦੇ ਰਹਿ ਗਏ ਪਾਸਿਆਂ ਤੇ।

ਆਪੇ ਰੁਮਕ ਗਈ ਏਂ ਨਾਲ ਖੇੜਿਆਂ ਦੇ, ਸਾਡੀ ਗੱਲ ਗਵਾਈਆ ਹਾਸਿਆਂ ਤੇ।

ਸਾਨੂੰ ਮਾਰ ਕੇ ਹਾਲ ਬੇਹਾਲ ਕੀਤੋ, ਆਪ ਹੋਈ ਏਂ ਦਾਬਿਆਂ ਧਾਸਿਆਂ ਤੇ।

ਸਾਢੇ ਤਿੰਨ ਮਣ ਦਿਹ ਮੈਂ ਫ਼ਿਦਾ ਕੀਤੀ, ਅੰਤ ਹੋਈ ਹੈ ਤੋਲਿਆਂ ਮਾਸਿਆਂ ਤੇ।

ਸ਼ਸ਼ ਪੰਜ ਬਾਰਾਂ ਦੱਸਣ ਤਿੰਨ ਕਾਣੇ, ਲਿਖੇ ਏਸ ਜ਼ਮਾਨੇ ਦੇ ਪਾਸਿਆਂ ਤੇ।

ਵਾਰਿਸ ਸ਼ਾਹ ਵਸਾਹ ਕੀ ਜ਼ਿੰਦਗੀ ਦਾ, ਸਾਡੀ ਉਮਰ ਹੈ ਨਕਸ਼ ਪਤਾਸਿਆਂ ਤੇ।

512

ਹੀਰ

ਜੋ ਕੋ ਏਸ ਜਹਾਨ ਤੇ ਆਦਮੀ ਹੈ, ਰੌਂਦਾ ਮਰੇਗਾ ਉਮਰ ਥੀਂ ਝੂਰਦਾ ਈ।

ਸਦਾ ਖ਼ੁਸ਼ੀ ਨਾਹੀਂ ਕਿਸੇ ਨਾਲ ਨਿਭਦੀ, ਏਹ ਜ਼ਿੰਦਗੀ ਨੇਸ਼ ਜ਼ੰਬੂਰ ਦਾ ਈ।

ਬੰਦਾ ਜੀਵਣੇ ਦੀਆਂ ਨਿਤ ਕਰੇ ਆਸਾਂ, ਇਜ਼ਰਾਈਲ ਸਿਰੇ ਉੱਤੇ ਘੂਰਦਾ ਈ।

ਵਾਰਿਸ ਸ਼ਾਹ ਇਸ ਇਸ਼ਕ ਦੇ ਕਰਨਹਾਰਾ, ਵਾਲ ਵਾਲ ਤੇ ਖਾਰ ਖਜੂਰ ਦਾ ਈ।

513

ਹੀਰ ਨੇ ਜਾਣ ਦੀ ਆਗਿਆ ਮੰਗੀ

ਤੁਸੀਂ ਕਰੋ ਜੇ ਹੁਕਮ ਤਾਂ ਘਰ ਜਾਈਏ, ਨਾਲ ਸਹਿਤੀ ਦੇ ਸਾਜ਼ ਬਨਾਈਏ ਜੀ।

ਬਹਿਰ ਇਸ਼ਕ ਦਾ ਖ਼ੁਸ਼ਕ ਗ਼ਮ ਨਾਲ ਹੋਇਆ, ਮੀਂਹ ਅਕਲ ਦੇ ਨਾਲ ਭਰਾਈਏ ਜੀ।

ਕਿਵੇਂ ਕਰਾਂ ਕਸ਼ਾਇਸ਼ ਮੈਂ ਅਕਲ ਵਾਲੀ, ਤੇਰੇ ਇਸ਼ਕ ਦੀਆਂ ਪੂਰੀਆਂ ਪਾਈਏ ਜੀ।

ਜਾ ਤਿਆਰੀਆਂ ਟੁਰਨ ਦੀਆਂ ਝਬ ਕਰੀਏ, ਸਾਨੂੰ ਸੱਜਣੋਂ ਹੁਕਮ ਕਰਾਈਏ ਜੀ।

ਹਜ਼ਰਤ ਸੂਰਾ ਇਖ਼ਲਾਸ ਲਿਖ ਦੇਵੋ ਮੈਨੂੰ, ਫਾਲ ਕੁਰ੍ਹਾ ਨਜ਼ੂਮ ਦਾ ਪਾਈਏ ਜੀ।

ਖੋਲ੍ਹੋ ਫ਼ਾਲ-ਨਾਮਾ ਤੇ ਦੀਵਾਨ ਹਾਫ਼ਿਜ਼, ਵਾਰਿਸ ਸ਼ਾਹ ਥੀਂ ਫ਼ਾਲ ਕਢਾਈਏ ਜੀ।

514

ਹੀਰ ਨੇ ਰਾਂਝੇ ਗਲ ਲੱਗਣਾ

ਅੱਵਲ ਪੈਰ ਪਕੜੇ ਇਅਤਕਾਦ ਕਰਕੇ, ਫੇਰ ਨਾਲ ਕਲੇਜੇ ਦੇ ਲੱਗ ਗਈ।

ਨਵਾਂ ਤੌਰ ਅਜੂਬੇ ਦਾ ਨਜ਼ਰ ਆਇਆ, ਵੇਖੋ ਜਲ ਪਤੰਗ ਤੇ ਅੱਗ ਗਈ।

ਕਿਹੀ ਲਗ ਗਈ ਚਿਣਗ ਜੱਗ ਗਈ, ਖ਼ਬਰ ਜੱਗ ਗਈ ਵੱਜ ਧਰੱਗ ਗਈ।

ਯਾਰੋ ਠਗਾਂ ਦੀ ਰਿਉੜੀ ਹੀਰ ਜੱਟੀ, ਮੂੰਹ ਲਗਦਿਆਂ ਯਾਰ ਨੂੰ ਠੱਗ ਗਈ।

ਲੱਗਾ ਮਸਤ ਹੋ ਕਮਲੀਆਂ ਕਰਨ ਗੱਲਾਂ, ਦੁਆ ਕਿਸੇ ਫ਼ਕੀਰ ਦੀ ਵੱਗ ਗਈ।

ਅੱਗੇ ਧੂੰਆਂ ਧੁਖੇਂਦੜਾ ਜੋਗੀੜੇ ਦਾ, ਉਤੋਂ ਫੂਕ ਕੇ ਝੁੱਗੜੇ ਅੱਗ ਗਈ।

ਯਾਰ ਯਾਰ ਦਾ ਬਾਗ਼ ਵਿੱਚ ਮੇਲ ਹੋਇਆ, ਗੱਲ ਆਮ ਮਸ਼ਹੂਰ ਹੋ ਜੱਗ ਗਈ।

ਵਾਰਿਸ ਤਰੁਟਿਆਂ ਨੂੰ ਰਬ ਮੇਲਦਾ ਏ, ਵੇਖੋ ਕਮਲੜੇ ਨੂੰ ਪਰੀ ਲੱਗ ਗਈ।

515

ਹੀਰ ਤੇ ਸਹਿਤੀ ਦੇ ਸਵਾਲ ਜਵਾਬ

ਹੀਰ ਹੋ ਰੁਖ਼ਸਤ ਰਾਂਝੇ ਯਾਰ ਕੋਲੋਂ, ਆਖੇ ਸਹਿਤੀਏ ਮਤਾ ਪਕਾਈਏ ਨੀ।

ਠੂਠਾ ਭੰਨ ਫ਼ਕੀਰ ਨੂੰ ਕੱਢਿਆ ਸੀ, ਕਿਵੇਂ ਓਸ ਨੂੰ ਖ਼ੈਰ ਭੀ ਪਾਈਏ ਨੀ।

ਵਹਿਣ ਲੋੜ੍ਹ ਪਿਆ ਬੇੜਾ ਸ਼ੁਹਦਿਆਂ ਦਾ, ਨਾਲ ਕਰਮ ਦੇ ਬੰਨੜੇ ਲਾਈਏ ਨੀ।

ਮੇਰੇ ਵਾਸਤੇ ਓਸ ਨੇ ਲਏ ਤਰਲੇ, ਕਿਵੇਂ ਓਸ ਦੀ ਆਸ ਪੁਜਾਈਏ ਨੀ।

ਤੈਨੂੰ ਮਿਲੇ ਮੁਰਾਦ ਤੇ ਅਸਾਂ ਮਾਹੀ, ਦੋਵੇਂ ਆਪਣੇ ਯਾਰ ਹੰਢਾਈਏ ਨੀ।

ਰਾਂਝਾ ਕੰਨ ਪੜਾ ਫ਼ਕੀਰ ਹੋਇਆ, ਸਿਰ ਓਸ ਦੇ ਵਾਰੀ ਚੜ੍ਹਾਈਏ ਨੀ।

ਬਾਕੀ ਉਮਰ ਰੰਝੇਟੇ ਦੇ ਨਾਲ ਜਾਲਾਂ, ਕਿਵੇਂ ਸਹਿਤੀਏ ਡੌਲ ਬਣਾਈਏ ਨੀ।

ਹੋਇਆ ਮੇਲ ਜਾਂ ਚਿਰੀਂ ਵਿਛੁੰਨਿਆਂ ਦਾ, ਯਾਰ ਰੱਜ ਕੇ ਗਲੇ ਲਗਾਈਏ ਨੀ।

ਜੀਊ ਆਸ਼ਕਾਂ ਦਾ ਅਰਸ਼ ਰੱਬ ਦਾ ਹੈ, ਕਿਵੇਂ ਓਸ ਨੂੰ ਠੰਢ ਪਵਾਈਏ ਨੀ।

ਕੋਈ ਰੋਜ਼ ਦਾ ਹੁਸਨ ਪਰਾਹੁਣਾ ਈ, ਮਜ਼ੇ ਖ਼ੂਬੀਆਂ ਨਾਲ ਹੰਢਾਈਏ ਨੀ।

ਸ਼ੈਤਾਨ ਦੀਆਂ ਅਸੀਂ ਉਸਤਾਦ ਰੰਨਾਂ, ਕੋਈ ਆਉ ਖਾਂ ਮਕਰ ਫੈਲਾਈਏ ਨੀ।

ਬਾਗ਼ ਜਾਂਦੀਆਂ ਅਸੀਂ ਨਾ ਸੁੰਹਦੀਆਂ ਹਾਂ, ਕਿਵੇਂ ਯਾਰ ਨੂੰ ਘਰੀਂ ਲਿਆਈਏ ਨੀ।

ਗਲ ਘੱਤ ਪੱਲਾ ਮੂੰਹ ਘਾਹ ਲੈ ਕੇ, ਪੈਰੀਂ ਲੱਗ ਕੇ ਪੀਰ ਮਨਾਈਏ ਨੀ।

ਵਾਰਿਸ ਸ਼ਾਹ ਗੁਨਾਹਾਂ ਦੇ ਅਸੀਂ ਲੱਦੇ, ਚਲੋ ਕੁੱਲ ਤਕਸੀਰ ਬਖ਼ਸ਼ਾਈਏ ਨੀ।

516

ਸਹਿਤੀ

ਅੱਗੋਂ ਰਾਇਬਾਂ ਸੈਰਫ਼ਾਂ ਬੋਲੀਆਂ ਨੇ, ਕੇਹਾ ਭਾਬੀਏ ਨੀ ਮੱਥਾ ਖੇੜਿਆ ਈ।

ਭਾਬੀ ਆਖ ਕੀ ਲਧੀਉ ਟਹਿਕ ਆਈਏਂ, ਸੋਇਨ ਚਿੜੀ ਵਾਂਗੂੰ ਰੰਗ ਫੇਰਿਆ ਈ।

ਮੋਈ ਗਈ ਸੈਂ ਜਿਉਂਦੀ ਆ ਵੜੀਏਂ, ਸੱਚ ਆਖ ਕੀ ਸਹਿਜ ਸਹੇੜਿਆ ਈ।

ਅੱਜ ਰੰਗ ਤੇਰਾ ਭਲਾ ਨਜ਼ਰ ਆਇਆ, ਸਭੋ ਸੁਖ ਤੇ ਦੁਖ ਨਿਬੇੜਿਆ ਈ।

ਨੈਣ ਸ਼ੋਖ ਹੋਏ ਰੰਗ ਚਮਕ ਆਇਆ, ਕੋਈ ਜ਼ੋਬਨੇ ਦਾ ਖੂਹ ਗੇੜਿਆ ਈ।

ਆਸ਼ਕ ਮਸਤ ਹਾਥੀ ਭਾਵੇਂ ਬਾਗ਼ ਵਾਲਾ, ਤੇਰੀ ਸੰਗਲੀ ਨਾਲ ਖਹੇੜਿਆ ਈ।

ਕਦਮ ਚੁਸਤ ਤੇ ਸਾਫ਼ ਕਨੌਤੀਆਂ ਨੇ, ਹੱਕ ਚਾਬਕ ਅਸਵਾਰ ਨੇ ਫੇਰਿਆ ਈ।

ਵਾਰਿਸ ਸ਼ਾਹ ਅੱਜ ਹੁਸਨ ਮੈਦਾਨ ਚੜ੍ਹ ਕੇ, ਘੋੜਾ ਸ਼ਾਹ ਅਸਵਾਰ ਨੇ ਫੇਰਿਆ ਈ।

517

ਤਥਾ

ਨੈਣ ਮਸਤ ਗੱਲ੍ਹਾਂ ਤੇਰੀਆਂ ਲਾਲ ਹੋਈਆਂ, ਡੁੱਕਾਂ ਭੰਨ ਚੋਲੀ ਵਿੱਚ ਟੇਲੀਆਂ ਨੀ।

ਕਿਸੇ ਹਿਕ ਤੇਰੀ ਨਾਲ ਹਿਕ ਜੋੜੀ, ਪੇਡੂ ਨਾਲ ਵਲੂੰਧਰਾਂ ਮੇਲੀਆਂ ਨੀ।

ਕਿਸੇ ਅੰਬ ਤੇਰੇ ਅੱਜ ਚੂਪ ਲਏ, ਤਿਲ ਪੀੜ ਕਢੇ ਜਿਵੇਂ ਤੇਲੀਆਂ ਨੀ।

ਤੇਰਾ ਕਿਸੇ ਨਢੇ ਨਾਲ ਮੇਲ ਹੋਇਆ, ਧਾਰਾਂ ਕਜਲੇ ਦੀਆਂ ਸੁਰਮੀਲੀਆਂ ਨੀ।

ਤੇਰੀਆਂ ਗੱਲ੍ਹਾਂ ਤੇ ਦੰਦਾਂ ਦੇ ਦਾਗ਼ ਦਿੱਸਣ, ਅੱਜ ਸੋਧੀਆਂ ਠਾਕਰਾਂ ਚੇਲੀਆਂ ਨੀ।

ਅੱਜ ਨਹੀਂ ਇਆਲੀਆਂ ਖ਼ਬਰ ਲੱਧੀ, ਬਘਿਆੜਾਂ ਨੇ ਰੋਲੀਆਂ ਛੇਲੀਆਂ ਨੀ।

ਅੱਜ ਖੇੜਿਆਂ ਨੇ ਨਾਲ ਮਸਤੀਆਂ ਦੇ, ਹਾਥੀਵਾਨਾਂ ਨੇ ਹਥਣੀਆਂ ਪੇਲੀਆਂ ਨੀ।

ਛੁੱਟਾ ਝਾਂਜਰਾਂ ਬਾਗ਼ ਦੇ ਸੁਫ਼ੇ ਵਿੱਚੋਂ, ਗਾਹ ਕੱਢੀਆਂ ਸਭ ਹਵੇਲੀਆਂ ਨੀ।

ਥੱਕ ਹੁੱਟ ਕੇ ਘਰਕਦੀ ਆਣ ਪਈਏਂ, ਵਾਰਿਸ ਮੁੱਠੀਆਂ ਭਰਨ ਸਹੇਲੀਆਂ ਨੀ।

518

ਤਥਾ

ਸਭੋ ਮਲ ਦਲ ਸੁਟੀਏਂ ਵਾਂਗ ਫੁੱਲਾਂ, ਝੋਕਾਂ ਤੇਰੀਆਂ ਮਾਣੀਆਂ ਬੇਲੀਆਂ ਨੇ।

ਕਿਸੇ ਜ਼ੋਮ ਭਰੇ ਫੜ ਨੱਪੀਏਂ ਤੂੰ, ਧੜਕੇ ਕਾਲਜਾ ਪੌਂਦੀਆਂ ਤ੍ਰੇਲੀਆਂ ਨੇ।

ਵੀਰਾਂ ਵਹੁਟੀਆਂ ਦਾ ਖੁੱਲ੍ਹਾ ਅੱਜ ਬਾਰਾ, ਕੌਂਤਾਂ ਰਾਵੀਆਂ ਢਾਹ ਕੇ ਮੇਲੀਆਂ ਨੇ।

ਕਿਸੇ ਲਈ ਉੁਸ਼ਨਾਕ ਨੇ ਜਿਤ ਬਾਜ਼ੀ, ਪਾਸਾ ਲਾਇਕੇ ਬਾਜ਼ੀਆਂ ਖੇਲੀਆਂ ਨੇ।

ਸੂਬਾਦਾਰ ਨੇ ਕਿਲੇ ਨੂੰ ਢੋ ਤੋਪਾਂ, ਕਰਕੇ ਜ਼ੇਰ ਸਭ ਰਈਅਤਾਂ ਮੇਲੀਆਂ ਨੇ।

519

ਤਥਾ

ਜਿਵੇਂ ਸੋਹਣੇ ਆਦਮੀ ਫਿਰਨ ਬਾਹਰ, ਕਿਚਰਕ ਦੌਲਤਾਂ ਰਹਿਣ ਛੁਪਾਈਆਂ ਨੇ।

ਅੱਜ ਭਾਵੇਂ ਤਾਂ ਬਾਗ਼ ਵਿੱਚ ਈਦ ਹੋਈ, ਖਾਧੀਆਂ ਭੁਖਿਆਂ ਨੇ ਮਠਿਆਈਆਂ ਨੇ।

ਅੱਜ ਕਈਆਂ ਦੇ ਦਿਲਾਂ ਦੀ ਆਸ ਪੁੰਨੀ, ਜਮ ਜਮ ਜਾਣ ਬਾਗ਼ੀਂ ਭਰਜਾਈਆਂ ਨੇ।

ਵਸੇ ਬਾਗ਼ ਜੁੱਗਾਂ ਤਾਈਂ ਸਣੇ ਭਾਬੀ, ਜਿੱਥੇ ਪੀਣ ਫ਼ਕੀਰ ਮਲਾਈਆਂ ਨੇ।

ਖ਼ਾਕ ਤੋਦਿਆਂ ਤੇ ਵੱਡੇ ਤੀਰ ਛੁੱਟੇ, ਤੀਰ ਅੰਦਾਜ਼ਾਂ ਨੇ ਕਾਨੀਆਂ ਲਾਈਆਂ ਨੇ।

ਅੱਜ ਜੋ ਕੋਈ ਬਾਗ਼ ਵਿੱਚ ਜਾ ਵੜਿਆ, ਮੂੰਹੋਂ ਮੰਗੀਆਂ ਦੌਲਤਾਂ ਪਾਈਆਂ ਨੇ।

ਪਾਣੀ ਬਾਝ ਸੁੱਕੀ ਦਾੜ੍ਹੀ ਖੇੜਿਆਂ ਦੀ, ਅੱਜ ਮੁੰਨ ਕਢੀ ਦੋਹਾਂ ਨਾਈਆਂ ਨੇ।

ਸਿਆਹ ਭੌਰ ਹੋਈਆਂ ਚਸ਼ਮਾਂ ਪਿਆਰਿਆਂ ਦੀਆਂ, ਭਰ ਭਰ ਪਾਉਂਦੇ ਰਹੇ ਸਲਾਈਆਂ ਨੇ।

ਅੱਜ ਆਬਦਾਰੀ ਚੜ੍ਹੀ ਮੋਤੀਆਂ ਨੂੰ, ਜੀਊ ਆਈਆਂ ਭਾਬੀਆਂ ਆਈਆਂ ਨੇ।

ਵਾਰਿਸ ਸ਼ਾਹ ਹੁਣ ਪਾਣੀਆਂ ਜ਼ੋਰ ਕੀਤਾ, ਬਹੁਤ ਖ਼ੁਸ਼ੀ ਕੀਤੀ ਮੁਰਗ਼ਾਈਆਂ ਨੇ।

520

ਤਥਾ

ਤੇਰੇ ਚੰਬੇ ਦੇ ਸਿਹਰੇ ਹੁਸਨ ਵਾਲੇ, ਅੱਜ ਕਿਸੇ ਉਸ਼ਨਾਕ ਨੇ ਲੁੱਟ ਲਏ।

ਤੇਰੇ ਸੀਨੇ ਨੂੰ ਕਿਸੇ ਟਟੋਲਿਆ ਈ, ਨਾਫੇ ਮੁਸ਼ਕ ਵਾਲੇ ਦੋਵੇਂ ਪੁਟ ਲਏ।

ਜਿਹੜੇ ਨਿਤ ਨਿਸ਼ਾਨ ਛੁਪਾਂਵਦੀ ਸੈਂ, ਕਿਸੇ ਤੀਰ ਅੰਦਾਜ਼ ਨੇ ਚੁੱਟ ਲਏ।

ਕਿਸੇ ਹਿਕ ਤੇਰੀ ਨਾਲ ਹਿਕ ਜੋੜੀ, ਵਿੱਚੇ ਫੁੱਲ ਗੁਲਾਬ ਦੇ ਘੁਟ ਲਏ।

ਕਿਸੇ ਹੋ ਬੇਦਰਦ ਕਸ਼ੀਸ਼ ਦਿੱਤੀ, ਬੰਦ ਬੰਦ ਕਮਾਨ ਦੇ ਤਰੁਟ ਗਏ।

ਆਖ ਕਿਨ੍ਹਾਂ ਫੁਲੇਲਿਆਂ ਪੀੜੀਏਂ ਤੂੰ, ਇਤਰ ਕੱਢ ਕੇ ਫੋਗ ਨੂੰ ਸੱਟ ਗਏ।

521

ਤਥਾ

ਤੇਰੀ ਗਾਧੀ ਨੂੰ ਅੱਜ ਕਿਸੇ ਧੱਕਿਆ ਈ, ਕਿਸੇ ਅੱਜ ਤੇਰਾ ਖੂਹਾ ਗੇੜਿਆ ਈ।

ਲਾਇਆ ਰੰਗ ਨਿਸੰਗ ਮਲੰਗ ਭਾਵੇਂ, ਅੱਗ ਨਾਲ ਤੇਰੇ ਅੰਗ ਭੇੜਿਆ ਈ।

ਲਾਹ ਚੱਪਣੀ ਦੁੱਧ ਦੀ ਦੇਗਚੀ ਦੀ, ਕਿਸੇ ਅੱਜ ਮਲਾਈ ਨੂੰ ਛੇੜਿਆ ਈ।

ਸੁਰਮੇਦਾਨੀ ਦਾ ਲਾਹ ਬਰੋਚਨਾ ਨੀ, ਸੁਰਮੇ ਸੁਰਮਚੂ ਕਿਸੇ ਲਿਬੇੜਿਆ ਈ।

ਵਾਰਿਸ ਸ਼ਾਹ ਤੈਨੂੰ ਪਿੱਛੋਂ ਆਇ ਮਿਲਿਆ, ਇੱਕੇ ਨਵਾਂ ਹੀ ਕੋਈ ਸਹੇੜਿਆ ਈ।

522

ਤਥਾ

ਭਾਬੀ ਅੱਜ ਜੋਬਨ ਤੇਰੇ ਲਹਿਰ ਦਿੱਤੀ, ਜਿਵੇਂ ਨਦੀ ਦਾ ਨੀਰ ਉੱਛੱਲਿਆ ਈ।

ਤੇਰੀ ਚੋਲੀ ਦੀਆਂ ਢਿੱਲੀਆਂ ਹੈਣ ਤਣੀਆਂ, ਤੈਨੂੰ ਕਿਸੇ ਮਹਿਬੂਬ ਪਥੱਲਿਆ ਈ।

ਕੁਫ਼ਲ ਜੰਦਰੇ ਤੋੜ ਕੇ ਚੋਰ ਵੜਿਆ, ਅੱਜ ਬੀੜਾ ਕਸਤੂਰੀ ਦਾ ਹੱਲਿਆ ਈ।

ਸੂਹਾ ਘੱਗਰਾ ਲਹਿਰਾਂ ਦੇ ਨਾਲ ਉਡੇ, ਬੋਕਬੰਦ ਦੋ-ਚੰਦ ਹੋ ਚੱਲਿਆ ਈ।

ਸੁਰਖ਼ੀ ਹੋਠਾਂ ਦੀ ਕਿਸੇ ਨੇ ਚੂਪ ਲਈ, ਅੰਬ ਸੱਖਣਾਂ ਮੋੜ ਕੇ ਘੱਲਿਆ ਈ।

ਕਸਤੂਰੀ ਦੇ ਮਿਰਗ ਜਿਸ ਢਾਹ ਲਏ, ਕੋਈ ਵੱਡਾ ਹੇੜੀ ਆ ਮਿਲਿਆ ਈ।

523

ਤਥਾ

ਤੇਰੇ ਸਿਆਹ ਤਤੋਲੜੇ ਕੱਜਲੇ ਦੇ, ਠੋਡੀ ਅਤੇ ਗੱਲ੍ਹਾਂ ਉਤੋਂ ਗੁੰਮ ਗਏ।

ਤੇਰੇ ਫੁਲ ਗੁਲਾਬ ਦੇ ਲਾਲ ਹੋਏ, ਕਿਸੇ ਘੇਰ ਕੇ ਰਾਹ ਵਿੱਚ ਚੁੰਮ ਲਏ।

ਤੇਰੇ ਖਾਂਚੇ ਇਹ ਸ਼ੱਕਰ ਪਾਰਿਆਂ ਦੇ, ਹੱਥ ਮਾਰ ਕੇ ਭੁੱਖਿਆਂ ਲੁੰਮ ਲਏ।

ਧਾੜਾ ਮਾਰ ਕੇ ਧਾੜਵੀ ਮੇਵਿਆਂ ਦੇ, ਚੱਲੇ ਝਾੜ ਬੂਟੇ ਕਿਤੇ ਗੁੰਮ ਗਏ।

ਵੱਡੇ ਵਣਜ ਹੋਏ ਅੱਜ ਜੋਬਨਾਂ ਦੇ, ਕੋਈ ਨਵੇਂ ਵਣਜਾਰੇ ਘੁੰਮ ਗਏ।

ਕੋਈ ਧੋਬੀ ਵਲਾਇਤੋਂ ਆ ਲੱਥਾ, ਸਰੀ ਸਾਫ਼ ਦੇ ਥਾਨ ਚੜ੍ਹ ਖੁੰਮ ਗਏ।

ਤੇਰੀ ਚੋਲੀ ਵਲੂੰਧਰੀ ਸਣੇ ਸੀਨੇ, ਪੇਂਜੇ ਤੂੰਬਿਆਂ ਨੂੰ ਜਿਵੇਂ ਤੁੰਮ ਗਏ।

ਖੇੜੇ ਕਾਬਲੀ ਕੁੱਤਿਆਂ ਵਾਂਗ ਏਥੇ, ਵਢਵਾਇ ਕੇ ਕੰਨ ਤੇ ਦੁੰਮ ਗਏ।

ਵਾਰਿਸ ਸ਼ਾਹ ਅਚੰਬੜਾ ਨਵਾਂ ਹੋਇਆ, ਸੁੱਤੇ ਪਾਹਰੂ ਨੂੰ ਚੋਰ ਟੁੰਮ ਗਏ।

524

ਤਥਾ

ਕਿਸੇ ਕੇਹੇ ਨਪੀੜੇਨੇ ਪੀੜੀਏਂ ਤੂੰ, ਤੇਰਾ ਰੰਗ ਹੈ ਤੋਰੀ ਦੇ ਫੁੱਲ ਦਾ ਨੀ।

ਢਾਕਾਂ ਤੇਰੀਆਂ ਕਿਸੇ ਮਰੋੜੀਆਂ ਨੇ, ਇਹ ਤਾਂ ਕੰਮ ਹੋਇਆ ਹਿਲਜੁੱਲ ਦਾ ਨੀ।

ਤੇਰਾ ਲੱਕ ਕਿਸੇ ਪਾਇਮਾਲ ਕੀਤਾ, ਢੱਗਾ ਜੋਤਰੇ ਜਿਵੇਂ ਹੈ ਘੁੱਲਦਾ ਨੀ।

ਵਾਰਿਸ ਸ਼ਾਹ ਮੀਆਂ ਇਹ ਦੁਆ ਮੰਗੋ, ਖੁੱਲ੍ਹ ਜਾਏ ਬਾਰਾ ਅੱਜ ਕੁੱਲ ਦਾ ਨੀ।

525

ਹੀਰ

ਪਰਨੇਹਾਂ ਦਾ ਮੈਨੂੰ ਅਸਰ ਹੋਇਆ, ਰੰਗ ਜ਼ਰਦ ਹੋਇਆ ਏਸੇ ਵਾਸਤੇ ਨੀ।

ਛਾਪਾਂ ਖੁੱਭ ਗਈਆਂ ਗੱਲ੍ਹਾਂ ਮੇਰੀਆਂ ਤੇ, ਦਾਗ਼ ਲਾਲ ਪਏ ਏਸੇ ਵਾਸਤੇ ਨੀ।

ਕੱਟੇ ਜਾਂਦੇ ਨੂੰ ਭਜ ਕੇ ਮਿਲੀ ਸਾਂ ਮੈਂ, ਤਾਣੀਆਂ ਢਿੱਲੀਆਂ ਨੇ ਏਸੇ ਵਾਸਤੇ ਨੀ।

ਰੁੰਨੀ ਅਥਰੂ ਡੁੱਲ੍ਹੇ ਸਨ ਮੁਖੜੇ ਤੇ, ਘੁਲ ਗਏ ਤਤੋਲੜੇ ਪਾਸਤੇ ਨੀ।

ਮੂਧੀ ਪਈ ਬਨੇਰੇ ਤੇ ਵੇਖਦੀ ਸਾਂ, ਪੇਡੂ ਲਾਲ ਹੋਏ ਏਸੇ ਵਾਸਤੇ ਨੀ।

ਸੁਰਖਖ਼ੀ ਹੋਠਾਂ ਦੀ ਆਪ ਮੈਂ ਚੂਪ ਲਈ, ਰੰਗ ਉਡ ਗਿਆ ਏਸੇ ਵਾਸਤੇ ਨੀ।

ਕੱਟਾ ਘੁਟਿਆ ਵਿੱਚ ਗਲਵੱਕੜੀ ਦੇ, ਡੁੱਕਾਂ ਲਾਲ ਹੋਈਆਂ ਏਸੇ ਵਾਸਤੇ ਨੀ।

ਮੇਰੇ ਪੇਡੂ ਨੂੰ ਕੱਟੇ ਨੇ ਢੁੱਡ ਮਾਰੀ, ਲਾਸਾਂ ਬਖਲਾਂ ਦੀਆਂ ਮੇਰੇ ਮਾਸ ਤੇ ਨੀ।

ਹੋਰ ਪੁਛ ਵਾਰਿਸ ਮੈਂ ਗ਼ਰੀਬਣੀ ਨੂੰ, ਕੀ ਆਖਦੇ ਲੋਕ ਮੁਹਾਸਤੇ ਨੀ।

526

ਸਹਿਤੀ

ਭਾਬੀ ਅੱਖੀਆਂ ਦੇ ਰੰਗ ਰੱਤ ਵੰਨੇ, ਤੈਨੂੰ ਹੁਸਨ ਚੜ੍ਹਿਆ ਅਨਿਆਉਂ ਦਾ ਨੀ।

ਅੱਜ ਧਿਆਨ ਤੇਰਾ ਆਸਮਾਨ ਉੱਤੇ, ਤੈਨੂੰ ਆਦਮੀ ਨਜ਼ਰ ਨਾ ਆਉਂਦਾ ਨੀ।

ਤੇਰੇ ਸੁਰਮੇ ਦੀਆਂ ਧਾਰੀਆਂ ਦੌੜ ਰਹੀਆਂ, ਜਿਵੇਂ ਕਾਟਕੂ ਮਾਲ ਤੇ ਧਾਉਂਦਾ ਨੀ।

ਰਾਜਪੂਤ ਮੈਦਾਨ ਵਿੱਚ ਲੜਣ ਤੇਗ਼ਾਂ, ਅੱਗੇ ਢਾਡੀਆਂ ਦਾ ਪੁੱਤ ਗਾਉਂਦਾ ਨੀ।

ਰੁਖ ਹੋਰ ਦਾ ਹੋਰ ਹੈ ਅੱਜ ਵਾਰਿਸ, ਚਾਲਾ ਨਵਾਂ ਕੋਈ ਨਜ਼ਰ ਆਉਂਦਾ ਨੀ।

527

ਹੀਰ

ਮੁੱਠੀ ਮੁੱਠੀ ਮੈਨੂੰ ਕੋਈ ਅਸਰ ਹੋਇਆ, ਅੱਜ ਕੰਮ ਤੇ ਜੀਊ ਨਾ ਲਗਦਾ ਨੀ।

ਭੁੱਲੀ ਵਿਸਰੀ ਬੂਟੀ ਉਲੰਘ ਆਈ, ਇੱਕੇ ਪਿਆ ਭੁਲਾਵੜਾ ਠੱਗ ਦਾ ਨੀ।

ਤੇਵਰ ਲਾਲ ਮੈਨੂੰ ਅੱਜ ਖੇੜਿਆਂ ਦਾ, ਜਿਵੇਂ ਲੱਗੇ ਉਲੰਬੜਾ ਅੱਗ ਦਾ ਨੀ।

