سہتی دا ہیر نوں
ਸਹਿਤੀ ਦਾ ਹੀਰ ਨੂੰ
سہتی جاء کے ہیر نُوں کول بَہ کے، بھیت یار دا سبھ سمجھایا ای۔
جی نوں مار کے گھروں فقیر کیتو، اوہ جوگیڑا ہوء کے آیا ای۔
اوہنوں ٹھگ کے مہیں چرا لیوں، ایتھے آء کے رنگ وٹایا ای۔
تیرے نیناں نے چا ملنگ کیتا، مَنوں اوس نُوں چا بھلایا ای۔
اوہدے کن پڑائی کے ون لتھا، آپ وہوٹڑی آن سدایا ای۔
آپ ہو زلیخا دے وانگ سچی، اوہنوں یوسف ؑ چا بنایا ای۔
کیتے قول قرار وسار سارے، آن سیدے نُوں کونت بنایا ای۔
ہوئے چاک پِنڈے ملی خاک رانجھے، کن پاڑ کے حال ونجایائی۔
دینے دار مواس ہو ویہر بیٹھی، لینے دار ہی اَک کے آیا ای۔
گالیں دے کے ویہڑیوں کڈھ اوس نوں، کل مولھیاں نال کٹایا ای۔
ہو جائیں نہال جے کریں زیارت، تینوں باغ وچ اوس بلایا ای۔
زیارت مرد کفارت ہون عصیاں، نور فقر دا ویکھنا آیا ای۔
بہت زہد کیتا ملے پیر پنجے، مینوں کشف بے زوروکھایا ای۔
جھب نذر لے کے مل ہوئے رعیت، فوجدار بحال ہو آیا ای۔
اوہدی نزع توں آب حیات اوسدا، کیہا بھابیے جھگڑا لایا ای۔
چاک لاء کے کن پڑایو نی، نیناں والیے غیب کیوں چایا ای۔
بچے اوہ فقیراں تھوں ہیر کڑیے، ہتھ بنھ کے جنہاں بخشایا ای۔
اکے مار جاسی اکے تار جاسی، ایہہ مینہ انیاؤں دا آیا ای۔
عمل قوت تے وڈی دستار پھلی، کیہا بھیل دا سانگ بنایا ای۔
وارثؔ قول بھلاء کے کھیڈ ردھوں، کیہا نواں مخول جگایا ای۔
ਸਹਿਤੀ ਜਾਇਕੇ ਹੀਰ ਨੂੰ ਕੋਲ ਬਹਿ ਕੇ, ਭੇਤ ਯਾਰ ਦਾ ਸੱਭ ਸਮਝਾਇਆ ਈ।
ਜਿਹਨੂੰ ਮਾਰ ਕੇ ਘਰੋਂ ਫ਼ਕੀਰ ਕੀਤੋ, ਉਹ ਜੋਗੀੜਾ ਹੋਇਕੇ ਆਇਆ ਈ।
ਉਹਨੂੰ ਠਗ ਕੇ ਮਹੀਂ ਚਰਾਇ ਲਈਉਂ, ਏਥੇ ਆਇਕੇ ਰੰਗ ਵਟਾਇਆ ਈ।
ਤੇਰੇ ਨੈਣਾਂ ਨੇ ਚਾਇ ਮਲੰਗ ਕੀਤਾ, ਮਨੋ ਓਸ ਨੂੰ ਚਾਇ ਭੁਲਾਇਆ ਈ।
ਉਹ ਤੇ ਕੰਨ ਪੜਾਇਕੇ ਵਣ ਲੱਥਾ, ਆਪ ਵਹੁਟੜੀ ਆਣ ਸਦਾਇਆ ਈ।
ਆਪ ਹੋ ਜ਼ੁਲੈਖ਼ਾ ਦੇ ਵਾਂਗ ਸੱਚੀ, ਉਹਨੂੰ ਯੂਸਫ਼ ਚਾਇ ਬਣਾਇਆ ਈ।
ਕੀਤੇ ਕੌਲ ਇਕਰਾਰ ਵਸਾਰ ਸਾਰੇ, ਆਣ ਸੈਦੇ ਨੂੰ ਕੰਤ ਬਣਾਇਆ ਈ।
ਹੋਇਆ ਚਾਕ ਪਿੰਡੇ ਮਲੀ ਫ਼ਾਕ ਰਾਂਝੇ, ਕੰਨ ਪਾੜ ਕੇ ਹਾਲ ਵਣਜਾਇਆ ਈ।
ਦੇਣੇਦਾਰ ਮਵਾਸ ਹੋ ਵਿਹਰ ਬੈਠੀ, ਲਹਿਣੇਦਾਰ ਹੀ ਅੱਕ ਕੇ ਆਇਆ ਈ।
ਗਾਲੀਂ ਦੇ ਕੇ ਵਿਹੜਿਉਂ ਕਢ ਉਸ ਨੂੰ, ਕਲ੍ਹ ਮੋਲ੍ਹਿਆਂ ਨਾਲ ਕੁਟਾਇਆ ਈ।
ਹੋ ਜਾਏਂ ਨਿਹਾਲ ਜੇ ਕਰੇਂ ਜ਼ਿਆਰਤ, ਤੈਨੂੰ ਬਾਗ਼ ਵਿੱਚ ਓਸ ਬੁਲਾਇਆ ਈ।
