سہݨا پیت لگاکے چھل گیا نیں
ਸੁਹਣਾ ਪੀਤ ਲਗਾਕੇ ਛਲ ਗਿਆ ਨੀਂ
سہݨا پیت لگاکے چھل گیا نیں،
سیج ستّی نینݨ جاگ نا آئی،
نال ہوتاں دے رل گیا نیں۔
جاؤ نیں کوئی موڑ لیاؤ،
جا قدماں تے سیس نواؤ،
کہڑی گلّوں ساتھوں ٹل گیا نیں۔
بیٹھ بنیرے کاگ اڈاواں،
جے گھر آوے سہݨا لے گل لاواں،
خبر نہیں کہڑی ولّ گیا نیں۔
چھوڈ اساں کہڑا دیس وسایا،
میں رو رو جرم گوایا،
تیر جدائی دا سل گیا نیں۔
ایسے عشق چواتی لائی،
بھل گئی سدّھ نی چترائی،
تن من میرا جل گیا نیں۔
میراں شاہ میں اوسدی گولی،
مکّھوں نا مندڑا بول میں بولی،
کرکے دلاں نوں بیدل گیا نیں۔
ਸੁਹਣਾ ਪੀਤ ਲਗਾਕੇ ਛਲ ਗਿਆ ਨੀਂ,
ਸੇਜ ਸੁੱਤੀ ਨੈਨਣ ਜਾਗ ਨਾ ਆਈ,
ਨਾਲ ਹੋਤਾਂ ਦੇ ਰਲ ਗਿਆ ਨੀਂ।
ਜਾਓ ਨੀਂ ਕੋਈ ਮੋੜ ਲਿਆਓ,
ਜਾ ਕਦਮਾਂ ਤੇ ਸੀਸ ਨਿਵਾਓ,
ਕਿਹੜੀ ਗੱਲੋਂ ਸਾਥੋਂ ਟਲ ਗਿਆ ਨੀਂ।
ਬੈਠ ਬਨੇਰੇ ਕਾਗ ਉਡਾਵਾਂ,
ਜੇ ਘਰ ਆਵੇ ਸੁਹਣਾ ਲੈ ਗਲ ਲਾਵਾਂ,
ਖ਼ਬਰ ਨਹੀਂ ਕਿਹੜੀ ਵੱਲ ਗਿਆ ਨੀਂ।
ਛੋਡ ਅਸਾਂ ਕਿਹੜਾ ਦੇਸ ਵਸਾਇਆ,
ਮੈਂ ਰੋ ਰੋ ਜਰਮ ਗਵਾਇਆ,
ਤੀਰ ਜੁਦਾਈ ਦਾ ਸਲ ਗਿਆ ਨੀਂ।
ਐਸੇ ਇਸ਼ਕ ਚਵਾਤੀ ਲਾਈ,
ਭੁਲ ਗਈ ਸੁੱਧ ਨੀ ਚਤਰਾਈ,
ਤਨ ਮਨ ਮੇਰਾ ਜਲ ਗਿਆ ਨੀਂ।
ਮੀਰਾਂ ਸ਼ਾਹ ਮੈਂ ਉਸਦੀ ਗੋਲੀ,
ਮੁੱਖੋਂ ਨਾ ਮੰਦੜਾ ਬੋਲ ਮੈਂ ਬੋਲੀ,
ਕਰਕੇ ਦਿਲਾਂ ਨੂੰ ਬੇਦਿਲ ਗਿਆ ਨੀਂ।
suhana pit lagake chhal giaa nin,
sej sutti nainan jag na aaee,
nal hotan de ral giaa nin.
jao nin koee morr liaao,
ja kadaman te sis nivao,
kiharri gallon sathon tal giaa nin.
baith banere kag udavan,
je ghar aave suhana lai gal lavan,
khabar nahin kiharri vall giaa nin.
chhod asan kiharra des vasaiaa,
main ro ro jaram gavaiaa,
tir judaee da sal giaa nin.
aise ishak chavati laee,
bhul gee suddh ni chataraee,
tan man mera jal giaa nin.
miran shah main usadi goli,
mukkhon na mandarra bol main boli,
karake dilan nun bedil giaa nin.