دل دردوں ہݨ ہاری وو یار
ਦਿਲ ਦਰਦੋਂ ਹੁਣ ਹਾਰੀ ਵੋ ਯਾਰ
دل دردوں ہݨ ہاری وو یار۔ول کریں ہا کاری وو یار۔
زلپھ سیاہ تھی ناگ ورادھے۔ڈنگ مریندے کاری وو یار۔
لوں لوں سیڑھاں جاری وو یار۔
سانول آویں نا ترساویں۔موسم چیتر بہاری وو یار۔
گھر گھر تھئی گلزاری وو یار۔
یاری لا کر یاد ن کیتو۔جندڑی مپھت ازاری وو یار۔
ڈٹھڑی تیڈڑی یاری وو یار۔
سٹ کر کلھڑی تے بے واہی۔کیتو کیچ تیاری وو یار۔
ہے ہے بے نرواری وو یار۔
شاہ برہوں دے ڈترم اوہدا۔گالھیں دی سرداری وو یار۔
کھلات شہر کھواری وو یار۔
سک مہینوال دی لوڑ لڑائم۔میں مٹھڑی منتاری وو یار۔
کوجھی رات اندھاری وو یار۔
ڈے کر دلبے کوڑ دلاسے۔لٹ نیتو دل ساری وو یار۔
میں واری لکھ واری وو یار۔
تھل بر روہی روہیں راویں۔رلدی ڈکھڑی ماری وو یار۔
بار برہوں سر باری وو یار۔
یار فرید ن آئم ویڑھے۔ہر دم مونجھ مونجھاری وو یار۔
روندیں عمر گزاری وو یار۔
ਦਿਲ ਦਰਦੋਂ ਹੁਣ ਹਾਰੀ ਵੋ ਯਾਰ।ਵਲ ਕਰੀਂ ਹਾ ਕਾਰੀ ਵੋ ਯਾਰ।
ਜ਼ੁਲਫ ਸਿਆਹ ਥੀ ਨਾਗ ਵਿਰਾਧੇ।ਡੰਗ ਮਰੇਂਦੇ ਕਾਰੀ ਵੋ ਯਾਰ।
ਲੂੰ ਲੂੰ ਸੀੜ੍ਹਾਂ ਜਾਰੀ ਵੋ ਯਾਰ।
ਸਾਂਵਲ ਆਵੀਂ ਨਾ ਤਰਸਾਵੀਂ।ਮੌਸਮ ਚੇਤਰ ਬਹਾਰੀ ਵੋ ਯਾਰ।
ਘਰ ਘਰ ਥਈ ਗੁਲਜ਼ਾਰੀ ਵੋ ਯਾਰ।
ਯਾਰੀ ਲਾ ਕਰ ਯਾਦ ਨ ਕੀਤੋ।ਜਿੰਦੜੀ ਮੁਫਤ ਅਜ਼ਾਰੀ ਵੋ ਯਾਰ।
ਡਿਠੜੀ ਤੈਡੜੀ ਯਾਰੀ ਵੋ ਯਾਰ।
ਸਟ ਕਰ ਕਲ੍ਹੜੀ ਤੇ ਬੇ ਵਾਹੀ।ਕੀਤੋ ਕੇਚ ਤਿਆਰੀ ਵੋ ਯਾਰ।
ਹੈ ਹੈ ਬੇ ਨਰਵਾਰੀ ਵੋ ਯਾਰ।
ਸ਼ਾਹ ਬਿਰਹੋਂ ਦੇ ਡਿਤਰਮ ਔਹਦਾ।ਗਾਲ੍ਹੀਂ ਦੀ ਸਰਦਾਰੀ ਵੋ ਯਾਰ।
ਖਲਅਤ ਸ਼ਹਿਰ ਖਵਾਰੀ ਵੋ ਯਾਰ।
ਸਿਕ ਮਹੀਂਵਾਲ ਦੀ ਲੋੜ ਲੁੜਾਇਮ।ਮੈਂ ਮੁਠੜੀ ਮਨਤਾਰੀ ਵੋ ਯਾਰ।
ਕੋਝੀ ਰਾਤ ਅੰਧਾਰੀ ਵੋ ਯਾਰ।
ਡੇ ਕਰ ਦਲਬੇ ਕੂੜ ਦਿਲਾਸੇ।ਲੁਟ ਨੀਤੋ ਦਿਲ ਸਾਰੀ ਵੋ ਯਾਰ।
ਮੈਂ ਵਾਰੀ ਲਖ ਵਾਰੀ ਵੋ ਯਾਰ।
ਥਲ ਬਰ ਰੋਹੀ ਰੋਹੀਂ ਰਾਵੀਂ।ਰੁਲਦੀ ਡੁਖੜੀ ਮਾਰੀ ਵੋ ਯਾਰ।
ਬਾਰ ਬਿਰਹੋਂ ਸਿਰ ਬਾਰੀ ਵੋ ਯਾਰ।
ਯਾਰ ਫ਼ਰੀਦ ਨ ਆਇਮ ਵੇੜ੍ਹੇ।ਹਰ ਦਮ ਮੂੰਝ ਮੂੰਝਾਰੀ ਵੋ ਯਾਰ।
ਰੋਂਦੀਂ ਉਮਰ ਗੁਜ਼ਾਰੀ ਵੋ ਯਾਰ।
dil daradon hun hari vo yar.val karin ha kari vo yar.
zulaph siaah thi nag viradhe.dang marende kari vo yar.
lun lun sirrhan jari vo yar.
sanval aavin na tarasavin.mausam chetar bahari vo yar.
ghar ghar thee gulazari vo yar.
yari la kar yad n kito.jindarri muphat azari vo yar.
ditharri taidarri yari vo yar.
sat kar kalharri te be vahi.kito kech tiaari vo yar.
hai hai be naravari vo yar.
shah birahon de ditaram auhada.galhin di saradari vo yar.
khalat shahir khavari vo yar.
sik mahinval di lorr lurraim.main mutharri manatari vo yar.
kojhi rat andhari vo yar.
de kar dalabe kurr dilase.lut nito dil sari vo yar.
main vari lakh vari vo yar.
thal bar rohi rohin ravin.ruladi dukharri mari vo yar.
bar birahon sir bari vo yar.
yar farid n aaim verrhe.har dam munjh munjhari vo yar.
rondin umar guzari vo yar.