ਜ਼ਿਆਰਤ ਮਰਦ ਕੁੱਫ਼ਾਰਤ ਹੋਣ ਇਸ਼ਯਾਂ, ਨੂਰ ਫ਼ੱਕਰ ਦਾ ਵੇਖਨਾ ਆਇਆ ਈ।
ਬਹੁਤ ਜ਼ੁਹਦ ਕੀਤਾ ਮਿਲੇ ਪੀਰ ਪੰਜੇ, ਮੈਨੂੰ ਕਸ਼ਫ਼ ਵੀ ਜ਼ੋਰ ਵਿਖਾਇਆ ਈ।
ਝੱਬ ਨਜ਼ਰ ਲੈ ਕੇ ਮਿਲ ਹੋ ਰਈਅਤ, ਫ਼ੌਜਦਾਰ ਬਹਾਲ ਹੋ ਆਇਆ ਈ।
ਉਹਦੀ ਨਜ਼੍ਹਾ ਤੂੰ ਆਬੇਹਿਆਤ ਉਸ ਦਾ, ਕੇਹਾ ਭਾਬੀਏ ਝਗੜਾ ਲਇਆ ਈ।
ਚਾਕ ਲਾਇਕੇ ਕੰਨ ਪੜਾਇਉ ਨੀ, ਨੈਣਾਂ ਵਾਲੀਏ ਗ਼ੈਬ ਕਿਉਂ ਚਾਇਆ ਈ।
ਬਚੇ ਉਹ ਫ਼ਕੀਰਾਂ ਥੋਂ ਹੀਰ ਕੁੜੀਏ, ਹੱਥ ਬੰਨ੍ਹ ਕੇ ਜਿਨ੍ਹਾਂ ਬਖ਼ਸ਼ਾਇਆ ਈ।
ਇੱਕੇ ਮਾਰ ਜਾਸੀ ਇੱਕੇ ਤਾਰ ਜਾਸੀ, ਇਹ ਮੀਂਹ ਅਨਿਆਉਂ ਦਾ ਆਇਆ ਈ।
ਅਮਲ ਫ਼ੌਤ ਤੇ ਵੱਡੀ ਦਸਤਾਰ ਫੁੱਲੀ, ਕੇਹਾ ਭੀਲ ਦਾ ਸਾਂਗ ਬਣਾਇਆ ਈ।
ਵਾਰਿਸ ਕੌਲ ਭੁਲਾਇਕੇ ਕੇ ਖੇਡ ਰੁੱਧੋਂ, ਕੇਹਾ ਨਵਾਂ ਮਖ਼ੌਲ ਜਗਾਇਆ ਈ।
sahiti jaike hir nun kol bahi ke, bhet yar da sabbh samajhaiaa ee.
jihanun mar ke gharon fakir kito, uh jogirra hoike aaiaa ee.
uhanun thag ke mahin charai leeun, ethe aaike rang vataiaa ee.
tere nainan ne chai malang kita, mano os nun chai bhulaiaa ee.
uh te kann parraike van lattha, aap vahutarri aan sadaiaa ee.
aap ho zulaikha de vang sacchi, uhanun yusaf chai banaiaa ee.
kite kaul ikarar vasar sare, aan saide nun kant banaiaa ee.
hoiaa chak pinde mali fak ranjhe, kann parr ke hal vanajaiaa ee.
denedar mavas ho vihar baithi, lahinedar hi akk ke aaiaa ee.
galin de ke viharriun kadh us nun, kalh molhiaan nal kutaiaa ee.
ho jaen nihal je karen ziaarat, tainun bagh vicch os bulaiaa ee.
ziaarat marad kuffarat hon ishayan, nur fakkar da vekhana aaiaa ee.
bahut zuhad kita mile pir panje, mainun kashaf vi zor vikhaiaa ee.
jhabb nazar lai ke mil ho reeat, faujadar bahal ho aaiaa ee.
uhadi nazha tun aabehiaat us da, keha bhabie jhagarra liaa ee.
chak laike kann parraiu ni, nainan valie ghaib kiun chaiaa ee.
bache uh fakiran thon hir kurrie, hatth bannh ke jinhan bakhashaiaa ee.
ikke mar jasi ikke tar jasi, ih minh aniaaun da aaiaa ee.
amal faut te vaddi dasatar phulli, keha bhil da sang banaiaa ee.
varis kaul bhulaike ke khed ruddhon, keha navan makhaul jagaiaa ee.