ਬੋਲੀਆਂBoliyan

دائی دی چارازوئی

ਦਾਈ ਦੀ ਚਾਰਾਜ਼ੋਈ

Shahmukhi

یوسف پاس گئی جا بیٹھی، میں واری فرزندا ۔

میں قربان بݨاون ہاریوں، توں جسدا ہیں بندا ۔

طاقت عقل کیاسوں باہر، تیرا حسن بݨایا ۔

تے اوس حسن موافک تیں وچّ، عقلوں گوہر پایا ۔

............................................................

اوہ مشتاک زلیخا تیری، جس سفنے دس آیوں ۔

دو واری کر گھائل اوس نوں، راتو رات سدھایوں ۔

تیجی وار نشانیاں دے دے، مصرے سدّ بلائی ۔

روندی نوں وچ درد وچھوڑے، دتّی آݨ دکھائی ۔

کیمت تار خریدیا تینوں، مقصد پاوݨ کارݨ ۔

دل تھیں درد وچھوڑے والا، داغ گواوݨ کارݨ ۔

..........................................................

وصل کریں توں فرہت پاویں، اوس دا جی پرچاویں ۔

تے اوہ رہے کنیز مدامی، تونہیں راج کماویں ۔

......................................................

ہتّھوں گئی جوانی یوسف، نہیں کسے مڑ ملدی ۔

کر لے خوشی مزے دا ویلا، ہسرت رہے ن دل دی ۔

.......................................................

دیکھ اوہدا دکھ میریاں اکّھیں، روندیاں زارو زاری ۔

دسّ ارادا تیرا کیونکر، فرزندا میں واری ۔

ایہہ گلّ سݨ کے بولیا یوسف، چھوڑ بڈّھی گلّ ساری ۔

ایہہ گلّاں بیوزن تمامی، تے توں عقلوں ہاری ۔

........................................................

یوسف کہے عزیزے مینوں، کر فرزند رکھایا ۔

گھر دے وچ امین بݨایا، میرا کدر ودھایا ۔

گھر اوس دے وچ کراں خیانت، میرا کیڈک پایا ۔

ایہہ گلّ مینوں بھاوے ناہیں، خوف دلے وچ آیا ۔

دائی کہے عزیز ن دیکھے، توں جس تھیں غم کھاویں ۔

خلوت حاضر رہے زلیخا، کیوں ن کرم کماویں ۔

...........................................................

میں ایہہ کار ن کرسی کوئی، پوو خیال ن میرے ۔

درد نواں میں جھلّ ن سکدا، اگّے درد بہتیرے ۔

بد اصلاں دی بد کرداری، کویں اسیلوں آوے ۔

پھیر بڈّھی مڑ بولݨ لگّی، یوسف جھڑک ہٹاوے ۔

.....................................................

بڈّھی مڑی زلیخا تائیں، اگّ بلی وچ سینے ۔

ملݨ مراد نصیب ن میرے، آوے وچ یکینے ۔

روندی آپ گئی ولّ یوسف، رو رو عرض سݨائی ۔

میں یوسف وچ تیریاں درداں، بہت مسیبت پائی ۔

......................................................

نیند ہرام اکّھیں وچ میری، درد فراقوں تیرے ۔

عشق تیرے تھیں نیندر دسدی، خار اکّھیں وچ میرے ۔

میں بیہال کنیز بیچاری، رہم میرے پر کھاؤ ۔

میں بیچاری کرمیں ہاری، میں پر رہم کماؤ ۔

......................................................

سݨ کے اوس دی گریازاری، تاں یوسف فرماوے ۔

دس میں کار کراں کجھ جس وچ، میرا وقت وہاوے ۔

.........................................................