ਅੱਜ ਯਾਦ ਆਏ ਮੈਨੂੰ ਸੇਈ ਸੱਜਣ, ਜੈਂਦਾ ਮਗਰ ਉਲਾਂਭੜਾ ਜੱਗ ਦਾ ਨੀ।

ਖੁਲ੍ਹ ਖੁਲ੍ਹ ਜਾਂਦੇ ਬੰਦ ਚੋਲੜੀ ਦੇ, ਅੱਜ ਗਲੇ ਮੇਰੇ ਕੋਈ ਲੱਗਦਾ ਨੀ।

ਘਰ ਬਾਰ ਵਿੱਚੋਂ ਡਰਨ ਆਂਵਦਾ ਹੈ, ਜਿਵੇਂ ਕਿਸੇ ਤਤਾਰਚਾ ਵੱਗਦਾ ਨੀ।

ਇੱਕੇ ਜੋਬਨੇ ਦੀ ਨਈਂ ਨੇ ਠਾਠ ਦਿੱਤੀ, ਬੂੰਬਾ ਆਂਵਦਾ ਪਾਣੀ ਤੇ ਝੱਗਦਾ ਨੀ।

ਵਾਰਿਸ ਸ਼ਾਹ ਬੁਲਾਉ ਨਾ ਮੂਲ ਮੈਨੂੰ, ਸਾਨੂੰ ਭਲਾ ਨਾਹੀਂ ਕੋਈ ਲੱਗਦਾ ਨੀ।

528

ਸਹਿਤੀ

ਅੱਜ ਕਿਸੇ ਭਾਬੀ ਤੇਰੇ ਨਾਲ ਕੀਤੀ, ਚੋਰ ਯਾਰ ਫੜੇ ਗੁਨਾਹਗਾਰੀਆਂ ਨੂੰ।

ਭਾਬੀ ਅੱਜ ਤੇਰੀ ਗੱਲ ਉਹ ਬਣੀ, ਦੁੱਧ ਹੱਥ ਲੱਗਾ ਦੁਧਾਧਾਰੀਆਂ ਨੂੰ।

ਤੇਰੇ ਨੈਣਾਂ ਦੀਆਂ ਨੋਕਾਂ ਦੇ ਖ਼ਤ ਬਣਦੇ, ਵਾਢ ਮਿਲੀ ਹੈ ਜਿਵੇਂ ਕਟਾਰੀਆਂ ਨੂੰ।

ਹੁਕਮ ਹੋਰ ਦਾ ਹੋਰ ਅੱਜ ਹੋ ਗਿਆ, ਅੱਜ ਮਿਲੀ ਪੰਜਾਬ ਕੰਧਾਰੀਆਂ ਨੂੰ।

ਤੇਰੇ ਜੋਬਨੇ ਦਾ ਰੰਗ ਕਿਸੇ ਲੁਟਿਆ, ਹਨੂਮਾਨ ਜਿਉਂ ਲੰਕ ਅਟਾਰੀਆਂ ਨੂੰ।

ਹੱਥ ਲੱਗ ਗਈ ਏਂ ਕਿਸੇ ਯਾਰ ਤਾਈਂ, ਜਿਵੇਂ ਕਸਤੂਰੀ ਦਾ ਭਾਅ ਵਪਾਰੀਆਂ ਨੂੰ।

ਤੇਰੀ ਤੱਕੜੀ ਦੀਆਂ ਕਸਾਂ ਢਿਲੀਆਂ ਨੇ, ਕਿਸੇ ਤੋਲਿਆ ਲੌਂਗ ਸੁਪਾਰੀਆਂ ਨੂੰ।

ਜਿਹੜੇ ਨਿੱਤ ਸਵਾਹ ਵਿੱਚ ਲੇਟਦੇ ਸਨ, ਅਜ ਲੈ ਬੈਠੇ ਸਰਦਾਰੀਆਂ ਨੂੰ।

ਅੱਜ ਸਿਕਦਿਆਂ ਕਵਾਰੀਆਂ ਕਰਮ ਖੁਲ੍ਹੇ, ਨਿਤ ਢੂੰਡਦੇ ਸਨ ਜਿਹੜੇ ਯਾਰੀਆਂ ਨੂੰ।

ਚੂੜੇ ਬੀੜੇ ਤੇ ਚੌੜ ਸ਼ਿੰਗਾਰ ਹੋਏ, ਠੋਕਰ ਲਗ ਗਈ ਮਨਿਆਰੀਆਂ ਨੂੰ।

ਵਾਰਿਸ ਸ਼ਾਹ ਜਿਨ੍ਹਾਂ ਮਲੇ ਇਤਰ ਸ਼ੀਸ਼ੇ, ਉਹਨਾਂ ਕੀ ਕਰਨਾ ਫ਼ੌਜਦਾਰੀਆਂ ਨੂੰ।

529

ਹੀਰ

ਕੇਹੀ ਛਿੰਜ ਘੱਤੀ ਅੱਜ ਤੁਸਾਂ ਭੈਣਾਂ, ਖ਼ੁਆਰ ਕੀਤਾ ਜੇ ਮੈਂ ਨਿੱਘਰ ਜਾਂਦੜੀ ਨੂੰ।

ਭੱਈਆਂ ਪਿੱਟੜੀ ਕਦੋਂ ਮੈਂ ਗਈ ਕਿਧਰੇ, ਕਿਉ ਰਵਾਇਆ ਜੇ ਮੁਣਸ ਖਾਂਦੜੀ ਨੂੰ।

ਛੱਜ ਛਾਣਨੀ ਘੱਤ ਉਡਾਇਆ ਜੇ, ਮਾਪੇ ਪਿੱਟੜੀ ਤੇ ਲੁੜ੍ਹ ਜਾਂਦੜੀ ਨੂੰ।

ਵਾਰਿਸ ਸ਼ਾਹ ਦੇ ਢਿਡ ਵਿੱਚ ਸੂਲ ਹੁੰਦਾ, ਸੱਦਣ ਗਈ ਸਾਂ ਮੈਂ ਕਿਸੇ ਮਾਂਦਰੀ ਨੂੰ।

530

ਸਹਿਤੀ

ਕਿਸੇ ਹੋ ਬੇਦਰਦ ਲਗਾਮ ਦਿੱਤੀ, ਅੱਡੀਆਂ ਵੱਖੀਆਂ ਵਿੱਚ ਚੁਭਾਈਆਂ ਨੇ।

ਢਿੱਲਿਆਂ ਹੋ ਕੇ ਕਿਸੇ ਮੈਦਾਨ ਦਿੱਤਾ, ਲਈਆਂ ਕਿਸੇ ਮਹਿਬੂਬ ਸਫ਼ਾਈਆਂ ਨੇ।

ਸਿਆਹ ਕਾਲਾ ਹੋਠਾਂ ਤੇ ਲਹੂ ਲੱਗਾ, ਕਿਸੇ ਨੀਲੀ ਨੂੰ ਠੋਕਰਾਂ ਲਾਈਆਂ ਨੇ।

ਵਾਰਿਸ ਸ਼ਾਹ ਮੀਆਂ ਹੋਣੀ ਹੋ ਰਹੀ, ਹੁਣ ਕੇਹੀਆਂ ਰਿੱਕਤਾਂ ਚਾਈਆਂ ਨੇ।

531

ਹੀਰ

ਲੁੜ੍ਹ ਗਈ ਜੇ ਮੈਂ ਧਰਤ ਪਾਟ ਚੱਲੀ, ਕੁੜੀਆਂ ਪਿੰਡ ਦੀਆਂ ਅੱਜ ਦੀਵਾਨੀਆਂ ਨੇ।

ਚੋਚੇ ਲਾਉਂਦੀਆਂ ਧੀਆਂ ਪਰਾਈਆਂ ਨੂੰ, ਬੇਦਰਦ ਤੇ ਅੰਤ ਬੇਗਾਨੀਆਂ ਨੇ।

ਮੈਂ ਬੇਦੋਸੜੀ ਅਤੇ ਬੇਖ਼ਬਰ ਤਾਈਂ, ਰੰਗ ਰੰਗ ਦੀਆਂ ਲਾਂਦੀਆਂ ਕਾਨੀਆਂ ਨੇ।

ਮਸਤ ਫਿਰਨ ਉਤਮਾਦ ਦੇ ਨਾਲ ਭਰੀਆਂ, ਟੇਢੀ ਚਾਲ ਚੱਲਣ ਮਸਤਾਨੀਆਂ ਨੇ।

532

ਸਹਿਤੀ

ਭਾਬੀ ਜਾਣਨੇ ਹਾਂ ਅਸੀਂ ਸਭ ਚਾਲੇ, ਜਿਹੜੇ ਮੂੰਗ ਤੇ ਚਣੇ ਖਿਡਾਵਨੀ ਹੈਂ।

ਆਪ ਖੇਡੇ ਹੈਂ ਤੂੰ ਗੁਹਤਾਲ ਚਾਲੇ, ਸਾਨੂੰ ਹਸਤੀਆਂ ਚਾਇ ਬਣਾਵਨੀ ਹੈ।

ਚੀਚੋਚੀਚ ਕੰਧੋਲੀਆਂ ਆਪ ਖੇਡੇਂ, ਅੱਡੀ ਟਾਪਿਆਂ ਨਾਲ ਵਿਲਾਵਨੀ ਹੈਂ।

ਆਪ ਰਹੇਂ ਬੇਦੋਸ਼ ਬੇਗਰਜ਼ ਬਣ ਕੇ, ਮਾਲ ਖੇੜਿਆਂ ਦਾ ਲੁਟਵਾਵਨੀ ਹੈਂ।

533

ਹੀਰ

ਅੜੀਉ ਕਸਮ ਮੈਨੂੰ ਜੇ ਯਕੀਨ ਕਰੋ, ਮੈਂ ਨਰੋਲ ਬੇਗਰਜ਼ ਬੇਦੋਸੀਆਂ ਨੀ।

ਜਿਹੜੀ ਆਪ ਵਿੱਚ ਰਮਜ਼ ਸੁਣਾਉਂਦੀਆਂ ਹੋ, ਨਹੀਂ ਜਾਣਦੀ ਮੈਂ ਚਾਪਲੋਸੀਆਂ ਨੀ।

ਮੈਂ ਤਾਂ ਪੇਕਿਆਂ ਨੂੰ ਨਿੱਤ ਯਾਦ ਕਰਾਂ, ਪਈ ਪਾਉਨੀ ਹਾਂ ਨਿਤ ਔਸੀਆਂ ਨੀ।

ਵਾਰਿਸ ਸ਼ਾਹ ਕਿਉਂ ਤਿਨ੍ਹਾਂ ਆਰਾਮ ਆਵੇ, ਜਿਹੜੀਆਂ ਇਸ਼ਕ ਦੇ ਥਲਾਂ ਵਿੱਚ ਤੋਸੀਆਂ ਨੀ।

534

ਸਹਿਤੀ

ਭਾਬੀ ਦੱਸ ਖਾਂ ਅਸੀਂ ਜੇ ਝੂਠ ਬੋਲਾਂ, ਤੇਰੀ ਇਹੋ ਜੇਹੀ ਕਲ੍ਹ ਡੌਲ ਸੀ ਨੀ।

ਬਾਗ਼ੋਂ ਧੜਕਦੀ ਘਰਕਦੀ ਆਣ ਪਈ ਏਂ, ਦਸ ਖੇੜਿਆਂ ਦਾ ਤੈਨੂੰ ਹੌਲ ਸੀ ਨੀ।

ਘੋੜੀ ਤੇਰੀ ਨੂੰ ਅੱਜ ਆਰਾਮ ਆਇਆ, ਜਿਹੜੀ ਨਿਤ ਕਰਦੀ ਪਈ ਔਲ ਸੀ ਨੀ।

ਬੂਟਾ ਸੱਖਣਾ ਅੱਜ ਕਰਾਇ ਆਇਉਂ, ਕਿਸੇ ਤੋੜ ਲਿਆ ਜਿਹੜਾ ਮੌਲ ਸੀ ਨੀ।

535

ਹੀਰ

ਰਾਹ ਜਾਂਦੀ ਮੈਂ ਝੋਟੇ ਨੇ ਢਾਹ ਲੀਤੀ, ਸਾਨੂੰ ਥੁੱਲ ਕੁਥੁੱਲ ਕੇ ਮਾਰਿਆ ਨੀ।

ਹਬੂੰ ਕਬੂੰ ਵਗਾਇਕੇ ਭੰਨ ਚੂੜਾ, ਪਾੜ ਸੁੱਟੀਆਂ ਚੁੰਨੀਆਂ ਸਾਰੀਆਂ ਨੀ।

ਡਾਹਢਾ ਮਾੜਿਆਂ ਨੂੰ ਢਾਹ ਮਾਰ ਕਰਦਾ, ਜ਼ੋਰਾਵਰਾਂ ਅੱਗੇ ਅੰਤ ਹਾਰੀਆਂ ਨੀ।

ਨੱਸ ਚੱਲੀ ਸਾਂ ਓਸ ਨੂੰ ਵੇਖ ਕੇ ਮੈਂ, ਜਿਵੇਂ ਦੁਲ੍ਹੜੇ ਤੋਂ ਜਾਣ ਕਵਾਰੀਆਂ ਨੀ।

ਸੀਨਾ ਫਿਹ ਕੇ ਭੰਨਿਉਸ ਪਾਸਿਆਂ ਨੂੰ, ਦੋਹਾਂ ਸਿੰਗਾਂ ਉੱਤੇ ਚਾਇ ਚਾੜ੍ਹੀਆਂ ਨੀ।

ਰੜੇ ਢਾਇਕੇ ਖਾਈ ਪਟਾਕ ਮਾਰੀ, ਸ਼ੀਂਹ ਢਾਹ ਲੈਂਦੇ ਜਿਵੇਂ ਪਾੜ੍ਹੀਆਂ ਨੀ।

ਮੇਰੇ ਕਰਮ ਸਨ ਆਣ ਮਲੰਗ ਮਿਲਿਆ, ਜਿਸ ਜੀਂਵਦੀ ਪਿੰਡ ਵਿੱਚ ਵਾੜੀਆਂ ਨੀ।

ਵਾਰਿਸ ਸ਼ਾਹ ਮੀਆਂ ਨਵੀਂ ਗੱਲ ਸੁਣੀਏ, ਹੀਰੇ ਹਰਨ ਮੈਂ ਤੱਤੜੀ ਦਾੜੀਆਂ ਨੀ।

536

ਸਹਿਤੀ

ਭਾਬੀ ਸਾਨ੍ਹ ਤੇਰੇ ਪਿੱਛੇ ਧੁਰੋਂ ਆਇਆ, ਹਿਲਿਆ ਹੋਇਆ ਕਦੀਮ ਦਾ ਮਾਰਦਾ ਦੀ।

ਤੂੰ ਭੀ ਵਹੁਟੜੀ ਪੁੱਤਰ ਸਰਦਾਰ ਦੇ ਦੀ, ਉਸ ਭੀ ਦੁੱਧ ਪੀਤਾ ਸਰਦਾਰ ਦਾ ਈ।

ਸਾਨ੍ਹ ਲਟਕਦਾ ਬਾਗ਼ ਵਿੱਚ ਹੋ ਕਮਲਾ, ਹੀਰ ਹੀਰ ਹੀ ਨਿਤ ਪੁਕਾਰਦਾ ਈ।

ਤੇਰੇ ਨਾਲ ਉਹ ਲਟਕਦਾ ਪਿਆਰ ਕਰਦਾ, ਹੋਰ ਕਿਸੇ ਨੂੰ ਮੂਲ ਨਾ ਮਾਰਦਾ ਈ।

ਪਰ ਉਹ ਹੀਲਤ ਬੁਰੀ ਹਿਲਾਇਆ ਈ, ਪਾਣੀ ਪੀਂਵਦਾ ਤੇਰੀ ਨਸਾਰ ਦਾ ਈ।

ਤੂੰ ਭੀ ਝੰਗ ਸਿਆਲਾਂ ਦੀ ਮੋਹਣੀ ਏਂ, ਤੈਨੂੰ ਆਣ ਮਿਲਿਆ ਹਿਰਨ ਬਾਰ ਦਾ ਈ।

ਵਾਰਿਸ ਸ਼ਾਹ ਮੀਆਂ ਸੱਚ ਝੂਠ ਵਿੱਚੋਂ, ਪੁੰਨ ਕਢਦਾ ਪਾਪ ਨਿਤਾਰਦਾ ਈ।

537

ਹੀਰ

ਅਨੀ ਭਰੋ ਮੁਠੀ ਉਹ ਉਹ ਮੁਠੀ, ਕੁੱਠੀ ਬਿਰਹੋਂ ਨੇ ਢਿਡ ਵਿੱਚ ਸੂਲ ਹੋਇਆ।

ਲਹਿਰ ਪੇਡੂਓਂ ਉਠ ਕੇ ਪਵੇ ਸੀਨੇ, ਮੇਰੇ ਜੀਉ ਦੇ ਵਿੱਚ ਡੰਡੂਲ ਹੋਇਆ।

ਤਲਬ ਡੁਬ ਗਈ ਸਰਕਾਰ ਮੇਰੀ, ਮੈਨੂੰ ਇੱਕ ਨਾ ਦਾਮ ਵਸੂਲ ਹੋਇਆ।

ਲੋਕ ਨਫ਼ੇ ਦੇ ਵਾਸਤੇ ਲੈਣ ਤਰਲੇ, ਮੇਰਾ ਸਣੇ ਵਹੀ ਚੌੜ ਮੂਲ ਹੋਇਆ।

ਅੰਬ ਬੀਜ ਕੇ ਦੁਧ ਦੇ ਨਾਲ ਪਾਲੇ, ਭਾ ਤੱਤੀ ਦੇ ਅੰਤ ਬਬੂਲ ਹੋਇਆ।

ਖੇੜਿਆਂ ਵਿੱਚ ਨਾ ਪਰਚਦਾ ਜੀਊ ਮੇਰਾ, ਸ਼ਾਹਦ ਹਾਲ ਦਾ ਰੱਬ ਰਸੂਲ ਹੋਇਆ।

538

ਸਹਿਤੀ

ਭਾਬੀ ਜ਼ੁਲਫ ਗੱਲ੍ਹਾਂ ਉੱਤੇ ਪੇਚ ਖਾਵੇ, ਸਿਰੇ ਲੋੜ੍ਹ ਦੇ ਸੁਰਮੇ ਦੀਆਂ ਧਾਰੀਆਂ ਨੀ।

ਗਲ੍ਹਾਂ ਉੱਤੇ ਭੰਬੀਰੀਆਂ ਉਡਦੀਆਂ ਨੇ, ਨੈਣਾਂ ਸਾਣ ਕਟਾਰੀਆਂ ਚਾੜ੍ਹੀਆਂ ਨੀ।

ਤੇਰੇ ਨੈਣਾਂ ਨੇ ਸ਼ਾਹ ਫ਼ਕੀਰ ਕੀਤੇ, ਸਣੇ ਹਾਥੀਆਂ ਫ਼ੌਜ ਅੰਮਾਰੀਆਂ ਨੀ।

ਵਾਰਿਸ ਸ਼ਾਹ ਜ਼ੁਲਫਾਂ ਨਾਗ ਨੈਣ ਖ਼ੂਨੀ, ਫ਼ੌਜਾਂ ਕਤਲ ਉੱਤੇ ਚਾਇ ਚਾੜ੍ਹੀਆਂ ਨੀ।

539

ਹੀਰ

ਬਾਰਾਂ ਬਰਸ ਦੀ ਔੜ ਸੀ ਮੀਂਹ ਵੁਠਾ, ਲੱਗਾ ਰੰਗ ਫਿਰ ਖ਼ੁਸ਼ਕ ਬਗ਼ੀਚਿਆਂ ਨੂੰ।

ਫ਼ੌਜਦਾਰ ਤਗੱਈਅਰ ਬਹਾਲ ਹੋਇਆ, ਝਾੜ ਤੰਬੂਆਂ ਅਤੇ ਗਲੀਚਿਆਂ ਨੂੰ।

ਵੱਲਾਂ ਸੁੱਕੀਆਂ ਫੇਰ ਮੁੜ ਸਬਜ਼ ਹੋਈਆਂ, ਵੇਖ ਹੁਸਨ ਦੀ ਜ਼ਿਮੀਂ ਦੇ ਪੀਚਿਆਂ ਨੂੰ।

ਵਾਰਿਸ ਵਾਂਗ ਕਿਸ਼ਤੀ ਪਰੇਸ਼ਾਨ ਸਾਂ ਮੈਂ, ਪਾਣੀ ਪਹੁੰਚਿਆ ਨੂਹ ਦਿਆਂ ਟੀਚਿਆਂ ਨੂੰ।

540

ਸਹਿਤੀ ਨਾਲ ਹੀਰ ਦੀ ਸਲਾਹ

ਸਹਿਤੀ ਭਾਬੀ ਦੇ ਨਾਲ ਪਕਾਇ ਮਸਲਤ, ਵੱਡਾ ਮਕਰ ਫੈਲਾਇਕੇ ਬੋਲਦੀ ਹੈ।

ਗਰਦਾਨਦੀ ਮਕਰ ਮੁਵੱਤਲਾਂ ਨੂੰ, ਅਤੇ ਕਨਜ਼ ਫ਼ਰੇਬ ਦੀ ਖੋਲ੍ਹਦੀ ਹੈ।

ਅਬਲੀਸ ਮਲਫੂਫ ਖੰਨਾਸ ਵਿੱਚੋਂ, ਰਵਾਇਤਾਂ ਜਾਇਜ਼ੇ ਟੋਲਦੀ ਹੈ।

ਵਫ਼ਾ ਗੱਲ ਹਦੀਸ ਮਨਸੂਖ਼ ਕੀਤੀ, ਕਾਜ਼ੀ ਲਾਅਨਤ ਅੱਲਾਹ ਦੇ ਕੋਲ ਦੀ ਹੈ।

ਤੇਰੇ ਯਾਰ ਦਾ ਫ਼ਿਕਰ ਦਿਨ ਰਾਤ ਮੈਨੂੰ, ਜਾਨ ਮਾਪਿਆਂ ਤੋਂ ਪਈ ਡੋਲਦੀ ਹੈ।

ਵਾਰਿਸ ਸ਼ਾਹ ਸਹਿਤੀ ਅੱਗੇ ਮਾਉਂ ਬੁੱਢੀ, ਵੱਡੇ ਗ਼ਜ਼ਬ ਦੇ ਕੀਰਨੇ ਫੋਲਦੀ ਹੈ।

541

ਸਹਿਤੀ ਦੀ ਮਾਂ ਦੀ ਸਹਿਤੀ ਨਾਲ ਗੱਲ

ਅਸੀਂ ਵਿਆਹ ਆਂਦੀ ਕੂੰਜ ਫਾਹ ਆਂਦੀ, ਸਾਡੇ ਭਾ ਦੀ ਬਣੀ ਹੈ ਔਖੜੀ ਨੀ।

ਵੇਖ ਹੱਕ ਹਲਾਲ ਨੂੰ ਅੱਗ ਲਗਸੁ, ਰਹੇ ਖਸਮ ਦੇ ਨਾਲ ਇਹ ਕੋਖੜੀ ਨੀ।

ਜਦੋਂ ਆਈ ਤਦੋਕਣੀ ਰਹੇ ਢਠੀ, ਕਦੀ ਹੋ ਨਾ ਬੈਠੀਆ ਸੌਖੜੀ ਨੀ।

ਲਾਹੂ ਲੱਥੜੀ ਜਦੋਂ ਦੀ ਵਿਆਹ ਆਂਦੀ, ਇੱਕ ਕਲ੍ਹ ਦੀ ਜ਼ਰਾ ਹੈ ਚੋਖੜੀ ਨੀ।

ਘਰਾਂ ਵਿੱਚ ਹੁੰਦੀ ਨੂੰਹਾਂ ਨਾਲ ਵਸਦੀ, ਇਹ ਉਜਾੜੇ ਦਾ ਮੂਲ ਹੈ ਛੋਕਰੀ ਨੀ।

ਵਾਰਿਸ ਸ਼ਾਹ ਨਾ ਅੰਨ ਨਾ ਦੁੱਧ ਲੈਂਦੀ, ਭੁੱਖ ਨਾਲ ਸੁਕਾਂਵਦੀ ਕੋਖੜੀ ਨੀ।

542

ਹੀਰ ਦੀ ਸੱਸ

ਹਾਥੀ ਫ਼ੌਜ ਦਾ ਵੱਡਾ ਸਿੰਗਾਰ ਹੁੰਦਾ, ਅਤੇ ਘੋੜੇ ਸੰਗਾਰ ਹਨ ਨਰਾਂ ਦੇ ਨੀ।

ਹੱਛਾ ਪਹਿਨਣਾ ਖਾਵਣਾ ਸ਼ਾਨ ਸ਼ੌਕਤ, ਇਹ ਸਭ ਬਣਾਇ ਹਨ ਜ਼ਰਾਂ ਦੇ ਨੀ।

ਘੋੜੇ ਖਾਣ ਖੱਟਣ ਕਰਾਮਾਤ ਕਰਦੇ, ਅਖੀਂ ਵੇਖਦਿਆਂ ਜਾਣ ਬਿਨ ਪਰਾਂ ਦੇ ਨੀ।

ਮਝੀਂ ਗਾਈਂ ਸਿੰਗਾਰ ਦੀਆਂ ਸੱਥ ਟੱਲੇ, ਅਤੇ ਨੂੰਹਾਂ ਸ਼ਿੰਗਾਰ ਹਨ ਘਰਾਂ ਦੇ ਨੀ।

ਖ਼ੈਰਖ਼ਾਹ ਦੇ ਨਲ ਬਦਖ਼ਾਹ ਹੋਣਾ, ਇਹ ਕੰਮ ਹਨ ਗੀਦੀਆਂ ਖਰਾਂ ਦੇ ਨੀ।

ਮਸ਼ਹੂਰ ਹੈ ਰਸਮ ਜਹਾਨ ਅੰਦਰ, ਪਿਆਰ ਵਹੁਟੀਆਂ ਦੇ ਨਾਲ ਵਰਾਂ ਦੇ ਨੀ।

ਦਿਲ ਔਰਤਾਂ ਲੈਣ ਪਿਆਰ ਕਰਕੇ, ਇਹ ਗਭਰੂ ਮਿਰਗ ਹਨ ਸਰਾਂ ਦੇ ਨੀ।

ਤਦੋਂ ਰੰਨ ਬਦਖੂ ਨੂੰ ਅਕਲ ਆਵੇ, ਜਦੋਂ ਲੱਤ ਵੱਜਸ ਵਿੱਚ ਫ਼ਰਾਂ ਦੇ ਨੀ।

ਸੈਦਾ ਵੇਖ ਕੇ ਜਾਏ ਬਲਾ ਵਾਂਗੂੰ, ਵੈਰ ਦੋਹਾਂ ਦੇ ਸਿਰਾਂ ਤੇ ਧੜਾਂ ਦੇ ਨੀ।

543

ਤਥਾ

ਪੀੜ੍ਹਾ ਘਤ ਕੇ ਕਦੀ ਨਾ ਬਹੇ ਬੂਹੇ, ਅਸੀਂ ਏਸ ਦੇ ਦੁਖ ਵਿੱਚ ਮਰਾਂਗੇ ਨੀ।

ਏਸ ਦਾ ਜੀਊ ਨਾ ਪਰਚਦਾ ਪਿੰਡ ਸਾਡੇ, ਅਸੀਂ ਇਹਦਾ ਇਲਾਜ ਕੀ ਕਰਾਂਗੇ ਨੀ।

ਸੁਹਣੀ ਰੰਨ ਬਾਜ਼ਾਰ ਨਾ ਵੇਚਣੀ ਹੈ, ਵਿਆਹ ਪੁਤ ਦਾ ਹੋਰ ਧਿਰ ਕਰਾਂਗੇ ਨੀ।

ਮੁੱਲਾਂ ਵੈਦ ਹਕੀਮ ਲੈ ਜਾਣ ਪੈਸੇ, ਕਿਹੀਆਂ ਚੱਟੀਆਂ ਗ਼ੈਬ ਦੀਆਂ ਭਰਾਂਗੇ ਨੀ।

ਵਹੁਟੀ ਗੱਭਰੂ ਦੋਹਾਂ ਨੂੰ ਵਾੜ ਅੰਦਰ, ਅਸੀਂ ਬਾਹਰੋਂ ਜੰਦਰਾ ਜੜਾਂਗੇ ਨੀ।

ਸੈਦਾ ਢਾਇਕੇ ਏਸ ਨੂੰ ਲਏ ਲੇਖਾ, ਅਸੀਂ ਚੀਕਣੋਂ ਜ਼ਰਾ ਨਾ ਡਰਾਂਗੇ ਨੀ।

ਸ਼ਰਮਿੰਦਗੀ ਸਹਾਂਗੇ ਜ਼ਰਾ ਜੱਗ ਦੀ, ਮੂੰਹ ਪਰ੍ਹਾਂ ਨੂੰ ਜ਼ਰਾ ਚਾ ਕਰਾਂਗੇ ਨੀ।

ਕਦੀ ਚਰਖੜਾ ਡਾਹ ਨਾ ਛੋਪ ਕੱਤੇ, ਅਸੀਂ ਮੇਲ ਭੰਡਾਰ ਕੀ ਕਰਾਂਗੇ ਨੀ।

ਵਾਰਿਸ ਸ਼ਾਹ ਸ਼ਰਮਿੰਦਗੀ ਏਸ ਦੀ ਥੋਂ, ਅਸੀਂ ਡੁੱਬ ਕੇ ਖੂਹ ਵਿੱਚ ਮਰਾਂਗੇ ਨੀ।

544

ਹੀਰ ਆਪਣੀ ਸੱਸ ਕੋਲ

ਇਜ਼ਰਾਈਲ ਬੇਅਮਰ ਅਯਾਰ ਆਹਾ, ਹੀਰ ਚਲ ਕੇ ਸੱਸ ਥੇ ਆਂਵਦੀ ਹੈ।

ਸਹਿਤੀ ਨਾਲ ਮੈਂ ਜਾਇਕੇ ਖੇਤ ਵੇਖਾਂ, ਪਈ ਅੰਦਰੇ ਉਮਰ ਵਿਹਾਵਦੀ ਹੈ।

ਪਿੱਛੋਂ ਛਿਕਦੀ ਨਾਲ ਬਹਾਨਿਆਂ ਦੇ, ਨਢੀ ਬੁਢੀ ਥੇ ਫੇਰੜੇ ਪਾਂਵਦੀ ਹੈ।

ਵਾਂਗ ਠੱਗਾਂ ਦੇ ਕੁੱਕੜਾਂ ਰਾਤ ਅੱਧੀ, ਅਜ਼ਗ਼ੈਬ ਦੀ ਬਾਂਗ ਸੁਣਾਂਵਦੀ ਹੈ।

ਚੱਲ ਭਾਬੀਏ ! ਵਾਉ ਜਹਾਨ ਦੀ ਲੈ, ਬਾਹੋਂ ਹੀਰ ਨੂੰ ਪਕੜ ਉਠਾਂਵਦੀ ਹੈ।

ਵਾਂਗ ਬੁਢੀ ਇਮਾਮ ਨੂੰ ਜ਼ਹਿਰ ਦੇਣੀ, ਕਿੱਸਾ ਗ਼ੈਬ ਦਾ ਜੋੜ ਸੁਣਾਂਵਦੀ ਹੈ।

ਕਾਜ਼ੀ ਲਾਅਨਤ ਅੱਲਾਹ ਦਾ ਦੇ ਫਤਵਾ, ਅਬਲੀਸ ਨੂੰ ਸਬਕ ਪੜ੍ਹਾਂਵਦੀ ਹੈ।

ਇਹਨੂੰ ਖੇਤ ਲੈ ਜਾ ਕਪਾਹ ਚੁਣੀਏ, ਮੇਰੇ ਜੀਊ ਤਦਬੀਰ ਇਹਆਂਵਦੀ ਹੈ।

ਵੇਖੋ ਮਾਉਂ ਨੂੰ ਧੀ ਵਲਾਂਵਦੀ ਹੈ, ਕੇਹੀਆਂ ਫੋਕੀਆਂ ਰੁੰਮੀਆਂ ਲਾਂਵਦੀ ਹੈ।

ਤਲੀ ਹੇਠ ਅੰਗਿਆਰ ਟਿਕਾਂਵਦੀ ਹੈ, ਉਤੋਂ ਬਹੁਤ ਪਿਆਰ ਕਰਾਂਵਦੀ ਹੈ।

ਸ਼ੇਖ ਸਾਅਦੀ ਦੇ ਫ਼ਲਕ ਨੂੰ ਖ਼ਬਰ ਨਾਹੀਂ, ਜੀਕੂੰ ਰੋਇਕੇ ਫ਼ਨ ਚਲਾਂਵਦੀ ਹੈ।

ਵੇਖੋ ਧੀਉ ਅੱਗੇ ਮਾਉਂ ਝੁਰਨ ਲੱਗੀ, ਹਾਲ ਨੂੰਹ ਦਾ ਖੋਲ੍ਹ ਸੁਣਾਂਵਦੀ ਹੈ।

ਇਹਦੀ ਪਈ ਦੀ ਉਮਰ ਵਿਹਾਂਵਦੀ ਹੈ, ਜ਼ਾਰ ਜ਼ਾਰ ਰੋਂਦੀ ਪੱਲੂ ਪਾਂਵਦੀ ਹੈ।

