رل مل چلو سہیلیو میرے نال زرور
ਰਲ ਮਿਲ ਚਲੋ ਸਹੇਲੀਓ ਮੇਰੇ ਨਾਲ ਜ਼ਰੂਰ
رل مل چلو سہیلیو میرے نال زرور،
ڈھونڈ لیائیئے ڈھول نوں جسدا سبھ زہور۔
عشق انوکھے ڈھول نے کیتی چکنا چور،
میں اوہدے ہجر فراق نے جالی وانگ کوہتور۔
پہلے کونّ فیکونّ توں کیتا ڈھول قبول،
میں کلمہ پڑھیا جاݨکے اوسنوں پاک رسول۔
وچ مدینے شہر دے کیتا آݨ نازول،
سئیو سمّی اوگݨہار نوں ہویا زمالے حضور۔
جاں چڑھ دیکھاں ڈھول نوں جاندا ہو اسوار،
اوہ میں ولّ مکّھ نا موڑدا کردی حال پکار۔
سئیو عرش پھرش دا بادشاہ، نبیاں دا سردار،
اوسے رات مراز نوں جاسی ہاں بلہار۔
میں روز اڈیکاں ڈھول نوں، رو رو آہیں مار،
کردا بے-پرواہیاں مول نا لیندا سار۔
نی میں جالی اوسدے پریم نے جاݨے کل سنسار،
سئیو نپٹ کمینی جاݨکے دیندا نا دیدار۔
صورت میرے ڈھول دی صورت ذات رحمان،
اوہو حسن کدیم ہے چمکے ہر ہر شان۔
سئیو کیتا اہلے آپ نوں وچ حضرت انسان،
ڈھولے دے اس ناز نے جالیا تن من جان۔
سݨیو انگ سہیلیو میرے دل دے بین،
باجھ پیارے ڈھول دے آوے مول نا چین۔
سینے سانگ فراق دی سلدی ہے دن رین،
کوئی ملاوے ڈھول نوں سر دیݨا جے لیݨ۔
میراں شاہ میں ڈھول دا دیکھاں جا جمال،
وچ اجمیر شریف دے چشتی پیر کمال۔
حال سݨاواں روئے کے اجز نیازاں نال،
تانہیوں ہووے ڈھول دا میرے نال وسال۔
ਰਲ ਮਿਲ ਚਲੋ ਸਹੇਲੀਓ ਮੇਰੇ ਨਾਲ ਜ਼ਰੂਰ,
ਢੂੰਡ ਲਿਆਈਏ ਢੋਲ ਨੂੰ ਜਿਸਦਾ ਸਭ ਜ਼ਹੂਰ।
ਇਸ਼ਕ ਅਨੋਖੇ ਢੋਲ ਨੇ ਕੀਤੀ ਚਕਨਾ ਚੂਰ,
ਮੈਂ ਉਹਦੇ ਹਿਜਰ ਫ਼ਿਰਾਕ ਨੇ ਜਾਲੀ ਵਾਂਗ ਕੋਹਤੂਰ।
ਪਹਿਲੇ ਕੁੰਨ ਫ਼ਯਕੁੰਨ ਤੂੰ ਕੀਤਾ ਢੋਲ ਕਬੂਲ,
ਮੈਂ ਕਲਮਾ ਪੜ੍ਹਿਆ ਜਾਣਕੇ ਉਸਨੂੰ ਪਾਕ ਰਸੂਲ।
ਵਿਚ ਮਦੀਨੇ ਸ਼ਹਿਰ ਦੇ ਕੀਤਾ ਆਣ ਨਾਜ਼ੂਲ,
ਸਈਓ ਸੱਮੀ ਅੋਗੁਣਹਾਰ ਨੂੰ ਹੋਇਆ ਜ਼ਮਾਲੇ ਹਜ਼ੂਰ।
ਜਾਂ ਚੜ੍ਹ ਦੇਖਾਂ ਢੋਲ ਨੂੰ ਜਾਂਦਾ ਹੋ ਅਸਵਾਰ,
ਉਹ ਮੈਂ ਵੱਲ ਮੁੱਖ ਨਾ ਮੋੜਦਾ ਕਰਦੀ ਹਾਲ ਪੁਕਾਰ।
ਸਈਓ ਅਰਸ਼ ਫਰਸ਼ ਦਾ ਬਾਦਸ਼ਾਹ, ਨਬੀਆਂ ਦਾ ਸਰਦਾਰ,
ਉਸੇ ਰਾਤ ਮਿਰਾਜ਼ ਨੂੰ ਜਾਸੀ ਹਾਂ ਬਲਿਹਾਰ।
ਮੈਂ ਰੋਜ਼ ਉਡੀਕਾਂ ਢੋਲ ਨੂੰ, ਰੋ ਰੋ ਆਹੀਂ ਮਾਰ,
ਕਰਦਾ ਬੇ-ਪ੍ਰਵਾਹੀਆਂ ਮੂਲ ਨਾ ਲੈਂਦਾ ਸਾਰ।
ਨੀ ਮੈਂ ਜਾਲੀ ਉਸਦੇ ਪ੍ਰੇਮ ਨੇ ਜਾਣੇ ਕੁਲ ਸੰਸਾਰ,