توں مینوں ایہہ خادم دتّے، ہر ہر خدمت والے ۔

ہݨ کو منسب رہا ن خالی، ہرگز باجھ وسالے ۔

سو ایہہ منسب ہوراں تائیں، خاص ہرام مدامی ۔

ایہو کارگزاری تیں حق، کر لے ادا غلامی ۔

جے توں خدمت میری چاہیں، ایہو خدمت میری ۔

جاں توں ایہو خدمت کرسیں، رہساں باندی تیری ۔

ایہہ گلّ سݨ فرماوے یوسف، جے میں بہت پیارا ۔

تاں کیوں میرے کہے موافک، ن ورتیں ورتارا ۔

میں راضی وچ کار تساڈی، کرساں کارگزاری ۔

میرا کہیا منّ زلیخا، جے تیں سچّی یاری ۔

گھر وچ بیٹھݨ تھیں میں نا-خوش، کیوں ناراز کراویں ۔

گھروں کنار رہاں میں راضی، کیوں ن رہم کماویں ۔

........................................................

آہا باغ زلیخا والا، سیر کرے وچ جس دے ۔

اتھے گھلّاں کر مالی اس نوں، ایہہ گزری دل اوسدے ۔

Gurmukhi

ਯੂਸੁਫ਼ ਪਾਸ ਗਈ ਜਾ ਬੈਠੀ, ਮੈਂ ਵਾਰੀ ਫ਼ਰਜ਼ੰਦਾ ।

ਮੈਂ ਕੁਰਬਾਨ ਬਣਾਵਨ ਹਾਰਿਓਂ, ਤੂੰ ਜਿਸਦਾ ਹੈਂ ਬੰਦਾ ।

ਤਾਕਤ ਅਕਲ ਕਿਆਸੋਂ ਬਾਹਿਰ, ਤੇਰਾ ਹੁਸਨ ਬਣਾਇਆ ।

ਤੇ ਉਸ ਹੁਸਨ ਮੁਵਾਫ਼ਿਕ ਤੈਂ ਵਿੱਚ, ਅਕਲੋਂ ਗੌਹਰ ਪਾਇਆ ।

............................................................

ਉਹ ਮੁਸ਼ਤਾਕ ਜ਼ੁਲੈਖ਼ਾ ਤੇਰੀ, ਜਿਸ ਸੁਫ਼ਨੇ ਦਿਸ ਆਇਓਂ ।

ਦੋ ਵਾਰੀ ਕਰ ਘਾਇਲ ਉਸ ਨੂੰ, ਰਾਤੋ ਰਾਤ ਸਿਧਾਇਓਂ ।

ਤੀਜੀ ਵਾਰ ਨਿਸ਼ਾਨੀਆਂ ਦੇ ਦੇ, ਮਿਸਰੇ ਸੱਦ ਬੁਲਾਈ ।

ਰੋਂਦੀ ਨੂੰ ਵਿਚ ਦਰਦ ਵਿਛੋੜੇ, ਦਿੱਤੀ ਆਣ ਦਿਖਾਈ ।

ਕੀਮਤ ਤਾਰ ਖ਼ਰੀਦਿਆ ਤੈਨੂੰ, ਮਕਸਦ ਪਾਵਣ ਕਾਰਣ ।

ਦਿਲ ਥੀਂ ਦਰਦ ਵਿਛੋੜੇ ਵਾਲਾ, ਦਾਗ਼ ਗਵਾਵਣ ਕਾਰਣ ।

..........................................................

ਵਸਲ ਕਰੇਂ ਤੂੰ ਫ਼ਰਹਤ ਪਾਵੇਂ, ਉਸ ਦਾ ਜੀ ਪਰਚਾਵੇਂ ।

ਤੇ ਉਹ ਰਹੇ ਕਨੀਜ਼ ਮੁਦਾਮੀ, ਤੂੰਹੇਂ ਰਾਜ ਕਮਾਵੇਂ ।

......................................................

ਹੱਥੋਂ ਗਈ ਜਵਾਨੀ ਯੂਸੁਫ਼, ਨਹੀਂ ਕਿਸੇ ਮੁੜ ਮਿਲਦੀ ।

ਕਰ ਲੈ ਖ਼ੁਸ਼ੀ ਮਜ਼ੇ ਦਾ ਵੇਲਾ, ਹਸਰਤ ਰਹੇ ਨ ਦਿਲ ਦੀ ।

.......................................................