ਕਿਸ ਮਨ੍ਹਾਂ ਕੀਤਾ ਖੇਤ ਨਾ ਜਾਏ, ਕਦਮ ਮੰਜੀਓਂ ਹੇਠ ਨਾ ਪਾਂਵਦੀ ਹੈ।

ਦੁਖ ਜੀਊ ਦਾ ਖੋਲ੍ਹ ਸੁਣਾਂਵਦੀ ਹੈ, ਪਿੰਡੇ ਸ਼ਾਹ ਜੀ ਦੇ ਹੱਥ ਲਾਂਵਦੀ ਹੈ।

ਇਨਸਾਫ਼ ਦੇ ਵਾਸਤੇ ਗਵਾਹ ਕਰਕੇ, ਵਾਰਿਸ ਸ਼ਾਹ ਨੂੰ ਕੋਲ ਬਹਾਂਵਦੀ ਹੈ।

545

ਸਹਿਤੀ

ਨੂੰਹ ਲਾਲ ਜਹੀ ਅੰਦਰ ਘੱਤੀਆ ਈ, ਪਰਖ ਬਾਹਰਾਂ ਲਾਲ ਵਣਜਾਵਣੀ ਹੈਂ।

ਤੇਰੀ ਇਹ ਫੁਲੇਲੜੀ ਪਦਮਣੀ ਸੀ, ਵਾਉ ਲੈਣ ਖੁਣੋਂ ਤੂੰ ਗਵਾਵਣੀ ਹੈਂ।

ਇਹ ਫੁੱਲ ਗੁਲਾਬ ਦਾ ਘੁਟ ਅੰਦਰ, ਪਈ ਦੁਖੜੇ ਨਾਲ ਸੁਕਾਵਣੀ ਹੈਂ।

ਅੱਠੇ ਪਹਿਰ ਹੀ ਤਾੜ ਕੇ ਵਿੱਚ ਕੋਠੇ, ਪੱਤਰ ਪਾਨਾਂ ਦੇ ਪਈ ਵੰਜਾਵਣੀ ਹੈਂ।

ਵਾਰਿਸ ਧੀਉ ਸਿਆਲਾਂ ਦੀ ਮਾਰਨੀ ਹੈਂ, ਦੱਸ ਆਪ ਨੂੰ ਕੌਣ ਸਦਾਵਣੀ ਹੈਂ।

546

ਵਾਕ ਕਵੀ

ਨੂੰਹਾਂ ਹੁੰਦੀਆਂ ਖ਼ਿਆਲ ਜੀਊ ਪੇਖਣੇ, ਦਾ ਮਾਨ ਮੱਤੀਆ ਬੂਹੇ ਦੀਆਂ ਮਹਿਰੀਆਂ ਨੇ।

ਪਰੀ ਮੂਰਤਾਂ ਸੁਘੜ ਰਾਚੰਦਰਾਂ ਨੀ, ਇੱਕ ਮੋਮ ਤਬਾਅ ਇੱਕ ਠਹਿਰੀਆਂ ਨੇ।

ਇੱਕ ਇਰਮ ਦੇ ਬਾਗ ਦੀਆਂ ਮੋਰਨੀਆਂ ਨੇ, ਇੱਕ ਨਰਮ ਮਲੂਕ ਇੱਕ ਨਹਿਰੀਆਂ ਨੇ।

ਅੱਛਾ ਖਾਣ ਪਹਿਨਣ ਲਾਡ ਨਾਲ ਚੱਲਣ, ਲੈਣ ਦੇਣ ਦੇ ਵਿੱਚ ਲੁਧੇਰੀਆਂ ਨੇ।

ਬਾਹਰ ਫਿਰਨ ਜਿਉਂ ਬਾਰ ਦੀਆਂ ਵਾਹਣਾਂ ਨੇ, ਸਤਰ ਵਿੱਚ ਬਹਾਈਆਂ ਸ਼ਹਿਰੀਆਂ ਨੇ।

ਵਾਰਿਸ ਸ਼ਾਹ ਇਹ ਹੁਸਨ ਗੁਮਾਨ ਸੰਦਾ, ਅਖੀਂ ਨਾਲ ਗੁਮਾਨ ਦੇ ਗਹਿਰੀਆਂ ਨੇ।

547

ਤਥਾ

ਜਾਏ ਮੰਜਿਉਂ ਉਠ ਕੇ ਕਿਵੇਂ ਤਿਲਕੇ, ਹੱਡ ਪੈਰ ਹਿਲਾਇਕੇ ਚੁਸਤ ਹੋਵੇ।

ਵਾਂਗ ਰੋਗਣਾਂ ਰਾਤ ਦਿਹੁੰ ਰਹੇ ਢਠੀ, ਕਿਵੇਂ ਹੀਰ ਵਹੁਟੀ ਤੰਦਰੁਸਤ ਹੋਵੇ।

ਇਹ ਵੀ ਵੱਡਾ ਅਜ਼ਾਬ ਹੈ ਮਾਪਿਆਂ ਨੂੰ, ਧੀਉ ਨੂੰਹ ਬੂਹੇ ਉੱਤੇ ਸੁਸਤ ਹੋਵੇ।

ਵਾਰਿਸ ਸ਼ਾਹ ਮੀਆਂ ਕਿਉਂ ਨਾ ਹੀਰ ਬੋਲੇ, ਸਹਿਤੀ ਜਿਹੀਆਂ ਦੀ ਜੈਂਨੂੰ ਪੁਸ਼ਤ ਹੋਵੇ।

548

ਹੀਰ

ਹੀਰ ਆਖਿਆ ਬੈਠ ਕੇ ਉਮਰ ਸਾਰੀ, ਮੈਂ ਤਾਂ ਆਪਣੇ ਆਪ ਨੂੰ ਸਾੜਨੀ ਹਾਂ।

ਮਤਾਂ ਬਾਗ਼ ਗਿਆਂ ਮੇਰਾ ਜੀਊ ਖੁਲ੍ਹੇ, ਅੰਤ ਇਹ ਭੀ ਪਾੜਣਾ ਪਾੜਨੀ ਹਾਂ।

ਪਈ ਰੋਨੀ ਹਾਂ ਕਰਮ ਮੈਂ ਆਪਣੇ ਨੂੰ, ਕੁੱਝ ਕਿਸੇ ਦਾ ਨਹੀਂ ਵਿਗਾੜਨੀ ਹਾਂ।

ਵਾਰਿਸ ਸ਼ਾਹ ਮੀਆਂ ਤਕਦੀਰ ਆਖੇ, ਵੇਖੋ ਨਵਾਂ ਮੈਂ ਖੇਲ ਪਸਾਰਨੀ ਹਾਂ।

549

ਸਹਿਤੀ ਦੀ ਸਹੇਲੀਆਂ ਦੇ ਨਾਲ ਸਲਾਹ

ਅੜੀਉ ਆਉ ਖਾਂ ਬੈਠ ਕੇ ਗਲ ਗਿਣੀਏ, ਸੱਦ ਘੱਲੀਏ ਸਭ ਸਹੇਲੀਆਂ ਨੇ।

ਕਈ ਕਵਾਰੀਆਂ ਕਈ ਵਿਆਹੀਆਂ ਨੇ, ਚੰਨ ਜਹੇ ਸਰੀਰ ਮਥੇਲੀਆਂ ਨੇ।

ਰਜੂਅ ਆਣ ਹੋਈਆਂ ਸਭੇ ਪਾਸ ਸਹਿਤੀ, ਜਿਵੇਂ ਗੁਰੂ ਅੱਗੇ ਸਭ ਚੇਲੀਆਂ ਨੇ।

ਜਿਨ੍ਹਾਂ ਮਾਉਂ ਤੇ ਬਾਪ ਨੂੰ ਭੁੰਨ ਖਾਧਾ, ਮੁੰਗ ਚਨੇ ਕਵਾਰੀਆਂ ਖੇਲੀਆਂ ਨੇ।

ਵਿੱਚ ਹੀਰ ਸਹਿਤੀ ਦੋਵੇਂ ਬੈਠੀਆਂ ਨੇ, ਦਵਾਲੇ ਬੈਠੀਆਂ ਅਰਥ ਮਹੇਲੀਆਂ ਨੇ।

ਵਾਰਿਸ ਸ਼ਾਹ ਸ਼ਿੰਗਾਰ ਮਹਾਵਤਾਂ ਨੇ, ਸਿਵੇਂ ਹਥਣੀਆਂ ਕਿਲੇ ਨੂੰ ਪੇਲੀਆਂ ਨੇ।

550

ਸਹਿਤੀ

ਵਖ਼ਤ ਫਜਰ ਦੇ ਉਠ ਸਹੇਲੀਉ ਨੀ, ਤੁਸੀਂ ਆਪਦੇ ਆਹਰ ਹੀ ਆਵਣਾ ਜੇ।

ਮਾਂ ਬਾਪ ਨੂੰ ਖ਼ਬਰ ਨਾ ਕਰੋ ਕੋਈ, ਭਲਕੇ ਬਾਗ਼ ਨੂੰ ਪਾਸਣਾ ਲਾਵਣਾ ਜੇ।

ਵਹੁਟੀ ਹੀਰ ਨੂੰ ਬਾਗ਼ ਲੈ ਚਲਣਾ ਹੈ, ਜ਼ਰਾ ਏਸ ਦਾ ਜੀਊ ਵਲਾਵਣਾ ਜੇ।

ਲਾਵਣ ਫੇਰਨੀ ਵਿੱਚ ਕਪਾਹ ਭੈਣਾਂ, ਕਿਸੇ ਪੁਰਸ਼ ਨੂੰ ਨਹੀਂ ਵਿਖਾਵਣਾ ਜੇ।

ਰਾਹ ਜਾਂਦੀਆਂ ਪੁਛੇ ਲੋਕ ਅੜੀਉ, ਕੋਈ ਇਫ਼ਤਰਾ ਚਾ ਬਣਾਵਣਾ ਜੇ।

ਖੇਡੋ ਸੰਮੀਆਂ ਤੇ ਘੱਤੋ ਪੰਭੀਆਂ ਨੀ, ਭਲਕੇ ਖੂਹ ਨੂੰ ਰੰਗ ਲਗਾਵਣਾ ਜੇ।

ਵੜੋ ਵਟ ਲੰਗੋਟੜੇ ਵਿੱਚ ਪੈਲੀ, ਬੰਨਾ ਵਟ ਸਭ ਪੁੱਟ ਵਖਾਵਣਾ ਜੇ।

ਬੰਨ੍ਹ ਝੋਲੀਆਂ ਚੁਣੋ ਕਪਾਹ ਸੱਭੇ, ਤੇ ਮੰਡਾਸਿਆਂ ਰੰਗ ਸੁਹਾਵਣਾ ਜੇ।

ਵੱਡੇ ਰੰਗ ਹੋਸਨ ਇੱਕੋ ਜੇਡੀਆਂ ਦੇ, ਰਾਹ ਜਾਂਦਿਆਂ ਦੇ ਸਾਂਗ ਲਾਵਣਾ ਜੇ।

ਮੰਜਿਉਂ ਉਠਦੀਆਂ ਸਭ ਨੇ ਆ ਜਾਣਾ, ਇੱਕ ਦੂਈ ਨੂੰ ਸੱਦ ਲਿਆਵਣਾ ਜੇ।

ਵਾਰਿਸ ਸ਼ਾਹ ਮੀਆਂ ਇਹੋ ਅਰਥ ਹੋਇਆ, ਸਭਨਾ ਅਜੂ ਦੇ ਫਲੇ ਨੂੰ ਆਵਣਾ ਜੇ।

551

ਸਹਿਤੀ ਅਤੇ ਹੋਰ ਔਰਤਾਂ

ਮਤਿਆਂ ਵਿੱਚ ਉਮਾਹ ਦੀ ਰਾਤ ਗੁਜ਼ਰੀ, ਤਾਰੇ ਗਿਣਦੀਆਂ ਸਭ ਉਦਮਾਦੀਆਂ ਨੇ।

ਗਿਰਧੇ ਪਾਉਂਦੀਆਂ ਘੁੰਬਰਾਂ ਮਾਰਦੀਆਂ ਸਨ, ਜਹੀਆਂ ਹੋਣ ਮੁਟਿਆਰਾਂ ਦੀਆਂ ਵਾਦੀਆਂ ਨੇ।

ਨਖਰੀਲੀਆ ਇੱਕ ਨਕ ਤੋੜਣਾਂ ਸਨ, ਹਿਕ ਭੋਲੀਆਂ ਸਿਧੀਆ ਸਾਦੀਆਂ ਨੇ।

ਇੱਕ ਨੇਕ ਬਖ਼ਤਾਂ ਇੱਕ ਬੇਜ਼ਬਾਨਾਂ, ਹਿਕ ਨਚਨੀਆਂ ਤੇ ਮਾਲਜ਼ਾਦੀਆਂ ਨੇ।

552

ਸਾਰੀਆਂ ਨੂੰ ਸੁਨੇਹਾ

ਗੰਢ ਫਿਰੀ ਰਾਤੀਂ ਵਿੱਚ ਖੇੜਿਆਂ ਦੇ, ਘਰੋਂ ਘਰੀ ਵਿਚਾਰ ਵਿਚਾਰਿਉ ਨੇ।

ਭਲਕੇ ਖੂਹ ਤੇ ਜਾਇਕੇ ਕਰਾਂ ਕੁਸ਼ਤੀ ਇੱਕ ਦੂਸਰੀ ਨੂੰ ਖੁੰਮ ਮਾਰਿਉ ਨੇ।

ਚਲੋ ਚਲੀ ਹੀ ਕਰਨ ਛਨਾਲ ਬਾਜ਼ਾਂ, ਸਭ ਕੰਮ ਤੇ ਕਾਜ ਵਿਸਾਰਿਉ ਨੇ।

ਬਾਜ਼ੀ ਦਿਤਿਆ ਨੇ ਪੇਵਾਂ ਬੁੱਢਿਆਂ ਨੂੰ, ਲਬਾ ਮਾਂਵਾਂ ਦੇ ਮੂੰਹਾਂ ਤੇ ਮਾਰਿਉ ਨੇ।

ਸ਼ੈਤਾਨ ਦੀਆਂ ਲਸ਼ਕਰਾਂ ਫੈਲਸੂਫਾਂ, ਬਿਨਾ ਆਤਸ਼ੋਂ ਫ਼ਨ ਪੰਘਾਰਿਉ ਨੇ।

ਗਿਲਤੀ ਮਾਰ ਲੰਗੋਟੜੇ ਵਟ ਟੁਰੀਆਂ, ਸਭੋ ਕਪੜਾ ਚਿਥੜਾ ਝਾੜਿਉ ਨੇ।

ਸਭਾ ਭੰਨ ਭੰਡਾਰ ਉਜਾੜ ਛੋਪਾਂ, ਸਣੇ ਪੂਣੀਆਂ ਪਿੜੀ ਨੂੰ ਸਾੜਿਉ ਨੇ।

ਤੰਗ ਖਿਚ ਸਵਾਰ ਤਿਆਰ ਹੋਏ, ਕੜਿਆਲੜੇ ਘੋੜੀਆਂ ਚਾੜ੍ਹਿਉ ਨੇ।

ਰਾਤੀਂ ਲਾ ਮਹਿੰਦੀ ਦਿੰਹ ਘਤ ਸੁਰਮਾ, ਗੁੰਦ ਚੁੰਡੀਆਂ ਕੁੰਭ ਸ਼ਿੰਗਾਰਿਉ ਨੇ।

ਤੇੜ ਲੁੰਗੀਆਂ ਬਹੁਕਰਾਂ ਦੇਣ ਪਿੱਛੋਂ, ਸੁਥਣ ਚੂੜੀਆ ਪਾਂਉਚੇ ਚਾੜ੍ਹਿਉ ਨੇ।

ਕੱਜਲ ਪੂਛਲਿਆਲੜੇ ਵਿਆਹੀਆਂ ਦੇ, ਹੋਠੀਂ ਸੁਰਖ਼ ਦੰਦਾਸੜੇ ਚਾੜ੍ਹਿਉ ਨੇ।

ਜ਼ੁਲਫਾਂ ਪਲਮ ਪਈਆਂ ਗੋਰੇ ਮੁਖੜੇ ਤੇ, ਬਿੰਦੀਆਂ ਪਾਇਕੇ ਰੂਪ ਸ਼ਿੰਗਾਰਿਉ ਨੇ।

ਗੱਲ੍ਹਾਂ ਫ਼ੋਡੀਆ ਤੇ ਬਣੇ ਖਾਲ ਦਾਣੇ, ਰੜੇ ਹੁਸਨ ਨੂੰ ਚਾਇ ਉਘਾੜਿਉ ਨੇ।

ਛਾਤੀਆਂ ਖੋਲ੍ਹ ਕੇ ਹੁਸਨ ਦੇ ਕੱਢ ਲਾਟੂ ਵਾਰਿਸ ਸ਼ਾਹ ਨੂੰ ਚਾਇ ਉਜਾੜਿਉ ਨੇ।

553

ਵਾਕ ਕਵੀ

ਦੇ ਦੁਆਈਆਂ ਰਾਤ ਮੁਕਾ ਸੁੱਟੀ, ਵੇਖੋ ਹੋਵਣੀ ਕਰੇ ਸ਼ਤਾਬੀਆਂ ਜੀ।

ਜਿਹੜੀ ਹੋਵਣੀ ਗੱਲ ਸੋ ਹੋ ਰਹੀ, ਸੱਭੇ ਹੋਵਣੀ ਦੀਆਂ ਖ਼ਰਾਬੀਆਂ ਜੀ।

ਏਸ ਹੋਵਣੀ ਸ਼ਾਹ ਫ਼ਕੀਰ ਕੀਤੇ, ਪੰਨੂ ਜੇਹਿਆਂ ਕਰੇ ਸ਼ਰਾਬੀਆਂ ਜੀ।

ਮਜਨੂੰ ਜੇਹਿਆਂ ਨਾਮ ਮਜਜ਼ੂਬ ਹੋਏ, ਸ਼ਹਿਜ਼ਾਦੀਆਂ ਕਰੇ ਬੇਆਬੀਆਂ ਜੀ।

ਮਾਸ਼ੂਕ ਨੂੰ ਬੇਪਰਵਾਹ ਕਰਕੇ, ਵਾਏ ਆਸ਼ਕਾਂ ਰਾਤ ਬੇਖ਼ਾਬੀਆਂ ਜੀ।

ਅਲੀ ਜੇਹਿਆਂ ਨੂੰ ਕਤਲ ਗ਼ੁਲਾਮ ਕੀਤਾ, ਖ਼ਬਰ ਹੋਈ ਨਾ ਮੂਲ ਅਸਹਾਬੀਆਂ ਜੀ।

ਕੁੜੀਆਂ ਪਿੰਡ ਦੀਆਂ ਬੈਠ ਕੇ ਧੜਾ ਕੀਤਾ, ਲੈਣੀ ਅੱਜ ਕੰਧਾਰ ਪੰਜਾਬੀਆਂ ਜੀ।

ਵਾਰਿਸ ਸ਼ਾਹ ਮੀਆਂ ਫਲੇ ਖੇੜਿਆਂ ਦੇ, ਜਮ੍ਹਾਂ ਆਣ ਹੋਈਆਂ ਹਰਬਾਬੀਆਂ ਜੀ।

554

ਤਥਾ

ਇਸ਼ਕ ਇੱਕ ਤੇ ਇਫਤਰੇ ਲਖ ਕਰਨੇ, ਯਾਰੋ ਔਖੀਆਂ ਯਾਰਾਂ ਦੀਆਂ ਯਾਰੀਆਂ ਨੀ।

ਕੇਡਾ ਪਾੜਣਾ ਪਾੜਿਆ ਇਸ਼ਕ ਪਿੱਛੇ, ਸਦ ਘੱਲੀਆਂ ਸਭ ਕਵਾਰੀਆਂ ਨੀ।

ਏਨ੍ਹਾਂ ਯਾਰੀਆਂ ਰਾਜਿਆਂ ਫ਼ਕਰ ਕੀਤਾ, ਇਸ਼ਕ ਕੀਤਾ ਖ਼ਲਕਤਾਂ ਸਾਰੀਆਂ ਨੀ।

ਕੋਈ ਹੀਰ ਹੈ ਨਵਾਂ ਨਾ ਇਸ਼ਕ ਕੀਤਾ, ਇਸ਼ਕ ਕੀਤਾ ਖ਼ਲਕਤਾਂ ਸਾਰੀਆ ਨੀ।

ਏਸ ਇਸ਼ਕ ਨੇ ਵੇਖ ਫ਼ਰਹਾਦ ਕੁੱਠਾ, ਕੀਤੀਆਂ ਯੂਸਫ਼ ਨਾਲ ਖਵਾਰੀਆਂ ਨੀ।

ਇਸ਼ਕ ਸੋਹਣੀ ਜਹੀਆਂ ਸੂਰਤਾਂ ਭੀ, ਡੋਬ ਵਿੱਚ ਦਰਿਆ ਦੇ ਮਾਰੀਆਂ ਨੀ।

ਮਿਰਜ਼ੇ ਜੇਹੀਆਂ ਸੂਰਤਾਂ ਇਸ਼ਕ ਨੇ ਹੇ, ਅੱਗ ਲਾਇਕੇ ਬਾਰ ਵਿੱਚ ਸਾੜੀਆਂ ਨੀ।

ਵੇਖ ਬੂਬਨਾਂ ਮਾਰੂਨ ਕਹਿਰ ਘੱਤੀ, ਕਈ ਹੋਰ ਕਰ ਚੱਲੀਆਂ ਯਾਰੀਆਂ ਨੀ।

ਵਾਰਿਸ ਸ਼ਾਹ ਜਹਾਨ ਦੇ ਚਲਨ ਨਿਆਰੇ, ਅਤੇ ਇਸ਼ਕ ਦੀਆਂ ਧਜਾਂ ਨਿਆਰੀਆਂ ਨੇ।

555

ਤਥਾ

ਸੁਬ੍ਹਾ ਚਲਣਾ ਖੇਤ ਕਰਾਰ ਹੋਇਆ, ਕੁੜੀਆਂ ਮਾਵਾਂ ਦੀਆਂ ਕਰਨ ਦਿਲਦਾਰੀਆਂ ਨੀ।

ਆਪੋ ਆਪਣੇ ਥਾਂ ਤਿਆਰ ਹੋਈਆਂ, ਕਈ ਵਿਆਹੀਆਂ ਕਈ ਕਵਾਰੀਆਂ ਨੀ।

ਰੋਜ਼ੇ ਦਾਰ ਨੂੰ ਈਦ ਦਾ ਚੰਨ ਚੜ੍ਹਿਆ, ਜਿਵੇਂ ਹਾਜੀਆਂ ਹਜ ਤਿਆਰੀਆਂ ਨੀ।

ਜਿਵੇਂ ਵਿਆਹ ਦੀ ਖ਼ੁਸ਼ੀ ਦਾ ਚਾ ਚੜ੍ਹਦਾ, ਅਤੇ ਮਿਲਣ ਮੁਬਾਰਕਾਂ ਕਵਾਰੀਆਂ ਨੀ।

ਚਲੋ ਚਲ ਹਿਲ ਜੁਲ ਤਰਥੱਲ ਧੜ ਧੜ, ਖ਼ੁਸ਼ੀ ਨਾਲ ਨੱਚਣ ਮਤਿਆਰੀਆਂ ਨੀ।

ਥਾਉਂ ਥਾਈ ਚਵਾ ਦੇ ਨਾਲ ਫੜਕੇ, ਮੁੱਠੇ ਚੂੜੀਆਂ ਦੇ ਮਿਨਹਾਰੀਆਂ ਨੀ।

ਗਿਰਦ ਫਲੇ ਦੀ ਖੁਰਲੀ ਆਣ ਹੋਈਆਂ, ਸਭ ਹਾਰ ਸ਼ਿੰਗਾਰ ਕਰ ਸਾਰੀਆਂ ਨੀ।

ਏਧਰ ਸਹਿਤੀ ਨੇ ਮਾਉਂ ਤੋਂ ਲਈ ਰੁਖਸਤ, ਚਲੋ ਚਲ ਜਾਂ ਸਭ ਪੁਕਾਰੀਆਂ ਨੀ।

ਏਵੇਂ ਬੰਨ੍ਹ ਕਤਾਰ ਹੋ ਸਫ਼ਾਂ ਟੁਰੀਆਂ, ਜਿਵੇਂ ਲਦਿਆ ਸਾਥ ਬਿਉਪਾਰੀਆਂ ਨੀ।

ਏਵੇਂ ਸਹਿਤੀ ਨੇ ਕਵਾਰੀਆਂ ਮੇਲ ਲਈਆਂ, ਜਿਵੇਂ ਝੁੰਡ ਮੇਲੇ ਜਟਾਧਾਰੀਆਂ ਨੀ।

ਖ਼ਤਰੇਟੀਆਂ ਅਤੇ ਬਹਿਮਨੇਟੀਆਂ ਨੀ, ਜਟੇਟੀਆਂ ਨਾਲ ਸੁਨਿਆਰੀਆਂ ਨੀ।

ਘੋੜੇ ਛੁੱਟੇ ਅਬਾਰ ਜਿਉਂ ਫਿਰਨ ਨਚਦੇ, ਚੱਲਣ ਟੇਢੜੀ ਚਾਲ ਮੁਟਿਆਰੀਆਂ ਨੀ।

ਵਾਰਿਸ ਸ਼ਾਹ ਹੁਣ ਹੀਰ ਨੂੰ ਸੱਪ ਲੜਦਾ, ਚੈਂਚਰ ਪਾਉਂਦੀਆਂ ਚੈਂਚਰ ਹਾਰੀਆਂ ਨੀ।

556

ਹੀਰ ਸਹਿਤੀ ਨਾਲ ਖੇਤ ਨੂੰ ਤੁਰ ਪਈ

ਹੁਕਮ ਹੀਰ ਦਾ ਮਾਂਉਂ ਥੋਂ ਲਿਆ ਸਹਿਤੀ, ਗਲ ਗਿਣੀ ਸੂ ਨਾਲ ਸਹੇਲੀਆਂ ਦੇ।

ਤਿਆਰ ਹੋਈਆਂ ਦੋਵੇਂ ਨਿਨਾਣ ਭਾਬੀ, ਨਾਲ ਚੜ੍ਹੇ ਨੇ ਕਟਕ ਅਲਬੇਲੀਆਂ ਦੇ।

ਛਡ ਪਾਸਨੇ ਤੁਰਕ ਬੇਰਾਹ ਚਲੇ, ਰਾਹ ਮਾਰਦੇ ਨੇ ਅਠਖੇਲੀਆਂ ਦੇ।

ਕਿੱਲੇ ਪੁਟ ਹੋ ਗਈ ਵਿੱਚ ਵਿਹੜਿਆਂ ਦੇ, ਰਹੀ ਇੱਕ ਨਾ ਵਿੱਚ ਹਵੇਲੀਆਂ ਦੇ।

ਸੋਹਣ ਬੈਂਸਰਾਂ ਨਾਲ ਬਲਾਕ ਬੁੰਦੇ, ਟਿੱਕੇ ਫਬ ਰਹੇ ਵਿੱਚ ਮਥੇਲੀਆਂ ਦੇ।

ਧਾਗੇ ਪਾਂਉਦੇ ਬੰਨ੍ਹ ਕੇ ਨਾਲ ਬੋਦੇ, ਗੋਇਆ ਫਿਰਨ ਦੁਕਾਨ ਫੁਲੇਲਿਆਂ ਦੇ।

ਜਟਾ ਧਾਰੀਆਂ ਦਾ ਝੁੰਡ ਤਿਆਰ ਹੋਇਆ, ਸਹਿਤੀ ਗੁਰੂ ਚਲਿਆ ਨਾਲ ਚੇਲੀਆਂ ਦੇ।

ਰਾਜੇ ਇੰਦਰ ਦੀ ਸਭਾ ਵਿੱਚ ਹੋਈ ਫੇਰੀ, ਪਏ ਅਜਬ ਛਨਕਾਰ ਅਰਬੇਲੀਆਂ ਦੇ।

ਆਪ ਹਾਰ ਸ਼ਿੰਗਾਰ ਕਰ ਦੌੜ ਚਲੀਆਂ, ਅਰਥ ਕੀਤੀਆਂ ਨੇ ਨਾਲ ਬੇਲੀਆਂ ਦੇ।

ਵਾਰਿਸ ਸ਼ਾਹ ਕਸਤੂਰੀ ਦੇ ਮਿਰਗ ਛੁਟੇ, ਥਈਆ ਥਈਆ ਸਰੀਰ ਮਥੇਲੀਆਂ ਦੇ।

557

ਹੀਰ ਦਾ ਸੱਪ ਲੜਨ ਦਾ ਬਹਾਨਾ

ਫ਼ੌਜ ਹੁਸਨ ਦੀ ਖੇਤ ਵਿੱਚ ਖਿੰਡ ਪਈ, ਤੁਰਤ ਚਾ ਲੰਗੋਟੜੇ ਵੱਟਿਉ ਨੇ।

ਸੰਮੀ ਘਤਦੀਆਂ ਮਾਰਦੀਆਂ ਫਿਰਨ ਗਿੱਧਾ, ਪੰਭੀ ਘਤ ਬੰਨਾਂ ਵਟ ਪੱਟਿਉ ਨੇ।

ਤੋੜ ਕਿੱਕਰੋਂ ਸੂਲ ਦਾ ਵੱਡਾ ਕੰਡਾ, ਪੈਰ ਚੋਭ ਕੇ ਖੂਨ ਪਲੱਟਿਉ ਨੇ।

ਸਹਿਤੀ ਮਾਂਦਰਨ ਫ਼ਨ ਦਾ ਨਾਗ ਭਛਿਆ, ਦੰਦੀ ਮਾਰ ਕੇ ਖ਼ੂਨ ਉਲੱਟਿਉ ਨੇ।

ਸ਼ਿਸਤ ਅੰਦਾਜ਼ ਨੇ ਮਕਰ ਦੀ ਸ਼ਿਸਤ ਕੀਤੀ, ਓਸ ਹੁਸਨ ਦੇ ਮੋਰ ਨੂੰ ਫੱਟਿਉ ਨੇ।

ਵਾਰਿਸ ਯਾਰ ਦੇ ਖਰਚ ਤਹਿਸੀਲ ਵਿੱਚੋਂ, ਹਿੱਸਾ ਸਰਫ਼ ਕਸੂਰ ਦਾ ਕੱਟਿਉ ਨੇ।

558

ਹੀਰ ਦੀ ਹਾਲਤ

ਦੰਦ ਮੀਟ ਘਸੀਟ ਇਹ ਹੱਡ ਗੋਡੇ, ਚਿੱਬੇ ਹੋਠ ਗੱਲ੍ਹਾਂ ਕਰ ਨੀਲੀਆਂ ਜੀ।

ਨੱਕ ਚਾੜ੍ਹ ਦੰਦੇੜਕਾ ਵੱਟ ਰੋਏ, ਕੱਢ ਅੱਖੀਆਂ ਨੀਲੀਆਂ ਪੀਲੀਆਂ ਜੀ।

ਥਰ ਥਰ ਕੰਬੇ ਤੇ ਆਖੇ ਮੈਂ ਮੋਈ ਲੋਕਾ, ਕੋਈ ਕਰੇ ਝਾੜਾ ਬੁਰੇ ਹੀਲੀਆਂ ਜੀ।

ਮਾਰੇ ਲਿੰਗ ਤੇ ਪੈਰ ਬੇਸੁਰਤ ਹੋਈ, ਲਏ ਜੀਊ ਨੇ ਕਾਜ ਕਲੇਲੀਆਂ ਜੀ।

ਸ਼ੈਤਾਨ ਸ਼ਤੂੰਗੜੇ ਹੱਥ ਜੋੜਣ, ਸਹਿਤੀ ਗੁਰੂ ਤੇ ਅਸੀਂ ਸਭ ਚੇਲੀਆਂ ਜੀ।

559

ਤਥਾ

ਹੀਰ ਮੀਟ ਕੇ ਦੰਦ ਪੈ ਰਹੀ ਬੇਖ਼ੁਦ, ਸਹਿਤੀ ਹਾਲ ਬੂ ਸ਼ੋਰ ਪੁਕਾਰਿਆ ਈ।

ਕਾਲੇ ਨਾਗ ਨੇ ਫ਼ਨ ਫੈਲਾਇ ਵੱਡਾ, ਡੰਗ ਵਹੁਟੀ ਦੇ ਪੈਰ ਤੇ ਮਾਰਿਆ ਈ।

ਕੁੜੀਆਂ ਕਾਂਗ ਕੀਤੀ ਆ ਪਈ ਵਾਹਰ, ਲੋਕਾਂ ਕੰਮ ਤੇ ਕਾਜ ਵਿਸਾਰਿਆ ਈ।

ਮੰਜੇ ਪਾਇਕੇ ਹੀਰ ਨੂੰ ਘਰੀ ਘਿੰਨਿਆ, ਜਟੀ ਪਲੋ ਪਲੀ ਰੰਗ ਨੂੰ ਹਾਰਿਆ ਈ।

ਦੋਖੋ ਫਾਰਸੀ ਤੋਰਕੀ ਨਜ਼ਮ ਨਸਰੋਂ, ਇਹ ਮਕਰ ਘਿਉ ਵਾਂਗ ਨਿਤਾਰਿਆ ਈ।

ਅੱਗੇ ਕਿਸੇ ਕਿਤਾਬ ਵਿੱਚ ਨਹੀਂ ਪੜ੍ਹਿਆ, ਜੇਹਾ ਖ਼ਚਰੀਆਂ ਖ਼ਚਰਪੌ ਸਾਰਿਆ ਈ।

ਸ਼ੈਤਾਨ ਨੇ ਆਣ ਸਲਾਮ ਕੀਤਾ, ਤੁਸਾਂ ਜਿੱਤਿਆ ਤੇ ਅਸਾਂ ਹਾਰਿਆ ਈ।