ਸਈਓ ਨਿਪਟ ਕਮੀਨੀ ਜਾਣਕੇ ਦੇਂਦਾ ਨਾ ਦੀਦਾਰ।
ਸੂਰਤ ਮੇਰੇ ਢੋਲ ਦੀ ਸੂਰਤ ਜ਼ਾਤ ਰਹਿਮਾਨ,
ਉਹੋ ਹੁਸਨ ਕਦੀਮ ਹੈ ਚਮਕੇ ਹਰ ਹਰ ਸ਼ਾਨ।
ਸਈਓ ਕੀਤਾ ਉਹਲੇ ਆਪ ਨੂੰ ਵਿਚ ਹਜ਼ਰਤ ਇਨਸਾਨ,
ਢੋਲੇ ਦੇ ਇਸ ਨਾਜ਼ ਨੇ ਜਾਲਿਆ ਤਨ ਮਨ ਜਾਨ।
ਸੁਣਿਓ ਅੰਗ ਸਹੇਲੀਓ ਮੇਰੇ ਦਿਲ ਦੇ ਬੈਨ,
ਬਾਝ ਪਿਆਰੇ ਢੋਲ ਦੇ ਆਵੇ ਮੂਲ ਨਾ ਚੈਨ।
ਸੀਨੇ ਸਾਂਗ ਫ਼ਿਰਾਕ ਦੀ ਸਲਦੀ ਹੈ ਦਿਨ ਰੈਨ,
ਕੋਈ ਮਿਲਾਵੇ ਢੋਲ ਨੂੰ ਸਿਰ ਦੇਣਾ ਜੇ ਲੈਣ।
ਮੀਰਾਂ ਸ਼ਾਹ ਮੈਂ ਢੋਲ ਦਾ ਦੇਖਾਂ ਜਾ ਜਮਾਲ,
ਵਿਚ ਅਜਮੇਰ ਸ਼ਰੀਫ਼ ਦੇ ਚਿਸ਼ਤੀ ਪੀਰ ਕਮਾਲ।
ਹਾਲ ਸੁਣਾਵਾਂ ਰੋਏ ਕੇ ਅਜਿਜ਼ ਨਿਆਜ਼ਾਂ ਨਾਲ,
ਤਾਂਹੀਓਂ ਹੋਵੇ ਢੋਲ ਦਾ ਮੇਰੇ ਨਾਲ ਵਸਾਲ।
ral mil chalo sahelio mere nal zarur,
dhund liaaeee dhol nun jisada sabh zahur.
ishak anokhe dhol ne kiti chakana chur,
main uhade hijar firak ne jali vang kohatur.
pahile kunn fayakunn tun kita dhol kabul,
main kalama parrhiaa janake usanun pak rasul.
vich madine shahir de kita aan nazul,
seeo sammi aogunahar nun hoiaa zamale hazur.
jan charrh dekhan dhol nun janda ho asavar,
uh main vall mukkh na morrada karadi hal pukar.
seeo arash pharash da badashah, nabiaan da saradar,
use rat miraz nun jasi han balihar.
main roz udikan dhol nun, ro ro aahin mar,
karada be-pravahiaan mul na lainda sar.
ni main jali usade prem ne jane kul sansar,
seeo nipat kamini janake denda na didar.
surat mere dhol di surat zat rahiman,
uho husan kadim hai chamake har har shan.
seeo kita uhale aap nun vich hazarat inasan,
dhole de is naz ne jaliaa tan man jan.
sunio ang sahelio mere dil de bain,
bajh piaare dhol de aave mul na chain.
sine sang firak di saladi hai din rain,
koee milave dhol nun sir dena je lain.
miran shah main dhol da dekhan ja jamal,
vich ajamer sharif de chishati pir kamal.
hal sunavan roe ke ajiz niaazan nal,
tanhion hove dhol da mere nal vasal.