ਦੇਖ ਉਹਦਾ ਦੁਖ ਮੇਰੀਆਂ ਅੱਖੀਂ, ਰੋਂਦੀਆਂ ਜ਼ਾਰੋ ਜ਼ਾਰੀ ।

ਦੱਸ ਇਰਾਦਾ ਤੇਰਾ ਕਿਉਂਕਰ, ਫ਼ਰਜ਼ੰਦਾ ਮੈਂ ਵਾਰੀ ।

ਇਹ ਗੱਲ ਸੁਣ ਕੇ ਬੋਲਿਆ ਯੂਸੁਫ਼, ਛੋੜ ਬੁੱਢੀ ਗੱਲ ਸਾਰੀ ।

ਇਹ ਗੱਲਾਂ ਬੇਵਜ਼ਨ ਤਮਾਮੀ, ਤੇ ਤੂੰ ਅਕਲੋਂ ਹਾਰੀ ।

........................................................

ਯੂਸੁਫ਼ ਕਹੇ ਅਜ਼ੀਜ਼ੇ ਮੈਨੂੰ, ਕਰ ਫ਼ਰਜ਼ੰਦ ਰਖਾਇਆ ।

ਘਰ ਦੇ ਵਿਚ ਅਮੀਨ ਬਣਾਇਆ, ਮੇਰਾ ਕਦਰ ਵਧਾਇਆ ।

ਘਰ ਉਸ ਦੇ ਵਿਚ ਕਰਾਂ ਖ਼ਿਆਨਤ, ਮੇਰਾ ਕੇਡਕ ਪਾਇਆ ।

ਇਹ ਗੱਲ ਮੈਨੂੰ ਭਾਵੇ ਨਾਹੀਂ, ਖ਼ੌਫ਼ ਦਿਲੇ ਵਿਚ ਆਇਆ ।

ਦਾਈ ਕਹੇ ਅਜ਼ੀਜ਼ ਨ ਦੇਖੇ, ਤੂੰ ਜਿਸ ਥੀਂ ਗ਼ਮ ਖਾਵੇਂ ।

ਖ਼ਲਵਤ ਹਾਜ਼ਿਰ ਰਹੇ ਜ਼ੁਲੈਖ਼ਾ, ਕਿਉਂ ਨ ਕਰਮ ਕਮਾਵੇਂ ।

...........................................................

ਮੈਂ ਇਹ ਕਾਰ ਨ ਕਰਸੀ ਕੋਈ, ਪਵੋ ਖ਼ਿਆਲ ਨ ਮੇਰੇ ।

ਦਰਦ ਨਵਾਂ ਮੈਂ ਝੱਲ ਨ ਸਕਦਾ, ਅੱਗੇ ਦਰਦ ਬਹੁਤੇਰੇ ।

ਬਦ ਅਸਲਾਂ ਦੀ ਬਦ ਕਰਦਾਰੀ, ਕਿਵੇਂ ਅਸੀਲੋਂ ਆਵੇ ।

ਫੇਰ ਬੁੱਢੀ ਮੁੜ ਬੋਲਣ ਲੱਗੀ, ਯੂਸੁਫ਼ ਝਿੜਕ ਹਟਾਵੇ ।

.....................................................

ਬੁੱਢੀ ਮੁੜੀ ਜ਼ੁਲੈਖ਼ਾ ਤਾਈਂ, ਅੱਗ ਬਲੀ ਵਿਚ ਸੀਨੇ ।

ਮਿਲਣ ਮੁਰਾਦ ਨਸੀਬ ਨ ਮੇਰੇ, ਆਵੇ ਵਿਚ ਯਕੀਨੇ ।

ਰੋਂਦੀ ਆਪ ਗਈ ਵੱਲ ਯੂਸੁਫ਼, ਰੋ ਰੋ ਅਰਜ਼ ਸੁਣਾਈ ।

ਮੈਂ ਯੂਸੁਫ਼ ਵਿਚ ਤੇਰਿਆਂ ਦਰਦਾਂ, ਬਹੁਤ ਮੁਸੀਬਤ ਪਾਈ ।

......................................................