ਅਫ਼ਲਾਤੂਨ ਦੀ ਰੀਸ਼ ਮਿਕਰਾਜ਼ ਕੀਤੀ, ਵਾਰਿਸ ਕੁਦਰਤਾਂ ਵੇਖ ਕੇ ਵਾਰਿਆ ਈ।

560

ਸਾਰੇ ਖ਼ਬਰ ਹੋ ਗਈ

ਖੜਕੇ ਸ਼ਾਂਘਰੋਂ ਦਿਲਬਰਾਂ ਕਾਂਗ ਕੀਤੀ, ਸਾਰੇ ਦੇਸ ਤੇ ਧੁੰਮ ਭੁੰਚਾਲ ਆਹੀ।

ਘਰੀਂ ਖ਼ਬਰ ਹੋਈ ਕਿੜਾਂ ਦੇਸ ਸਾਰੇ, ਨੂੰਹ ਖੇੜਿਆਂ ਦੀ ਜੇਹੜੀ ਸਿਆਲ ਆਹੀ।

ਸਰਦਾਰ ਸੀ ਖ਼ੂਬਾਂ ਦੇ ਤ੍ਰਿੰਞਣਾਂ ਦੀ, ਜਿਸ ਦੀ ਹੰਸ ਤੇ ਮੋਰ ਦੀ ਚਾਲ ਆਹੀ।

ਖੇੜੇ ਨਾਲ ਸੀ ਓਸ ਅਜੋੜ ਮੁਢੋਂ, ਦਿਲੋਂ ਸਾਫ਼ ਰੰਝੇਟੇ ਦੇ ਨਾਲ ਆਹੀ।

ਓਸ ਨਾਗਨੀ ਨੂੰ ਕੋਈ ਸੱਪ ਲੜਿਆ, ਸੱਸ ਓਸ ਨੂੰ ਵੇਖ ਨਿਹਾਲ ਆਹੀ।

'ਇੰਨਾ ਕਈਦਾ ਕੁੰਨਾ' ਬਾਬਾ ਔਰਤਾਂ ਦੇ, ਧੁਰੋਂ ਵਿੱਚ ਕੁਰਾਨ ਦੇ ਫ਼ਾਲ ਆਹੀ।

ਵਾਰਿਸ ਸ਼ਾਹ ਸੁਹਾਗੇ ਤੇ ਅੱਗ ਵਾਂਗੂੰ, ਸਿਉਨਾ ਖੇੜਿਆਂ ਦਾ ਸਭੋ ਗਾਲ ਆਹੀ।

561

ਮਾਂਦਰੀਆਂ ਨੂੰ ਸੱਦਿਆ

ਸਦ ਮਾਂਦਰੀ ਖੇੜਿਆਂ ਲਖ ਆਂਦੇ, ਫ਼ਕਰ ਵੈਦ ਤੇ ਭਟ ਮਦਾਰੀਆਂ ਦੇ।

ਤਰਿਆਕ ਅਕਬਰ ਅਫ਼ਲਾਤੂਨ ਵਾਲਾ, ਦਾਰੂ ਵੱਡੇ ਫ਼ਰੰਗ ਪਸਾਰੀਆਂ ਦੇ।

ਜਿਨ੍ਹਾਂ ਜ਼ਾਤ ਹਜ਼ਾਰ ਦੇ ਸੱਪ ਕੀਲੇ, ਘੱਤ ਆਂਦੇ ਨੇ ਵਿੱਚ ਪਟਾਰੀਆਂ ਦੇ।

ਗੰਡੇ ਲੱਖ ਤਾਅਵੀਜ਼ ਤੇ ਧੂਪ ਧੂਣੀ, ਸੂਤ ਆਂਦੇ ਨੇ ਕੰਜ ਕਵਾਰੀਆਂ ਦੇ।

ਕੋਈ ਅੱਕ ਚਵਾ ਖਵਾਇ ਗੰਢੇ, ਨਾਗਦੌਣ ਧਾਤਾ ਸਭੇ ਸਾਰਿਆਂ ਦੇ।

ਕਿਸੇ ਲਾ ਮਣਕੇ ਲੱਸੀ ਵਿੱਚ ਘੱਤੇ, ਪਰਦੇ ਚਾਇ ਪਾਏ ਨਰਾਂ ਨਾਰੀਆਂ ਦੇ।

ਤੇਲ ਮਿਰਚ ਤੇ ਬੂਟੀਆਂ ਦੁੱਧ ਪੀਸੇ, ਘਿਉ ਦੇਂਦੇ ਨੇ ਨਾਲ ਖ਼ਵਾਰੀਆਂ ਦੇ।

ਵਾਰਿਸ ਸ਼ਾਹ ਸਪਾਧਿਆਂ ਪਿੰਡ ਬੱਧੇ, ਦੱਸਣ ਜ਼ਹਿਰ ਮਹੁਰੇ ਧਾਤਾਂ ਮਾਰੀਆਂ ਦੇ।

562

ਲੋਕਾਂ ਦੀਆਂ ਗੱਲਾਂ

ਦਰਦ ਹੋਰ ਤੇ ਦਾਰੂੜਾ ਹੋਰ ਕਰਦੇ, ਫ਼ਰਕ ਪਵੇ ਨਾ ਲੋੜ੍ਹ ਵਿੱਚ ਲੁੜ੍ਹੀ ਹੈ ਨੀ।

ਰੰਨਾ ਵੇਖ ਕੇ ਆਖਦੀਆਂ ਜ਼ਹਿਰ ਧਾਣੀ, ਕੋਈ ਸਾਇਤ ਇਹ ਜਿਉਂਦੀ ਕੁੜੀ ਹੈ ਨੀ।

ਹੀਰ ਆਖਦੀ ਜ਼ਹਿਰ ਹੈ ਖਿੰਡ ਚੱਲੀ, ਛਿੱਬੀ ਕਾਲਜਾ ਚੀਰ ਦੀ ਛੁਰੀ ਹੋ ਨੀ।

ਮਰ ਚੱਲੀ ਹੈ ਹੀਰ ਸਿਆਲ ਭਾਵੇਂ, ਭਲੀ ਬੁਰੀ ਓਥੇ ਆਣ ਜੁੜੀ ਹੈ ਨੀ।

ਜਿਸ ਵੇਲੇ ਦੀ ਸੂਤਰੀ ਇਹ ਸੁੰਘੀ, ਭਾਗੀਂ ਹੋ ਗਈ ਹੈ ਨਾਹੀਂ ਮੁੜੀ ਹੈ ਨੀ।

ਵਾਰਿਸ ਸ਼ਾਹ ਸਦਾਈਏ ਵੈਦ ਰਾਂਝਾ, ਜਿਸ ਥੇ ਦਰਦ ਅਸਾਡੇ ਦੀ ਪੁੜੀ ਹੈ ਨੀ।

563

ਸਹਿਤੀ ਅਤੇ ਮਾਂ

ਸਹਿਤੀ ਆਖਿਆ ਫ਼ਰਕ ਨਾ ਪਵੇ ਮਾਸਾ, ਇਹ ਸੱਪ ਨਾ ਕੀਲ ਤੇ ਆਂਵਦੇ ਨੇ।

ਕਾਲੇ ਬਾਗ਼ ਵਿੱਚ ਜੋਗੀੜਾ ਸਿੱਧ ਦਾਤਾ, ਓਹਦੇ ਕਦਮ ਪਾਇਆਂ ਦੁਖ ਜਾਂਵਦੇ ਨੇ।

ਬਾਸ਼ਕ ਨਾਂਗ ਕਰੂੰਡੀਏ ਮੇਂਡ ਭੱਸ਼ਕ, ਛੀਣੇ ਤਿੱਤਰੇ ਸਭ ਨਿਉਂ ਆਂਵਦੇ ਨੇ।

ਕਲਗ਼ੀਧਰ ਤੇ ਉਡਣਾਂ ਭੂੰਡ ਆਬੀ, ਅਸਰਾਲ ਘਰਾਲ ਡਰ ਖਾਂਵਦੇ ਨੇ।

ਤੰਦੂਰੜਾ ਬੋਰੜਾ ਫਣੀ ਫ਼ਨੀਅਰ, ਸਭ ਆਣ ਕੇ ਸੀਸ ਨਿਵਾਂਵਦੇ ਨੇ।

ਮਣੀਦਾਰ ਦੋ ਸਿਰੇ ਤੇ ਖੜੱਪਿਆਂ ਥੇ, ਮੰਤਰ ਪੜ੍ਹੇ ਤਾਂ ਕੀਲ ਤੇ ਆਂਵਦੇ ਨੇ।

ਕੰਗੂਰੀਆ ਧਾਮੀਆ ਲੁਸਲੁਸਾ ਵੀ, ਰਤਵਾਰੀਆ ਕਜਲੀਆ ਝਾਂਵਦੇ ਨੇ।

ਖੰਜੂਰੀਆ ਤੇਲੀਆ ਨਿਪਟ ਜੰਘਾ ਹਥਵਾਰੀਆ ਗੋਝੀਆ ਗਾਂਵਦੇ ਨੇ।

ਬਲਿਸ਼ਤੀਆ ਛੀਣੀਆ ਸੰਘ-ਟਾਪੂ, ਚਿਚਲਾਵੜਾ ਕੁਲਨਾਸੀਆ ਦਾਂਵਦੇ ਨੇ।

ਕੋਈ ਦੁਖ ਤੇ ਦਰਦ ਨਾ ਰਹੇ ਭੋਰਾ, ਜਾਦੂ ਜਿੰਨ ਤੇ ਭੂਤ ਸਭ ਜਾਂਵਦੇ ਨੇ।

ਰਾਉ ਰਾਜੇ ਤੇ ਵੈਦ ਤੇ ਦੇਵ ਪਰੀਆਂ, ਸਭ ਓਸ ਥੋਂ ਹੱਥ ਵਿਖਾਂਵਦੇ ਨੇ।

ਹੋਰ ਵੈਦ ਸਭ ਵੈਦਗੀ ਲਾ ਥੱਕੇ, ਵਾਰਿਸ ਸ਼ਾਹ ਜੋਗੀ ਹੁਣ ਆਂਵਦੇ ਨੇ।

564

ਜੋਗੀ ਸੱਦਣ ਲਈ ਆਦਮੀ ਭੇਜਣ ਦੀ ਸਲਾਹ

ਖੇੜਿਆਂ ਆਖਿਆ ਸੈਦੇ ਨੂੰ ਘਲ ਦੀਚੈ, ਜਿਹੜਾ ਡਿੱਗੇ ਫ਼ਕੀਰ ਦੇ ਜਾ ਪੈਰੀਂ।

ਸਾਡੀ ਕਰੀਂ ਵਾਹਰ ਨਾਮ ਰਬ ਤੇ, ਕੋਈ ਫ਼ਜ਼ਲ ਦਾ ਪਲੂੜਾ ਚਾ ਫੇਰੀਂ।

ਸਾਰਾ ਖੋਲ੍ਹ ਕੇ ਹਾਲ ਅਹਿਵਾਲ ਆਖੀਂ, ਨਾਲ ਮਹਿਰੀਆਂ ਬਰਕਤਾਂ ਵਿੱਚ ਦੈਰੀਂ।

ਚਲੋ ਵਾਸਤੇ ਰਬ ਦੇ ਨਾਲ ਮੇਰੇ, ਕਦਮ ਘਤਿਆਂ ਫ਼ਕਰ ਦੇ ਹੋਣ ਖ਼ੈਰੀਂ।

ਦਮ ਲਾਇਕੇ ਸਿਆਲ ਵਿਆਹ ਲਿਆਂਦੀ, ਜੰਜ ਜੋੜ ਕੇ ਗਏ ਸਾਂ ਵਿੱਚ ਡੇਰੀਂ।

ਬੈਠ ਕੋੜਮੇ ਗਲ ਪਕਾ ਛੱਡੀ, ਸੈਦਾ ਘੱਲੀਏ ਰਲਣ ਜਾ ਐਰ ਗੈਰੀਂ।

ਜੀਕੂੰ ਜਾਣਸੇਂ ਤਿਵੇਂ ਲਿਆ ਜੋਗੀ, ਕਰ ਮਿੰਨਤਾਂ ਲਾਵਣਾ ਹੱਥ ਪੈਰੀਂ।

ਵਾਰਿਸ ਸ਼ਾਹ ਮੀਆਂ ਤੇਰਾ ਇਲਮ ਹੋਇਆ, ਮਸ਼ਹੂਰ ਵਿੱਚ ਜਿੰਨ ਤੇ ਇਨਸ ਤੈਰੀਂ।

565

ਖੇੜਿਆਂ ਸੈਦੇ ਨੂੰ ਜੋਗੀ ਕੋਲ ਭੇਜਿਆ

ਅਜੂ ਆਖਿਆ ਸੈਦਿਆ ਜਾਹ ਭਾਈ, ਇਹ ਵਹੁਟੀਆਂ ਬਹੁਤ ਪਿਆਰੀਆਂ ਜੀ।

ਜਾ ਬੰਨ੍ਹ ਕੇ ਹੱਥ ਸਲਾਮ ਕਰਨਾ, ਤੁਸਾਂ ਤਾਰੀਆਂ ਖ਼ਲਕਤਾਂ ਸਾਰੀਆਂ ਜੀ।

ਅੱਗੇ ਨਜ਼ਰ ਰੱਖੀਂ ਸਭੋ ਹਾਲ ਦੱਸੀਂ, ਅੱਗੇ ਜੋਗੀੜੇ ਦੇ ਕਰੀਂ ਜ਼ਾਰੀਆਂ ਜੀ।

ਸਾਨੂੰ ਬਣੀ ਹੈ ਹੀਰ ਨੂੰ ਸੱਪ ਲੜਿਆ, ਖੋਲ੍ਹ ਕਹੇਂ ਹਕੀਕਤਾਂ ਸਾਰੀਆਂ ਜੀ।

ਆਖੀਂ ਵਾਸਤੇ ਰਬ ਦੇ ਚਲੋ ਜੋਗੀ, ਸਾਨੂੰ ਬਣੀਆਂ ਮਸੀਬਤਾਂ ਭਾਰੀਆਂ ਜੀ।

ਜੋਗੀ ਮਾਰ ਮੰਤਰ ਕਰੇ ਸੱਪ ਹਾਜ਼ਰ, ਜਾ ਲਿਆ ਵਿਲਾਇਕੇ ਵਾਰੀਆਂ ਜੀ।

ਵਾਰਿਸ ਸ਼ਾਹ ਓਥੇ ਨਾਹੀਂ ਫੁਰੇ ਮੰਤਰ, ਜਿੱਥੇ ਇਸ਼ਕ ਨੇ ਦੰਦੀਆਂ ਮਾਰੀਆਂ ਜੀ।

566

ਸੈਦਾ ਜੋਗੀ ਕੋਲ ਗਿਆ

ਸੈਦਾ ਵੱਟ ਬੁੱਕਲ ਬੱਧੀ ਪਚਾਰਿੱਕੀ, ਜੁੱਤੀ ਚਾੜ੍ਹ ਕੇ ਡਾਂਗ ਲੈ ਕੜਕਿਆ ਈ।

ਵਾਹੋ ਵਾਹ ਚਲਿਆ ਖੁਰੀਂ ਬੰਨ੍ਹ ਖੇੜਾ, ਵਾਂਗ ਕਾਟਕੂ ਮਾਲ ਤੇ ਸਰਕਿਆ ਈ।

ਕਾਲੇ ਬਾਗ਼ ਵਿੱਚ ਜੋਗੀ ਥੇ ਜਾ ਵੜਿਆ, ਜੋਗੀ ਵੇਖ ਕੇ ਜਟ ਨੂੰ ਦੜਕਿਆ ਈ।

ਖੜਾ ਹੋ ਮਾਹੀ ਮੁੰਡਿਆ ਕਹਾਂ ਆਵੇਂ, ਮਾਰ ਫਾਹੁੜਾ ਸ਼ੋਰ ਕਰ ਭੜਕਿਆ ਈ।

ਸੈਦਾ ਸੰਗ ਕੇ ਥਰ ਥਰ ਖੜਾ ਕੰਬੇ, ਉਸ ਦਾ ਅੰਦਰੋਂ ਕਾਲਜਾ ਧੜਕਿਆ ਈ।

ਓਥੋਂ ਖੜੀ ਕਰ ਬਾਂਹ ਪੁਕਾਰਦਾ ਈ, ਏਹਾ ਖ਼ਤਰੇ ਦਾ ਮਾਰਿਆ ਯਰਕਿਆ ਈ।

ਚੱਲੀਂ ਵਾਸਤੇ ਰਬ ਦੇ ਜੋਗੀਆ ਵੇ, ਖ਼ਾਰ ਵਿੱਚ ਕਲੇਜੇ ਦੇ ਰੜਕਿਆ ਈ।

ਜੋਗੀ ਪੁੱਛਦਾ 'ਬਣੀ ਹੈ ਕੌਣ ਤੈਨੂੰ, ਏਸ ਹਾਲ ਆਂਇਉ ਜੱਟਾ' ਬੜ੍ਹਕਿਆ ਈ।

ਜਟੀ ਵੜੀ ਕਪਾਹ ਵਿੱਚ ਬੰਨ੍ਹ ਝੋਲੀ, ਕਾਲਾ ਨਾਗ ਅਜ਼ਗ਼ੈਬ ਥੀਂ ਕੜਕਿਆ ਈ।

ਵਾਰਿਸ ਸ਼ਾਹ ਜੋਂ ਚੋਟੀਆਂ ਕਢ ਆਏ, ਅਤੇ ਸੱਪ ਸਰੋਟਿਓਂ ਲੜਕਿਆ ਈ।

567

ਰਾਂਝਾ

ਤਕਦੀਰ ਨੂੰ ਮੋੜਨਾ ਭਾਲਦਾ ਏਂ, ਸੱਪ ਨਾਲ ਤਕਦੀਰ ਦੇ ਡੰਗਦੇ ਨੇ।

ਜਿਹਨੂੰ ਰੱਬ ਦੇ ਇਸ਼ਕ ਦੀ ਚਾਟ ਲੱਗੀ, ਦੀਦਵਾਨ ਕਜ਼ਾ ਦੇ ਰੰਗ ਦੇ ਨੇ।

ਜਿਹੜੇ ਛੱਡ ਜਹਾਨ ਉਜਾੜ ਵਸਣ, ਸੁਹਬਤ ਔਰਤਾਂ ਦੀ ਕੋਲੋਂ ਸੰਗਦੇ ਨੇ।

ਕਦੀ ਕਿਸੇ ਦੀ ਕੀਲ ਵਿੱਚ ਨਹੀਂ ਆਏ, ਜਿਹੜੇ ਸੱਪ ਸਿਆਲ ਤੇ ਝੰਗ ਦੇ ਨੇ।

ਅਸਾਂ ਚਾਇ ਕੁਰਾਨ ਤੇ ਤਰਕ ਕੀਤੀ, ਸੰਗ ਮਹਿਰੀਆਂ ਦੇ ਕੋਲੋਂ ਸੰਗਦੇ ਨੇ।

ਮਰਨ ਦੇ ਜੱਟੀ ਜ਼ਰਾ ਵੈਣ ਸੁਣੀਏਂ, ਰਾਗ ਨਿਕਲਣ ਰੰਗ ਬਰੰਗ ਦੇ ਨੇ।

ਜਵਾਨ ਮੇਰ ਮਹਿਰੀ ਬੜੇ ਰੰਗ ਹੋਤੇ, ਖ਼ੁਸ਼ੀ ਹੋਤੇ ਹੈਂ ਰੂਹ ਮਲੰਗ ਦੇ ਨੇ।

ਵਾਰਿਸ ਸ਼ਾਹ ਮੁਨਾਇਕੇ ਸੀਸ ਦਾੜ੍ਹੀ, ਹੋ ਰਹੇ ਜਿਉਂ ਸੰਗਤੀ ਗੰਗ ਦੇ ਨੇ।

568

ਸੈਦੇ ਤੇ ਰਾਂਝੇ ਦੇ ਸਵਾਲ ਜਵਾਬ

ਹੱਥ ਬੰਨ੍ਹ ਨੀਵੀਂ ਧੌਣ ਘਾਹ ਮੂੰਹ ਵਿੱਚ, ਕਢ ਦੰਦੀਆਂ ਮਿੰਨਤਾਂ ਘਾਲਿਆ ਵੋ।

ਤੇਰੇ ਚਲਿਆਂ ਹੁੰਦੀ ਹੈ ਹੀਰ ਚੰਗੀ, ਧਰੋਹੀ ਰਬ ਦੀ ਮੁੰਦਰਾਂ ਵਾਲਿਆ ਵੋ।

ਅੱਠ ਪਹਿਰ ਹੋਏ ਭੁਖੇ ਕੋੜਮੇ ਨੂੰ, ਲੁੜ੍ਹ ਗਏ ਹਾਂ ਫਾਕੜਾ ਜਾਲਿਆ ਵੋ।

ਜਟੀ ਜ਼ਹਿਰ ਵਾਲੇ ਕਿਸੇ ਨਾਗ ਡੰਗੀ, ਅਸਾਂ ਮੁਲਕ ਤੇ ਮਾਂਦਰੀ ਭਾਲਿਆ ਵੋ।

ਚੰਗੀ ਹੋਏ ਨਾਹੀਂ ਜੱਟੀ ਨਾਗ ਡੰਗੀ, ਤੇਰੇ ਚੱਲਿਆਂ ਖ਼ੈਰ ਰਵਾਲਿਆ ਵੋ।

ਜੋਗੀ ਵਾਸਤੇ ਰਬ ਦੇ ਤਾਰ ਸਾਨੂੰ, ਬੇੜਾ ਲਾ ਬੰਨੇ ਅੱਲਾਹ ਵਾਲਿਆ ਵੋ।

ਲਿਖੀ ਵਿੱਚ ਰਜ਼ਾ ਦੇ ਮਰੇ ਜੱਟੀ, ਜਿਸ ਨੇ ਸੱਪ ਦਾ ਦੁਖ ਹੈ ਜਾਲਿਆ ਵੋ।

ਤੇਰੀ ਜੱਟੀ ਦਾ ਕੀ ਇਲਾਜ ਕਰਨਾ, ਅਸਾਂ ਆਪਣਾ ਕੋੜਮਾ ਗਾਲਿਆ ਵੋ।

ਵਾਰਿਸ ਸ਼ਾਹ ਰਜ਼ਾ ਤਕਦੀਰ ਵੇਲਾ, ਪੀਰਾਂ ਔਲੀਆਵਾਂ ਨਾਹੀਂ ਟਾਲਿਆ ਵੋ।

569

ਜੋਗੀ

ਚੁਪ ਹੋ ਜੋਗੀ ਸਹਿਜ ਨਾਲ ਬੋਲੇ, ਜੱਟਾ ਕਾਸ ਨੂੰ ਪਕੜਿਉਂ ਕਾਹੀਆਂ ਨੂੰ।

ਅਸੀਂ ਛੱਡ ਜਹਾਨ ਫ਼ਕੀਰ ਹੋਏ, ਛੱਡ ਦੌਲਤਾਂ ਨਾਲ ਬਾਦਸ਼ਾਹੀਆਂ ਨੂੰ।

ਯਾਦ ਰਬ ਦੀ ਛੱਡ ਕੇ ਕਰਾਂ ਝੇੜੇ, ਢੂੰਡਾਂ ਉਡਦੀਆਂ ਛੱਡ ਕੇ ਫਾਹੀਆਂ ਨੂੰ।

ਤੇਰੇ ਨਾਲ ਨਾ ਚੱਲਿਆਂ ਨਫ਼ਾ ਕੋਈ, ਮੇਰਾ ਅਮਲ ਨਾ ਫੁਰੇ ਵਿਵਾਹੀਆਂ ਨੂੰ।

ਰੰਨਾ ਪਾਸ ਫ਼ਕੀਰ ਨੂੰ ਐਬ ਜਾਣਾ, ਜੇਹਾ ਨੱਸਣਾ ਰਣੋਂ ਸਿਪਾਹੀਆਂ ਨੂੰ।

ਵਾਰਿਸ ਕਢ ਕੁਰਾਨ ਤੇ ਬਹੇਂ ਮਿੰਬਰ, ਕੇਹਾ ਅੱਡਿਉ ਮਕਰ ਦੀਆਂ ਫਾਹੀਆਂ ਨੂੰ।

570

ਸੈਦਾ

ਸੈਦਾ ਆਖਦਾ ਰੋਂਦੜੀ ਪਈ ਡੋਲੀ, ਚੁਪ ਕਰੇ ਨਾਹੀਂ ਹਤਿਆਰੜੀ ਵੋ।

ਵਡੀ ਜਵਾਨ ਬਾਲਗ਼ ਕੋਈ ਪਰੀ ਸੂਰਤ, ਤਿੰਨ ਕਪੜੀਂ ਵੱਡੀ ਮੁਟਿਆਰੜੀ ਵੋ।

ਜੋ ਮੈਂ ਹੱਥ ਲਾਵਾਂ ਸਿਰੋਂ ਲਾਹ ਲੈਂਦੀ, ਚਾਇ ਘੱਤਦੀ ਚੀਕ ਚਿਹਾੜੜੀ ਵੋ।

ਹਥ ਲਾਵਣਾ ਪਲੰਘ ਨੂੰ ਮਿਲੇ ਨਾਹੀਂ, ਖ਼ੌਫ਼ ਖ਼ਤਰਿਉਂ ਰਹੇ ਨਿਆਰੜੀ ਵੋ।

ਮੈਨੂੰ ਮਾਰ ਕੇ ਆਪ ਨਿਤ ਰਹੇ ਰੋਂਦੀ, ਏਸੇ ਬਾਣ ਉਹ ਰਹੇ ਕਵਾਰੜੀ ਵੋ।

ਨਾਲ ਸੱਸ ਨਿਨਾਣ ਦੇ ਗਲ ਨਾਹੀਂ, ਪਈ ਮਚਦੀ ਨਿਤ ਖ਼ਵਾਰੜੀ ਵੋ।

ਅਸਾਂ ਓਸ ਨੂੰ ਮੂਲ ਨਾ ਹੱਥ ਲਾਇਆ, ਕਾਈ ਲੋਥ ਲਾਗਰ ਹੈ ਭਾਰੜੀ ਵੋ।

ਐਵੇਂ ਗ਼ਫ਼ਲਤਾਂ ਵਿੱਚ ਬਰਬਾਦ ਕੀਤੀ, ਵਾਰਿਸ ਸ਼ਾਹ ਏਹ ਉਮਰ ਵਿਚਾਰੜੀ ਵੋ।

571

ਸੈਦੇ ਨੂੰ ਕਸਮ ਖਵਾਈ

ਜੋਗੀ ਕੀਲ ਕੀਤੀ ਪਿੜੀ ਵਿੱਚ ਚੌਂਕੇ, ਛੁਰੀ ਓਸ ਦੇ ਵਿੱਚ ਖੁਭਾਈਆ ਸੂ।

ਖਾ ਕਸਮ ਕੁਰਾਨ ਦੀ ਬੈਠ ਜੱਟਾ, ਕਸਮ ਚੋਰ ਨੂੰ ਚਾਇ ਕਰਾਈਆ ਸੂ।

ਉਹਦੇ ਨਾਲ ਤੂੰ ਨਾਹੀਂਉ ਅੰਗ ਲਾਇਆ, ਛੁਰੀ ਪੁਟ ਕੇ ਧੌਣ ਰਖਾਈਆ ਸੂ।

ਫੜਿਆ ਹੁਸਨ ਦੇ ਮਾਲ ਦਾ ਚੋਰ ਸਾਬਤ, ਤਾਹੀਂ ਓਸ ਤੋਂ ਕਸਮ ਕਰਾਈਆ ਸੂ।

ਵਾਰਿਸ ਰਬ ਨੂੰ ਛੱਡ ਕੇ ਪਿਆ ਝੰਜਟ, ਐਵੇਂ ਰਾਇਗਾਂ ਉਮਰ ਗਵਾਈਆ ਸੂ।

572

ਸੈਦੇ ਨੇ ਕਸਮ ਚੁੱਕੀ

ਖੇੜੇ ਨਿਸ਼ਾ ਦਿੱਤੀ ਅੱਗੇ ਜੋਗੀੜੇ ਦੇ, ਸਾਨੂੰ ਕਸਮ ਹੈ ਪੀਰ ਫ਼ਕੀਰ ਦੀ ਜੀ।

ਮਰਾਂ ਹੋਇਕੇ ਏਸ ਜਹਾਨ ਕੋੜ੍ਹਾ, ਸੂਰਤ ਡਿੱਠੀ ਜੇ ਮੈਂ ਹੀਰ ਦੀ ਜੀ।

ਸਾਨੂੰ ਹੀਰ ਜੱਟੀ ਧੌਲੀ ਧਾਰ ਦਿੱਸੇ, ਕੋਹਕਾਫ਼ ਤੇ ਧਾਰ ਕਸ਼ਮੀਰ ਦੀ ਜੀ।

ਲੰਕਾ ਕੋਟ ਪਹਾੜ ਦਾ ਪਾਰ ਦਿੱਸੇ, ਫ਼ਰਹਾਦ ਨੂੰ ਨਹਿਰ ਜਿਉਂ ਸ਼ੀਰ ਦੀ ਜੀ।

ਦੂਰੋਂ ਵੇਖ ਕੇ ਫ਼ਾਤਿਹਾ ਆਖ ਛੱਡਾਂ, ਗੋਰ ਪੀਰ ਪੰਜਾਲ ਦੇ ਪੀਰ ਦੀ ਜੀ।

ਸਾਨੂੰ ਕਹਿਕਹਾ ਇਹ ਦੀਵਾਰ ਦਿੱਸੇ, ਢੁੱਕਾਂ ਜਾਇ ਤਾਂ ਕਾਲਜਾ ਚੀਰ ਦੀ ਜੀ।

ਉਸ ਦੀ ਝਾਲ ਨਾ ਅਸਾਂ ਥੋਂ ਜਾਏ ਝੱਲੀ, ਝਾਲ ਕੌਣ ਝੱਲੇ ਛੁੱਟੇ ਤੀਰ ਦੀ ਜੀ।

ਭੈਂਸ ਮਾਰ ਕੇ ਸਿੰਗ ਨਾ ਦੇ ਢੋਈ, ਐਵੇਂ ਹੌਂਸ ਕੇਹੀ ਦੁੱਧ ਖੀਰ ਦੀ ਜੀ।

ਲੋਕ ਆਖਦੇ ਪਰੀ ਹੈ ਹੀਰ ਜੱਟੀ, ਅਸਾਂ ਨਹੀਂ ਡਿੱਠੀ ਸੂਰਤ ਹੀਰ ਦੀ ਜੀ।

ਵਾਰਿਸ ਝੂਠ ਨਾ ਬੋਲੀਏ ਜੋਗੀਆਂ ਥੇ, ਖ਼ਿਆਨਤ ਨਾ ਕਰੀਏ ਚੀਜ਼ ਪੀਰ ਦੀ ਜੀ।

573

ਰਾਂਝਾ ਸੈਦੇ ਦੁਆਲੇ

ਜੋਗੀ ਰੱਖ ਕੇ ਅਣਖ ਤੇ ਨਾਲ ਗ਼ੈਰਤ, ਕਢ ਅੱਖੀਆਂ ਰੋਹ ਥੀਂ ਫੁੱਟਿਆ ਈ।

ਏਹ ਹੀਰ ਦਾ ਵਾਰਿਸੀ ਹੋਇ ਬੈਠਾ, ਚਾ ਡੇਰਿਉਂ ਸਵਾਹ ਵਿੱਚ ਸੁੱਟਿਆ ਈ।

ਸਣੇ ਜੁੱਤੀਆਂ ਚੌਂਕੇ ਵਿੱਚ ਆ ਵੜਿਉਂ, ਸਾਡਾ ਧਰਮ ਤੇ ਨੇਮ ਸਭ ਪੁੱਟਿਆ ਈ।

ਲੱਥ ਪੱਥ ਕੇ ਨਾਲ ਨਿਖੁਟਿਆ ਈ, ਕੁਟ ਫਾਟ ਕੇ ਖੇਹ ਵਿੱਚ ਸੁੱਟਿਆ ਈ।

ਬੁਰਾ ਬੋਲਦਾ ਨੀਰ ਪੱਲਟ ਅਖੀਂ, ਜੇਹਿਆ ਬਾਣੀਆਂ ਸ਼ਹਿਰ ਵਿੱਚ ਲੁੱਟਿਆ ਈ।

ਪਕੜ ਸੈਦੇ ਨੂੰ ਨਾਲ ਫੌਹੜੀਆਂ ਦੇ, ਚੋਰ ਯਾਰ ਵਾਂਗੂੰ ਢਾਹ ਕੁੱਟਿਆ ਈ।

ਖੜਤਲਾਂ ਤੇ ਫੌਹੜੀਆਂ ਖ਼ੂਬ ਜੜੀਆਂ, ਧੌਣ ਸੇਕਿਆ ਨਾਲ ਨਝੁੱਟਿਆ ਈ।

ਦੋਵੇਂ ਬੰਨ੍ਹ ਬਾਹਾਂ ਸਿਰੋਂ ਲਾਹ ਪਟਕਾ, ਗੁਨਾਹਗਾਰ ਵਾਂਗੂੰ ਉੱਠ ਜੁੱਟਿਆ ਈ।

ਸ਼ਾਨਾ ਖੋਹ ਕੇ ਕੁਟ ਚਕਚੂਰ ਕੀਤਾ, ਲਿੰਗ ਭੰਨ ਕੇ ਸੰਘ ਨੂੰ ਘੁੱਟਿਆ ਈ।

