سئیو چین نہیں بن ڈٹّھیاں
ਸਈਓ ਚੈਨ ਨਹੀਂ ਬਿਨ ਡਿੱਠਿਆਂ
سئیو چین نہیں بن ڈٹّھیاں،
کدے آوے دلبر پیارا۔
کوئی جا سناوے اوسنوں،
سانوں دیوے پاک نظارہ۔
نتّ فال نزوم کھلھاواں،
کہنوں دل دا حال سݨاواں،
کوئی اوس دا انت نا پاواں،
جہنوں لبّھدا عالم سارا۔
اسیں بردے اوسدے در دے،
سر دیندے اجر نا کردے،
اوہدا مکّھ دیکھݨ نوں مردے،
نہوں جالیا تن من سارا۔
کدی آ تتّی دیا سائیناں اسیں تینوں اکّھیاں لائیاں،
تیرے عشق نے خاک رلائیاں،
کاہنوں لاویں جھوٹھا لارا۔
میں اوگݨہار نتھاویں،
توں تاں وسدا شہر گرانویں، کدی جھات اساں نوں پاویں،
تیرا دو جگ شور پکارا۔
سئیو اوسدا کرب سوایا،
جن شہ نوں سیس نوایا،
میں تاں رو رو جنم گوایا،
میرا لکھیا لیکھ نکارا۔
سئیو گنج شکر دے جاواں،
سبھ دل دا حال سݨاواں،
میراں شاہ میں گھول گھماواں،
اوہو پار لنگھاوݨ ہارا۔
ਸਈਓ ਚੈਨ ਨਹੀਂ ਬਿਨ ਡਿੱਠਿਆਂ,
ਕਦੇ ਆਵੇ ਦਿਲਬਰ ਪਿਆਰਾ।
ਕੋਈ ਜਾ ਸੁਨਾਵੇ ਉਸਨੂੰ,
ਸਾਨੂੰ ਦੇਵੇ ਪਾਕ ਨਜ਼ਾਰਾ।
ਨਿੱਤ ਫ਼ਾਲ ਨਜ਼ੂਮ ਖੁਲ੍ਹਾਵਾਂ,
ਕਿਹਨੂੰ ਦਿਲ ਦਾ ਹਾਲ ਸੁਣਾਵਾਂ,
ਕੋਈ ਉਸ ਦਾ ਅੰਤ ਨਾ ਪਾਵਾਂ,
ਜਿਹਨੂੰ ਲੱਭਦਾ ਆਲਮ ਸਾਰਾ।
ਅਸੀਂ ਬਰਦੇ ਉਸਦੇ ਦਰ ਦੇ,
ਸਿਰ ਦੇਂਦੇ ਉਜਰ ਨਾ ਕਰਦੇ,
ਉਹਦਾ ਮੁੱਖ ਦੇਖਣ ਨੂੰ ਮਰਦੇ,
ਨਿਹੁੰ ਜਾਲਿਆ ਤਨ ਮਨ ਸਾਰਾ।
ਕਦੀ ਆ ਤੱਤੀ ਦਿਆ ਸਾਈਂਆਂ ਅਸੀਂ ਤੈਨੂੰ ਅੱਖੀਆਂ ਲਾਈਆਂ,
ਤੇਰੇ ਇਸ਼ਕ ਨੇ ਖ਼ਾਕ ਰਲਾਈਆਂ,
ਕਾਹਨੂੰ ਲਾਵੇਂ ਝੂਠਾ ਲਾਰਾ।
ਮੈਂ ਔਗੁਣਹਾਰ ਨਿਥਾਵੀਂ,
ਤੂੰ ਤਾਂ ਵਸਦਾ ਸ਼ਹਿਰ ਗਰਾਂਵੀਂ, ਕਦੀ ਝਾਤ ਅਸਾਂ ਨੂੰ ਪਾਵੀਂ,
ਤੇਰਾ ਦੋ ਜਗ ਸ਼ੋਰ ਪਕਾਰਾ।
ਸਈਓ ਉਸਦਾ ਕੁਰਬ ਸਵਾਇਆ,
ਜਿਨ ਸ਼ਹੁ ਨੂੰ ਸੀਸ ਨਿਵਾਇਆ,
ਮੈਂ ਤਾਂ ਰੋ ਰੋ ਜਨਮ ਗਵਾਇਆ,
ਮੇਰਾ ਲਿਖਿਆ ਲੇਖ ਨਿਕਾਰਾ।
ਸਈਓ ਗੰਜ ਸ਼ਕਰ ਦੇ ਜਾਵਾਂ,
ਸਭ ਦਿਲ ਦਾ ਹਾਲ ਸੁਣਾਵਾਂ,
ਮੀਰਾਂ ਸ਼ਾਹ ਮੈਂ ਘੋਲ ਘੁਮਾਵਾਂ,
ਉਹੋ ਪਾਰ ਲੰਘਾਵਣ ਹਾਰਾ।
seeo chain nahin bin ditthiaan,
kade aave dilabar piaara.
koee ja sunave usanun,
sanun deve pak nazara.
nitt fal nazum khulhavan,
kihanun dil da hal sunavan,
koee us da ant na pavan,
jihanun labbhada aalam sara.
asin barade usade dar de,
sir dende ujar na karade,
uhada mukkh dekhan nun marade,
nihun jaliaa tan man sara.
kadi aa tatti diaa saeenaan asin tainun akkhiaan laeeaan,
tere ishak ne khak ralaeeaan,
kahanun laven jhutha lara.
main augunahar nithavin,
tun tan vasada shahir garanvin, kadi jhat asan nun pavin,
tera do jag shor pakara.
seeo usada kurab savaiaa,
jin shahu nun sis nivaiaa,
main tan ro ro janam gavaiaa,
mera likhiaa lekh nikara.
seeo ganj shakar de javan,
sabh dil da hal sunavan,
miran shah main ghol ghumavan,
uho par langhavan hara.