ਨੀਂਦ ਹਰਾਮ ਅੱਖੀਂ ਵਿਚ ਮੇਰੀ, ਦਰਦ ਫ਼ਿਰਾਕੋਂ ਤੇਰੇ ।

ਇਸ਼ਕ ਤੇਰੇ ਥੀਂ ਨੀਂਦਰ ਦਿਸਦੀ, ਖ਼ਾਰ ਅੱਖੀਂ ਵਿਚ ਮੇਰੇ ।

ਮੈਂ ਬੇਹਾਲ ਕਨੀਜ਼ ਬੇਚਾਰੀ, ਰਹਮ ਮੇਰੇ ਪੁਰ ਖਾਓ ।

ਮੈਂ ਬੇਚਾਰੀ ਕਰਮੀਂ ਹਾਰੀ, ਮੈਂ ਪੁਰ ਰਹਮ ਕਮਾਓ ।

......................................................

ਸੁਣ ਕੇ ਉਸ ਦੀ ਗਿਰਯਾਜ਼ਾਰੀ, ਤਾਂ ਯੂਸੁਫ਼ ਫ਼ਰਮਾਵੇ ।

ਦਸ ਮੈਂ ਕਾਰ ਕਰਾਂ ਕੁਝ ਜਿਸ ਵਿਚ, ਮੇਰਾ ਵਕਤ ਵਿਹਾਵੇ ।

.........................................................

ਤੂੰ ਮੈਨੂੰ ਇਹ ਖ਼ਾਦਿਮ ਦਿੱਤੇ, ਹਰ ਹਰ ਖ਼ਿਦਮਤ ਵਾਲੇ ।

ਹੁਣ ਕੋ ਮਨਸਬ ਰਿਹਾ ਨ ਖ਼ਾਲੀ, ਹਰਗਿਜ਼ ਬਾਝ ਵਸਾਲੇ ।

ਸੋ ਇਹ ਮਨਸਬ ਹੋਰਾਂ ਤਾਈਂ, ਖ਼ਾਸ ਹਰਾਮ ਮੁਦਾਮੀ ।

ਇਹੋ ਕਾਰਗੁਜ਼ਾਰੀ ਤੈਂ ਹਕ, ਕਰ ਲੈ ਅਦਾ ਗ਼ੁਲਾਮੀ ।

ਜੇ ਤੂੰ ਖ਼ਿਦਮਤ ਮੇਰੀ ਚਾਹੇਂ, ਇਹੋ ਖ਼ਿਦਮਤ ਮੇਰੀ ।

ਜਾਂ ਤੂੰ ਇਹੋ ਖ਼ਿਦਮਤ ਕਰਸੇਂ, ਰਹਸਾਂ ਬਾਂਦੀ ਤੇਰੀ ।

ਇਹ ਗੱਲ ਸੁਣ ਫ਼ਰਮਾਵੇ ਯੂਸੁਫ਼, ਜੇ ਮੈਂ ਬਹੁਤ ਪਿਆਰਾ ।

ਤਾਂ ਕਿਉਂ ਮੇਰੇ ਕਹੇ ਮੁਵਾਫ਼ਿਕ, ਨ ਵਰਤੇਂ ਵਰਤਾਰਾ ।

ਮੈਂ ਰਾਜ਼ੀ ਵਿਚ ਕਾਰ ਤੁਸਾਡੀ, ਕਰਸਾਂ ਕਾਰਗੁਜ਼ਾਰੀ ।

ਮੇਰਾ ਕਹਿਆ ਮੰਨ ਜ਼ੁਲੈਖ਼ਾ, ਜੇ ਤੈਂ ਸੱਚੀ ਯਾਰੀ ।

ਘਰ ਵਿਚ ਬੈਠਣ ਥੀਂ ਮੈਂ ਨਾ-ਖ਼ੁਸ਼, ਕਿਉਂ ਨਾਰਾਜ਼ ਕਰਾਵੇਂ ।

ਘਰੋਂ ਕਨਾਰ ਰਹਾਂ ਮੈਂ ਰਾਜ਼ੀ, ਕਿਉਂ ਨ ਰਹਮ ਕਮਾਵੇਂ ।

........................................................