ਵਾਰਿਸ ਸ਼ਾਹ ਖੁਦਾ ਦੇ ਖ਼ੌਫ਼ ਕੋਲੋਂ, ਸਾਡਾ ਰੋਂਦਿਆਂ ਨੀਰ ਨਿਖੁੱਟਿਆ ਈ।

574

ਸੈਦਾ ਮਾਰ ਖਾ ਕੇ ਘਰ ਨੂੰ ਭੱਜਾ

ਖੇੜਾ ਖਾਇਕੇ ਮਾਰ ਤੇ ਭੱਜ ਚਲਿਆ, ਵਾਹੋ ਵਾਹ ਰੋਂਦਾ ਘਰੀਂ ਆਂਵਦਾ ਹੈ।

ਇਹ ਜੋਗੀੜਾ ਨਹੀਂ ਜੇ ਧਾੜ ਕੜਕੇ, ਹਾਲ ਆਪਣਾ ਖੋਲ੍ਹ ਸੁਣਾਂਵਦਾ ਹੈ।

ਇਹ ਕਾਂਵਰੂੰ ਦੇਸ ਦਾ ਸਿਹਰ ਜਾਣੇ, ਵੱਡੇ ਲੋੜ੍ਹ ਤੇ ਕਹਿਰ ਕਮਾਂਵਦਾ ਹੈ।

ਇਹ ਦੇਵ ਉਜਾੜ ਵਿੱਚ ਆਣ ਲੱਥਾ, ਨਾਲ ਕੜਕਿਆਂ ਜਾਨ ਗਵਾਂਵਦਾ ਹੈ।

ਨਾਲੇ ਪੜ੍ਹੇ ਕੁਰਾਨ ਤੇ ਦੇ ਬਾਂਗਾਂ, ਚੌਂਕੇ ਪਾਂਵਦਾ ਸੰਖ ਵਜਾਂਵਦਾ ਹੈ।

ਮੈਨੂੰ ਮਾਰ ਕੇ ਕੁੱਟ ਤਹਿ ਬਾਰ ਕੀਤਾ, ਪਿੰਡਾ ਖੋਲ੍ਹ੍ਹਕੇ ਫੱਟ ਵਿਖਾਂਵਦਾ ਹੈ।

575

ਸੈਦੇ ਦਾ ਪਿਉ ਆਖਣ ਲੱਗਾ

ਅਜੂ ਆਖਿਆ ਲਉ ਅਨ੍ਹੇਰ ਯਾਰੋ, ਵੇਖੋ ਗ਼ਜ਼ਬ ਫ਼ਕੀਰ ਨੇ ਚਾਇਆ ਜੇ।

ਮੇਰਾ ਸੋਨੇ ਦਾ ਕੇਵੜਾ ਮਾਰ ਜਿੰਦੋਂ, ਕੰਮ ਕਾਰ ਥੀਂ ਚਾਇ ਗਵਾਇਆ ਜੇ।

ਫ਼ਕਰ ਮਿਹਰ ਕਰਦੇ ਸਭ ਖ਼ਲਕ ਉੱਤੇ, ਓਸ ਕਹਿਰ ਜਹਾਨ ਤੇ ਚਾਇਆ ਜੇ।

ਵਾਰਿਸ ਸ਼ਾਹ ਮੀਆਂ ਨਵਾਂ ਸਾਂਗ ਵੇਖੋ, ਦੇਵ ਆਦਮੀ ਹੋਇਕੇ ਆਇਆ ਜੇ।

576

ਸਹਿਤੀ ਨੇ ਪਿਉ ਨੂੰ ਕਿਹਾ

ਸਹਿਤੀ ਆਖਿਆ ਬਾਬਲਾ ਜਾਹ ਆਪੇ, ਸੈਦਾ ਆਪ ਨੂੰ ਵੱਡਾ ਸਦਾਂਵਦਾ ਏ।

ਨਾਲ ਕਿਬਰ ਹੰਕਾਰ ਦੇ ਮਸਤ ਫਿਰਦਾ, ਖਾਤਰ ਥੱਲੇ ਨਾ ਕਿਸੇ ਨੂੰ ਲਿਆਂਵਦਾ ਏ।

ਸਾਨ੍ਹੇ ਵਾਂਗਰਾਂ ਸਿਰੀ ਟਪਾਂਵਦਾ ਹੈ, ਅੱਗੋਂ ਆਕੜਾਂ ਪਿਆ ਵਿਖਾਂਵਦਾ ਏ।

ਜਾਹ ਨਾਲ ਫ਼ਕੀਰ ਦੇ ਕਰੇ ਆਕੜ, ਗ਼ੁੱਸੇ ਗ਼ਜ਼ਬ ਨੂੰ ਪਿਆ ਵਧਾਂਵਦਾ ਏ।

ਮਾਰ ਨੂੰਹ ਦੇ ਦੁਖ ਹੈਰਾਨ ਕੀਤਾ, ਅਜੂ ਘੋੜੇ ਤੇ ਚੜ੍ਹ ਦੁੜਾਂਵਦਾ ਏ।

ਯਾਰੋ ਉਮਰ ਸਾਰੀ ਜੱਟੀ ਨਾ ਲੱਧੀ, ਰਹਿਆ ਸੁਹਣੀ ਢੂੰਡ ਢੂੰਡਾਂਵਦਾ ਏ।

ਵਾਰਿਸ ਸ਼ਾਹ ਜਵਾਨੀ ਵਿੱਚ ਮਸਤ ਰਹਿਆ, ਵਖ਼ਤ ਗਏ ਤਾਈਂ ਪਛੋਤਾਂਵਦਾ ਏ।

577

ਅੱਜੂ ਜੋਗੀ ਕੋਲ ਗਿਆ

ਜਾ ਬੰਨ੍ਹ ਖੜਾ ਹੱਥ ਪੀਰ ਅੱਗੇ, ਤੁਸੀਂ ਲਾਡਲੇ ਪਰਵਰਦਗਾਰ ਦੇ ਹੋ।

ਤੁਸੀਂ ਫ਼ਕਰ ਇਲਾਹ ਦੇ ਪੀਰ ਪੂਰੇ, ਵਿੱਚ ਰੇਖ ਦੇ ਮੇਖ ਨੂੰ ਮਾਰਦੇ ਹੋ।

ਹੋਵੇ ਦੁਆ ਕਬੂਲ ਪਿਆਰਿਆਂ ਦੀ, ਦੀਨ ਦੁਨੀ ਦੇ ਕੰਮ ਸਵਾਰਦੇ ਹੋ।

ਅੱਠੇ ਪਹਿਰ ਖ਼ੁਦਾ ਦੀ ਯਾਦ ਅੰਦਰ, ਤੁਸੀਂਂ ਨਫ਼ਸ ਸ਼ੈਤਾਨ ਨੂੰ ਮਾਰਦੇ ਹੋ।

ਹੁਕਮ ਰੱਬ ਦੇ ਥੋਂ ਤੁਸੀਂ ਨਹੀਂ ਬਾਹਰ, ਤੁਸੀਂ ਕੀਲ ਕੇ ਸੱਪ ਨੂੰ ਮਾਰਦੇ ਹੋ।

ਲੁੜ੍ਹੇ ਜਾਨ ਬੇੜੇ ਅਵਗੁਣਹਾਰਿਆਂ ਦੇ, ਕਰੋ ਫਜ਼ਲ ਤਾਂ ਪਾਰ ਉਤਾਰਦੇ ਹੋ।

ਤੇਰੇ ਚੱਲਿਆਂ ਨੂੰਹ ਮੇਰੀ ਜਿਉਂਦੀ ਹੈ, ਲੱਗਾ ਦਾਮਨੇ ਸੋ ਤੁਸੀਂ ਤਾਰਦੇ ਹੋ।

ਵਾਰਿਸ ਸ਼ਾਹ ਦੇ ਉਜ਼ਰ ਮੁਆਫ਼ ਕਰਨੇ, ਬਖਸ਼ਣਹਾਰ ਬੰਦੇ ਗੁਨਾਹਗਾਰ ਦੇ ਹੋ।

578

ਜੋਗੀ

ਛਡ ਦੇਸ ਜਹਾਨ ਉਜਾੜ ਮੱਲੀ, ਅਜੇ ਜੱਟ ਨਾਹੀਂ ਪਿੱਛਾ ਛੱਡਦੇ ਨੇ।

ਅਸਾਂ ਛੱਡਿਆ ਇਹ ਨਾ ਮੂਲ ਛੱਡਣ, ਕੀੜੇ ਮੁੱਢ ਕਦੀਮ ਦੇ ਹੱਡ ਦੇ ਨੇ।

ਲੀਹ ਪਈ ਮੇਰੇ ਉੱਤੇ ਝਾੜੀਆਂ ਦੀ, ਪਾਸ ਜਾਣ ਨਾਹੀਂ ਪਿੰਜ ਗੱਡ ਦੇ ਨੇ।

ਵਾਰਿਸ ਸ਼ਾਹ ਜਹਾਨ ਥੋਂ ਅੱਕ ਪਏ, ਅੱਜ ਕਲ ਫ਼ਕੀਰ ਹੁਣ ਲੱਦਦੇ ਨੇ।

579

ਸੈਦੇ ਦੇ ਬਾਪ ਅਜੂ ਦਾ ਵਾਸਤਾ

ਚਲੀਂ ਜੋਗੀਆ ਰਬ ਦਾ ਵਾਸਤਾ ਈ, ਅਸੀਂ ਮਰਦ ਨੂੰ ਮਰਦ ਲਲਕਾਰਨੇ ਹਾਂ।

ਜੋ ਕੁੱਝ ਸਰੇ ਸੋ ਨਜ਼ਰ ਲੈ ਪੈਰ ਪਕੜਾਂ, ਜਾਨ ਮਾਲ ਪਰਿਵਾਰ ਨੂੰ ਵਾਰਨੇ ਹਾਂ।

ਪਏ ਕੁਲ ਦੇ ਕੋੜਮੇ ਸਭ ਰੋਂਦੇ, ਅਸੀਂ ਕਾਗ ਤੇ ਮੋਰ ਉਡਾਰਨੇ ਹਾਂ।

ਹੱਥ ਬੰਨ੍ਹ ਕੇ ਬੇਨਤੀ ਜੋਗੀਆ ਵੋ, ਅਸੀਂ ਆਜਜ਼ੀ ਨਾਲ ਪੁਕਾਰਨੇ ਹਾਂ।

ਚੋਰ ਸੱਦਿਆ ਮਾਲ ਦੇ ਸਾਂਭਣੇ ਨੂੰ, ਤੇਰੀਆਂ ਕੁਦਰਤਾਂ ਤੋਂ ਅਸੀਂ ਵਾਰਨੇ ਹਾਂ।

ਵਾਰਿਸ ਸ਼ਾਹ ਵਸਾਹ ਕੀ ਏਸ ਦਮ ਦਾ, ਐਵੇਂ ਰਾਇਗਾਂ ਉਮਰ ਕਿਉ ਹਾਰਨੇ ਹਾਂ।

580

ਜੋਗੀ ਦਾ ਉਹਦੇ ਨਾਲ ਤੁਰਨਾ

ਜੋਗੀ ਚੱਲਿਆ ਰੂਹ ਦੀ ਕਲਾ ਹਲੀ, ਤਿੱਤਰ ਬੋਲਿਆ ਸ਼ਗਨ ਮਨਾਵਣੇ ਨੂੰ।

ਐਤਵਾਰ ਨਾ ਪੁੱਛਿਆ ਖੇੜਿਆਂ ਨੇ, ਜੋਗੀ ਆਂਦਾ ਨੇ ਸੀਸ ਮੁਨਾਵਣੇ ਨੂੰ।

ਵੇਖੋ ਅਕਲ ਸ਼ਊਰ ਜੋ ਮਾਰਿਉ ਨੇ, ਤੁਅਮਾ ਬਾਜ਼ ਦੇ ਹੱਥ ਫੜਾਵਣੇ ਨੂੰ।

ਭੁੱਖਾ ਖੰਡ ਤੇ ਖੀਰ ਦਾ ਭਇਆ ਰਾਖਾ, ਰੰਡਾ ਘੱਲਿਆ ਸਾਕ ਕਰਾਵਣੇ ਨੂੰ।

ਸੱਪ ਮਕਰ ਦਾ ਪਰੀ ਦੇ ਪੈਰ ਲੜਿਆ, ਸੁਲੇਮਾਨ ਆਇਆ ਝਾੜਾ ਪਾਵਣੇ ਨੂੰ।

ਅਨਜਾਣ ਜਹਾਨ ਹਟਾ ਦਿੱਤਾ, ਆਏ ਮਾਂਦਰੀ ਕੀਲ ਕਰਾਵਣੇ ਨੂੰ।

ਰਾਖਾ ਜੌਆਂ ਦੇ ਢੇਰ ਦਾ ਗਧਾ ਹੋਇਆ, ਅੰਨ੍ਹਾਂ ਘੱਲਿਆ ਹਰਫ਼ ਲਿਖਾਵਣੇ ਨੂੰ।

ਮਿੰਨਤ ਖਾਸ ਕਰਕੇ ਓਹਨਾਂ ਸਦ ਆਂਦਾ, ਮੀਆਂ ਆਇਆ ਹੈ ਰੰਨ ਖਿਸਕਾਵਣੇ ਨੂੰ।

ਉਹਨਾਂ ਸੱਪ ਦਾ ਮਾਂਦਰੀ ਢੂੰਡ ਆਂਦਾ, ਸਗੋਂ ਆਇਆ ਹੈ ਸੱਪ ਲੜਾਵਣੇ ਨੂੰ।

ਵਸਦੇ ਝੁਗੜੇ ਚੌੜ ਕਰਾਵਣੇ ਨੂੰ, ਮੁੱਢੋਂ ਪੁੱਟ ਬੂਟਾ ਲੈਂਦੇ ਜਾਵਣੇ ਨੂੰ।

ਵਾਰਿਸ ਬੰਦਗੀ ਵਾਸਤੇ ਘੱਲਿਆ ਸੈਂ, ਆ ਜੁੱਟਿਆ ਪਹਿਨਣੇ ਖਾਵਣੇ ਨੂੰ।

581

ਤਥਾ

ਭਲਾ ਹੋਇਆ ਭੈਣਾਂ ਹੀਰ ਬਚੀ ਜਾਣੋਂ, ਮੰਨ ਮੰਨੇ ਦਾ ਵੈਦ ਹੁਣ ਆਇਆ ਨੀ।

ਦੁਖ ਦਰਦ ਗਏ ਸੱਭੇ ਦਿਲ ਵਾਲੇ, ਕਾਮਲ ਵਲੀ ਨੇ ਫੇਰੜਾ ਪਾਇਆ ਨੀ।

ਜਿਹੜਾ ਛੱਡ ਚੌਧਰਾਈਆਂ ਚਾਕ ਬਣਿਆ, ਵਤ ਓਸ ਨੇ ਜੋਗ ਕਮਾਇਆ ਨੀ।

ਜੈਂਦੀ ਵੰਝਲੀ ਦੇ ਵਿੱਚ ਲਖ ਮੰਤਰ, ਓਹੋ ਰੱਬ ਨੇ ਵੈਦ ਮਿਲਾਇਆ ਨੀ।

ਸ਼ਾਖਾਂ ਰੰਗ ਬਰੰਗੀਆਂ ਹੋਣ ਪੈਦਾ, ਸਾਵਣ ਮਾਹ ਜਿੱਥੇ ਮੀਂਹ ਵਸਾਇਆ ਨੀ।

ਨਾਲੇ ਸਹਿਤੀ ਦੇ ਹਾਲ ਤੇ ਰਬ ਤਰੁਠਾ, ਜੋਗੀ ਦਿਲਾਂ ਦਾ ਮਾਲਕ ਆਇਆ ਨੀ।

ਤਿੰਨਾਂ ਧਿਰਾਂ ਦੀ ਹੋਈ ਮੁਰਾਦ ਹਾਸਲ, ਧੂਆਂ ਏਸ ਚਰੋਕਣਾ ਪਾਇਆ ਨੀ।

ਇਹਦੀ ਫੁਰੀ ਕਲਾਮ ਅਜ ਖੇੜਿਆਂ ਤੇ, ਇਸਮ ਆਜ਼ਮ ਅਸਰ ਕਰਾਇਆ ਨੀ।

ਮਹਿਮਾਨ ਜਿਉਂ ਆਂਵਦਾ ਲੈਣ ਵਹੁਟੀ, ਅੱਗੋਂ ਸਾਹੁਰਿਆਂ ਪਲੰਘ ਵਿਛਾਇਆ ਨੀ।

'ਵੀਰਾ ਰਾਧ' ਵੇਖੋ ਏਥੇ ਕੋਈ ਹੋਸੀ, ਜੱਗ ਧੂੜ ਭੁਲਾਵੜਾ ਪਾਇਆ ਨੀ।

ਮੰਤਰ ਇੱਕ ਤੇ ਪੁਤਲੀਆਂ ਦੋਏਂ ਉੱਡਣ, ਅੱਲਾਹ ਵਾਲਿਆਂ ਖੇਲ ਰਚਾਇਆ ਨੀ।

ਖਿਸਕੂ ਸ਼ਾਹ ਹੋਰੀਂ ਅੱਜ ਆਣ ਲੱਥੇ, ਤੰਬੂ ਆਣ ਉਧਾਲੂਆਂ ਲਾਇਆ ਨੀ।

ਧਰਨਾ ਮਾਰ ਬੈਠਾ ਜੋਗੀ ਮੁੱਦਤਾਂ ਦਾ, ਅੱਜ ਖੇੜਿਆਂ ਨੇ ਖ਼ੈਰ ਪਾਇਆ ਨੀ।

ਕੱਖੋਂ ਲਖ ਕਰ ਦਏ ਖ਼ੁਦਾ ਸੱਚਾ, ਦੁਖ ਹੀਰ ਦਾ ਰੱਬ ਗਵਾਇਆ ਨੀ।

ਉਨ੍ਹਾਂ ਸਿਕਦਿਆਂ ਦੀ ਦੁਆ ਰੱਬ ਸੁਣੀ, ਓਸ ਨੱਡੜੀ ਦਾ ਯਾਰ ਆਇਆ ਨੀ।

ਭਲਾ ਹੋਇਆ ਜੇ ਕਿਸੇ ਦੀ ਆਸ ਪੁੰਨੀ, ਰਬ ਵਿਛੜਿਆਂ ਨਾਲ ਮਿਲਾਇਆ ਨੀ।

ਸਹਿਤੀ ਆਪਣੇ ਹੱਥ ਇਖਤਿਆਰ ਲੈ ਕੇ, ਡੇਰਾ ਡੂਮਾਂ ਦੀ ਕੋਠੜੀ ਪਾਇਆ ਨੀ।

ਰੰਨਾਂ ਮੋਹ ਕੇ ਲੈਣ ਸ਼ਹਿਜ਼ਾਦਿਆਂ ਨੂੰ, ਵੇਖੋ ਇਫਤਰਾ ਕੌਣ ਬਣਾਇਆ ਨੀ।

ਆਪੇ ਧਾੜਵੀ ਦੇ ਅੱਗੇ ਮਾਲ ਦਿੱਤਾ, ਪਿੱਛੋਂ ਸਾਂਘਰੂ ਢੋਲ ਵਜਾਇਆ ਨੀ।

ਭਲਕੇ ਏਥੇ ਨਾ ਹੋਵਸਨ ਦੋ ਕੁੜੀਆਂ, ਸਾਨੂੰ ਸ਼ਗਨ ਏਹੋ ਨਜ਼ਰ ਆਇਆ ਨੀ।

ਵਾਰਿਸ ਸ਼ਾਹ ਸ਼ੈਤਾਨ ਬਦਨਾਮ ਕਰਸੋ, ਲੂਣ ਥਾਲ ਦੇ ਵਿੱਚ ਪਿਹਾਇਆ ਨੀ।

582

ਕੁੜੀਆਂ ਦੀ ਹੀਰ ਨੂੰ ਵਧਾਈ

ਕੁੜੀਆਂ ਆਖਿਆ ਆਣ ਕੇ ਹੀਰ ਤਾਈਂ, ਅਨੀ ਵਹੁਟੀਏ ਅੱਜ ਵਧਾਈ ਏਂ ਨੀ।

ਮਿਲੀ ਆਬੇ ਹਿਆਤ ਪਿਆਸਿਆਂ ਨੂੰ, ਹੁੰਣ ਜੋਗੀਆਂ ਦੇ ਵਿੱਚ ਆਈ ਏਂ ਨੀ।

ਤੈਥੋਂ ਦੋਜ਼ਖ਼ੇ ਦੀ ਆਂਚ ਦੂਰ ਹੋਈ, ਰਬ ਵਿੱਚ ਬਹਿਸ਼ਤ ਦੇ ਪਾਈ ਏਂ ਨੀ।

ਜੀਊੜੇ ਰਬ ਨੇ ਮੇਲ ਕੇ ਤਾਰੀਏਂ ਤੂੰ, ਮੋਤੀ ਲਾਲ ਦੇ ਨਾਲ ਪੁਰਾਈ ਏਂ ਨੀ।

ਵਾਰਿਸ ਸ਼ਾਹ ਕਹਿ ਹੀਰ ਦੀ ਸੱਸ ਤਾਈਂ ,ਅੱਜ ਰੱਬ ਨੇ ਚੌੜ ਕਰਾਈ ਏਂ ਨੀ।

583

ਜੋਗੀ ਦਾ ਮਰਦਾਂ ਅਤੇ ਔਰਤਾਂ ਨੂੰ ਤੋਰਨਾ

ਜੋਗੀ ਆਖਿਆ ਫਿਰੇ ਨਾ ਮਰਦ ਔਰਤ, ਪਵੇ ਕਿਸੇ ਦਾ ਨਾ ਪਰਛਾਵਣਾ ਵੋ।

ਕਰਾਂ ਬੈਠ ਨਿਵੇਕਲਾ ਜਤਨ ਗੋਸ਼ੇ, ਕੋਈ ਨਹੀਂ ਜੇ ਛਿੰਜ ਪਵਾਵਣਾ ਵੋ।

ਕੰਨ ਸੰਨ ਵਿੱਚ ਵਹੁਟੜੀ ਆਣ ਪਾਵੋ, ਨਹੀਂ ਧੁੰਮ ਤੇ ਸ਼ੋਰ ਕਰਾਵਣਾ ਵੋ।

ਇੱਕੋ ਆਦਮੀ ਆਵਣਾ ਮਿਲੇ ਸਾਥੇ, ਔਖਾ ਸੱਪ ਦਾ ਰੋਗ ਗਵਾਵਣਾ ਵੋ।

ਕਵਾਰੀ ਕੁੜੀ ਦਾ ਰੱਖ ਵਿੱਚ ਪੈਰ ਪਾਈਏ, ਨਹੀਂ ਹੋਰ ਕਿਸੇ ਏਥੇ ਆਵਣਾ ਵੋ।

ਸੱਪ ਨੱਸ ਜਾਏ ਛਲ ਮਾਰ ਜਾਏ, ਖਰਾ ਔਖੜਾ ਛਿਲਾ ਕਮਾਵਣਾ ਵੋ।

ਲਿਖਿਆ ਸੱਤ ਸੈ ਵਾਰ ਕੁਰਾਨ ਅੰਦਰ, ਨਾਹੀਂ ਛੱਡ ਨਮਾਜ਼ ਪਛਤਾਵਣਾ ਵੋ।

ਵਾਰਿਸ ਸ਼ਾਹ ਨਿਕੋਈ ਤੇ ਬੰਦਗੀ ਕਰ, ਵਤ ਨਹੀਂ ਜਹਾਨ ਤੇ ਆਵਣਾ ਵੋ।

584

ਸਹਿਤੀ ਨੇ ਕੁੜੀ ਕੋਲ ਹੀਰ ਨੂੰ ਸਪੁਰਦ ਕਰਨਾ

ਸਹਿਤੀ ਕੁੜੀ ਨੂੰ ਸੱਦ ਕੇ ਸੌਂਪਿਉ ਨੇ, ਮੰਜਾ ਵਿੱਚ ਐਵਾਨ ਦੇ ਪਾਇਕੇ ਤੇ।

ਪਿੰਡੋਂ ਬਾਹਰਾ ਡੂਮਾਂ ਦਾ ਕੋਠੜਾ ਸੀ, ਓਥੇ ਦਿੱਤੀ ਨੇ ਥਾਉਂ ਬਣਾਇਕੇ ਤੇ।

ਜੋਗੀ ਪਲੰਘ ਦੇ ਪਾਸੇ ਬਹਾਇਉ ਨੇ, ਆ ਬੈਠਾ ਹੈ ਸ਼ਗਨ ਮਨਾਇਕੇ ਤੇ।

ਨਾਢੂ ਸ਼ਾਹ ਬਣਿਆ ਮਸਤ ਜੋ ਆਸ਼ਕ, ਮਾਸ਼ੂਕ ਨੂੰ ਪਾਸ ਬਹਾਇਕੇ ਤੇ।

ਖੇੜੇ ਆਪ ਜਾ ਘਰੀਂ ਬੇਫ਼ਿਕਰ ਸੁੱਤੇ, ਤੁਅਮਾ ਬਾਗ਼ ਦੇ ਹੱਥ ਫੜਾਇਕੇ ਤੇ।

ਸਿਰ ਤੇ ਹੋਵਣੀ ਆਇਕੇ ਕੂਕਦੀ ਹੈ, ਚੁਟਕੀ ਮਾਰ ਕੇ ਹੱਥ ਬੰਨ੍ਹਾਇਕੇ ਤੇ।

ਉਨ੍ਹਾਂ ਖੇਹ ਸਿਰ ਘੱਤ ਕੇ ਪਿੱਟਣਾ ਹੈ, ਜਿਨ੍ਹਾਂ ਵਿਆਹੀਆਂ ਧੜੀ ਬੰਨ੍ਹਾਇਕੇ ਤੇ।

ਵਾਰਿਸ ਸ਼ਾਹ ਹੁਣ ਤਿਨ੍ਹਾਂ ਨੇ ਵੈਣ ਕਰਨੇ, ਜਿਨ੍ਹਾਂ ਵਿਆਹਿਉਂ ਘੋੜੀਆਂ ਗਾਇਕੇ ਤੇ।

585

ਹੀਰ ਤੇ ਰਾਂਝੇ ਨੇ ਪੰਜੇ ਪੀਰ ਯਾਦ ਕੀਤੇ

ਅੱਧੀ ਰਾਤ ਰਾਂਝੇ ਪੀਰ ਯਾਦ ਕੀਤੇ, ਤੁਰ੍ਹਾ ਖਿਜ਼ਰ ਦਾ ਹੱਥ ਲੈ ਬੋਲਿਆ ਈ।

ਸ਼ਕਰ ਗੰਜ ਦਾ ਪਕੜ ਰੁਮਾਲ ਚੁੰਮੇ, ਵਿੱਚ ਮੁਸ਼ਕ ਤੇ ਇਤਰ ਦੇ ਝੋਲਿਆ ਈ।

ਖੰਜਰ ਕੱਢ ਮਖਦੂਮ ਜਹਾਨੀਏ ਦਾ, ਵਿੱਚੋਂ ਰੂਹ ਰੰਝੇਟੇ ਦਾ ਡੋਲਿਆ ਈ।

ਖੂੰਡੀ ਪੀਰ ਬਹਾਉਦੀਨ ਵਾਲੀ, ਮੰਦਰਾ ਲਾਲ ਸ਼ਹਿਬਾਜ਼ ਦਾ ਟੋਲਿਆ ਈ।

ਪੀਰ ਬਹਾਉਦੀਨ ਜ਼ਕਰੀਏ ਧਮਕ ਦਿੱਤੀ, ਕੰਧ ਢਾਇਕੇ ਰਾਹ ਨੂੰ ਖੋਲ੍ਹਿਆ ਈ।

ਜਾ ਬੈਠਾ ਹੈਂ ਕਾਸ ਨੂੰ ਉਠ ਜੱਟਾ, ਸਵੀਂ ਨਾਹੀਂ ਤੇਰਾ ਰਾਹ ਖੋਲ੍ਹਿਆ ਈ।

ਵਾਰਿਸ ਸ਼ਾਹ ਪਛੋਤਾਵਸੇਂ ਬੰਦਗੀ ਨੂੰ, ਇਜ਼ਰਾਈਲ ਜਾਂ ਧੌਣ ਚੜ੍ਹ ਬੋਲਿਆ ਈ।

586

ਸਹਿਤੀ ਦੀ ਅਰਜ਼

ਨਿਕਲ ਕੋਠਿਉਂ ਤੁਰਨ ਨੂੰ ਤਿਆਰ ਹੋਇਆ, ਸਹਿਤੀ ਆਣ 'ਹਜ਼ੂਰ ਸਲਾਮ' ਕੀਤਾ।

ਬੇੜਾ ਲਾ ਬੰਨੇ ਅਸਾਂ ਆਜਜ਼ਾਂ, ਦਾ ਰਬ ਫਜ਼ਲ ਤੇਰੇ ਉੱਤੇ ਆਮ ਕੀਤਾ।

ਮੇਰਾ ਯਾਰ ਮਿਲਾਵਣਾ ਵਾਸਤਾ ਈ, ਅਸਾਂ ਕੰਮ ਤੇਰਾ ਸਰੰਜਾਮ ਕੀਤਾ।

ਭਾਬੀ ਹੱਥ ਫੜਾਇਕੇ ਤੋਰ ਦਿੱਤੀ, ਕੰਮ ਖੇੜਿਆਂ ਦਾ ਸਭੋ ਖ਼ਾਮ ਕੀਤਾ।

ਤੇਰੇ ਵਾਸਤੇ ਮਾਪਿਆਂ ਨਾਲ ਕੀਤੀ, ਜੋ ਕੁੱਝ ਅਲੀ ਦੇ ਨਾਲ ਗ਼ੁਲਾਮ ਕੀਤਾ।

ਜੋ ਕੁੱਝ ਹੋਵਣੀ ਸੀਤਾ ਦੇ ਨਾਲ ਕੀਤੀ, ਅਤੇ ਦਹਿਸਰੇ ਨਾਲ ਜੋ ਰਾਮ ਕੀਤਾ।

ਵਾਰਿਸ ਸ਼ਾਹ ਜਿਸ ਤੇ ਮਿਹਰਬਾਨ ਹੋਵੇ, ਓਥੇ ਫਜ਼ਲ ਨੇ ਆਣ ਮੁਕਾਮ ਕੀਤਾ।

587

ਰਾਂਝੇ ਨੇ ਅਸੀਸ ਦਿੱਤੀ

ਰਾਂਝੇ ਹੱਥ ਉਠਾਇ ਦੁਆ ਮੰਗੀ, ਰੱਬਾ ਮੇਲਣਾ ਯਾਰ ਗਵਾਰਨੀ ਦਾ।

ਏਸ ਹੁਬ ਦੇ ਨਾਲ ਹੈ ਕੰਮ ਕੀਤਾ, ਬੇੜਾ ਪਾਰ ਕਰਨਾ ਕੰਮ ਸਾਰਨੀ ਦਾ।

ਪੰਜਾਂ ਪੀਰਾਂ ਦੀ ਤੁਰਤ ਆਵਾਜ਼ ਆਈ, ਰੱਬਾ ਯਾਰ ਮੇਲੀਂ ਏਸ ਯਾਰਨੀ ਦਾ।

ਫਜ਼ਲ ਰੱਬ ਕੀਤਾ ਯਾਰ ਆ ਮਿਲਿਆ, ਓਸ ਸ਼ਾਹ ਮੁਰਾਦ ਪੁਕਾਰਨੀ ਦਾ।

588

ਸ਼ਾਹ ਮੁਰਾਦ ਆ ਪਹੁੰਚਾ

ਡਾਚੀ ਸ਼ਾਹ ਮੁਰਾਦ ਦੀ ਆਣ ਰਿੰਗੀ, ਉੱਤੋਂ ਬੋਲਿਆ ਸਾਈਂ ਸਵਾਰੀਏ ਨੀ।

ਸ਼ਾਲਾ ਢੁਕ ਆਵੀਂ ਹੁਸ਼ ਢੁਕ ਨੇੜੇ, ਆ ਚੜ੍ਹੀਂ ਕਚਾਵੇ ਤੇ ਡਾਰੀਏ ਨੀ।

ਮੇਰੀ ਗਈ ਕਤਾਰ ਕੁਰਾਹ ਘੁੱਥੀ, ਕੋਈ ਸਿਹਰ ਕੀਤੋ ਟੂਣੇ ਹਾਰੀਏ ਨੀ।

ਵਾਈ ਸੂਈ ਦੀ ਪੋਤਰੀ ਇਹ ਡਾਚੀ, ਘਿੰਨ ਝੋਕ ਪਲਾਣੇ ਦੀ ਲਾੜੀਏ ਨੀ।

ਵਾਰਿਸ ਸ਼ਾਹ ਬਹਿਸ਼ਤ ਦੀ ਮੋਰਨੀ ਤੂੰ, ਇਹ ਫ਼ਰਿਸ਼ਤਿਆਂ ਉੱਠ ਤੇ ਚਾੜ੍ਹੀਏ ਨੀ।

589

ਸਹਿਤੀ ਨੂੰ ਮੁਰਾਦ ਨੇ ਤੇ ਹੀਰ ਨੂੰ ਰਾਂਝੇ ਨੇ ਲੈ ਜਾਣਾ

ਸਹਿਤੀ ਲਈ ਮੁਰਾਦ ਤੇ ਹੀਰ ਰਾਂਝੇ, ਰਵਾਂ ਹੋ ਚੱਲੇ ਲਾੜੇ ਲਾੜੀਆਂ ਨੇ।

ਰਾਤੋ ਰਾਤ ਗਏ ਲੈ ਬਾਜ਼ ਕੂੰਜਾਂ, ਸਿਰੀਆਂ ਨਾਗਾਂ ਦੀਆਂ ਸ਼ੀਹਾਂ ਲਤਾੜੀਆਂ ਨੇ।

