کھولھ گھونگٹ نوں دیکھ پیارے
ਖੋਲ੍ਹ ਘੁੰਗਟ ਨੂੰ ਦੇਖ ਪਿਆਰੇ
کھولھ گھونگٹ نوں دیکھ پیارے،
میں تالب دیدار دی ہاں۔
اک پل دے مکّھ دیکھݨ کارن،
تیں پر سو سر واردی ہاں۔
اوّل آکھر باتن تیرا،
ظاہر دے وچ ڈھونڈاں کہڑا،
ایہہ دنیاں ہے ریݨ بسیرا،
میں اگلی بات بچاردی ہاں۔
اکنا ہسّ ہسّ لے گل لاویں،
اکنا کر کر ناز دکھاویں،
میں وے گئی نوں مکّھ نا لاویں،
میں نیچ بندی کس کار دی ہاں۔
سہر پیور دونو کھوہکے،
کی کھٹّیا میں تیری ہوکے،
درشن دیویں پاس کھلوکے،
میں تیں ول بانہ پساردی ہاں۔
میرے نال دیاں سبھ سئیاں،
نال کنتاں چڑھ سیجے پئیاں،
اوگݨہاری میں اکلّڑی رہیاں،
رو رو آہیں ماردی ہاں۔
نپٹ کمینی اوگݨہاری،
ہزر تیرے دی ہوئی بیماری،
آ پیاریا ہݨ کر کچھ چارا،
میں آپݨا تن من ساڑدی ہاں۔
میراں شاہ چل درشن پاواں،
سر صدقے جند گھول گھماواں،
کرم کرے تاں لے گل لاواں،
میں باندی اس دربار دی ہاں۔
ਖੋਲ੍ਹ ਘੁੰਗਟ ਨੂੰ ਦੇਖ ਪਿਆਰੇ,
ਮੈਂ ਤਾਲਬ ਦੀਦਾਰ ਦੀ ਹਾਂ।
ਇਕ ਪਲ ਦੇ ਮੁੱਖ ਦੇਖਣ ਕਾਰਨ,
ਤੈਂ ਪਰ ਸੌ ਸਿਰ ਵਾਰਦੀ ਹਾਂ।
ਅੱਵਲ ਆਖਰ ਬਾਤਨ ਤੇਰਾ,
ਜ਼ਾਹਰ ਦੇ ਵਿਚ ਢੂੰਡਾਂ ਕਿਹੜਾ,
ਇਹ ਦੁਨੀਆਂ ਹੈ ਰੈਣ ਬਸੇਰਾ,
ਮੈਂ ਅਗਲੀ ਬਾਤ ਬਚਾਰਦੀ ਹਾਂ।
ਇਕਨਾ ਹੱਸ ਹੱਸ ਲੈ ਗਲ ਲਾਵੇਂ,
ਇਕਨਾ ਕਰ ਕਰ ਨਾਜ਼ ਦਿਖਾਵੇਂ,
ਮੈਂ ਵੇ ਗਈ ਨੂੰ ਮੁੱਖ ਨਾ ਲਾਵੇਂ,
ਮੈਂ ਨੀਚ ਬੰਦੀ ਕਿਸ ਕਾਰ ਦੀ ਹਾਂ।
ਸਹੁਰ ਪੀਉਰ ਦੋਨੋ ਖੋਹਕੇ,
ਕੀ ਖੱਟਿਆ ਮੈਂ ਤੇਰੀ ਹੋਕੇ,
ਦਰਸ਼ਨ ਦੇਵੇਂ ਪਾਸ ਖਲੋਕੇ,
ਮੈਂ ਤੈਂ ਵਲ ਬਾਂਹ ਪਸਾਰਦੀ ਹਾਂ।
ਮੇਰੇ ਨਾਲ ਦੀਆਂ ਸਭ ਸਈਆਂ,
ਨਾਲ ਕੰਤਾਂ ਚੜ੍ਹ ਸੇਜੇ ਪਈਆਂ,
ਔਗੁਣਹਾਰੀ ਮੈਂ ਇਕੱਲੜੀ ਰਹੀਆਂ,
ਰੋ ਰੋ ਆਹੀਂ ਮਾਰਦੀ ਹਾਂ।
ਨਿਪਟ ਕਮੀਨੀ ਔਗੁਣਹਾਰੀ,
ਹਿਜ਼ਰ ਤੇਰੇ ਦੀ ਹੋਈ ਬੀਮਾਰੀ,
ਆ ਪਿਆਰਿਆ ਹੁਣ ਕਰ ਕਿਛ ਚਾਰਾ,
ਮੈਂ ਆਪਣਾ ਤਨ ਮਨ ਸਾੜਦੀ ਹਾਂ।
ਮੀਰਾਂ ਸ਼ਾਹ ਚਲ ਦਰਸ਼ਨ ਪਾਵਾਂ,
ਸਿਰ ਸਦਕੇ ਜਿੰਦ ਘੋਲ ਘੁਮਾਵਾਂ,
ਕਰਮ ਕਰੇ ਤਾਂ ਲੈ ਗਲ ਲਾਵਾਂ,
ਮੈਂ ਬਾਂਦੀ ਇਸ ਦਰਬਾਰ ਦੀ ਹਾਂ।
kholh ghungat nun dekh piaare,
main talab didar di han.
ik pal de mukkh dekhan karan,
tain par sau sir varadi han.
avval aakhar batan tera,
zahar de vich dhundan kiharra,
ih duniaan hai rain basera,
main agali bat bacharadi han.
ikana hass hass lai gal laven,
ikana kar kar naz dikhaven,
main ve gee nun mukkh na laven,
main nich bandi kis kar di han.
sahur piur dono khohake,
ki khattiaa main teri hoke,
darashan deven pas khaloke,
main tain val banh pasaradi han.
mere nal diaan sabh seeaan,
nal kantan charrh seje peeaan,
augunahari main ikallarri rahiaan,
ro ro aahin maradi han.
nipat kamini augunahari,
hizar tere di hoee bimari,
aa piaariaa hun kar kichh chara,
main aapana tan man sarradi han.
miran shah chal darashan pavan,
sir sadake jind ghol ghumavan,
karam kare tan lai gal lavan,
main bandi is darabar di han.