ਆਹਾ ਬਾਗ਼ ਜ਼ੁਲੈਖ਼ਾ ਵਾਲਾ, ਸੈਰ ਕਰੇ ਵਿਚ ਜਿਸ ਦੇ ।

ਉਥੇ ਘੱਲਾਂ ਕਰ ਮਾਲੀ ਇਸ ਨੂੰ, ਇਹ ਗੁਜ਼ਰੀ ਦਿਲ ਉਸਦੇ ।

Roman

yusuf pas gee ja baithi, main vari farazanda .

main kuraban banavan harion, tun jisada hain banda .

takat akal kiaason bahir, tera husan banaiaa .

te us husan muvafik tain vicch, akalon gauhar paiaa .

............................................................

uh mushatak zulaikha teri, jis sufane dis aaion .

do vari kar ghail us nun, rato rat sidhaion .

tiji var nishaniaan de de, misare sadd bulaee .

rondi nun vich darad vichhorre, ditti aan dikhaee .

kimat tar kharidiaa tainun, makasad pavan karan .

dil thin darad vichhorre vala, dagh gavavan karan .

..........................................................

vasal karen tun farahat paven, us da ji parachaven .

te uh rahe kaniz mudami, tunhen raj kamaven .

......................................................

hatthon gee javani yusuf, nahin kise murr miladi .

kar lai khushi maze da vela, hasarat rahe n dil di .

.......................................................

dekh uhada dukh meriaan akkhin, rondiaan zaro zari .

dass irada tera kiunkar, farazanda main vari .

ih gall sun ke boliaa yusuf, chhorr buddhi gall sari .

ih gallan bevazan tamami, te tun akalon hari .

........................................................

yusuf kahe azize mainun, kar farazand rakhaiaa .

ghar de vich amin banaiaa, mera kadar vadhaiaa .

ghar us de vich karan khiaanat, mera kedak paiaa .

ih gall mainun bhave nahin, khauf dile vich aaiaa .

daee kahe aziz n dekhe, tun jis thin gham khaven .

khalavat hazir rahe zulaikha, kiun n karam kamaven .

...........................................................

main ih kar n karasi koee, pavo khiaal n mere .

darad navan main jhall n sakada, agge darad bahutere .

bad asalan di bad karadari, kiven asilon aave .

pher buddhi murr bolan laggi, yusuf jhirrak hatave .

.....................................................

buddhi murri zulaikha taeen, agg bali vich sine .

milan murad nasib n mere, aave vich yakine .

rondi aap gee vall yusuf, ro ro araz sunaee .

main yusuf vich teriaan daradan, bahut musibat paee .

......................................................

nind haram akkhin vich meri, darad firakon tere .

ishak tere thin nindar disadi, khar akkhin vich mere .

main behal kaniz bechari, raham mere pur khao .

main bechari karamin hari, main pur raham kamao .

......................................................

sun ke us di girayazari, tan yusuf faramave .

das main kar karan kujh jis vich, mera vakat vihave .

.........................................................

tun mainun ih khadim ditte, har har khidamat vale .

hun ko manasab riha n khali, haragiz bajh vasale .

so ih manasab horan taeen, khas haram mudami .

iho karaguzari tain hak, kar lai ada ghulami .

je tun khidamat meri chahen, iho khidamat meri .

jan tun iho khidamat karasen, rahasan bandi teri .

ih gall sun faramave yusuf, je main bahut piaara .

tan kiun mere kahe muvafik, n varaten varatara .

main razi vich kar tusadi, karasan karaguzari .

mera kahiaa mann zulaikha, je tain sacchi yari .

ghar vich baithan thin main na-khush, kiun naraz karaven .

gharon kanar rahan main razi, kiun n raham kamaven .

........................................................

aaha bagh zulaikha vala, sair kare vich jis de .

uthe ghallan kar mali is nun, ih guzari dil usade .