ਆਪੋ ਧਾਪ ਗਏ ਲੈ ਕੇ ਵਾਹੋ ਦਾਹੀ, ਬਘਿਆੜਾਂ ਨੇ ਤਰੰਡੀਆਂ ਪਾੜੀਆਂ ਨੇ।

ਫ਼ਜਰ ਹੋਈ ਕਿੜਾਊਆਂ ਗਜ ਘੱਤੇ, ਵੇਖੋ ਖੇੜਿਆਂ ਵਾਹਰਾਂ ਚਾੜ੍ਹੀਆਂ ਨੇ।

ਜੜ੍ਹਾਂ ਦੀਨ ਈਮਾਨ ਦੀਆਂ ਕੱਟਣੇ ਨੂੰ, ਇਹ ਮਹਿਰੀਆਂ ਤੇਜ਼ ਕੁਹਾੜੀਆਂ ਨੇ।

ਮੀਆਂ ਜਿਨ੍ਹਾਂ ਬੇਗਾਨੜੀ ਨਾਰ ਰਾਵੀ, ਮਿਲਣ ਦੋਜ਼ਖ਼ੀਂ ਤਾਉ ਚਵਾੜੀਆਂ ਨੇ।

ਵਾਰਿਸ ਸ਼ਾਹ ਨਾਈਆਂ ਨਾਲ ਜੰਗ ਬੱਧਾ, ਖੇੜਿਆਂ ਕੁਲ ਮਨਾਇਕੇ ਦਾੜ੍ਹੀਆਂ ਨੇ।

590

ਵਾਕ ਕਵੀ

ਇੱਕ ਜਾਣ ਭੰਨੇ ਬਹੁਤ ਨਾਲ ਖ਼ੁਸ਼ੀਆਂ, ਭਲਾ ਹੋਇਆ ਫ਼ਕੀਰਾਂ ਦੀ ਆਸ ਹੋਈ।

ਇੱਕ ਜਾਣ ਰੋਂਦੇ ਜੂਹ ਖੇੜਿਆਂ ਦੀ, ਅੱਜ ਵੇਖੋ ਤਾਂ ਚੌੜ ਨਖ਼ਾਸ ਹੋਈ।

ਇੱਕ ਲੈ ਡੰਡੇ ਨੰਗੇ ਜਾਣ ਭੰਨੇ, ਯਾਰੋ ਪਈ ਸੀ ਹੀਰ ਉਦਾਸ ਹੋਈ।

ਇੱਕ ਚਿੱਤੜ ਵਜਾਂਵਦੇ ਫ਼ਿਰਨ ਭੌਂਦੇ, ਜੋ ਮੁਰਾਦ ਫ਼ਕੀਰਾਂ ਦੀ ਰਾਸ ਹੋਈ।

ਵਾਰਿਸ ਸ਼ਾਹ ਕੀ ਮੁੰਨਦਿਆਂ ਢਿਲ ਲੱਗੇ, ਜਦੋਂ ਉਸਤਰੇ ਨਾਲ ਪਟਾਸ ਹੋਈ।

591

ਪਹਿਲੀ ਵਾਹਰ

ਪਹਿਲੀ ਮਿਲੀ ਮੁਰਾਦ ਨੂੰ ਜਾ ਵਾਹਰ, ਅੱਗੋਂ ਕਟਕ ਬਲੋਚਾਂ ਨੇ ਚਾੜ੍ਹ ਦਿੱਤੇ।

ਪਕੜ ਤਰਕਸ਼ਾਂ ਅਤੇ ਕਮਾਨ ਦੌੜੇ, ਖੇੜੇ ਨਾਲ ਹਥਿਆਰਾਂ ਦੇ ਮਾਰ ਦਿੱਤੇ।

ਮਾਰ ਬਰਛੀਆਂ ਆਣ ਬਲੋਚ ਕੜਕੇ, ਤੇਗ਼ਾਂ ਮਾਰ ਕੇ ਵਾਹਰੂ ਝਾੜ ਦਿੱਤੇ।

ਮਾਰ ਨਾਵਕਾਂ ਮੋਰਚੇ ਭੰਨ ਦਿੱਤੇ, ਮਾਰ ਝਾੜ ਕੇ ਪਿੰਡ ਵਿੱਚ ਵਾੜ ਦਿੱਤੇ।

ਵਾਰਿਸ ਸ਼ਾਹ ਜਾਂ ਰਬ ਨੇ ਮਿਹਰ ਕੀਤੀ, ਬੱਦਲ ਕਹਿਰ ਦੇ ਲੁਤਫ਼ ਨੇ ਪਾੜ ਦਿੱਤੇ।

592

ਦੂਜੀ ਵਾਹਰ ਨੇ ਰਾਂਝੇ ਤੇ ਹੀਰ ਨੂੰ ਫੜ ਲੈਣਾ

ਦੂਈਆਂ ਵਾਹਰਾਂ ਰਾਂਝੇ ਨੂੰ ਆਣ ਮਿਲੀਆਂ, ਸੁੱਤਾ ਪਿਆ ਉਜਾੜ ਵਿੱਚ ਘੇਰਿਉ ਨੇ।

ਦੁੰਦ ਮਾਰਦੇ ਬਰਛੀਆਂ ਫੇਰਦੇ ਨੇ, ਘੋੜੇ ਵਿੱਚ ਮੈਦਾਨ ਦੇ ਫੇਰਿਉ ਨੇ।

ਸਿਰ ਹੀਰ ਦੇ ਪਟ ਤੇ ਰੱਖ ਸੁੱਤਾ, ਸੱਪ ਮਾਲ ਤੋਂ ਆਣ ਕੇ ਛੇੜਿਉ ਨੇ।

ਹੀਰ ਪਕੜ ਲਈ ਰਾਂਝਾ ਕੈਦ ਕੀਤਾ, ਵੇਖੋ ਜੋਗੀ ਨੂੰ ਚਾ ਖਦੇੜਿਉ ਨੇ।

ਲਾਹ ਸੇਲ੍ਹੀਆਂ ਬੰਨ੍ਹ ਕੇ ਹੱਥ ਦੋਵੇਂ, ਪਿੰਡਾਂ ਚਾਬਕਾਂ ਨਾਲ ਉਚੇੜਿਉ ਨੇ।

ਵਾਰਿਸ ਸ਼ਾਹ ਫ਼ਕੀਰ ਅੱਲਾਹ ਦੇ ਨੂੰ, ਮਾਰ ਮਾਰ ਕੇ ਚਾ ਖਦੇੜਿਉ ਨੇ।

593

ਹੀਰ ਰਾਂਝੇ ਨੂੰ

ਹੀਰ ਆਖਿਆ ਸੁੱਤੇ ਸੋ ਸਭ ਮੁੱਠੇ, ਨੀਂਦਰ ਮਾਰਿਆ ਰਾਜਿਆਂ ਰਾਣਿਆਂ ਨੂੰ।

ਨੀਂਦ ਵਲੀ ਤੇ ਗ਼ੌਸ ਤੇ ਕੁਤਬ ਮਾਰੇ, ਨੀਂਦ ਲੁੱਟਿਆ ਰਾਹ ਪੰਧਾਣਿਆਂ ਨੂੰ।

ਏਸ ਨੀਂਦ ਨੇ ਸ਼ਾਹ ਫ਼ਕੀਰ ਕੀਤੇ, ਰੋ ਬੈਠੇ ਨੇ ਵਖ਼ਤ ਵਿਹਾਣਿਆਂ ਨੂੰ।

ਨੀਂਦ ਸ਼ੇਰ ਤੇ ਦੇਵ ਇਮਾਮ ਕੁੱਠੇ, ਨੀਂਦ ਮਾਰਿਆ ਵੱਡੇ ਸਿਆਣਿਆਂ ਨੂੰ।

ਸੁੱਤੇ ਸੋਈ ਵਿਗੁਤੜੇ ਅਦਹਮ ਵਾਂਗੂੰ, ਗ਼ਾਲਬ ਨੀਂਦ ਹੈ ਦੇਵ-ਰੰਝਾਣਿਆਂ ਨੂੰ।

ਨੀਂਦ ਹੇਠ ਸੁਟਿਆ ਸੁਲੇਮਾਨ ਤਾਈਂ, ਦੇਂਦੀ ਨੀਂਦ ਛੁਡਾ ਟਿਕਾਣਿਆਂ ਨੂੰ।

ਨੀਂਦ ਪੁੱਤਰ ਯਾਕੂਬ ਦਾ ਖੂਹ ਪਾਇਆ, ਸੁਣਿਆ ਹੋਸੀਆ ਯੂਸਫ਼-ਵਾਣਿਆਂ ਨੂੰ।

ਨੀਂਦ ਜ਼ਿਬਾ ਕੀਤਾ ਇਸਮਾਈਲ ਤਾਈਂ, ਯੂਨਸ ਪੇਟ ਮੱਛੀ ਵਿੱਚ ਪਾਣਿਆਂ ਨੂੰ।

ਨੀਂਦ ਫ਼ਜਰ ਦੀ ਕਜ਼ਾ ਨਮਾਜ਼ ਕਰਦੀ, ਸ਼ੈਤਾਨ ਦੇ ਤੰਬੂਆਂ ਤਾਣਿਆਂ ਨੂੰ।

ਨੀਂਦ ਵੇਖ ਜੋ ਸੱਸੀ ਨੂੰ ਵਖ਼ਤ ਪਾਇਆ, ਫ਼ਿਰੇ ਢੂੰਡਦੀ ਪੈਰੋਂ ਵਾਹਣਿਆਂ ਨੂੰ।

ਰਾਂਝੇ ਹੀਰ ਨੂੰ ਬਨ੍ਹ ਲੈ ਟੁਰੇ ਖੇੜੇ, ਦੋਵੇਂ ਰੋਂਦੇ ਨੇ ਵਖ਼ਤ ਵਿਹਾਣਿਆਂ ਨੂੰ।

ਸਾਢੇ ਤਿੰਨ ਹੱਥ ਜ਼ਿਮੀਂ ਹੈ ਮਿਲਕ ਤੇਰੀ, ਵਾਰਿਸ ਵਲੇਂ ਕਿਉਂ ਐਡ ਵਲਾਣਿਆਂ ਨੂੰ।

594

ਤਥਾ

ਹਾਏ ਹਾਏ ਮੁੱਠੀ ਮਤ ਨਾ ਲਈਆ, ਦਿੱਤੀ ਅਕਲ ਹਜ਼ਾਰ ਚਕੇਟਿਆ ਵੇ।

ਵਸ ਪਿਉਂ ਤੂੰ ਵੈਰੀਆਂ ਸਾਂਵਿਆਂ ਦੇ, ਕੇਹੀ ਵਾਹ ਹੈ ਮੁਸ਼ਕ ਲਪੇਟਿਆ ਵੇ।

ਜਿਹੜਾ ਛਿੜਿਆ ਵਿੱਚ ਜਹਾਨ ਝੇੜਾ, ਨਹੀਂ ਜਾਵਣਾ ਮੂਲ ਸਮੇਟਿਆ ਵੇ।

ਰਾਜਾ ਅਦਲੀ ਹੈ ਤਖ਼ਤ ਤੇ ਅਦਲ ਕਰਦਾ, ਖੜੀ ਬਾਂਹ ਕਰ ਕੂਕ ਰੰਝੇਟਿਆ ਵੇ।

ਬਿਨਾ ਅਮਲ ਦੇ ਨਹੀਂ ਨਜ਼ਾਤ ਤੇਰੀ, ਪਿਆ ਮਾਰੀਏਂ ਕੁਤਬ ਦਿਆ ਬੇਟਿਆ ਵੇ।

ਨਹੀਂ ਹੂਰ ਬਹਿਸ਼ਤ ਦੀ ਹੋ ਜਾਂਦਾ, ਗਧਾ ਜ਼ਰੀ ਦੇ ਵਿੱਚ ਲਪੇਟਿਆ ਵੇ।

ਅਸਰ ਸੁਹਬਤਾਂ ਦੇ ਕਰ ਜਾਣ ਗ਼ਲਬਾ, ਜਾ ਰਾਜੇ ਦੇ ਪਾਸ ਜਟੇਟਿਆ ਵੇ।

ਵਾਰਿਸ ਸ਼ਾਹ ਮੀਆਂ ਲੋਹਾ ਹੋਏ ਸੋਇਨਾ, ਜਿੱਥੇ ਕੀਮਿਆਂ ਦੇ ਨਾਲ ਭੇਟਿਆ ਵੇ।

595

ਰਾਂਝੇ ਨੇ ਉੱਚੀ ਉੱਚੀ ਫ਼ਰਿਆਦ ਕੀਤੀ

ਕੂ ਕੂ ਕੀਤਾਇ ਕੂਕ ਰਾਂਝੇ, ਉੱਚਾ ਕੂਕਦਾ ਚਾਂਗਰਾਂ ਧਰਾਸਦਾ ਈ।

ਬੂ ਬੂ ਮਾਰ ਲਲਕਰਾਂ ਕਰੇ ਧੁੰਮਾਂ, ਰਾਜੇ ਪੁੱਛਿਆ ਸ਼ੋਰ ਵਸਵਾਸ ਦਾ ਈ।

ਰਾਂਝੇ ਆਖਿਆ ਰਾਜਿਆ ਚਿਰੀਂ ਜੀਵੇਂ, ਕਰਮ ਰਬ ਦਾ ਫ਼ਿਕਰ ਗਮ ਕਾਸ ਦਾ ਈ।

ਹੁਕਮ ਮੁਲਕ ਦਿੱਤਾ ਤੈਨੂੰ ਰੱਬ ਸੱਚੇ, ਤੇਰਾ ਰਾਜ ਤੇ ਹੁਕਮ ਆਕਾਸ਼ ਦਾ ਈ।

ਤੇਰੀ ਧਾਂਕ ਪਈ ਏ ਰੂਮ ਸ਼ਾਮ ਅੰਦਰ, ਬਾਦਸ਼ਾਹ ਡਰੇ ਆਸ ਪਾਸ ਦਾ ਈ।

ਤੇਰੇ ਰਾਜ ਵਿੱਚ ਬਿਨਾ ਤਕਸੀਰ ਲੁਟਿਆ, ਨਾ ਗੁਨਾਹ ਤੇ ਨਾ ਕੋਈ ਵਾਸਤਾ ਈ।

ਮੱਖੀ ਫਾਸਦੀ ਸ਼ਹਿਦ ਵਿੱਚ ਹੋ ਨੇੜੇ, ਵਾਰਿਸ ਸ਼ਾਹ ਏਸ ਜਗ ਵਿੱਚ ਫਾਸਦਾ ਈ।

596

ਰਾਜੇ ਦਾ ਹੁਕਮ

ਰਾਜੇ ਹੁਕਮ ਕੀਤਾ ਚੜ੍ਹੀ ਫ਼ੌਜ ਬਾਂਕੀ, ਆ ਰਾਹ ਵਿੱਚ ਘੇਰਿਆ ਖੇੜਿਆਂ ਨੂੰ।

ਤੁਸੀਂ ਹੋ ਸਿੱਧੇ ਚਲੋ ਪਾਸ ਰਾਜੇ, ਛਡ ਦਿਉ ਖਾਂ ਛਲ ਦਰੇੜਿਆਂ ਨੂੰ।

ਰਾਜੇ ਆਖਿਆ ਚੋਰ ਨਾ ਜਾਣ ਪਾਵੇ, ਚਲੋ ਛੱਡ ਦੇਵੋ ਝਗੜਿਆਂ ਝੇੜਿਆਂ ਨੂੰ।

ਪਕੜ ਵਿੱਚ ਹਜ਼ੂਰ ਦੇ ਲਿਆਉ ਹਾਜ਼ਰ, ਰਾਹਜ਼ਨਾਂ ਤੇ ਖੋਹੜੂ ਬੇੜ੍ਹਿਆਂ ਨੂੰ।

ਬੰਨ੍ਹ ਖੜਾਂਗੇ ਇੱਕੇ ਤਾਂ ਚਲੋ ਆਪੇ, ਨਹੀਂ ਜਾਣਦੇ ਅਸੀਂ ਬਖੇੜਿਆਂ ਨੂੰ।

ਵਾਰਿਸ ਸ਼ਾਹ ਚੰਦ ਸੂਰਜਾਂ ਗ੍ਰਹਿਣ ਲੱਗੇ, ਉਹ ਭੀ ਫੜੇ ਨੇ ਆਪਣੇ ਫੇੜਿਆਂ ਨੂੰ।

597

ਫ਼ੌਜ ਨੇ ਖੇੜਿਆਂ ਨੂੰ ਰਾਜੇ ਦੇ ਪੇਸ਼ ਕੀਤਾ

ਖੇੜੇ ਰਾਜੇ ਦੇ ਆਣ ਹਜ਼ੂਰ ਕੀਤੇ, ਸੂਰਤ ਬਣੇ ਨੇ ਆਣ ਫ਼ਰਿਆਦੀਆਂ ਦੇ।

ਰਾਂਝੇ ਆਖਿਆ ਖੋਹ ਲੈ ਚੱਲੇ ਨੱਢੀ, ਇਹ ਖੋਹੜੂ ਫੇਰ ਬੇਦਾਦੀਆਂ ਦੇ।

ਮੈਥੋਂ ਖੋਹ ਫ਼ਕੀਰਨੀ ਉਠ ਨੱਠੇ, ਜਿਵੇਂ ਪੈਸਿਆਂ ਨੂੰ ਡੂਮ ਸ਼ਾਦੀਆਂ ਦੇ।

ਮੇਰਾ ਨਿਆਉਂ ਤੇਰੇ ਅੱਗੇ ਰਾਏ ਸਾਹਿਬ, ਇਹ ਵੱਡੇ ਦਰਬਾਰ ਨੇ ਆਦੀਆਂ ਦੇ।

ਚੇਤਾਂ ਦਾੜ੍ਹੀਆਂ ਪਗੜੀਆਂ ਵੇਖ ਭੁੱਲੇਂ, ਸ਼ੈਤਾਨ ਨੇ ਅੰਦਰੋਂ ਵਾਦੀਆਂ ਦੇ।

ਵਾਰਿਸ ਬਾਹਰੋਂ ਸੂਹੇ ਤੇ ਸਿਆਹ ਅੰਦਰੋਂ, ਤੰਬੂ ਹੋਣ ਜਿਵੇਂ ਮਾਲਜ਼ਾਦੀਆਂ ਦੇ।

598

ਰਾਜੇ ਕੋਲ ਖੇੜਿਆਂ ਦੀ ਫ਼ਰਿਆਦ

ਖੇੜਿਆਂ ਜੋੜ ਕੇ ਹੱਥ ਫ਼ਰਿਆਦ ਕੀਤੀ, ਨਹੀਂ ਵਖ਼ਤ ਹੁਣ ਜ਼ੁਲਮ ਕਮਾਵਣੇ ਦਾ।

ਇਹ ਠਗ ਹੈ ਮਹਿਜ਼ਰੀ ਵੱਡਾ ਘੁੱਠਾ, ਸਿਹਰ ਜਾਣਦਾ ਸਰ੍ਹੋਂ ਜਮਾਵਣੇ ਦਾ।

ਵਿਹੜੇ ਵੜਦਿਆਂ ਨਢੀਆਂ ਮੋਹ ਲੈਂਦਾ, ਇਸ ਥੇ ਇਲਮ ਜੇ ਰੰਨਾਂ ਵਲਾਵਣੇ ਦਾ।

ਸਾਡੀ ਨੂੰਹ ਨੂੰ ਇੱਕ ਦਿਨ ਸੱਪ ਲੜਿਆ, ਉਹ ਵਖ਼ਤ ਸੀ ਮਾਂਦਰੀ ਲਿਆਵਣੇ ਦਾ।

ਸਹਿਤੀ ਦੱਸਿਆ ਜੋਗੀੜਾ ਬਾਗ਼ ਕਾਲੇ, ਢਬ ਜਾਣਦਾ ਝਾੜਿਆਂ ਪਾਵਣੇ ਦਾ।

ਮੰਤਰ ਝਾੜਣੇ ਨੂੰ ਅਸਾਂ ਸਦ ਆਂਦਾ, ਸਾਨੂੰ ਕੰਮ ਸੀ ਜਿੰਦ ਛੁਡਾਵਣੇ ਦਾ।

ਲੈਂਦੋ ਦੋਹਾਂ ਨੂੰ ਰਾਤੋ ਹੀ ਰਾਤ ਨੱਠਾ, ਫ਼ਕਰ ਵਲੀ ਅੱਲਾਹ ਪਹਿਰਾਵਣੇ ਦਾ।

ਵਿੱਚੋਂ ਚੋਰ ਤੇ ਬਾਹਰੋਂ ਸਾਧ ਦਿੱਤੇ, ਇਸ ਥੇ ਵੱਲ ਜੇ ਭੇਖ ਵਟਾਵਣੇ ਦਾ।

ਰਾਜੇ ਚੋਰਾਂ ਤੇ ਯਾਰਾਂ ਨੂੰ ਮਾਰਦੇ ਨੇ, ਸੂਲੀ ਰਸਮ ਹੈ ਚੋਰ ਚੜ੍ਹਾਵਣੇ ਦਾ।

ਭਲਾ ਕਰੋ ਤਾਂ ਏਸ ਨੂੰ ਮਾਰ ਸੁੱਟੋ, ਵਕਤ ਆਇਆ ਹੈ ਚੋਰ ਮੁਕਾਵਣੇ ਦਾ।

ਵਾਰਿਸ ਸ਼ਾਹ ਤੋਂ ਅਮਲ ਹੀ ਪੁੱਛਈਣਗੇ, ਵਖ਼ਤ ਆਵਸੀ ਅਮਲ ਤੁਲਾਵਣੇ ਦਾ।

599

ਰਾਂਝਾ

ਰਾਂਝੇ ਆਖਿਆ ਸੁਹਣੀ ਰੰਨ ਡਿੱਠੀ, ਮਗਰ ਲਗ ਮੇਰੇ ਆ ਘੇਰਿਆ ਨੇ।

ਨੱਠਾ ਖ਼ੌਫ਼ ਥੋਂ ਇਹ ਸਨ ਦੇਸ ਵਾਲੇ, ਪਿੱਛੇ ਕਟਕ ਅਜ਼ਗ਼ੈਬ ਦਾ ਛੇੜਿਆ ਨੇ।

ਪੰਜਾਂ ਪੀਰਾਂ ਦੀ ਇਹ ਮੁਜਾਉਰਨੀ ਏ, ਇਹਨਾਂ ਕਿਧਰੋਂ ਸਾਕ ਸਹੇੜਿਆ ਨੇ।

ਸਭ ਰਾਜਿਆਂ ਏਨ੍ਹਾਂ ਨੂੰ ਧੱਕ ਦਿੱਤਾ, ਤੇਰੇ ਮੁਲਕ ਵਿੱਚ ਆਇ ਕੇ ਛੇੜਿਆ ਨੇ।

ਵੇਖੋ ਵਿੱਚ ਦਰਬਾਰ ਦੇ ਝੂਠ ਬੋਲਣ, ਇਹ ਵੱਡਾ ਹੀ ਫੇੜਣਾ ਫੇੜਿਆ ਨੇ।

ਮਜਰੂਹ ਸਾਂ ਗ਼ਮਾਂ ਦੇ ਨਾਲ ਭਰਿਆ, ਮੇਰਾ ਅੱਲੜਾ ਘਾਉ ਉਚੇੜਿਆ ਨੇ।

ਕੋਈ ਰੋਜ਼ ਜਹਾਨ ਤੇ ਵਾਉ ਲੈਣੀ, ਭਲਾ ਹੋਇਆ ਨਾ ਚਾਇ ਨਿਬੇੜਿਆ ਨੇ।

ਆਪ ਵਾਰਸੀ ਬਣੇ ਏਸ ਵਹੁਟੜੀ ਦੇ, ਮੈਨੂੰ ਮਾਰ ਕੇ ਚਾਇ ਖਦੇੜਿਆ ਨੇ।

ਰਾਜਾ ਪੁੱਛਦਾ ਕਰਾਂ ਮੈਂ ਕਤਲ ਸਾਰੇ, ਤੇਰੀ ਚੀਜ਼ ਨੂੰ ਜ਼ਰਾ ਜੇ ਛੇੜਿਆ ਨੇ।

ਸੱਚ ਆਖ ਤੂੰ ਖੁਲ੍ਹ ਕੇ ਕਰਾਂ ਪੁਰਜ਼ੇ, ਕੋਈ ਬੁਰਾ ਇਸ ਨਾਲ ਜੇ ਫੇੜਿਆ ਨੇ।

ਛਡ ਅਰਲੀਆਂ ਜੋਗ ਭਜਾਇ ਨੱਠੇ, ਪਰ ਖੂਹ ਨੂੰ ਅਜੇ ਨਾ ਗੇੜਿਆ ਨੇ।

ਵਾਰਿਸ ਸ਼ਾਹ ਮੈਂ ਗਿਰਦ ਹੀ ਰਹਿਆ ਭੌਂਦਾ, ਸੁਰੇਮ ਸੁਰਮਚੂ ਨਹੀਂ ਲਿਬੇੜਿਆ ਨੇ।

600

ਜਵਾਬ ਰਾਜੇ ਦਾ

ਰਾਜੇ ਆਖਿਆ ਤੁਸਾਂ ਤਕਸੀਰ ਕੀਤੀ, ਏਹ ਵੱਡਾ ਫ਼ਕੀਰ ਰੰਜਾਣਿਆ ਜੇ।

ਨਕ ਕੰਨ ਵਢਾਇਕੇ ਦਿਆਂ ਸੂਲੀ, ਐਵੇਂ ਗਈ ਇਹ ਗੱਲ ਨਾ ਜਾਣਿਆ ਜੇ।

ਰੱਜੇ ਜਟ ਨਾ ਜਾਣਦੇ ਕਿਸੇ ਤਾਈਂ, ਤੁਸੀਂ ਅਪਣੀ ਕਦਰ ਪਛਾਣਿਆ ਜੇ।

ਰੰਨਾਂ ਖੋਹ ਫ਼ਕੀਰਾਂ ਦੀਆਂ ਰਾਹ ਮਾਰੋ, ਤੰਬੂ ਗਰਬ ਗੁਮਾਨ ਦਾ ਤਾਣਿਆ ਜੇ।

ਰਾਤੀਂ ਚੋਰ ਤੇ ਦਿਨੇ ਉਧਾਲਿਆਂ ਤੇ, ਸ਼ੈਤਾਨ ਵਾਂਗੂੰ ਜਗ ਰਾਣਿਆ ਜੇ।

ਕਾਜ਼ੀ ਸ਼ਰ੍ਹਾ ਦਾ ਤੁਸਾਂ ਨੂੰ ਕਰੇ ਝੂਠਾ, ਮੌਜ ਸੂਲੀਆਂ ਦੀ ਤੁਸੀਂ ਮਾਣਿਆ ਜੇ।

ਇਹ ਨਿਤ ਹੰਕਾਰ ਨਾ ਮਾਲ ਰਹਿੰਦੇ, ਕਦੀ ਮੌਤ ਤਹਿਕੀਕ ਪਛਾਣਿਆ ਜੇ।

ਵਾਰਿਸ ਸ਼ਾਹ ਸਰਾਏ ਦੀ ਰਾਤ ਵਾਂਗੂੰ, ਦੁਨੀਆ ਖ਼ਾਬ ਖ਼ਿਆਲ ਕਰ ਜਾਣਿਆ ਜੇ।

601

ਸ਼ਰ੍ਹਾ ਦੇ ਮਹਿਕਮੇ ਵਿੱਚ ਪੇਸ਼ੀ

ਜਦੋਂ ਸ਼ਰ੍ਹਾ ਦੇ ਆਣ ਕੇ ਰਜੂਹ ਹੋਏ, ਕਾਜ਼ੀ ਆਖਿਆ ਕਰੋ ਬਿਆਨ ਮੀਆਂ।

ਦਿਉ ਖੋਲ੍ਹ ਸੁਣਾਇ ਕੇ ਬਾਤ ਸਾਰੀ, ਕਰਾਂ ਉਮਰ ਖ਼ਿਤਾਬ ਦਾ ਨਿਆਂ ਮੀਆਂ।

ਖੇੜੇ ਆਖਿਆ ਹੀਰ ਸੀ ਸਾਕ ਚੰਗਾ, ਘਰ ਚੂਚਕ ਸਿਆਲ ਦੇ ਜਾਣ ਮੀਆਂ।

ਅਜੂ ਖੇੜੇ ਦੇ ਪੁੱਤਰ ਨੂੰ ਖ਼ੈਰ ਕੀਤਾ, ਹੋਰ ਲਾ ਥੱਕੇ ਲੋਕ ਤਾਣ ਮੀਆਂ।

ਜੰਞ ਜੋੜ ਕੇ ਅਸਾਂ ਵਿਆਹ ਲਿਆਂਦੀ, ਟਕੇ ਖ਼ਰਚ ਕੀਤੇ ਖ਼ੈਰ ਦਾਨ ਮੀਆਂ।

ਲੱਖ ਆਦਮਾਂ ਦੇ ਢੁੱਕੀ ਲਖਮੀ ਸੀ, ਹਿੰਦੂ ਜਾਣਦੇ ਤੇ ਮੁਸਲਮਾਨ ਮੀਆਂ।

ਦੋਦ ਰਸਮ ਕੀਤੀ, ਮੁੱਲਾਂ ਸਦ ਆਂਦਾ, ਜਿਸ ਨੂੰ ਹਿਫਜ਼ ਸੀ ਫ਼ਿਕਾ ਕੁਰਾਨ ਮੀਆਂ।

ਮੁੱਲਾਂ ਸ਼ਾਹਦਾਂ ਨਾਲ ਵਕੀਲ ਕੀਤੇ, ਜਿਵੇਂ ਲਿਖਿਆ ਵਿੱਚ ਕੁਰਾਨ ਮੀਆਂ।

ਅਸਾਂ ਲਾਇਕੇ ਦੰਮ ਵਿਆਹ ਆਂਦੀ, ਦੇਸ ਮੁਲਕ ਰਹਿਆ ਸਭੋ ਜਾਣ ਮੀਆਂ।

ਰਾਵਣ ਵਾਂਗ ਲੈ ਚਲਿਆ ਸੀਤਾ ਤਾਈਂ, ਇਹ ਛੋਹਰਾ ਤੇਜ਼ ਜ਼ਬਾਨ ਮੀਆਂ।

ਵਾਰਿਸ ਸ਼ਾਹ ਨੂੰਹ ਰਹੇ ਜੇ ਕਿਵੇਂ ਸਾਥੇ, ਰੱਬਾ ਜ਼ੁਮਲ ਦਾ ਰਹੇ ਈਮਾਨ ਮੀਆਂ।

602

ਰਾਜੇ ਨੇ ਪੁੱਛਿਆ

ਰਾਜਾ ਆਖਦਾ ਪੁੱਛੋ ਖਾਂ ਇਹ ਛਾਪਾ, ਕਿੱਥੋਂ ਦਾਮਨੇ ਨਾਲ ਚਮੋੜਿਆ ਜੇ।

ਰਾਹ ਜਾਂਦੜੇ ਕਿਸੇ ਨਾ ਪੌਣ ਚੰਬੜ, ਇਹ ਭੂਤਨਾ ਕਿੱਥੋਂ ਸਹੇੜਿਆ ਜੇ।

ਸਾਰੇ ਮੁਲਕ ਜੋ ਝਗੜਦਾ ਨਾਲ ਫਿਰਿਆ, ਕਿਸੇ ਹਟਕਿਆ ਨਾਹੀਂ ਹੋੜਿਆ ਜੇ।

ਵਾਰਿਸ ਸ਼ਾਹ ਕਸੁੰਭੇ ਦੇ ਫੋਗ ਵਾਂਗੂੰ, ਉਹਦਾ ਅਕਰਾ ਰਸਾ ਨਿਚੋੜਿਆ ਜੇ।

603

ਖੇੜਿਆਂ ਦਾ ਉੱਤਰ

ਕਿਤੋਂ ਆਇਆ ਕਾਲ ਵਿੱਚ ਭੁੱਖ ਮਰਦਾ, ਇਹ ਚਾਕ ਸੀ ਮਹਿਰ ਦੀਆਂ ਖੋਲੀਆਂ ਦਾ।

ਲੋਕ ਕਰਨ ਵਿਚਾਰ ਜਵਾਨ ਬੇਟੀ, ਉਹਨੂੰ ਫ਼ਿਕਰ ਸ਼ਰੀਕਾਂ ਦੀਆਂ ਬੋਲੀਆਂ ਦਾ।

ਛੈਲ ਨੱਢੜੀ ਵੇਖ ਕੇ ਮਗਰ ਲੱਗਾ, ਹਿਲਿਆ ਹੋਇਆ ਸਿਆਲਾਂ ਦੀਆਂ ਗੋਲੀਆਂ ਦਾ।

ਮਹੀਂ ਚਾਰ ਕੇ ਮੱਚਿਆ ਦਾਅਵਿਆਂ ਤੇ, ਹੋਇਆ ਵਾਰਸੀ ਸਾਡੀਆਂ ਡੋਲੀਆਂ ਦਾ।

ਮੌਜੂ ਚੌਧਰੀ ਦਾ ਪੁੱਤ ਆਖਦੇ ਸਨ, ਪਿਛਲੱਗ ਹਜ਼ਾਰੇ ਦੀਆਂ ਧੋਲੀਆਂ ਦਾ।

ਹੱਕ ਕਰੀਂ ਜੋ ਉਮਰ ਖ਼ਿਤਾਬ ਕੀਤਾ, ਹੱਥ ਵੱਢਣਾ ਝੂਠਿਆਂ ਰੋਲੀਆਂ ਦਾ।

ਨੌਸ਼ੀਰਵਾਂ ਗਧੇ ਦਾ ਅਦਲ ਕੀਤਾ, ਅਤੇ ਕੰਜਰੀ ਅਦਲ ਤੰਬੋਲੀਆਂ ਦਾ।

ਨਾਦ ਖੱਪਰੀ ਠਗੀ ਦੇ ਬਾਬ ਸਾਰੇ, ਚੇਤਾ ਕਰੀਂ ਧਿਆਨ ਜੇ ਝੋਲੀਆਂ ਦਾ।

ਮੰਤਰ ਮਾਰ ਕੇ ਖੰਭ ਦਾ ਕਰੇ ਕੁੱਕੜ, ਬੇਰ ਨਿੰਮ ਦੀਆਂ ਕਰੇ ਨਮੋਲੀਆਂ ਦਾ।

ਕੰਘੀ ਲੋਹੇ ਦੀ ਤਾਇ ਕੇ ਪਟੇ ਵਾਹੇ, ਸਰਦਾਰ ਹੈ ਵੱਡੇ ਕੰਬੋਲੀਆਂ ਦਾ।

ਅੰਬ ਬੀਜ ਤੰਦੂਰ ਵਿੱਚ ਕਰੇ ਹਰਿਆ, ਬਣੇ ਮੱਕਿaੁਂ ਬਾਲਕਾ ਔਲੀਆਂ ਦਾ।

ਵਾਰਿਸ ਸ਼ਾਹ ਸਭ ਐਬ ਦਾ ਰਬ ਮਹਿਰਮ, ਐਵੇਂ ਸਾਂਗ ਹੈ ਪਗੜੀਆਂ ਪੋਲੀਆਂ ਦਾ।

604

ਕਾਜ਼ੀ ਤੇ ਰਾਂਝਾ

ਕਾਜ਼ੀ ਆਖਿਆ ਬੋਲ ਫ਼ਕੀਰ ਮੀਆਂ, ਛੱਡ ਝੂਠ ਦੇ ਦੱਬ ਦਰੇੜਿਆਂ ਨੂੰ।

ਅਸਲ ਗੱਲ ਸੋ ਆਖ ਦਰਗਾਹ ਅੰਦਰ, ਲਾ ਤਜ਼ੱਕਰ ਝਗੜਿਆਂ ਝੇੜਿਆਂ ਨੂੰ।

ਸਾਰੇ ਦੇਸ ਵਿੱਚ ਠਿੱਠ ਹੋ ਸਣੇ ਨੱਢੀ, ਦੋਵੇਂ ਫੜੇ ਹੋ ਆਪਣੇ ਫੇੜਿਆਂ ਨੂੰ।

ਪਿੱਛੇ ਮੇਲ ਕੇ ਚੋਇਆ ਰਿੜਕਿਆਈ, ਉਹ ਰੁੰਨਾਂ ਸੀ ਵਖ਼ਤ ਸਹੇੜਿਆਂ ਨੂੰ।

ਭਲੇ ਜੱਟਾਂ ਦੀ ਸ਼ਰਮ ਤੂੰ ਲਾਹ ਸੁੱਟੀ, ਖਵਾਰ ਕੀਤਾ ਈ ਸਿਆਲਾਂ ਤੇ ਖੇੜਿਆਂ ਨੂੰ।

ਪਹਿਲਾਂ ਸੱਦਿਆ ਆਣ ਕੇ ਦਾਅਵਿਆਂ ਤੇ, ਸਲਾਮ ਹੈ ਵਲ ਛਲਾਂ ਤੇਰਿਆਂ ਨੂੰ।

ਆਭੂ ਭੁੰਨਦਿਆਂ ਝਾੜ ਕੇ ਚੱਬ ਚੁੱਕੋਂ, ਹੁਣ ਵਹੁਟੜੀ ਦੇਹ ਇਹ ਖੇੜਿਆਂ ਨੂੰ।

ਆਓ ਵੇਖ ਲੌ ਸੁਣਨ ਗਿਣਨ ਵਾਲਿਉ ਵੇ, ਏਹ ਮਲਾਹ ਜੇ ਡੋਬਦੇ ਬੋੜਿਆਂ ਨੂੰ।

ਦੁਨੀਆਂਦਾਰ ਨੂੰ ਔਰਤਾਂ ਜ਼ੁਹਦ ਫ਼ੱਕਰਾਂ, ਮੀਆਂ ਛਡ ਦੇ ਸ਼ੁਹਦਿਆਂ ਝੇੜਿਆਂ ਨੂੰ।

ਕਾਜ਼ੀ ਬਹੁਤ ਜੇ ਆਂਵਦਾ ਤਰਸ ਤੈਨੂੰ, ਬੇਟੀ ਅਪਣੀ ਬਖ਼ਸ਼ ਦੇ ਖੇੜਿਆਂ ਨੂੰ।

ਨਿਤ ਮਾਲ ਪਰਾਏ ਹਨ ਚੋਰ ਖਾਂਦੇ, ਇਹ ਦੱਸ ਮਸਲੇ ਰਾਹੀਂ ਭੇੜਿਆਂ ਨੂੰ।

ਛਡ ਜਾ ਹਿਆਉ ਦੇ ਨਾਲ ਜੱਟੀ, ਨਹੀਂ ਜਾਣਸੇਂ ਦੁੱਰਿਆਂ ਮੇਰਿਆਂ ਨੂੰ।

ਐਬੀ ਕੁਲ ਜਹਾਨ ਦੇ ਪਕੜੀਅਣਗੇ, ਵਾਰਿਸ ਸ਼ਾਹ ਫ਼ਕੀਰ ਦੇ ਫੇੜਿਆਂ ਨੂੰ।

605

ਕਾਜ਼ੀ ਦਾ ਗ਼ੁੱਸਾ ਤੇ ਹੀਰ ਖੇੜਿਆਂ ਨੂੰ ਦਿੱਤੀ

ਕਾਜ਼ੀ ਖੋਹ ਦਿੱਤੀ ਹੀਰ ਖੇੜਿਆਂ ਨੂੰ, ਮਾਰੋ ਇਹ ਫ਼ਕੀਰ ਦਗ਼ੋਲੀਆ ਜੇ।

ਵਿੱਚੋਂ ਚੋਰ ਤੇ ਯਾਰ ਤੇ ਲੁੱਚ ਲੁੰਡਾ, ਵੇਖੋ ਬਾਹਰੋਂ ਵਲੀ ਤੇ ਔਲੀਆ ਜੇ।

ਦਗ਼ਾਦਾਰ ਤੇ ਝਾਗੜੂ ਕਲਾਕਾਰੀ, ਬਣ ਫ਼ਿਰੇ ਮਸ਼ਇਖ਼ ਤੇ ਔਲੀਆ ਜੇ।

ਵਾਰਿਸ ਦਗ਼ੇ ਤੇ ਆਵੇ ਤਾਂ ਸਫ਼ਾਂ ਗਾਲੇ, ਅਖੀਂ ਮੀਟ ਬਹੇ ਜਾਪੇ ਰੌਲੀਆ ਜੇ।

606

ਖੇੜੇ ਹੀਰ ਨੂੰ ਲੈ ਕੇ ਤੁਰ ਪਏ

ਹੀਰ ਖੋਹ ਖੇੜੇ ਚਲੇ ਵਾਹੋ ਦਾਹੀ, ਰਾਂਝਾ ਰਹਿਆ ਮੂੰਹ ਗੁੰਝ ਹੈਰਾਨ ਯਾਰੋ।

ਉਡ ਜਾਏ ਕਿ ਨਿਘਰੇ ਗ਼ਰਕ ਹੋਵੇ, ਵੇਹਲ ਦੇਵਸ ਨਾ ਜ਼ਿਮੀਂ ਅਸਮਾਨ ਯਾਰੋ।

ਖੇਪ ਮਾਰ ਲਏ ਖੇਤੜੇ ਸੜੇ ਬੋਹਲ, ਹੁੱਕੇ ਅਮਲੀਆਂ ਦੇ ਰੁੜ੍ਹ ਜਾਣ ਯਾਰੋ।

ਡੋਰਾਂ ਵੇਖ ਕੇ ਮੀਰ ਸ਼ਿਕਾਰ ਰੋਵਣ, ਹੱਥੋਂ ਜਿਨ੍ਹਾਂ ਦਿਉਂ ਬਾਜ਼ ਉਡ ਜਾਣ ਯਾਰੋ।

ਉਹਨਾਂ ਹੋਸ਼ ਤੇ ਅਕਲ ਨਾ ਤਾਣ ਰਹਿੰਦਾ, ਸਿਰੀਂ ਜਿਨ੍ਹਾਂ ਦੇ ਪੌਣ ਵਦਾਨ ਯਾਰੋ।

ਹੀਰ ਲਾਹ ਕੇ ਘੁੰਢ ਹੈਰਾਨ ਹੋਈ, ਸਤੀ ਚਿੱਖਾ ਦੇ ਵਿੱਚ ਮੈਦਾਨ ਯਾਰੋ।

ਤਿੱਖਾ ਦੀਦੜਾ ਵਾਂਗ ਮਹਾ ਸਤੀ ਦੇ, ਮੱਲ ਖੜੀ ਸੀ ਇਸ਼ਕ ਮੈਦਾਨ ਯਾਰੋ।

ਵਿੱਚ ਓਢਣੀ ਸਹਿਮ ਦੇ ਨਾਲ ਜੱਟੀ, ਜਿਵੇਂ ਵਿੱਚ ਕਿਰਬਾਨ ਕਮਾਨ ਯਾਰੋ।

ਖੂੰਡੇ ਅਤੇ ਚੌਗਾਨ ਲੈ ਦੇਸ ਨੱਠਾ, ਵੇਖਾਂ ਕਿਹੜੇ ਫੁੰਡ ਲੈ ਜਾਣ ਯਾਰੋ।

ਚੁਪ ਸੱਲ ਹੋ ਬੋਲਣੋਂ ਰਹੀ ਜੱਟੀ, ਬਿਨਾਂ ਰੂਹ ਦੇ ਜਿਵੇਂ ਇਨਸਾਨ ਯਾਰੋ।

ਵਾਰਿਸ ਸ਼ਾਹ ਦੋਵੇਂ ਪਰੇਸ਼ਾਨ ਹੋਏ, ਜਿਵੇਂ ਪੜ੍ਹਿਆ ਲਾਹੌਲ ਸ਼ੈਤਾਨ ਯਾਰੋ।

607

ਰਾਂਝਾ ਹੀਰ ਨੂੰ

ਰਾਂਝਾ ਆਖਦਾ ਜਾਹ ਕੀ ਵੇਖਦੀ ਹੈਂ, ਬੁਰਾ ਮੌਤ ਥੀਂ ਏਹ ਵਿਜੋਗ ਹੈ ਨੀ।

ਪਏ ਧਾੜਵੀ ਲੁਟ ਲੈ ਚੱਲੇ ਮੈਨੂੰ, ਏਹ ਦੁੱਖ ਕੀ ਜਾਣਦਾ ਲੋਗ ਹੈ ਨੀ।

ਮਿਲੀ ਸੈਦੇ ਨੂੰ ਹੀਰ ਤੇ ਸਵਾਹ ਮੈਨੂੰ, ਤੇਰਾ ਨਾਮ ਦਾ ਅਸਾਂ ਨੂੰ ਟੋਗ ਹੈ ਨੀ।

ਬੁੱਕਲ ਲੇਫ ਦੀ ਤੇ ਜੱਫੀ ਵਹੁਟੀਆਂ ਦੀ, ਇਹ ਰੁਤ ਸਿਆਲ ਦਾ ਭੋਗ ਹੈ ਨੀ।

ਸੌਂਕਣ ਰੰਨ ਗਵਾਂਢ ਕੁਪੱਤਿਆਂ ਦਾ, ਭਲੇ ਮਰਦ ਦੇ ਬਾਬ ਦਾ ਰੋਗ ਹੈ ਨੀ।

ਖ਼ੁਸ਼ੀ ਨਿਤ ਹੋਵਣ ਮਰਦ ਫੁੱਲ ਵਾਂਗੂੰ, ਘਰੀਂ ਜਿਨ੍ਹਾਂ ਦੇ ਨਿੱਤ ਦਾ ਸੋਗ ਹੈ ਨੀ।

ਤਿਨ੍ਹਾਂ ਵਿੱਚ ਜਹਾਨ ਕੀ ਮਜ਼ਾ ਪਾਇਆ, ਗਲੇ ਜਿਨ੍ਹਾਂ ਦੇ ਰੇਸ਼ਟਾ ਜੋਗ ਹੈ ਨੀ।

ਜਿਹੜਾ ਬਿਨਾਂ ਖ਼ੁਰਾਕ ਦੇ ਕਰੇ ਕੁਸ਼ਤੀ, ਓਸ ਮਰਦ ਨੂੰ ਜਾਣੀਏ ਫੋਗ ਹੈ ਨੀ।

ਅਸਮਾਨ ਢਹਿ ਪਵੇ ਤਾਂ ਨਹੀਂ ਮਰਦੇ, ਬਾਕੀ ਜਿਨ੍ਹਾਂ ਦੀ ਜ਼ਿਮੀਂ ਤੇ ਚੋਗ ਹੈ ਨੀ।

ਜਦੋਂ ਕਦੋਂ ਮਹਿਬੂਬ ਨਾ ਛੱਡਣਾ ਏਂ, ਕਾਲਾ ਨਾਗ ਖ਼ੁਦਾਇ ਦੇ ਜੋਗ ਹੈ ਨੀ।

ਕਾਉਂ ਕੂੰਜ ਨੂੰ ਮਿਲੀ ਤੇ ਸ਼ੇਰ ਫਾਹਵੀ, ਵਾਰਿਸ ਸ਼ਾਹ ਇਹ ਧੁਰੋਂ ਸੰਜੋਗ ਹੈ ਨੀ।

608

ਤਥਾ

ਬਰ ਵਕਤ ਜੇ ਫ਼ਜ਼ਲ ਦਾ ਮੀਂਹ ਵੱਸੇ, ਬੁਰਾ ਕੌਣ ਮਨਾਂਵਦਾ ਵੁੱਠਿਆਂ ਨੂੰ।

ਲਬ ਯਾਰ ਦੇ ਆਬਿ-ਹਯਾਤ ਬਾਝੋਂ, ਕੌਣ ਜ਼ਿੰਦਗੀ ਬਖ਼ਸ਼ਦਾ ਕੁੱਠਿਆਂ ਨੂੰ।

ਦੋਵੇਂ ਆਹ ਫ਼ਿਰਾਕ ਦੀ ਮਾਰ ਲਈਏ, ਕਰਾਮਾਤ ਮਨਾਵਸੀ ਰੁੱਠਿਆਂ ਨੂੰ।

ਮੀਆਂ ਮਾਰ ਕੇ ਆਹ ਤੇ ਸ਼ਹਿਰ ਸਾੜੋ, ਬਾਦਸ਼ਾਹ ਜਾਣੇਂ ਅਸਾਂ ਮੁੱਠਿਆਂ ਨੂੰ।

ਤੇਰੀ ਮੇਰੀ ਪ੍ਰੀਤ ਗਈ ਲੁੜ੍ਹ ਐਵੇਂ, ਕੌਣ ਮਿਲੈ ਹੈ ਵਾਹਰਾਂ ਛੁੱਟਿਆਂ ਨੂੰ।

ਬਾਝ ਸੱਜਣਾਂ ਪੀੜ-ਵੰਡਾਵਿਆਂ ਦੇ, ਨਿੱਤ ਕੌਣ ਮਨਾਂਵਦਾ ਰੁੱਠਿਆਂ ਨੂੰ।

ਬਿਨਾਂ ਤਾਲਿਆ ਨੇਕ ਦੇ ਕੌਣ ਮੋੜੇ, ਵਾਰਿਸ ਸ਼ਾਹ ਦਿਆਂ ਦਿਹਾਂ ਅਪੁੱਠਿਆਂ ਨੂੰ।

609

ਹੀਰ ਦੀ ਆਹ

ਹੀਰ ਨਾਲ ਫ਼ਿਰਾਕ ਦੇ ਆਹ ਮਾਰੀ, ਰੱਬਾ ਵੇਖ ਅਸਾਡੀਆਂ ਭਖਣ ਭਾਹੀਂ।

ਅੱਗੇ ਅੱਗ ਪਿੱਛੇ ਸੱਪ ਸ਼ੀਂਹ ਪਾਸੀਂ, ਸਾਡੀ ਵਾਹ ਨਾ ਚਲਦੀ ਚੌਹੀਂ ਰਾਹੀਂ।

ਇੱਕੇ ਮੇਲ ਰੰਝੇਟੜਾ ਉਮਰ ਜਾਲਾਂ, ਇੱਕੇ ਦੋਹਾਂ ਦੀ ਉਮਰ ਦੀ ਅਲਖ ਲਾਹੀਂ।

ਏਡਾ ਕਹਿਰ ਕੀਤਾ ਦੇਸ ਵਾਲਿਆਂ ਨੇ, ਏਸ ਸ਼ਹਿਰ ਨੂੰ ਕਾਦਰਾ ਅੱਗ ਲਾਈਂ।

610

ਰਾਂਝੇ ਦੀ ਰੱਬ ਤੋਂ ਮੰਗ

ਰੱਬਾ ਕਹਿਰ ਪਾਈਂ ਕਹਿਰ ਸ਼ਹਿਰ ਉੱਤੇ, ਜਿਹੜਾ ਘੱਤ ਫ਼ਰਊਨ ਡੁਬਾਇਆ ਈ।

ਜਿਹੜਾ ਨਾਜ਼ਲ ਹੋਇਆ ਜ਼ਕਰੀਏ ਤੇ, ਉਹਨੂੰ ਘੱਤ ਸ਼ਰੀਹ ਚਿਰਵਾਇਆ ਈ।

ਜਿਹੜਾ ਪਾਇ ਕੇ ਕਹਿਰ ਦੇ ਨਾਲ ਗ਼ੁੱਸੇ, ਵਿੱਚ ਅੱਗ ਖ਼ਲੀਲ ਪਵਾਇਆ ਈ।

ਜਿਹੜਾ ਪਾਇਕੇ ਕਹਿਰ ਤੇ ਸੁੱਟ ਤਖ਼ਤੋਂ, ਸੁਲੇਮਾਨ ਨੂੰ ਭੱਠ ਝੁਕਾਇਆ ਈ।

ਜਿਹੜੇ ਕਹਿਰ ਦਾ ਯੂਨਸ ਤੇ ਪਿਆ ਬੱਦਲ, ਉਹਨੂੰ ਡੰਭਰੀ ਥੋਂ ਨਿਗਲਾਇਆ ਈ।

ਜਿਹੜੇ ਕਹਿਰ ਤੇ ਗ਼ਜ਼ਬ ਦੀ ਪਕੜ ਕਾਤੀ, ਇਸਮਾਈਲ ਨੂੰ ਜਿਬ੍ਹਾ ਕਰਾਇਆ ਈ।

ਜਿਹੜਾ ਘਤਿਉ ਗ਼ਜ਼ਬ ਤੇ ਵੈਰ ਗ਼ੁੱਸਾ, ਯੂਸਫ਼ ਖੂਹ ਵਿਚ ਬੰਦ ਕਰਵਾਇਆ ਈ।

ਜਿਹੜੇ ਕਹਿਰ ਦੇ ਨਾਲ ਸ਼ਾਹ ਮਰਦਾਂ, ਇਕਸ ਨਫ਼ਰ ਤੋਂ ਕਤਲ ਕਰਾਇਆ ਈ।

ਜਿਹੜੇ ਕਹਿਰ ਦੇ ਨਾਲ ਯਜ਼ੀਦੀਆਂ ਤੋਂ, ਇਮਾਮ ਹੁਸੈਨ ਨੂੰ ਚਾਇ ਕੁਹਾਇਆ ਈ।

ਕੱਕੀ ਫੋਹੜੀ ਤੇਜ਼ ਜ਼ਬਾਨ ਖੋਲ੍ਹੋਂ, ਹਸਨ ਜ਼ਹਿਰ ਦੇ ਨਾਲ ਮਰਵਾਇਆ ਈ।

ਓਹਾ ਕਹਿਰ ਘੱਤੀਂ ਏਸ ਦੇਸ ਉੱਤੇ, ਜਿਹੜਾ ਇਤਨਿਆਂ ਦੇ ਸਿਰ ਆਇਆ ਈ।

611

ਰਾਂਝੇ ਦਾ ਸਰਾਪ

ਰਾਂਝੇ ਹੱਥ ਉਠਾ ਦੁਆ ਮੰਗੀ, ਤੇਰਾ ਨਾਮ ਕਹਾਰ ਜੱਬਾਰ ਸਾਈਂ।

ਤੂੰ ਤਾਂ ਅਪਣੇ ਨਾਉਂ ਨਿਆਉਂ ਪਿੱਛੇ, ਏਸ ਦੇਸ ਤੇ ਗ਼ੈਬ ਦਾ ਗ਼ਜ਼ਬ ਪਾਈ।

ਸਾਰਾ ਸ਼ਹਿਰ ਉਜਾੜਕੇ ਸਾੜ ਸਾਈਆਂ, ਕਿਵੇਂ ਮੁਝ ਗ਼ਰੀਬ ਥੇ ਦਾਦ ਪਾਈਂ।

ਸਾਡੀ ਸ਼ਰਮ ਰਹਿਸੀ ਕਰਾਮਾਤ ਜਾਗੇ, ਬੰਨੇ ਬੇੜੀਆਂ ਸਾਡੀਆਂ ਚਾ ਲਾਈਂ।

ਵਾਰਿਸ ਸ਼ਾਹ ਪੀਰਾ ਸੁਣੀ ਕੂਕ ਸਾਡੀ, ਅੱਜੇ ਰਾਜੇ ਦੇ ਸ਼ਹਿਰ ਨੂੰ ਅੱਗ ਲਾਈਂ।

612

ਤਥਾ

ਜਿਵੇਂ ਇੰਦਰ ਤੇ ਕਹਿਰ ਦੀ ਨਜ਼ਰ ਕਰਕੇ, ਮਹਿਖਾਸਰੋਂ ਪੁਰੀ ਲੁਟਵਾਇਆ ਈ।

ਸੁਰਗਾ ਪੁਰੀ ਅਮਰ ਪੁਰੀ ਇੰਦ ਪੁਰੀਆਂ, ਦੇਵ ਪੁਰੀ ਮੁਖ ਆਸਣ ਲਾਇਆ ਈ।

ਕਹਿਰ ਕਰੀਂ ਜਿਉਂ ਭਦਰਕਾ ਕੋਹ ਮਾਰੀ, ਰੁੰਡ ਮੁੰਡ ਮੁਖਾ ਉੱਤੇ ਧਾਇਆ ਈ।

ਰਕਤ ਬੀਜ ਮਹਿਖਾਸਰੋਂ ਲਾ ਸੱਭੇ, ਪਰਚੰਡ ਕਰ ਪਲਕ ਵਿੱਚ ਆਇਆ ਈ।

ਓਹਾ ਕ੍ਰੋਪ ਕਰ ਜਿਹੜਾ ਪਿਆ ਜੋਗੀ, ਬਿਸ਼ਵਾ ਮਿੱਤਰੋਂ ਖੇਲ ਕਰਵਾਇਆ ਈ।

ਓਹਾ ਕ੍ਰੋਧ ਕਰ ਜਿਹੜਾ ਪਾਇ ਰਾਵਣ, ਰਾਮ ਚੰਦ ਥੋਂ ਲੰਕ ਲੁਟਵਾਇਆ ਈ।

ਓਹਾ ਕ੍ਰੋਪ ਕਰ ਜਿਹੜਾ ਪਾਂਡੋਆਂ ਤੇ, ਚਿਖਾਬੂਹ ਦੇ ਵਿੱਚ ਕਰਵਾਇਆ ਈ।

ਦਰੋਣਾਂ ਚਾਰਜੋਂ ਲਾਇਕੇ ਭੀਮ ਭੀਖਮ ,ਜਿਹੜਾ ਕੈਰਵਾਂ ਦੇ ਗਲ ਪਾਇਆ ਈ।

ਕਹਿਰ ਪਾ ਜੋ ਘਤ ਹਕਨਾਕਸ਼ੇ ਤੇ, ਨਾਲ ਨਖਾਂ ਦੇ ਢਿਡ ਪੜਵਾਇਆ ਈ।

ਘਤ ਕ੍ਰੋਪ ਜੋ ਪਾਇਕੇ ਕੰਸ ਰਾਜੇ, ਬੋਦਾ ਕਾਨ੍ਹ ਥੋਂ ਚਾਇ ਪੁਟਾਇਆ ਈ।

ਘਤ ਕ੍ਰੋਪ ਜੋ ਪਾਇ ਕੁਲਖੇਤਰੇ ਨੂੰ, ਕਈ ਖੂਹਣੀ ਸੈਨਾ ਗਲਵਾਇਆ ਈ।

ਘਤ ਕ੍ਰੋਪ ਜੋ ਦਰੋਪਦੀ ਨਾਲ ਹੋਈ, ਪੱਤ ਨਾਲ ਫਿਰ ਅੰਤ ਬਚਾਇਆ ਈ।

ਜੁਧ ਵਿੱਚ ਜੋ ਰਾਮ ਨਲ ਨੀਲ ਲਛਮਣ, ਕੁੰਭ ਕਰਨ ਦੇ ਬਾਬ ਬਣਾਇਆ ਈ।

ਘਤ ਕ੍ਰੋਪ ਜੋ ਬਾਲੀ ਤੇ ਰਾਮ ਕੀਤਾ, ਅਤੇ ਤਾੜਕਾ ਪਕੜ ਚਿਰਵਾਇਆ ਈ।

ਘਤ ਕ੍ਰੋਪ ਸੁਬਾਹੂ ਮਾਰੀਚ ਮਾਰਿਉ, ਮਹਾ ਦੇਵ ਦਾ ਕੁੰਡ ਭਨਵਾਇਆ ਈ।

ਉਹ ਕ੍ਰੋਪ ਕਰ ਜਿਹੜਾ ਏਨਿਆਂ ਤੇ, ਜੁਗਾ ਜੁਗ ਹੀ ਧੁੰਮ ਕਰਾਇਆ ਈ।

ਉਸ ਦਾ ਆਖਿਆ ਰੱਬ ਮਨਜ਼ੂਰ ਕੀਤਾ, ਤੁਰਤ ਸ਼ਹਿਰ ਨੂੰ ਅੱਗ ਲਗਾਇਆ ਈ।

ਜਦੋਂ ਅੱਗ ਨੇ ਸ਼ਹਿਰ ਨੂੰ ਚੌੜ ਕੀਤਾ, ਧੁੰਮ ਰਾਜੇ ਦੇ ਪਾਸ ਫ਼ਿਰ ਆਇਆ ਈ।

ਵਾਰਿਸ ਸ਼ਾਹ ਮੀਆਂ ਵਾਂਗ ਸ਼ਹਿਰ ਲੰਕਾ, ਚਾਰੋਂ ਤਰਫ਼ ਹੀ ਅੱਗ ਮਚਾਇਆ ਈ।

613

ਸਾਰੇ ਸ਼ਹਿਰ ਨੂੰ ਅੱਗ ਲੱਗਣੀ

ਲੱਗੀ ਅੱਗ ਚੌਤਰਫ਼ ਜਾਂ ਸ਼ਹਿਰ ਸਾਰੇ, ਕੀਤਾ ਸਾਫ਼ ਸਭ ਝੁੱਗੀਆਂ ਝਾਹੀਆਂ ਨੂੰ।

ਸਾਰੇ ਦੇਸ ਵਿੱਚ ਧੁੰਮ ਤੇ ਸ਼ੋਰ ਹੋਇਆ, ਖ਼ਬਰਾਂ ਪਹੁੰਚੀਆਂ ਪਾਂਧੀਆਂ ਰਾਹੀਆਂ ਨੂੰ।

ਲੋਕਾਂ ਆਖਿਆ ਫ਼ਕਰ ਬਦ-ਦੁਆ ਦਿੱਤੀ, ਰਾਜੇ ਭੇਜਿਆ ਤੁਰਤ ਸਿਪਾਹੀਆਂ ਨੂੰ।

ਪਕੜ ਖੇੜਿਆਂ ਨੂੰ ਕਰੋ ਆਣ ਹਾਜ਼ਰ, ਨਹੀਂ ਜਾਣਦੇ ਜ਼ਬਤ ਬਾਦਸ਼ਾਹੀਆਂ ਨੂੰ।

ਜਾ ਘੇਰ ਆਂਦੇ ਚਲੋ ਹੋਓ ਹਾਜ਼ਰ, ਖੇੜੇ ਫੜੇ ਨੇ ਵੇਖ ਲੈ ਗਾਹੀਆਂ ਨੂੰ।

ਵਾਰਿਸ ਸੋਮ ਸਲਵਾਤ ਦੀ ਛੁਰੀ ਕੱਪੇ, ਇਹਨਾਂ ਦੀਨ ਈਮਾਨ ਦੀਆਂ ਫਾਹੀਆਂ ਨੂੰ।

614

ਹੀਰ ਰਾਂਝੇ ਨੂੰ ਮਿਲੀ

ਹੀਰ ਖੋਹ ਕੇ ਰਾਂਝੇ ਦੇ ਹੱਥ ਦਿੱਤੀ, ਕਰੀਂ ਜੋਗੀਆ ਖ਼ੈਰ ਦੁਆ ਮੀਆਂ।

ਰਾਂਝੇ ਹੱਥ ਉਠਾ ਕੇ ਦੁਆ ਦਿੱਤੀ, ਤੂੰ ਹੈਂ ਜਲ ਜਲਾਲ ਖ਼ੁਦਾ ਮੀਆਂ।

ਤੇਰੇ ਹੁਕਮ ਤੇ ਮੁਲਕ ਤੇ ਖ਼ੈਰ ਹੋਵੇ, ਤੇਰੀ ਦੂਰ ਹੋ ਕੁੱਲ ਬਲਾ ਮੀਆਂ।

ਅੰਨ ਧੰਨ ਤੇ ਲਛਮੀ ਹੁਕਮ ਦੌਲਤ, ਨਿਤ ਹੋਵਣੀ ਦੂਣ ਸਵਾ ਮੀਆਂ।

ਘੋੜੇ ਊਠ ਹਾਥੀ ਦਮ ਤੋਪ ਖ਼ਾਨੇ, ਹਿੰਦ ਸਿੰਧ ਤੇ ਹੁਕਮ ਚਲਾ ਮੀਆਂ।

ਵਾਰਿਸ ਸ਼ਾਹ ਰਬ ਨਾਲ ਹਿਆ ਰੱਖੇ, ਮੀਟੀ ਮੁਠ ਹੀ ਦੇ ਲੰਘਾ ਮੀਆਂ।

615

ਰਾਂਝਾ

ਲੈ ਕੇ ਚਲਿਆ ਆਪਣੇ ਦੇਸ ਤਾਈਂ, ਚਲ ਨੱਢੀਏ ਰੱਬ ਵਧਾਈਏਂ ਨੀ।

ਚੌਧਰਾਣੀਏ ਤਖ਼ਤ ਹਜ਼ਾਰੇ ਦੀਏ, ਪੰਜਾਂ ਪੀਰਾਂ ਨੇ ਆਣ ਬਹਾਈਏਂ ਨੀ।

ਕੱਢ ਖੇੜਿਆਂ ਤੋਂ ਰੱਬ ਦਿੱਤੀਏ ਤੂੰ, ਅਤੇ ਮੁਲਕ ਪਹਾੜ ਪਹੁੰਚਾਈਏਂ ਨੀ।

ਹੀਰ ਆਖਿਆ ਇਵੇਂ ਜੇ ਜਾ ਵੜਸਾਂ, ਰੰਨਾ ਆਖਸਣ ਉਧਲੇ ਆਈਏਂ ਨੀ।

ਪੇਈਏ ਸਹੁਰੇ ਡੋਬ ਕੇ ਗਾਲਿਉ ਨੀ, ਖੋਹ ਕੌਣ ਨਵਾਲੀਆਂ ਆਈਏਂ ਨੀ।

ਲਾਵਾਂ ਫੇਰਿਆਂ ਅਕਦ ਨਕਾਹ ਬਾਝੋਂ, ਐਵੇਂ ਬੋਦਲੀ ਹੋਇਕੇ ਆਈਏਂ ਨੀ।

ਘੱਤ ਜਾਦੂੜਾ ਦੇਵ ਨੇ ਪਰੀ ਠੱਗੀ, ਹੂਰ ਆਦਮੀ ਦੇ ਹੱਥ ਆਈਏਂ ਨੀ।

ਵਾਰਿਸ ਸ਼ਾਹ ਪਰੇਮ ਦੀ ਜੜੀ ਘੱਤੀ, ਮਸਤਾਨੜੇ ਚਾਕ ਰਹਾਈਏਂ ਨੀ।

616

ਹੀਰ

ਰਾਹੇ ਰਾਹ ਜਾਂ ਸਿਆਲਾਂ ਦੀ ਜੂਹ ਆਈ, ਹੀਰ ਆਖਿਆਂ ਵੇਖ ਲੈ ਜੂਹ ਮੀਆਂ।

ਜਿੱਥੋਂ ਖੇਡਦੇ ਗਏ ਸਾਂ ਚੋਜ ਕਰਦੇ, ਤਕਦੀਰ ਲਾਹੇ ਵਿੱਚ ਖੂਹ ਮੀਆਂ।

ਜਦੋਂ ਜੰਞ ਆਈ ਘਰ ਖੇੜਿਆਂ ਦੀ, ਤੂਫ਼ਾਨ ਆਇਆ ਸਿਰ ਨੂਹ ਮੀਆਂ।

ਇਹ ਥਾਂਉ ਜਿੱਥੇ ਕੈਦੋ ਫਾਂਟਿਆ ਸੀ, ਨਾਲ ਸੇਲ੍ਹੀਆਂ ਬੰਨ੍ਹ ਧਰੂਹ ਮੀਆਂ।

617

ਸਿਆਲਾਂ ਨੂੰ ਖ਼ਬਰ ਹੋਣੀ

ਮਾਹੀਆਂ ਆਖਿਆ ਜਾ ਕੇ ਵਿੱਚ ਸਿਆਲੀਂ, ਨਢੀ ਹੀਰ ਨੂੰ ਚਾਕ ਲੈ ਆਇਆ ਜੇ।

ਦਾੜ੍ਹੀ ਖੇੜਿਆਂ ਦੀ ਸੱਭਾ ਮੁੰਨ ਸੁੱਟੀ, ਪਾਣੀ ਇੱਕ ਫੂਹੀ ਨਾਹੀਂ ਲਾਇਆ ਜੇ।

ਸਿਆਲਾਂ ਆਖਿਆ ਪਰ੍ਹਾਂ ਨਾ ਜਾਣ ਕਿਤੇ, ਜਾ ਕੇ ਨੱਢੜੀ ਨੂੰ ਘਰੀਂ ਲਿਆਇਆ ਜੇ।

ਆਖੋ ਰਾਂਝੇ ਨੂੰ ਜੰਞ ਬਣਾ ਲਿਆਵੇ, ਬਨ੍ਹ ਸਿਹਰੇ ਡੋਲੜੀ ਪਾਇਆ ਜੇ।

ਜੋ ਕੁੱਝ ਹੈ ਨਸੀਬ ਸੋ ਦਾਜ ਦਾਮਨ, ਸਾਥੋਂ ਤੁਸੀਂ ਭੀ ਚਾ ਲੈਜਾਇਆ ਜੇ।

ਏਧਰੋਂ ਹੀਰ ਤੇ ਰਾਂਝੇ ਨੂੰ ਲੈਣ ਚੱਲੇ, ਓਧਰੋਂ ਖੇੜਿਆਂ ਦਾ ਨਾਈ ਆਇਆ ਜੇ।

ਸਿਆਲਾਂ ਆਖਿਆ ਖੇੜਿਆਂ ਨਾਲ ਸਾਡੇ, ਕੋਈ ਖ਼ੈਰ ਦੇ ਪੇਚ ਨਾ ਪਾਇਆ ਜੇ।

ਹੀਰ ਵਿਆਹ ਦਿੱਤੀ ਮੋਈ ਗਈ ਸਾਥੋਂ, ਮੂੰਹ ਧੀਉ ਦਾ ਨਾ ਵਿਖਾਇਆ ਜੇ।

ਮੁੜੀ ਤੁਸਾਂ ਥੋਂ ਉਹ ਕਿਸੇ ਖੂਹ ਡੁੱਬੀ, ਕੇਹਾ ਦੇਸ ਤੇ ਪੁਛਨਾ ਲਾਇਆ ਜੇ।

ਸਾਡੀ ਧੀਉ ਦਾ ਖੋਜ ਮੁਕਾਇਆ ਜੇ, ਕੋਈ ਅਸਾਂ ਤੋਂ ਸਾਕ ਦਿਵਾਇਆ ਜੇ।

ਓਵੇਂ ਮੋੜ ਕੇ ਨਾਈ ਨੂੰ ਟੋਰ ਦਿੱਤਾ, ਮੁੜ ਫੇਰ ਨਾ ਅਸਾਂ ਵੱਲ ਆਇਆ ਜੇ।

ਵਾਰਿਸ ਤੁਸਾਂ ਥੋਂ ਇਹ ਉਮੀਦ ਆਹੀ, ਡੰਡੇ ਸੁਥਰਿਆਂ ਵਾਂਗ ਵਜਾਇਆ ਜੇ।

618

ਹੀਰ ਨੂੰ ਸਿਆਲਾਂ ਨੇ ਘਰ ਲਿਆਉਣਾ

ਭਾਈਆਂ ਜਾਇਕੇ ਹੀਰ ਨੂੰ ਘਰੀਂ ਆਂਦਾ, ਰਾਂਝਾ ਨਾਲ ਹੀ ਘਰੀਂ ਮੰਗਾਇਉ ਨੇ।

ਲਾਹ ਮੁੰਦਰਾਂ ਜਟਾਂ ਮੁਨਾਇ ਸੁੱਟੀਆਂ, ਸਿਰ ਸੋਹਣੀ ਪੱਗ ਬਨ੍ਹਾਇਉ ਨੇ।

ਘਿਨ ਘੱਤ ਕੇ ਖੰਡ ਤੇ ਦੁੱਧ ਚਾਵਲ, ਅੱਗੇ ਰਖ ਪਲੰਘ ਬਹਾਇਉ ਨੇ।

ਯਾਕੂਬ ਦੇ ਪਿਆਰੜੇ ਪੁਤ ਵਾਂਗੂੰ, ਕੱਢ ਖੂਹ ਥੀਂ ਤਖ਼ਤ ਬਹਾਇਉ ਨੇ।

ਜਾ ਭਾਈਆਂ ਦੀ ਜੰਞ ਜੋੜ ਲਿਆਵੀਂ, ਅੰਦਰ ਵਾੜ ਕੇ ਬਹੁਤ ਸਮਝਾਇਉ ਨੇ।

ਨਾਲ ਦੇਇ ਲਾਗੀ ਖ਼ੁਸ਼ੀ ਹੋ ਸਭਨਾਂ, ਤਰਫ਼ ਘਰਾਂ ਦੇ ਓਸ ਪਹੁੰਚਾਇਉ ਨੇ।

ਭਾਈਚਾਰੇ ਨੂੰ ਮੇਲ ਬਹਾਇਉ ਨੇ, ਸਭੋ ਹਾਲ ਅਹਿਵਾਲ ਸੁਣਾਇਉ ਨੇ।

ਵੇਖੋ ਦਗ਼ੇ ਦੇ ਫੰਦ ਲਾਇਉ ਨੇ, ਧੀਉ ਮਾਰਨ ਦਾ ਮਤਾ ਪਕਾਇਉ ਨੇ।

ਵਾਰਿਸ ਸ਼ਾਹ ਇਹ ਕੁਦਰਤਾਂ ਰਬ ਦੀਆਂ ਨੇ, ਵੇਖ ਨਵਾਂ ਪਾਖੰਡ ਰਚਾਇਉ ਨੇ।

619

ਰਾਂਝਾ ਤਖ਼ਤ ਹਜ਼ਾਰੇ ਬਰਾਤ ਲਿਆਉਣ ਲਈ ਗਿਆ

ਰਾਂਝੇ ਜਾਇ ਕੇ ਘਰੇ ਆਰਾਮ ਕੀਤਾ, ਗੰਢ ਫੇਰੀਆ ਸੂ ਵਿੱਚ ਭਾਈਆਂ ਦੇ।

ਸਾਰਾ ਕੋੜਮਾ ਆਇਕੇ ਗਿਰਦ ਹੋਇਆ, ਬੈਠਾ ਪੈਂਚ ਹੋ ਵਿੱਚ ਭਰਜਾਈਆਂ ਦੇ।

ਚਲੋ ਭਾਈਉ ਵਿਆਹ ਕੇ ਸਿਆਲ ਲਿਆਈਏ, ਹੀਰ ਲਈ ਹੈ ਨਾਲ ਦੁਆਈਆਂ ਦੇ।

ਜੰਞ ਜੋੜ ਕੇ ਰਾਂਝੇ ਤਿਆਰ ਕੀਤੀ, ਟਮਕ ਚਾ ਬੱਧੇ ਮਗਰ ਨਾਈਆਂ ਦੇ।

ਵਾਜੇ ਦੱਖਣੀ ਧਰੱਗਾਂ ਦੇ ਨਾਲ ਵੱਜਣ, ਲਖ ਰੰਗ ਛੈਣੇ ਸਰਨਾਈਆਂ ਦੇ।

ਵਾਰਿਸ ਸ਼ਾਹ ਵਸਾਹ ਕੀ ਜੀਊਣੇ ਦਾ, ਬੰਦਾ ਬੱਕਰਾ ਹੱਥ ਕਸਾਈਆਂ ਦੇ।

620

ਸਿਆਲਾਂ ਨੇ ਹੀਰ ਨੂੰ ਮਾਰ ਦੇਣਾ

ਸਿਆਲਾਂ ਬੈਠ ਕੇ ਸੱਥ ਵਿਚਾਰ ਕੀਤੀ, ਭਲੇ ਆਦਮੀ ਗ਼ੈਰਤਾਂ ਪਾਲਦੇ ਨੀ।

ਯਾਰੋ ਗਲ ਮਸ਼ਹੂਰ ਜਹਾਨ ਉੱਤੇ, ਸਾਨੂੰ ਮੇਹਣੇ ਹੀਰ ਲਿਆਲ ਦੇ ਨੀ।

ਪੱਤ ਰਹੇਗੀ ਨਾ ਜੇ ਟੋਰ ਦਿੱਤੀ, ਨੱਢੀ ਨਾਲ ਮੁੰਡੇ ਮਹੀਂਵਾਲ ਦੇ ਨੀ।

ਫਟ ਜੀਭ ਦੇ ਕਾਲਖ ਬੇਟੀਆਂ ਦੀ, ਐਬ ਜੁਆਨੀ ਦੇ ਮੇਹਣੇ ਗਾਲ੍ਹ ਦੇ ਨੀ।

ਜਿੱਥੋਂ ਆਂਵਦੇ ਤਿੱਥੋਂ ਦਾ ਬੁਰਾ ਮੰਗਣ, ਦਗ਼ਾ ਕਰਨ ਜੋ ਮਹਿਰਮ ਹਾਲ ਦੇ ਨੀ।

ਕਬਰ ਵਿੱਚ ਦਾਉਸ ਖ਼ਨਜ਼ੀਰ ਹੋਸਣ, ਜਿਹੜੇ ਲਾਡ ਕਰਨ ਧਨ ਮਾਲ ਦੇ ਨੀ।

ਔਰਤ ਆਪਣੀ ਕੋਲ ਜੇ ਗ਼ੈਰ ਵੇਖਣ, ਗ਼ੈਰਤ ਕਰਨ ਨਾ ਓਸ ਦੇ ਹਾਲ ਦੇ ਨੀ।

ਮੂੰਹ ਤਿੰਨ੍ਹਾਂ ਦਾ ਵੇਖਣਾ ਖ਼ੂਕ ਵਾਂਗੂੰ, ਕਤਲ ਕਰਨ ਰਫ਼ੀਕ ਜੋ ਨਾਲ ਦੇ ਨੀ।

ਸੱਯਦ ਸ਼ੈਖ਼ ਨੂੰ ਪੀਰ ਨਾ ਜਾਣਨਾ ਈ, ਅਮਲ ਕਰਨ ਜੋ ਉਹ ਚੰਡਾਲ ਦੇ ਨੀ।

ਹੋਏ ਚੂਹੜਾ ਤੁਰਕ ਹਰਾਮ ਮੁਸਲਮ, ਮੁਸਲਮਾਨ ਸਭ ਓਸ ਦੇ ਨਾਲ ਦੇ ਨੀ।

ਦੌਲਤਮੰਦ ਦੇਉਸ ਦੀ ਤਰਕ ਸੁਹਬਤ, ਮਗਰ ਲੱਗੀਏ ਨੇਕ ਕੰਗਾਲ ਦੇ ਨੀ।

ਕੋਈ ਕਚਕੜਾ ਲਾਲ ਨਾ ਹੋ ਜਾਂਦਾ, ਜੇ ਪਰੋਈਏ ਨਾਲ ਉਹ ਲਾਲ ਦੇ ਨੀ।

ਜ਼ਹਿਰ ਦੇ ਕੇ ਮਾਰੀਏ ਨੱਢੜੀ ਨੂੰ, ਗੁਨਾਹਗਾਰ ਹੋ ਜਲਜਲਾਲ ਦੇ ਨੀ।

ਮਾਰ ਸੁੱਟਿਆ ਹੀਰ ਨੂੰ ਮਾਪਿਆਂ ਨੇ, ਇਹ ਪੇਖਨੇ ਓਸ ਦੇ ਖ਼ਿਆਲ ਦੇ ਨੀ।

ਬਦ-ਅਮਲੀਆਂ' ਜਿਨ੍ਹਾਂ ਥੋਂ ਕਰੇਂ ਚੋਰੀ, ਮਹਿਰਮ ਹਾਲ ਤੇਰੇ ਵਾਲ ਵਾਲ ਦੇ ਨੀ।

ਸਾਨੂੰ ਜੰਨਤੀਂ ਸਾਥ ਰਲਾਉਨਾ ਏਂ, ਅਸਾਂ ਆਸਰੇ ਫਜ਼ਲ ਕਮਾਲ ਦੇ ਨੀ।

ਜਿਹੜੇ ਦੋਜ਼ਖਾਂ ਨੂੰ ਬੰਨ੍ਹ ਟੋਰੀਅਨਗੇ, ਵਾਰਿਸ ਸ਼ਾਹ ਫ਼ਕੀਰ ਦੇ ਨਾਲ ਦੇ ਨੀ।

621

ਹੀਰ ਦੀ ਮੌਤ ਦੀ ਖ਼ਬਰ ਰਾਂਝੇ ਨੂੰ ਦੇਣੀ

ਹੀਰ ਜਾਨੇ-ਬਹੱਕ ਤਸਲੀਮ ਹੋਈ, ਸਿਆਲਾਂ ਦਫ਼ਨਾ ਕੇ ਖ਼ਤ ਲਿਖਾਇਆ ਈ।

ਵਲੀ ਗ਼ੌਸ ਤੇ ਕੁਤਬ ਸਭ ਖ਼ਤਮ ਹੋਏ, ਮੌਤ ਸੱਚ ਹੈ ਰੱਬ ਫ਼ੁਰਮਾਇਆ ਈ।

'ਕੁਲ ਸ਼ੈਅਨ ਹਾਲਿਕੁਲ ਇੱਲਾ ਵਜ ਹਾ ਹੂ', ਹੁਕਮ ਵਿੱਚ ਕੁਰਾਨ ਦੇ ਆਇਆ ਈ।

ਅਸਾਂ ਸਬਰ ਕੀਤਾ ਤੁਸਾਂ ਸਬਰ ਕਰਨਾ, ਇਹ ਧੁਰੋਂ ਹੀ ਹੁੰਦੜਾ ਆਇਆ ਈ।

ਅਸਾਂ ਹੋਰ ਉਮੀਦ ਸੀ ਹੋਰ ਹੋਈ, ਖ਼ਾਲੀ ਜਾਏ ਉਮੀਦ ਫ਼ੁਰਮਾਇਆ ਈ।

ਇਹ ਰਜ਼ਾ ਕਤਈ ਨਾ ਟਲੇ ਹਰਗਿਜ਼, ਲਿਖ ਆਦਮੀ ਤੁਰਤ ਭਜਾਇਆ ਈ।

ਡੇਰਾ ਪੁਛ ਕੇ ਧੀਦੋ ਦਾ ਜਾ ਵੜਿਆ, ਖ਼ਤ ਰੋਇਕੇ ਹੱਥ ਫੜਾਇਆ ਈ।

ਇਹ ਰੋਵਣਾ ਖ਼ਬਰ ਕੀ ਲਿਆਇਆ ਏ, ਮੂੰਹ ਕਾਸ ਥੋਂ ਬੁਰਾ ਬਣਾਇਆ ਈ।

ਮਾਜ਼ੂਲ ਹੋਇਉਂ ਤਖ਼ਤ ਜ਼ਿੰਦਗੀ ਥੋਂ, ਫ਼ਰਮਾਨ ਤਗ਼ੱਈਅਰ ਦਾ ਆਇਆ ਈ।

ਮੇਰੇ ਮਾਲ ਨੂੰ ਖ਼ੈਰ ਹੈ ਕਾਸਦਾ ਓ, ਆਖ ਕਾਸਨੂੰ ਡੁਸਕਣਾ ਲਾਇਆ ਈ।

ਤੇਰੇ ਮਾਲ ਨੂੰ ਧਾੜਵੀ ਉਹ ਪਿਆ, ਜਿਸ ਤੋਂ ਕਿਸੇ ਨਾ ਮਾਲ ਛੁਡਾਇਆ ਈ।

ਹੀਰ ਮੋਈ ਨੂੰ ਅਠਵਾਂ ਪਹਿਰ ਹੋਇਆ, ਮੈਨੂੰ ਸਿਆਲਾਂ ਨੇ ਅੱਜ ਭਿਜਵਾਇਆ ਈ।

ਵਾਰਿਸ ਸ਼ਾਹ ਮੀਆਂ ਗੱਲ ਠੀਕ ਜਾਣੀਂ, ਤੈਥੇ ਕੂਚ ਦਾ ਆਦਮੀ ਆਇਆ ਈ।

622

ਰਾਂਝੇ ਨੇ ਆਹ ਮਾਰੀ

ਰਾਂਝੇ ਵਾਂਗ ਫ਼ਰਹਾਦ ਦੇ ਆਹ ਕੱਢੀ, ਜਾਨ ਗਈ ਸੂ ਹੋ ਹਵਾ ਮੀਆਂ।

ਦੋਵੇਂ ਦਾਰੇ ਫ਼ਨਾ ਥੀਂ ਗਏ ਸਾਬਤ, ਜਾ ਰੁੱਪੇ ਨੇ ਦਾਰੇ ਬਕਾ ਮੀਆਂ।

ਦੋਵੇਂ ਰਾਹ ਮਜਾਜ਼ ਦੇ ਰਹੇ ਸਾਬਤ, ਨਾਲ ਸਿਦਕ ਦੇ ਗਏ ਵਹਾ ਮੀਆਂ।

ਵਾਰਿਸ ਸ਼ਾਹ ਇਸ ਖ਼ਾਬ ਸਰਾਏ ਅੰਦਰ, ਕਈ ਵਾਜੜੇ ਗਏ ਵਜਾ ਮੀਆਂ।

623

ਵਾਕ ਕਵੀ

ਕਈ ਬੋਲ ਗਏ ਸ਼ਾਖ਼ ਉਮਰ ਦੀ ਤੇ, ਏਥੇ ਆਲ੍ਹਣਾ ਕਿਸੇ ਨਾ ਪਾਇਆ ਈ।

ਕਈ ਹੁਕਮ ਤੇ ਜ਼ੁਲਮ ਕਮਾ ਚੱਲੇ, ਨਾਲ ਕਿਸੇ ਨਾ ਸਾਥ ਲਦਾਇਆ ਈ।

ਵੱਡੀ ਉਮਰ ਆਵਾਜ਼ ਔਲਾਦ ਵਾਲਾ, ਜਿਸ ਨੂਹ ਤੂਫ਼ਾਨ ਮੰਗਵਾਇਆ ਈ।

ਇਹ ਰੂਹ ਕਲਬੂਤ ਦਾ ਜ਼ਿਕਰ ਸਾਰਾ, ਨਾਲ ਅਕਲ ਦੇ ਮੇਲ ਮਿਲਾਇਆ ਈ।

ਅਗੇ ਹੀਰ ਨਾ ਕਿਸੇ ਨੇ ਕਹੀ ਐਸੀ, ਸ਼ਿਅਰ ਬਹੁਤ ਮਰਗ਼ੂਬ ਬਣਾਇਆ ਈ।

ਵਾਰਿਸ ਸ਼ਾਹ ਮੀਆਂ ਲੋਕਾਂ ਕਮਲਿਆਂ ਨੂੰ, ਕਿੱਸਾ ਜੋੜ ਹੁਸ਼ਿਆਰ ਸੁਣਾਇਆ ਈ।

624

ਹਿਜਰੀ ਸੰਮਤ 1180, ਤਾਰੀਖ 1823 ਬਿਕਰਮੀ

ਸਨ ਯਾਰਾਂ ਸੈ ਅੱਸੀਆਂ ਨਬੀ ਹਿਜ਼ਰਤ, ਲੰਮੇ ਦੇਸ ਦੇ ਵਿੱਚ ਤਿਆਰ ਹੋਈ।

ਅਠਾਰਾਂ ਸੈ ਤੇਈਸੀਆਂ ਸੰਮਤਾਂ ਦਾ, ਰਾਜੇ ਬਿਕਰਮਾਜੀਤ ਦੀ ਸਾਰ ਹੋਈ।

ਜਦੋਂ ਦੇਸ ਤੇ ਜੱਟ ਸਰਦਾਰ ਹੋਏ, ਘਰੋ ਘਰੀ ਜਾਂ ਨਵੀਂ ਸਰਕਾਰ ਹੋਈ।

ਅਸ਼ਰਾਫ਼ ਖ਼ਰਾਬ ਕਮੀਨ ਤਾਜ਼ੇ, ਜ਼ਿਮੀਂਦਾਰ ਨੂੰ ਵੱਡੀ ਬਹਾਰ ਹੋਈ।

ਚੋਰ ਚੌਧਰੀ ਯਾਰਨੀ ਪਾਕ ਦਾਮਨ, ਭੂਤ ਮੰਡਲੀ ਇੱਕ ਥੀਂ ਚਾਰ ਹੋਈ।

ਵਾਰਿਸ ਸ਼ਾਹ ਜਿਨ੍ਹਾਂ ਕਿਹਾ ਪਾਕ ਕਲਮਾ, ਬੇੜੀ ਤਿਨ੍ਹਾਂ ਦੀ ਆਕਬਤ ਪਾਰ ਹੋਈ।

625

ਵਾਕ ਕਵੀ

ਖਰਲ ਹਾਂਸ ਦਾ ਸ਼ਹਿਰ ਮਸ਼ਹੂਰ ਮਲਕਾ, ਜਿੱਥੇ ਸ਼ਿਅਰ ਕੀਤਾ ਨਾਲ ਰਾਸ ਦੇ ਮੈਂ।

ਪਰਖ ਸ਼ਿਅਰ ਦੀ ਆਪ ਕਰ ਲੈਣ ਸ਼ਾਇਰ, ਘੋੜਾ ਫੇਰਿਆ ਵਿੱਚ ਨਖ਼ਾਸ ਦੇ ਮੈਂ।

ਪੜ੍ਹਣ ਗਭਰੂ ਦਿਲੀਂ ਵਿੱਚ ਖ਼ੁਸ਼ੀ ਹੋ ਕੇ, ਫੁੱਲ ਭੇਜਿਆ ਵਾਸਤੇ ਬਾਸ ਦੇ ਮੈਂ।

ਵਾਰਿਸ ਸ਼ਾਹ ਨਾ ਅਮਲ ਦੀ ਰਾਸ ਮੈਥੇ, ਕਰਾਂ ਮਾਣ ਨਿਮਾਨੜਾ ਕਾਸ ਦੇ ਮੈਂ।

626

ਤਥਾ

ਅਫ਼ਸੋਸ ਮੈਨੂੰ ਆਪਣੀ ਨਾਕਸੀ ਦਾ, ਗੁਨਾਹਗਾਰ ਨੂੰ ਹਸ਼ਰ ਦੇ ਸੂਰ ਦਾ ਏ।

ਇਹਨਾਂ ਮੋਮਨਾਂ ਖ਼ੌਫ਼ ਈਮਾਨ ਦਾ ਏ, ਅਤੇ ਹਾਜੀਆਂ ਬੈਤ ਮਾਮੂਰ ਦਾ ਏ।

ਸੂਬਾ ਦਾਰ ਨੂੰ ਤਲਬ ਸਿਪਾਹ ਦੀ ਦਾ, ਅਤੇ ਚਾਕਰਾਂ ਕਾਟ ਕਸੂਰ ਦਾ ਏ।

ਸਾਰੇ ਮੁਲਕ ਖ਼ਰਾਬ ਪੰਜਾਬ ਵਿੱਚੋਂ ਸਾਨੂੰ ਵੱਡਾ ਅਫ਼ਸੋਸ ਕਸੂਰ ਦਾ ਏ।

ਸਾਨੂੰ ਸ਼ਰਮ ਹਿਆ ਦਾ ਖ਼ੌਫ਼ ਰਹਿੰਦਾ, ਜਿਵੇਂ ਮੂਸਾ ਨੂੰ ਖ਼ੌਫ਼ ਕੋਹ ਤੂਰ ਦਾ ਏ।

ਇਹਨਾਂ ਗ਼ਾਜ਼ੀਆਂ ਕਰਮ ਬਹਿਸ਼ਤ ਹੋਵੇ, ਤੇ ਸ਼ਹੀਦਾਂ ਨੂੰ ਵਾਅਦਾ ਹੂਰ ਦਾ ਏ।

ਐਵੇਂ ਬਾਹਰੋਂ ਸ਼ਾਨ ਖ਼ਰਾਬ ਵਿੱਚੋਂ, ਜਿਵੇਂ ਢੋਲ ਸੁਹਾਵਣਾ ਦੂਰ ਦਾ ਏ।

ਵਾਰਿਸ ਸ਼ਾਹ ਵਸਨੀਕ ਜੰਡਿਆਲੜੇ ਦਾ, ਸ਼ਾਗਿਰਦ ਮਖ਼ਦੂਮ ਕਸੂਰ ਦਾ ਏ।

ਰਬ ਆਬਰੂ ਨਾਲ ਈਮਾਨ ਬਖ਼ਸ਼ੇ, ਸਾਨੂੰ ਆਸਰਾ ਫ਼ਜ਼ਲ ਗ਼ਫੂਰ ਦਾ ਏ।

ਵਾਰਿਸ ਸ਼ਾਹ ਨਾ ਅਮਲ ਦੇ ਟਾਂਕ ਮੈਥੇ, ਆਪ ਬਖਸ਼ ਲਕਾ ਹਜ਼ੂਰ ਦਾ ਏ।

ਵਾਰਿਸ ਸ਼ਾਹ ਹੋਵੇ ਰੌਸ਼ਨ ਨਾਮ ਤੇਰਾ, ਕਰਮ ਹੋਵੇ ਜੇ ਰਬ ਸ਼ਕੂਰ ਦਾ ਏ।

ਵਾਰਿਸ ਸ਼ਾਹ ਤੇ ਜੁਮਲਿਆਂ ਮੋਮਨਾਂ ਨੂੰ, ਹਿੱਸਾ ਬਖ਼ਸ਼ਿਆ ਆਪਣੇ ਨੂਰ ਦਾ ਏ।

627

ਕਿਤਾਬ ਦਾ ਖ਼ਾਤਮਾ

ਖ਼ਤਮ ਰਬ ਦੇ ਕਰਮ ਦੇ ਨਾਲ ਹੋਈ, ਫ਼ਰਮਾਇਸ਼ ਪਿਆਰੜੇ ਯਾਰ ਦੀ ਸੀ।

ਐਸਾ ਸ਼ਿਅਰ ਕੀਤਾ ਪੁਰਮਗ਼ਜ਼ ਮੋਜ਼ੂੰ, ਜੇਹਾ ਮੋਤੀਆਂ ਲੜੀ ਸ਼ਹਿਵਾਰ ਦੀ ਸੀ।

ਤੂਲ ਖੋਲ੍ਹ ਕੇ ਜ਼ਿਕਰ ਬਿਆਨ ਕੀਤਾ, ਰੰਗਤ ਰੰਗ ਦੀ ਖ਼ੂਬ ਬਹਾਰ ਦੀ ਸੀ।

ਤਮਸੀਲ ਦੇ ਨਾਲ ਬਣਾਇ ਕਹਿਆ, ਜੇਹੀ ਜ਼ੀਨਤ ਲਾਲ ਦੇ ਹਾਰ ਦੀ ਸੀ।

ਜੋ ਕੋ ਪੜ੍ਹੇ ਸੋ ਬਹੁਤ ਖੁਰਸੰਦ ਹੋਵੇ, ਵਾਹ ਵਾਹ ਸਭ ਖ਼ਲਕ ਪੁਕਾਰਦੀ ਸੀ।

ਵਾਰਿਸ ਸ਼ਾਹ ਨੂੰ ਸਿੱਕ ਦੀਦਾਰ ਦੀ ਹੈ, ਜੇਹੀ ਹੀਰ ਨੂੰ ਭਟਕਨਾ ਯਾਰ ਦੀ ਸੀ।

628

ਤਥਾ

ਬਖਸ਼ ਲਿਖਣੇ ਵਾਲਿਆਂ ਜੁਮਲਿਆਂ ਨੂੰ, ਪੜ੍ਹਣ ਵਾਲਿਆਂ ਕਰੀਂ ਅਤਾ ਸਾਈ।

ਸੁਣਨ ਵਾਲਿਆਂ ਨੂੰ ਬਖਸ਼ ਖ਼ੁਸ਼ੀ ਦੌਲਤ, ਰੱਖੀਂ ਜ਼ੌਕ ਤੇ ਸ਼ੌਕ ਦਾ ਚਾ ਸਾਈਂ।

ਰੱਖੀਂ ਸ਼ਰਮ ਹਿਆ ਤੂੰ ਜੁਮਲਿਆਂ ਦਾ, ਮੀਟੀ ਮੁਠ ਹੀ ਦੇਈਂ ਲੰਘਾ ਸਾਈ।

ਵਾਰਿਸ ਸ਼ਾਹ ਤਮਾਮੀਆਂ ਮੋਮਨਾਂ ਨੂੰ, ਦੇਈਂ ਦੀਨ ਈਮਾਨ ਲਕਾ ਸਾਈਂ।

629

ਵਾਕ ਕਵੀ

ਹੀਰ ਰੂਹ ਤੇ ਚਾਕ ਕਲਬੂਤ ਜਾਣੋ, ਬਾਲਨਾਥ ਏਹ ਪੀਰ ਬਣਾਇਆ ਈ।

ਪੰਜ ਪੀਰ ਹਵਾਸ ਇਹ ਪੰਜ ਤੇਰੇ, ਜਿਨ੍ਹਾਂ ਥਾਪਣਾ ਤੁੱਧ ਨੂੰ ਲਾਇਆ ਈ।

ਕਾਜ਼ੀ ਹੱਕ ਝਬੇਲ ਨੇ ਅਮਲ ਤੇਰੇ, ਇਆਲ ਮੁਨਕਰ ਨਕੀਰ ਠਹਿਰਾਇਆ ਈ।

ਕੋਠਾ ਗੋਰ ਇਜ਼ਰਾਈਲ ਹੈ ਇਹ ਖੇੜਾ, ਜਿਹੜਾ ਲੈਂਦੋ ਹੀ ਰੂਹ ਨੂੰ ਧਾਇਆ ਈ।

ਕੈਦੋ ਲੰਙਾ ਸ਼ੈਤਾਨ ਮਲਊਨ ਜਾਣੋ, ਜਿਸ ਨੇ ਵਿੱਚ ਦੀਵਾਨ ਫੜਾਇਆ ਈ।

ਸਈਆਂ ਹੀਰ ਦੀਆਂ ਰੰਨ ਘਰ ਬਾਰ ਤੇਰਾ, ਜਿਨ੍ਹਾਂ ਨਾਲ ਪੈਵੰਦ ਬਣਾਇਆ ਈ।

ਵਾਂਗ ਹੀਰ ਦੇ ਬੰਨ੍ਹ ਲੈ ਜਾਣ ਤੈਨੂੰ, ਕਿਸੇ ਨਾਲ ਨਾ ਸਾਥ ਲਦਾਇਆ ਈ।

ਜਿਹੜਾ ਬੋਲਦਾ ਨਾਤਕਾ ਵੰਝਲੀ ਹੈ, ਜਿਸ ਹੋਸ਼ ਦਾ ਰਾਗ ਸੁਣਾਇਆ ਈ।

ਸਹਿਤੀ ਮੌਤ ਤੇ ਜਿਸਮ ਹੈ ਯਾਰ ਰਾਂਝਾ, ਇਨ੍ਹਾਂ ਦੋਹਾਂ ਨੇ ਭੇੜ ਮਚਾਇਆ ਈ।

ਸ਼ਹਿਵਤ ਭਾਬੀ ਤੇ ਭੁਖ ਰਬੇਲ ਬਾਂਦੀ, ਜਿਨ੍ਹਾਂ ਜੰਨਤੋਂ ਮਾਰ ਕਢਾਇਆ ਈ।

ਜੋਗੀ ਹੈ ਔਰਤ ਕੰਨ ਪਾੜ ਜਿਸ ਨੇ, ਸਭ ਅੰਗ ਬਿਭੂਤ ਰਮਾਇਆ ਈ।

ਦੁਨੀਆਂ ਜਾਣ ਐਵੇਂ ਜਿਵੇਂ ਝੰਗ ਪੇਕੇ, ਗੋਰ ਕਾਲੜਾ ਬਾਗ਼ ਬਣਾਇਆ ਈ।

ਤ੍ਰਿੰਞਣ ਇਹ ਬਦ ਅਮਲੀਆਂ ਤੇਰੀਆਂ ਨੇ, ਕੱਢ ਕਬਰ ਥੀਂ ਦੋਜ਼ਖ਼ੇ ਪਾਇਆ ਈ।

ਉਹ ਮਸੀਤ ਹੈ ਮਾਂਉਂ ਦਾ ਸ਼ਿਕਮ ਬੰਦੇ, ਜਿਸ ਵਿੱਚ ਸ਼ਬ ਰੋਜ਼ ਲੰਘਾਇਆ ਈ।

ਅਦਲੀ ਰਾਜਾ ਏਹ ਨੇਕ ਨੇ ਅਮਲ ਤੇਰੇ, ਜਿਸ ਹੀਰ ਈਮਾਨ ਦਿਵਾਇਆ ਈ।

ਵਾਰਿਸ ਸ਼ਾਹ ਮੀਆਂ ਬੇੜੀ ਪਾਰ ਤਿਨ੍ਹਾਂ, ਕਲਮਾ ਪਾਕ ਜ਼ਬਾਨ ਤੇ ਆਇਆ ਈ।

Text from pa.wikisource.org public domain (author d. before 1930); transcription CC BY-SA 4.0.